“ਇਹ ਆਖਦਿਆਂ ਮੇਰਾ ਧਿਆਨ ਵੱਡੀ ਕੁੜੀ ਵੱਲ ਘੱਟ ਤੇ ਜੇਬ ਵਿੱਚ ਪਏ ਦੀਪੋ ਦੇ ਖ਼ਤ ਵੱਲ ਵਧੇਰੇ ਸੀ। ਇਸੇ ਬੇਧਿਆਨੀ ਵਿੱਚ ...”
(3 ਮਾਰਚ 2024)
ਇਸ ਸਮੇਂ ਪਾਠਕ: 310.
ਗਲੀ ਵਿਚ ਰੌਲਾ-ਰੱਪਾ ਸੀ। ਛੋਟੇ ਵੱਡੇ ਬੱਚਿਆਂ ਦੀ ਭੀੜ ਇਕ ਬਹਿਰੂਪੀਏ ਦੇ ਅੱਗੇ ਪਿੱਛੇ ਆ ਰਹੀ ਸੀ। ਬੱਚੇ ਹੱਸ ਰਹੇ ਸਨ। ਮੇਰੀ ਸੋਚ ਪਲ ਭਰ ਲਈ ਇਸ ਭੀੜ ਵਿਚ ਹੀ ਜਿਵੇਂ ਖਿੰਡ ਗਈ ਹੋਵੇ। ਵਿਚਾਰਾ ਬਹਿਰੂਪੀਆ! ਬੰਦੇ ਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਹਨ ਢਿੱਡ ਭਰਨ ਲਈ। ਕਿਵੇਂ ਕਿਵੇਂ ਦੀਆਂ ਟਪੂਸੀਆਂ ਮਾਰ ਰਿਹਾ ਸੀ ਉਹ ਇਸ ਭੀੜ ਵਿੱਚ ਘਿਰਿਆ।
“ਓਹੋ ਪਾਪਾ!” ਮੇਰੀ ਵੱਡੀ ਕੁੜੀ ਮੇਰਾ ਹੱਥ ਫੜ ਕੇ ਕਹਿਣ ਲੱਗੀ।
“ਹਾਂ, ਦੱਸ।” ਪਰ ਮੇਰੇ ਮਨ ਅੰਦਰ ਉਥਲ-ਪੁਥਲ ਸੀ। ਸੋਚਾਂ ਵਿਚ ਕੋਈ ਟਕਰਾਉ ਸੀ। ਇਕ ਟੁੱਟ-ਭੱਜ ਅੰਦਰੋ ਅੰਦਰ ਕਈ ਦਿਨਾਂ ਤੋਂ ਹੋ ਰਹੀ ਸੀ। ਸ਼ਾਇਦ ਇਸ ਦੀ ਇਕ ਵਜ੍ਹਾ ਇਹ ਸੀ ਕਿ ਪੰਜ ਸੱਤ ਦਿਨ ਪਹਿਲੋਂ ਦੀਪੋ ਦੀ ਮੈਨੂੰ ਚਿੱਠੀ ਆਈ ਸੀ ਅਤੇ ਇਸ ਚਿੱਠੀ ਨਾਲ ਹੀ ਮੇਰੀ ਅੰਦਰਲੀ ਬੇਚੈਨੀ ਜੁੜੀ ਹੋਈ ਸੀ।
ਮੈਂ ਅਤੇ ਦੀਪੋ ... ਦੀਪੋ ਅਤੇ ਮੈਂ ... ਜਿਵੇਂ ਵਰ੍ਹਿਆ ਤੋਂ ਇਕ ਦੂਜੇ ਲਈ ਸਾਂ। ਸਾਂਝੇ ਰਾਹਾਂ ਦੇ ਰਾਹੀ ਵੀ। ਇਕੋ ਜਿਹੀ ਉਮਰ, ਇਕੋ ਜਿਹੀ ਪਸੰਦ ਤੇ ਇਕੋ ਜਿਹਾ ਹੀ ਲਿਖਣ ਪੜ੍ਹਨ ਦਾ ਚਾਅ। ਹਰ ਨਵੀਂ ਸਵੇਰ ਕੋਈ ਨਵੀਂ ਗੱਲ ਸਿੱਖਣ ਲਈ ਉਤਾਵਲੇ ਰਹਿੰਦੇ ਸਾਂ। ਸੋਚ ਰੋਜ਼ ਨਵੀਆਂ ਉਡਾਰੀਆਂ ਭਰਦੀ। ਉਂਝ ਅਸੀਂ ਆਪਸੀ ਰਿਸ਼ਤੇ ਨੂੰ ਕੋਈ ਨਾਂ ਨਹੀਂ ਸੀ ਦਿੱਤਾ। ਨਾ ਹੀ ਰਿਸ਼ਤਿਆਂ ਦੇ ਤੰਗ ਹਾਸ਼ੀਏ ਵਿਚ ਆਪਣੇ ਆਪ ਨੂੰ ਬੰਨ੍ਹਣ ਲਈ ਸਾਨੂੰ ਸ਼ਬਦਕੋਸ਼ ਦੇ ਗੁੰਦਵੇਂ ਸ਼ਬਦਾਂ ਦੀ ਲੋੜ ਪਈ ਸੀ, ਭਾਵੇਂ ਇਕ ਦੂਜੇ ਨੂੰ ਖ਼ਤ ਲਿਖਦੇ ਸਮੇਂ ਇਹ ਔਖ ਜ਼ਰੂਰ ਆਉਂਦੀ ਸੀ - ਕੀ ਲਿਖੀਏ? ਕਿਵੇਂ ਲਿਖੀਏ?
ਮੈਂ ਅਤੇ ਉਹ ... ਸ਼ਾਇਦ ਪਹਿਲੋਂ ਇੰਝ ਨਹੀਂ ਸਾਂ। ਉਹ ਮੇਰੇ ਲਈ ਕੁਝ ਵੀ ਨਹੀਂ ਸੀ, ਨਾ ਹੀ ਮੈਂ ਉਸ ਲਈ ਕੁਝ ਸਾਂ। ਇਕ ਦੂਜੇ ਕੋਲੋਂ ਚੁੱਪਚਾਪ ਲੰਘ ਜਾਂਦੇ। ਫਿਰ ਇਕ ਦੂਜੇ ਨੂੰ ਪਿੱਛੇ ਮੁੜ ਮੁੜ ਦੇਖਣ ਲੱਗ ਪਏ। ਇਕ ਦਿਨ ਗੱਲ ਸਾਂਝੀ ਕਰਨ ਲਈ ਕਦਮ ਰੁਕੇ ਵੀ। ਸੋਹਣੇ ਨੈਣ ਨਕਸ਼ਾਂ ਵਾਲੀ ਉਹ ਸੁਨੱਖੀ ਕੁੜੀ ਮੇਰੇ ਸੱਜੇ ਹੱਥ ਖੜ੍ਹੀ ਸੀ। ਉਸਦੀ ਗਰਦਨ ’ਤੇ ਕਾਲਾ ਤਿਲ ਸੀ। ਹੱਸਦਿਆਂ ਉਸ ਦੀਆਂ ਗੱਲ੍ਹਾਂ ਵਿੱਚ ਪੈਂਦੇ ਟੋਏ ਉਸ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੰਦੇ ਸਨ।
“ਕਿੱਥੇ ਜਾ ਰਹੇ ਹੋ?” ਗੱਲ ਸ਼ੁਰੂ ਕਰਨ ਲਈ ਇਸ ਤੋਂ ਵਧੀਆ ਸਵਾਲ ਨਾ ਉਸ ਕੋਲ ਸੀ ਅਤੇ ਨਾ ਹੀ ਮੇਰੇ ਕੋਲ। ਉਂਝ ਥੋੜ੍ਹਾ ਸੰਗਾਊ ਤਾਂ ਮੈਂ ਪਹਿਲੋਂ ਵੀ ਸੀ। ਸ਼ਾਇਦ ਇਹੋ ਕਾਰਨ ਸੀ ਕਿ ਮੈਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ ਕਿ ਮੇਰੇ ਕੋਲੋਂ ਕੌਣ ਲੰਘਿਆ ਹੈ। ਕਿਹੋ ਜਿਹਾ ਕੱਪੜਿਆਂ ਦਾ ਰੰਗ ਹੈ? ਇਹੋ ਜਿਹੀਆਂ ਗੱਲਾਂ ਨਾਲ ਜਿਵੇਂ ਕੋਈ ਵਾਸਤਾ ਰੱਖਣਾ ਮੈਂ ਚਾਹੁੰਦਾ ਹੀ ਨਹੀਂ ਸਾਂ। ਮੈਨੂੰ ਆਪਣੇ ਕੋਲ ਗੁਜ਼ਾਰੇ ਜੋਗੀ ਪੈਂਟ ਕਮੀਜ਼ ਦਾ ਹੀ ਪਤਾ ਸੀ, ਜੋ ਕਈ ਵਾਰ ਧੋਣ ਪਿੱਛੋਂ ਡੱਬੋ ਡੱਬ ਹੋ ਚੁੱਕੀ ਸੀ। ਇਹ ਰੰਗੋਂ ਬੇਰੰਗ ਹੋਏ ਕੱਪੜੇ ਜਿਵੇਂ ਮੇਰਾ ਮੂੰਹ ਚਿੜਾ ਰਹੇ ਹੋਣ।
ਉਸ ਨੇ ਕਿਰਮਚੀ ਸੂਟ ਪਹਿਨਿਆ ਹੋਇਆ ਸੀ। ਪੈਰੀਂ ਨਵੇਂ ਸੈਂਡਲ। ਮੈਂ ਆਪਣੀ ਪੈਂਟ ਨੂੰ ਗੋਡੇ ਤੋਂ ਝਾੜਿਆ ਅਤੇ ਪਾਏ ਬੂਟਾਂ ਨੂੰ ਦੇਖਦਿਆਂ ਜਿਵੇਂ ਅੰਦਰੋ ਅੰਦਰੀ ਸੁੰਗੜਦਾ ਜਾ ਰਿਹਾ ਸੀ ਜਿਨ੍ਹਾਂ ਨੂੰ ਬੇਢੰਗੇ ਜਿਹੇ ਤੋਪੇ ਲਗਵਾ ਕੇ ਉੱਤੋਂ ਪਾਲਿਸ਼ ਕਰਵਾ ਲਏ ਸੀ।
“ਚਲੋ, ਕੰਟੀਨ ਚੱਲੀਏ” ਉਸ ਨੇ ਕਿਹਾ। ਸੁਣਦਿਆਂ ਮੈਂ ਜਿਵੇਂ ਹੋਰ ਵੀ ਡਰ ਗਿਆ ਹੋਵਾਂ। ਮੈਂ ਰੈਗਜ਼ ਮਾਰਕਿਟ ਵਿੱਚੋਂ ਖਰੀਦੀ ‘ਇਮਪੋਰਟਿਡ’ ਪੈਂਟ ਦੀ ਜੇਬ ਵਿਚ ਹੱਥ ਪਾਉਂਦਿਆਂ ਉਸ ਦੀ ਗੱਲ ਦਾ ਹੁੰਗਾਰਾ ਭਰਿਆ। ਇਹ ਗੱਲ ਹੋਰ ਵੀ ਚੁਭਣ ਵਾਲੀ ਸੀ ਕਿ ਮੇਰੀ ਕਮੀਜ਼ ਦਾ ਇਕ ਬਟਨ ਵੀ ਟੁੱਟਾ ਹੋਇਆ ਸੀ। ਇਹ ਪਹਿਲੀ ਵਾਰ ਸੀ ਕਿ ਇਨ੍ਹਾਂ ਕੱਪੜਿਆਂ ਵਿਚ ਮੈਂ ਆਪਣੇ ਆਪ ਨੂੰ ਭੁੰਜੇ ਡਿਗਿਆ ਮਹਿਸੂਸ ਕਰ ਰਿਹਾ ਸਾਂ।
ਅਸੀਂ ਇਕ ਬੈਂਚ ’ਤੇ ਬੈਠੇ ਸਾਂ।
“ਕਿੱਥੋਂ ਆਉਂਦੇ ਹੋ?” ਉਸ ਨੇ ਪੁੱਛਿਆ।
“ਮੇਰਾ ਪਿੰਡ ਤਾਂ ਕਾਫੀ ਦੂਰ ਹੈ। ਸਵੇਰੇ ਪੌਣੇ ਛੇ ਵਾਲੀ ਗੱਡੀ ਫੜਦਾ ਹਾਂ।”
ਸ਼ਾਇਦ ਇਹ ਵੀ ਪਹਿਲੀ ਵਾਰ ਸੀ ਕਿ ਮੇਰੇ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਿਸੇ ਵੱਲੋਂ ਹੋਈ ਸੀ। ਬਿੰਦ ਕੁ ਲਈ ਤਾਂ ਇਹ ਮੈਨੂੰ ‘ਮਾਮੂਲੀ ਗੱਲ’ ਹੀ ਲੱਗੀ ਪਰ ਇਹ ਸੋਚ ਕੇ ਮੈਨੂੰ ਹੱਥਾਂ ਪੈਰਾਂ ਦੀ ਪੈ ਰਹੀ ਸੀ ਕਿ ਉਹ ਕੋਈ ਹੋਰ ਸਵਾਲ ਨਾ ਕਰ ਦੇਵੇ। ਮੇਰੀ ਮਾਂ ਸੀਣ-ਪਰੋਣ ਦਾ ਕੰਮ ਕਰਦੀ ਸੀ ਅਤੇ ਪਿਉ ਦਿਹਾੜੀਦਾਰ ਬੰਦਾ ਸੀ। ਘਰ ਵੀ ਬੜਾ ਤੰਗ ਜਿਹਾ ਸੀ। ਗੁਆਂਢ ਵਿਚ ਕਈ ਹੋਰ ਵੀ ਛੋਟੇ ਛੋਟੇ ਘਰ ਸਨ, ਜਿੱਥੇ ਬੱਚੇ ਸਾਰਾ ਸਾਰਾ ਦਿਨ ਕੰਨਾਂ ਵਿੱਚ ਭਰਦੇ ਬੇਤਰਤੀਬੇ ਸ਼ੋਰ ਨਾਲ ਸਿਰ ਪੀੜ ਲਾਈ ਰੱਖਦੇ। ਬੜਾ ਹੀ ਅਸੁਖਾਵਾਂ ਜਿਹਾ ਮਾਹੌਲ ਸੀ।
ਮੇਰੇ ਘਰ ਦਾ ਇਹੋ ਨਕਸ਼ਾ ਸੀ, ਜਿਸ ਦੀ ਅਸਲੀਅਤ ਮੈਂ ਉਸ ਕੋਲੋਂ ਲੁਕਾ ਲਈ ਸੀ।
ਹੁਣ ਇਸ ਪਿੱਛੋਂ ਇਕ ਦੂਜੇ ਕੋਲੋਂ ਲੰਘਦਿਆਂ ਸਾਡੇ ਕਦਮ ਆਪ ਮੁਹਾਰਾ ਹੀ ਰੁਕਣ ਲੱਗ ਪਏ ਸਨ। ਮੈਂ ਹੁਣ ਪ੍ਰੈੱਸ ਕੀਤੇ ਕੱਪੜੇ ਪਾਉਣ ਲੱਗ ਪਿਆ ਸਾਂ। ਉਂਝ ਠੰਢ ਤੋਂ ਬਚਣ ਲਈ ਲੋਈ ਦੀ ਬੁੱਕਲ ਮਾਰ ਕੇ ਘਰੋਂ ਚਲਦਾ ਸਾਂ। ਗੱਡੀਉਂ ਉੱਤਰ ਕੇ ਚਾਹ ਵਾਲੇ ਖੋਖੇ ਉੱਤੇ ਇਸ ਨੂੰ ਰੱਖ ਦਿੰਦਾ ਸਾਂ। ਕੱਪੜਿਆਂ ਤੋਂ ਮਿੱਟੀ ਝਾੜਦਾ ਸਾਂ। ਹਰ ਚੀਜ਼ ਹੀ ਟਿੱਪ ਟਾਪ ਰੱਖਣ ਲੱਗ ਪਿਆ ਸੀ। ਪੈਂਟ ਨੂੰ ਬੈਲਟ ਲਗਾਉਣੀ ਕਦੀ ਭੁੱਲਦਾ ਨਹੀਂ ਸੀ। ਚੰਗੀ ਨਿੱਖਰੀ ਧੁੱਪ ਦੇਖ ਕੇ ਬਾਹਾਂ ਉੱਪਰ ਕਮੀਜ਼ ਨੂੰ ਕੂਹਣੀ ਤਕ ਚੜ੍ਹਾ ਲੈਂਦਾ। ਗੱਡੀ ਦੇ ਬਾਥਰੂਮ ’ਚ ਲੱਗੇ ਸ਼ੀਸ਼ੇ ਸਾਹਮਣੇ ਖਲੋ ਕੇ ਆਪਣੀ ਪੱਗ ਦੇ ਵਿੰਗੇ-ਟੇਢੇ ਲੜਾਂ ਨੂੰ ਇਕ ਸਾਰ ਕਰਨਾ ਮੇਰੀ ਆਦਤ ਹੋ ਗਈ ਸੀ।
ਤੇ ਮਾਂ ਸੋਚਦੀ ਸੀ - ਮੇਰੇ ਭੋਲੇ ਭਾਲੇ ਤੇ ਸਿੱਧੇ-ਸਾਦੇ ਮੁੰਡੇ ਨੂੰ ਸ਼ਹਿਰ ਦੀ ਹਵਾ ਲੱਗ ਗਈ ਸੀ। ਉਂਝ ਦੁੱਧ ਚਿੱਟੇ ਕੱਪੜੇ ਪਾਉਣਾ ਮੇਰੀ ਪਹੁੰਚ ਤੋਂ ਕੋਹਾਂ ਦੂਰ ਦੀ ਗੱਲ ਸੀ। ਮੇਰਾ ਬਾਪੂ ਮੈਨੂੰ ਇਸ ਕਰਕੇ ਕੁਝ ਬੁਰਾ ਭਲਾ ਵੀ ਆਖ ਦਿੰਦਾ ਪਰ ਮੈਂ ਸੁਣ ਕੇ ਚੁੱਪ ਹੀ ਕਰ ਜਾਂਦਾ ਸੀ। “ਤੇਰੀ ਭੈਣ ਨੂੰ ਕੱਲ੍ਹ ਦੇਖਣ ਲਈ ਆ ਰਹੇ ਆ।” ਇਕ ਦਿਨ ਬਾਪੂ ਨੇ ਕਿਹਾ। ਉਸ ਦਿਨ ਸਵੇਰ ਤੋਂ ਹੀ ਬਾਪੂ ਘਰ ਦੀਆਂ ਨੁੱਕਰਾਂ ’ਚ ਲਟਕਦੇ ਜਾਲ਼ਿਆਂ ਨੂੰ ਸੋਟੀ ’ਤੇ ਕੱਪੜਾ ਲਪੇਟ ਕੇ ਲਾਹੁੰਦਾ ਰਿਹਾ ਸੀ। ਮਾਂ ਪੋਚੇ ’ਤੇ ਪੋਚਾ ਮਾਰ ਰਹੀ ਸੀ।
“ਸਾਈਕਲ ਕਿੱਥੇ ਆ ਬਾਪੂ?” ਮੈਂ ਪੁੱਛਿਆ।
“ਨਾਲ ਦੇ ਘਰ ਖੜ੍ਹਾ ਕੀਤੈ।”
“ਕਿਉਂ?”
“ਮੈਂ ਸੋਚਿਆ ... ਮੁੰਡੇ ਵਾਲੇ ਪੁਰਾਣਾ ਸੈਕਲ ਦੇਖ ਕੇ ਕਿਧਰੇ ...।” ਆਖਦਾ ਬਾਪੂ ਚੁੱਪ ਕਰ ਗਿਆ। ਮੁੰਡੇ ਵਾਲਿਆਂ ਦੀ ਆਉ-ਭਗਤ ਲਈ ਮਾਂ ਗੁਆਂਢੋ ਚਾਰ ਪੰਜ ਕੁਰਸੀਆਂ ਮੰਗ ਲਿਆਈ। ਸ਼ਾਇਦ ਇਹ ਸਭ ਇਸ ਡਰੋਂ ਹੋ ਰਿਹਾ ਸੀ ਕਿ ਉਹ ਮੁੰਡੇ ਵਾਲੇ ਕੀ ਕਹਿਣਗੇ?
‘ ... ਮੇਰੇ ਕੱਪੜੇ ਦੇਖ ਕੇ ਕੀ ਕਹੇਗੀ ਦੀਪੋ?’ ਇਹ ਡਰ ਮੇਰਾ ਆਪਣਾ ਸੀ। ਇਸੇ ਡਰ ਨੂੰ ਦੀਪੋ ਦੇ ਮੈਨੂੰ ਲਿਖੇ ਖ਼ਤ ਵੀ ਘਟਾ ਨਹੀਂ ਸਨ ਸਕੇ। ਚਿੱਠੀ ਦੇਖਦਿਆਂ ਮਾਂ ਪੁੱਛਦੀ ... ਕਿਸ ਦੀ ਚਿੱਠੀ ਆਈ ਏ?”
“ਤੂੰ ਨਹੀਂ ਜਾਣਦੀ ਮਾਂ ...।” ਤੇ ਮਾਂ ਵਿਚਾਰੀ ਸੁਣ ਕੇ ਚੁੱਪ ਕਰ ਜਾਂਦੀ ਪਰ ਇਹ ਚੁੱਪ ਸਦਾ ਹੀ ਮੈਨੂੰ ਝੰਝੋੜਦੀ। ਮਾਂ ਵੱਲ ਦੇਖਦਿਆਂ ਹੀ ਕੁਝ ਬੋਲਣ ਦਾ ਹੌਸਲਾ ਰੇਤ ਵਾਂਗ ਢੇਰੀ ਹੋ ਜਾਂਦਾ। ਮੈਂ ਕਈ ਵਾਰ ਸੋਚਿਆ, ਆਖ ਦੇਵਾਂ ਕਿ ਦੀਪੋ ਦਾ ਖ਼ਤ ਸੀ। ਪਰ ਫਿਰ ਪੁੱਛੇਗੀ ਕਿ ਦੀਪੋ ਕੌਣ ਏ? ਮੈਂ ਕੀ ਕਹਾਂਗਾ? ਇਹ ਵੀ ਸੱਚ ਸੀ ਕਿ ਦੀਪੋ ਦੇ ਖ਼ਤ ਮੈਨੂੰ ਕੋਈ ਖਿੱਚ ਪਾਉਂਦੇ ਸਨ। ਮੇਰੀ ਅੰਦਰਲੀ ਘਬਰਾਹਟ ਤੇ ਮਾਨਸਿਕ ਗੁੰਝਲ ਨੇ ਮੇਰੇ ਤੇ ਦੀਪੋ ਦੇ ਵਿਚਕਾਰਲੇ ਫ਼ਾਸਲੇ ਨੂੰ ਵਧਾ ਦਿੱਤਾ ਸੀ। ਅਸੀਂ ਆਪਣੇ ਰਿਸ਼ਤੇ ਨੂੰ ਕੋਈ ਵੀ ਨਾਂ ਦਿੱਤੇ ਬਿਨਾਂ ਵੱਖੋ-ਵੱਖ ਰਾਹਾਂ ਦੇ ਰਾਹੀ ਬਣ ਗਏ ਸਾਂ।
ਵਰ੍ਹਿਆਂ ਦਾ ਪੰਧ ਜ਼ਿੰਦਗੀ ਨੇ ਤੈਅ ਕਰ ਲਿਆ ਸੀ। ਹੁਣ ਮੇਰੇ ਦੋ ਬੱਚੇ ਵੀ ਸਨ। ਵੱਡੀ ਕੁੜੀ ਨੂੰ ਤਾਂ ਬੱਚੀ ਕਹਿਣਾ ਵੀ ਬੇਵਕੂਫੀ ਲਗਦੀ ਸੀ। ਦਸਵੀ ਪੜ੍ਹਦੀ ਸੀ ਉਹ। ... ਤੇ ਫਿਰ ਇਸ ਉਮਰੇ ਦੀਪੋ ਦੀ ਚਿੱਠੀ ਆਉਣ ਨਾਲ ਮਨ ਦਾ ਬੇਚੈਨ ਹੋਣਾ ਸੁਭਾਵਿਕ ਹੀ ਸੀ। ਲੋਕਾਂ ਨੂੰ ਪਤਾ ਲੱਗੇਗਾ ਤਾਂ ਕੀ ਕਹਿਣਗੇ? ਮੈਂ ਸੋਚਦਾ। ਇਕ ਸੱਚ ਇਹ ਵੀ ਸੀ ਕਿ ਮੈਨੂੰ ਦੀਪੋ ਦੇ ਸੁਫ਼ਨੇ ਵੀ ਕਦੀ ਕਦੀ ਆ ਜਾਂਦੇ ਸਨ। ਮੇਰੇ ਬਾਰੇ ਤਾਂ ਗਲੀ-ਗੁਆਂਢ ’ਚ ਇਹੋ ਰਾਇ ਸੀ ਕਿ ਮੈਂ ਇਕ ਸ਼ਰੀਫ, ਸਾਊ ਤੇ ਬੀਬਾ ਬੰਦਾ ਸਾਂ। ਡਰਦਾ ਸੀ ਕਿ ਦੀਪੋ ਬਾਰੇ ਜਾਣ ਕੇ ਇਹ ਲੋਕ ਸ਼ਾਇਦ ਮੂੰਹ ’ਚ ਉਂਗਲਾਂ ਹੀ ਪਾ ਲੈਣ। ਪਤਾ ਨਹੀਂ ਕਿਹੜੇ ਕਿਹੜੇ ਅਖਾਣ ਮੇਰੇ ਉੱਪਰ ਢੁੱਕਵੇਂ ਲੱਭ ਲੈਣ ... ਹਾਥੀ ਦੇ ਦੰਦ ਖਾਣ ਨੂੰ ਹੋਰ, ਦਿਖਾਣ ਨੂੰ ਹੋਰ ... ਸ਼ਾਇਦ ਇਹ ਵੀ ਆਖ ਦੇਣ ...ਦੁੱਧ ਤੇ ਬੁੱਧ ਫਿੱਟਦਿਆਂ ਦੇਰ ਨਹੀਂ ਲਗਦੀ।
ਮੇਰੇ ਅੰਦਰ ਇਸ ਚਿੱਠੀ ਨੂੰ ਕਿਤੇ ਸੁੱਟਣ ਦੀ ਹਿੰਮਤ ਵੀ ਨਹੀਂ ਸੀ ਤੇ ਮੈਂ ਇਸ ਨੂੰ ਆਪਣੀ ਜੇਬ ਵਿਚ ਕਈ ਦਿਨਾਂ ਤੋਂ ਸੰਭਾਲੀ ਫਿਰਦਾ ਸਾਂ।
ਮੈਂ ਇਸ ਨੂੰ ਕਈ ਵਾਰ ਪੜ੍ਹ ਕੇ ਉਦਾਸ ਹੋਇਆ ਸਾਂ। ਹੁਣ ਵੀ ਇਸੇ ਉਦਾਸੀ ਵਿੱਚ ਬੈਠਾ ਸਾਂ, ਜਦੋਂ ਇਹ ਬਹਿਰੂਪੀਆ ਗਲੀ ਵਿੱਚੋਂ ਲੰਘ ਕੇ ਜਾ ਰਿਹਾ ਸੀ। ਸੋਚਦਾ ਸਾਂ ... ਮੈਂ ਵੀ ਇਕ ਬਹਿਰੂਪੀਆ ਸਾਂ। ਉਸ ਦਿਨ ਬਾਪੂ ਵੀ ਬਹਿਰੂਪੀਆ ਸੀ, ਜਿਸ ਦਿਨ ਟੁੱਟੀ-ਭੱਜੀ ਸਾਈਕਲ ਗੁਆਂਢੀਆਂ ਦੇ ਵਿਹੜੇ ਖੜ੍ਹੀ ਕਰ ਆਇਆ ਸੀ। ਸ਼ਾਇਦ ਮਾਂ ਦਾ ਰੂਪ ਵੀ ਆਪਣਾ ਨਹੀਂ ਸੀ, ਜਦੋਂ ਉਹ ਕੁਰਸੀਆਂ ਮੰਗ ਲਿਆਈ ਸੀ।
“ਇਹ ਬਹਿਰੂਪੀਆ ਦੂਜੇ ਚੌਥੇ ਦਿਨ ਗਲੀ ’ਚ ਆਉਂਦਾ ਏ।” ਮੇਰੀ ਵੱਡੀ ਕੁੜੀ ਕਹਿ ਰਹੀ ਸੀ।
“ਅਸੀਂ ਵੀ ਤਾਂ ਬਹਿਰੂਪੀਏ ਹਾਂ। ਇਹ ਬਾਹਰ ਤੋਂ ਆਪਣਾ ਰੂਪ ਬਦਲਦੇ ਨੇ ਅਤੇ ਅਸੀਂ ਅੰਦਰੋਂ ਰੂਪ ਬਦਲ ਕੇ ਜੀਅ ਰਹੇ ਹਾਂ।”
ਇਹ ਆਖਦਿਆਂ ਮੇਰਾ ਧਿਆਨ ਵੱਡੀ ਕੁੜੀ ਵੱਲ ਘੱਟ ਤੇ ਜੇਬ ਵਿੱਚ ਪਏ ਦੀਪੋ ਦੇ ਖ਼ਤ ਵੱਲ ਵਧੇਰੇ ਸੀ। ਇਸੇ ਬੇਧਿਆਨੀ ਵਿੱਚ ਮੇਰੇ ਹੱਥ ਵਿੱਚ ਫੜਿਆ ਪੈੱਨ ਭੁੰਜੇ ਜਾ ਡਿਗਿਆ, ਜਿਸ ਨਾਲ ਮੈਂ ਦੀਪੋ ਨੂੰ ਉਸ ਦੇ ਖ਼ਤ ਦਾ ਜਵਾਬ ਦੇਣਾ ਸੀ।
“ਬਹੁਰੂਪੀਆ ਤਾਂ ਬਹੁਤ ਅੱਗੇ ਲੰਘ ਗਿਆ ਹੈ, ਅੱਜ ਦੇਖਿਆ ਵੀ ਨਹੀਂ, ਕੰਮ ’ਚ ਹੀ ਲੱਗੀ ਰਹਿ ਗਈ।” ਵੱਡੀ ਕੁੜੀ ਨੇ ਕਿਹਾ।
“ਤੂੰ ਮੈਨੂੰ ਹੀ ਦੇਖ ਲੈ, ਬਹਿਰੂਪੀਏ ਨੂੰ ਕੀ ਦੇਖਣੈ?”
ਉਹ ਮੇਰੇ ਚਿਹਰੇ ਵੱਲ ਬਿੱਟ ਬਿੱਟ ਦੇਖਣ ਲੱਗ ਪਈ। ਸ਼ਾਇਦ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੁਣੇ ਹੁਣੇ ਮੈਂ ਕੀ ਆਖਿਆ ਸੀ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4773)
(ਸਰੋਕਾਰ ਨਾਲ ਸੰਪਰਕ ਲਈ: (