“ਧਰਮ ਤਬਦੀਲੀ ਆਮ ਹਾਲਤਾਂ ਵਿੱਚ ਹੋ ਹੀ ਨਹੀਂ ਸਕਦੀ, ਇਸ ਪਿੱਛੇ ਬਹੁਤ ਸਾਰੇ ਡੂੰਘੇ ਰਹੱਸ ...”
(15 ਦਸੰਬਰ 2024)
ਤਬਦੀਲੀ ਕੁਦਰਤ ਦਾ ਇੱਕ ਅਟਲ ਨਿਯਮ ਹੈ। ਇਹ ਵਰਤਾਰਾ ਪਸ਼ੂਆਂ, ਪੰਛੀਆਂ, ਮਨੁੱਖਾਂ ਅਤੇ ਇੱਥੋਂ ਤਕ ਕਿ ਬਨਸਪਤੀ ਵਿੱਚ ਵੀ ਬਾਦਸਤੂਰ ਜਾਰੀ ਹੈ। ਜਿਸ ਤਰ੍ਹਾਂ ਵਗਦੇ ਪਾਣੀ ਸਾਫ ਅਤੇ ਸਵੱਛ ਰਹਿੰਦੇ ਹਨ ਅਤੇ ਖੜੋਤੇ ਪਾਣੀਆਂ ਵਿੱਚੋਂ ਬਦਬੂ ਆਉਣ ਲਗਦੀ ਹੈ, ਠੀਕ ਉਸੇ ਤਰ੍ਹਾਂ ਹੀ ਕੁਝ ਕੁ ਅਹਿਲ ਵਿਅਕਤੀਆਂ ਨਾਲ ਵੀ ਵਾਪਰਦਾ ਹੈ। ਮਨੁੱਖ ਦਾ ਹਰਕਤ ਵਿੱਚ ਰਹਿਣਾ ਹੀ ਉਸ ਦੇ ਜਿਊਂਦੇ ਜਾਗਦੇ ਹੋਣ ਦਾ ਸਬੂਤ ਹੈ। ਜਿਨ੍ਹਾਂ ਲੋਕਾਂ ਨੇ ਜੀਵਨ ਵਿੱਚ ਸੰਘਰਸ਼ ਕੀਤੇ, ਉਨ੍ਹਾਂ ਨੇ ਹੀ ਆਪਣੀਆਂ ਤੈਅ ਸ਼ੁਦਾ ਮੰਜ਼ਲਾਂ ਸਰ ਕੀਤੀਆਂ ਅਤੇ ਕਰ ਰਹੇ ਹਨ। ਇਸਦੇ ਉਲਟ ਜਿਨ੍ਹਾਂ ਦੀ ਕੋਈ ਮੰਜ਼ਿਲ ਹੀ ਨਹੀਂ, ਉਹ ਜਾਣਗੇ ਵੀ ਕਿੱਥੇ? ਮਨੁੱਖੀ ਮਾਨਸਿਕਤਾ ਦੀ ਮਾਮੂਲੀ ਸਮਝ ਰੱਖਣ ਵਾਲਾ ਵਿਅਕਤੀ ਵੀ ਆਸਾਨੀ ਨਾਲ ਸਮਝ ਸਕਦਾ ਹੈ ਕਿ ਕਈ ਵਾਰ ਵਿਅਕਤੀ ਸਵੈ ਇੱਛਾ ਨਾਲ ਆਪਣੇ ਜੀਵਨ ਵਿੱਚ ਤਬਦੀਲੀ ਕਰਦਾ ਹੈ ਅਤੇ ਕਈ ਵਾਰ ਅਜਿਹਾ ਕੁਝ ਮਜਬੂਰੀ ਵੱਸ ਵੀ ਕਰਨਾ ਪੈਂਦਾ ਹੈ। ਇਤਿਹਾਸ ਦੇ ਪੰਨੇ ਸਾਖਸ਼ੀ ਹਨ ਕਿ ਸੰਸਾਰ ਵਿੱਚ ਬਹੁਤ ਸਾਰੇ ਦੇਸ਼ ਅਜਿਹੇ ਹਨ, ਜਿੱਥੋਂ ਦੀ ਜਨਤਾ ਨੇ ਉੱਥੋਂ ਦੇ ਹਾਕਮਾਂ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਉਨ੍ਹਾਂ ਵਿਰੁੱਧ ਜਨਤਕ ਸੰਘਰਸ਼ ਵਿੱਢੇ ਅਤੇ ਤਖਤਾ ਪਲਟ ਕੇ ਹੀ ਸਾਹ ਲਿਆ। ਭਾਰਤ ਦੀ ਅਜ਼ਾਦੀ ਲਈ ਵਿੱਢਿਆ ਸੰਘਰਸ਼ ਵੀ ਇਸਦੀ ਇੱਕ ਜਿਊਂਦੀ ਜਾਗਦੀ ਮਿਸਾਲ ਹੈ, ਜਿਸ ਕਾਰਨ ਇਹ ਵੱਡੀ ਤਬਦੀਲੀ ਹੋਂਦ ਵਿੱਚ ਆ ਸਕੀ।
ਅੱਜ ਦਾ ਮਸਲਾ ਹੈ ਧਰਮ ਤਬਦੀਲੀ। ਮੈਂ ਇੱਥੇ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕਿਸੇ ਵੀ ਧਰਮ ਪ੍ਰਤੀ ਕਿੰਤੂ ਪ੍ਰੰਤੂ ਕਰਨਾ ਮੇਰਾ ਹਰਗਿਜ਼ ਮੰਤਵ ਨਹੀਂ ਪ੍ਰੰਤੂ ਇੱਕ ਸਧਾਰਨ ਲੇਖਕ ਹੋਣ ਦੀ ਹੈਸੀਅਤ ਵਿੱਚ ਦੁਨਿਆਵੀ ਮੰਚ ’ਤੇ ਜੋ ਕੁਝ ਵੀ ਵਾਪਰਦਾ ਹੈ, ਉਸ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਜਨਤਕ ਕਚਹਿਰੀ ਦੇ ਸਨਮੁੱਖ ਕਰਨਾ ਮੇਰੀ ਜ਼ਿੰਮੇਵਾਰੀ ਹੈ ਅਤੇ ਫਰਜ਼ ਵੀ। ਇੱਕ ਗੱਲ ਬੜੀ ਸਾਫ ਅਤੇ ਸਪਸ਼ਟ ਹੈ ਕਿ ਕੋਈ ਵੀ ਵਰਤਾਰਾ ਬਗੈਰ ਕਿਸੇ ਕਾਰਨੋ ਵਾਪਰ ਹੀ ਨਹੀਂ ਸਕਦਾ। ਇਸ ਲਈ ਸਭ ਤੋਂ ਪਹਿਲਾ ਨੁਕਤਾ ਹੀ ਇਹ ਹੈ ਕਿ ਜਿੰਨਾ ਚਿਰ ਅਜਿਹੇ ਵਰਤਾਰਿਆਂ ਦੀ ਬਰੀਕੀ ਨਾਲ ਘੋਖ-ਪੜਤਾਲ ਨਾ ਕਰ ਲਈ ਜਾਵੇ, ਉੰਨਾ ਚਿਰ ਆਪਣੇ ਨਿੱਜੀ ਹਿਤਾਂ ਨੂੰ ਧਿਆਨ ਹਿਤ ਰੱਖਦਿਆਂ ਕਿਸੇ ਵੀ ਮਸਲੇ ਬਾਰੇ ਆਪਣਾ ਪੱਖ ਰੱਖਣਾ ਜਾਂ ਕੋਈ ਬਿਆਨ ਜਾਰੀ ਕਰਨਾ ਉਸ ਮਸਲੇ ਨਾਲ ਕਿਤੇ ਨਾ ਕਿਤੇ ਇਨਸਾਫੀ ਦੇ ਤਰਾਜ਼ੂ ਵਿੱਚ ਪਾਸਕੂ ਪਾਉਣ ਵਾਲੀ ਗੱਲ ਹੈ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਨਾਲ ਇੱਕ ਧਰਮ ਨਿਰਪੱਖ ਦੇਸ਼ ਵੀ ਹੈ। ਇੱਥੇ ਕਿਸੇ ਨਾਗਰਿਕ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਅਪਣਾਉਣ ਜਾਂ ਤਿਆਗਣ ਦੀ ਪੂਰਨ ਅਜ਼ਾਦੀ ਹੈ।
