AtmaSPamar7ਇਸ ਲਈ ਸਮੁੱਚੇ ਦੇਸ਼ ਵਾਸੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਜਨਤਾ ਨੂੰ ਨਿਮਰਤਾ ਸਹਿਤ ...
(14 ਅਪਰੈਲ 2025)

 

ਭਾਰਤ ਦੀ ਇਸ ਮਹਾਨ ਧਰਤੀ ’ਤੇ ਜਦੋਂ ਵੀ ਅੱਤਿਆਚਾਰਾਂ ਅਤੇ ਜ਼ੁਲਮਾਂ ਦੀ ਇੰਤਹਾ ਹੋਈ, ਉਸ ਸਮੇਂ ਮਹਾਨ ਗੁਰੂਆਂ, ਪੀਰਾਂ, ਪੈਗੰਬਰਾਂ, ਯੋਧਿਆਂ, ਵਿਦਵਾਨਾਂ ਅਤੇ ਕਾਨੂੰਨਦਾਨਾਂ ਦੀ ਪੈਦਾਇਸ਼ ਵੀ ਹੋਈ, ਜਿਨ੍ਹਾਂ ਨੇ ਦੁੱਖਾਂ ਦਰਦਾਂ, ਹਉਕਿਆਂ ਹਟਕੋਰਿਆਂ, ਅੱਤਿਆਚਾਰਾਂ ਅਤੇ ਹਾਸ਼ੀਏ ’ਤੇ ਧੱਕੀ ਮਨੁੱਖਤਾ ਲਈ ਅਸਹਿ ਅਤੇ ਅਕਹਿ ਕਸ਼ਟ ਸਹਿਣ ਤੋਂ ਵੀ ਅਗਾਂਹ ਲੰਘਦਿਆਂ, ਪਰਿਵਾਰਾਂ ਸਮੇਤ ਕੁਰਬਾਨੀਆਂ ਦੇਣ ਵਰਗੇ ਦਰਦਨਾਕ ਬਿਰਤਾਂਤ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਕਰਵਾਏ ਇਨ੍ਹਾਂ ਵਿੱਚੋਂ ਹੀ ਇੱਕ ਨਾਮ ਹੈ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ, ਜੋ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਡਾ. ਸਾਹਿਬ ਦਾ ਨਾਮ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਅੰਬਰ ’ਤੇ ਧਰੂ ਤਾਰੇ ਵਾਂਗ ਚਮਕਿਆ, ਅਤੇ ਚਮਕ ਰਿਹਾ ਹੈਅਜਿਹੀ ਮਹਾਨ ਸ਼ਖ਼ਸੀਅਤ ਦੇ ਜੀਵਨ ਬਾਰੇ ਪੜ੍ਹ ਸੁਣ ਕੇ ਕਈ ਵਾਰ ਤਾਂ ਜਜ਼ਬਾਤੀ ਹੋ ਕੇ ਮਨ ਵੀ ਭਰ ਆਉਂਦਾ ਹੈ ਅਤੇ ਐਨ ਉਸੇ ਸਮੇਂ ਹੀ ਉਨ੍ਹਾਂ ਵੱਲੋਂ ਆਪਣੇ ਪਿੰਡੇ ’ਤੇ ਹੰਢਾਏ ਅਕਹਿ ਸਰੀਰਕ, ਮਾਨਸਿਕ ਦੁੱਖਾਂ ਦਰਦਾਂ, ਤਸੀਹਿਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਲਈ ਕੀਤੇ ਗਏ ਨਿਰਸਵਾਰਥ ਅਤੇ ਭੇਦਭਾਵ ਰਹਿਤ ਕਾਰਜਾਂ ਨੂੰ ਯਾਦ ਕਰਦਿਆਂ ਸਿਰ ਫਖ਼ਰ ਨਾਲ ਉੱਚਾ ਵੀ ਹੋ ਜਾਂਦਾ ਹੈਇਸ ਮਹਾਨ ਰਹਿਬਰ ਦੀ 14 ਅਪਰੈਲ 1891 ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ ਪੂਨਾ ਦੀ ਮਹੂ ਛਉਣੀ ਵਿਖੇ ਸੂਬੇਦਾਰ ਰਾਮ ਜੀ ਸਕਪਾਲ ਦੇ ਘਰ ਅਤੇ ਮਾਤਾ ਭੀਮਾ ਬਾਈ ਦੀ ਸੁਲੱਖਣੀ ਕੁੱਖੋਂ ਪੈਦਾਇਸ਼ ਹੋਈਜੀਵਨ ਦੇ ਅਨਮੋਲ ਅਤੇ ਕੰਡਿਆਲੇ ਸਫ਼ਰ ਦੌਰਾਨ ਇਨ੍ਹਾਂ ਨੇ ਮਜ਼ਲੂਮਾਂ, ਲਿਤਾੜਿਆਂ ਅਤੇ ਹਾਸ਼ੀਏ ’ਤੇ ਧੱਕੀ ਹੋਈ ਮਨੁੱਖਤਾ ਦੀ ਬਿਹਤਰੀ ਲਈ ਆਪਣੇ ਸੰਘਰਸ਼ਾਂ ਅਤੇ ਲਿਖਤਾਂ ਰਾਹੀਂ ਜ਼ਿਕਰਯੋਗ ਸੇਧਾਂ/ਸਿਧਾਂਤ ਦੁਨਿਆਵੀ ਮੰਚ ਦੇ ਸਨਮੁਖ ਪੇਸ਼ ਕੀਤੇ6 ਦਸੰਬਰ 1956 ਦੀ ਉਹ ਮਨਹੂਸ ਘੜੀ ਸਾਡੇ ਚੇਤਿਆਂ ਵਿੱਚੋਂ ਪਲ ਭਰ ਲਈ ਵੀ ਇੱਧਰ ਉੱਧਰ ਨਹੀਂ ਹੁੰਦੀ ਜਦੋਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਦਤਰ ਹਾਲਤਾਂ ਵਿੱਚ ਮਨੁੱਖਤਾ ਦਾ ਇਹ ਮਸੀਹਾ ਇਸ ਫਾਨੀ ਸੰਸਾਰ ਤੋਂ, ਜਾਨਵਰਾਂ ਵਰਗਾ ਜੀਵਨ ਬਸਰ ਕਰ ਰਹੇ ਅਤੇ ਨੀਚੇ ਸਮਝੇ ਜਾਣ ਵਾਲੇ ਸਮਾਜ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਸਦਾ ਸਦਾ ਲਈ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ

ਅੱਜ 134ਵੇਂ ਆਗਮਨ ਦਿਵਸ ਮੌਕੇ ਉਨ੍ਹਾਂ ਨੂੰ ਸਜਦਾ ਅਤੇ ਨਮਨ ਕਰਦਿਆਂ ਸਮਾਜ ਦੇ ਅਛੂਤ ਕਹਾਉਣ ਵਾਲੇ ਲੋਕ, ਲਿੰਗ ਅਧਾਰਿਤ ਵਿਤਕਰੇ ਦੀਆਂ ਸ਼ਿਕਾਰ ਸਮੁੱਚੀਆਂ ਔਰਤਾਂ, ਮਜ਼ਦੂਰਾਂ ਅਤੇ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਕੀਤੇ ਲਾਸਾਨੀ ਭਲਾਈ ਕਾਰਜਾਂ ਤੋਂ ਇਲਾਵਾ ਭਾਰਤੀ ਸੰਵਿਧਾਨ ਦੀ ਸੰਰਚਨਾ ਵਰਗੇ ਅਹਿਮ ਅਤੇ ਇਤਿਹਾਸਿਕ ਮੀਲ ਪੱਥਰ ਗੱਡਣ ਵਰਗੇ ਦਿਸਹੱਦਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈਬਾਬਾ ਸਾਹਿਬ ਉੱਚ ਕੋਟੀ ਦੇ ਲੇਖਕ, ਫਿਲਾਸਫਰ, ਬੁਲਾਰੇ, ਕਾਨੂੰਨਦਾਨ ਅਤੇ ਕੁਸ਼ਲ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਹਨਪ੍ਰੰਤੂ ਅਜੋਕੇ ਸਮਾਜ ਦੇ ਇੱਕ ਵੱਡੇ ਹਿੱਸੇ ਦੇ ਮਨਾਂ ਵਿੱਚ ਇਹ ਧਾਰਨਾ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ ਕਿ ਬਾਬਾ ਸਾਹਿਬ ਸਿਰਫ ਤੇ ਸਿਰਫ਼ ਅਛੂਤਾਂ ਅਤੇ ਦਲਿਤਾਂ ਦੇ ਹੀ ਮਸੀਹਾ ਹਨਜਦੋਂ ਕਿ ਅਜਿਹਾ ਤੌਖਲਾ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਜਾਪਦਾਕਿਉਂਕਿ ਜਦੋਂ ਅਸੀਂ ਉਹਨਾਂ ਦੇ ਸਮੁੱਚੇ ਜੀਵਨ ਅਤੇ ਫਲਸਫੇ ਦਾ ਫਰਾਖਦਿਲੀ ਅਤੇ ਨਿਰਪੱਖਤਾ ਨਾਲ ਅਧਿਐਨ ਕਰਦੇ ਹਾਂ ਤਾਂ ਉਕਤ ਧਾਰਨਾਵਾਂ ਦੀ ਪ੍ਰਸੰਗਿਕਤਾ/ਸਾਰਥਿਕਤਾ ਕਿਧਰੇ ਵੀ ਨਜ਼ਰੀਂ ਨਹੀਂ ਪੈਂਦੀ ਡਾ. ਸਾਹਿਬ ਦਾ ਸਮੁੱਚਾ ਜੀਵਨ ਇਸ ਗੱਲ ਦਾ ਸਾਖਸ਼ੀ ਹੈ ਕਿ ਉਨ੍ਹਾਂ ਖ਼ੁਦ ਆਪਣੇ ਮਨ ਮਸਤਕ ਅਤੇ ਪਰਿਵਾਰ ਉੱਤੇ ਮੁਸੀਬਤਾਂ ਦੇ ਵੱਡੇ ਪਹਾੜਾਂ ਨੂੰ ਸਹਿੰਦਿਆਂ ਹਮੇਸ਼ਾ ਹੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤੌਰ ’ਤੇ ਲਤਾੜੇ ਅਤੇ ਅੱਤਿਆਚਾਰਾਂ ਦੇ ਸ਼ਿਕਾਰ ਵਰਗਾਂ ਨਾਲ ਚਟਾਨ ਵਾਂਗ ਖੜ੍ਹਨ ਦਾ ਸਿਰਫ਼ ਸਿਧਾਂਤਕ ਹੀ ਨਹੀਂ ਸਗੋਂ ਅਮਲੀ ਰੂਪ ਵਿੱਚ ਵੀ ਦਮ ਭਰਿਆ ਹੈਭਾਵੇਂ ਸਮੇਂ ਸਮੇਂ ’ਤੇ ਚੱਲੀਆਂ ਸਮਾਜ ਸੁਧਾਰ ਲਹਿਰਾਂ ਨੇ ਜਾਤ ਪਾਤ, ਅਮੀਰੀ ਗਰੀਬੀ ਅਤੇ ਵਿਸ਼ੇਸ਼ ਤੌਰ ’ਤੇ ਔਰਤ ਜਾਤੀ ’ਤੇ ਹੁੰਦੇ ਜਬਰ ਅਤੇ ਅੱਤਿਆਚਾਰਾਂ ਦਾ ਆਪਣੀਆਂ ਲਿਖਤਾਂ, ਤਰਕਾਂ ਅਤੇ ਗੋਸ਼ਟੀਆਂ ਆਦਿ ਰਾਹੀਂ ਸਿਧਾਂਤਕ ਤੌਰ ’ਤੇ ਖੰਡਨ ਕੀਤਾਪ੍ਰੰਤੂ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਜਿਉਂ ਹੀ ਭਾਰਤੀ ਸੰਵਿਧਾਨ ਦੀ ਰਚੇਤਾ ਖਰੜਾ ਕਮੇਟੀ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਮਿਲੀ ਤਾਂ ਉਹਨਾਂ ਨੇ ਬਗੈਰ ਕਿਸੇ ਪੱਖਪਾਤ, ਭੇਦਭਾਵ ਤੋਂ ਸਮੁੱਚੀ ਔਰਤ ਜਾਤੀ ਨੂੰ ਕਾਨੂੰਨੀ ਤੌਰ ’ਤੇ ਸਮਾਨਤਾ, ਮਜ਼ਦੂਰਾਂ ਲਈ ਅੱਠ ਘੰਟੇ ਕੰਮ ਕਰਨ, ਮੁਜ਼ਾਰਿਆਂ ਨੂੰ ਜਾਇਦਾਦ ਦਾ ਹੱਕ, ਔਰਤਾਂ ਲਈ ਬਰਾਬਰ ਕੰਮ, ਬਰਾਬਰ ਤਨਖਾਹ ਦੀ ਵਿਵਸਥਾ ਤੋਂ ਇਲਾਵਾ ਮਾਪਿਆਂ ਦੀ ਜਾਇਦਾਦ ਵਿੱਚੋਂ ਹਿੱਸੇਦਾਰੀ ਆਦਿ ਗੈਰਬਰਾਬਰੀ, ਤਰਕਹੀਣ ਅਤੇ ਗੈਰ ਮਨੁੱਖੀ ਵਿਵਹਾਰ ਵਰਗੇ ਪੇਚੀਦਾ ਮਸਲਿਆਂ ਤੋਂ ਇਲਾਵਾ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਵੀ ਭਾਰਤੀ ਸੰਵਿਧਾਨ ਵਿੱਚ ਅੰਕਿਤ ਕੀਤਾਕਾਨੂੰਨੀ ਤੌਰ ’ਤੇ ਅਜਿਹਾ ਕਰ ਸਕਣਾ ਸਿਰਫ ਤੇ ਸਿਰਫ ਡਾ. ਸਾਹਿਬ ਦੇ ਹਿੱਸੇ ਹੀ ਆਇਆ ਹੈਉਨ੍ਹਾਂ ਦੀ ਦੂਰਅੰਦੇਸ਼ੀ ਹੀ ਸੀ ਕਿ ਉਨ੍ਹਾਂ ਨੇ ਸਦੀਆਂ ਤੋਂ ਮੰਨੂਵਾਦੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਸਿਰਜਤ ਵਰਣ ਵਿਵਸਥਾ ਵਰਗੀ ਅਣਮਨੁੱਖੀ ਅਤੇ ਦਮਨਕਾਰੀ ਪਹੁੰਚ ਕਾਰਨ ਦੱਬੇ ਕੁਚਲੇ ਦਲਿਤ ਵਰਗ ਨੂੰ ਰਾਜਨੀਤਕ ਅਤੇ ਸਰਕਾਰੀ ਨੌਕਰੀਆਂ ਵਿੱਚ ਕੁਝ ਪ੍ਰਤੀਸ਼ਤ ਰਾਖਵਾਂਕਰਨ ਦਾ ਐਕਟ ਬਣਾਇਆ ਤਾਂ ਜੋ ਇਸ ਵਰਗ ਨੂੰ ਵੀ ਸਮਾਜਿਕ ਅਤੇ ਰਾਜਨੀਤਿਕ ਤੌਰ ’ਤੇ ਕੁਝ ਹੱਦ ਤਕ ਸਮਾਨਤਾ ਦਾ ਅਹਿਸਾਸ ਹੋ ਸਕੇ ਜਿਨ੍ਹਾਂ ਲੋਕਾਂ ਨੂੰ ਸਕੂਲਾਂ, ਕਾਲਜਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਅੱਗਿਓਂ ਲੰਘਣ ਦੀ ਵੀ ਮਨਾਹੀ ਸੀ, ਉਹ ਇਨ੍ਹਾਂ ਹੀ ਸੰਸਥਾਵਾਂ ਦੇ ਨਿਰਦੇਸ਼ਕਾਂ, ਮੁਖੀਆਂ, ਪ੍ਰੋਫੈਸਰਾਂ, ਅਧਿਆਪਕਾਂ ਅਤੇ ਹੋਰ ਵਕਾਰੀ ਅਹੁਦਿਆਂ ’ਤੇ ਸੁਸ਼ੋਭਿਤ ਹੋਏ ਉੱਧਰ ਦੂਜੇ ਪਾਸੇ ਰਾਜਨੀਤਿਕ ਖੇਤਰ ਵਿੱਚ ਸੂਬਿਆਂ ਅਤੇ ਕੇਂਦਰ ਸਰਕਾਰਾਂ ਵਿੱਚ ਹੇਠਲੇ ਅਹੁਦਿਆਂ ਤੋਂ ਲੈ ਕੇ ਉੱਚ ਅਹੁਦਿਆਂ ਤਕ ਦਾ ਅਨੰਦ ਵੀ ਮਾਣਿਆ ਅਤੇ ਮਾਣ ਰਹੇ ਹਨਹਰ ਵਰਗ ਦੀਆਂ ਔਰਤਾਂ, ਜਿਨ੍ਹਾਂ ਨੂੰ ਮੰਨੂਵਾਦੀ ਵਿਵਸਥਾ ਅਧੀਨ ਪੈਰ ਦੀ ਜੁੱਤੀ ਤੋਂ ਇਲਾਵਾ ਹੋਰ ਪਤਾ ਨਹੀਂ ਕਿਹੜੇ ਕਿਹੜੇ ਵਿਸ਼ੇਸ਼ਣਾਂ ਨਾਲ ਨਿਵਾਜ਼ਿਆ ਜਾਂਦਾ ਸੀ, ਵੀ ਲਿੰਗਕ ਸਮਾਨਤਾ ਦੇ ਕਾਨੂੰਨ ਤਹਿਤ ਪ੍ਰਸ਼ਾਸਨਿਕ ਅਤੇ ਵੱਡੀਆਂ ਵੱਡੀਆਂ ਸੰਵਿਧਾਨਕ ਅਤੇ ਰਾਜਨੀਤਿਕ ਪਦਵੀਆਂ ਤਕ ਪਹੁੰਚਣ ਦਾ ਮਾਣ ਹਾਸਲ ਕਰ ਸਕੀਆਂਪ੍ਰੰਤੂ ਬੜੇ ਹੀ ਦੁੱਖ ਅਤੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਮੇਂ ਸਮੇਂ ’ਤੇ ਸੂਬਿਆਂ ਅਤੇ ਕੇਂਦਰੀ ਸੱਤਾ ’ਤੇ ਕਾਬਜ਼ ਸਰਕਾਰਾਂ ਵੱਲੋਂ ਹਰ ਪੱਖੋਂ ਕਾਬਲ ਇਸ ਮਹਾਨ ਸ਼ਖਸੀਅਤ ਨੂੰ ਉਨ੍ਹਾਂ ਦੇ ਕੱਦ ਬੁੱਤ ਅਨੁਸਾਰ ਬਣਦਾ ਮਾਣ ਸਤਕਾਰ ਦੇਣ ਤੋਂ ਹਮੇਸ਼ਾ ਟਾਲਾ ਹੀ ਵੱਟਿਆ ਜਾਂਦਾ ਰਿਹਾ ਹੈਭਾਰਤ ਰਤਨ ਵਰਗਾ ਉੱਚ ਵਕਾਰੀ ਸਨਮਾਨ ਵੀ ਭਾਰਤੀ ਆਜ਼ਾਦੀ ਤੋਂ ਬਹੁਤ ਦੇਰ ਬਾਅਦ ਉਨ੍ਹਾਂ ਦੀ ਦੁਨੀਆਂ ਤੋਂ ਰੁਖਸਤੀ ਉਪਰੰਤ ਹੀ 31 ਮਾਰਚ 1990 ਨੂੰ ਤੱਤਕਾਲੀ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਸਰਕਾਰ ਵੱਲੋਂ ਕਿਸੇ ਰਾਜਨੀਤਿਕ ਮਜਬੂਰੀ ਤਹਿਤ ਹੀ ਦਿੱਤਾ ਗਿਆ ਜਾਪਦਾ ਹੈਭਾਰਤੀ ਸੰਵਿਧਾਨ ਵਿੱਚ ਹਰ ਵਰਗ ਦੇ ਹਿਤਾਂ/ਅਧਿਕਾਰਾਂ ਨੂੰ ਧਿਆਨ ਵਿੱਚ ਰੱਖਣ ਦੇ ਬਾਵਜੂਦ ਵੀ ਬਾਬਾ ਸਾਹਿਬ ਨਾਲ ਨਰਾਜ਼ਗੀ ਸਮਝੋਂ ਬਾਹਰੀ ਗੱਲ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਾਬਾ ਸਾਹਿਬ ਦੇ ਸਨਮਾਨ ਵਿੱਚ ਸਥਾਪਤ ਕੀਤੇ ਗਏ ਆਦਮ ਕੱਦ ਬੁੱਤਾਂ ਨੂੰ ਕਿਸੇ ਸੋਚੀ ਸਮਝੀ ਯੋਜਨਾ ਅਤੇ ਸੌੜੀ ਰਾਜਨੀਤੀ ਤਹਿਤ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ; ਜਿਸ ਨੂੰ ਬਹੁਤ ਮੰਦਭਾਗਾ ਕਿਹਾ ਜਾ ਸਕਦਾ ਹੈ ਇਸਦੀ ਸਮੁੱਚੇ ਭਾਰਤ ਵਾਸੀਆਂ ਅਤੇ ਵਿਦੇਸ਼ੀਂ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਨਿੰਦਾ ਕਰਨੀ ਬਣਦੀ ਹੈਇੱਥੇ ਇੱਕ ਗੱਲ ਸਪਸ਼ਟ ਹੈ ਕਿ ਜੇਕਰ ਸਮਾਂ ਰਹਿੰਦਿਆਂ ਕੇਂਦਰੀ ਅਤੇ ਰਾਜ ਸਰਕਾਰਾਂ ਵੱਲੋਂ ਇਸ ਗੰਭੀਰ ਮਸਲੇ ’ਤੇ ਇਸੇ ਤਰ੍ਹਾਂ ਰਾਜਨੀਤੀ ਕੀਤੀ ਜਾਂਦੀ ਰਹੀ ਤਾਂ ਦੇਸ਼ ਦੇ ਹੋਣ ਵਾਲੇ ਹਰ ਤਰ੍ਹਾਂ ਦੇ ਵੱਡੇ ਨੁਕਸਾਨ ਨੂੰ ਕੋਈ ਨਹੀਂ ਰੋਕ ਸਕਦਾਇਸ ਅਵੇਸਲੇਪਣ ਅਤੇ ਬੱਜਰ ਗਲਤੀ ਲਈ ਭਵਿੱਖੀ ਪੀੜ੍ਹੀਆਂ ਅਤੇ ਇਤਿਹਾਸ ਅਜੋਕੇ ਜ਼ਿੰਮੇਵਾਰ ਆਗੂਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ

ਇਨ੍ਹਾਂ ਵਾਪਰ ਰਹੀਆਂ ਘਟਨਾਵਾਂ ਨੂੰ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਏ, ਰਾਜਸੀ ਪੰਡਿਤਾਂ, ਆਮ ਜਨਤਾ ਅਤੇ ਰਾਜਨੀਤਕ ਦਲਾਂ ਵੱਲੋਂ ਆਪਣੇ ਆਪਣੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈਇਸ ਤੋਂ ਇਲਾਵਾ ਕੁਝ ਸਧਾਰਨ ਲੋਕ ਇਸ ਨੂੰ ਦੇਸ਼ ਵਿੱਚ ਸਦੀਆਂ ਤੋਂ ਚੱਲ ਰਹੀ ਵਰਣ ਵਿਵਸਥਾ ਨਾਲ ਜੋੜ ਕੇ ਵੀ ਦੇਖ ਰਹੇ ਹਨ ਕਿਉਂਕਿ ਸੰਸਦ ਦੇ ਚੱਲ ਰਹੇ ਪਿਛਲੇ ਸੈਸ਼ਨ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਡਾ. ਸਾਹਿਬ ਬਾਰੇ ਕੀਤੀਆਂ ਗਈਆਂ ਅਤੇ ਮੀਡੀਆ ਅਦਾਰਿਆਂ ਅਤੇ ਜਨਤਾ ਵੱਲੋਂ ਇਸ ਸੰਬੰਧੀ ਆਏ ਪ੍ਰਤੀਕਰਮ ਵੀ ਕਿਸੇ ਤੋਂ ਲੁਕੇ ਛਿਪੇ ਨਹੀਂਇਹ ਵੀ ਆਮ ਚਰਚਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਅਤੇ ਨੀਤੀਆਂ ਦਲਿਤਾਂ, ਪਛੜਿਆਂ, ਕਮਿਊਨਿਸਟਾਂ ਅਤੇ ਘੱਟ ਗਿਣਤੀਆਂ ਪ੍ਰਤੀ ਤਰ੍ਹਾਂ ਤਰ੍ਹਾਂ ਦੇ ਲਏ ਗਏ ਫੈਸਲਿਆਂ ਅਤੇ ਪਾਸ ਕੀਤੇ ਜਾ ਰਹੇ ਕਾਨੂੰਨ ਅਤੇ ਲਾਗੂ ਕੀਤੀ ਜਾ ਰਹੀ ਨਵੀਂ ਕੌਮੀ ਸਿੱਖਿਆ ਨੀਤੀ ਵਰਗੇ ਵਰਤਾਰਿਆਂ ਤੋਂ ਸਰਕਾਰ ਦਾ ਰੁਖ ਭਲੀਭਾਂਤ ਸਪਸ਼ਟ ਹੋ ਜਾਂਦਾ ਹੈਪੂਰੇ ਦੇਸ਼ ਵਿੱਚ ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਚੱਲ ਰਹੀਆਂ ਕਥਿਤ ਚਰਚਾਵਾਂ, ਜਾਤੀ ਅਧਾਰਿਤ ਜਨਗਣਨਾ ਤੋਂ ਆਨਾਕਾਨੀ ਕਰਨਾ ਅਤੇ ਚੰਗੀਆਂ ਭਲੀਆਂ ਚੱਲ ਰਹੀਆਂ ਸੰਵਿਧਾਨਕ ਸੰਸਥਾਵਾਂ ਵਿੱਚ ਫਿਰ ਬਦਲ ਕਰਨ, ਰਾਸ਼ਟਰੀ ਮਾਰਗਾਂ ਅਤੇ ਸੜਕਾਂ ਆਦਿ ਦੇ ਨਾਂ ਬਦਲਣ ਵਰਗੀਆਂ ਵੱਡੀਆਂ ਕਾਰਵਾਈਆਂ ਉਕਤ ਸਭ ਕੁਝ ਨੂੰ ਚਿੱਟੇ ਦਿਨ ਵਾਂਗ ਸਾਫ ਕਰ ਰਹੀਆਂ ਹਨ ਇਨ੍ਹਾਂ ਸਾਰੇ ਵਰਤਾਰਿਆਂ ਨੂੰ ਬਾਬਾ ਸਾਹਿਬ ਦੇ ਅਨੁਯਾਈਆਂ ਵਿੱਚ ਆ ਰਹੀ ਜਾਗਰੂਕਤਾ ਅਤੇ ਪ੍ਰਭਾਵਿਤ ਹੋ ਰਹੇ ਹੋਰ ਲੋਕਾਂ ਵੱਲੋਂ ਕਿਸੇ ਨਫ਼ਰਤੀ ਨੁਕਤਾ ਨਿਗਾਹ ਤੋਂ ਹੀ ਅਨੁਮਾਨਿਆ ਜਾ ਰਿਹਾ ਹੈ; ਜਿਸ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਖਤਰੇ ਦੀ ਘੰਟੀ ਵਜੋਂ ਵੀ ਲਿਆ ਜਾ ਰਿਹਾ ਹੈ

