“ਅੰਧ ਵਿਸ਼ਵਾਸ ਵਰਗੇ ਕੋਹੜ ਤੋਂ ਵੀ ਇਸ ਵਿਗਿਆਨਕ ਯੁਗ ਵਿੱਚ ਅਸੀਂ ਖਹਿੜਾ ਨਹੀਂ ...”
(29 ਦਸੰਬਰ 2024)
ਕਰੀਬ ਵੀਹ ਕੁ ਵਰ੍ਹੇ ਪਹਿਲਾਂ ਦੀ ਗੱਲ ਹੋਵੇਗੀ ਜਦੋਂ ਮੈਂ ਬਤੌਰ ਸ. ਸ. ਮਾਸਟਰ ਲੜਕੀਆਂ ਦੇ ਇੱਕ ਸਰਕਾਰੀ ਸੈਕੰਡਰੀ ਸਕੂਲ ਵਿਖੇ ਕੰਮ ਕਰਦਾ ਸੀ। ਨਵੇਂ ਵਰ੍ਹੇ ਦੀ ਆਮਦ ’ਤੇ ਸਵੇਰ ਦੀ ਸਭਾ ਸਮੇਂ ਪ੍ਰਿੰਸੀਪਲ ਮੈਡਮ ਵੱਲੋਂ ਮੈਨੂੰ ਵਿਦਿਆਰਥੀਆਂ ਅਤੇ ਸਟਾਫ ਨੂੰ ਮੁਖ਼ਾਤਿਬ ਹੋਣ ਲਈ ਇਸ਼ਾਰਾ ਕੀਤਾ। ਇਸ ਤੋਂ ਟਾਲ਼ਾ ਵੱਟਦਿਆਂ ਮੈਂ ਸਤਿਕਾਰ ਅਤੇ ਹਲੀਮੀ ਨਾਲ ਕਿਹਾ ਕਿ ਮੈਂਡਮ ਅਜਿਹੇ ਖ਼ਾਸ ਮੌਕਿਆਂ ’ਤੇ ਮੁਖੀ ਹੀ ਸੰਬੋਧਨ ਕਰਦੇ ਸੋਭਦੇ ਹਨ। ਉਂਝ ਮੇਰੇ ਅੰਦਰ ਬਹੁਤ ਕੁਝ ਰਿੱਝ-ਪੱਕ ਜ਼ਰੂਰ ਰਿਹਾ ਸੀ ਪਰ ਮੈਂ ਅਜਿਹੇ ਸਮੇਂ ਪੂਰੇ ਸਟਾਫ ਅਤੇ ਲਗਭਗ 500 ਲੜਕੀਆਂ ਦਾ ਸੁਆਦ ਕਿਰਕਰਾ ਨਹੀਂ ਕਰਨਾ ਚਾਹੁੰਦਾ ਸੀ।
ਜੀਵਨ ਦੇ 66 ਵਰ੍ਹੇ ਗੁਜ਼ਾਰਦਿਆਂ ਹਰ ਨਵੇਂ ਸਾਲ ’ਤੇ ਅੱਜ ਵੀ ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਕੋਲੋਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਨਵਾਂ ਵਰ੍ਹਾ ਖੁਸ਼ੀਆਂ ਖੇੜੇ, ਤੰਦਰੁਸਤੀਆਂ ਲੈ ਕੇ ਆਵੇ ਪ੍ਰੰਤੂ ਅਮਲੀ ਰੂਪ ਵਿੱਚ ਹਰ ਵਰ੍ਹਾ ਪਹਿਲਾਂ ਨਾਲੋਂ ਵੀ ਨਵੀਂਆਂ ਮੁਸੀਬਤਾਂ, ਔਕੜਾਂ ਤੋਂ ਇਲਾਵਾ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਖੇਤਰ ਵਿੱਚ ਨਵੀਂਆਂ ਚੁਣੌਤੀਆਂ ਅਤੇ ਦੁਸ਼ਵਾਰੀਆਂ ਲੈ ਕੇ ਹੀ ਸਨਮੁਖ ਹੁੰਦਾ ਹੈ। ਕੋਈ ਵੀ ਅਜਿਹੀ ਪ੍ਰਤੱਖ ਜਾਂ ਅਪ੍ਰਤੱਖ ਸ਼ਕਤੀ ਕਦੇ ਉੱਭਰਕੇ ਸਾਹਮਣੇ ਨਹੀਂ ਆਈ ਜੋ ਇਸ ਘੋਰ ਸੰਕਟ ਵਿੱਚ ਫਸੀ ਨਿਰਦੋਸ਼, ਲਾਚਾਰ ਅਤੇ ਅੱਤਿਆਚਾਰਾਂ ਦੀ ਗ੍ਰਿਫਤ ਆਈ ਭੋਲੀ ਭਾਲੀ ਲੋਕਾਈ ਦੀ ਤਰਸਯੋਗ ਹਾਲਤ ਨੂੰ ਕੁਝ ਰਾਹਤ ਪਹੁੰਚਾਉਣ ਦੇ ਸਮਰੱਥ ਹੋ ਸਕੇ। ਸਗੋਂ ਹਾਲਾਤ ਪਹਿਲਾਂ ਤੋਂ ਵੀ ਬਦਤਰ ਹੋ ਰਹੇ ਹਨ।
