“ਸੰਸਾਰ ਤੋਂ ਹਰ ਜੀਵ ਜੰਤੂ ਅਤੇ ਮਨੁੱਖ ਦੀ ਰੁਖਸਤੀ ਨਿਸ਼ਚਿਤ ਹੈ, ਲੋਕਾਂ, ਕੌਮ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕੀਤੀ ਗਈ ...”
(21 ਜੂਨ 2024)
ਇਸ ਸਮੇਂ ਪਾਠਕ: 135.
ਬਹੁਤ ਹੀ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਨੇ ਆਪਣੀ ਇੱਕ ਰਚਨਾ ਵਿੱਚ ਆਤਮਸਨਮਾਨ ਵੱਲ ਇਸ਼ਾਰਾ ਕਰਦਿਆਂ ਲਿਖਿਆ ਹੈ ਕਿ “ਡੁੱਬ ਜਾਣਾ ਮੱਛੀਆਂ ਨੂੰ, ਅਤੇ ਭੱਜ ਜਾਣਾ ਮਰਦਾਂ ਨੂੰ ਮਿਹਣਾ ਹੁੰਦਾ ਹੈ।” ਕਿਸੇ ਦੀ ਅਣਖ, ਸਵੈਮਾਣ ਅਤੇ ਜ਼ਮੀਰ ਨੂੰ ਝੰਜੋੜਨ ਲਈ ਉਕਤ ਦੋਵਾਂ ਸਤਰਾਂ ਦੀ ਜੇਕਰ ਵਿਸਥਾਰਿਤ ਵਿਆਖਿਆ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਵੇਗਾ ਕਿ ਸਮੁੱਚਾ ਮਨੁੱਖੀ ਜੀਵਨ ਇਹਨਾਂ ਦੋ ਸਤਰਾਂ ਦੇ ਆਲੇ ਦੁਆਲੇ ਹੀ ਕੇਂਦਰਿਤ ਹੈ। ਇਤਿਹਾਸ ਦੇ ਪੰਨਿਆਂ ’ਤੇ ਵੀ ਅਜਿਹੀਆਂ ਅਣਗਿਣਤ ਮiਸਾਲਾਂ ਦਰਜ਼ ਹਨ, ਜਦੋਂ ਭਾਰਤ ਦੇ ਮਹਾਨ ਪੀਰਾਂ, ਪੈਗੰਬਰਾਂ, ਸਤਿਕਾਰਿਤ ਸਿੱਖ ਗੁਰੂ ਸਾਹਿਬਾਨਾਂ, ਬੁੱਧੀਜੀਵੀਆਂ, ਸੈਨਾ ਦੇ ਜਵਾਨਾਂ, ਅਧਿਕਾਰੀਆਂ ਅਤੇ ਸਮੇਂ ਦੇ ਵਿਗਿਆਨੀਆਂ ਵੱਲੋਂ ਦੇਸ਼ ਦੀ ਆਜ਼ਾਦੀ ਅਤੇ ਆਪਣੇ ਅਕੀਦੇ ’ਤੇ ਕਾਇਮ ਰਹਿੰਦਿਆਂ ਹਰ ਤਰ੍ਹਾਂ ਦੇ ਕਸ਼ਟ ਸਹਿਣ ਤੋਂ ਇਲਾਵਾ ਆਪਣੀਆਂ ਜਾਨਾਂ ਤਕ ਦੀ ਅਹੂਤੀ ਦੇਣ ਦੇ ਰਸਤੇ ਵੀ ਇਖਤਿਆਰ ਕੀਤੇ ਹੋਣ।
ਹਥਲੇ ਲੇਖ ਦਾ ਸਰੋਕਾਰ ਭਾਰਤ ਵਿੱਚ ਪੱਕੀ ਨਾਗਰਿਕਤਾ ਪ੍ਰਾਪਤ ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਸੰਬੋਧਤ ਹੋਣਾ ਹੀ ਹੈ। ਇਹ ਇੱਕ ਜਾਣਿਆ ਪਛਾਣਿਆ ਸੱਚ ਹੈ ਕਿ ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਵਰਣ ਵਿਵਸਥਾ ਚਲੀ ਆ ਰਹੀ ਹੈ, ਜਿਸ ਤਹਿਤ ਭਾਰਤੀ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਵੇਂ ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ ਆਦਿ। ਮੰਨਿਆ ਜਾਂਦਾ ਹੈ ਕਿ ਇਹ ਵੰਡ ਕਿੱਤਾ ਅਧਾਰਿਤ ਹੈ, ਭਾਵ ਜਿਹੋ ਜਿਹਾ ਉਸ ਸਮੇਂ ਕੋਈ ਕੰਮ ਕਰਦਾ ਸੀ, ਉਸੇ ਤਰ੍ਹਾਂ ਦਾ ਹੀ ਉਸ ਦੀ ਜਾਤੀ ਨੂੰ ਨਾਮ ਦਿੱਤਾ ਗਿਆ, ਜੋ ਕਿ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਜਾਪਦਾ। ਇਸ ਸਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਮਾਜ ਵਿੱਚ ਸਭ ਤੋਂ ਬਦਤਰ ਹਾਲਾਤ ਅਖੌਤੀ ਸ਼ੂਦਰਾਂ ਦੇ ਹੀ ਸਨ, ਜਿਨ੍ਹਾਂ ਨੂੰ ਹਰ ਤਰ੍ਹਾਂ ਨਾਲ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਸੀ ਜਿਹੜੀ ਕਿ ਅਜੋਕੇ ਸਮੇਂ ਵਿੱਚ ਕਾਨੂੰਨੀ ਪ੍ਰਾਵਧਾਨ ਦੇ ਬਾਵਜੂਦ ਵੀ ਬਾਦਸਤੂਰ ਜਾਰੀ ਹੈ। ਅਜਿਹੀ ਗੈਰ ਕਾਨੂੰਨੀ, ਗੈਰ ਸਮਾਜਿਕ ਅਤੇ ਗੈਰ ਇਖਲਾਕੀ ਵਿਵਸਥਾ ਨੂੰ ਹੱਡੀਂ ਹੰਢਾਉਂਦਿਆਂ ਇਨ੍ਹਾਂ ਕੌਮਾਂ ਦੇ ਮਹਾਨ ਪੁਰਖਿਆਂ ਨੇ ਉਸ ਸਮੇਂ ਦੇ ਹਾਕਮਾਂ ਅਤੇ ਧਰਮ ਦੇ ਠੇਕੇਦਾਰਾਂ ਖ਼ਿਲਾਫ਼ ਆਪਣੀਆਂ ਤੱਥ ਅਧਾਰਿਤ ਅਤੇ ਅਨਮੋਲ ਰਚਨਾਵਾਂ, ਗੋਸ਼ਟੀਆਂ ਅਤੇ ਭਾਸ਼ਣਾਂ ਰਾਹੀਂ ਸਮੇਂ ਦੇ ਅਖੌਤੀ ਪੰਡਤਾਂ ਦੇ ਤਰਕ ਵਿਹੂਣੇ ਪਖੰਡਾਂ ਦਾ ਸਰੇ ਬਜ਼ਾਰ ਭਾਂਡਾ ਭੰਨ ਕੇ ਸਾਬਤ ਕਰ ਦਿੱਤਾ ਕਿ ਸਮੁੱਚੀ ਮਨੁੱਖਤਾ ਦੀ ਪੈਦਾਇਸ਼ ਦਾ ਸਿਰਫ ’ਤੇ ਸਿਰਫ ਇੱਕੋ ਪੈਮਾਨਾ, ਢੰਗ ਤਰੀਕਾ ਅਤੇ ਰਸਤਾ ਹੈ। ਹਰ ਮਨੁੱਖ ’ਤੇ ਕੁਦਰਤ ਦਾ ਵਿਧੀ ਵਿਧਾਨ ਸਮਾਨ ਰੂਪ ਵਿੱਚ ਲਾਗੂ ਹੁੰਦਾ ਹੈ।
ਇਸ ਤੋਂ ਵੀ ਅਗਾਂਹ ਲੰਘ ਕੇ ਸਾਡੇ ਮਹਾਨ ਪੁਰਖਿਆਂ ਨੇ ਸਮੇਂ ਦੀ ਹਕੂਮਤ ਦੇ ਅੱਤਿਆਚਾਰਾਂ ਦੀ ਪ੍ਰਵਾਹ ਨਾ ਕਰਦਿਆਂ ਬੜੇ ਸਾਹਸ ਅਤੇ ਦਲੇਰੀ ਨਾਲ ਬੇਗਮਪੁਰਾ ਵਸਾਉਣ ਵਰਗੀ ਸਤਿਕਾਰਤ ਅਤੇ ਸਮਾਨਤਾ ਵਾਲੀ ਵਿਵਸਥਾ ਸਿਰਜਣ ਦਾ ਸਿਧਾਂਤਕ ਸੰਕਲਪ ਪੇਸ਼ ਕੀਤਾ, “ਐਸਾ ਚਾਹੂੰ ਰਾਜ ਮੈਂ ਯਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੈ, ਰਵਿਦਾਸ ਰਹੈ ਪ੍ਰਸੰਨ।” ਇਸ ਸਿਧਾਂਤ ਦੀ ਵਿਸ਼ੇਸ਼ਤਾ ਸੀ ਕਿ ਇਹ ਸਮੁੱਚੀ ਮਨੁੱਖਤਾ ਵੱਲ ਸੇਧਿਤ ਸੀ, ਜਿਹੜਾ ਕਿਸੇ ਵਿਸ਼ੇਸ਼ ਫਿਰਕੇ, ਧਰਮ ਜਾਂ ਕਿਸੇ ਜਾਤੀ ਵੱਲ ਕੋਈ ਸੰਕੇਤ ਨਹੀਂ ਕਰਦਾ, ਸਗੋਂ ਇਸ ਵਿੱਚ ਸਮੁੱਚੀ ਕਾਇਨਾਤ ਦੀ ਭਲਾਈ ਲਈ ਪ੍ਰਤੀਬੱਧਤਾ ਦਾ ਝਲਕਾਰਾ ਸਪਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇਨ੍ਹਾਂ ਵਰਗਾਂ ਅਤੇ ਵਿਸ਼ੇਸ਼ ਕਰਕੇ ਸਮੁੱਚੀ ਔਰਤ ਜਾਤੀ ਦੇ ਉਥਾਨ ਲਈ ਆਪਣੇ ਜੀਵਨ ਵਿੱਚ ਜੋ ਅਸਹਿ ਅਤੇ ਅਕਹਿ ਦੁੱਖ ਤਕਲੀਫਾਂ, ਉਤਰਾਅ ਚੜ੍ਹਾ ਆਪਣੇ ਪਿੰਡਿਆਂ ’ਤੇ ਹੰਢਾਉਣ ਤੋਂ ਇਲਾਵਾ ਆਪਣੀ ਧਰਮ ਸੁਪਤਨੀ ਅਤੇ ਬੱਚਿਆਂ ਦੀਆਂ ਕੁਰਬਾਨੀਆਂ ਤਕ ਵੀ ਦਿੱਤੀਆਂ ਹੋਣ, ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ।
