“ਕੁਝ ਦਿਨ ਪਹਿਲਾਂ ਇਹ ਚਰਚਾ ਸੀ ਕਿ ਸ਼ਾਇਦ ਅਕਾਲੀ ਦਲ ਇਸ ਜਿਮਨੀ ਚੋਣ ਦਾ ਹਿੱਸਾ ਨਾ ਹੀ ਬਣੇ, ਪ੍ਰੰਤੂ ...”
(9 ਜੁਲਾਈ 2024)
ਇਸ ਸਮੇਂ ਪਾਠਕ: 330.
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ 2024 ਦੀਆਂ ਆਮ ਚੋਣਾਂ ਇਸ ਵਾਰ ਸੱਤ ਪੜਾਵਾਂ ਵਿੱਚ ਕਰਵਾਈਆਂ ਗਈਆਂ। ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਕਮਿਸ਼ਨ ਨੇ ਇਹਨਾਂ ਚੋਣਾਂ ਨੂੰ ਸਫਲਤਾ ਅਤੇ ਕੁਸ਼ਲਤਾ ਪੂਰਵਕ ਸੰਪੰਨ ਕਰਕੇ ਆਪਣੀ ਪ੍ਰਬੰਧਕੀ ਯੋਗਤਾ ਅਤੇ ਆਪਣੇ ਜ਼ਿੰਮੇ ਲੱਗੀ ਡਿਊਟੀ ਨੂੰ ਬਾਖੂਬੀ ਨਿਭਾਉਂਦਿਆਂ, ਸਹੀ ਅਤੇ ਨਿਰਪੱਖ ਚੋਣਾਂ ਕਰਵਾਉਣ ਦਾ ਮੁਜ਼ਾਹਰਾ ਵੀ ਕਰ ਵਿਖਾਇਆ, ਜਿਸ ਲਈ ਕਮਿਸ਼ਨ ਰਸਮੀ ਪ੍ਰਸ਼ੰਸਾ ਅਤੇ ਵਧਾਈ ਦਾ ਪਾਤਰ ਹੈ। ਲੰਘੀ 4 ਜੂਨ ਨੂੰ ਚੋਣ ਨਤੀਜੇ ਘੋਸ਼ਿਤ ਹੋਣ ਉਪਰੰਤ ਭਾਰਤੀ ਪਾਰਲੀਮੈਂਟ ਦਾ ਗਠਨ ਹੋਣ ਉਪਰੰਤ ਬਾਕਾਇਦਾ ਰੂਪ ਵਿੱਚ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਤੀਸਰੀ ਵਾਰ ਸਰਕਾਰ ਵੀ ਗਠਿਤ ਹੋ ਚੁੱਕੀ ਹੈ। ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਚੋਣ ਸਰਗਰਮੀਆਂ ਤੋਂ ਹਾਲੇ ਕੁਝ ਹੱਦ ਤਕ ਹੀ ਰਾਹਤ ਮਿਲੀ ਸੀ ਕਿ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਭਾਰਤ ਦੇ ਕੁਝ ਹੋਰਨਾਂ ਰਾਜਾਂ ਵਿੱਚ ਵੀ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ। ਇਸਦੇ ਚਲਦਿਆਂ ਸੰਬੰਧਿਤ ਹਲਕੇ ਦੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਉੱਚ ਪੱਧਰੀ ਆਗੂਆਂ ਨੂੰ ਵੀ ਮੁੜ ਤੋਂ ਚੋਣ ਮੈਦਾਨ ਵਿੱਚ ਸਰਗਰਮ ਹੋਣਾ ਪੈ ਗਿਆ। ਲੋਕ ਸਭਾ ਚੋਣਾਂ ਤੋਂ ਕੁਝ ਅਰਸਾ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਸੀਤਲ ਅੰਗੁਰਾਲ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਵਿਧਾਇਕ ਵਜੋਂ ਆਪਣਾ ਅਸਤੀਫਾ ਸਪੀਕਰ ਸਾਹਿਬ ਨੂੰ ਸੌਂਪ ਦਿੱਤਾ। ਪ੍ਰੰਤੂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਤੁਰੰਤ ਬਾਅਦ ਹੀ ਉਹਨਾਂ ਦਾ ਮਨ ਬਦਲ ਗਿਆ ਅਤੇ ਆਪਣਾ ਅਸਤੀਫਾ ਵਾਪਸ ਲੈਣ ਲਈ ਉਨ੍ਹਾਂ ਮਾਨਯੋਗ ਸਪੀਕਰ ਸਾਹਿਬ ਤਕ ਪਹੁੰਚ ਕੀਤੀ। ਇਸੇ ਦੌਰਾਨ ਮੀਡੀਆ ਅਦਾਰਿਆਂ ਵੱਲੋਂ ਖਬਰ ਨਸ਼ਰ ਕੀਤੀ ਗਈ ਕਿ ਸ੍ਰੀ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ, ਨਤੀਜਨ ਉਕਤ ਹਲਕਾ ਖਾਲੀ ਘੋਸ਼ਿਤ ਕਰ ਦਿੱਤਾ ਗਿਆ।
ਚੋਣ ਕਮਿਸ਼ਨ ਅਨੁਸਾਰ ਹੁਣ ਇਸ ਸੀਟ ਤੇ 10 ਜੁਲਾਈ ਨੂੰ ਵੋਟਿੰਗ ਹੋਵੇਗੀ। ਇਸ ਹਲਕੇ ਵਿੱਚ ਵੱਖ ਵੱਖ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਅਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਸਰਗਰਮ ਹਨ। ਹਥਲੇ ਲੇਖ ਦਾ ਮੁੱਖ ਮੰਤਵ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਕਸ਼ਮਕਸ਼ ਅਤੇ ਜਲੰਧਰ ਵਿਧਾਨ ਸਭਾ ਹਲਕਾ (ਪੱਛਮੀ) ਬਾਰੇ ਵਿਚਾਰ ਚਰਚਾ ਕਰਨਾ ਹੀ ਹੈ। ਲੋਕ ਸਭਾ 2024 ਦੇ ਨਤੀਜੇ ਘੋਸ਼ਿਤ ਹੋਣ ਤੋਂ ਪਹਿਲਾਂ ਹੀ ਅਸੀਂ ਇੱਕ ਲੇਖ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਨਤੀਜਿਆਂ ਉਪਰੰਤ ਸ਼੍ਰੋਮਣੀ ਅਕਾਲੀ ਦਲ ਵਿੱਚ ਜਿੱਤ ਜਾਂ ਹਾਰ ਦੀ ਸਥਿਤੀ ਵਿੱਚ ਵੀ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਲਈ ਮੌਜੂਦਾ ਸਥਿਤੀ ’ਤੇ ਝਾਤ ਮਾਰਦਿਆਂ ਉਕਤ ਭਵਿੱਖਬਾਣੀ ਦੀ ਪੁਸ਼ਟੀ ਹੁੰਦੀ ਦਿਖਾਈ ਦੇ ਰਹੀ ਹੈ। ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਜੋ ਦੁਰਦਸ਼ਾ ਜਨਤਕ ਮੰਚ ’ਤੇ ਉੱਭਰ ਕੇ ਸਾਹਮਣੇ ਆਈ ਹੈ, ਉਹ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ। ਇਸਦੀ ਵਿਸਥਾਰਿਤ ਚਰਚਾ ਕਰਨਾ ਸਮੇਂ ਦੀ ਬਰਬਾਦੀ ਅਤੇ ਘਟਨਾਵਾਂ ਦੀ ਦੁਹਰਾਈ ਹੀ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਦੋਵਾਂ ਧੜਿਆਂ ਵੱਲੋਂ ਚੰਡੀਗੜ੍ਹ ਅਤੇ ਜਲੰਧਰ ਵਿਖੇ ਮੀਟਿੰਗਾਂ ਅਤੇ ਮੀਡੀਆ ਵਿਚਲੀਆਂ ਸਰਗਰਮੀਆਂ ਦੌਰਾਨ ਪ੍ਰਸਪਰ ਦੋਸ਼ ਪ੍ਰਤੀਦੋਸ਼ ਅਤੇ ਨਿੱਜੀ ਚਿੱਕੜ ਉਛਾਲੀ ਸਿਰਫ਼ ਬਾਦਸਤੂਰ ਜਾਰੀ ਹੀ ਨਹੀਂ ਸਗੋਂ ਆਏ ਦਿਨ ਵਧਦੀ ਹੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਇਹ ਚਰਚਾ ਸੀ ਕਿ ਸ਼ਾਇਦ ਅਕਾਲੀ ਦਲ ਇਸ ਜਿਮਨੀ ਚੋਣ ਦਾ ਹਿੱਸਾ ਨਾ ਹੀ ਬਣੇ, ਪ੍ਰੰਤੂ ਨਾਮਜ਼ਦਗੀ ਭਰਨ ਦੀ ਤਾਰੀਖ ਤੋਂ ਐੱਨ ਪਹਿਲਾਂ ਉਕਤ ਜਿਮਨੀ ਚੋਣ ਲਈ ਪਾਰਟੀ ਪ੍ਰਧਾਨ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਨਿਯੁਕਤ ਕਰ ਦਿੱਤੀ ਗਈ। ਇਸ ਤੋਂ ਬਾਅਦ ਕੁਝ ਕਾਰਨਾਂ ਕਰਕੇ ਸ੍ਰੀ ਮਹਿੰਦਰ ਸਿੰਘ ਕੇ .ਪੀ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਕਮੇਟੀ ਚਾਰ ਮੈਂਬਰੀ ਹੋ ਗਈ। ਕਮੇਟੀ ਵੱਲੋਂ ਵਿਚਾਰ ਚਰਚਾ ਕਰਨ ਉਪਰੰਤ ਸ਼੍ਰੀਮਤੀ ਸੁਰਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕਰ ਦਿੱਤਾ ਗਿਆ। ਉਸ ਦੇ ਨਾਮਜ਼ਾਦਗੀ ਕਾਗਜ਼ ਵੀ ਪਾਰਟੀ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿੱਪ ਸਮੇਤ ਚੋਣ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਗਏ।