ਪਿਛਲੇ ਕੁਝ ਸਮੇਂ ਤੋਂ ਮੀਡੀਆ ਰਾਹੀਂ ਇਹ ਸੰਵੇਦਨਸ਼ੀਲ ਮਸਲਾ ਪੂਰੀ ਚਰਚਾ ਵਿੱਚ ਹੈ। ਵੱਖ ਵੱਖ ਰਾਜਨੀਤਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਆਮ ਲੋਕ ਵੀ ਆਪੋ ਆਪਣੇ ਨਜ਼ਰੀਏ ਅਤੇ ਹਿਤਾਂ ਅਨੁਸਾਰ ਇਸ ਮਸਲੇ ’ਤੇ ਪ੍ਰਤੀਕਰਮ ਦੇ ਰਹੇ ਹਨ। ਧਰਮ ਤਬਦੀਲੀ ਦੀਆਂ ਚਰਚਾਵਾਂ ਕਿਸੇ ਆਮ ਵਿਅਕਤੀ ਲਈਭਾਵੇਂ ਕੋਈ ਬਹੁਤੀਆਂ ਮਹੱਤਵਪੂਰਨ ਜਾਂ ਵਿਸ਼ੇਸ਼ ਅਰਥ ਨਾ ਵੀ ਰੱਖਦੀਆਂ ਹੋਣ ਪ੍ਰੰਤੂ ਧਾਰਮਿਕ ਅਕੀਦੇ ਵਾਲੇ ਲੋਕਾਂ ਅਤੇ ਧਾਰਮਿਕ ਮੁਖੀਆਂ ਲਈ ਇਹ ਸੰਜੀਦੀਗੀ ਨਾਲ ਵਿਚਾਰਨ ਤੋਂ ਇਲਾਵਾ ਚਿੰਤਾ ਦਾ ਵਿਸ਼ਾ ਵੀ ਹੈ। ਜੇਕਰ ਉਹ ਇਸ ਨੂੰ ਅਣਗੌਲਿਆ ਕਰਦੇ ਹਨ ਤਾਂ ਇਸਦਾ ਮਤਲਬ ਸਾਫ ਹੈ ਕਿ ਕਿਤੇ ਨਾ ਕਿਤੇ ਉਹ ਆਪਣੇ ਫ਼ਰਜ਼ਾਂ ਤੋਂ ਟਾਲ਼ਾ ਵੱਟ ਰਹੇ ਹਨ। ਇਹ ਗੱਲ ਵੀ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਧਰਮ ਵਿੱਚ ਹੱਦ ਦਰਜੇ ਦੀ ਆਸਥਾ ਰੱਖਣ ਵਾਲਾ ਵਿਅਕਤੀ ਕਿਸੇ ਦੂਸਰੇ ਧਰਮ ਨੂੰ ਅਪਣਾਉਣ ਸਮੇਂ ਜਿਸ ਮਾਨਸਿਕ ਪੀੜਾ ਵਿੱਚੋਂ ਗੁਜ਼ਰਦਾ ਹੋਵੇਗਾ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਜੇਕਰ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ। ਦੂਸਰੇ ਸ਼ਬਦਾਂ ਵਿੱਚ ਧਰਮ ਤਬਦੀਲੀ ਆਮ ਹਾਲਤਾਂ ਵਿੱਚ ਹੋ ਹੀ ਨਹੀਂ ਸਕਦੀ, ਇਸ ਪਿੱਛੇ ਬਹੁਤ ਸਾਰੇ ਡੂੰਘੇ ਰਹੱਸ ਛੁਪੇ ਹੁੰਦੇ ਹੋਣਗੇ, ਜੋ ਕਿਸੇ ਵਿਅਕਤੀ ਨੂੰ ਅਜਿਹਾ ਫੈਸਲਾ ਲੈਣ ਲਈ ਪ੍ਰੇਰਿਤ ਹੀ ਨਹੀਂ ਸਗੋਂ ਮਜਬੂਰ ਵੀ ਕਰਦੇ ਹੋਣਗੇ। ਸਿੱਖ ਧਰਮ ਹਿੰਦੂ ਧਰਮ ਦੀਆਂ ਕੁਝ ਕੱਟੜ ਰਹੁ ਰੀਤਾਂ ਕਾਰਨ ਹੀ ਹੋਂਦ ਵਿੱਚ ਆਇਆ ਹੈ। ਇਸ ਨੂੰ ਇੱਕ ਇਨਕਲਾਬੀ ਧਰਮ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਸਾਰੇ ਹੀ ਸਿੱਖ ਗੁਰੂ ਸਾਹਿਬਾਨਾਂ ਨੇ ਦੇਸ਼ ਅੰਦਰ ਚੱਲ ਰਹੀ ਵਰਣ ਵਿਵਸਥਾ ਦਾ ਖੰਡਨ ਕਰਕੇ ਸਮੁੱਚੀ ਮਨੁੱਖਤਾ ਦੇ ਬਰਾਬਰ ਹੋਣ ਨੂੰ ਸਿਰਫ਼ ਸਿਧਾਂਤਕ ਹੀ ਨਹੀਂ ਸਗੋਂ ਅਮਲੀ ਰੂਪ ਵਿੱਚ ਲਾਗੂ ਕਰਕੇ ਕਹਿਣੀ ਅਤੇ ਕਰਨੀ ਦੇ ਪੂਰੇ ਹੋਣ ਦਾ ਸਬੂਤ ਵੀ ਪੇਸ਼ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਮੌਕੇ ਸਭ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਜਿੱਥੇ ਸਿੱਖ ਧਰਮ ਦੀ ਨੀਂਹ ਰੱਖੀ, ਉੱਥੇ ਨਾਲ ਹੀ ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ ਦਾ ਅਦੁੱਤੀ ਸਿਧਾਂਤ ਵੀ ਦੁਨੀਆਂ ਦੇ ਸਨਮੁੱਖ ਕੀਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਦੇ ਸੰਦਰਭ ਵਿੱਚ ਕੀ ਇਹ ਸਿਧਾਂਤ ਆਮ ਲੋਕਾਂ, ਅਤੇ ਵਿਸ਼ੇਸ਼ ਕਰਕੇ ਸਿੱਖ ਧਰਮ ਵਿੱਚ ਹੂਬਹੂ ਲਾਗੂ ਹੈ? ਕਿਉਂਕਿ ਅੱਜ ਵੀ ਅੰਮ੍ਰਿਤ ਪਾਨ ਕਰਨ ਵਾਲੇ ਦਲਿਤ ਵਰਗ ਦੇ ਲੋਕਾਂ ਨੂੰ ਚੌਥੇ ਪੌੜੇ ਵਾਲੇ ਕਹਿ ਕੇ ਹੀ ਸੰਬੋਧਨ ਕੀਤਾ ਜਾਂਦਾ ਹੈ, ਜਦੋਂ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਨੂੰ ‘ਰੰਗਰੇਟੇ ਗੁਰੂ ਕੇ ਬੇਟੇ’ ਦਾ ਸਨਮਾਨ ਯੋਗ ਖ਼ਿਤਾਬ ਬਖ਼ਸ਼ਿਸ ਕੀਤਾ ਸੀ। ਕੀ ਅਸੀਂ ਆਪਣੇ ਸੌੜੇ ਧਾਰਮਿਕ ਅਤੇ ਰਾਜਸੀ ਹਿਤਾਂ ਦੀ ਪੂਰਤੀ ਲਈ ਆਪਣੇ ਮਹਾਨ ਗੁਰੂਆਂ ਦੀ ਇਲਾਹੀ ਬਾਣੀ, ਉੱਚਪਾਏ ਦੇ ਪ੍ਰਵਚਨਾਂ ਅਤੇ ਸਿੱਖਿਆਵਾਂ ਤੋਂ ਬੇਮੁੱਖ ਹੋਣ ਵੱਲ ਵਧ ਕੇ ਆਪਣੇ ਰਸਤੇ ਤੋਂ ਭਟਕ ਤਾਂ ਨਹੀਂ ਗਏ? ਧਰਮ ਅਤੇ ਕੌਮ ਲਈ ਆਪਾ ਵਾਰਨ ਵਾਲੇ ਮਹਾਨ ਸ਼ਹੀਦਾਂ ਭਾਈ ਵੀਰ ਸਿੰਘ ਅਤੇ ਭਾਈ ਧੀਰ ਸਿੰਘ ਜੀ, ਮਹਾਨ ਜਰਨੈਲ ਹਰੀ ਸਿੰਘ ਨਲੂਆ ਤੋਂ ਇਲਾਵਾ ਹੋਰ ਅਨੇਕਾਂ ਹੀ ਮਹਾਨ ਸਿੰਘਾਂ, ਸਿੰਘਣੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਉਨ੍ਹਾਂ ਦੀਆਂ ਭਵਿੱਖੀ ਨਸਲਾਂ ਵਿੱਚ ਉਨ੍ਹਾਂ ਦੇ ਪੁਰਖਿਆਂ ਵੱਲੋਂ ਕੀਤੀਆਂ ਗਈਆਂ ਅਥਾਹ ਕੁਰਬਾਨੀਆਂ ਬਾਰੇ ਉਤਸੁਕਤਾ ਪੈਦਾ ਕਰਨ ਲਈ ਉਨ੍ਹਾਂ ਦੀਆਂ ਢੁਕਵੀਆਂ ਯਾਦਗਾਰਾਂ ਬਣਵਾਉਣ, ਅਤੇ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਾਹਿਤ ਨੂੰ ਉਨ੍ਹਾਂ ਦੇ ਵਾਰਸਾਂ ਤਕ ਪਹੁੰਚਾਉਣ ਵਿੱਚ ਮੌਜੂਦਾ ਪ੍ਰਬੰਧਕਾਂ ਵੱਲੋਂ ਕਿਤੇ ਨਾ ਕਿਤੇ ਕੀਤਾ ਵਿਤਕਰਾ ਅਤੇ ਪੱਖਪਾਤ ਸਪਸ਼ਟ ਨਜ਼ਰੀਂ ਪੈ ਰਿਹਾ ਹੈ। ਇਸ ਲਈ ਜਦੋਂ ਦਲਿਤ ਵਰਗ ਦੀ ਮਜੂਦਾ ਪੀੜ੍ਹੀ ਆਪਣੇ ਪੁਰਖਿਆ ਦੀਆਂ ਮਾਣ ਮੱਤੀਆਂ ਅਤੇ ਜ਼ਿਕਰਯੋਗ ਕੁਰਬਾਨੀਆਂ ਨੂੰ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਅਣਗੌਲਿਆ ਕਰਨ ਜਾਂ ਬੇਮੁੱਖ ਹੋਇਆ ਦੇਖਦੀ ਹੈ ਤਾਂ ਉਨ੍ਹਾਂ ਦੇ ਮਨਾਂ ਅੰਦਰਲੀ ਗੁਸੈਲੀ ਭਾਵਨਾ ਦਾ ਜ਼ਾਹਿਰਾ ਤੌਰ ’ਤੇ ਪਰਗਟ ਹੋਣਾ ਇੱਕ ਭਾਵਨਾਤਮਿਕ ਅਤੇ ਕੁਦਰਤੀ ਵਰਤਾਰਾ ਹੈ ਕਿਉਂਕਿ ਅੱਜ ਉਹ ਪੜ੍ਹ ਲਿਖ ਕੇ ਜਾਗਰੂਕ ਹੋ ਗਏ ਹਨ। ਅਖ਼ਬਾਰੀ ਸੁਰਖੀਆਂ ਗਵਾਹ ਹਨ ਕਿ ਇਸ ਵਰਗ ਦੇ ਲੋਕਾਂ ਨੂੰ ਕੁਝ ਪਿੰਡਾਂ ਵਿੱਚ ਲੜਕੀਆਂ ਦੇ ਆਨੰਦ ਕਾਰਜਾਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇਣ ਤੋਂ ਵੀ ਮਨ੍ਹਾ ਕੀਤਾ ਗਿਆ। ਅੱਜ ਵੀ ਇੱਕਾ ਦੁੱਕਾ ਗੁਰਦੁਆਰਾ ਸਾਹਿਬਾਨਾਂ ਵਿੱਚ ਸ਼ਰੇਆਮ ਵੱਖਰੇ ਬਰਤਨ ਰੱਖਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਭਾਰਤ ਦੇ ਕੁਝ ਧਾਰਮਿਕ ਸਥਾਨਾਂ ’ਤੇ ਇਸ ਵਰਗ ਦੇ ਦਾਖਲੇ ’ਤੇ ਪੂਰਨ ਪਾਬੰਦੀ ਹੈ। ਗ਼ੈਰਕਾਨੂੰਨੀ ਸਮਾਜਿਕ ਬਾਈਕਾਟ ਹੋਣੇ, ਕਿਧਰੇ ਦਲਿਤ ਸਕੂਲ ਮੁਖੀ ਨੂੰ ਗਣਤੰਤਰ ਦਿਵਸ ’ਤੇ ਕੌਮੀ ਝੰਡਾ ਲਹਿਰਾਉਣ ਤੋਂ ਰੋਕਣਾ ਜਾਂ ਫਿਰ ਕਿਸੇ ਮਾਨਯੋਗ ਹਾਈ ਕੋਰਟ ਦੇ ਮੁੱਖ ਜੱਜ ਦੀ ਬਦਲੀ ਤੋਂ ਬਾਅਦ ਨਵੇਂ ਆਏ ਜੱਜ ਸਾਹਿਬ ਵੱਲੋਂ ਆਪਣੇ ਦਫਤਰ ਨੂੰ ਗੰਗਾ ਜਲ ਨਾਲ ਪਵਿੱਤਰ ਕਰਨਾ, ਹੋਰ ਕਿਧਰੇ ਪੂਜਾ ਕਰਨ ਦੀ ਜ਼ਿਦ ਕਰਨ ਵਾਲੀ ਵਾਲੀ ਦਲਿਤ ਲੜਕੀ ਨੂੰ ਖੂਹ ਵਿੱਚ ਹੀ ਸੁੱਟ ਦੇਣਾ, ਇਸ ਤੋਂ ਵੀ ਅੱਗੇ ਲੰਘ ਕੇ ਇਸ ਜਾਤੀ ਵਿਤਕਰੇ ਨੇ ਕੁਦਰਤੀ ਆਫਤਾਂ ਸਮੇਂ ਵੀ ਇਨ੍ਹਾਂ ਲੋਕਾਂ ਦਾ ਪਿੱਛਾ ਨਹੀਂ ਛੱਡਿਆ। ਮਨੁੱਖੀ ਮਨ ਦੀ ਪ੍ਰਵਿਰਤੀ ਹੈ ਕਿ ਇਹ ਕਿਸੇ ਦੁਖੀ ਨੂੰ ਦੇਖ ਕੇ ਲਾਜ਼ਮੀ ਤੌਰ ’ਤੇ ਪਸੀਜ ਜਾਂਦੀ ਹੈ ਪ੍ਰੰਤੂ ਹੈਰਾਨੀ ਦੀ ਗੱਲ ਕਿ ਪਿਛਲੇ ਸਮਿਆਂ ਦੌਰਾਨ ਗੁਜਰਾਤ ਵਿੱਚ ਆਏ ਭੂਚਾਲਾਂ ਸਮੇਂ ਵੀ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਦਲਿਤਾਂ ਨਾਲ ਭੋਜਨ ਸਾਂਝਾ ਨਹੀਂ ਕੀਤਾ। ਇਸ ਤਰ੍ਹਾਂ ਦੀਆਂ ਦੁਸ਼ਵਾਰੀਆਂ, ਗੈਰ ਮਾਨਵੀ ਵਰਤਾਉ, ਗੈਰ ਕਾਨੂੰਨੀ ਅਤੇ ਅਸੱਭਿਅਕ ਬੋਲਚਾਲ ਦੇ ਚਲਦਿਆਂ ਜੇਕਰ ਕੋਈ ਵਿਅਕਤੀ ਭਰੇ ਮਨ ਨਾਲ ਕਿਸੇ ਹੋਰ ਧਰਮ, ਸਮੁਦਾਏ ਜਾਂ ਡੇਰੇ ਵੱਲ ਆਕਰਸ਼ਿਤ ਹੁੰਦਾ ਹੈ, ਜਾਂ ਫਿਰ ਧਰਮ ਪ੍ਰੀਵਰਤਨ ਕਰ ਲੈਂਦਾ ਹੈ ਤਾਂ ਇਹ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਜਾਪਦਾ। ਇਸ ਸਭ ਕੁਝ ਦੇ ਪ੍ਰਤੀਕਰਮ ਵਜੋਂ ਕੁਝ ਕੁ ਰਾਜਸੀ ਅਤੇ ਧਾਰਮਿਕ ਆਗੂ ਵੱਖ ਵੱਖ ਤਰ੍ਹਾਂ ਦੇ ਬਿਆਨ ਜਾਰੀ ਕਰ ਰਹੇ ਹਨ, ਕੁਝ ਲੋਕ ਧਰਮ ਪਰਿਵਰਤਨ ਕਰਨ ਵਾਲਿਆਂ ਤੇ ਨਿਰਅਧਾਰ ਹੀ ਮੋਟੀਆਂ ਰਕਮਾਂ ਵਸੂਲਣ ਦੇ ਕਥਿਤ ਦੋਸ਼ ਲਗਾ ਲਾ ਰਹੇ ਹਨ। ਕੋਈ ਧਰਮ ਪਰਿਵਰਤਨ ’ਤੇ ਪਾਬੰਦੀ ਮੰਗਦਾ ਹੈ, ਕੁਝ ਕੁ ਸਰਬ ਪਾਰਟੀ ਮੀਟਿੰਗ ਦੀ ਦੁਹਾਈ ਪਾਉਂਦੇ ਹਨ ਅਤੇ ਕੋਈ ਕੁਝ ਹੋਰ ਕਹਿੰਦਾ ਹੈ।
ਇਸ ਸਭ ਕੁਝ ਦੇ ਵਿਚਕਾਰ ਹੈਰਾਨੀ ਅਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਵਰਤਾਰੇ ਦੇ ਪਿਛੋਕੜ ਅਤੇ ਬੁਨਿਆਦੀ ਕਾਰਨਾਂ ਦੀ ਗਹਿਰਾਈ ਨਾਲ ਪੁਣਛਾਣ ਕਰਨ ਅਤੇ ਇਸਦੇ ਢੁਕਵੇਂ ਅਤੇ ਸਥਾਈ ਹੱਲ ਲਈ ਸਿਰ ਜੋੜ ਕੇ ਬੈਠਣ ਨੂੰ ਕੋਈ ਵੀ ਧਿਰ ਤਿਆਰ ਨਹੀਂ। ਧਰਮ ਤਬਦੀਲੀ ਨੇ ਇਨ੍ਹਾਂ ਦੇ ਦਿਲੋ ਦਿਮਾਗ ਵਿੱਚ ਅਜਿਹੀ ਹਿਲਜੁਲ ਪੈਦਾ ਕਰ ਦਿੱਤੀ ਹੈ, ਜਿਸ ਨੇ ਇਨ੍ਹਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਹੈ। ਅਜਿਹਾ ਕੁਝ ਵਾਪਰਨਾ ਇਨ੍ਹਾਂ ਦੀ ਧਰਮ ਪ੍ਰਤੀ ਆਸਥਾ ਜਾਂ ਮੋਹ ਦੀ ਪੈਦਾਇਸ਼ ਨਹੀਂ ਸਗੋਂ ਇਨ੍ਹਾਂ ਨੂੰ ਆਪਣਾ ਵੋਟ ਬੈਂਕ ਖਿਸਕਣ ਅਤੇ ਸੱਤਾ ਤੋਂ ਬਾਹਰ ਹੋਣ ਦਾ ਖਦਸ਼ਾ ਦਰਪੇਸ਼ ਹੋਣਾ ਹੈ। ਜੇਕਰ ਧਰਮ ਪਰਿਵਰਤਨ ’ਤੇ ਪਾਬੰਦੀ ਲਗਾ ਵੀ ਦਿੱਤੀ ਜਾਵੇ ਤਾਂ ਭਾਰਤੀ ਸੰਵਿਧਾਨ ਅਨੁਸਾਰ ਧਾਰਮਿਕ ਅਜ਼ਾਦੀ ਦੇ ਅਰਥ ਹੀ ਕੀ ਰਹਿ ਜਾਣਗੇ? ਕੀ ਫਿਰ ਕਿਸੇ ਨਵੀਂ ਸੰਵਿਧਾਨਕ ਸੋਧ ਵਲ ਵਧਿਆ ਜਾਵੇਗਾ? ਇਸ ਲਈ ਧਾਰਮਿਕ ਮੁਖੀਆਂ, ਸਿਆਸਤਦਾਨਾਂ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਨੂੰ ਸੁਹਿਰਦਤਾ ਨਾਲ ਕੋਈ ਨਾ ਕੋਈ ਫੈਸਲਾ ਤਾਂ ਲੈਣਾ ਹੀ ਪਵੇਗਾ ਤਾਂ ਕਿ ਸਮਾਜਿਕ, ਰਾਜਨੀਤਕ ਅਤੇ ਆਰਥਿਕ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਇਸ ਦੱਬੇ ਕੁਚਲੇ ਅਤੇ ਸਦੀਆਂ ਤੋਂ ਹਾਸ਼ੀਏ ’ਤੇ ਧੱਕੇ ਹੋਏ ਇਸ ਵਰਗ ਨੂੰ ਵੀ ਕੁਝ ਮਾਣ ਸਤਿਕਾਰ ਮਿਲ ਸਕੇ। ਇਹ ਲੋਕ ਵੀ ਹਰ ਪੱਖੋਂ ਸੰਤੁਸ਼ਟ ਹੋ ਕੇ ਬਰਾਬਰਤਾ ਵਾਲੇ ਜੀਵਨ ਦਾ ਅਹਿਸਾਸ ਕਰ ਸਕਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇਹ ਸੁਲਗਦੀ ਚੰਗਿਆੜੀ ਕਿਸੇ ਵੇਲੇ ਵੀ ਭਾਂਬੜ ਦਾ ਰੂਪ ਇਖਤਿਆਰ ਕਰ ਕੇ ਅਨੇਕਤਾ ਵਿੱਚ ਏਕਤਾ ਵਾਲੇ ਇਸ ਮਹਾਨ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਕੇ ਅਰਾਜਕਤਾ ਵਾਲਾ ਮਾਹੌਲ ਸਿਰਜ ਸਕਦੀ ਹੈ। ਨਤੀਜਨ ਪਛਤਾਵੇ ਅਤੇ ਅੱਗ ਵਿੱਚ ਸੜਨ ਤੋਂ ਇਲਾਵਾ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਬਚਣਾ। ਇਸ ਲਈ ਸਾਰੀਆਂ ਧਿਰਾਂ ਨੂੰ ਅੱਜ ਤੋਂ ਹੀ ਇਸ ਪਾਸੇ ਵੱਲ ਉਸਾਰੂ ਯਤਨ ਅਰੰਭ ਕਰਕੇ ਭਾਈਚਾਰਕ ਸਾਂਝ, ਮਾਨਵੀ ਸਮਾਨਤਾ ਅਤੇ ਸ਼ਾਂਤੀ ਪਸੰਦ ਸਮਾਜ ਦੀ ਸਿਰਜਣਾ ਵੱਲ ਵਧਣਾ ਚਾਹੀਦਾ ਹੈ। ਇਸੇ ਵਿੱਚ ਹੀ ਸਭ ਦੀ ਭਲਾਈ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5532)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)