ਡਾ. ਸਾਹਿਬ ਸਿਰਫ ਸਿਧਾਤਾਂ ਤਕ ਹੀ ਸੀਮਤ ਨਹੀਂ ਰਹੇ ਸਗੋਂ ਉਕਤ ਵਰਤਾਰਿਆਂ ਨੂੰ ਕਾਨੂੰਨੀ ਦਰਜ਼ਾ ਦੇ ਕੇ ਪੱਕੇ ਪੈਰੀਂ ਕਰਨ ਉਪਰੰਤ ਹੀ ਦਮ ਲਿਆ। ਆਪਣੀ ਰੁਖਸਤੀ ਸਮੇਂ ਉਨ੍ਹਾਂ ਨੇ ਆਪਣੇ ਅਨੁਯਾਈਆਂ ਨੂੰ ਸਪਸ਼ਟ ਆਦੇਸ਼ ਦਿੱਤੇ ਕਿ “ਮੈਂ ਇਸ ਕਾਰਵਾਂ ਨੂੰ ਬੜੀ ਮੁਸ਼ਕਿਲ ਨਾਲ ਇੱਥੋਂ ਤਕ ਲੈ ਕੇ ਆਇਆ ਹਾਂ ਜੇਕਰ ਤੁਸੀਂ ਇਸ ਨੂੰ ਅਗਾਂਹ ਨਾ ਵੀ ਲਿਜਾ ਸਕੇ ਤਾਂ ਘੱਟੋ ਘੱਟ ਇਸ ਨੂੰ ਪਿਛਾਂਹ ਵੀ ਨਾ ਜਾਣ ਦਿਓ। ਉਨ੍ਹਾਂ ਨੇ ਸੂਦਰਾਂ ਨੂੰ ਦੇਸ਼ ਦੀ ਪਾਰਲੀਮੈਂਟ ਵੱਲ ਇਸ਼ਾਰਾ ਕਰਦਿਆਂ ਇੱਕ ਦਿਨ ਸੱਤਾ ਪ੍ਰਾਪਤੀ ਲਈ ਉੱਧਰ ਵੱਲ ਵਧਣ ਦਾ ਗਾਡੀ ਰਾਹ ਵੀ ਦਿਖਾਇਆ ਜਿਸ ’ਤੇ ਚਲਦਿਆਂ ਇੱਕ ਨਾ ਇੱਕ ਦਿਨ ਦੇਸ਼ ਦੀ ਸਤਾ ’ਤੇ ਕਾਬਜ਼ ਹੋਇਆ ਜਾਵੇ ਤਾਂ ਕਿ ਸਦੀਆਂ ਤੋਂ ਲਤਾੜੇ ਹੋਏ ਇਹਨਾਂ ਵਰਗਾਂ ਨੂੰ ਵੀ ਕੁਝ ਹੱਦ ਤਕ ਸ਼ਕਤੀ ਦਾ ਅਹਿਸਾਸ ਮਹਿਸੂਸ ਕਰਨ ਉਪਰੰਤ ਰਾਹਤ ਦਾ ਅਨੁਭਵ ਹੋ ਸਕੇ।
ਇਸੇ ਤਰ੍ਹਾਂ ਹੀ ਦੇਸ਼ ਦੀ ਦਲਿਤ ਰਾਜਨੀਤੀ ਦੇ ਧਰੂ ਤਾਰੇ ਵਜੋਂ ਜਾਣੇ ਜਾਂਦੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਬਾਬਾ ਸਾਹਿਬ ਦੇ ਫਲਸਫੇ ਅਤੇ ਵਿਚਾਰਧਾਰਾ ਨੂੰ ਬਰੀਕੀ ਨਾਲ ਸਮਝਦਿਆਂ, ਇਸ ਨੂੰ ਬੜੀ ਸੁਹਿਰਦਤਾ ਨਾਲ ਲਾਗੂ ਕਰਨ ਲਈ ਘਰ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ। ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਵਿੱਚੋਂ ਵਿਚਰਦਿਆਂ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ ਬਦਤਰ ਹਾਲਤਾਂ ਦੇ ਸਨਮੁਖ ਹੋਣਾ ਪਿਆ, ਉਸ ਨੂੰ ਦੇਖਦਿਆਂ, ਸੁਣਦਿਆਂ ਮਨੁੱਖ ਤਾਂ ਕੀ ਕਈ ਵਾਰ ਸ਼ਬਦਾਂ ਨੂੰ ਵੀ ਬੇਦਾਵਾ ਦੇਣ ਵਰਗੀ ਸਥਿਤੀ ਵਿੱਚੋਂ ਵਿਚਰਨਾ ਪੈ ਜਾਂਦਾ ਹੈ। ਉਨ੍ਹਾਂ ਭਾਰਤ ਦੇ ਦੱਬੇ ਕੁਚਲੇ ਲੋਕਾਂ ਨੂੰ ਇੱਕ ਹੋ ਜਾਣ, ਆਪਣੀਆਂ ਝੁੱਗੀਆਂ ਦੀਆਂ ਕੰਧਾਂ ’ਤੇ ਲਿਖ ਲਓ ਕਿ ਅਸੀਂ ਇਸ ਦੇਸ਼ ਦੇ ਹੁਕਮਰਾਨ ਸੀ ਅਤੇ ਮੁੜ ਹੁਕਮਰਾਨ ਬਣਨਾ ਹੈ, ਤੋਂ ਇਲਾਵਾ - ਜਿੰਨੀ ਜਿਸਦੀ ਸੰਖਿਆ ਭਾਰੀ, ਓਨੀ ਉਸ ਦੀ ਹਿੱਸੇਦਾਰੀ ਆਦਿ - ਵਰਗੇ ਨਾਅਰੇ ਦੇ ਕੇ ਦੇਸ਼ ਦੀ ਰਾਜਨੀਤੀ ਵਿੱਚ ਨਵੇਂ ਅਤੇ ਵੱਡੇ ਮੀਲ ਪੱਥਰ ਗੱਡ ਕੇ ਹਿਲਜੁਲ ਪੈਦਾ ਕਰ ਦਿੱਤੀ। ਅਜਿਹਾ ਕਰਦਿਆਂ ਦੇਸ਼ ਦੇ ਰਵਾਇਤੀ ਹੁਕਮਰਾਨਾਂ ਨੂੰ ਸਿਰਫ ਸੋਚਣ ਲਈ ਹੀ ਨਹੀਂ, ਸਗੋਂ ਝੁਕਣ ਲਈ ਵੀ ਮਜਬੂਰ ਕਰ ਦਿੱਤਾ। ਭਾਰਤ ਦੇ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਸੱਤਾ ਦੀ ਅਜਿਹੀ ਚੇਟਕ ਲਗਾਈ ਕਿ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦੀ ਰਹਿਨੁਮਾਈ ਹੇਠ ਚਾਰ ਵਾਰ ਸਰਕਾਰ ਬਣਾਉਣ ਤੋਂ ਇਲਾਵਾ ਦੇਸ਼ ਦੀ ਪਾਰਲੀਮੈਂਟ ਵਿੱਚ ਸਮੇਂ ਸਮੇਂ ’ਤੇ ਹਿੱਸੇਦਾਰੀ, ਅਤੇ ਪੰਜਾਬ ਵਰਗੇ ਸੂਬੇ ਦੀ ਸਤਾ ਵਿੱਚ ਵੀ ਵਿਰੋਧੀ ਧਿਰ ਵਜੋਂ ਵਿਚਰਨ ਦਾ ਅਵਸਰ ਪ੍ਰਾਪਤ ਹੋਇਆ।
ਬੜੇ ਅਫਸੋਸ ਅਤੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪਿਛਲੇ ਲਗਭਗ ਡੇਢ ਦਹਾਕੇ ਤੋਂ ਦੇਸ਼ ਦੇ ਰਾਜਨੀਤੀਕ ਦ੍ਰਿਸ਼ ’ਤੇ ਇਹ ਵਰਗ ਤਕਰੀਬਨ ਅਲੋਪ ਹੀ ਹੋ ਗਏ ਹਨ। ਜੇਕਰ ਗੱਲ ਸਿਰਫ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਵਿੱਚ ਜਿੱਤਣ ਜਾਂ ਹਾਰਨ ਦੀ ਹੀ ਹੋਵੇ ਤਾਂ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਪ੍ਰੰਤੂ ਜਿਸ ਕਦਰ ਵੋਟ ਬੈਂਕ ਨੂੰ ਵੀ ਵੱਡੇ ਖੋਰੇ ਲੱਗ ਰਹੇ ਹਨ ਤਾਂ ਇਸ ਨੂੰ ਅਣਗੌਲਿਆ ਕਰਨਾ ਹਕੀਕਤ ਤੋਂ ਮੂੰਹ ਮੋੜਨ ਵਾਂਗ ਹੀ ਹੋਵੇਗਾ। ਹੇਠਲੇ ਪੱਧਰ ਤੋਂ ਉੱਚ ਪੱਧਰ ਦੇ ਪਦਾਧਿਕਾਰੀ ਇਸ ਜ਼ਿੰਮੇਵਾਰੀ ਤੋਂ ਕਿਸੇ ਤਰ੍ਹਾਂ ਵੀ ਮੁਕਤ ਨਹੀਂ ਹੋ ਸਕਦੇ। ਦੇਸ਼ ਭਰ ਦੇ ਭੋਲੇ ਭਾਲੇ ਵਰਕਰ ਅਤੇ ਹੇਠਲੇ ਪੱਧਰ ਦੇ ਆਗੂ ਜੋ ਮਾੜੀਆਂ ਹਾਲਤਾਂ ਦੇ ਬਾਵਜੂਦ ਵੀ ਆਪਣੇ ਪੁਰਖਿਆਂ ਦੇ ਇਸ ਮਿਸ਼ਨ ਨੂੰ ਜਿਵੇਂ ਕਿਵੇਂ ਜਾਰੀ ਰੱਖਣ ਲਈ ਆਪਣੀ ਅਹਿਮ ਭੂਮਿਕਾ ਅਦਾ ਕਰ ਰਹੇ ਹਨ, ਕੀ ਉਨ੍ਹਾਂ ਦੇ ਜ਼ਿਹਨ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਨਹੀਂ ਹੁੰਦੇ ਹੋਣਗੇ, ਜਿੰਨਾ ਦਾ ਸਾਹਮਣਾ ਜ਼ਿੰਮੇਵਾਰ ਵਿਅਕਤੀਆਂ ਨੂੰ ਦੇਰ ਸਵੇਰ ਕਰਨਾ ਹੀ ਪਵੇਗਾ? ਇੱਕ ਗੱਲ ਤਾਂ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਭਵਿੱਖੀ ਪੀੜ੍ਹੀਆਂ ਅਤੇ ਇਤਿਹਾਸ ਅੱਜ ਦੇ ਮਿਸ਼ਨ ਸੰਚਾਲਕਾਂ ਨੂੰ ਆਪਣੀ ਜ਼ਿੰਮੇਵਾਰੀ ਲਈ ਕੁਤਾਹੀ ਕਰਨ ਦੇ ਦੋਸ਼ ਤੋਂ ਕਦੇ ਵੀ ਮੁਕਤ ਨਹੀਂ ਕਰਨਗੇ। ਸਮੁੱਚੇ ਆਗੂਆਂ ਦੀ ਭੂਮਿਕਾ ਹਰ ਹਾਲਤ ਵਿੱਚ ਕਲਮਬੱਧ ਹੋਵੇਗੀ ਹੀ ਹੋਵੇਗੀ।
ਹਾਲੀਆ ਲੋਕ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ, ਭਾਰਤ ਮੁਕਤੀ ਪਾਰਟੀ, ਭੀਮ ਆਰਮੀ, ਪੰਜਾਬ ਸੋਸ਼ਲਿਸਟ ਅਲਾਇੰਸ ਤੋਂ ਇਲਾਵਾ ਬਾਬਾ ਸਾਹਿਬ ਦੇ ਨਾਂ ’ਤੇ ਹੋਂਦ ਵਿੱਚ ਆਏ ਵੱਖ ਵੱਖ ਕਲੱਬਾਂ ਅਤੇ ਐਸੋਸੀਏਸ਼ਨਾਂ ਵੱਲੋਂ ਆਪਣੇ ਪੱਧਰ ’ਤੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਕੇ ਚੋਣ ਲੜੀ ਗਈ। ਪ੍ਰੰਤੂ ਕਿੰਨੇ ਅਫਸੋਸ ਅਤੇ ਸ਼ਰਮ ਵਾਲੀ ਗੱਲ ਹੈ ਕਿ ਭਾਰਤੀ ਸੰਵਿਧਾਨ ਵਿਚਲੇ ਰਾਖਵੇਂਕਰਨ ਕਰਕੇ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਛੱਡ ਕੇ ਸ੍ਰੀ ਚੰਦਰ ਸ਼ੇਖਰ ਅਜ਼ਾਦ ਤੋਂ ਇਲਾਵਾ ਉਕਤ ਪਾਰਟੀਆਂ, ਕਲੱਬਾਂ, ਐਸੋਸੀਏਸ਼ਨਾਂ ਵਿੱਚੋਂ ਇੱਕ ਵੀ ਹੋਰ ਮੈਂਬਰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਦੇ ਸਮਰੱਥ ਨਹੀਂ ਹੋ ਸਕਿਆ। ਕੀ ਉਕਤ ਵਰਤਾਰਾ ਸਮੁੱਚੇ ਪਛੜੇ ਅਤੇ ਅਨੁਸੂਚਿਤ ਵਰਗਾਂ ਦੇ ਉੱਚ ਪੱਧਰੀ ਆਗੂਆਂ ਦੀ ਸਮਾਜ ਪ੍ਰਤੀ ਕਾਰਗੁਜ਼ਾਰੀ, ਜ਼ਿੰਮੇਵਾਰੀ ਅਤੇ ਸੁਹਿਰਦਤਾ ’ਤੇ ਸਵਾਲ ਖੜ੍ਹੇ ਨਹੀਂ ਕਰ ਰਿਹਾ? ਜੇਕਰ ਉੱਤਰ ਹਾਂ ਵਿੱਚ ਹੈ ਤਾਂ ਕੀ ਅਸੀਂ ਹੋਰ ਲੰਬੇ ਸਮੇਂ ਤਕ ਆਪਣੇ ਪੁਰਖਿਆਂ ਦੇ ਦਿਸ਼ਾ ਨਿਰਦੇਸ਼ਾਂ, ਮੌਜੂਦਾ ਸਮਾਜ ਅਤੇ ਭਵਿੱਖੀ ਪੀੜ੍ਹੀਆਂ ਦੀ ਬਿਹਤਰੀ ਦੇ ਸੰਕਲਪ ਨੂੰ ਨਜ਼ਰ ਅੰਦਾਜ਼ ਹੀ ਕਰਦੇ ਰਹਾਂਗੇ?
ਇਸ ਤੋਂ ਇਲਾਵਾ ਆਪਣੀ ਹਉਮੈ, ਚੌਧਰ ਨੂੰ ਪੱਠੇ ਪਾ ਕੇ ਅਤੇ ਸਤਾ ਦੀ ਭੁੱਖ ਦੀ ਕੁੱਤੇ ਝਾਕ ਵਿੱਚ ਕੌਮ ਦੇ ਆਤਮ ਸਨਮਾਨ ਨੂੰ ਦਾਅ ’ਤੇ ਹੀ ਲਗਾਉਂਦੇ ਰਹਾਂਗੇ? ਕੀ ਇਸ ਲਈ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਅਤੇ ਆਪਣੇ ਕਰਕੇ, ਭਟਕਦੀਆਂ ਰੂਹਾਂ, ਕੌਮ ਦੇ ਬਦ ਤੋਂ ਬਦਤਰ ਹੋ ਰਹੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਹਾਲਾਤ ਨੂੰ ਧਿਆਨ ਹਿਤ ਰੱਖਦਿਆਂ ਅਤੇ ਆਪਣੇ ਜ਼ਿੰਮੇ ਲੱਗੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ, ਸੌੜੇ, ਨਿੱਜੀ ਅਤੇ ਰਾਜਸੀ ਹਿਤਾਂ ਨੂੰ ਦਰਕਿਨਾਰ ਕਰਕੇ ਛੋਟੇ-ਮੋਟੇ ਮੱਤਭੇਦ ਭੁਲਾ ਕੇ ਸਮੁੱਚੀ ਸਥਿਤੀ ਨੂੰ ਵਿਚਾਰਨ ਲਈ ਸਿਰ ਜੋੜ ਕੇ ਨਹੀਂ ਬੈਠ ਸਕਦੇ? ਇਸ ਲਈ ਸਾਨੂੰ ਗੰਭੀਰਤਾ, ਸੁਹਿਰਦਤਾ ਅਤੇ ਠੰਢੇ ਦਿਮਾਗ ਨਾਲ ਸੋਚਣ ਦੀ ਜ਼ਰੂਰਤ ਹੈ ਕਿ ਦੇਸ਼ ਵਿੱਚ 85% ਆਬਾਦੀ ਹੋਣ ਦੇ ਬਾਵਜੂਦ ਅਸੀਂ ਅੱਜ ਵੀ ਮੰਗਣ ਵਾਲੇ ਕਿਉਂ ਹਾਂ ਅਤੇ ਵੰਡਣ ਵਾਲੇ ਕਦੋਂ ਅਤੇ ਕਿਵੇਂ ਬਣਾਗੇ? ਇਸ ਲਈ ਸਮੁੱਚੀਆਂ ਸੰਸਥਾਵਾਂ ਦੇ ਪਹਿਲੀ ਕਤਾਰ ਦੇ ਆਗੂ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਅਹੁਦਿਆਂ, ਰੁਤਬਿਆਂ ਨੂੰ ਤਿਆਗ ਕੇ ਕੌਮ ਦੇ ਵਡੇਰੇ ਹਿਤਾਂ ਲਈ ਸਿਰਫ ਇੱਕ ਮੁੱਠ ਹੀ ਨਾ ਹੋਣ, ਸਗੋਂ ਇੱਕ ਸੁਰ ਹੋਣ ਦਾ ਵਿਲੱਖਣ ਮੁਜ਼ਾਹਰਾ ਵੀ ਕਰਨ। ਉਮੀਦ ਹੈ ਕਿ ਸਮੁੱਚੇ ਹਾਲਾਤ ਨੂੰ ਧਿਆਨ ਹਿਤ ਰੱਖਦਿਆਂ ਇਸ ਭਾਵੁਕ ਅਪੀਲ ਦੀ ਧੁਰ ਅੰਦਰੋਂ ਕਦਰ ਕਰਦਿਆਂ ਅਮਲੀ ਰੂਪ ਵਿੱਚ ਵੀ ਅਸੀਂ ਸਾਰੇ ਰਲਮਿਲ ਕੇ ਕੁਝ ਨਾ ਕੁਝ ਕਰਨ ਵੱਲ ਕਦਮ ਵਧਾਉਣ ਦਾ ਸੁਹਿਰਦ ਯਤਨ ਕਰਾਂਗੇ। ਅਜਿਹਾ ਕਰਕੇ ਹੀ ਅਸੀਂ ਆਪਣੇ ਜਿਉਂਦੇ ਜਾਗਦੇ ਹੋਣ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸਹੀ ਅਰਥਾਂ ਵਿੱਚ ਦਮ ਭਰ ਰਹੇ ਹੋਵਾਂਗੇ। ਸੰਸਾਰ ਤੋਂ ਹਰ ਜੀਵ ਜੰਤੂ ਅਤੇ ਮਨੁੱਖ ਦੀ ਰੁਖਸਤੀ ਨਿਸ਼ਚਿਤ ਹੈ, ਲੋਕਾਂ, ਕੌਮ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕੀਤੀ ਗਈ ਕਾਰਗੁਜ਼ਾਰੀ ਸਦੀਵੀ ਯਾਦਗਾਰ ਦਾ ਪ੍ਰਤੀਕ ਹੋ ਨਿੱਬੜਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5072)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)