“ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਕਿਸੇ ਕਾਰਨ ਪਤਨੀ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ...”
(9 ਅਗਸਤ 2024)
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਤੋਂ ਬਗੈਰ ਇਸਦਾ ਇਕੱਲਿਆਂ ਰਹਿਣਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਹੋ ਸਕਦਾ ਹੈ ਬਹੁਤ ਸਾਰੇ ਲੋਕ ਇਸ ਧਾਰਨਾ ਨਾਲ ਸਹਿਮਤ ਨਾ ਵੀ ਹੋਣ, ਪ੍ਰੰਤੂ ਇਹ ਧਾਰਨਾ ਸਿਰਫ ਸਧਾਰਨ ਲੋਕਾਂ ਲਈ ਹੀ ਹੈ। ਅਸਧਾਰਨ ਲੋਕਾਂ ’ਤੇ ਸ਼ਾਇਦ ਇਹ ਨਾ ਵੀ ਢੁਕਦੀ ਹੋਵੇ, ਕਿਉਂਕਿ ਅਜਿਹੇ ਵਿਅਕਤੀ ਦੁਨਿਆਵੀ ਸਰੋਕਾਰਾਂ ਤੋਂ ਹਟ ਕੇ ਆਪਣਾ ਜੀਵਨ ਆਪਣੇ ਆਪ ਵਿੱਚ ਹੀ ਬਸਰ ਕਰ ਰਹੇ ਹੁੰਦੇ ਹਨ। ਦੁਨਿਆਵੀ ਮੰਚ ’ਤੇ ਵਿਚਰਦਿਆਂ ਹਰ ਕਿਸਮ ਦੇ ਕਿਰਦਾਰਾਂ ਨਾਲ ਵਾਹ ਵਾਸਤਾ ਹੋਣਾ ਇੱਕ ਕੁਦਰਤੀ ਵਰਤਾਰਾ ਹੈ। ਜੀਵਨ ਤਜਰਬੇ ਵਿੱਚੋਂ, ਦੂਸਰਿਆਂ ਤੋਂ ਸੁਣੇ ਸੁਣਾਏ ਵਰਤਾਰਿਆਂ ਤੋਂ ਇਲਾਵਾ ਨਿੱਜੀ ਜ਼ਿੰਦਗੀ ਵਿੱਚ ਵਾਪਰੀਆਂ ਕੁਝ ਅਜਿਹੀਆਂ ਘਟਨਾਵਾਂ ਦਾ ਹਥਲੇ ਲੇਖ ਵਿੱਚ ਜ਼ਿਕਰ ਕਰਦਿਆਂ ਮੇਰੇ ਲਈ ਅਜਨਬੀ ਹੁੰਦਿਆਂ ਵੀ, ਕੁਝ ਨਿਰਸਵਾਰਥ ਕਰ ਗੁਜ਼ਰਨ ਵਾਲੇ ਉਨ੍ਹਾਂ ਨੇਕ ਦਿਲ ਪੁਰਸ਼ਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਨ ਤੋਂ ਇਲਾਵਾ ਨਤਮਸਤਕ ਵੀ ਹੁੰਦਾ ਹਾਂ। ਉਨ੍ਹਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸ਼ੁਭ ਕਾਮਨਾਵਾਂ ਭੇਜਦਾ ਹੋਇਆ ਅੰਦਰੂਨੀ ਖੁਸ਼ੀ ਵੀ ਮਹਿਸੂਸ ਕਰ ਰਿਹਾ ਹਾਂ।
ਗੱਲ 17 ਦਸੰਬਰ 1977 ਦੀ ਹੈ ਜਦੋਂ ਮੈਂ ਬਤੌਰ ਪ੍ਰਾਇਮਰੀ ਅਧਿਆਪਕ (ਹੁਣ ਮਾਨਸਾ) ਉਸ ਸਮੇਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਹਾਜ਼ਰ ਹੋਇਆ ਸੀ। ਉਸ ਸਮੇਂ ਮੇਰੀ ਵਿੱਦਿਅਕ ਯੋਗਤਾ ਸਿਰਫ ਮੈਟਰਿਕ ਅਤੇ ਜੇ.ਬੀ.ਟੀ ਹੀ ਸੀ। ਨੌਕਰੀ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਗਾਏ ਜਾਂਦੇ ਰਿਫਰੈਸ਼ਰ ਕੋਰਸਾਂ ਦੌਰਾਨ ਮੇਰੀ ਜਾਣ ਪਛਾਣ ਇੱਕ ਹੋਰ ਪ੍ਰਾਇਮਰੀ ਅਧਿਆਪਕ ਨਾਲ ਹੋਈ। ਇਹਨਾਂ ਦਿਨਾਂ ਵਿੱਚ ਅਸੀਂ ਇਕੱਠੇ ਰਹਿੰਦਿਆਂ ਕਾਫੀ ਘੁਲ ਮਿਲ ਗਏ ਤਾਂ ਮੈਨੂੰ ਪਤਾ ਲੱਗਾ ਕਿ ਪ੍ਰਾਇਮਰੀ ਅਧਿਆਪਕ ਹੁੰਦਿਆਂ ਹੋਇਆਂ ਵੀ ਉਸ ਕੋਲ ਬੀ.ਐੱਡ ਤੋਂ ਇਲਾਵਾ ਤਿੰਨ ਵਿਸ਼ਿਆਂ ਵਿੱਚ ਮਾਸਟਰ ਡਿਗਰੀ ਵੀ ਹੈ। ਸਮਾਜਿਕ ਦ੍ਰਿਸ਼ਟੀ ਅਤੇ ਭਾਰਤੀ ਰਹੁ ਰੀਤਾਂ ਕਰਕੇ ਉਸ ਨੇ ਮੇਰੀ ਛੋਟੀ ਉਮਰ ਨੂੰ ਦੇਖਦਿਆਂ ਆਪਣੇ ਬੱਚਿਆਂ ਵਾਂਗ ਕਿਹਾ, “ਦੇਖ ਮੁੰਡਿਆ, ਅਜੇ ਤੇਰੀ ਉਮਰ ਬਹੁਤ ਛੋਟੀ ਐ, ਆਪਣੀ ਵਿੱਦਿਅਕ ਯੋਗਤਾ ਵਧਾਉਣ ਵੱਲ ਧਿਆਨ ਦੇ। ਤੂੰ ਬੜੀਆਂ ਤਰੱਕੀਆਂ ਕਰਨੀਆਂ ਐਂ, ਇਸ ਕਾਰਜ ਲਈ ਮੇਰੀਆਂ ਸੇਵਾਵਾਂ ਹਰ ਸਮੇਂ ਹਾਜ਼ਰ ਹਨ। ਇੱਕ ਗੱਲ ਹੋਰ ਧਿਆਨ ਨਾਲ ਸੁਣ, ਇੱਕ ਦਿਨ ਮੈਂ ਤੈਨੂੰ ਐੱਮ.ਏ ਬੀ.ਐੱਡ ਦੇਖਣਾ ਚਾਹੁੰਦਾ ਹਾਂ। ਇਹ ਮੇਰੀ ਅੰਦਰੂਨੀ ਚਾਹਤ ਹੈ।”
ਸਮਾਂ ਬੀਤਦਾ ਗਿਆ ਅਤੇ ਉਹ ਦਿਨ ਵੀ ਆ ਗਿਆ, ਜਦੋਂ ਮੈਂ ਧੰਨਵਾਦ ਸਹਿਤ ਸਿਰ ਝੁਕਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਉਹਨਾਂ ਦੇ ਘਰ ਪਹੁੰਚਿਆ। ਉਨ੍ਹਾਂ ਦੀ ਖੁਸ਼ੀ ਬਿਆਨ ਕਰਨਾ ਸ਼ਾਇਦ ਸ਼ਬਦਾਂ ਦੀਆਂ ਸੀਮਤਾਈਆਂ ਦੇ ਦਾਇਰੇ ਵਿੱਚ ਨਹੀਂ ਆਉਂਦਾ। ਉਹਨਾਂ ਦੇ ਅਸ਼ੀਰਵਾਦ ਨਾਲ ਵਿਦਿਅਕ ਯੋਗਤਾ ਵਧਣ ਕਾਰਣ ਮੇਰੀ ਪਦਉਨਤੀ ਬਤੌਰ ਸ.ਸ. ਮਾਸਟਰ ਮਾਨਸਾ ਜ਼ਿਲ੍ਹੇ ਦੇ ਕਸਬੇ ਵਿੱਚ ਸਰਕਾਰੀ ਸਕੈਂਡਰੀ ਸਕੂਲ ਭੀਖੀ (ਲੜਕੀਆਂ) ਵਿਖੇ ਹੋ ਗਈ।
ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਸਵੇਰੇ ਮੈਂ ਆਪਣੇ ਸਕੂਲ ਜਾ ਰਿਹਾ ਸੀ ਤਾਂ ਅਚਾਨਕ ਰਸਤੇ ਵਿੱਚ ਸਕੂਟਰ ਤੋਂ ਗਿਰਨ ਕਾਰਨ ਮੇਰੇ ਨਾਲ ਹਾਦਸਾ ਹੋ ਗਿਆ, ਜਿਸ ਕਾਰਣ ਮੇਰੀ ਸੱਜੀ ਲੱਤ ਬੁਰੀ ਤਰ੍ਹਾਂ ਫਰੈਕਚਰ ਹੋ ਗਈ। ਇਸੇ ਦੌਰਾਨ ਇੱਕ ਟਰੱਕ ਉੱਥੇ ਆ ਕੇ ਰੁਕਿਆ। ਡਰਾਈਵਰ ਅਤੇ ਕਲੀਨਰ ਨੇ ਚੁੱਕ ਕੇ ਮੈਨੂੰ ਆਪਣੇ ਟਰੱਕ ਵਿੱਚ ਪਾਇਆ। ਮੇਰੇ ਹੋਸ਼ ਵਿੱਚ ਹੋਣ ਕਾਰਨ ਉਹਨਾਂ ਮੇਰਾ ਨਾਮ ਪਤਾ ਪੁੱਛਿਆ ਤਾਂ ਗੱਲਬਾਤ ਦੌਰਾਨ ਪਤਾ ਲੱਗਾ ਕਿ ਉਹ ਵੀ ਮੇਰੀ ਰਿਹਾਇਸ਼ ਵਾਲੇ ਸ਼ਹਿਰ ਮਾਨਸਾ ਦੇ ਹੀ ਸਨ। ਉਸੇ ਮੁੱਖ ਸੜਕ ’ਤੇ ਹੀ ਮੇਰੀ ਅਧਿਆਪਕਾ ਪਤਨੀ ਦਾ ਸਕੂਲ ਵੀ ਪੈਂਦਾ ਸੀ। ਮੇਰੇ ਕਹਿਣ ’ਤੇ ਉਹ ਉਹਨਾਂ ਨੂੰ ਵੀ ਲੈ ਆਏ। ਅਸੀਂ ਸਾਰੇ ਮਾਨਸਾ ਸ਼ਹਿਰ ਵੱਲ ਚੱਲ ਪਏ। ਰਸਤੇ ਵਿੱਚ ਉਹਨਾਂ ਕਿਹਾ, “ਇੱਥੇ ਇੱਕ ਮਾਲੀ ਰਹਿੰਦਾ ਹੈ, ਅਤੇ ਉਹ ਟੁੱਟੀਆਂ ਭੱਜੀਆਂ ਹੱਡੀਆਂ ਦਾ ਕੰਮ ਵੀ ਕਰਦਾ ਹੈ। ਉਸ ਨੂੰ ਹੀ ਨਾ ਦਿਖਾ ਲਈਏ?” ਮੈਂ ਹਾਂ ਕਰ ਦਿੱਤੀ।
ਅਸੀਂ ਉਸ ਮਾਲੀ ਦੇ ਅੱਧਕੱਚੇ ਜਿਹੇ ਘਰ ਕੋਲ ਰੁਕੇ। ਉਸ ਨੇ ਮੇਰੀ ਹਾਲਤ ਦੇਖ ਕੇ ਨਾਂਹ ਵਿੱਚ ਸਿਰ ਫੇਰਦਿਆਂ ਕਿਹਾ, ਮੇਰੇ ਵੱਸੋਂ ਬਾਹਰੀ ਗੱਲ ਹੈ। ਉਸ ਤੋਂ ਬਾਅਦ ਅਸੀਂ ਸਰਕਾਰੀ ਹਸਪਤਾਲ ਨੂੰ ਹੋ ਤੁਰੇ। ਡਾਕਟਰਾਂ ਵੱਲੋਂ ਚੈੱਕ ਅਪ ਕਰਕੇ ਐਕਸਰੇ ਕਰਵਾਉਣ ਲਈ ਕਿਹਾ ਗਿਆ। ਡੇਢ ਮਹੀਨਾ ਹਸਪਤਾਲ ਵਿੱਚ ਦਾਖਲ ਰਹਿਣ ਉਪਰੰਤ ਵੀ ਸੰਪੂਰਨ ਇਲਾਜ ਲਈ ਲਗਭਗ ਛੇ ਮਹੀਨੇ ਦਾ ਸਮਾਂ ਲੱਗ ਗਿਆ।
ਇਲਾਜ ਉਪਰੰਤ ਉਹਨਾਂ ਦੇ ਘਰ ਦਾ ਅਤਾ ਪਤਾ ਕਰਕੇ ਧੰਨਵਾਦ ਕਰਨ ਲਈ ਅਸੀਂ ਪਰਿਵਾਰ ਸਮੇਤ ਉਹਨਾਂ ਕੋਲ ਪਹੁੰਚ ਕੀਤੀ।
ਇਸੇ ਤਰ੍ਹਾਂ ਹੀ ਗੱਲ ਤਕਰੀਬਨ 1981 ਦੇ ਸਤੰਬਰ ਮਹੀਨੇ ਦੀ ਹੋਵੇਗੀ। ਉਸ ਸਮੇਂ ਮੇਰੀ ਪਤਨੀ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੀ ਸੀ। ਉਨ੍ਹਾਂ ਨੇ ਪ੍ਰਾਈਵੇਟ ਤੌਰ ’ਤੇ ਹੀ ਕੋਈ ਪ੍ਰੀਖਿਆ ਦੇਣੀ ਸੀ। ਪ੍ਰੀਖਿਆ ਕੇਂਦਰ ਸਾਡੀ ਰਿਹਾਇਸ਼ ਤੋਂ ਕਾਫੀ ਦੂਰ ਹੋਣ ਕਾਰਣ ਸਾਨੂੰ ਉਸ ਸ਼ਹਿਰ ਵਿੱਚ ਰਹਿੰਦੇ ਸਾਡੇ ਰਿਸ਼ਤੇਦਾਰਾਂ ਕੋਲ ਇਹਨਾਂ ਦਿਨਾਂ ਵਿੱਚ ਰਹਿਣਾ ਪਿਆ। ਸਾਰੇ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਤਾਂ ਖਤਮ ਹੋ ਗਈ, ਪ੍ਰੰਤੂ ਸਿਰਫ ਇੱਕ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਹੀ ਬਾਕੀ ਸੀ। ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਕਿਸੇ ਕਾਰਨ ਪਤਨੀ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਹ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ। ਲਿਖਤੀ ਪੇਪਰਾਂ ਦੀ ਸਮਾਪਤੀ ਉਪਰੰਤ ਸਿਰਫ ਇੱਕ ਵਿਸ਼ੇ ਦੇ ਪ੍ਰੈਕਟੀਕਲ ਦੀ ਗੈਰ ਹਾਜ਼ਰੀ ਕਾਰਨ ਅਸੀਂ ਸਖਤ ਪਰੇਸ਼ਾਨੀ ਦੇ ਆਲਮ ਵਿੱਚੋਂ ਗੁਜ਼ਰ ਰਹੇ ਸਾਂ। ਅਚਾਨਕ ਮੇਰੇ ਦਿਮਾਗ ਵਿੱਚ ਫੁਰਨਾ ਫੁਰਿਆ ਕਿ ਕਿਉਂ ਨਾ ਸੰਸਥਾ ਦੇ ਮੁਖੀ ਨੂੰ ਮਿਲ ਕੇ ਆਪਣੀ ਸਮੱਸਿਆ ਦੱਸੀ ਜਾਵੇ। ਸਿਆਣਿਆਂ ਦਾ ਕਥਨ ਹੈ ਕਿ ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਨਿਕਲ ਹੀ ਆਉਂਦਾ ਹੈ। ਬੇਨਤੀ ਕਰਦਿਆਂ ਮੈਂ ਉਸ ਨੂੰ ਆਪਣੇ ਅਧਿਆਪਕ ਹੋਣ ਦਾ ਜ਼ਿਕਰ ਵੀ ਕਰ ਦਿੱਤਾ। ਉਨ੍ਹਾਂ ਮੇਰੀ ਬੇਨਤੀ ਨੂੰ ਸੁਣਨ ਉਪਰੰਤ ਝੱਟ ਇੱਕ ਕਰਮਚਾਰਨ ਨੂੰ ਬੁਲਾਇਆ ਅਤੇ ਕੋਈ ਗੁਪਤ ਹਦਾਇਤ ਦੇ ਕੇ ਮੈਨੂੰ ਚਿੰਤਾ ਮੁਕਤ ਹੋਣ ਲਈ ਕਹਿ ਕਿ ਮੁੜ ਵਾਲੀਬਾਲ ਖੇਡਣ ਵਿੱਚ ਮਸਤ ਹੋ ਗਏ।
ਬੱਚਿਆਂ ਦਾ ਉੱਚ ਵਿੱਦਿਆ ਲਈ ਬਾਹਰ ਦੇ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਕਾਰਨ ਘਰੇਲੂ ਆਰਥਿਕ ਸਥਿਤੀ ਕੁਝ ਡਾਂਵਾਂਡੋਲ ਜਿਹੀ ਹੋ ਗਈ, ਜਿਸ ਕਾਰਨ ਵੱਖ ਵੱਖ ਤਰ੍ਹਾਂ ਦੀਆਂ ਕਿਸ਼ਤਾਂ ਦੀ ਅਦਾਇਗੀ ਕਰਨੀ ਕੁਝ ਮੁਸ਼ਕਿਲ ਜਿਹੀ ਜਾਪੀ ਅਤੇ ਨਤੀਜੇ ਵਜੋਂ ਅਸੀਂ ਫੈਸਲਾ ਕੀਤਾ ਕਿ ਕਿਉਂ ਨਾ ਬੀਮੇ ਦੀਆਂ ਕਿਸ਼ਤਾਂ ਹੀ ਬੰਦ ਕਰਵਾਈਆਂ ਜਾਣ। ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਅਸੀਂ ਸੰਬੰਧਿਤ ਦਫਤਰ ਵਿਖੇ ਪਹੁੰਚ ਗਏ। ਜਦੋਂ ਪਾਲਿਸੀ ਨਾਲ ਸੰਬੰਧਿਤ ਕਰਮਚਾਰੀ ਨੂੰ ਅਸੀਂ ਆਪਣੀ ਸਮੱਸਿਆ ਦਾ ਵਿਖਿਆਨ ਕੀਤਾ ਤਾਂ ਉਸ ਨੇ ਸਾਡੇ ਦੋਵਾਂ ਦੇ ਚਿਹਰਿਆਂ ਨੂੰ ਨੀਝ ਨਾਲ ਤੱਕਦਿਆਂ ਸਾਡੇ ਕਿੱਤੇ ਬਾਰੇ ਸਵਾਲ ਕੀਤਾ। ਉੱਤਰ ਸੁਣ ਕੇ ਅਤੇ ਸਾਡੇ ਹੋ ਰਹੇ ਭਾਰੀ ਨੁਕਸਾਨ ਨੂੰ ਦੇਖਦਿਆਂ ਉਸਨੇ ਪਾਲਸੀਆਂ ਬੰਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਆਪਣੇ ਚਪੜਾਸੀ ਨੂੰ ਪਾਣੀ ਅਤੇ ਚਾਹ ਲਿਆਉਣ ਲਈ ਕਿਹਾ। ਉਸ ਦਾ ਅਗਲਾ ਸਵਾਲ ਸੀ ਕਿ ਕੀ ਤੁਹਾਡੇ ਕੋਲ ਕੋਈ ਐੱਫ ਡੀ ਬਗੈਰਾ ਹੈ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਉਸਨੇ ਬੈਂਕ ਤੋਂ ਇਸ ਐੱਫ ਡੀ ਦੇ ਵਿਰੁੱਧ ਕਰਜ਼ਾ ਲੈਣ ਦੀ ਸਲਾਹ ਦਿੱਤੀ। ਕਰਜ਼ਾ ਸੌਖਿਆਂ ਹੀ ਮਿਲ ਗਿਆ ਅਤੇ ਸਾਡੀ ਵਕਤੀ ਜ਼ਰੂਰਤ ਦਾ ਪੁਖਤਾ ਹੱਲ ਹੋ ਗਿਆ, ਜਿਸ ਕਰਕੇ ਅਸੀਂ ਪਾਲਸੀ ਖਤਮ ਹੋਣ ਦੀ ਨਿਰਧਾਰਿਤ ਤਰੀਖ ਆਉਣ ’ਤੇ ਆਪਣੇ ਪੂਰੇ ਪੈਸੇ ਲੈਣ ਦੇ ਸਮਰੱਥ ਹੋ ਸਕੇ।
ਮੈਂ ਅੱਜ ਵੀ ਉਹਨਾਂ ਸਾਰੇ ਕਿਰਦਾਰਾਂ ਵੱਲੋਂ ਅਦਾ ਕੀਤੀ ਗਈ ਨਿਰਸਵਾਰਥ ਭੂਮਿਕਾ ਨੂੰ ਯਾਦ ਕਰਕੇ ਖੁਦ ਉਹਨਾਂ ਦੇ ਪਦ ਚਿੰਨ੍ਹਾਂ ’ਤੇ ਚੱਲਣ ਦੀ ਨਿਗੂਣੀ ਜਿਹੀ ਕੋਸ਼ਿਸ ਕਰਦਾ ਹਾਂ। ਉਕਤ ਸਾਰੇ ਘਟਨਾਕ੍ਰਮਾਂ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਦੁਨਿਆਵੀ ਮੰਚ ’ਤੇ ਜਿੱਥੇ ਤਰ੍ਹਾਂ ਤਰ੍ਹਾਂ ਦੇ ਗੈਰ ਕਾਨੂੰਨੀ, ਗੈਰ ਇਖ਼ਲਾਕੀ ਅਤੇ ਅਸਭਿਅਕ ਵਰਤਾਰੇ ਵਾਪਰ ਰਹੇ ਹਨ, ਉੱਥੇ ਹੀ ਇਸ ਮੰਚ ’ਤੇ ਅਜਿਹੇ ਪ੍ਰਤੱਖ ਫ਼ਰਿਸ਼ਤੇ ਵੀ ਵਿਚਰ ਰਹੇ ਹਨ, ਜਿਨ੍ਹਾਂ ਦੀ ਹੋਂਦ ਕਰਕੇ ਹੀ ਸੰਸਾਰ ਰੂਪੀ ਗੱਡੀ ਸਮਤੋਲ ਅਵਸਥਾ ਵਿੱਚ ਅਗਾਂਹ ਵੱਲ ਕਦਮ ਪੁੱਟਦੀ ਦਿਖਾਈ ਦੇ ਰਹੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਜਿਸ ਖੇਤਰ ਵਿੱਚ ਵੀ ਅਸੀਂ ਕੰਮ ਕਰ ਰਹੇ ਹਾਂ, ਆਮ ਲੋਕਾਂ ਦੀਆਂ ਸਾਡੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਜਾਇਜ਼ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਆਪਣੀ ਸਮਰੱਥਾ ਤੋਂ ਵੀ ਵੱਧ ਯੋਗਦਾਨ ਪਾਉਣ ਦਾ ਹਰ ਸੰਭਵ ਯਤਨ ਕਰੀਏ। ਅਜਿਹਾ ਕਰਦਿਆਂ ਅਸੀਂ ਇਸ ਕਹਾਵਤ ਨੂੰ ਵੀ ਸਹੀ ਸਾਬਤ ਕਰ ਰਹੇ ਹੋਵਾਂਗੇ ਕਿ ਕਦੇ ਵੀ ਕਿਸੇ ਚੀਜ਼ ਦਾ ਇਸ ਧਰਤੀ ਤੋਂ ਬੀਜ ਨਾਸ਼ ਨਹੀਂ ਹੋ ਸਕਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5200)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: