AtmaSPamar7ਉਮੀਦ ਅਤੇ ਯਤਨ ਮੰਜ਼ਿਲ ਪ੍ਰਾਪਤੀ ਲਈ ਹਮੇਸ਼ਾ ਉਤਸ਼ਾਹੀ ਊਰਜਾ ਦੇ ਸ੍ਰੋਤ ਬਣ ਕੇ ...
(18 ਸਤੰਬਰ 2026)

 

ਭਾਰਤ ਨੂੰ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਹੋਣ ਦਾ ਮਾਣ ਹਾਸਲ ਹੈ। ਲੋਕਤੰਤਰੀ ਪ੍ਰਣਾਲੀ ਵਿੱਚ ਸਮਾਜਿਕ, ਆਰਥਿਕ, ਕਾਨੂੰਨੀ, ਧਾਰਮਿਕ, ਸੱਭਿਆਚਾਰਕ ਅਤੇ ਮਨੁੱਖੀ ਸਮਾਨਤਾ ਤੋਂ ਇਲਾਵਾ ਹੋਰ ਵੀ ਹਰ ਤਰ੍ਹਾਂ ਦੇ ਮੁਢਲੇ ਅਧਿਕਾਰਾਂ ਆਦਿ ਦੀ ਪੂਰਨ ਸੁਰੱਖਿਆ ਦੀ ਤਵੱਕੋ ਕੀਤੀ ਜਾਣੀ ਸੁਭਾਵਿਕ ਹੀ ਹੈ। ਇੱਕ ਸਮਾਂ ਸੀ ਜਦੋਂ ਇੱਥੋਂ ਦੇ ਰਾਜਸੀ, ਸਮਾਜ ਸੇਵਕ ਅਤੇ ਹੋਰਨਾਂ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਆਗੂ ਸਾਹਿਬਾਨ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਮਜ਼ਲੂਮਾਂ ’ਤੇ ਹੁੰਦੇ ਧੱਕੇ ਧੋੜਿਆਂ, ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਿਨਾਂ ਕਿਸੇ ਭੇਦ ਭਾਵ ਤੋਂ ਉਕਤ ਸਭ ਕਿਸਮ ਦੇ ਗੈਰ ਮਾਨਵੀ ਵਰਤਾਰਿਆਂ ਦਾ ਨਿਰਸਵਾਰਥ ਰਹਿੰਦਿਆਂ ਵਿਰੋਧ ਕਰਦੇ ਸਨ। ਅਜਿਹਾ ਕਰਦਿਆਂ ਕਈ ਵਾਰ ਉਨ੍ਹਾਂ ਨੂੰ ਨਿੱਜੀ ਘਾਟਿਆਂ ਵਾਧਿਆਂ ਤੋਂ ਇਲਾਵਾ ਦੁਸ਼ਮਣੀਆਂ ਤਕ ਸਹੇੜਨ ਵਰਗੇ ਜੋਖਮ ਵੀ ਉਠਾਉਣੇ ਪੈ ਜਾਂਦੇ ਸਨ, ਪ੍ਰੰਤੂ ਉਹ ਆਪਣੇ ਅਕੀਦੇ ਜਾਂ ਨਿਸ਼ਾਨੇ ਤੋਂ ਜ਼ਰਾ ਜਿੰਨਾ ਵੀ ਇੱਧਰ ਉੱਧਰ ਨਹੀਂ ਹੁੰਦੇ ਸਨ, ਕਿਉਂਕਿ ਉਹ ਲੋਕਤੰਤਰ ਦੀਆਂ ਕਾਨੂੰਨੀ, ਪਵਿੱਤਰ ਸਮਾਜਿਕ ਕਦਰਾਂ ਕੀਮਤਾਂ ਤੋਂ ਇਲਾਵਾ ਇਖਲਾਕੀ ਪਰੰਪਰਾਵਾਂ ਨੂੰ ਵੀ ਧੁਰ ਅੰਦਰੋਂ ਪ੍ਰਣਾਏ ਹੁੰਦੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਆਗੂ ਛਲ, ਕਪਟ, ਚੁਤਰਾਈ ਅਤੇ ਧੋਖਾਧੜੀ ਵਰਗੇ ਗੈਰਇਖਲਾਕੀ ਵਰਤਾਰਿਆਂ ਤੋਂ ਲਗਭਗ ਅਭਿੱਜ ਹੀ ਹੁੰਦੇ ਸਨ।

ਇੱਥੇ ਇੱਕ ਗੱਲ ਪੂਰੀ ਤਰ੍ਹਾਂ ਸਾਫ ਅਤੇ ਸਪਸ਼ਟ ਹੈ ਕਿ ਜਦੋਂ ਵੀ ਕੋਈ ਰਾਜਨੀਤਕ ਦਲ ਹੋਂਦ ਵਿੱਚ ਆਉਂਦਾ ਹੈ, ਭਾਵੇਂ ਉਹ ਖੇਤਰੀ ਜਾਂ ਫਿਰ ਕੌਮੀ ਪੱਧਰ ਦਾ ਵੀ ਕਿਉਂ ਨਾ ਹੋਵੇ, ਉਸਦਾ ਇੱਕ ਨੁਕਾਤੀ ਉਦੇਸ਼ ਜਿਵੇਂ ਕਿਵੇਂ ਸੱਤਾ ਹਥਿਆਉਣਾ ਹੀ ਹੁੰਦਾ ਹੈ, ਜਿਸਦੀ ਪੂਰਤੀ ਲਈ ਮੁਢਲੇ ਤੌਰ ’ਤੇ ਉਹ ਆਪਣਾ ਪਾਰਟੀ ਦਾ ਪ੍ਰੋਗਰਾਮ ਅਤੇ ਨੀਤੀਆਂ ਤੋਂ ਇਲਾਵਾ ਜਨਤਕ ਭਲਾਈ ਦੇ ਕੀਤੇ ਜਾਣ ਵਾਲੇ ਕਾਰਜਾਂ ਨੂੰ ਆਪਣੇ ਢੰਗ-ਤਰੀਕਿਆਂ ਅਤੇ ਆਪਣੇ ਵਰਕਰਾਂ ਜ਼ਰੀਏ, ਜਨਤਕ ਕਚਹਿਰੀ ਦੇ ਸਨਮੁਖ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਇਸਦੇ ਨਾਲ ਹੀ ਆਪਣੇ ਹਮਖਿਆਲੀਆਂ ਤਕ ਪਾਰਟੀ ਦੀ ਮੈਂਬਰਸ਼ਿੱਪ ਲਈ ਪਹੁੰਚ ਵੀ ਕਰਦਾ ਹੈ। ਪਿਛਲੇ ਸਮਿਆਂ ਦੌਰਾਨ ਇਹ ਵਰਤਾਰਾ ਤਕਰੀਬਨ ਸਾਰੇ ਹੀ ਰਾਜਨੀਤਿਕ ਦਲਾਂ ਵੱਲੋਂ ਅਮਲੀ ਰੂਪ ਵਿੱਚ ਬਾਦਸਤੂਰ ਲਾਗੂ ਕੀਤਾ ਵੀ ਜਾਂਦਾ ਰਿਹਾ ਹੈ। ਇਸਦੇ ਨਾਲ ਹੀ ਪਹਿਲੀ ਕਤਾਰ ਦੇ ਆਗੂ ਆਪਣੇ ਹੇਠਲੇ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ ਤੋਂ ਇਲਾਵਾ ਲੋਕਾਂ ਵਿੱਚ ਵਿਚਰਨ ਦੇ ਗੁਰਾਂ ਦੀ ਸਿਖਲਾਈ ਦੇਣ ਲਈ ਕਈ ਕਈ ਦਿਨ ਕੇਡਰ ਕੈਂਪ ਵੀ ਲਾਉਂਦੇ ਸਨ। ਇਹੀ ਕਾਰਨ ਸੀ ਕਿ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਵਰਕਰ ਅਤੇ ਆਗੂ ਤਰਕ ਅਤੇ ਸਹਿਣਸ਼ੀਲਤਾ ਦਾ ਪੱਲਾ ਨਹੀਂ ਛੱਡਦੇ ਸਨ, ਜਿਸ ਕਾਰਨ ਆਪਸੀ ਖਿੱਚੋਤਾਣ ਅਤੇ ਟਕਰਾਓ ਦੀਆਂ ਸੰਭਾਵਨਾਵਾਂ ਵੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸਨ ਅਤੇ ਹਰ ਕਾਰਜ ਲੋਕਤੰਤਰ ਪ੍ਰਣਾਲੀ ਅਧਾਰਿਤ ਹੀ ਨਿਪਟਾਇਆ ਜਾਂਦਾ ਸੀ।

