“... ਹੱਥ ਖੜ੍ਹੇ ਕਰਕੇ ਮੇਰੇ ਕੋਲ ਚਲੇ ਆਉ! ਕੋਈ ਐਕਸ਼ਨ ਕਰਨ ਦੀ ਗਲਤੀ ...”
(3 ਮਾਰਚ 2025)
ਆਉ ਆਪਾਂ ਸਾਰੇ ਰਲਮਿਲ ਕੇ ਜਾਤਾਂ, ਧਰਮਾਂ, ਨਸਲਾਂ
ਅਤੇ ਫਿਰਕਿਆਂ ਦੀਆਂ ਤੰਗ ਵਲਗਣਾਂ ਤੋਂ ਉੱਪਰ ਉੱਠ ਕੇ ...
ਦਸੰਬਰ ਮਹੀਨਾ ਹੋਣ ਕਾਰਨ ਕੜਾਕੇ ਦੀ ਸਰਦੀ ਦੇ ਦਿਨ ਸਨ। ਸੰਨ 1992 ਦੌਰਾਨ ਜਦੋਂ ਪੰਜਾਬ ਵਿੱਚ ਖਾੜਕੂਵਾਦ ਆਪਣੇ ਆਖਰੀ ਸਾਹ ਗਿਣ ਰਿਹਾ ਸੀ। ਇਹ ਅਜਿਹਾ ਦਹਿਸ਼ਤਜ਼ਦਾ ਸਮਾਂ ਸੀ ਜਦੋਂ ਸ਼ਾਮ ਪੰਜ ਵਜੇ ਤੋਂ ਪਹਿਲਾਂ ਹੀ ਲੋਕ ਆਪੋ ਆਪਣੇ ਘਰਾਂ ਵਿੱਚ ਸਹਿਮ ਅਤੇ ਬੇਭਰੋਸਗੀ ਦੇ ਆਲਮ ਵਿੱਚੋਂ ਵਿਚਰਦਿਆਂ ਸਿਮਟ ਜਾਂਦੇ ਸਨ। ਲੋਕ ਉਹ ਜੀਵਨ ਜਿਉਂ ਨਹੀਂ ਸਨ ਰਹੇ ਸਗੋਂ ਸਹਿਮ ਦੇ ਸਾਏ ਹੇਠ ਇੱਕ ਤਰ੍ਹਾਂ ਨਾਲ ਦਿਨ ਕਟੀ ਹੀ ਕਰ ਰਹੇ ਸਨ। ਖ਼ੌਫ ਅਤੇ ਦਹਿਸ਼ਤ ਭਰੇ ਮਾਹੌਲ ਦੇ ਅਜਿਹੇ ਸਮੇਂ ਦੌਰਾਨ ਹੀ ਸ਼ਾਮ ਵੇਲੇ ਇੱਕ ਗੱਡੀ ਸਾਡੇ ਦਰਵਾਜ਼ੇ ਅੱਗੇ ਆ ਰੁਕੀ। ਝਿਜਕਦਿਆਂ ਦਰਵਾਜ਼ਾ ਖੋਲ੍ਹਣ ਉਪਰੰਤ ਪਤਾ ਲੱਗਾ ਕਿ ਉਹ ਤਾਂ ਸਾਡੇ ਨੇੜਲੇ ਰਿਸ਼ਤੇਦਾਰ ਹੀ ਸਨ। ਚਾਹ ਪਾਣੀ ਪੀਣ ਉਪਰੰਤ ਆਉਣ ਦਾ ਮਕਸਦ ਦੱਸਦਿਆਂ ਉਹ ਕਹਿਣ ਲੱਗੇ ਕਿ ਮਾਸਟਰ ਜੀ, “ਕੁਝ ਘਰੇਲੂ ਕਾਰਨਾਂ ਕਰਕੇ ਸਾਡਾ ਆਪਸੀ ਮਾਮੂਲੀ ਜਿਹਾ ਝਗੜਾ ਹੋ ਗਿਆ ਹੈ। ਦੋਵੇਂ ਧਿਰਾਂ ਤੁਹਾਡੀ ਗੱਲ ਸੁਣਦੀਆਂ ਹਨ। ਕਹਿ ਸੁਣ ਕੇ ਮਸਲਾ ਹੱਲ ਕਰਵਾ ਦਿਓ।”
