“ਗੁਆਚੀਆਂ ਚੀਜ਼ਾਂ ਤਾਂ ਫਿਰ ਤੋਂ ਬਣ ਵੀ ਜਾਂਦੀਆਂ ਨੇ, ਢਹੇ ਮਕਾਨਾਂ ਦੀ ਵੀ ਉਸਾਰੀ ਹੋ ਜਾਂਦੀ ਹੈ ਪਰ ...”
(21 ਅਪਰੈਲ 2022)
ਮਹਿਮਾਨ: 256.
ਜੀਵਨ ਵਿੱਚ ਵਿਚਰਦਿਆਂ ਹਰੇਕ ਵਿਅਕਤੀ ਦਾ ਕਦੀ ਨਾ ਕਦੀ ਕੁਝ ਨਾ ਕੁਝ ਜ਼ਰੂਰ ਗੁਆਚਦਾ ਹੈ। ਇੱਧਰ ਉੱਧਰ ਹੱਥ ਪੈਰ ਮਾਰਨ ਨਾਲ ਗੁਆਚੀ ਚੀਜ਼ ਲੱਭ ਪਵੇ ਤਾਂ ਚੰਗਾ ਹੈ। ਨਾ ਮਿਲੇ ਤਾਂ ਅਫਸੋਸ ਹੁੰਦਾ ਹੈ, ਦੁੱਖ ਵੀ। ਸੱਚ ਤਾਂ ਇਹ ਵੀ ਹੈ ਕਿ ਕੁਝ ਚੀਜ਼ਾਂ ਤਾਂ ਸਦਾ ਲਈ ਹੀ ਗੁਆਚ ਜਾਂਦੀਆਂ ਹਨ। ਗੁਆਚੀ ਚੀਜ਼ ਨਾਲ ਜਜ਼ਬਾਤੀ ਜਾਂ ਭਾਵੁਕ ਸਾਂਝ ਜੁੜੀ ਹੋਵੇ ਤਾਂ ਦੁੱਖ ਹੋਰ ਵੀ ਮਨ ਨੂੰ ਸਤਾਉਣ ਲਗਦਾ ਹੈ। ਹੱਥੋਂ ਗਈ ਚੀਜ਼ ਦੇ ਸੁਪਨੇ ਆਉਂਦੇ ਹਨ। ਸੁਪਨੇ ਵਿੱਚ ਵੀ ਲੱਭ ਪੈਣ ਤਾਂ ਸੁਪਨਿਆਂ ਦੀ ਗੱਲ ਸੁਣਾਉਂਦਿਆਂ ਮਨ ਚੈਨ ਮਹਿਸੂਸਦਾ ਹੈ, ਬੇਚੈਨ ਹਿਰਦੇ ਨੂੰ ਕੁਝ ਪਲ ਲਈ ਸ਼ਾਂਤੀ ਮਿਲਦੀ ਹੈ। ਸੁਪਨੇ ਚੀਜ਼ਾਂ ਦੀ ਥਾਂ ਸਕੂਨ ਲੈ ਕੇ ਆਉਂਦੇ ਹਨ। ਜਦੋਂ ਕਿ ਅਸਲੀਅਤ ਇਹ ਹੁੰਦੀ ਹੈ ਕਿ ਸੱਚ ਤਾਂ ਸੁਪਨੇ ਵੀ ਨਹੀਂ ਹੁੰਦੇ। ਹੱਥ ਖਾਲੀ ਦੇ ਖਾਲੀ ਰਹਿੰਦੇ ਹਨ।
ਬੰਦਾ ਹਾਲੋਂ ਬੇਹਾਲ ਹੋ ਜਾਂਦਾ ਹੈ ਜੇ ਬੰਦੇ ਦੀ ਨੀਂਦ ਹੀ ਗੁਆਚ ਜਾਵੇ। ਪਾਸੇ ਮਾਰ ਮਾਰ ਲੰਮੀ ਰਾਤ ਲੰਘਾਉਣੀ ਪਵੇ ਤਾਂ ਚਿੰਤਾ ਹੋਰ ਵੀ ਵਧਣ ਲਗਦੀ ਹੈ। ਫਿਕਰ ਦਿਮਾਗ ਵਿੱਚ ਖੌਰੂ ਪਾਉਣ ਲਗਦੇ ਹਨ। ਸਾਰਾ ਪਰਿਵਾਰ ਹੀ ਚਿੰਤਤ ਹੋ ਜਾਂਦਾ ਹੈ। ਮਿਲ ਜੁਲ ਸਾਰੇ ਅਹੁੜ ਪਹੁੜ ਕਰਦੇ ਹਨ ਨੀਂਦ ਲਿਆਉਣ ਦੇ। ਦੇਸੀ ਜੜੀ ਬੂਟੀਆਂ ਦਾ ਆਸਰਾ ਭਾਲਦੇ ਹਨ। ਘਰ ਦੇ ਕਮਾਊ ਪੁੱਤ ਜਾਂ ਪਿਉ ਨੂੰ ਨੀਂਦ ਨਾ ਆਵੇ ਤਾਂ ਸਾਰੇ ਟੱਬਰ ਦੀ ਨੀਂਦ ਹੀ ਉੁੱਡ ਜਾਂਦੀ ਹੈ। ਕਈਆਂ ਦੀ ਹਾਲਤ ਤਾਂ ਝੱਲੇ ਹੋਣ ਵਰਗੀ ਲਗਦੀ ਹੈ। ਸਾਰਾ ਦਿਨ ਉਬਾਸੀਆਂ ਲੈਂਦੇ ਹਨ, ਪਰ ਨੀਂਦ ਆਉਣੀ ਆਪਣੇ ਵੱਸ ਦੀ ਗੱਲ ਨਹੀਂ ਹੁੰਦੀ। ਗੁਆਚੀ ਨੀਂਦ ਮੁੜ ਆਵੇ ਤਾਂ ਸਮਝੋ ਲੱਖ ਖੱਟਿਆ।
ਲਾਪ੍ਰਵਾਹੀ ਚੀਜ਼ਾਂ ਦੇ ਗੁਆਚਣ ਦਾ ਕਾਰਨ ਹੋ ਸਕਦੀ ਹੈ। ਸਹਿਜ ਸੁਭਾਅ ਵੀ ਚੀਜ਼ਾਂ ਗੁਆਚ ਜਾਂਦੀਆਂ ਹਨ। ਚੇਤਾ ਭੁੱਲਣ ਨਾਲ ਵੀ ਆਪਣੇ ਹੱਥੀਂ ਰੱਖੀ ਚੀਜ਼ ਕਈ ਵਾਰ ਨਹੀਂ ਲੱਭਦੀ। ਉਮਰ ਵਧਣ ਨਾਲ ਯਾਦਦਾਸ਼ਤ ਟਪਲੇ ਖਾ ਹੀ ਜਾਂਦੀ ਹੈ। ਅਜਿਹੀਆਂ ਗੁਆਚੀਆਂ ਚੀਜ਼ਾਂ ਦਿਮਾਗ ’ਤੇ ਜ਼ੋਰ ਪਾਉਣ ਨਾਲ ਘੰਟੇ ਦੋ ਘੰਟੇ ਜਾਂ ਇੱਕ ਦੋ ਦਿਨ ਪਿੱਛੋਂ ਲੱਭ ਪੈਂਦੀਆਂ ਹਨ। ਅਜਿਹੀ ਹਾਲਤ ਵਿੱਚ ਚੀਜ਼ਾਂ ਦੇ ਲੱਭਣ ਦੀ ਆਸ ਸਦਾ ਮਨ ਨੂੰ ਹੁੰਦੀ ਹੈ।
ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਮੁੜੇ ਤਾਂ ਉਸ ਨੂੰ ਭੁੱਲਿਆ ਕਹਿਣਾ ਵੀ ਨਹੀਂ ਚਾਹੀਦਾ। ਉਂਜ ਲਾਪ੍ਰਵਾਹੀਆਂ ਵਿੱਚ ਗੁਆਚੀਆਂ ਚੀਜ਼ਾਂ ਦਾ ਦੁੱਖ ਵੀ ਭਾਰੀ ਹੁੰਦਾ ਹੈ ਤੇ ਪਛਤਾਵਾ ਹੋਰ ਵੀ ਵੱਧ। ਇਸਦਾ ਇੱਕ ਫਾਇਦਾ ਜ਼ਰੂਰ ਹੁੰਦਾ ਹੈ। ਬੰਦਾ ਅੱਗੇ ਤੋਂ ਸੰਭਲ ਜਾਂਦਾ ਹੈ। ਸਾਵਧਾਨ ਹੋ ਜਾਂਦਾ ਹੈ ਪੂਰੀ ਤਰ੍ਹਾਂ। ਨਿੱਕੀ ਗੁਆਚੀ ਚੀਜ਼ ਜ਼ਿੰਦਗੀ ਨੂੰ ਵੱਡੇ ਸਬਕ ਦੇ ਜਾਂਦੀ ਹੈ। ਇਹ ਨਿੱਕੇ ਨਿੱਕੇ ਸਬਕ ਅੱਗੋਂ ਜਾ ਕੇ ਤਜਰਬਾ ਕਹਾਉਂਦੇ ਹਨ। ਸਾਲਾਂ ਦੇ ਜਮ੍ਹਾਂ ਹੋਏ ਤਜਰਬੇ ਵਾਲਾਂ ਦੇ ਧੁੱਪ ਵਿੱਚ ਚਿੱਟੇ ਹੋਣ ਦਾ ਭੁਲੇਖਾ ਨਹੀਂ ਪੈਣ ਦਿੰਦੇ। ਆਪ ਹੰਢਾਏ ਸੱਚ ਦਾ ਮੂੰਹ ਮੱਥਾ ਹੀ ਕੁਝ ਹੋਰ ਹੁੰਦਾ ਹੈ। ਫਾਲਤੂ ਅਤੇ ਫਜ਼ੂਲ ਜਿਹੀਆਂ ਮੱਤਾਂ ਇਹ ਨਹੀਂ ਹੁੰਦੇ।
ਕਿਹਾ ਜਾਂਦਾ ਹੈ, ‘ਧਨ ਗੁਆਚੇ ਤਾਂ ਸਮਝੋ ਕੁਝ ਨਹੀਂ ਗਿਆ, ਸਿਹਤ ਗਈ ਤਾਂ ਕੁਝ ਨਾ ਕੁਝ ਮਨਫ਼ੀ ਹੁੰਦਾ ਹੈ, ਪਰ ਆਚਰਣ ਹੱਥੋਂ ਗਿਆ ਤਾਂ ਸਮਝੋ ਸਭ ਕੁਝ ਹੀ ਹੱਥੋਂ ਗਿਆ।’ ਕਿਸੇ ਦਾ ਆਚਰਣ ਉਸਦੀ ਵਰ੍ਹਿਆਂ ਦੀ ਕਮਾਈ ਹੁੰਦਾ ਹੈ। ਮੱਤ ਮਾਰੀ ਜਾਵੇ ਤਾਂ ਇੱਜ਼ਤ ਮਿੱਟੀ ਵਿੱਚ ਮਿਲਦਿਆਂ ਦੇਰ ਨਹੀਂ ਲਗਦੀ। ਮਿੰਟ ਸਕਿੰਟ ਵੀ ਨਹੀਂ। ਹੱਥਾਂ ਨਾਲ ਦਿੱਤੀਆਂ ਗੰਢਾਂ ਖੋਲ੍ਹਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਹਨ। ਨਵੇਂ ਸਿਰਿਉਂ ਵਿਸ਼ਵਾਸ ਬਣਾਉਣੇ ਫਿਰ ਕੋਈ ਸੌਖੇ ਕੰਮ ਨਹੀਂ ਹੁੰਦੇ। ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲੇ ਹੋਣੋ ਵੀ ਕਦੀ ਬਚੇ ਨੇ? ਸੰਗਤ ਦੀ ਰੰਗਤ ਤਾਂ ਚੜ੍ਹਦੀ ਹੀ ਹੈ। ਚੰਗੀ ਸੰਗਤ ਦਾ ਸਦਾ ਸਭ ਕੁਝ ਚੰਗਾ ਹੀ ਚੰਗਾ ਹੁੰਦਾ ਹੈ। ਮਾੜੀ ਸੰਗਤ ਸਦਾ ਘਾਟੇ ਹੀ ਘਾਟੇ ਦਾ ਸੌਦਾ। ਗੁਆਚੀ ਇੱਜ਼ਤ ਮੂੰਹ ਦਿਖਾਉਣ ਯੋਗਾ ਵੀ ਨਹੀਂ ਛੱਡਦੀ। ਆਚਰਣ ਦੇ ਗੁਆਚਣ ਦਾ ਪ੍ਰਮੁੱਖ ਕਾਰਨ ਇਹ ਮਾੜੀ ਸੰਗਤ ਹੀ ਹੁੰਦੀ ਹੈ।
ਸਮੇਂ ਦੇ ਬਦਲਣ ਨਾਲ ਵੀ ਬੜਾ ਕੁਝ ਗੁਆਚ ਜਾਂਦਾ ਹੈ। ਪੁਰਾਣੀਆਂ ਸਾਂਝਾਂ ਹੁਣ ਦੇਖਣ ਵਿੱਚ ਕਿੱਥੇ ਆਉਂਦੀਆਂ ਹਨ? ਪਹਿਲਾਂ ਵਾਲੇ ਮੋਹ ਪਿਆਰ ਵੀ ਨਹੀਂ ਰਹੇ ਹੁਣ। ਮੈਰਿਜ ਪੈਲਸ ਜਾਉ ਤਾਂ ਬੜੀ ਰੌਣਕ ਦਿਖਾਈ ਦਿੰਦੀ ਹੈ। ਲਿਸ਼ਕੇ ਲਿਸ਼ਕੇ ਚਿਹਰੇ ਮਨ ਖਿੱਚਦੇ ਹਨ। ਡੀਜਿਆਂ ਦੀਆਂ ਆਵਾਜ਼ਾਂ ਵਿੱਚ ਅੱਡੀ ਨੂੰ ਮੱਲੋਮੱਲੀ ਨੱਚਣ ਦਾ ਚਾਅ ਚੜ੍ਹਨ ਲਗਦਾ ਹੈ। ਇੱਕ ਨੁੱਕਰੇ ਖੜ੍ਹ ਕੇ ਗਹੁ ਨਾਲ ਦੇਖੀਏ ਜਾਂ ਸੋਚੀਏ ਤਾਂ ਬੜਾ ਕੁਝ ਗੁਆਚਿਆ ਨਜ਼ਰ ਆਉਣ ਲਗਦਾ ਹੈ। ਪਹਿਲਾਂ ਵਿਆਹ ਹੁੰਦੇ ਸਨ ਤਾਂ ਇਹੋ ਰੌਣਕਾਂ ਘਰਾਂ ਵਿੱਚ ਜੁੜਦੀਆਂ ਅਤੇ ਸਜਦੀਆਂ ਸਨ। ਨਾਨਕੇ ਦਾਦਕੇ ਸਭ ਰਲਮਿਲ ਘਰ ਨੂੰ ਹਾਸੇ ਨਾਲ ਭਰਦੇ ਸਨ। ਵਿਆਹ ਵਾਲੇ ਘਰ ਦਾ ਦੂਰੋਂ ਪਤਾ ਲਗਦਾ ਸੀ।
ਕਈ ਕਈ ਦਿਨ ਪਹਿਲੋਂ ਹੀ ਅਟੈਚੀ ਜਾਂ ਝੋਲਿਆਂ ਵਿੱਚ ਪਾਏ ਕੱਪੜੇ ਲੀੜੇ ਨਾਲ ਸਾਕ ਸਬੰਧੀ ਮਨ ਵਿੱਚ ਗੂੜ੍ਹੇ ਮੋਹ ਅਤੇ ਚਾਅ ਲੈ ਕੇ ਆਉਂਦੇ। ਘੋੜੀਆਂ, ਸੁਹਾਗ ਗਾਏ ਜਾਂਦੇ। ਪਕਵਾਨਾਂ ਦੀ ਸੁਗੰਧੀ ਹਵਾ ਵਿੱਚ ਘੁਲਣ ਲਗਦੀ। ਆਂਢ-ਗੁਆਂਢ ਵੱਲੋਂ ਵੀ ਚਾਅ ਸੰਭਾਲੇ ਨਾ ਜਾਂਦੇ। ਇਕੱਠੇ ਹੋਏ ਮੇਲ ਦਾ ਆਪਣਾ ਹੀ ਆਨੰਦ ਹੁੰਦਾ। ਪੈਲਸ ਕਲਚਰ ਸਭ ਕੁਝ ਹੀ ਵਹਾ ਕੇ ਲੈ ਗਿਆ। ਡੀਜਿਆਂ ਦੇ ਕੰਨ ਪਾੜਵੇਂ ਸ਼ੋਰ ਵਿੱਚ ਗੱਲ ਕਰਨੋਂ ਸੁਣਨੋਂ ਵੀ ਰਹਿ ਗਏ, ਦੁੱਖ ਸੁੱਖ ਤਾਂ ਕਿੱਥੋਂ ਫਰੋਲਣੇ? ਖਾਧਾ ਪੀਤਾ, ਸ਼ਗਨ ਦਿੱਤਾ ਤੇ ਗੁਰ ਫ਼ਤਹਿ ਬੁਲਾਉਂਦਿਆਂ ਆਪੋ ਆਪਣੇ ਘਰਾਂ ਵੱਲ ਚਾਲੇ ਪਾਉਣੇ ਸ਼ੁਰੂ। ਇੱਥੇ ਜੋ ਸੱਭਿਆਚਾਰ ਗੁਆਚਿਆ, ਨੇੜ ਭਵਿੱਖ ਵਿੱਚ ਉਸਦੇ ਲੱਭਣ ਦੀ ਕੋਈ ਆਸ ਵੀ ਨਹੀਂ ਲਗਦੀ, ਸਗੋਂ ਆਵਾ ਤਾਂ ਹੋਰ ਵੀ ਊਤਦਾ ਜਾ ਰਿਹਾ ਹੈ।
ਸੰਵੇਦਨਸ਼ੀਲ ਮਨਾਂ ਦੇ ਦੁੱਖ ਹੋਰ ਵੀ ਗਹਿਰੇ ਹਨ। ਆਬਾਦੀ ਨਿਰੰਤਰ ਵਧਣ ਨਾਲ ਨਵੀਆਂ ਉਸਾਰੀਆਂ ਹੋਣ ਕਰਕੇ ਪੁਰਾਣੇ ਰਾਹ ਆਪਣੀ ਹੋਂਦ ਹੀ ਗੁਆ ਬੈਠੇ। ਲੁਧਿਆਣਾ ਵਾਸੀ ਵਰ੍ਹਿਆਂ ਪਹਿਲੋਂ ਘੰਟਾ ਘਰ ਦੇ ਨੇੜੇ ਪੈਂਦੇ ਲੱਕੜ ਦੇ ਪੁਲ ਦੀ ਯਾਦ ਹੁਣ ਵੀ ਆਪਣੇ ਚੇਤਿਆਂ ਵਿੱਚ ਵਸਾਈ ਬੈਠੇ ਹਨ। ਹਜ਼ਾਰਾਂ ਨਹੀਂ, ਲੱਖਾਂ ਹੀ ਪੈਰ ਇਸਦੇ ਉੱਪਰੋਂ ਲੰਘ ਕੇ ਆਪਣੀ ਮੰਜ਼ਿਲ ਵੱਲ ਗਏ। ਸਮੇਂ ਦੇ ਹੱਥੋਂ ਢਹਿ ਕੇ ਆਪਣੀ ਹੋਂਦ ਹੀ ਗੁਆ ਬੈਠਾ ਵਿਚਾਰਾ। ਇਸਦੇ ਉੱਪਰੋਂ ਲੰਘੇ ਪੈਰਾਂ ਨੂੰ ਸਭ ਕੁਝ ਯਾਦ ਹੈ। ਤਾਹੀਉਂ ਇੱਥੇ ਆ ਕੇ ਆਪ ਮੁਹਾਰਾ ਕਦਮ ਰੁਕਦੇ ਹਨ। ਅੱਖਾਂ ਪੁਰਾਣੇ ਰਾਹਾਂ ਨੂੰ ਲੱਭਦੀਆਂ ਹਨ। ਨਵੇਂ ਨਵੇਂ ਫਲਾਈ ਓਵਰ ਨਜ਼ਰ ਆਉਂਦੇ ਹਨ, ਪਰ ਭੁਲਾਇਆਂ ਵੀ ਤਾਂ ਪੁਰਾਣੀਆਂ ਯਾਦਾਂ ਨਹੀਂ ਭੁੱਲਦੀਆਂ। ਉਂਜ ਰਾਹ ਹੀ ਨਹੀਂ ਗੁਆਚੇ, ਤੋਰ ਵੀ ਕਿਧਰੇ ਗੁਆਚ ਗਈ। ਮੋਰਨੀ ਦੀ ਚਾਲ ਹੁਣ ਕੌਣ ਤੁਰਦਾ ਹੈ? ਕਾਰ ਹੈ, ਸਕੂਟਰ ਹੈ, ਪੈਦਲ ਚੱਲਣ ਦੀ ਫਿਰ ਕੀ ਲੋੜ ਹੈ? ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜ੍ਹਕ ਦੇ ਨਾਲ, ਵਾਲੀ ਗੱਲ ਹੀ ਗੁਆਚ ਗਈ। ਅਸਲ ਵਿੱਚ ਤਾਂ ਬੰਦਾ ਦੁਨੀਆ ਦੇ ਮੇਲੇ ਵਿੱਚ ਆਪ ਹੀ ਗੁਆਚ ਗਿਆ ਹੈ ਕਿਧਰੇ। ਗੁਆਚ ਗਏ ਨੇ ਉਸਦੇ ਸਾਰੇ ਰਿਸ਼ਤੇ। ਸੋਝੀ ਹੀ ਨਹੀਂ ਰਹੀ ਉਸ ਨੂੰ ਆਪਣੇ ਆਪ ਦੀ। ਉਸ ਨੂੰ ਨਹੀਂ ਪਤਾ ਕਿ ਉਹ ਆਪ ਕੌਣ ਹੈ?