ਇਸ ਸਮੁੱਚੇ ਸਮੇਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਗੈਰ-ਮੌਜੂਦਗੀ ਇੱਕ ਤਰ੍ਹਾਂ ਨਾਲ ਰਹੱਸ ਹੀ ਬਣੀ ਰਹੀ। ਇਸੇ ਦੌਰਾਨ ਹੀ ਅਕਾਲੀ ਦਲ ਦੇ ਦੋਵਾਂ ਧੜਿਆਂ ਦੀ ਕਸ਼ਮਕਸ਼ ਹੋਰ ਵੀ ਉੱਭਰਵੇਂ ਅਤੇ ਤਿੱਖੇ ਰੂਪ ਵਿੱਚ ਸਾਹਮਣੇ ਆਉਣ ਲੱਗੀ। ਇਸੇ ਸਮੇਂ ਚੋਣ ਪ੍ਰਕਿਰਿਆ ਅਨੁਸਾਰ ਕਾਗਜ਼ਾਂ ਦੀ ਪੜਤਾਲ ਕਰਨ, ਵਾਪਸ ਲੈਣ ਅਤੇ ਚੋਣ ਨਿਸ਼ਾਨ ਜਾਰੀ ਕਰਨ ਦੀਆਂ ਤਾਰੀਖਾਂ ਨੇ ਵੀ ਬੂਹੇ ਆਣ ਦਸਤਕ ਦਿੱਤੀ। ਮੀਡੀਆ ਅਦਾਰਿਆਂ ਤੋਂ ਨਸ਼ਰ ਵੱਡੀਆਂ ਖਬਰਾਂ ਅਨੁਸਾਰ ਅਧਿਕਾਰਿਤ ਅਕਾਲੀ ਦਲ ਵੱਲੋਂ ਉਮੀਦਵਾਰ ਸੁਰਜੀਤ ਕੌਰ ਨੂੰ ਸਥਾਨਕ ਆਗੂਆਂ ਵੱਲੋਂ ਕਾਗਜ਼ ਵਾਪਸ ਲੈਣ ਲਈ ਬੇਨਤੀ ਕੀਤੀ ਗਈ। ਪਤਾ ਇਹ ਵੀ ਲੱਗਾ ਹੈ ਕਿ ਉਮੀਦਵਾਰਾਂ, ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਇਹ ਕਹਿੰਦਿਆਂ ਬੇਨਤੀ ਠੁਕਰਾ ਦਿੱਤੀ ਗਈ ਕਿ ਭਾਵੇਂ ਅਸੀਂ ਗਰੀਬ ਹਾਂ, ਪ੍ਰੰਤੂ ਸਾਡੀ ਵੀ ਸਮਾਜ, ਰਾਜਨੀਤਕ ਖੇਤਰ ਅਤੇ ਮੁਹੱਲੇ ਵਿੱਚ ਕੋਈ ਹੋਂਦ ਅਤੇ ਰੁਤਬਾ ਹੈ। ਜਿਨ੍ਹਾਂ ਲੋਕਾਂ ਤੋਂ ਮਿਊਂਸਿਪਲ ਕਮਿਸ਼ਨਰ ਬਣਨ ਸਮੇਂ ਵੋਟਾਂ ਲਈਆਂ ਹੋਣ, ਰਿਸ਼ਤੇਦਾਰ, ਮਿੱਤਰਾਂ ਦੋਸਤਾਂ ਤੋਂ ਚੋਣ ਮੁਹਿੰਮ ਚਲਾਉਣ ਲਈ ਸਾਥ ਮੰਗਿਆ ਹੋਵੇ, ਉਨ੍ਹਾਂ ਨੂੰ ਅਜਿਹੀ ਸੂਚਨਾ ਅਸੀਂ ਕਿਹੜੇ ਮੂੰਹ ਨਾਲ ਦੇਵਾਂਗੇ? ਇਸ ਤੋਂ ਇਲਾਵਾ ਸਾਡਾ ਵੀ ਕੋਈ ਆਤਮ ਸਨਮਾਨ ਅਤੇ ਜ਼ਮੀਰ ਹੈ, ਜਿਸਦਾ ਗਲਾ ਘੁੱਟਣਾ ਸਾਡੇ ਲਈ ਕਿਵੇਂ ਵੀ ਸੰਭਵ ਨਹੀਂ।
ਇਸ ਸਮੇਂ ਸੁਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਿਤ ਚੋਣ ਨਿਸ਼ਾਨ ਤੱਕੜੀ ’ਤੇ ਹੀ ਚੋਣ ਮੈਦਾਨ ਵਿੱਚ ਆਪਣੇ ਸਮਰਥਕਾਂ ਸਮੇਤ ਪੂਰੀ ਤਰ੍ਹਾਂ ਸਰਗਰਮ ਦੱਸੀ ਜਾ ਰਹੀ ਹੈ। ਅਕਾਲੀ ਦਲ ਵੱਲੋਂ ਅਜਿਹੀ ਸਥਿਤੀ ਵਿੱਚ ਉਸ ਨੂੰ ਇਕੱਲਿਆਂ ਛੱਡਣ/ਕਿਨਾਰਾ ਕਰਨ ਬਾਰੇ ਵੀ ਉਹ ਆਮ ਲੋਕਾਂ ਨਾਲ ਰਾਬਤੇ ਵਿੱਚ ਹੈ, ਅਤੇ ਅਜਿਹੀ ਸਥਿਤੀ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਰਾਜਸੀ ਪੰਡਤਾਂ ਦਾ ਮੰਨਣਾ ਹੈ ਕਿ ਭਾਰਤੀ ਚੋਣ ਇਤਿਹਾਸ ਵਿੱਚ ਅਜਿਹੀ ਸਥਿਤੀ ਪਹਿਲੀ ਵਾਰ ਦੇਖਣ ਨੂੰ ਮਿਲ ਰਹੀ ਹੈ, ਜਦੋਂ ਕੋਈ ਉਮੀਦਵਾਰ ਅਧਿਕਾਰਤ ਚੋਣ ਨਿਸ਼ਾਨ ’ਤੇ ਚੋਣ ਵੀ ਲੜ ਰਿਹਾ ਹੋਵੇ ਅਤੇ ਉਮੀਦਵਾਰੀ ਤਸਦੀਕ ਕਰਨ ਵਾਲੀ ਪਾਰਟੀ ਵੱਲੋਂ ਉਸ ਤੋਂ ਜਨਤਕ ਤੌਰ ’ਤੇ ਪਾਸਾ ਹੀ ਵੱਟ ਲਿਆ ਹੋਵੇ।
ਉੱਧਰ ਦੂਜੇ ਪਾਸੇ ਹੈਰਾਨੀ ਦੀ ਹੱਦ ਉਦੋਂ ਹੋਰ ਵੀ ਵਧ ਜਾਂਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਐਲਾਨ ਕਰ ਦਿੱਤਾ ਜਾਂਦਾ ਹੈ। ਬਸਪਾ ਵੱਲੋਂ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਇਕੱਲਿਆਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ। ਦੋਵਾਂ ਹੀ ਪਾਰਟੀਆਂ ਵੱਲੋਂ ਲਏ ਗਏ ਫੈਸਲਿਆਂ ’ਤੇ ਲੋਕਾਂ ਵੱਲੋਂ ਵੀ ਹੈਰਾਨੀ ਪ੍ਰਗਟਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਅਜਿਹੀ ਰਾਜਨੀਤੀ ਕਰਕੇ ਸਾਡੇ ਇਹ ਮੌਜੂਦਾ ਜ਼ਿੰਮੇਵਾਰ ਆਗੂ ਸਾਹਿਬਾਨ ਭਵਿੱਖੀ ਅਤੇ ਹੁਣ ਦੀਆਂ ਨਸਲਾਂ ਨੂੰ ਅਕਸਰ ਕਿਸ ਪਾਸੇ ਵੱਲ ਸੇਧਿਤ ਕਰ ਰਹੇ ਹਨ? ਵੋਟਰਾਂ ਦੀ ਮਾਨਸਿਕ ਦਸ਼ਾ ਕਿਸ ਤਰ੍ਹਾਂ ਦੀ ਹੋਵੇਗੀ, ਜਦੋਂ ਕੋਈ ਅਕਾਲੀ ਆਗੂ ਤੱਕੜੀ ਦਾ ਨਿਸ਼ਾਨ ਛੱਡ ਕੇ ਹਾਥੀ ਵਾਲਾ ਬਟਨ ਦਬਾਉਣ ਦੀ ਅਪੀਲ ਕਰੇਗਾ ਅਤੇ ਬਸਪਾ ਦੇ ਸਟਾਰ ਪ੍ਰਚਾਰਕ ਕਹਿੰਦੇ ਸੁਣਾਈ ਦੇਣਗੇ ਕਿ ਆਪਣਾ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਤੋਂ ਸਮਝੌਤਾ ਹੋ ਗਿਆ ਹੈ?