ਕੁਝ ਕੁ ਸੋਚਣ ਉਪਰੰਤ ਮੈਂ ਉਹਨਾਂ ਨੂੰ ਕਿਹਾ, “ਬਾਈ ਜੀ, ਆਪਾਂ ਪਿੰਡ ਰਹਿੰਦੇ ਵੱਡੇ ਭਰਾ, ਮਾਸਟਰ ਜੀ ਨੂੰ ਵੀ ਨਾਲ ਹੀ ਨਾ ਲੈ ਚੱਲੀਏ?” ਵੱਡਾ ਹੋਣ ਕਰਕੇ ਸਾਰੇ ਰਿਸ਼ਤੇਦਾਰ ਉਨ੍ਹਾਂ ਦਾ ਸਤਕਾਰ ਵੀ ਕਰਦੇ ਹਨ। ਸਾਡਾ ਜੱਦੀ ਪਿੰਡ ਮੇਰੀ ਰਿਹਾਇਸ਼ ਤੋਂ ਤਕਰੀਬਨ 18 ਕੁ ਕਿਲੋਮੀਟਰ ਦੂਰ ਹੋਵੇਗਾ। ਉਹਨਾਂ ਨੇ ਇਸ ’ਤੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਜਦੋਂ ਅਸੀਂ ਉਨ੍ਹਾਂ ਨੂੰ ਨਾਲ ਲੈਕੇ ਪਿੰਡੋਂ ਤੁਰੇ ਤਾਂ ਸੂਰਜ ਪੱਛਮ ਦੀ ਬੁੱਕਲ਼ ਵਿੱਚ ਛੁਪਣ ਦੀ ਤਿਆਰੀ ਕਰ ਰਿਹਾ ਸੀ।
ਅਸੀਂ ਕਰੀਬ ਘੰਟੇ ਕੁ ਵਿੱਚ ਹੀ ਉਨ੍ਹਾਂ ਦੇ ਪਿੰਡ ਜਾ ਪਹੁੰਚੇ। ਘੰਟੇ ਕੁ ਦੀ ਗੱਲਬਾਤ ਤੋਂ ਬਾਅਦ ਉਨ੍ਹਾਂ ਦੀਆਂ ਗਲਤ ਫਹਿਮੀਆਂ ਅਤੇ ਸ਼ੰਕਿਆਂ ਦੀ ਨਵਿਰਤੀ ਹੋਣ ਉਪਰੰਤ ਮਸਲਾ ਹੱਲ ਹੋ ਗਿਆ। ਸਰਦੀ ਦਾ ਮੌਸਮ ਹੋਣ ਕਾਰਨ ਚੁਫੇਰੇ ਕਾਫੀ ਹਨੇਰਾ ਪਸਰ ਚੁੱਕਾ ਸੀ। ਉਨ੍ਹਾਂ ਨੇ ਮਾੜੇ ਹਾਲਾਤ ਦਾ ਵਾਸਤਾ ਪਾਉਂਦਿਆਂ ਸਾਨੂੰ ਸਵੇਰੇ ਜਾਣ ਲਈ ਬਹੁਤ ਜ਼ੋਰ ਪਾਇਆ ਪ੍ਰੰਤੂ ਸਾਡੇ ਵਾਪਸ ਘਰ ਮੁੜਨ ਦੀ ਜ਼ਿਦ ’ਤੇ ਅੜੇ ਰਹਿਣ ਕਾਰਨ ਉਨ੍ਹਾਂ ਨੇ ਸਾਨੂੰ ਆਪਣਾ ਸਕੂਟਰ ਦੇ ਦਿੱਤਾ। ਇਸ ਉਪਰੰਤ ਅਸੀਂ ਸਕੂਟਰ ’ਤੇ ਆਪਣੇ ਰਿਹਾਇਸ਼ ਵਾਲੇ ਸ਼ਹਿਰ ਵੱਲ ਚਾਲੇ ਪਾ ਦਿੱਤੇ। ਇਸ ਰਸਤੇ ’ਤੇ ਇੱਕ ਕਸਬਾਨੁਮਾ ਪਿੰਡ ਪੈਂਦਾ ਸੀ। ਮੁੱਖ ਸੜਕ ’ਤੇ ਹੀ ਪੁਲਿਸ ਸਟੇਸ਼ਨ ਵੀ ਸਥਿਤ ਸੀ। ਥਾਣੇ ਦੇ ਦਰਵਾਜ਼ੇ ਅੱਗੇ ਸਿਪਾਹੀਆਂ ਨਾਲ ਭਰਿਆ ਇੱਕ ਕੈਂਟਰ ਖਲੋਤਾ ਸੀ। ਕੈਂਟਰ ਕੋਲੋਂ ਲੰਘਦਿਆਂ ਮੈਂ ਇੱਕ ਵਾਕਿਫ਼ ਸਿਪਾਹੀ ਨੂੰ ਫਤਿਹ ਵੀ ਬੁਲਾਈ ਅਤੇ ਅਸੀਂ ਆਪਣੀ ਮੰਜ਼ਿਲ ਵੱਲ ਲਗਾਤਾਰ ਵਧਣ ਲੱਗੇ। ਉੱਥੋਂ ਅਸੀਂ ਹਾਲੇ ਡੇਢ ਕੁ ਕਿਲੋਮੀਟਰ ਦਾ ਸਫਰ ਹੀ ਮੁਸ਼ਕਿਲ ਨਾਲ ਤੈਅ ਕੀਤਾ ਹੋਵੇਗਾ ਕਿ ਪਿੱਛੇ ਤੋਂ ਇੱਕ ਤੇਜ਼ ਰੌਸ਼ਨੀ ਸਾਡਾ ਪਿੱਛਾ ਕਰਨ ਲੱਗੀ। ਸਕੂਟਰ ਦੀ ਪਿਛਲੀ ਸੀਟ ’ਤੇ ਬੈਠੇ ਆਪਣੇ ਅਧਿਆਪਕ ਭਰਾ ਨੂੰ ਮੈਂ ਕਿਹਾ, “ਬਾਈ ਜੀ, ਕੋਈ ਗੜਬੜ ਲਗਦੀ ਹੈ।”
ਅੱਗੋਂ ਜਵਾਬ ਮਿਲਿਆ, “ਵੱਡੀ ਸੜਕ ਐ, ਇੱਥੇ ਤਾਂ ਕੁਝ ਨਾ ਕੁਝ ਆਉਂਦਾ ਹੀ ਰਹਿੰਦਾ ਹੈ, ਦੱਬੀ ਚੱਲ।”
ਭਰਾ ਦੇ ਇਨ੍ਹਾਂ ਕਹਿਣ ਦੀ ਦੇਰ ਸੀ ਕਿ ਪੁਲਿਸ ਵਾਲਿਆਂ ਕੈਂਟਰ ਸਾਡੇ ਮੋਹਰੇ ਟੇਢਾ ਕਰਕੇ ਲਗਾ ਦਿੱਤਾ। ਮੈਂ ਹੁਸ਼ਿਆਰੀ ਨਾਲ ਬ੍ਰੇਕ ਲਾ ਕੇ ਹਾਦਸਾ ਹੋਣੋ ਬਚਾ ਲਿਆ। ਕੈਂਟਰ ਵਿੱਚੋਂ ਦਗੜ ਦਗੜ ਛਾਲ਼ਾਂ ਮਾਰ ਕੇ ਪੁਲਸੀਆਂ ਨੇ ਬੰਦੂਕਾਂ ਸਾਡੇ ਵੱਲ ਸੇਧ ਲਈਆਂ। ਇੰਸਪੈਕਟਰ ਹੇਠਾਂ ਉੱਤਰਦਿਆਂ ਹੀ ਗਰਜਿਆ, “ਹੈਂਡਜ਼ ਅੱਪ!”
ਸੁਣਦਿਆਂ ਹੀ ਮੇਰਾ ਤਰਾਹ ਜਿਹਾ ਨਿਕਲ ਗਿਆ ਅਤੇ ਡਰਦਿਆਂ ਡਰਦਿਆਂ ਸਕੂਟਰ ਦਾ ਸਟੈਂਡ ਲਗਾ ਕੇ ਮੈਂ ਹੱਥ ਉੱਤਾਂਹ ਕਰ ਲਏ। ਇੰਸਪੈਕਟਰ ਦੀ ਕੜਕਵੀਂ ਅਵਾਜ਼ ਫਿਰ ਸੁਣਾਈ ਦਿੱਤੀ, “ਡਰਾਈਵਰ, ਹੱਥ ਖੜ੍ਹੇ ਕਰਕੇ ਮੇਰੇ ਕੋਲ ਚਲੇ ਆਉ! ਕੋਈ ਐਕਸ਼ਨ ਕਰਨ ਦੀ ਗਲਤੀ ਨਾ ਕਰ ਬੈਠਣਾ।”
ਮੇਰੇ ਨੇੜੇ ਪਹੁੰਚਦਿਆਂ ਹੀ ਉਸ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ। “ਤੂੰ ਕੌਣ ਐਂ? ਕਿਹੜੇ ਖਾੜਕੂ ਗਰੁੱਪ ਨਾਲ ਸੰਬੰਧਿਤ ਐਂ? ਅੱਜ ਦਾ ਐਕਸ਼ਨ ਕਿੱਥੇ ਕਰਨਾ ਸੀ?” ਇਸ ਗੱਲਬਾਤ ਤੋਂ ਮੇਰੀ ਵਧੀ ਹੋਈ ਘਬਰਾਹਟ ਕੁਝ ਹੱਦ ਤਕ ਘਟ ਗਈ ਅਤੇ ਮਾਨਸਿਕ ਤੌਰ ’ਤੇ ਤਸੱਲੀ ਵੀ ਹੋ ਗਈ ਕਿ ਹੁਣ ਖਤਰੇ ਵਾਲੀ ਗੱਲ ਟਲ਼ ਗਈ ਹੈ।
ਮੈਂ ਕਿਹਾ, “ਸਰਦਾਰ ਜੀ ਅਸੀਂ ਦੋਵੇਂ ਸਕੇ ਭਰਾ ਹਾਂ ਅਤੇ ਨਾਲ ਹੀ ਅਧਿਆਪਕ ਵੀ।” ਇਸਦੇ ਨਾਲ ਹੀ ਰਿਸ਼ਤੇਦਾਰੀ ਵਿੱਚ ਝਗੜੇ ਵਾਲੀ ਤਮਾਮ ਵਿਥਿਆ ਵੀ ਸੰਖੇਪ ਰੂਪ ਵਿੱਚ ਮੈਂ ਇੰਸਪੈਕਟਰ ਅੱਗੇ ਰੱਖ ਦਿੱਤੀ।
ਇੰਸਪੈਕਟਰ ਨੇ ਫਿਰ ਸਵਾਲ ਦਾਗਿਆ “ਸ਼ਨਾਖ਼ਤੀ ਕਾਰਡ ਹੈ?”
ਮਹਿਕਮੇ ਵੱਲੋਂ ਜਾਰੀ ਸ਼ਨਾਖ਼ਤੀ ਕਾਰਡ ਮੈਂ ਉਸ ਅੱਗੇ ਕਰ ਦਿੱਤਾ, ਜਿਸਦੀ ਉਸ ਨੇ ਬੈਟਰੀ ਦੀ ਤੇਜ਼ ਰੌਸ਼ਨੀ ਵਿੱਚ ਪੂਰੀ ਤਸੱਲੀ ਕਰ ਲਈ। ਫਿਰ ਵੀ ਮੈਨੂੰ ਪੈਰੋਂ ਕੱਢਦਿਆਂ ਅਤੇ ਮੀਸਣੀ ਹਾਸੀ ਹੱਸਦਿਆਂ ਉਸ ਨੇ ਕਿਹਾ, “ਇਹ ਤਾਂ ਜਾਅਲੀ ਲਗਦਾ ਹੈ? ਖਾੜਕੂ ਅਜਿਹੇ ਕੰਮਾਂ ਵਿੱਚ ਬਹੁਤ ਮੁਹਾਰਤ ਹਾਸਲ ਕਰ ਚੁੱਕੇ ਹਨ।”
ਇਸ ਉਪਰੰਤ ਉਨ੍ਹਾਂ ਮੇਰੇ ਵੱਡੇ ਭਰਾ ਨੂੰ ਵੱਖਰੇ ਤੌਰ ’ਤੇ ਬੁਲਾ ਕੇ ਉਸ ਦੀ ਵੀ ਬਰੀਕੀ ਨਾਲ ਪੁਣ ਛਾਣ ਕੀਤੀ। ਬਾਅਦ ਵਿੱਚ ਇੰਸਪੈਕਟਰ ਨੇ ਕਿਹਾ ਕਿ ਤੁਹਾਡੇ ਪਿੰਡ ਦੇ ਤਿੰਨ ਮੁੰਡੇ ਖਾੜਕੂ ਗਤੀਵਿਧੀਆਂ ਵਿੱਚ ਲਿਪਤ ਹਨ। ਉਨ੍ਹਾਂ ਵਿੱਚੋਂ ਬੂਟਾ ਸਿੰਘ ਇੱਕ ਮਸ਼ਹੂਰ ਅੱਤਵਾਦੀ ਹੈ। ਉਸ ਲੜਕੇ ਨੂੰ ਜਾਣਦੇ ਹੋ?”