ਚੀਜ਼ ਭਾਵੇਂ ਕਿੰਨੀ ਨਿੱਕੀ ਜਾਂ ਸਸਤੀ ਹੋਵੇ, ਲੋੜ ਪੈਣ ’ਤੇ ਵੇਲੇ ਸਿਰ ਨਾ ਮਿਲੇ ਤਾਂ ਉਸ ਵਰਗੀ ਬਹੁਮੁੱਲੀ ਕੋਈ ਹੋਰ ਚੀਜ਼ ਵੀ ਨਹੀਂ ਜਾਪਦੀ। ਕਮੀਜ਼ ਦਾ ਬਟਨ ਨਾ ਹੋਵੇ, ਦਫਤਰ ਜਾਣ ਦੀ ਪੂਰੀ ਤਿਆਰੀ ਕਰ ਲਈ ਹੋਵੇ, ਪਰ ਉਸ ਵੇਲੇ ਸੂਈ ਹੀ ਨਾ ਲੱਭੇ ਜਾਂ ਧਾਗੇ ਦੀ ਰੀਲ ਹੀ ਇੱਧਰ ਉੱਧਰ ਹੋ ਜਾਵੇ ਤਾਂ ਮਨ ’ਤੇ ਜੋ ਗੁਜ਼ਰਦੀ ਹੈ, ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ। ਗੁੱਸਾ ਉਬਾਲੇ ਖਾਂਦਾ ਹੈ ਅਤੇ ਚਿਹਰਾ ਕਚੀਚੀਆਂ ਵੱਟਣ ਲਗਦਾ ਹੈ। ਵਿਗੜਿਆ ਮੂਡ ਜਲਦੀ ਕੀਤੇ ਆਪਣੀ ਪਹਿਲੀ ਹਾਲਤ ਵਿੱਚ ਨਹੀਂ ਆਉਂਦਾ।
ਖੇਡਾਂ ਖੇਡਦਿਆਂ ਬਚਪਨ ਦਾ ਪਤਾ ਨਹੀਂ ਲਗਦਾ ਕਦੋਂ ਬੀਤ ਜਾਂਦਾ ਹੈ। ਜਵਾਨੀ ਆਉਂਦੀ ਹੈ, ਮੌਜ ਮਸਤੀ ਕਰਦਿਆਂ, ਇੱਕ ਦੂਜੇ ਨੂੰ ਫੁੱਲਾਂ ਦੇ ਗੁਲਦਸਤੇ ਦਿੰਦਿਆਂ ਇਹ ਵੀ ਲੰਘ ਜਾਂਦੀ ਹੈ। ਫਿਰ ਆਉਂਦਾ ਹੈ ਕਦੀ ਵੀ ਨਾ ਜਾਣ ਵਾਲਾ ਬੁਢਾਪਾ। ਸ਼ਾਇਦ ਇਹੋ ਹੀ ਨਹੀਂ ਗੁਆਚਦਾ ਕਿਧਰੇ। ਬੰਦੇ ਨੂੰ ਆਪਣੇ ਨਾਲ ਹੀ ਲੈ ਜਾਂਦਾ ਹੈ। ਅਣਜਾਣੀ, ਅਣਦੇਖੀ ਤੇ ਅਣਚਾਹੀ ਦੁਨੀਆਂ ਵਿੱਚ ਸਦਾ ਲਈ ਗੁਆਚ ਜਾਂਦਾ ਹੈ ਬੰਦਾ। ਗੁਆਚੀਆਂ ਚੀਜ਼ਾਂ ਤਾਂ ਫਿਰ ਤੋਂ ਬਣ ਵੀ ਜਾਂਦੀਆਂ ਨੇ, ਢਹੇ ਮਕਾਨਾਂ ਦੀ ਵੀ ਉਸਾਰੀ ਹੋ ਜਾਂਦੀ ਹੈ ਪਰ ਸਦਾ ਲਈ ਅੱਖੋਂ ਓਹਲੇ ਹੋਏ ਆਪਣਿਆਂ ਦੇ ਦਰਸ਼ਨ ਫਿਰ ਕਦੀ ਅੱਖਾਂ ਨੂੰ ਨਸੀਬ ਨਹੀਂ ਹੁੰਦੇ। ਫਰੇਮਾਂ ਦੀਆਂ ਤਸਵੀਰਾਂ ਬਣ ਜਾਂਦੇ ਨੇ। ਖੱਟੀਆਂ ਮਿੱਠੀਆਂ ਯਾਦਾਂ ਰਹਿ ਜਾਂਦੀਆਂ ਨੇ ਪਿੱਛੇ। ਸਰੀਰ, ਮਿੱਟੀ ਵਿੱਚ ਰਲ ਜਾਂਦਾ ਹੈ। ਸਵਾਹ ਜੋ ਬਚਦੀ ਹੈ, ਉਹ ਵੀ ਵਗਦੇ ਪਾਣੀਆਂ ਵਿੱਚ ਸਦਾ ਲਈ ਵਿਲੀਨ ਹੋ ਜਾਂਦੀ ਹੈ।
ਚੰਗਾ ਹੋਵੇ ਕਿਸੇ ਦਾ ਕੁਝ ਵੀ ਨਾ ਗੁਆਚੇ। ਅਜਿਹਾ ਹੋਣਾ ਸ਼ਾਇਦ ਸੰਭਵ ਨਹੀਂ। ਚੀਜ਼ਾਂ ਗੁਆਚਦੀਆਂ ਹੀ ਹਨ, ਗੁਆਚਦੀਆਂ ਹੀ ਰਹਿਣਗੀਆਂ। ਕੁਦਰਤ ਵਿੱਚ ਵੀ ਅਜਿਹਾ ਹੁੰਦਾ ਹੈ। ਪਤਝੜਾਂ ਵਿੱਚ ਰੁੱਖਾਂ ਦੇ ਪੱਤੇ ਝੜਦੇ ਹਨ। ਪੱਤਿਆਂ ਦੀ ਖੜ ਖੜ ਵੀ ਗੁਆਚਦੀ ਹੈ। ਆਕਾਸ਼ੋਂ ਤਾਰੇ ਸਦਾ ਟੁੱਟਦੇ ਰਹੇ ਹਨ। ਜੀਵਨ ਦਾ ਵੀ ਇਹੋ ਨਿਯਮ ਹੈ। ਕੁਝ ਗੁਆਚਦਾ ਹੈ ਤਾਂ ਉਸ ਤੋਂ ਕਿਤੇ ਵੱਧ ਨਵਾਂ ਲੱਭਣ ਲਈ ਵੀ ਪਿਆ ਹੈ। ਜ਼ਿੰਦਗੀ ਨੇ ਤਾਂ ਸਦਾ ਇਸੇ ਤਰ੍ਹਾਂ ਤੁਰਦੇ ਹੀ ਰਹਿਣਾ ਹੈ। ਗੁਆਚੀ ਚੀਜ਼ ਪ੍ਰਤੀ ਧੰਨਵਾਦੀ ਵੀ ਹੋਣਾ ਚਾਹੀਦਾ ਹੈ, ਕਿਉਂਕਿ ਗੁਆਚਣ ਕਰਕੇ ਹੀ ਤਾਂ ਉਸਦੇ ਮਹੱਤਵ ਦਾ ਪਤਾ ਲਗਦਾ ਹੈ ਅਤੇ ਅੱਗੇ ਤੋਂ ਅਸੀਂ ਸੁਚੇਤ ਹੋ ਜਾਂਦੇ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3519)
(ਸਰੋਕਾਰ ਨਾਲ ਸੰਪਰਕ ਲਈ: