“ਆਪਣੇ ਨੁਮਾਇੰਦਿਆਂ ਦੀ ਚੋਣ ਤਾਂ ਸਾਨੂੰ ਕਰਨੀ ਹੀ ਪੈਂਦੀ ਹੈ ਕਿਉਂਕਿ ‘ਨੋਟਾ’ ਵੀ ਇਹਨਾਂ ਨੂੰ ਰਾਜਨੀਤਿਕ ਮੰਚ ਅਤੇ ...”
(19 ਅਗਸਤ 2024)
ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਪ੍ਰਾਪਤ ਹੈ, ਜਿਸ ਕਾਰਨ ਇਸਦੇ ਬਸ਼ਿੰਦਿਆਂ ਨੂੰ ਵੀ ਆਪਣੇ ਆਪ ’ਤੇ ਫਖ਼ਰ ਮਹਿਸੂਸ ਹੋਣਾ ਸੁਭਾਵਿਕ ਹੀ ਹੈ। ਦੇਸ਼ ਦੇ ਨਾਗਰਿਕ ਹੋਣ ਕਾਰਨ ਹਰ ਵਿਅਕਤੀ ਨੂੰ ਆਪਣੇ ਦੇਸ਼, ਸੂਬੇ ਅਤੇ ਖਿੱਤੇ ਦੀ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਜਾਣਕਾਰੀ ਰੱਖਣ ਜਾਂ ਸੰਬੰਧਿਤ ਸਰੋਤਾਂ ਤੋਂ ਪ੍ਰਾਪਤ ਕਰਨ ਦਾ ਭਾਰਤੀ ਸੰਵਿਧਾਨ ਅਧਿਕਾਰ ਵੀ ਦਿੰਦਾ ਹੈ। ਹਥਲੇ ਲੇਖ ਦਾ ਵਿਸ਼ਾ ਸਾਡੇ ਆਲੇ ਦੁਆਲੇ ਜੋ ਵੀ ਵਰਤਾਰਾ ਵਾਪਰ ਰਿਹਾ ਹੈ, ਬਾਰੇ ਵਿਚਾਰ ਚਰਚਾ ਕਰਨਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀ ਭਾਰਤੀ ਵਿਵਸਥਾ ਬਾਰੇ ਬਹੁਤ ਕੁਝ ਸੁਣਿਆ ਅਤੇ ਪੜ੍ਹਿਆ ਗਿਆ ਹੈ, ਜਿਸ ਨੂੰ ਵਾਚਦਿਆਂ ਅਜੋਕੇ ਦੌਰ ਅਤੇ ਪਹਿਲੇ ਦੌਰ ਵਿੱਚ ਵੱਡਾ ਅੰਤਰ ਵੀ ਮਹਿਸੂਸ ਹੁੰਦਾ ਹੈ। ਸਾਡੇ ਦਿਮਾਗ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਜਦੋਂ ਲੋਕਤੰਤਰ ਦੀ ਤਸਵੀਰ ਉੱਘੜਦੀ ਹੈ ਤਾਂ ਅਛੋਪਲੇ ਹੀ ਸਾਡੇ ਜ਼ਿਹਨ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਪ੍ਰਵੇਸ਼ ਕਰ ਜਾਂਦੇ ਹਨ। ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਜਿਸ ਲੋਕਤੰਤਰ ਦੀ ਅਸੀਂ ਗੱਲ ਕਰ ਰਹੇ ਹਾਂ, ਕੀ ਅਮਲੀ ਰੂਪ ਵਿੱਚ ਉਸ ਦਾ ਪ੍ਰਗਟਾਵਾ ਜਨਤਕ ਮੰਚ ’ਤੇ ਦਿਖਾਈ ਵੀ ਦੇ ਰਿਹਾ ਹੈ? ਇੱਥੇ ਇੱਕ ਗੱਲ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਤਤਕਾਲੀ ਰਾਜਨੀਤਿਕ ਨੇਤਾਵਾਂ ਦਾ ਆਚਾਰ, ਸਿਧਾਂਤਕ ਪਕਿਆਈ, ਦੇਸ਼, ਕੌਮ ਅਤੇ ਜਨਤਕ ਹਿਤਾਂ ਦੀ ਪੂਰਤੀ ਲਈ ਪ੍ਰਤੀਬੱਧਤਾ ਤੋਂ ਇਲਾਵਾ ਲਗਭਗ ਸਾਰੇ ਹੀ ਦਲਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਪਾਰਦਰਸ਼ਤਾ, ਮਿਆਰੀ ਰਾਜਨੀਤੀ, ਮਨੋਭਾਵਨਾ, ਵਿਰੋਧੀਆਂ ਪ੍ਰਤੀ ਸਤਿਕਾਰ ਅਤੇ ਲੋਕ ਸੇਵਾ ਆਦਿ ਵਰਗੇ ਸਕੰਲਪਾਂ ਨੂੰ ਸਮਰਪਿਤ ਹੋਣਾ ਸੀ। ਇਸਦੇ ਉਲਟ ਪਿਛਲੇ ਕੁਝ ਸਮੇਂ ਤੋਂ ਅਤੇ ਵਿਸ਼ੇਸ਼ ਕਰਕੇ ਮੌਜੂਦਾ ਦੌਰ ਵਿੱਚ ਉਕਤ ਸਭ ਕੁਝ ਲਗਭਗ ਅਲੋਪ ਹੋਣ ਦੀ ਕਾਗਾਰ ’ਤੇ ਹੀ ਪਹੁੰਚ ਰਿਹਾ ਹੈ। ਇਸ ਤਰ੍ਹਾਂ ਜਪਦਾ ਹੈ ਕਿ ਦੇਸ਼, ਕੌਮ ਅਤੇ ਲੋਕ ਹਿਤਾਂ ਨੂੰ ਪ੍ਰਣਾਏ ਰਾਜਨੀਤਕ ਨੇਤਾਵਾਂ ਦਾ ਜਿਵੇਂ ਕਾਲ ਹੀ ਪੈ ਗਿਆ ਹੋਵੇ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਨੈਤਿਕਤਾ, ਸਿਧਾਂਤ ਅਤੇ ਸਮਾਜਿਕ ਰਹੁ ਰੀਤਾਂ, ਸਵੈ ਸਤਿਕਾਰ ਅਤੇ ਵਿਰੋਧੀਆਂ ਪ੍ਰਤੀ ਸੁਨੇਹ ਵਰਗੇ ਸ਼ਬਦਾਂ ਦੀ ਮਹੱਤਤਾ, ਗਰਿਮਾ ਦੇ ਸਿਰਫ ਅਰਥ ਹੀ ਨਾ ਬਦਲੇ ਹੋਣ, ਸਗੋਂ ਉਹ ਆਪਣਾ ਵਜੂਦ ਵੀ ਗੁਆ ਚੁੱਕੇ ਹੋਣ।
ਮੁਲਕ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦ ਕਰਵਾਉਣ ਵਾਲੀਆਂ ਸੰਸਥਾਵਾਂ, ਤਰ੍ਹਾਂ ਤਰ੍ਹਾਂ ਦੇ ਅਕਹਿ ਅਤੇ ਅਸਹਿ ਤਸੀਹੇ ਸਹਿਣ ਵਾਲੇ ਆਜ਼ਾਦੀ ਘੁਲਾਟੀਏ, ਆਮ ਲੋਕ, ਦੇਸ਼ ਕੌਮ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦਾਂ ਤੋਂ ਇਲਾਵਾ ਭਾਰਤੀ ਸੰਵਿਧਾਨ ਦੀ ਰਚੇਤਾ ਖਰੜਾ, ਕਮੇਟੀ ਅਤੇ ਇਸਦੇ ਮੁਖੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਵਰਗੇ ਮਹਾਨ ਲੋਕਾਂ ਦੀਆਂ ਰੂਹਾਂ ਅਜੋਕੇ ਵੱਡੀ ਗਿਣਤੀ ਰਾਜਸੀ ਨੇਤਾਵਾਂ ਵੱਲੋਂ ਸ਼ਰਮਨਾਕ, ਲੋਕ ਵਿਰੋਧੀ, ਗੈਰ ਇਖ਼ਲਾਕੀ ਅਤੇ ਗੈਰ ਮਿਆਰੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਦੇਖ ਕੇ ਕੁਰਲਾਉਣ ਤੋਂ ਇਲਾਵਾ ਸ਼ਰਮਸਾਰ ਵੀ ਹੁੰਦੀਆਂ ਹੋਣਗੀਆਂ। ਕੀ ਦੇਸ਼ ਦੇ ਵੋਟਰ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਸਿਰਫ ’ਤੇ ਸਿਰਫ ਆਪਣੀ ਤੌਹੀਨ ਕਰਵਾਉਣ ਲਈ ਹੀ ਚੁਣਦੇ ਹਨ? ਇਸ ਤਰ੍ਹਾਂ ਜਪਦਾ ਹੈ ਕਿ ਦੇਸ਼ ਅਤੇ ਸੂਬਿਆਂ ਦੇ ਮੁੱਦਿਆਂ ਤੋਂ ਇਲਾਵਾ ਉਨ੍ਹਾਂ ਦੀਆਂ ਨਿੱਜੀ ਮੰਗਾਂ, ਮਸਲੇ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਵਿਚਾਰੇ ਜਾਂਦੇ ਹਨ ਜੋ ਕਿ ਸਿਰਫ ਇਸੇ ਕੰਮ ਲਈ ਹੀ ਬਣੀਆਂ ਹਨ। ਸਾਂਸਦਾਂ ਅਤੇ ਵਿਧਾਇਕਾਂ ਕੋਲ ਅਜਿਹੇ ਲੋਕ ਪੱਖੀ ਕਾਰਜਾਂ ਲਈ ਕੋਈ ਸਮਾਂ ਹੀ ਨਹੀਂ ਹੈ। ਚੋਣਾਂ ਤੋਂ ਪਹਿਲਾਂ ਸਮੁੱਚੇ ਰਾਜਨੀਤਿਕ ਦਲ ਇੱਕ ਦੂਜੇ ਤੋਂ ਵਧ ਚੜ੍ਹ ਕੇ ਜਨਤਾ ਨਾਲ ਅਜਿਹੇ ਵਾਅਦੇ ਅਤੇ ਗਰੰਟੀਆਂ ਕਰਦੇ ਹਨ, ਜਿਨ੍ਹਾਂ ਦੀ ਪੂਰਤੀ ਦੇਸ਼ ਅਤੇ ਸੂਬਿਆਂ ਦੀ ਆਰਥਿਕ, ਸਮਾਜਿਕ ਅਤੇ ਧਾਰਮਿਕ ਸਥਿਤੀ ਦੇ ਚਲਦਿਆਂ ਸੰਭਵ ਹੀ ਨਹੀਂ ਹੁੰਦੀ। ਆਜ਼ਾਦੀ ਤੋਂ ਬਾਅਦ ਦੇ ਕੁਝ ਸਮੇਂ ਨੂੰ ਛੱਡ ਕੇ ਅਜਿਹਾ ਵਰਤਾਰਾ ਬੜੀ ਬੇਸ਼ਰਮੀ ਅਤੇ ਢੀਠਤਾਈ ਨਾਲ ਬਾ-ਦਸਤੂਰ ਜਾਰੀ ਹੈ। ਹਰ ਵਾਰ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਸਮੇਂ ਵੋਟਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਲੁਭਾਉਣੇ ਨਾਅਰੇ, ਨਸ਼ੇ, ਸਾੜ੍ਹੀਆਂ, ਗੈਸ ਸਿਲੰਡਰ, ਕੋਲਡ ਡਰਿੰਕ ਪਰੋਸਣ ਤੋਂ ਇਲਾਵਾ, ਝੂਠ ਫਰੇਬ, ਡਰਾਉਣ ਧਮਕਾਉਣ ਤਕ ਤੋਂ ਵੀ ਗਰੇਜ ਨਹੀਂ ਕੀਤਾ ਜਾਂਦਾ। ਮੁਫਤ ਬਿਜਲੀ, ਪਾਣੀ, ਆਟਾ ਦਾਲ ਆਦਿ ਦੇ ਲੌਲੀਪੋਪ ਦੇਣ ਨੂੰ ਇਸ ਤਰ੍ਹਾਂ ਪ੍ਰਚਾਰਿਆ ਜਾਂਦਾ ਹੈ, ਜਿਵੇਂ ਕੋਈ ਨੇਤਾ ਆਪਣੀ ਜੇਬ ਵਿੱਚੋਂ ਦੇਣ ਦੀ ਪੇਸ਼ਕਸ਼ ਕਰ ਰਿਹਾ ਹੋਵੇ। ਉਹ ਭੁੱਲ ਜਾਂਦੇ ਹਨ ਕਿ ਇਹ ਗਰੀਬ ਅਤੇ ਆਮ ਲੋਕਾਂ ਦੀ ਟੈਕਸ ਦੇ ਰੂਪ ਵਿੱਚ ਦਿੱਤੀ ਹੋਈ ਰਾਸ਼ੀ ਹੈ ਅਤੇ ਲੋਕਾਂ ਨੇ ਹੀ ਆਪਣੀ ਕੀਮਤੀ ਵੋਟ ਦੇ ਕੇ ਉਨ੍ਹਾਂ ਨੂੰ ਇਹ ਰਾਸ਼ੀ ਤਕਸੀਮ ਕਰਨ ਦੇ ਕਾਬਲ ਵੀ ਬਣਾਇਆ ਹੈ। ਅਜਿਹਾ ਕਰਕੇ ਸਰਕਾਰਾਂ ਲੋਕਾਂ ’ਤੇ ਕੋਈ ਅਹਿਸਾਨ ਨਹੀਂ ਕਰ ਰਹੀਆਂ।