ਮੈਂ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ, “ਜਦੋਂ ਮੈਂ ਆਪਣੇ ਪਿੰਡ ਦੇ ਸਕੂਲ ਵਿੱਚ ਅਧਿਆਪਕ ਵਜੋਂ ਤਾਇਨਾਤ ਸੀ, ਮੈਂ ਹੀ ਉਸ ਨੂੰ ਸਕੂਲ ਵਿੱਚ ਦਾਖਲ ਕੀਤਾ ਸੀ। ਉਪਰੰਤ ਉੱਥੋਂ ਮੇਰੀ ਬਦਲੀ ਹੋ ਗਈ ਅਤੇ ਨਾਲ ਹੀ ਮੈਂ ਪਿੰਡ ਤੋਂ ਸ਼ਹਿਰ ਰਿਹਾਇਸ਼ ਕਰ ਲਈ। ਉਸ ਤੋਂ ਬਾਅਦ ਉਹ ਕਦੀ ਵੀ ਮੈਨੂੰ ਨਹੀਂ ਮਿਲਿਆ ਅਤੇ ਨਾ ਹੀ ਉਸਦੀਆਂ ਗਤੀਵਿਧੀਆਂ ਬਾਰੇ ਹੀ ਮੈਨੂੰ ਕੋਈ ਜਾਣਕਾਰੀ ਹੈ।”
ਛਾਣਬੀਣ ਉਪਰੰਤ ਨਸੀਹਤ ਦਿੰਦਿਆਂ ਇੰਸਪੈਕਟਰ ਕਹਿਣ ਲੱਗਾ, “ਅੱਜ ਤੋਂ ਬਾਅਦ ਭੁੱਲ ਕੇ ਵੀ ਅਜਿਹਾ ਕਦਮ ਨਾ ਚੁੱਕਣਾ। ਮੈਂ ਅੱਜ ਹੀ ਇਸ ਥਾਣੇ ਦਾ ਚਾਰਜ ਸੰਭਾਲਿਆ ਹੈ, ਜੇਕਰ ਪਹਿਲਾ ਥਾਣੇਦਾਰ ਹੁੰਦਾ ਤਾਂ ਤੁਹਾਡਾ ਫ਼ਰਜ਼ੀ ਮੁਕਾਬਲਾ ਦਿਖਾ ਕੇ ਆਪਣੇ ਖਾਤੇ ਪਾ ਲੈਂਦਾ। ਅੱਗ ਮੱਚਦੀ ਵਿੱਚ ਸ਼ਨਾਖ਼ਤੀ ਪੱਤਰਾਂ ਨੂੰ ਕੌਣ ਪੁੱਛਦਾ ਐ? ਨਾਲੇ ਅਸੀਂ ਕਿਹੜਾ ਤੁਹਾਡੇ ਸ਼ਨਾਖ਼ਤੀ ਕਾਰਡ ਕਿਤੇ ਪੇਸ਼ ਕਰਨੇ ਹੁੰਦੇ ਐ। ਤੁਹਾਡੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ...। ਇਨ੍ਹੀਂ ਘਰਾਟੀਂ ਇਨ੍ਹੀਂ ਦਿਨੀਂ ਇਹੋ ਜਿਹਾ ਹੀ ਪੀਸਿਆ ਜਾਂਦਾ ਐ। ...”