ਪ੍ਰੰਤੂ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਰਾਜਨੀਤਕ ਖੇਤਰ ਵਿੱਚ ਇੱਕ ਵੱਡਾ ਨਿਘਾਰ ਆ ਚੁੱਕਾ ਹੈ। ਇੱਥੋਂ ਦੀਆਂ ਤਕਰੀਬਨ ਸਾਰੀਆਂ ਹੀ ਰਾਜਨੀਤਕ ਪਾਰਟੀਆਂ, ਸਟੇਜਾਂ, ਆਮ ਪ੍ਰੋਗਰਾਮਾਂ ਅਤੇ ਮੀਡੀਆ ਬਿਆਨਾਂ ਰਾਹੀਂ ਲੋਕਤੰਤਰ ਦੀ ਦੁਹਾਈ ਅਤੇ ਢੰਡੋਰਾ ਤਾਂ ਵੱਡੇ ਪੱਧਰ ’ਤੇ ਪਿੱਟਦੀਆਂ ਹਨ, ਪ੍ਰੰਤੂ ਇਨ੍ਹਾਂ ਵਿੱਚੋਂ ਜ਼ਿਆਦਾਤਰ ਰਾਜਨੀਤਕ ਦਲ ਲੋਕਤੰਤਰ ਦੀਆਂ ਪਵਿੱਤਰ ਰਹੁ ਰੀਤਾਂ ਅਤੇ ਪਰੰਪਰਾਵਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਤੋਂ ਸਿਰਫ ਆਨਾਕਾਨੀ ਹੀ ਨਹੀਂ ਕਰਦੇ, ਸਗੋਂ ਸ਼ਰੇਆਮ ਅਣਗੌਲਿਆ ਕਰ ਰਹੇ ਹਨ। ਜੇਕਰ ਇਨ੍ਹਾਂ ਸਭਨਾਂ ਦੇ ਜਥੇਬੰਦਕ ਢਾਂਚੇ ਦੀ ਚੋਣ ’ਤੇ ਪੰਛੀ ਝਾਤ ਮਾਰ ਲਈ ਜਾਵੇ ਤਾਂ ਸਥਿਤੀ ਚਿੱਟੇ ਦਿਨ ਵਾਂਗ ਸਾਫ ਹੋ ਜਾਵੇਗੀ। ਜੇਕਰ ਇਨ੍ਹਾਂ ਨੂੰ ਲੋਕਤੰਤਰ ਪ੍ਰਣਾਲੀ ਦੀ ਜ਼ਰਾ ਮਾਸਾ ਵੀ ਕਦਰ, ਸਤਿਕਾਰ ਅਤੇ ਮੋਹ ਹੋਵੇ ਤਾਂ ਇਹ ਆਪਣੇ ਕੌਮੀ, ਸੂਬਾਈ, ਜ਼ਿਲ੍ਹਾ ਆਗੂਆਂ ਤੋਂ ਇਲਾਵਾ ਹੇਠਲੇ ਪੱਧਰ ਦੇ ਆਗੂਆਂ ਨੂੰ ਵੀ ਨਿਰਧਾਰਿਤ ਸਮੇਂ ਉਪਰੰਤ ਤਬਦੀਲ ਕਿਉਂ ਨਹੀਂ ਕਰਦੇ? ਸਾਲਾਂਬੱਧੀ ਇੱਕੋ ਪ੍ਰਧਾਨ, ਸਕੱਤਰ ਜਾਂ ਦੂਸਰੇ ਆਗੂਆਂ ਦਾ ਅਹੁਦਿਆਂ ’ਤੇ ਬਣੇ ਰਹਿਣਾ ਕਿੱਥੋਂ ਦਾ ਲੋਕਤੰਤਰ ਹੈ? ਹਰ ਪਾਰਟੀ ਵਿੱਚ ਨਿਰਧਾਰਿਤ ਸਮੇਂ ਉਪਰੰਤ ਬਾਕਾਇਦਾ ਰੂਪ ਵਿੱਚ ਚੋਣ ਹੋਣ ਦੀ ਬਜਾਏ ਹਾਈ ਕਮਾਂਡ ਵੱਲੋਂ ਉੱਪਰਲੇ ਪੱਧਰ ’ਤੇ ਆਪ ਹੀ ਨਿਯੁਕਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਜ਼ਮੀਨੀ ਪੱਧਰ ਦੇ ਆਗੂਆਂ ਅਤੇ ਵਰਕਰਾਂ ਦੀ ਸਹਿਮਤੀ ਤੋਂ ਬਗੈਂਰ ਹੀ ਪੈਰਾਸ਼ੂਟ ਰਾਹੀਂ ਆਗੂਆਂ ਨੂੰ ਉਤਾਰ ਕੇ ਇੱਕ ਤਰ੍ਹਾਂ ਨਾਲ ਉਨ੍ਹਾਂ ’ਤੇ ਥੋਪ ਦਿੱਤਾ ਜਾਂਦਾ ਹੈ; ਜਿਸ ਕਾਰਨ ਦੂਸਰੀ ਕਤਾਰ ਦੇ ਆਗੂਆਂ ਅਤੇ ਕਾਡਰ ਦਾ ਨਿਰਾਸਤਾ ਦੇ ਆਲਮ ਵਿੱਚ ਚਲੇ ਜਾਣਾ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਮੰਨਿਆ ਜਾ ਸਕਦਾ। ਥੋਪੇ ਗਏ ਆਗੂ ਦੀ ਅਗਵਾਈ ਉਹ ਭਲੇ ਹੀ ਕਬੂਲਦੇ ਹੋਣ ਪ੍ਰੰਤੂ ਅਜਿਹਾ ਧੁਰ ਅੰਦਰੋਂ ਅਤੇ ਮਾਨਸਿਕ ਤੌਰ ’ਤੇ ਵੀ ਹੁੰਦਾ ਹੋਵੇ, ਕਿਵੇਂ ਵੀ ਸੰਭਵ ਨਹੀਂ। ਇੱਕ ਸਮਾਂ ਸੀ ਜਦੋਂ ਪਾਰਟੀ ਦੀ ਮੈਂਬਰਸ਼ਿੱਪ ਘਰ ਘਰ ਜਾ ਕੇ ਕੀਤੀ ਜਾਂਦੀ ਸੀ ਅਤੇ ਬਾਕਾਇਦਾ ਰੂਪ ਵਿੱਚ ਮੈਂਬਰ ਬਣਨ ਵਾਲਿਆਂ ਨੂੰ ਪਾਰਟੀ ਦੀਆਂ ਨੀਤੀਆਂ, ਅਤੇ ਪ੍ਰੋਗਰਾਮਾਂ ਬਾਰੇ ਵਿਸਥਾਰਿਤ ਜਾਣਕਾਰੀ ਵੀ ਦਿੱਤੀ ਜਾਂਦੀ ਸੀ। ਇਹੀ ਕਾਰਨ ਸੀ ਕਿ ਵਰਕਰ ਮਾਨਸਿਕ ਤੌਰ ’ਤੇ ਆਪਣੇ ਸੰਗਠਨ ਨਾਲ ਜੁੜ ਕੇ ਸੰਤੁਸ਼ਟੀ ਨਾਲ ਕੰਮ ਵੀ ਕਰਦੇ ਸਨ ਅਤੇ ਪਾਰਟੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਨੂੰ ਖੁਸ਼ੀ ਖੁਸ਼ੀ ਨੇਪਰੇ ਵੀ ਚਾੜ੍ਹਦੇ ਸਨ। ਪਿਛਲੇ ਕੁਝ ਸਮੇਂ ਤੋਂ ਮਿਸ ਕਾਲ ਕਰਕੇ ਮੈਂਬਰਸ਼ਿੱਪ ਕਰਨ ਦੀ ਜੋ ਨਵੀਂ ਰੀਤ ਈਜਾਦ ਕੀਤੀ ਗਈ ਹੈ ਕੀ ਉਸ ਨੂੰ ਪਾਰਟੀ ਲਈ ਪ੍ਰਸੰਗਿਕ ਮੰਨਿਆ ਜਾ ਸਕਦਾ ਹੈ।? ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਆਨ ਲਾਈਨ ਬਣੇ ਮੈਂਬਰ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਮੰਨਣਯੋਗ ਹੋ ਸਕਦੀ ਹੈ? ਤਾਂ ਉੱਤਰ ਨਾਂਹ ਵਿੱਚ ਹੀ ਹੋਵੇਗਾ। ਇਹੀ ਕਾਰਨ ਹੈ ਕਿ ਹੇਠਲੇ ਪੱਧਰ ਦੇ ਆਗੂਆਂ ਅਤੇ ਮੈਂਬਰਾਂ ਦੀ ਵੱਡੀ ਗਿਣਤੀ ਭਾਵੇਂ ਉਹ ਕਿਸੇ ਵੀ ਦਲ ਨਾਲ ਸਬੰਧਤ ਹੋਣ ਸਿਰਫ ਨਾਅਰੇਬਾਜ਼ੀ ਅਤੇ ਇਕੱਠਾਂ ਦੀ ਗਿਣਤੀ ਵਧਾਉਣ ਤਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਇਉਂ ਲਗਦਾ ਹੈ ਕਿ ਜਿਵੇਂ ਉਹ ਆਪਣੀ ਪਾਰਟੀ ਦੀ ਸਮਝ ਅਤੇ ਨੀਤੀਆਂ ਤੋਂ ਬਿਲਕੁਲ ਕੋਰੇ ਹੀ ਕੋਰੇ ਹੋਣ।