ਇਸੇ ਤਰ੍ਹਾਂ ਹੀ ਕਿਸੇ ਸੂਬੇ ਵਿੱਚ ਔਰਤਾਂ ਨੂੰ 1000 ਅਤੇ ਕੋਈ ਹੋਰ ਸੂਬਾ1500 ਸੌ ਰੁਪਏ ਪ੍ਰਤੀ ਮਹੀਨਾ ਦੇਣ, ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ, ਅਤੇ ਕੱਟੇ ਹੋਏ ਅਲਾਉਂਸ ਮੁੜ ਬਹਾਲ ਕਰਨ ਦੇ ਝੂਠੇ ਅਤੇ ਫਰੇਬੀ ਵਾਅਦੇ ਵੀ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ। ਰਵਾਇਤੀ ਪਾਰਟੀਆਂ ਦੀ ਸਿਆਸਤ ਤੋਂ ਐਨ ਉਲਟ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਅਜਿਹੀ ਪਾਰਟੀ ਦਾ ਜਨਮ ਹੋਇਆ ਜੋ ਇੱਥੋਂ ਦੀ ਸਮੁੱਚੀ ਵਿਵਸਥਾ ਨੂੰ ਮੁੱਢੋਂ ਖਾਰਿਜ ਕਰਕੇ ਇੱਕ ਨਵੀਂ ਵਿਵਸਥਾ ਕਾਇਮ ਕਰਨ ਦਾ ਦਮ ਭਰਦੀ ਨਜ਼ਰੀਂ ਆਈ। ਇਸ ਨਵੀਂ ਰਾਜਨੀਤਿਕ ਪਾਰਟੀ ਤੋਂ ਲੋਕਾਂ ਨੂੰ ਕੁਝ ਆਸ ਦੀ ਕਿਰਨ ਵੀ ਦਿਖਾਈ ਦਿੱਤੀ। ਪ੍ਰੰਤੂ ਅਫਸੋਸ, ਇਹ ਵੀ ਸੱਤਾ ਹਥਿਆਉਣ ਉਪਰੰਤ ਆਪਣੇ ਅਸਲ ਵਿਧੀ-ਵਿਧਾਨ ਨੂੰ ਤਿਲਾਂਜਲੀ ਦਿੰਦਿਆਂ ਰਵਾਇਤੀ ਰਾਜਨੀਤਿਕ ਦਲਾਂ ਵਾਂਗ ਉਸੇ ਹਮਾਮ ਦਾ ਹਿੱਸਾ ਬਣ ਕੇ ਰਹਿ ਗਈ। ਆਮ ਜਨਤਾ ਅਤੇ ਰਾਜਨੀਤਿਕ ਵਿਰੋਧੀਆਂ ਕੋਲ ਉਹਨਾਂ ਦੀਆਂ ਪੁਰਾਣੀਆਂ, ਵੀਡੀਓ, ਟਵੀਟ ਨੂੰ ਸੋਸ਼ਲ ਮੀਡੀਆ ’ਤੇ ਪਾਉਣ ਤੋਂ ਸਿਵਾਏ ਕੁਝ ਵੀ ਹੱਥ ਪੱਲੇ ਦਿਖਾਈ ਨਹੀਂ ਦਿੰਦਾ। ਸਮਾਜ ਦਾ ਹਰ ਵਰਗ ਆਪਣੇ ਆਪ ਨੂੰ ਜਿੱਥੇ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ, ਉੱਥੇ ਹੀ ਉਹਨਾਂ ਦੇ ਚਿਹਰਿਆਂ ’ਤੇ ਪਛਤਾਵੇ ਦੀਆਂ ਲਕੀਰਾਂ ਵੀ ਸਾਫ ਸਾਫ ਝਲਕਦੀਆਂ ਦੇਖੀਆਂ ਜਾ ਸਕਦੀਆਂ ਹਨ।
ਕੇਂਦਰੀ ਸਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦਾ ਤਾਂ ਬਾਬਾ ਆਲਮ ਹੀ ਨਿਰਾਲਾ ਹੈ। ਜਾਪਦਾ ਹੈ ਜਿਵੇਂ ਸੰਵਿਧਾਨ ਦੀ ਅਣਦੇਖੀ ਕਰਨ, ਨੈਤਿਕ ਕਦਰਾਂ ਕੀਮਤਾਂ ਨੂੰ ਵਿਸਾਰਨ, ਘੱਟ ਗਿਣਤੀਆਂ ’ਤੇ ਹਮਲਿਆਂ ਤੋਂ ਇਲਾਵਾ ਬੁੱਧੀਜੀਵੀਆਂ, ਆਲੋਚਕਾਂ ਨੂੰ ਸਬਕ ਸਿਖਾਉਣ ਦਾ ਠੇਕਾ ਹੀ ਇਸ ਨੇ ਲੈ ਲਿਆ ਹੋਵੇ। ਸਰਕਾਰ ਦਾ ਇੱਕ ਨੁਕਾਤੀ ਪ੍ਰੋਗਰਾਮ ਅੰਦੋਲਨ ਰਹਿਤ ਸੜਕਾਂ, ਵਿਰੋਧੀ ਧਿਰ ਰਹਿਤ ਪਾਰਲੀਮੈਂਟ ਤੋਂ ਇਲਾਵਾ ਆਲੋਚਨਾ ਮੁਕਤ ਜਨਤਾ ਹੀ ਹੈ। ਅਜਿਹੀਆਂ ਨੀਤੀਆਂ ਲੋਕਤੰਤਰ ਲਈ ਵੱਡਾ ਖਤਰਾ ਮੰਨੀਆ ਜਾ ਸਕਦੀਆਂ ਹਨ।
ਇਸੇ ਤਰ੍ਹਾਂ ਹੀ ਰਾਜਨੀਤੀ ਵਿੱਚ ਰਾਜਨੀਤਕ ਪਾਰਟੀਆਂ ਸੱਤਾ ਪ੍ਰਾਪਤੀ ਲਈ ਹਮਖਿਆਲੀ ਪਾਰਟੀਆਂ ਨਾਲ ਘੱਟੋ ਘੱਟ ਸਾਂਝੇ ਪ੍ਰੋਗਰਾਮ ਤਹਿਤ ਗਠਜੋੜ ਕਰਦੀਆਂ ਹਨ, ਜੋ ਕਿਸੇ ਤਰ੍ਹਾਂ ਵੀ ਅਣਉਚਿਤ ਨਹੀਂ ਹੁੰਦਾ। ਪ੍ਰੰਤੂ ਭਾਰਤ ਵਿੱਚ ਕੇਂਦਰ ਅਤੇ ਸੂਬਿਆਂ ਵਿੱਚ ਸਿਧਾਂਤਾਂ ਨੂੰ ਅਣਗੌਲਿਆ ਕਰਕੇ ਸਿਰਫ ਸੱਤਾ ਪ੍ਰਾਪਤੀ ਲਈ ਹੀ ਗਠਜੋੜ ਕੀਤੇ ਜਾਂਦੇ ਹਨ। ਅਜਿਹੇ ਗਠਜੋੜ ਥੋੜ੍ਹਚਿਰੇ ਹੋਣ ਤੋਂ ਇਲਾਵਾ ਕਦੇ ਵੀ ਸੰਬੰਧਿਤ ਦਲਾਂ ਦੇ ਕਾਡਰ ਅਤੇ ਜਨਤਾ ਦੇ ਹਿਤ ਵਿੱਚ ਨਹੀਂ ਹੁੰਦੇ। ਇਸ ਨਾਲ ਕਿਸੇ ਦੇਸ਼ ਜਾਂ ਸੂਬੇ ਦਾ ਭਵਿੱਖ ਰੌਸ਼ਨਾ ਸਕੇ, ਇਹ ਕਦਾਚਿੱਤ ਵੀ ਸੰਭਵ ਨਹੀਂ ਹੁੰਦਾ।
ਅਜੋਕੇ ਦੌਰ ਵਿੱਚ ਦੇਸ਼ ਦਾ ਕੋਈ ਵੀ ਕੌਮੀ ਜਾਂ ਖੇਤਰੀ ਰਾਜਨੀਤਿਕ ਦਲ ਅਜਿਹਾ ਨਹੀਂ, ਜੋ ਬਾਂਹ ਖੜ੍ਹੀ ਕਰਕੇ ਐਲਾਨ ਕਰੇ ਕਿ ਉਹ ਆਪਣੀ ਪਾਰਟੀ ਦੇ ਸਿਧਾਂਤਾਂ, ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਹੂਬਹੂ ਤਾਂ ਕੀ ਕੁਝ ਹੱਦ ਤਕ ਵੀ ਲਾਗੂ ਕਰਨ ਦਾ ਦਾਅਵਾ ਕਰ ਸਕੇ। ਇਲੈਕਟ੍ਰੌਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਏ ਤੋਂ ਨਸ਼ਰ ਹੁੰਦੀਆਂ ਵੱਖ-ਵੱਖ ਸੰਸਥਾਵਾਂ ਦੇ ਭ੍ਰਿਸ਼ਟਾਚਾਰ ਦੀਆਂ ਕਥਿਤ ਖਬਰਾਂ, ਜਨਤਾ ਦੁਆਰਾ ਚੁਣੇ ਹੋਏ ਵਿਧਾਇਕਾਂ, ਸਾਂਸਦਾਂ ਦੀ ਖਰੀਦੋ ਫਰੋਖ਼ਤ, ਦਲ ਬਦਲੀਆਂ ਕਰਕੇ/ਕਰਵਾਕੇ ਵਿਰੋਧੀ ਸਰਕਾਰਾਂ ਨੂੰ ਡੇਗਣਾ ਪਹਿਲਾਂ ਪਹਿਲ ਤਾਂ ਅਨੋਖਾ ਅਤੇ ਹੈਰਾਨੀਜਨਕ ਜਾਪਦਾ ਸੀ ਪ੍ਰੰਤੂ ਅੱਜ ਕੱਲ੍ਹ ਦੇ ਚੁਣਾਵੀ ਮੌਸਮਾਂ ਦੌਰਾਨ ਨੇਤਾਵਾਂ ਵੱਲੋਂ ਲਾਲਸੀ ਮਾਨਸਿਕਤਾ ਅਧੀਨ ਇੱਧਰ ਉੱਧਰ ਮਾਰੀਆਂ ਜਾਂਦੀਆਂ ਰਾਜਨੀਤਿਕ ਟਪੂਸੀਆਂ ਨੂੰ ਆਮ ਲੋਕ ਵੱਲੋਂ ਬਹੁਤੀ ਤਵੱਜੋ ਅਤੇ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਇਸ ਨੂੰ ਸਿਆਸੀ ਅਤੇ ਬੌਧਿਕ ਕੰਗਾਲੀ, ਗਿਰਾਵਟ, ਬੇਸ਼ਰਮੀ ਦੀ ਇੰਤਹਾ ਆਦਿ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਮੰਨਿਆ ਜਾ ਸਕਦਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਜਾਣਕਾਰੀ ਦੀ ਘਾਟ ਜਾਂ ਕਿਸੇ ਹੋਰ ਪ੍ਰਭਾਵ ਅਧੀਨ ਕਿਸੇ ਵਿਅਕਤੀ ਤੋਂ ਗਲਤ ਰਾਜਨੀਤਕ ਦਲ ਦੀ ਚੋਣ ਹੋ ਗਈ, ਪ੍ਰੰਤੂ ਹੈਰਾਨੀ ਅਤੇ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਮਲਾਈਦਾਰ ਅਹੁਦਿਆਂ ’ਤੇ ਰਹਿ ਕੇ ਵੀ ਕੋਈ ਵਿਅਕਤੀ ਇਹ ਕਹਿੰਦਿਆਂ ਕਿਸੇ ਦੂਸਰੇ ਦਲ ਦਾ ਪੱਲਾ ਫੜਦਾ ਹੈ ਕਿ ਇੱਥੇ ਅਨੁਸ਼ਾਸਨਹੀਣਤਾ, ਆਪਸੀ ਕੁੱਕੜਖੋਹੀ, ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਦਾ ਬੋਲਬਾਲਾ ਹੈ, ਜਿਸ ਕਰਕੇ ਇਸ ਰਾਜਨੀਤਿਕ ਦਲ ਵਿੱਚ ਮੇਰਾ ਦਮ ਘੁੱਟ ਰਿਹਾ ਸੀ। ਅਜਿਹੇ ਵਿਅਕਤੀਆਂ ਨੂੰ ਕੱਟੜ ਇਮਾਨਦਾਰੀ ਅਤੇ ਸਿਧਾਂਤਕ ਪ੍ਰਪੱਕਤਾ ਦਾ ਜਨਤਕ ਤੌਰ ’ਤੇ ਅਲੰਬਰਦਾਰ ਕਹਾਉਣ ਵਾਲੇ ਆਪਣੇ ਸਿਧਾਂਤਾਂ ਅਤੇ ਪ੍ਰੋਗਰਾਮਾਂ ਦੇ ਐਨ ਉਲਟ ਆਪਣੇ ਦਲ ਵਿੱਚ ਸ਼ਾਮਿਲ ਕਰਦਿਆਂ ਜ਼ਰਾ ਜਿੰਨੀ ਵੀ ਹੀਣਤਾ ਨਹੀਂ ਮੰਨ ਰਹੇ। ਜੇਕਰ ਇਸ ਨੂੰ ਸਤਹੀ ਲਾਲਸਾ ਦਾ ਸਿਰਾ ਕਹਿ ਲਈਏ ਤਾਂ ਕਿਸੇ ਤਰ੍ਹਾਂ ਵੀ ਗਲਤ ਨਹੀਂ ਹੋਵੇਗਾ। ਉਹ ਭੁੱਲ ਜਾਂਦੇ ਹਨ ਕਿ ਲੋਕ ਸਭਾ ਜਾਂ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਉਣ ਲਈ ਕੀ ਕੀ ਪਾਪੜ ਵੇਲੇ ਹੋਣਗੇ। ਕੀ ਸੰਬੰਧਿਤ ਵੋਟਰਾਂ ਦੀ ਅੰਤਰਆਤਮਾ ਅਜਿਹੇ ਅਕ੍ਰਿਤਘਣਾਂ ਨੂੰ ਕਦੇ ਮੁਆਫ ਕਰ ਸਕੇਗੀ? ਅਜਿਹੇ ਨੇਤਾਵਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਕੀ ਉਹਨਾਂ ਵੱਲੋਂ ਦੇਸ਼ ਦੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਮੁੱਦਿਆਂ ਤੋਂ ਇਲਾਵਾ ਆਮ ਲੋਕਾਂ ਦੀਆਂ ਨਿੱਜੀ ਮੰਗਾਂ ਮਸਲਿਆਂ ਨੂੰ ਬਹਿਸ ਦਾ ਹਿੱਸਾ ਬਣਾ ਕੇ ਆਪਣੀ ਫਰਜ਼ ਪੂਰਤੀ ਵਲ ਕਦਮ ਵਧਾਉਣ ਦਾ ਉਹਨਾਂ ਕੋਈ ਜੋਖਮ ਲਿਆ? ਕੀ ਫਿਰ ਉਹਨਾਂ ਵੱਲੋਂ ਇੱਕ ਦੂਸਰੇ ’ਤੇ ਨਿੱਜੀ ਚਿੱਕੜ ਉਸ਼ਾਲੀ ਕਰਨ ਜਾਂ ਲੋਕਾਂ ਦੇ ਖੂਨ ਪਸੀਨੇ ਦੀ ਟੈਕਸ ਦੇ ਰੂਪ ਵਿੱਚ ਆਈ ਰਾਸ਼ੀ ਅਤੇ ਸਮਾਂ ਬਰਬਾਦ ਕਰਨ ਦਾ ਹੀ ਠੇਕਾ ਹੀ ਲਿਆ ਹੋਇਆ ਹੈ?
ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀ ਸਥਿਤੀ ਵਿੱਚ ਕੀ ਵੋਟਰ ਆਪਣੇ ਬੱਚਿਆਂ ਦੇ ਭਵਿੱਖ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਮੂਕ ਦਰਸ਼ਕ ਬਣ ਕੇ ਖਿਲਵਾੜ ਹੁੰਦਾ ਹੀ ਦੇਖਦੇ ਰਹਿਣਗੇ ਜਾਂ ਫਿਰ ਕਿਸੇ ਨਵੇਂ ਮਦਾਰੀ ਦੀ ਡੁਗਡੁਗੀ ਅਤੇ ਬੰਸਰੀ ਵਜਾਉਣ ਦੀ ਉਡੀਕ ਕਰਨਗੇ, ਜਿਸਦੀ ਮਧੁਰ ਧੁਨੀ ਵਿੱਚ ਮੰਤਰ ਮੁਗਧ ਹੋ ਕੇ ਅਗਲੇ ਪੰਜ ਸਾਲਾਂ ਲਈ ਫਿਰ ਕਿਸੇ ਹੋਰ ਨੂੰ ਪਹਿਲਾਂ ਵਾਂਗ ਸਤਾ ਪਰੋਸਦੇ ਰਹਿਣਗੇ। ਭਵਿੱਖ ਵਿੱਚ ਵੀ ਚੋਣਾਂ ਸਮੇਂ ਵੋਟਰਾਂ ਸਾਹਮਣੇ ਇੱਕ ਵੱਡਾ ਸਵਾਲ ਉੱਭਰ ਕੇ ਆਉਂਦਾ ਰਹੇਗਾ ਕਿ ਉਮੀਦਵਾਰਾਂ ਵਜੋਂ ਬੇਈਮਾਨ, ਬਲਾਤਕਾਰੀਏ, ਰਿਸ਼ਵਤਖੋਰ, ਠੱਗ, ਧਾਰਮਿਕ ਕੱਟੜਪੰਥੀਏ, ਦੰਗਈ, ਫਿਰਕਾਪ੍ਰਸਤ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਸੰਗੀਨ ਅਪਰਾਧਿਕ ਬਿਰਤੀ ਵਾਲੇ ਚੁਣਾਵੀ ਪਿੜ ਵਿੱਚ ਦਰਪੇਸ਼ ਹੋ ਕੇ ਆਪਣੇ ਲੱਛੇਦਾਰ ਭਾਸ਼ਣ, ਗਰੀਬ ਹਿਤੈਸ਼ੀ ਹੋਣ ਦੇ ਦਾਅਵੇ ਵਾਅਦੇ ਅਤੇ ਮਗਰਮੱਛ ਦੇ ਹੰਝੂਆਂ ਦਾ ਦਿਖਾਵਾ ਕਰਦੇ ਰਹਿਣਗੇ। ਇਸ ਲਈ ਸਾਨੂੰ ਨਿੱਜ ਤੋਂ ਉੱਪਰ ਉੱਠ ਕੇ ਨਸ਼ਿਆਂ, ਮੁਫਤ ਖੋਰੀ ਦੀਆਂ ਰਿਓੜੀਆਂ, ਜਾਤਾਂ, ਧਰਮਾਂ, ਖਿੱਤਿਆਂ ਆਦਿ ਨੂੰ ਠੋਹਕਰ ਮਾਰ ਕੇ ਰਾਜਨੀਤਿਕ ਦਲਾਂ ਦਾ ਪਿਛੋਕੜ ਅਤੇ ਵਿਸ਼ੇਸ਼ ਕਰਕੇ ਉਮੀਦਵਾਰ ਦਾ ਆਚਾਰ, ਭਰੋਸੇਯੋਗਤਾ ਅਤੇ ਜਨਤਕ ਸਰੋਕਾਰਾਂ ਨੂੰ ਧਿਆਨ ਹਿਤ ਰੱਖਦਿਆਂ ਹੀ ਆਪਣੇ ਨੁਮਾਇੰਦਿਆਂ ਦੀ ਚੋਣ ਕਰੀਏ ਤਾਂ ਕਿ ਨਮੋਸ਼ੀ ਅਤੇ ਪਛਤਾਵੇ ਦੀ ਅੱਗ ਵਿੱਚ ਸੜਨ ਤੋਂ ਬਚਿਆ ਜਾ ਸਕੇ।
ਆਪਣੇ ਨੁਮਾਇੰਦਿਆਂ ਦੀ ਚੋਣ ਤਾਂ ਸਾਨੂੰ ਕਰਨੀ ਹੀ ਪੈਂਦੀ ਹੈ ਕਿਉਂਕਿ ਨੋਟਾ ਵੀ ਇਹਨਾਂ ਨੂੰ ਰਾਜਨੀਤਿਕ ਮੰਚ ਅਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਪੌੜੀਆਂ ’ਤੇ ਚੜ੍ਹਨ ਰੋਕਣ ਦਾ ਕੋਈ ਢੁਕਵਾਂ ਬਦਲ ਨਹੀਂ। ਅਜਿਹਾ ਕਰਕੇ ਜਿੱਥੇ ਅਸੀਂ ਲੋਕਤੰਤਰ ਵਿੱਚ ਆਪਣਾ ਵਿਸ਼ਵਾਸ ਹੋਰ ਪੱਕਾ ਕਰ ਰਹੇ ਹੋਵਾਂਗੇ, ਉੱਥੇ ਹੀ ਰਾਜਨੀਤਿਕ ਖੇਤਰ ਵਿੱਚ ਘੁਸਪੈਂਠ ਕਰ ਚੁੱਕੇ ਇਨ੍ਹਾਂ ਵੱਡੀ ਗਿਣਤੀ ਸੰਗੀਨ ਅਪਰਾਧੀਆਂ, ਲੁਟੇਰਿਆਂ, ਇਖਲਾਕ ਵਿਹੂਣਿਆ, ਤਰਕਹੀਣ ਬਿਰਤੀ ਵਾਲੇ ਅਨਸਰਾਂ ਨੂੰ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੀ ਪਵਿੱਤਰਤਾ ਨੂੰ ਭੰਗ ਕਰਨ ਤੋਂ ਕੁਝ ਹੱਦ ਤਕ ਰੋਕਣ ਦਾ ਯਤਨ ਵੀ ਕਰ ਰਹੇ ਹੋਵਾਂਗੇ, ਅਤੇ ਨਾਲ ਹੀ ਆਪਣੇ ਦੇਸ਼ ਅਤੇ ਸੂਬੇ ਪ੍ਰਤੀ ਫ਼ਰਜ਼ ਪੂਰਤੀ ਕਰਕੇ ਸ਼ਾਂਤੀ ਅਤੇ ਸਕੂਨ ਦੀ ਪ੍ਰਾਪਤੀ ਵੀ ਕਰ ਸਕਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5229)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.