“ਕਾਇਦੇ ਕਾਨੂੰਨ, ਲੋਕ ਰਾਏ, ਸਮਾਜਿਕ ਰੀਤੀ-ਰਿਵਾਜ਼ ਅਤੇ ਲੋਕਾਈ ਨੂੰ ਵੀ ਕਦੇ ਨਜ਼ਰ-ਅੰਦਾਜ਼ ...”
(2 ਨਵੰਬਰ 2024)
ਵਕਤ ਇੱਕ ਅਜਿਹੀ ਜ਼ੰਜ਼ੀਰ ਹੈ ਜਿਸ ਨੇ ਸਿਰਫ਼ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਸਮੁੱਚੀ ਲੋਕਾਈ ਨੂੰ ਹੀ ਆਪਣੀ ਮਜ਼ਬੂਤ ਜਕੜ ਵਿੱਚ ਬੰਨ੍ਹਿਆ ਹੋਇਆ ਹੈ। ਜਿਸ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੇ ਵਕਤ ਦੀ ਇਸ ਜ਼ੰਜੀਰ ਨੂੰ ਜਬਰੀ ਤੋੜਨ ਦਾ ਯਤਨ ਕੀਤਾ ਹੈ, ਵਕਤ ਨੇ ਵੀ ਆਪਣੇ ਜਾਬਰ ਪੰਜਿਆਂ ਦੀ ਧਾਕ ਦਿਖਾਉਂਦਿਆਂ ਦਰਸਾ ਦਿੱਤਾ ਕਿ ਵਕਤ ਅਸਲ ਵਿੱਚ ਕਿਸ ਬਲਾ ਦਾ ਨਾਂਅ ਹੈ।
ਵਕਤ ਦੀ ਇੱਕ ਵਿਸ਼ੇਸ਼ਤਾ ਹੈ ਕਿ ਇਹ ਕਦੇ ਵੀ ਇੱਕ ਸਾਰ ਨਹੀਂ ਚਲਦਾ ਸਗੋਂ ਇਸ ਨੂੰ ਵਿੰਗ ਵਲ਼ ਪਾ ਕੇ ਤੁਰਨ ਦੀ ਖੋਟੀ ਆਦਤ ਹੈ। ਭਾਵ ਜੇਕਰ ਸਮਾਂ ਅਤੇ ਹਾਲਾਤ ਅੱਜ ਕਿਸੇ ਵਿਅਕਤੀ ਲਈ ਅਨੁਕੂਲ ਹਨ ਤਾਂ ਕੱਲ੍ਹ ਨੂੰ ਪ੍ਰਤੀਕੂਲ ਵੀ ਹੋ ਸਕਦੇ ਹਨ। ਮਨੁੱਖੀ ਮਾਨਸਿਕਤਾ ਦਾ ਵੱਡਾ ਦੁਖਾਂਤ ਹੀ ਇਹ ਹੈ ਕਿ ਉਹ ਵਕਤ ਨੂੰ ਗੈਰ ਕੁਦਰਤੀ ਢੰਗ ਤਰੀਕੇ ਆਪਣਾ ਕੇ ਆਪਣੇ ਅਨੁਸਾਰ ਤੋਰਨ ਦੀ ਨਾਕਾਮ ਕੋਸ਼ਿਸ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ। ਇਹੀ ਕਾਰਨ ਹੈ ਕਿ ਸਮਾਜ ਵਿੱਚ ਹਰ ਸਮੇਂ ਭੱਜ-ਦੌੜ, ਅਫਰਾ ਤਫਰੀ, ਗੈਰਕਾਨੂੰਨੀ, ਅਨੈਤਿਕਤਾ ਤੇ ਛਲ-ਕਪਟ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਜਿਹਨਾਂ ਲੋਕਾਂ ਨੇ ਸਮੇਂ ਦੇ ਸੱਚ ਨੂੰ ਪਛਾਣ ਕੇ ਇਸਦੇ ਨਾਲ ਨਾਲ ਕਦਮ ਮਿਲਾ ਕੇ ਤੁਰਨ ਦਾ ਵੱਲ ਸਿੱਖ ਲਿਆ, ਉਹਨਾਂ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਦੁਨਿਆਵੀ ਮੰਚ ’ਤੇ ਸਨਮਾਨ ਯੋਗ ਰੁਤਬੇ ਹਾਸਲ ਕੀਤੇ ਹਨ। ਇਸਦੇ ਐਨ ਉਲਟ ਜਿਹਨਾਂ ਨੇ ਸਮੇਂ ਦੀ ਨਬਜ਼ ਅਤੇ ਨਜ਼ਾਕਤ ਨੂੰ ਅਣਗੌਲਿਆਂ ਕੀਤਾ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਦੁੱਖ ਅਤੇ ਸੁਖ ਜੀਵਨ ਦੇ ਦੋ ਅਹਿਮ ਪਹਿਲੂ ਹਨ ਅਤੇ ਵਿਰੋਧਾਰਥਕ ਵੀ ਹਨ। ਜੀਵਨ ਵਿੱਚ ਇਹਨਾਂ ਦਾ ਪ੍ਰਵੇਸ਼ ਨਾ ਟਾਲ਼ਿਆ ਜਾਣ ਵਾਲਾ ਵਰਤਾਰਾ ਹੈ। ਜਿਸ ਤਰ੍ਹਾਂ ਹਨੇਰੇ ਤੋਂ ਬਿਨਾਂ ਚਾਨਣ ਦਾ ਕੋਈ ਮਹੱਤਵ ਨਹੀਂ ਹੁੰਦਾ, ਠੀਕ ਉਸੇ ਤਰ੍ਹਾਂ ਹੀ ਦੁੱਖਾਂ ਤੋਂ ਬਿਨਾਂ ਸੁਖਾਂ ਦੀ ਅਹਿਮੀਅਤ ਦਾ ਵੀ ਕੋਈ ਅਹਿਸਾਸ ਨਹੀਂ ਹੁੰਦਾ। ਜਿਸ ਮਨੁੱਖ ਦਾ ਜੀਵਨ ਸਿਰਫ ਸੁਖਦ ਹਾਲਤਾਂ ਵਿੱਚ ਹੀ ਗੁਜਰਿਆ ਹੋਵੇ, ਉਸ ਦਾ ਸੁਭਾਅ ਰਾਖਸ਼ਾਂ ਵਾਲੀ ਹੋ ਨਿੱਬੜਦਾ ਹੈ। ਇਸਦੇ ਉਲਟ ਜਿਸ ਮਨੁੱਖ ਨੇ ਜੀਵਨ ਵਿੱਚ ਉਤਰਾਅ ਚੜ੍ਹਾ, ਦੁੱਖ ਤਕਲੀਫਾਂ ਅਤੇ ਦਿੱਕਤਾਂ ਦਾ ਸਾਹਮਣਾ ਕੀਤਾ ਹੋਵੇ, ਉਸ ਦੀ ਪ੍ਰਵਿਰਤੀ ਆਮ ਤੌਰ ’ਤੇ ਮਾਨਵੀ ਸਰੋਕਾਰਾਂ ਵਾਲੀ ਹੋ ਨਿੱਬੜਦੀ ਹੈ। ਇਤਿਹਾਸ ਅਜਿਹੀਆਂ ਅਣਗਣਿਤ ਘਟਨਾਵਾਂ ਨਾਲ ਮਾਲਾਮਾਲ ਹੈ, ਜਦੋਂ ਵਖ਼ਤ ਪਏ ਤੋਂ ਨੇੜਲੇ ਰਿਸ਼ਤੇਦਾਰ, ਮਿੱਤਰ ਦੋਸਤ ਅਤੇ ਸੰਗੀ ਸਾਥੀ ਵੀ ਸਾਥ ਦੇਣ ਤੋਂ ਟਾਲ਼ਾ ਵੱਟਦੇ ਦੇਖੇ ਗਏ। ਪ੍ਰੰਤੂ ਜਿਹੜੇ ਵਕਤ ਦੇ ਪਹੀਏ ਦੀ ਚਾਲ ਤੋਂ ਜਾਣੂ ਸਨ, ਉਹਨਾਂ ਨੇ ਆਪਣੇ ਸਿਧਾਂਤਾਂ ਨੂੰ ਮੁਸ਼ਕਿਲ ਹਾਲਤਾਂ ਵਿੱਚ ਵੀ ਤਿਲਾਂਜਲੀ ਨਹੀਂ ਦਿੱਤੀ।
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਸਮੇਂ ਮਨੁੱਖਤਾ ਨੂੰ ਜੀਵਨ ਜਾਚ, ਰੂੜ੍ਹੀਵਾਦੀ ਵਿਚਾਰਾਂ ਅਤੇ ਸਮਾਜ, ਵਿੱਚ ਪ੍ਰਚੱਲਤ ਗੈਰ ਸਮਾਜਿਕ ਅਲਾਮਤਾਂ ਅਤੇ ਗੈਰਇਖਲਾਕੀ ਵਰਤਾਰਿਆਂ ਖਿਲਾਫ ਸਹੀ ਮਾਰਗ ਦਰਸਾਉਣ ਦਾ ਮਹੱਤਵਪੂਰਨ ਕਾਰਜ ਸ਼ੁਰੂ ਕੀਤਾ ਤਾਂ ਲੋਕਾਈ ਨੇ ਉਹਨਾਂ ਨੂੰ ਸਿਰਫਿਰਿਆ ਤੇ ਕੁਰਾਹੀਆ ਆਦਿ ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜਣ ਤੋਂ ਵੀ ਗਰੇਜ ਨਹੀਂ ਕੀਤਾ। ਸੱਚ ਪ੍ਰਚਾਰਨ ਦੇ ਇਵਜ਼ ਵਜੋਂ ਉਹਨਾਂ ਨੂੰ ਮੁਗਲ ਬਾਦਸ਼ਾਹ ਬਾਬਰ ਦੀਆਂ ਚੱਕੀਆਂ ਪੀਹਣ ਅਤੇ ਜੇਲ੍ਹ ਦੀਆਂ ਸਖਤੀਆਂ ਤਕ ਵੀ ਆਪਣੇ ਦਿਲ ਦਿਮਾਗ ਅਤੇ ਪਿੰਡੇ ’ਤੇ ਹੰਢਾਉਣੀਆਂ ਪਈਆਂ। ਸਮੇਂ ਦੀ ਤਬਦੀਲੀ ਨੇ ਸਾਬਤ ਕਰ ਦਿੱਤਾ ਕਿ ਗੁਰੂ ਜੀ ਦਾ ਫਲਸਫਾ ਅਤੇ ਵਿਚਾਰਧਾਰਾ ਤਰਕਪੂਰਨ ਅਤੇ ਸਹੀ ਸੀ, ਪ੍ਰੰਤੂ ਸਮੇਂ ਦੇ ਹਾਕਮਾਂ ਦੇ ਇਹ ਕਿਵੇਂ ਵੀ ਹਿਤ ਵਿੱਚ ਨਹੀਂ ਸੀ। ਇਹੀ ਕਾਰਨ ਹੈ ਕਿ ਅੱਜ ਸਮੁੱਚਾ ਸੰਸਾਰ ਗੁਰੂ ਜੀ ਨੂੰ ਸਤਿਕਾਰ ਵਜੋਂ ਸਿਰਫ ਯਾਦ ਹੀ ਨਹੀਂ ਕਰਦਾ ਸਗੋਂ ਉਹਨਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਹਰ ਸੰਭਵ ਕੋਸ਼ਿਸ਼ ਵੀ ਕਰਦਾ ਹੈ। ਜੇਕਰ ਵਕਤ ਦੇ ਝਟਕੇ ਤੋਂ ਨਿਰਾਸ਼ ਹੋ ਕੇ ਗੁਰੂ ਜੀ ਘਰ ਬੈਠ ਜਾਂਦੇ ਤਾਂ ਕੀ ਉਹਨਾਂ ਨੂੰ ਇਸ ਮੁਕਾਮ ਦੀ ਪ੍ਰਾਪਤੀ ਹੋ ਸਕਦੀ ਸੀ? ਇਸੇ ਤਰ੍ਹਾਂ ਹੀ ਸਿੱਖਾਂ ਦੇ ਮਹਾਨ ਗੁਰੂ, ਉੱਚਕੋਟੀ ਦੇ ਲਿਖਾਰੀ, ਮਹਾਨ ਯੋਧੇ ਅਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਸਮੁੱਚੇ ਜੀਵਨ ਵਿੱਚ ਸਮੇਂ ਦੇ ਹਾਕਮਾਂ ਵੱਲੋਂ ਭੋਲੀ ਭਾਲੀ ਜਨਤਾ ’ਤੇ ਕੀਤੇ ਜਾਂਦੇ ਅੱਤਿਆਚਾਰਾਂ, ਜ਼ੁਲਮਾਂ, ਧਰਮ ਵਿਰੋਧੀ ਅਤੇ ਅਨੈਤਿਕ ਵਰਤਾਰਿਆਂ ਖਿਲਾਫ ਜੋ ਲਹੂ ਡੋਲ੍ਹਵਾਂ ਸੰਘਰਸ਼ ਅਤੇ ਲੜਾਈਆਂ ਲੜਦਿਆਂ ਜਿਨ੍ਹਾਂ ਅਸਹਿ ਅਤੇ ਅਕਹਿ ਕਠਨਾਈਆਂ ਦਾ ਸਾਹਮਣਾ ਕੀਤਾ, ਉਹਨਾਂ ਦਾ ਬਿਆਨ ਕਰਦਿਆਂ ਇਉਂ ਜਾਪਦਾ ਹੈ ਜਿਵੇਂ ਸ਼ਬਦ ਵੀ ਬੇਦਾਵਾ ਦੇ ਰਹੇ ਹੋਣ। ਉਹਨਾਂ ਦਾ ਸਮੁੱਚਾ ਜੀਵਨ ਦੁੱਖਾਂ-ਦਰਦਾਂ ਦੀ ਇੱਕ ਲੰਬੀ ਦਾਸਤਾਂ ਹੈ। ਉਨ੍ਹਾਂ ਦੇ ਜੀਵਨ ਵਿੱਚ ਇੱਕ ਅਜਿਹਾ ਦੁਖਦਾਈ ਸਮਾਂ ਵੀ ਆਇਆ ਜਦੋਂ ਉਨ੍ਹਾਂ ਦੀ ਫੌਜ ਵਿੱਚੋਂ ਚਾਲੀ ਸਿੰਘ ਦੁੱਖ ਤਕਲੀਫਾਂ ਅਤੇ ਭੁੱਖ ਦੇ ਸਤਾਏ ਹੋਏ ਗੁਰੂ ਜੀ ਨੂੰ ਆਪਣਾ ਬੇਦਾਬਾ ਲਿਖ ਕੇ ਇਹ ਕਹਿੰਦਿਆਂ ਆਪੋ ਆਪਣੇ ਘਰੀਂ ਚਲੇ ਗਏ ਕਿ ਤੂੰ ਸਾਡਾ ਗੁਰੂ ਨਹੀਂ ਅਤੇ ਅਸੀਂ ਤੇਰੇ ਸਿੱਖ ਨਹੀਂ। ਉਸ ਸਮੇਂ ਦੇ ਦ੍ਰਿਸ਼ ਦੀ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਹੈ ਕਿ ਅਜਿਹੀਆਂ ਸਥਿਤੀਆਂ ਵਿੱਚ ਗੁਰੂ ਜੀ ਦੇ ਦਿਲ ਦਿਮਾਗ ’ਤੇ ਕੀ ਬੀਤੀ ਹੋਵੇਗੀ। ਪ੍ਰੰਤੂ ਇਤਿਹਾਸਕਾਰਾਂ ਅਨੁਸਾਰ ਸਿਧਾਂਤਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਵਾਲੀ ਉਸ ਮਹਾਨ ਸ਼ਖਸੀਅਤ ਦੇ ਚਿਹਰੇ ’ਤੇ ਕਿਸੇ ਕਿਸਮ ਦੀ ਘਬਰਾਹਟ, ਤਲਖੀ ਅਤੇ ਮਲਾਲ ਕਿਧਰੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਸੀ। ਵਕਤ ਨੇ ਆਪਣਾ ਪਹੀਆ ਘੁਮਾਇਆ, ਉਹੀ ਸਾਰੇ ਦੇ ਸਾਰੇ ਸਿੰਘ ਸਤਿਕਾਰਿਤ ਮਾਤਾ ਭਾਗ ਕੌਰ ਜੀ ਵੱਲੋਂ ਲਲਕਾਰਨ ’ਤੇ ਪ੍ਰੇਰਿਤ ਹੋ ਕੇ ਵਾਪਸ ਗੁਰੂ ਜੀ ਦੇ ਚਰਨੀ ਆ ਲੱਗੇ ਅਤੇ ਆਪਣੀ ਭੁੱਲ ਬਖਸ਼ਾ ਕੇ ਜੰਗ-ਏ-ਮੈਦਾਨ ਵਿੱਚ ਬਹਾਦਰੀ ਦੇ ਜੌਹਰ ਦਿਖਾਉਂਦੇ ਹੋਏ ਆਪਣੇ ਦੇਸ਼, ਕੌਮ ਅਤੇ ਧਰਮ ਦੀ ਰਾਖੀ ਲਈ ਕੁਰਬਾਨ ਹੋ ਗਏ। ਇਤਿਹਾਸ ਦੇ ਪੰਨਿਆਂ ’ਤੇ ਅੱਜ ਵੀ ਉਹਨਾਂ ਦਾ ਨਾਮ ਚਾਲੀ ਮੁਕਤਿਆਂ ਵਜੋਂ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੈ। ਸਮੁੱਚਾ ਸੰਸਾਰ ਮਹਾਨ ਗੁਰੂ ਜੀ ਨੂੰ ਸਰਬੰਸ ਦਾਨੀ ਅਤੇ ਉਹਨਾਂ ਨੂੰ ਚਾਲੀ ਮੁਕਤਿਆਂ ਵਜੋਂ ਧੁਰ ਅੰਦਰੋਂ ਨਤ ਮਸਤਕ ਹੁੰਦਾ ਹੋਇਆ ਉਨ੍ਹਾਂ ਦੇ ਮਹਾਨ ਕਾਰਜਾਂ ਅਤੇ ਕੁਰਬਾਨੀ ਨੂੰ ਸਿਜਦਾ ਕਰਦਾ ਹੈ।
ਭਾਰਤੀ ਆਜ਼ਾਦੀ ਦੇ ਘੁਲਾਟੀਆਂ ਨੇ ਜਿਸ ਤਰ੍ਹਾਂ ਆਪਣੇ ਦੇਸ਼, ਕੌਮ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਤਰ੍ਹਾਂ ਤਰ੍ਹਾਂ ਦੇ ਕਸ਼ਟ, ਤਸੀਹੇ ਸਹਿਣ ਕੀਤੇ, ਜੇਲ੍ਹੀਂ ਡੱਕੇ ਗਏ ਅਤੇ ਇੱਥੋਂ ਤਕ ਕਿ ਕੁਰਬਾਨੀਆਂ ਤਕ ਵੀ ਦਿੱਤੀਆਂ, ਉਹਨਾਂ ਦਾ ਵੀ ਇਤਿਹਾਸ ਵਿੱਚ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਵਕਤ ਨੇ ਉਹਨਾਂ ਨੂੰ ਵੀ ਆਪਣਾ ਰੰਗ ਵਿਖਾਇਆ। ਇੱਕ ਸਮਾਂ ਉਹ ਵੀ ਸੀ ਜਦੋਂ ਰੂਪੋਸ਼ ਜ਼ਿੰਦਗੀ ਬਸਰ ਕਰਦਿਆਂ ਕੋਈ ਨੇੜਲਾ ਵੀ ਉਹਨਾਂ ਨੂੰ ਪਨਾਹ ਦੇਣ ਲਈ ਤਿਆਰ ਨਹੀਂ ਸੀ। ਪ੍ਰੰਤੂ ਸਮੇਂ ਦੇ ਬਦਲਦੇ ਅੰਦਾਜ਼ ਨੇ ਅੱਜ ਉਹਨਾਂ ਲੋਕਾਂ ਨੂੰ ਆਜ਼ਾਦੀ ਦੇ ਮਹਾਨ ਨਾਇਕਾਂ ਅਤੇ ਪ੍ਰਵਾਨਿਆਂ ਵਜੋਂ ਸਤਿਕਾਰ ਸਹਿਤ ਜਨਤਕ ਮੰਚ ’ਤੇ ਲਿਆ ਖੜ੍ਹਾ ਕੀਤਾ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਸਮਾਂ ਅਤੇ ਹਾਲਾਤ ਅੱਖ ਝਪਕਿਆਂ ਹੀ ਕਦੋਂ ਅਤੇ ਕਿਵੇਂ ਬਦਲ ਜਾਣ, ਕੋਈ ਪਤਾ ਨਹੀਂ ਚਲਦਾ। ਜਦੋਂ ਕਿਸੇ ਮਨੁੱਖ ਕੋਲ ਕੋਈ ਸ਼ਕਤੀ ਹੁੰਦੀ ਹੈ ਤਾਂ ਉਸ ਦਾ ਵਰਤਾਓ ਸਧਾਰਨ ਪ੍ਰਥਿਤੀਆਂ ਤੋਂ ਕੁਝ ਹਟਵਾਂ ਹੁੰਦਾ ਹੈ, ਪ੍ਰੰਤੂ ਸ਼ਕਤੀਹੀਣਤਾ ਦੀ ਸਥਿਤੀ ਵਿੱਚ ਉਸ ਦੇ ਵਰਤਾਉ ਵਿੱਚ ਤਬਦੀਲੀ ਆਉਣੀ ਸੁਭਾਵਿਕ ਹੀ ਹੁੰਦੀ ਹੈ।
ਜਦੋਂ ਵੀ ਕੋਈ ਰਾਜਨੀਤਿਕ ਦਲ ਸੱਤਾ ਵਿੱਚ ਹੁੰਦਾ ਹੈ ਤਾਂ ਸਾਰੇ ਜਨਤਕ ਹਿਤ ਦੇ ਮਸਲੇ ਠੰਢੇ ਬਸਤੇ ਵਿੱਚ ਪਾ ਦਿੱਤੇ ਜਾਂਦੇ ਹਨ। ਪ੍ਰੰਤੂ ਜਦੋਂ ਉਹੀ ਦਲ ਵਿਰੋਧੀ ਧਿਰ ਵਿੱਚ ਹੁੰਦਾ ਹੈ ਤਾਂ ਉਹਨਾਂ ਮਸਲਿਆਂ ਨੂੰ ਹੀ ਲੋਕ ਕਚਹਿਰੀ ਵਿੱਚ ਵਧਾ ਚੜ੍ਹਾ ਕੇ ਉਭਾਰਦਾ ਹੈ। ਉਕਤ ਵਿਚਾਰ ਚਰਚਾ ਤੋਂ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਸਮਾਂ ਬੜਾ ਬਲਵਾਨ ਹੈ। ਪਤਾ ਨਹੀਂ ਇਹ ਵਿਅਕਤੀ ਨੂੰ ਕਦੋਂ ਅਰਸ਼ ਤੋਂ ਫਰਸ਼ ’ਤੇ ਪਟਕਾ ਮਾਰੇ ਅਤੇ ਕਦੋਂ ਅਰਸ਼ਾਂ ਵਿੱਚ ਉਡਾਰੀਆਂ ਲਗਾਉਣ ਦੇ ਸਮਰੱਥ ਬਣਾ ਦੇਵੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਆਪਣੀ ਨਿਮਰਤਾ ਅਤੇ ਸੂਝ ਦੀ ਸੁਚੱਜੀ ਵਰਤੋਂ ਕਰਦਿਆਂ ਸਮੇਂ ਦੇ ਨਾਲ-ਨਾਲ ਚੱਲਣ ਦਾ ਯਤਨ ਕਰੀਏ। ਇਸ ਤੋਂ ਇਲਾਵਾ ਕਾਇਦੇ ਕਾਨੂੰਨ, ਲੋਕ ਰਾਏ, ਸਮਾਜਿਕ ਰੀਤੀ-ਰਿਵਾਜ਼ ਅਤੇ ਲੋਕਾਈ ਨੂੰ ਵੀ ਕਦੇ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ, ਸਗੋਂ ਸਮੇਂ ਦੇ ਸੱਚ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦਾ ਦਿਲ ਗੁਰਦਾ ਵੀ ਰੱਖਣਾ ਚਾਹੀਦਾ ਹੈ ਕਿਉਂਕਿ ਵਕਤ ਨਾ ਕਿਸੇ ਦਾ ਦੋਸਤ ਹੈ ਅਤੇ ਨਾ ਹੀ ਦੁਸ਼ਮਣ ਹੁੰਦਾ ਹੈ। ਇਸ ਨੇ ਆਪਣੀ ਤੋਰੇ ਤੁਰਦਾ ਰਹਿਣਾ ਹੁੰਦਾ ਹੈ। ਸਿਆਣਪ ਇਸੇ ਵਿੱਚ ਹੀ ਹੁੰਦੀ ਹੈ ਕਿ ਵਕਤ ਦੀ ਪੈੜ ਵਿੱਚ ਪੈੜ ਮਿਲਾ ਕੇ ਚੱਲਿਆ ਜਾਵੇ। ਇਸੇ ਵਿੱਚ ਹੀ ਖੁਦ ਅਤੇ ਸਮੁੱਚੇ ਸਮਾਜ ਦੀ ਭਲਾਈ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5412)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)