ਇਸ ਤਰ੍ਹਾਂ ਦੇ ਵਰਤਾਰੇ ਆਗਾਮੀ ਦਿਨਾਂ ਵਿੱਚ ਦੋਵਾਂ ਪਾਰਟੀਆਂ ਦੀ ਕਾਰਜਗਾਰੀ ਨੂੰ ਕਿਸ ਤਰ੍ਹਾਂ ਅਸਰ ਅੰਦਾਜ਼ ਕਰਨਗੇ, ਇਹ ਭਵਿੱਖ ਦੱਸੇਗਾ। ਰਾਜਨੀਤਿਕ ਜਾਣਕਾਰ ਅਕਾਲੀ ਦਲ ਦੀ ਲੀਡਰਸ਼ਿੱਪ ਵੱਲੋਂ ਲਏ ਗਏ ਅਜਿਹੇ ਫੈਸਲਿਆਂ ਨੂੰ ਬਚਗਾਨੇ ਅਤੇ ਜਲਦਬਾਜ਼ੀ ਵਿੱਚ ਲਏ ਗਏ ਫੈਸਲੇ ਮੰਨ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਪਹਿਲਾਂ ਤੋਂ ਹੀ ਅੰਦਰੂਨੀ ਸੰਕਟ ਵਿੱਚ ਘਿਰੀ ਪਾਰਟੀ ਲਈ ਇਹ ਹੋਰ ਵੀ ਨੁਕਸਾਨਦਾਇਕ ਹੋ ਸਕਦੇ ਹਨ। ਆਮ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਵਿੱਚੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਸਿਰਫ 2623 ਵੋਟ ਹੀ ਮਿਲੇ ਸਨ, ਜੇਕਰ ਵਿਰੋਧੀ ਧੜੇ ਦੀ ਹਿੰਮਤ, ਉਮੀਦਵਾਰ ਦੀ ਨਿੱਜੀ ਅਪੀਲ ਅਤੇ ਵੋਟਰਾਂ ਦੀ ਹਮਦਰਦੀ ਦਾ ਸੁਮੇਲ ਹੋ ਗਿਆ, ਜਿਸ ਤਰ੍ਹਾਂ ਦੇਖਣ ਸੁਣਨ ਵਿੱਚ ਆ ਰਿਹਾ ਹੈ, ਅਤੇ ਵੋਟਾਂ ਦੀ ਗਿਣਤੀ ਘਟਦੀ ਜਾਂ ਵਧਦੀ ਹੈ ਤਾਂ ਦੋਵੇਂ ਧਿਰਾਂ ਆਪਣੇ ਆਪਣੇ ਦਾਅਵੇ ਠੋਕ ਸਕਦੀਆਂ ਹਨ। ਵੋਟ ਵਧਣ ਦੀ ਸਥਿਤੀ ਵਿੱਚ ਵਿਰੋਧੀ ਦੇ ਇਸ ਦੋਸ਼ ਦੀ ਪੁਸ਼ਟੀ ਹੋ ਜਾਵੇਗੀ ਕਿ ਪ੍ਰਧਾਨ ਹੀ ਪਾਰਟੀ ਦੇ ਘਟਦੇ ਗਰਾਫ ਲਈ ਜ਼ਿੰਮੇਵਾਰ ਹੈ। ਘਟਣ ਦੀ ਸੂਰਤ ਵਿੱਚ ਅਸਲ ਧੜਾ ਕਹਿ ਸਕਦਾ ਹੈ ਕਿ ਵਿਰੋਧੀਆਂ ਕੋਲ ਕੋਈ ਵੋਟ ਨਹੀਂ, ਸਗੋਂ ਵੋਟ ਸਿਰਫ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਹੈ।
ਵਿਰੋਧੀ ਜਾਂ ਬਾਗੀ ਧੜੇ ਵੱਲੋਂ ਜੋ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ, ਪਾਰਟੀ ਵਿੱਚ ਰਹਿੰਦਿਆਂ ਉਹਨਾਂ ਤੋਂ ਜਾਣੇ ਅਣਜਾਣੇ ਜੋ ਗਲਤੀਆਂ ਹੋਈਆਂ ਹਨ ਦਾ ਲਿਖਤੀ ਰੂਪ ਵਿੱਚ ਪੂਰਨ ਬਿਓਰਾ ਬਣਾ ਕੇ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਤੇ ਵਿਧੀ ਵਿਧਾਨ ਅਨੁਸਾਰ ਮਆਫੀ ਮੰਗਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਦਾ ਪ੍ਰਭਾਵ ਵੀ ਕਿਤੇ ਨਾ ਕਿਤੇ ਜ਼ਮੀਨੀ ਪੱਧਰ ’ਤੇ ਪੈਣਾ ਸੁਭਾਵਿਕ ਹੀ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜਿਹਾ ਵਰਤਾਰਾ ਸਮਕਾਲੀ ਉਮੀਦਵਾਰਾਂ ’ਤੇ ਵੀ ਆਪਣਾ ਕੋਈ ਪ੍ਰਭਾਵ ਛੱਡ ਸਕਦਾ ਹੈ, ਕਿਉੁਕਿ ਸੁਰਜੀਤ ਕੌਰ ਦੇ ਪੱਖ ਵਿੱਚ ਉੱਠ ਰਹੀ ਹਮਦਰਦੀ ਲਹਿਰ ਦਾ ਪ੍ਰਭਾਵ ਕਬੂਲਦੀਆਂ ਵੋਟਾਂ ਕਿਸ ਪਾਰਟੀ ਜਾਂ ਉਮੀਦਵਾਰ ਨੂੰ ਚਿੱਬ ਪਾਉਣਗੀਆਂ, ਇਸਦਾ ਅੰਦਾਜ਼ਾ ਲਗਾਉਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ। ਇਸ ਹਲਕੇ ਤੋਂ ਜਿੱਤ ਭਾਵੇਂ ਕਿਸੇ ਵੀ ਉਮੀਦਵਾਰ ਦੀ ਹੋਵੇ, ਪ੍ਰੰਤੂ ਇਸ ਸਮੇਂ ਸੁਰਜੀਤ ਕੌਰ ਦਾ ਨਾਮ ਸਭ ਤੋਂ ਵੱਧ ਚਰਚਾ ਵਿੱਚ ਹੈ।
ਉਕਤ ਸਮੁੱਚੀ ਚਰਚਾ ਤੋਂ ਸਾਹਮਣੇ ਆਉਂਦਾ ਹੈ ਕਿ ਇਸ ਤਰ੍ਹਾਂ ਦਾ ਰਾਜਨੀਤਿਕ ਬਖੇੜਾ ਸ਼੍ਰੋਮਣੀ ਅਕਾਲੀ ਦਲ ਅਤੇ ਸੂਬੇ ਲਈ ਕਿਸੇ ਤਰ੍ਹਾਂ ਵੀ ਲਾਭਦਾਇਕ ਜਾਂ ਪ੍ਰਸੰਗਕ ਨਹੀਂ ਹੋ ਸਕਦਾ, ਕਿਉਂਕਿ ਇਹ ਸੂਬੇ ਦੀ ਇੱਕਲੌਤੀ ਖੇਤਰੀ ਪਾਰਟੀ ਹੈ, ਜਿਸ ਤੋਂ ਪੰਜਾਬ ਦੇ ਲੋਕ ਆਪਣੇ ਨਿੱਜੀ ਅਤੇ ਸੂਬੇ ਦੇ ਰਾਜਨੀਤਿਕ ਹਿਤਾਂ ਦੀ ਤਵੱਕੋ ਰੱਖਦੇ ਆਏ ਹਨ ਅਤੇ ਹੁਣ ਵੀ ਆਸਵੰਦ ਦਿਖਾਈ ਦਿੰਦੇ ਹਨ। ਅਕਾਲੀ ਦਲ ਦਾ ਮਾਣਮੱਤਾ ਪਿਛੋਕੜ, ਪਾਰਟੀ ਪ੍ਰੋਗਰਾਮ ਅਤੇ ਨੀਤੀਆਂ ਤੋਂ ਇਲਾਵਾ ਮੁਢਲੇ ਦੌਰ ਵਿੱਚ ਕੀਤੇ ਗਏ ਲੋਕ ਹਿਤੂ ਕਾਰਜ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹਨ। ਇਸ ਲਈ ਸੀਨੀਅਰ ਆਗੂਆਂ ਨੂੰ ਗੁਜ਼ਾਰਿਸ਼ ਹੈ ਕਿ ਗੌਰਵਮਈ ਪਿਛੋਕੜ ਨੂੰ ਦੇਖਦਿਆਂ ਅਹੁਦਿਆਂ/ਰੁਤਬਿਆਂ ਦੀ ਲਾਲਸਾ ਤਿਆਗਦਿਆਂ ਮਿਲ ਬੈਠ ਕੇ ਸੂਬੇ ਦੇ ਵਡੇਰੇ ਹਿਤਾਂ ਲਈ ਏਕਤਾ ਵੱਲ ਕਦਮ ਵਧਾਉਣ, ਜੋ ਕਿ ਸਮੇਂ ਦੀ ਅਣਸਰਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5121)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.