ਬੀਤੇ ਵਰ੍ਹੇ ਦੇ ਸਮੁੱਚੇ ਘਟਨਾਕ੍ਰਮ ’ਤੇ ਪੰਛੀ ਝਾਤ ਮਾਰਿਆਂ ਸਥਿਤੀ ਚਿੱਟੇ ਦਿਨ ਵਾਂਗ ਸਾਫ਼ ਹੋ ਜਾਵੇਗੀ। ਇਸ ਤਰ੍ਹਾਂ ਦੇ ਹਾਲਾਤ ਵਿੱਚ ਵੀ ਬਹੁਤ ਸਾਰੇ ਲੋਕ ਅਸੱਭਿਅਕ ਢੰਗ ਦੀ ਚਮਕ ਦਮਕ ਨਾਲ ਨਵੇਂ ਸਾਲ ਦੇ ਜਸ਼ਨ ਮਨਾਉਂਦੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਾਂ ਤਾਂ ਇਨ੍ਹਾਂ ਲੋਕਾਂ ਦਾ ਜਨਤਕ ਮਸਲਿਆਂ ਨਾਲ ਕੋਈ ਸਰੋਕਾਰ ਹੀ ਨਹੀਂ, ਜਾਂ ਫਿਰ ਉਹਨਾਂ ਦਾ ਮਾਨਸਿਕ ਪੱਧਰ ਹੀ ਇੰਨਾ ਨੀਵਾਂ ਹੈ ਕਿ ਸਵਾਰਥ ਤੋਂ ਬਿਨਾਂ ਉਨ੍ਹਾਂ ਨੂੰ ਹੋਰ ਕੁਝ ਦਿਖਾਈ ਹੀ ਨਹੀਂ ਦਿੰਦਾ।
ਇਸੇ ਤਰ੍ਹਾਂ ਹੀ ਜਦੋਂ ਕਿਸੇ ਦੇਸ਼ ਜਾਂ ਸੂਬੇ ਦਾ ਵਿਸਤ੍ਰਿਤ ਅਧਿਐਨ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉੱਥੋਂ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਦੀ ਬਰੀਕੀ ਨਾਲ ਘੋਖ ਪੜਤਾਲ ਜ਼ਰੂਰੀ ਹੀ ਨਹੀਂ ਸਗੋਂ ਅਤਿ ਜ਼ਰੂਰੀ ਵੀ ਹੋ ਜਾਂਦੀ ਹੈ। ਭਾਰਤ ਦੀ ਸਿੱਖਿਆ ਪ੍ਰਣਾਲੀ ’ਤੇ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਸਿੱਖਿਆ ਵਰਗੀ ਮੁਫ਼ਤ ਦਿੱਤੀ ਜਾਣ ਵਾਲੀ ਸੰਵੇਦਨਸ਼ੀਲ ਭਾਵਨਾ ਦਾ ਪੂਰੀ ਤਰ੍ਹਾਂ ਵਪਾਰੀਕਰਣ ਹੋ ਚੁਁਕਾ ਹੈ। ਉੱਚ ਸਿੱਖਿਆ ਅਤੇ ਸਕੂਲੀ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕਾਂ ਅਤੇ ਪ੍ਰਬੰਧਕੀ ਅਮਲੇ ਦੀਆਂ ਅਸਾਮੀਆਂ ਤੋਂ ਇਲਾਵਾ ਸੂਬੇ ਦੇ ਕਰੀਬ ਸਾਰੇ ਹੀ ਸਰਕਾਰੀ ਕਾਲਜਾਂ ਵਿੱਚ ਆਧਿਆਪਕਾਂ ਦੀਆਂ ਅਤੇ ਯੂਨੀਵਰਸਿਟੀਆਂ ਵਿੱਚ ਵਾਈਸ ਚਾਂਸਲਰਾਂ ਦੀਆਂ ਅਸਾਮੀਆਂ ਇੱਕ ਵਿਸ਼ੇਸ਼ ਯੋਜਨਾ ਤਹਿਤ ਖਾਲੀ ਰੱਖੀਆਂ ਜਾ ਰਹੀਆਂ ਹਨ। ਇਸਦੀ ਤਾਜ਼ਾ ਮਿਸਾਲ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਚੱਲ ਰਹੇ ਸੰਘਰਸ਼ ਤੋਂ ਬਾਖੂਬੀ ਦੇਖੀ ਜਾ ਸਕਦੀ ਹੈ। ਸਰਕਾਰਾਂ ਸਿੱਖਿਆ ਖੇਤਰ ਤੋਂ ਹੱਥ ਪਿਛਾਂਹ ਖਿੱਚ ਕੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਚੁੱਕੀਆਂ ਹਨl ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਮਹੱਤਵ ਪੂਰਨ ਕੋਰਸਾਂ ਨੂੰ ਨਿੱਜੀ ਹੱਥਾਂ ਵਿੱਚ ਦੇ ਕੇ ਸਿੱਖਿਆ ਮਹਿੰਗੀ ਕੀਤੀ ਜਾ ਰਹੀ ਹੈ, ਜਿਸ ਕਰਕੇ ਗਰੀਬ ਅਤੇ ਦਲਿਤ ਵਿਦਿਆਰਥੀ ਸਿੱਖਿਆ ਤੋਂ ਲਗਭਗ ਵਾਂਝੇਂ ਹੀ ਹੋ ਗਏ ਹਨ।
ਇਸੇ ਤਰ੍ਹਾਂ ਹੀ ਸਿਹਤ ਪ੍ਰਣਾਲੀ ਦੀ ਸਥਿਤੀ ਵੀ ਕਿਸੇ ਤੋਂ ਲੁਕੀ ਛੁਪੀ ਨਹੀਂ। ਸਿਹਤ ਵਿਭਾਗ ਦੇ ਨਿਗਮੀਕਰਨ ਤੋਂ ਵੀ ਅਗਾਂਹ ਲੰਘ ਕੇ ਠੇਕਾ ਅਧਾਰਿਤ ਭਰਤੀ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਵੱਡੇ ਬਦਲਾਅ ਦਾ ਨਾਅਰਾ ਦੇ ਕੇ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਸਥਾਪਤ ਕਰਕੇ ਆਪਣੀ ਪਿੱਠ ਥਾਪੜੀ ਜਾ ਰਹੀ ਹੈ। ਪ੍ਰੰਤੂ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਘਾਟ ਤੋਂ ਇਲਾਵਾ ਟੈਕਨੀਸ਼ਨਾਂ ਅਤੇ ਸਾਜ਼ੋ ਸਾਮਾਨ ਦੀ ਅਣਹੋਂਦ ਉਕਤ ਸਕੀਮ ਦਾ ਮੂੰਹ ਚਿੜਾ ਰਹੀ ਹੈ। ਦੇਸ਼ ਅਤੇ ਸੂਬਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀਆਂ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਰਕੇ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਦੇ ਮਾਰੇ ਜਾ ਰਹੇ ਦਮਗਜ਼ਿਆਂ ਦੀ ਫੂਕ ਨਿਕਲਦੀ ਜਾਪ ਰਹੀ ਹੈ। ਇਸ ਤੋਂ ਸਿਹਤ ਪ੍ਰਣਾਲੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਬੇਰੁਜ਼ਗਾਰੀ ਦਾ ਬਾਬਾ ਆਲਮ ਵੀ ਇਸ ਦੇਸ਼ ਵਿੱਚ ਨਿਰਾਲਾ ਹੀ ਹੈ। ਤਰ੍ਹਾਂ-ਤਰ੍ਹਾਂ ਦੀਆਂ ਡਿਗਰੀਆਂ ਹੱਥਾਂ ਵਿੱਚ ਲੈ ਕੇ ਨੌਜਵਾਨ ਮੁੰਡੇ-ਕੁੜੀਆਂ ਸੜਕਾਂ ਦੀ ਖ਼ਾਕ ਛਾਣ ਰਹੇ ਹਨ। ਹਰ ਰੋਜ਼ ਚੱਲ ਰਹੇ ਧਰਨੇ, ਮੁਜ਼ਾਹਰੇ, ਲਾਠੀਚਾਰਜ਼ ਅਤੇ ਪਾਣੀ ਦੀਆਂ ਬੁਛਾੜਾਂ ਇਸਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਬੇਰੋਜ਼ਗਾਰੀ ਦੇ ਸਤਾਏ ਨੌਜਵਾਨ ਮੁੰਡੇ ਕੁੜੀਆਂ ਨਸ਼ਿਆਂ ਦੀ ਦਲਦਲ ਵਿੱਚ ਗੁਲਤਾਨ ਹੋ ਕੇ ਜਾਂ ਤਾਂ ਖੁਦਕੁਸ਼ੀਆਂ ਕਰ ਰਹੇ ਹਨ ਜਾਂ ਫਿਰ ਲੁੱਟਾਂ ਖੋਹਾਂ, ਠੱਗੀਆਂ-ਚੋਰੀਆਂ ਤੋਂ ਇਲਾਵਾ ਗੈਂਗਸਟਰਾਂ ਵਰਗੇ ਜੋਖ਼ਮ ਭਰੇ ਅਤੇ ਖ਼ਤਰਨਾਕ ਰਸਤੇ ਇਖਤਿਆਰ ਕਰਕੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਮਸਲਿਆਂ ਤੋਂ ਇਲਾਵਾ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਵੀ ਅਫ਼ਰਾ ਤਫ਼ਰੀ ਪੈਦਾ ਕਰ ਰਹੇ ਹਨ, ਜੋ ਕਿ ਭਵਿੱਖੀ ਪੀੜ੍ਹੀਆਂ ਲਈ ਖਤਰੇ ਦੀ ਘੰਟੀ ਦਾ ਸੰਕੇਤ ਹੈ। ਇਸ ਤੋਂ ਇਲਾਵਾ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿੱਚੋਂ ਪੜ੍ਹੇ ਲਿਖੇ ਮੁੰਡੇ ਕੁੜੀਆਂ ਜਾਂ ਫਿਰ ਇੱਥੋਂ ਦੀ ਪ੍ਰਤਿਭਾ, ਕੁਸ਼ਲਤਾ, ਦਿਮਾਗ ਰੂਪੀ ਕਰੀਮ ਅਤੇ ਵਿਦਵਤਾ ਤੋਂ ਵੀ ਅਸੀਂ ਵਾਂਝੇ ਹੋ ਰਹੇ ਹਾਂ। ਇੱਥੋਂ ਦੀ ਆਰਥਿਕਤਾ ਦਾ ਵੱਡਾ ਹਿੱਸਾ ਵਿਦੇਸ਼ਾਂ ਵਿੱਚ ਪਹੁੰਚ ਰਿਹਾ ਹੈ, ਜਿਸ ਕਰਕੇ ਸਾਡਾ ਦੇਸ਼ ਆਰਥਿਕ ਗਿਰਾਵਟ ਦੀ ਕਗਾਰ ’ਤੇ ਖੜ੍ਹਾ ਹੈ। ਅਜ਼ਾਦੀ ਤੋਂ ਬਾਅਦ ਕੇਂਦਰ ਅਤੇ ਰਾਜਾਂ ਵਿੱਚ ਸੱਤਾ ਸੁਖ ਭੋਗ ਚੁੱਕੀਆਂ ਅਤੇ ਭੋਗ ਰਹੀਆਂ ਰਾਜਨੀਤਕ ਪਾਰਟੀਆਂ ਵਿੱਚੋਂ ਕਿਸੇ ਨੇ ਵੀ ਇਸ ਗੰਭੀਰ ਮਸਲੇ ਵੱਲ ਧਿਆਨ ਕੇਂਦਰਿਤ ਨਹੀਂ ਕੀਤਾ, ਸਗੋਂ ਜਨਤਾ ਨੂੰ ਵੋਟ ਬੈਂਕ ਤੋਂ ਵੱਧ ਕੁਝ ਵੀ ਨਹੀਂ ਸਮਝਿਆ।
ਇਸੇ ਤਰ੍ਹਾਂ ਹੀ ਵੱਖ-ਵੱਖ ਸੂਬਿਆਂ ਤੋਂ ਪੰਜਾਬ ਵਿੱਚ ਆ ਰਹੇ ਲੋਕ ਪਹਿਲੋਂ ਭਾਵੇਂ ਮਜ਼ਦੂਰਾਂ ਦੇ ਰੂਪ ਵਿੱਚ ਆਰਜ਼ੀ ਤੌਰ ’ਤੇ ਆ ਕੇ ਵਸਦੇ ਹਨ ਪ੍ਰੰਤੂ ਜਲਦੀ ਹੀ ਇੱਥੇ ਉਨ੍ਹਾਂ ਦੀ ਪੱਕੀ ਸਥਾਪਤੀ ਹੋ ਜਾਂਦੀ ਹੈ। ਕਾਰਨ ਸਪਸ਼ਟ ਹੈ ਕਿ ਇੱਥੋਂ ਦੀ ਵੱਡੀ ਗਿਣਤੀ ਨੌਜਵਾਨੀ ਆਲਸੀ ਹੋ ਕੇ ਕੰਮ ਸੱਭਿਆਚਾਰ ਤੋਂ ਦੂਰੀ ਬਣਾ ਚੁੱਕੀ ਹੈ। ਭਾਰਤੀ ਸੰਵਿਧਾਨ ਭਾਵੇਂ ਕਿਸੇ ਵਿਅਕਤੀ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵਸਣ ਦਾ ਅਧਿਕਾਰ ਦਿੰਦਾ ਹੈ, ਪ੍ਰੰਤੂ ਕੁਝ ਸਮੇਂ ਤੋਂ ਆਮ ਲੋਕਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਬਾਰੇ ਵੱਖ ਵੱਖ ਤਰ੍ਹਾਂ ਦੇ ਖਦਸ਼ੇ ਪਏ ਜਾ ਰਹੇ ਹਨ, ਜੋ ਕਾਫੀ ਗੰਭੀਰਤਾ ਦੀ ਮੰਗ ਵੀ ਕਰਦੇ ਹਨ। ਇਸ ਬੀਤ ਰਹੇ ਵਰ੍ਹੇ ਦੌਰਾਨ ਔਰਤਾਂ ਅਤੇ ਲੜਕੀਆਂ ’ਤੇ ਹੁੰਦੇ ਅੱਤਿਆਚਾਰਾਂ, ਧੱਕਿਆਂ-ਧੋੜਿਆਂ ਦੀਆਂ ਵਾਰਦਾਤਾਂ ਦੇ ਗ੍ਰਾਫ ਵਿੱਚ ਵੀ ਕੋਈ ਕਮੀ ਆਈ ਨਜ਼ਰੀਂ ਨਹੀਂ ਪੈਂਦੀ। ਅੱਜ ਵੀ ਔਰਤਾਂ ਦਾਜ ਦੀ ਬਲੀ ਚੜ੍ਹਦੀਆਂ ਹਨ, ਘਰੇਲੂ ਹਿੰਸਾ, ਅਤੇ ਮਰਦਊ ਧੌਂਸ ਤੋਂ ਬੁਰੀ ਤਰ੍ਹਾਂ ਪੀੜਤ ਹਨ। ਇਸ ਤੋਂ ਇਲਾਵਾ ਝਾੜੀਆਂ, ਗਟਰਾਂ ਵਿੱਚੋਂ ਮਿਲਦੇ ਮਾਦਾ ਭਰੂਣ ਵੀ ਸਾਡੇ ਪੜ੍ਹੇ ਲਿਖੇ ਅਤੇ ਸੱਭਿਅਕ ਸਮਾਜ ਦੇ ਚਿਹਰੇ ’ਤੇ ਕਾਲਾ ਧੱਬਾ ਹੋਣ ਤੋਂ ਇਲਾਵਾ ਕਰਾਰੀ ਚਪੇੜ ਵੀ ਹੈ।
ਧਰਮ, ਜਾਤ, ਰੰਗ, ਨਸਲ ਅਤੇ ਲਿੰਗ ਆਦਿ ਦਾ ਪਾੜਾ ਵੀ ਬਾਦਸਤੂਰ ਜਾਰੀ ਹੈ। ਇਹ ਨਿੱਤ ਦਿਨ ਸੋਸ਼ਲ, ਇਲੈਕਟ੍ਰੌਨਿਕ ਅਤੇ ਪ੍ਰਿੰਟ ਮੀਡੀਏ ਦੀਆਂ ਵੱਡੀਆਂ ਸੁਰਖੀਆਂ ਬਣ ਰਿਹਾ ਹੈ। ਦਲਿਤਾਂ, ਮਜ਼ਦੂਰਾਂ ਦੇ ਗੈਰ ਸੰਵਿਧਾਨਕ ਬਾਈਕਾਟ, ਕਰਜ਼ਿਆਂ ਅਤੇ ਬੇਰੁਜ਼ਗਾਰੀ ਕਾਰਨ ਹੁੰਦੀਆਂ ਖੁਦਕੁਸ਼ੀਆਂ, ਮਸ਼ੀਨੀਕਰਨ ਕਾਰਨ ਗੈਰ-ਸਿੱਖਿਅਤ ਕਾਮਿਆਂ ਦਾ ਖੁਸਿਆ ਰੋਜ਼ਗਾਰ, ਰਾਖਵੇਂਕਰਨ ਨੂੰ ਲੱਗ ਰਿਹਾ ਖੋਰਾ, ਜਬਰੀ ਧਰਮ ਤਬਦੀਲੀ ਆਦਿ ਮਸਲਿਆਂ ਤੋਂ ਇਲਾਵਾ, ਦਲਿਤ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲੇ ਸਲੂਕ ਵਿੱਚ ਵੀ ਪਿਛਲੇ ਵਰ੍ਹਿਆਂ ਨਾਲੋਂ ਕੋਈ ਜ਼ਿਕਰਯੋਗ ਤਬਦੀਲੀ ਨਜ਼ਰੀਂ ਨਹੀਂ ਪੈ ਰਹੀ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਅਤੇ ਜ਼ਿੰਮੇਵਾਰ ਲੋਕ ਇਸ ਸਭ ਕੁਝ ਤੋਂ ਅਣਜਾਣ ਹੋਣ ਦਾ ਨਾਟਕ ਕਰਕੇ ਕਬੂਤਰ ਵਾਂਗ ਅੱਖਾਂ ਮੀਟ ਕੇ ਅਜਿਹੇ ਵਰਤਾਰਿਆਂ ਨੂੰ ਅਣਗੌਲਿਆਂ ਕਰਨ ਦਾ ਕੋਝਾ ਯਤਨ ਕਰ ਰਹੇ ਹਨ।
ਅੰਧ ਵਿਸ਼ਵਾਸ ਵਰਗੇ ਕੋਹੜ ਤੋਂ ਵੀ ਇਸ ਵਿਗਿਆਨਕ ਯੁਗ ਵਿੱਚ ਅਸੀਂ ਖਹਿੜਾ ਨਹੀਂ ਛੁਡਵਾ ਸਕੇ। ਛੋਟੇ-ਛੋਟੇ ਕਸਬਿਆਂ ਅਤੇ ਵੱਡੇ ਸ਼ਹਿਰਾਂ ਵਿੱਚ ਥਾਂ ਥਾਂ ਖੁੱਲ੍ਹੇ ਜੋਤਿਸ਼ ਕੇਂਦਰ ਅਤੇ ਵੱਖ-ਵੱਖ ਟੀ ਵੀ ਚੈਨਲਾਂ ’ਤੇ ਅੰਧ ਵਿਸ਼ਵਾਸ ਨੂੰ ਖੁੱਲ੍ਹੇਆਮ ਬੜ੍ਹਾਵਾ ਦਿੰਦੇ ਵਿਗਿਆਪਨ ਇਸਦੀ ਮੂੰਹ ਬੋਲਦੀ ਤਸਵੀਰ ਹਨ। ਡੇਰਾਵਾਦ ਵੀ ਆਪਣੀ ਚਰਮ ਸੀਮਾ ’ਤੇ ਹੈ। ਇਨ੍ਹਾਂ ਡੇਰਿਆਂ ਨਾਲ ਸੰਬੰਧਿਤ ਗੈਰ ਇਖ਼ਲਾਕੀ, ਗੈਰਕਾਨੰਨੀ ਘਟਨਾਵਾਂ ਵਿਰੋਧੀਆਂ ਵੱਲੋਂ ਨਹੀਂ ਸਗੋਂ ਸੋਸ਼ਲ, ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਏ ਤੋਂ ਨਸ਼ਰ ਹੋ ਰਹੀਆਂ ਹਨ। ਸਮਾਜਿਕ ਵਾਤਾਵਰਣ ’ਤੇ ਇਸਦਾ ਦੁਰਪ੍ਰਭਾਵ ਪ੍ਰਤੱਖ ਰੂਪ ਵਿੱਚ ਸਾਹਮਣੇ ਹੈ। ਰਾਜਨੀਤਕ ਧਿਰਾਂ ਲਈ ਅਜਿਹਾ ਵਰਤਾਰਾ ਸੌ ਪ੍ਰਤੀਸ਼ਤ ਲਾਹੇਵੰਦ ਸਾਬਤ ਹੋ ਰਿਹਾ ਹੈ ਕਿਉਂਕਿ ਗਰੀਬ ਅਤੇ ਮੱਧ ਵਰਗ ਦਾ ਇੱਕ ਵੱਡਾ ਹਿੱਸਾ ਆਪਣੇ ਦੁੱਖਾਂ-ਸੁਖਾਂ ਨੂੰ ਨਿਵਾਰਨ ਲਈ ਇਹਨਾਂ ਡੇਰਿਆਂ ਦੀ ਸ਼ਰਨ ਵਿੱਚ ਚੌਕੀਆਂ ਭਰਦਾ ਹੈ। ਕੁਝ ਰਾਜਸੀ ਲੋਕ ਡੇਰਾ ਮੁਖੀਆਂ ਨਾਲ ਗੰਢ-ਤੁੱਪ ਕਰਕੇ ਉਨ੍ਹਾਂ ਦੇ ਚੇਲਿਆਂ ਨੂੰ ਵੋਟਾਂ ਸਮੇਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਅੰਦਰਖ਼ਾਤੇ ਗੁਪਤ ਸੰਦੇਸ਼ ਵੀ ਜਾਰੀ ਕਰਵਾਉਂਦੇ ਹਨ ਤਾਂ ਜੋ ਰਾਜਭਾਗ ਦੀ ਉਮਰ ਹੋਰ ਲੰਮੇਰੀ ਹੋ ਸਕੇ। ਸਾਰੇ ਹੀ ਰਾਜਨੀਤਕ ਦਲ ਚੋਣਾਂ ਦੌਰਾਨ ਤਰ੍ਹਾਂ-ਤਰ੍ਹਾਂ ਦੇ ਵਾਅਦੇ, ਗਰੰਟੀਆਂ ਵੋਟਰਾਂ ਅੱਗੇ ਪਰੋਸਦੇ ਹਨ ਅਤੇ ਸੱਤਾ ਹਥਿਆਉਣ ਉਪਰੰਤ ਤੂੰ ਕੌਣ, ਮੈਂ ਕੌਣ ਵਾਲੀ ਸਥਿਤੀ ਬਣੀ ਹੋਈ ਹੈ। ਹਰ ਇੱਕ ਰਾਜਸੀ ਧਿਰ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਕਾਨੂੰਨੀ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾ ਕੇ ਇੱਕ ਦੂਸਰੇ ’ਤੇ ਨਿੱਜੀ ਚਿੱਕੜ ਉਛਾਲੀ ਅਤੇ ਦੋਸ਼ ਪ੍ਰਤੀਦੋਸ਼ ਲਗਾ ਕੇ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਵੋਟਰਾਂ ਦਾ ਇੱਕ ਵੱਡਾ ਹਿੱਸਾ ਰਾਜਨੀਤਕ ਦਲਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਸਮਝਣ ਦੇ ਰੌਂ ਵਿੱਚ ਨਹੀਂ ਜਾਪਦਾ ਸਗੋਂ ਨਿੱਜੀ ਖਾਹਿਸ਼ਾਂ ਅਤੇ ਮੁਫ਼ਤਖੋਰੀ ਵਿੱਚ ਗ੍ਰਸਤ ਹੈ; ਕੰਮ ਸੱਭਿਆਚਾਰ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਤੋਂ ਲਗਭਗ ਕਿਨਾਰਾ ਹੀ ਕਰ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਜੇਕਰ ਇਸ ਨਵੇਂ ਵਰ੍ਹੇ ਦੌਰਾਨ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਕਾਨੂੰਨ ਵਿਵਸਥਾ ਵਿੱਚ ਕੁਝ ਪ੍ਰਤੀਸ਼ਤ ਵੀ ਤਬਦੀਲੀ ਦੇ ਸੰਕੇਤ ਮਿਲ ਜਾਣ, ਜਿਸਦੀ ਸੰਭਾਵਨਾ ਬਹੁਤ ਹੀ ਘੱਟ ਹੈ, ਤਾਂ ਫਿਰ ਨਵੇਂ ਵਰ੍ਹੇ ਨੂੰ ਖੁਸ਼ਾਮਦੀਦ ਕਹਿਣ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਝਿਜਕ ਜਾਂ ਕਜੂੰਸੀ ਨਹੀਂ ਕਰਨੀ ਚਾਹੀਦੀ। ਇਸ ਲਈ ਸਾਰੀਆਂ ਰਾਜਨੀਤਕ ਪਾਰਟੀਆਂ, ਸਮਾਜਿਕ, ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਪੰਚਾਇਤਾਂ, ਨਗਰ ਕੌਂਸਲਾਂ, ਕਾਰਪੋਰੇਸ਼ਨਾਂ ਦੇ ਨੁਮਾਇੰਦਿਆਂ, ਕਲੱਬਾਂ, ਅਤੇ ਹੋਰ ਜ਼ਿੰਮੇਵਾਰ ਸ਼ਖਸੀਅਤਾਂ ਨੂੰ ਪੁਰਜ਼ੋਰ ਗੁਜ਼ਾਰਿਸ਼ ਹੈ ਕਿ ਆਪਸੀ ਮੱਤਭੇਦ ਭੁਲਾ ਕੇ, ਸਵਾਰਥੀ ਵਲਗਣਾਂ ਵਿੱਚੋਂ ਬਾਹਰ ਆ ਕੇ ਹਰ ਪੱਖੋਂ ਉਲਝ ਚੁੱਕੇ ਤਾਣੇਬਾਣੇ ਨੂੰ ਸੁਲਝਾਉਣ ਦੀ ਦਿਸ਼ਾ ਵੱਲ ਸੇਧਿਤ ਹੋ ਕੇ ਪਹਿਲਕਦਮੀ ਕਰਦਿਆਂ ਇਸ ਸ਼ੁਭ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਅਜਿਹਾ ਕਰਕੇ ਹੀ ਅਸੀਂ ਭਵਿੱਖ ਵਿੱਚ ਨਵੇਂ ਵਰ੍ਹੇ ਨੂੰ ਸਹੀ ਅਰਥਾਂ ਵਿੱਚ ਖੁਸ਼ ਆਮਦੀਦ ਕਹਿਣ ਅਤੇ ਮੁਬਾਰਕਾਂ ਦੇਣ ਦੇ ਅਸਲ ਹੱਕਦਾਰ ਹੋਣ ਦਾ ਦਾਅਵਾ ਕਰ ਰਹੇ ਹੋਵਾਂਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5571)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)