ਇਸ ਤੋਂ ਇਲਾਵਾ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਵੀ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਲਗਾਤਾਰ ਸੋਚੀ ਸਮਝੀ ਸਾਜ਼ਿਸ਼ ਅਧੀਨ ਨੁਕਸਾਨ ਪਹੁੰਚਾਇਆ ਜਾ ਰਿਹਾ ਹੈਇਸ ਬਾਰੇ ਵੀ ਸੰਜੀਦਾ ਅਤੇ ਗੰਭੀਰ ਲੋਕਾਂ ਤੋਂ ਇਲਾਵਾ ਸੂਬੇ ਦੀ ਬਹੁਜਨ ਪਾਰਟੀ ਵੱਲੋਂ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈਇਨ੍ਹਾਂ ਸਾਰੀਆਂ ਧਿਰਾਂ ਦਾ ਮੰਨਣਾ ਹੈ ਕਿ ਸੂਬੇ ਵਿੱਚ ਸ਼ਾਂਤੀ ਪੂਰਵਕ ਅਤੇ ਭਾਈਚਾਰਕ ਸਾਂਝ ਵਾਲਾ ਜੀਵਨ ਬਸਰ ਕਰ ਰਹੇ ਵੱਖ ਵੱਖ ਤਬਕਿਆਂ ਵਿੱਚ ਨਫ਼ਰਤ ਦੇ ਬੀਜ ਬੀਜਣ ਲਈ ਕੁਝ ਏਜੰਸੀਆਂ ਕਾਰਜਸ਼ੀਲ ਹਨਅਜਿਹੀਆਂ ਘਟਨਾਵਾਂ ਬਾਰੇ ਆਮ ਲੋਕਾਂ ਵਿੱਚ ਇਹ ਧਾਰਨਾ ਵੀ ਬਣ ਰਹੀ ਹੈ ਕੁਝ ਕੱਟੜਪੰਥੀ ਸ਼ਕਤੀਆਂ ਸੂਬੇ ਵਿੱਚ ਹਿੰਦੂ ਸਿੱਖ ਦਾ ਬਾਵੇਲਾ ਖੜ੍ਹਾ ਕਰਕੇ ਇਸ ਨੂੰ 80ਵਿਆਂ ਦੇ ਦੌਰ ਵਿੱਚ ਲਿਜਾ ਕੇ ਅਫ਼ਰਾ ਤਫਰੀ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੀਆਂ ਹਨ ਕੁਝ ਕੁ ਦਾ ਮੱਤ ਹੈ ਕਿ ਇਹ ਏਜੰਸੀਆਂ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਹੁਰਮਤੀ ਕਰਕੇ ਜੱਟ ਸਿੱਖਾਂ ਅਤੇ ਦਲਿਤ ਵਰਗ ਦੇ ਟਕਰਾਓ ਲਈ ਰਾਹ ਪੱਧਰਾ ਕਰ ਰਹੀਆਂ ਹਨ, ਕਿਉਂਕਿ ਦਲਿਤਾਂ ਦਾ ਇੱਕ ਵੱਡਾ ਹਿੱਸਾ ਡਾ. ਸਾਹਿਬ ਦਾ ਪੈਰੋਕਾਰ ਹੈ ਇਸਦੇ ਨਾਲ ਹੀ ਵੱਖ ਵੱਖ ਡੇਰਿਆਂ ਵਿੱਚ ਜਾਣ ਤੋਂ ਇਲਾਵਾ ਹੋਰਨਾਂ ਧਰਮਾਂ ਵਿੱਚ ਤਬਦੀਲ ਹੋਣ ਲਈ ਵੀ ਇਹੋ ਵਰਗ ਸਭ ਤੋਂ ਵੱਧ ਰੁਚਿਤ ਸਮਝਿਆ ਜਾ ਰਿਹਾ ਹੈ, ਜਿਸ ਤੋਂ ਜਾਪਦਾ ਹੈ ਕਿ ਇਹ ਸ਼ਾਤਰ ਦਿਮਾਗ ਸ਼ਕਤੀਆਂ ਅਨੁਸੂਚਿਤ ਅਤੇ ਪਛੜੇ ਵਰਗਾਂ ਦੇ ਵੱਡੇ ਵੋਟ ਬੈਂਕ ਨੂੰ ਹਥਿਆਉਣ ਲਈ ਹੀ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਕੋਝੇ ਯਤਨ ਕਰ ਰਹੀਆਂ ਹਨਜੇਕਰ ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਉਕਤ ਵਰਤਾਰਿਆਂ ਨੂੰ ਧਰਮ, ਜਾਤ ਅਤੇ ਘੱਟ ਗਿਣਤੀਆਂ ਆਦਿ ਦੇ ਮੱਦੇ ਨਜ਼ਰ ਵੋਟ ਰਾਜਨੀਤੀ ਵੱਲ ਸੇਧਿਤ ਹੋਣਾ ਹੀ ਅਜਿਹੀਆਂ ਗਤੀਵਿਧੀਆਂ ਦਾ ਅਧਾਰ ਮੰਨਿਆ ਜਾ ਰਿਹਾ ਹੈਇਸ ਲਈ ਅਜਿਹੇ ਬੇਹੂਦਾ ਮਨਸੂਬਿਆਂ ਨੂੰ ਭਾਂਜ ਦੇਣ ਲਈ ਆਮ ਜਨਤਾ ਨੂੰ ਸੁਚੇਤ ਹੋਣਾ ਪਵੇਗਾਇਸ ਲਈ ਸਮੁੱਚੇ ਦੇਸ਼ ਵਾਸੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਜਨਤਾ ਨੂੰ ਨਿਮਰਤਾ ਸਹਿਤ ਗੁਜ਼ਾਰਿਸ਼ ਅਤੇ ਸਲਾਹ ਵੀ ਹੈ ਕਿ ਇਸ ਤਰ੍ਹਾਂ ਦੀਆਂ ਚਾਲਾਂ/ਸਾਜ਼ਿਸ਼ਾਂ ਨੂੰ ਦਰਕਿਨਾਰ ਕਰਦਿਆਂ ਆਪਸੀ ਭਾਈਚਾਰਕ ਸਾਂਝ ਦੀ ਬਰਕਰਾਰੀ ਲਈ ਅਜਿਹੇ ਮਨੁੱਖਤਾ ਦੋਖੀ ਮਨਸੂਬਿਆਂ ਨੂੰ ਖੁੰਢਾ ਕਰਨ ਲਈ ਸ਼ਾਂਤੀਪੂਰਵਕ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣਾ ਹੀ ਇਸਦਾ ਢੁਕਵਾਂ ਹੱਲ ਹੈਅਜਿਹਾ ਕਰਕੇ ਹੀ ਅਸੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੱਚੇ ਅਨੁਯਾਈ ਹੋਣ, ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨ, ਡਾ. ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੰਭਲਾ ਮਾਰਨ ਦੇ ਨਾਲ ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਸ਼ਰਧਾਂਜਲੀ ਦੇਣ ਦੇ ਅਸਲੋਂ ਹੱਕਦਾਰ ਹੋਵਾਂਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

ਆਤਮਾ ਸਿੰਘ ਪਮਾਰ

ਆਤਮਾ ਸਿੰਘ ਪਮਾਰ

Nehru Memorial Government College, Mansa.
WhatsApp: (91- 89680 - 56200)
(atmapamarbsp@gmail.com)

More articles from this author