ਇਸ ਤੋਂ ਇਲਾਵਾ ਦੂਸਰੀਆਂ ਪਾਰਟੀਆਂ ਛੱਡ ਕੇ ਆਏ ਆਗੂਆਂ ਨੂੰ ਜਦੋਂ ਕਿਸੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਹੀ ਵੱਡੇ ਅਹੁਦਿਆਂ ਤੋਂ ਇਲਾਵਾ ਟਿਕਟਾਂ ਤਕ ਨਾਲ ਵੀ ਨਿਵਾਜ਼ ਦਿੱਤਾ ਜਾਂਦਾ ਹੈ ਤਾਂ,ਉਹ ਪਾਰਟੀ ਵਰਕਰ, ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਖੂਨ ਪਸੀਨੇ ਨਾਲ ਸਿੰਜਿਆ ਹੁੰਦਾ ਹੈ, ਉਨ੍ਹਾਂ ਦੀ ਮਾਨਸਿਕ ਦਿਸ਼ਾ ਅਤੇ ਦਸ਼ਾ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਔਖਾ ਹੈ। ਪ੍ਰੰਤੂ ਹੈਰਾਨੀ ਅਤੇ ਅਫਸੋਸ ਵਾਲੀ ਗੱਲ ਹੈ ਕਿ ਅਜਿਹੀ ਸਥਿਤੀ ਵਿੱਚ ਵੀ ਵੱਡੇ ਆਗੂ ਮੰਚਾਂ ਤੋਂ ਲੋਕਤੰਤਰ ਦੀਆਂ ਡੀਂਗਾਂ ਮਾਰਨ ਸਮੇਂ ਨਾ ਤਾਂ ਕੋਈ ਨਮੋਸ਼ੀ ਅਤੇ ਨਾ ਹੀ ਨੈਤਿਕਤਾ ਦਾ ਖਿਆਲ ਰੱਖਣ ਦੀ ਕੋਈ ਜ਼ਰੂਰਤ ਸਮਝਦੇ ਹਨ। ਇਸ ਤੋਂ ਇਲਾਵਾ ਅਜਿਹੇ ਮੌਕੇ ਪੰਡਾਲ ਵਿੱਚੋਂ ਵੀ ਆਗੂਆਂ ਅਤੇ ਵਰਕਰਾਂ ਦੇ ਹਾਸਿਆਂ ਦਾ ਠਹਾਕਾ, ਤਾੜੀਆਂ ਦੀ ਗੂੰਜ ਅਤੇ ਪਹਿਰਾ ਦਿਆਂਗੇ ਠੋਕ ਕੇ, ਆਦਿ ਦੇ ਨਾਅਰਿਆਂ ਦੀਆਂ ਉੱਚੀਆਂ ਉੱਚੀਆਂ ਅਵਾਜ਼ਾਂ ਦਾ ਆਉਣਾ ਵੀ ਸਮਝੋਂ ਬਾਹਰੀ ਗੱਲ ਹੈ। ਕੀ ਭਾਰਤੀ ਸੰਵਿਧਾਨ ਖਰੜਾ ਕਮੇਟੀ ਦੇ ਮਾਨਯੋਗ ਮੈਂਬਰਾਂ ਅਤੇ ਇਸਦੇ ਚੇਅਰਮੈਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਅਜਿਹੀ ਲੋਕਤੰਤਰ ਪ੍ਰਣਾਲੀ ਦੀ ਕਲਪਨਾ ਕੀਤੀ ਸੀ? ਕੀ ਅਜਿਹੇ ਵਰਤਾਰਿਆਂ ਨੂੰ ਦੇਖਦਿਆਂ ਉਨ੍ਹਾਂ ਸਭਨਾਂ ਦੀਆਂ ਰੂਹਾਂ ਜਿੱਥੇ ਕਿਤੇ ਵੀ ਹੋਣਗੀਆਂ, ਆਪਣੇ ਅਨੁਯਾਈਆਂ ਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਦੇਖਦਿਆਂ ਕੁਰਲਾਉਂਦੀਆਂ ਨਹੀਂ ਹੋਣਗੀਆਂ?

ਉਕਤ ਚਰਚਾ ਤੋਂ ਤਾਂ ਇਹੀ ਜਾਪਦਾ ਹੈ ਕਿ ਡੈਮੋਕਰੇਸੀ ਸਿਰਫ ਦਿਖਾਵਾ ਮਾਤਰ ਹੋਣ ਤੋਂ ਬਿਨਾਂ ਕੁਝ ਵੀ ਨਹੀਂ। ਰਾਜਨੀਤੀ, ਜੋ ਕਦੇ ਲੋਕਾਂ ਦੇ ਦੁੱਖਾਂ ਦਰਦਾਂ, ਸਮਾਜਿਕ ਸਰੋਕਾਰਾਂ, ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਜਨਤਕ ਹਿਤ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਵਿਕਾਸ ਵਜੋਂ ਜਾਣੀ ਜਾਂਦੀ ਸੀ, ਜਾਪਦਾ ਹੈ ਅਜੋਕੇ ਦੌਰ ਵਿੱਚ ਇੱਕ ਪੇਸ਼ੇ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜਨਤਕ ਹਿਤਾਂ ਨੂੰ ਅਣਗੌਲਿਆਂ ਕਰਕੇ ਵੱਡੇ ਸੰਵਿਧਾਨਕ ਅਹੁਦਿਆਂ, ਪਰਿਵਾਰਵਾਦ ਅਤੇ ਨਿੱਜ ਤਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਇਸ ਸਭ ਕੁਝ ਦੇ ਬਾਵਜੂਦ ਵੀ ਇੱਥੋਂ ਦੇ ਨਾਗਰਿਕਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਨਿਰਾਸ ਨਾ ਹੋਣ ਕਿਉਂਕਿ ਕੁਦਰਤ ਦਾ ਇੱਕ ਸਰਵ ਵਿਆਪੀ ਸਿਧਾਂਤ ਹੈ ਕਿ ਇਸ ਧਰਤੀ ਤੋਂ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਅੱਜ ਵੀ ਇਸ ਖੇਤਰ ਵਿੱਚ ਸੁਧਾਰ ਕਰਨ ਲਈ ਬਹੁਤ ਸਾਰੇ ਸੁਹਿਰਦ ਲੋਕ ਜੱਦੋਜਹਿਦ ਕਰ ਰਹੇ ਹਨ। ਇਹ ਵੀ ਸੱਚ ਹੈ ਕਿ ਅੰਧੇਰੀ ਰਾਤ ਉਪਰੰਤ ਸੂਰਜ ਦੀ ਲਾਲੀ ਦਾ ਉਭਾਰ ਵੀ ਨਿਸ਼ਚਿਤ ਹੀ ਹੁੰਦਾ ਹੈ। ਉਮੀਦ ਅਤੇ ਯਤਨ ਮੰਜ਼ਿਲ ਪ੍ਰਾਪਤੀ ਲਈ ਹਮੇਸ਼ਾ ਉਤਸ਼ਾਹੀ ਊਰਜਾ ਦੇ ਸ੍ਰੋਤ ਬਣ ਕੇ ਪਾਂਧੀਆਂ ਨੂੰ ਅਗਾਂਹ ਤੋਰਨ ਲਈ ਰਾਹ ਦਸੇਰਾ ਬਣਦੇ ਆਏ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਵਰਤਾਰਾ ਬਾਦਸਤੂਰ ਜਾਰੀ ਰਹੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਆਤਮਾ ਸਿੰਘ ਪਮਾਰ

ਆਤਮਾ ਸਿੰਘ ਪਮਾਰ

Nehru Memorial Government College, Mansa.
WhatsApp: (91- 89680 - 56200)
(atmapamarbsp@gmail.com)

More articles from this author