ਥਾਣੇਦਾਰ ਇੱਕੋ ਸਾਹੇ ਬੋਲਦਾ ਬੋਲਦਾ, ਇਉਂ ਜਾਪਦਾ ਸੀ ਜਿਵੇਂ ਉਸ ਸਮੇਂ ਦੇ ਅਣਮਨੁੱਖੀ ਅੱਤਿਆਚਾਰਾਂ, ਗੈਰ ਸੰਵਿਧਾਨਕ ਗਤੀਵਿਧੀਆਂ ਅਤੇ ਖਾੜਕੂਵਾਦ ਦੀ ਆੜ ਵਿੱਚ ਬੇਕਸੂਰ ਨੌਜਵਾਨਾਂ ਦੇ ਹੋ ਰਹੇ ਫਰਜ਼ੀ ਮੁਕਾਬਲਿਆਂ ਦੀ ਹਕੀਕੀ ਤਸਵੀਰ ਦਾ ਭਾਂਡਾ ਸਰੇਬਜ਼ਾਰ ਭੰਨ ਰਿਹਾ ਹੋਵੇ।
ਇੰਨੇ ਵਰ੍ਹੇ ਬੀਤਣ ਦੇ ਬਾਵਜੂਦ ਅੱਜ ਵੀ ਜਦੋਂ ਇਹ ਦਿਲ ਕੰਬਾਊ ਘਟਨਾ ਮਨ ਮਸਤਕ ਦੇ ਕਿਸੇ ਕੋਨੇ ਵਿੱਚ ਪਈ ਮੁੜ ਉੱਭਰ ਆਉਂਦੀ ਹੈ ਤਾਂ ਸਮੁੱਚਾ ਘਟਨਾਕ੍ਰਮ ਕਿਸੇ ਫਿਲਮੀ ਦ੍ਰਿਸ਼ ਵਾਂਗ ਅੱਖਾਂ ਸਾਹਮਣਿਉਂ ਲੰਘ ਜਾਂਦਾ ਹੈ। ਸੋਚਦਾ ਹਾਂ ਕਿ ਇਸ ਚੰਦਰੀ ਹਨੇਰੀ ਨੇ ਦੋਵਾਂ ਪਾਸਿਆਂ ਤੋਂ ਪਤਾ ਨਹੀਂ ਕਿੰਨੇ ਨਿਰਦੋਸ਼ਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਵੇਗਾ। ਕਿੰਨੀਆਂ ਮਾਸੂਮ ਜਿੰਦਾਂ ਨੂੰ ਇਸ ਕਾਲੀ ਹਨੇਰੀ ਨੇ ਮਾਪਿਆਂ ਤੋਂ ਬੱਚਿਆਂ ਨੂੰ, ਮਾਵਾਂ ਨੂੰ ਪੁੱਤਰਾਂ, ਭੈਣਾਂ ਨੂੰ ਵੀਰਾਂ ਅਤੇ ਸੁਹਾਗਣਾਂ ਨੂੰ ਉਨ੍ਹਾਂ ਦੇ ਸੁਹਾਗਾਂ ਤੋਂ ਵਾਂਝਾ ਕੀਤਾ ਹੋਵੇਗਾ। ਅੱਜ ਵੀ ਇਹ ਬੇਦੋਸ਼ੇ ਪੀੜਤ ਵਕਤ ਦੀਆਂ ਠੋਹਕਰਾਂ ਖਾਂਦੇ ਪਤਾ ਨਹੀਂ ਕਿਸ ਤਰ੍ਹਾਂ ਅਤੇ ਕਿਨ੍ਹਾਂ ਹਾਲਾਤ ਵਿੱਚ ਜੀਵਨ ਰੂਪੀ ਗੱਡੀ ਨੂੰ ਰੇੜ੍ਹਨ ਲਈ ਮਜਬੂਰ ਹੋਣਗੇ। ਇਸ ਤੋਂ ਇਲਾਵਾ ਪੰਜਾਬ ਦਾ ਜੋ ਮਾਲੀ ਨੁਕਸਾਨ ਹੋਇਆ, ਉਸ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ। ਇਸ ਲਈ ਸਮੁੱਚੇ ਮਨੁੱਖੀ ਭਾਈਚਾਰੇ ਨੂੰ ਗੁਜ਼ਾਰਿਸ਼ ਹੈ ਕਿ ਆਉ ਆਪਾਂ ਸਾਰੇ ਰਲਮਿਲ ਕੇ ਜਾਤਾਂ, ਧਰਮਾਂ, ਨਸਲਾਂ ਅਤੇ ਫਿਰਕਿਆਂ ਦੀਆਂ ਤੰਗ ਵਲਗਣਾਂ ਤੋਂ ਉੱਪਰ ਉੱਠ ਕੇ ਸਿਰਫ ਤੇ ਸਿਰਫ ਇੱਕ ਮਨੁੱਖ ਵਜੋਂ ਹੀ ਸਮਾਜਿਕ ਮੰਚ ’ਤੇ ਵਿਚਰਨ ਦਾ ਅਹਿਦ ਕਰੀਏ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਕਾਲੀਆਂ ਰਾਤਾਂ ਅਤੇ ਖੂਨੀ ਦ੍ਰਿਸ਼ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ’ਤੇ ਮੁੜ ਦੇਖਣ ਨੂੰ ਨਾ ਮਿਲ ਸਕਣ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)