ਇਤਫਾਕ ਨਾਲ ਉਸੇ ਦਿਨ ਹੀ ਪਿੰਡ ਵਿੱਚ ਇੱਕ ਧਾਰਮਿਕ ਜਗਾਹ ਤੇ ਛੋਟਾ ਮੋਟਾ ਮੇਲਾ ਲੱਗਾ ਹੋਇਆ ਸੀ, ਜਿਸ ਕਾਰਨ ...
(31 ਅਗਸਤ 2024)

 

ਪ੍ਰਾਚੀਨ ਕਾਲ ਤੋਂ ਹੀ ਗੁਰੂ ਅਤੇ ਚੇਲੇ ਦਾ ਅਟੁੱਟ ਰਿਸ਼ਤਾ ਰਿਹਾ ਹੈਇਹ ਰਿਸ਼ਤਾ ਸਿਰਫ ਜਾਣ ਪਛਾਣ ਅਧਾਰਿਤ ਹੀ ਨਹੀਂ ਹੁੰਦਾ ਸਗੋਂ ਇਸਦੀਆਂ ਅੰਦਰੂਨੀ ਪਰਤਾਂ ਵਿੱਚ ਅਪਣੱਤ ਅਤੇ ਵਿਸ਼ਵਾਸ ਦਾ ਵਾਸਾ ਵੀ ਹੁੰਦਾ ਹੈਬਾਹਰੀ ਤੌਰ ’ਤੇ ਇਹ ਭਾਵੇਂ ਨਾ ਵੀ ਨਜ਼ਰੀਂ ਪਵੇ ਪ੍ਰੰਤੂ ਦਿਮਾਗ ਅਤੇ ਮਨ ਦੀਆਂ ਤਰੰਗਾਂ ਕਿਤੇ ਨਾ ਕਿਤੇ ਇਸ ਨੂੰ ਮਹਿਸੂਸ ਜ਼ਰੂਰ ਕਰਦੀਆਂ ਰਹਿੰਦੀਆਂ ਹਨਇਸੇ ਤਰ੍ਹਾਂ ਹੀ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਵੀ ਇਸਦੇ ਨਾਲ ਹੀ ਮਿਲਦਾ ਜੁਲਦਾ ਹੈਜੇਕਰ ਮਾਪਿਆਂ ਤੋਂ ਬਾਅਦ ਅਧਿਆਪਕਾਂ ਨੂੰ ਬੱਚੇ ਦੇ ਦੂਸਰੇ ਮਾਤਾ ਪਿਤਾ ਜਾਂ ਗੁਰੂ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀਇਹ ਰਿਸ਼ਤਾ ਵੀ ਆਪਸੀ ਪਿਆਰ, ਅੰਨ੍ਹੇ ਵਿਸ਼ਵਾਸ ਅਤੇ ਰਾਹ ਦਸੇਰੇ ਵਾਲਾ ਹੀ ਮੰਨਿਆ ਜਾਂਦਾ ਹੈਪਿਛਲੇ ਸਮਿਆਂ ਦੌਰਾਨ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਾਰਣ ਅਧਿਆਪਕ ਆਮ ਤੌਰ ’ਤੇ ਆਪਣੀ ਨੌਕਰੀ ਵਾਲੇ ਸਥਾਨ (ਪਿੰਡ ਸ਼ਹਿਰ) ਵਿੱਚ ਹੀ ਰਿਹਾਇਸ਼ ਕਰਦੇ ਸਨਅਧਿਆਪਕਾਂ ਕੋਲ ਪੜ੍ਹਨ ਵਾਲੇ ਵਿਦਿਆਰਥੀ ਸਕੂਲ ਸਮੇਂ ਤੋਂ ਬਾਅਦ ਵੀ ਆਪਣਾ ਘਰ ਦਾ ਕੰਮ ਉਹਨਾਂ ਕੋਲ ਹੀ ਕਰਦੇ ਸਨਇੱਥੋਂ ਤਕ ਕਿ ਉਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ, ਕੱਪੜੇ ਧੋਣ ਅਤੇ ਹੋਰ ਹਰ ਤਰ੍ਹਾਂ ਦੀਆਂ ਸੇਵਾਵਾਂ ਇੱਕ ਦੂਜੇ ਤੋਂ ਅੱਗੇ ਹੋ ਕੇ ਚਾਈਂ ਚਾਈਂ ਕਰਨ ਲਈ ਤਿਆਰ ਬਰ ਤਿਆਰ ਰਹਿੰਦੇਅਧਿਆਪਕ ਵੀ ਬਗੈਰ ਸਮੇਂ ਦਾ ਖਿਆਲ ਰੱਖਿਆਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਇਲਾਵਾ ਚੰਗੇ ਨਾਗਰਿਕ ਬਣਨ ਦੀਆਂ ਤਰਕੀਬਾਂ ਦੱਸਦਿਆਂ ਅੰਦਰੂਨੀ ਖੁਸ਼ੀ ਅਤੇ ਫ਼ਖਰ ਮਹਿਸੂਸ ਕਰਦੇ ਸਨ

ਪ੍ਰੰਤੂ ਅਫਸੋਸ, ਪਿਛਲੇ ਕੁਝ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਦਲਦੀਆਂ ਪ੍ਰਸਥਿਤੀਆਂ ਅਤੇ ਪਦਾਰਥਵਾਦੀ ਯੁਗ ਦੇ ਚਲਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤਿਆਂ ਵਿੱਚ ਕੁਝ ਕੁੜੱਤਣ ਆਉਣ ਕਾਰਣ ਇਹ ਪਵਿੱਤਰ ਰਿਸ਼ਤਾ ਤਿੜਕਣ ਤੋਂ ਵੀ ਅਗਾਂਹ ਲੰਘ ਕੇ ਟੁੱਟਣ ਦੀ ਕਗਾਰ ’ਤੇ ਖੜ੍ਹਾ ਨਜ਼ਰੀਂ ਆ ਰਿਹਾ ਹੈ ਇਸਦੇ ਪ੍ਰਮੁੱਖ ਕਾਰਨਾਂ ਵਿੱਚੋਂ ਵੱਡੇ ਕਾਰਨ ਇਹ ਹਨ ਕਿ ਕੁਝ ਅਧਿਆਪਕਾਂ ਵਿੱਚ ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧਤਾ ਦੀ ਘਾਟ ਤੋਂ ਇਲਾਵਾ ਵਪਾਰਕ ਨਜ਼ਰੀਆ ਅਤੇ ਵਧ ਰਹੀ ਬੇਰੁਜ਼ਗਾਰੀ ਨੂੰ ਮੰਨਿਆ ਜਾ ਸਕਦਾ ਹੈਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਇਹ ਨੌਜਵਾਨ ਮੁੰਡੇ ਕੁੜੀਆਂ ਅਧਿਆਪਨ ਵਰਗੇ ਪਵਿੱਤਰ ਖੇਤਰ ਵਿੱਚ ਅਧਿਆਪਕਾਂ ਦੇ ਨਾਮਤੇ ਇੱਕ ਤਰ੍ਹਾਂ ਨਾਲ ਘੁਸਪੈਂਠ ਕਰ ਗਏ ਹਨ, ਜਿਨ੍ਹਾਂ ਦਾ ਇਸ ਖੇਤਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈਇਸੇ ਤਰ੍ਹਾਂ ਹੀ ਵਿਦਿਆਰਥੀ ਵੀ ਅਜੋਕੀ ਸਿੱਖਿਆ ਪ੍ਰਣਾਲੀ, ਜਿਹੜੀ ਉਨ੍ਹਾਂ ਦੇ ਭਵਿੱਖ ਦੀ ਕੋਈ ਗਰੰਟੀ ਮੁਹਈਆ ਨਹੀਂ ਕਰਵਾਉਂਦੀ, ਦੇ ਕਾਰਨ ਭੰਬਲ਼ਭੂਸੇ ਵਾਲੀ ਸਥਿਤੀ ਵਿੱਚੋਂ ਵਿਚਰ ਰਹੇ ਹਨਦੂਸਰੇ ਸ਼ਬਦਾਂ ਵਿੱਚ ਉਹਨਾਂ ਨੂੰ ਆਪਣਾ ਆਉਣ ਵਾਲਾ ਸਮਾਂ ਅੰਧੇਰ ਨਗਰੀ ਵੱਲ ਜਾਂਦੇ ਰਸਤੇ ਵਾਂਗ ਜਪਦਾ ਹੈਇਹੀ ਕਾਰਨ ਹੈ ਕਿ ਨਿਰਾਸ਼ਤਾ ਦੇ ਆਲਮ ਵਿੱਚੋਂ ਗੁਜ਼ਰਦਿਆਂ ਅੱਜ ਉਹ ਨਸ਼ਾ ਗ੍ਰਸਤ ਹੋ ਕੇ ਆਪਣੇ ਅਧਿਆਪਕਾਂ ਲਈ ਪਿਆਰ, ਮੁਹੱਬਤ ਅਤੇ ਅਪਣੱਤ ਵਾਲੇ ਰਸਤੇ ਤੋਂ ਭਟਕ ਕੇ ਔਝੜੇ ਰਾਹਾਂ ਦੇ ਪਾਂਧੀ ਬਣਨ ਵੱਲ ਵਧ ਰਹੇ ਹਨਅਜੋਕੇ ਰਾਜਨੀਤਿਕ ਗੰਧਲੇਪਣ ਨੇ ਉਹਨਾਂ ਨੂੰ ਆਪਣੇ ਨਪਾਕ ਮਨਸੂਬਿਆਂ ਲਈ ਵਰਤਣ ਦਾ ਰਸਤਾ ਇਖਤਿਆਰ ਕਰ ਲਿਆ ਹੈਆਪਣਾ ਰਾਜਨੀਤਿਕ ਉੱਲੂ ਸਿੱਧਾ ਕਰਕੇ ਇਹ ਸ਼ਾਤਰ ਦਿਮਾਗੀ ਰਾਜਸੀ ਲੋਕ ਖੁਦ ਤਾਂ ਉੱਚ ਰੁਤਬਿਆਂ ’ਤੇ ਬਿਰਾਜਮਾਨ ਹੋ ਜਾਂਦੇ ਹਨ ਪ੍ਰੰਤੂ ਅਣਭੋਲ ਵਿਦਿਆਰਥੀਆਂ ਨੂੰ ਉਹ ਭਵਸਾਗਰ ਦੀਆਂ ਘੁੰਮਣਘੇਰੀ ਵਾਲੀਆਂ ਲਹਿਰਾਂ ਵਿੱਚ ਗੋਤੇ ਖਾਣ ਅਤੇ ਜੀਵਨ ਤਬਾਹੀ ਦੇ ਅੰਧੇਰਿਆਂ ਭਰੇ ਰਸਤਿਆਂ ਵੱਲ ਤੋਰ ਦਿੰਦੇ ਹਨ, ਜਿੱਥੋਂ ਵਾਪਸੀ ਦੇ ਮੌਕੇ ਨਾਂਹ ਦੇ ਬਰਾਬਰ ਹੀ ਹੁੰਦੇ ਹਨ

ਉਕਤ ਸਭ ਕੁਝ ਦੇ ਬਾਵਜੂਦ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਭਲੇ ਹੀ ਪਹਿਲਾਂ ਵਰਗਾ ਨਾ ਹੋਵੇ, ਪ੍ਰੰਤੂ ਅਜੇ ਵੀ ਕੁਝ ਸੁਹਿਰਦ ਅਧਿਆਪਕ ਅਤੇ ਵਿਦਿਆਰਥੀ ਇਸ ਰਿਸ਼ਤੇ ਦੀ ਪਵਿੱਤਰਤਾ, ਵਿਸ਼ਵਾਸ ਅਤੇ ਮਹਿਮਾ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਦੇ ਦਿਖਾਈ ਦਿੰਦੇ ਹਨਇਸ ਲਈ ਸਾਨੂੰ ਨਿਰਾਸ਼ ਹੋਣ ਦੀ ਬਜਾਏ ਹਮੇਸ਼ਾ ਆਸ਼ਾਵਾਦੀ ਹੋ ਕੇ ਚੰਗੇਰੇ ਭਵਿੱਖ ਲਈ ਯਤਨਸ਼ੀਲ ਰਹਿਣਾ ਹੋਵੇਗਾਇਹ ਵੀ ਇੱਕ ਕੌੜਾ ਸੱਚ ਹੈ ਕਿ ਵਿਦਿਆਰਥੀ ਹਮੇਸ਼ਾ ਹੀ ਆਪਣੇ ਅਧਿਆਪਕਾਂ ਦੀ ਚੰਗੀ ਜਾਂ ਮਾੜੀ ਸ਼ਖਸੀਅਤ ਦਾ ਪ੍ਰਭਾਵ ਕਬੂਲਦੇ ਆਏ ਹਨ ਮੇਰੇ ਆਪਣੇ ਲੰਬੇ ਅਧਿਆਪਨ ਤਜਰਬੇ ਵਿੱਚੋਂ ਦੋ ਕੁ ਘਟਨਾਵਾਂ ਦਾ ਜ਼ਿਕਰ ਕਰਨਾ ਇੱਥੇ ਕੁਥਾਂ ਨਹੀਂ ਹੋਵੇਗਾ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਪਸੀ ਵਿਸ਼ਵਾਸ ਅਤੇ ਰਹਿਨੁਮਾਈ ਨੂੰ ਪੁਖਤਾ ਕਰਦੀਆਂ ਹਨਇਨ੍ਹਾਂ ਘਟਨਾਵਾਂ ਨੂੰ ਲਿਖਦਿਆਂ ਸਿਰਫ ਮੇਰਾ ਹੀ ਨਹੀਂ ਸਗੋਂ ਸਮੁੱਚੇ ਅਧਿਆਪਕ ਵਰਗ ਦਾ ਸਿਰ ਵੀ ਫਖਰ ਨਾਲ ਉੱਚਾ ਹੋਵੇਗਾਗੱਲ ਨਵੰਬਰ 1995 ਦੀ ਹੈ ਜਦੋਂ ਮੈਂ ਪ੍ਰਾਈਮਰੀ ਵਿਭਾਗ ਵਿੱਚੋਂ ਸਕੈਂਡਰੀ ਵਿੱਚ ਬਤੌਰ ਸ. ਸ. ਮਾਸਟਰ ਪਦ ਉਨਤ ਹੋ ਕੇ ਇੱਕ ਲੜਕੀਆਂ ਦੇ ਸਕੂਲ ਵਿੱਚ ਜਾ ਹਾਜ਼ਰ ਹੋਇਆਆਪਣੀ ਲਿਖਣ ਪੜ੍ਹਨ ਦੀ ਆਦਤ ਅਨੁਸਾਰ ਅਕਸਰ ਹੀ ਮੈਂ ਆਪਣੀਆਂ ਵਿਦਿਆਰਥਣਾਂ ਨਾਲ ਪਾਠ ਕ੍ਰਮ ਤੋਂ ਹਟ ਕੇ ਸਾਹਿਤਕ ਲਿਖਤਾਂ, ਅਖਬਾਰ ਪੜ੍ਹਨ ਅਤੇ ਹੋਰ ਸਮਾਜਿਕ ਜੀਵਨ ਵਿੱਚ ਵਿਚਰਨ ਦੇ ਨੁਕਤੇ ਆਪਣੀ ਬੁੱਧੀ ਅਤੇ ਸਮਰੱਥਾ ਅਨੁਸਾਰ ਆਪਸੀ ਗੱਲਬਾਤ ਦੇ ਜ਼ਰੀਏ ਕਰਦਾ ਰਹਿੰਦਾ ਮੈਨੂੰ ਲਿਖਦਿਆਂ ਖੁਸ਼ੀ ਅਤੇ ਫਖਰ ਮਹਿਸੂਸ ਹੋ ਰਿਹਾ ਹੈ ਕਿ ਅੱਜ ਵੱਖ ਵੱਖ ਅਸਾਮੀਆਂ ’ਤੇ ਤਾਇਨਾਤ ਮੇਰੀਆਂ ਵਿਦਿਆਰਥਣਾਂ ਨੇ ਜੋ ਕੁਝ ਉਹਨਾਂ ਤੋਂ ਮੈਨੂੰ ਉਮੀਦ ਸੀ, ਨੂੰ ਅਮਲੀ ਰੂਪ ਵਿੱਚ ਲਾਗੂ ਕਰ ਦਿਖਾਇਆ ਹੈਉਹਨਾਂ ਅਤੇ ਹੋਰਨਾਂ ਵੱਲੋਂ ਅਜਿਹੀ ਖਬਰ ਸੁਣ ਕੇ ਮੈਂ ਘਰ ਬੈਠਾ ਬੈਠਾ ਹੀ ਸਕੂਲ ਦੇ ਅਹਾਤੇ ਵਿੱਚ ਪਹੁੰਚਿਆ ਹੋਇਆ ਮਹਿਸੂਸ ਕਰਦਾ ਹਾਂ

ਇਸ ਸਕੂਲ ਵਿੱਚੋਂ ਵੀ ਮੇਰੀ ਬਦਲੀ ਸਤੰਬਰ 2005 ਵਿੱਚ ਮੇਰੀ ਰਿਹਾਇਸ਼ ਦੇ ਨੇੜੇ ਹੀ ਇੱਕ ਸਕੰਡਰੀ ਸਕੂਲ ਵਿੱਚ ਹੋ ਗਈਸਕੂਲ ਵਿੱਚ ਪ੍ਰਿੰਸੀਪਲ ਸਮੇਤ ਲੈਕਚਰਾਰਾਂ ਦੀਆਂ ਅੱਧੋਂ ਵੱਧ ਅਸਾਮੀਆਂ ਖਾਲੀ ਪਈਆਂ ਸਨ, ਜਿਸ ਕਰਕੇ ਬਾਰ੍ਹਵੀਂ ਸ਼੍ਰੇਣੀ ਦੇ ਇਤਿਹਾਸ ਦਾ ਪੀਰੀਅਡ ਮੈਨੂੰ ਦਿੱਤਾ ਗਿਆਸਵੇਰ ਦੀ ਸਭਾ ਵਿੱਚ ਬੋਲਦਿਆਂ ਜਾਂ ਫਿਰ ਕਿਸੇ ਖਾਲੀ ਪੀਰਅਡ ਦੌਰਾਨ ਵੱਡੀ ਸ਼੍ਰੇਣੀ ਦੇ ਵਿਦਿਆਰਥੀ ਹੋਣ ਕਾਰਨ ਮੈਂ ਉਹਨਾਂ ਨਾਲ ਸਮਾਜਿਕ ਕਦਰਾਂ ਕੀਮਤਾਂ ਜਾਂ ਫਿਰ ਵਹਿਮਾਂ ਭਰਮਾਂ ਆਦਿ ਵਿਸ਼ਿਆਂ ’ਤੇ ਅਕਸਰ ਹੀ ਗੱਲਬਾਤ ਕਰਦਾ ਰਹਿੰਦਾਸਮਾਂ ਬੀਤਦਾ ਗਿਆ, ਮੇਰੀ ਬਦਲੀ ਉੱਥੋਂ ਵੀ ਕਿਸੇ ਹੋਰ ਸਕੂਲ ਵਿੱਚ ਹੋ ਗਈਵਿਦਿਆਰਥੀ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਉੱਚ ਸਿੱਖਿਆ ਜਾਂ ਕਿਸੇ ਹੋਰ ਪ੍ਰੋਫੈਸ਼ਨਲ ਕੋਰਸਾਂ ਲਈ ਚਲੇ ਗਏਇੱਕ ਦਿਨ ਅਜਿਹਾ ਆਇਆ ਕਿ ਮੈਨੂੰ ਆਪਣੀ ਅਧਿਆਪਕਾ ਪਤਨੀ ਦੇ ਸਕੂਲ ਵਿੱਚ ਕਿਸੇ ਕੰਮ ਕਾਰਨ ਜਾਣ ਦਾ ਮੌਕਾ ਮਿਲਿਆਸਕੂਲ ਜਾਣ ਉਪਰੰਤ ਪਤਾ ਲੱਗਾ ਉਹਨਾਂ ਦੇ ਸਕੂਲ ਵਿੱਚ ਕਿਸੇ ਪਾਰਟੀ ਵਗੈਰਾ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ, ਜਿਸ ਕਰਕੇ ਖਾਣ ਪੀਣ ਦਾ ਸਮਾਨ ਲਿਆਉਣ ਲਈ ਸਾਨੂੰ ਉਸੇ ਪਿੰਡ ਵਿਚਲੀ ਦੁਕਾਨ ’ਤੇ ਜਾਣਾ ਪਿਆਇਤਫਾਕ ਨਾਲ ਉਸੇ ਦਿਨ ਹੀ ਪਿੰਡ ਵਿੱਚ ਇੱਕ ਧਾਰਮਿਕ ਜਗਾਹ ਤੇ ਛੋਟਾ ਮੋਟਾ ਮੇਲਾ ਲੱਗਾ ਹੋਇਆ ਸੀ, ਜਿਸ ਕਾਰਨ ਉੱਥੇ ਕੁਝ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹੋਏ ਸਨਮੇਰੀ ਪਤਨੀ ਉਸ ਦੁਕਾਨ ’ਤੇ ਸਮਾਨ ਲੈਣ ਚਲੀ ਗਈ ਅਤੇ ਮੈਂ ਬਾਹਰ ਹੀ ਮੋਟਰ ਸਾਈਕਲ ਕੋਲ ਖਲੋ ਗਿਆਇਸੇ ਦੌਰਾਨ ਉਹਨਾਂ ਪੁਲਿਸ ਕਰਮਚਾਰੀਆਂ ਵਿੱਚੋਂ ਇੱਕ ਮੇਰੇ ਵੱਲ ਵਧਿਆ ਅਤੇ ਸਤਿ ਸ੍ਰੀ ਅਕਾਲ ਕਹਿ ਕੇ ਮੇਰੇ ਪੈਰ ਛੂਹੇਮੈਂ ਉਸ ਵੱਲ ਕੁਝ ਹੈਰਾਨੀ ਜਿਹੀ ਨਾਲ ਤੱਕਿਆ ਤਾਂ ਉਸ ਦਾ ਸਵਾਲ ਸੀ, “ਸਰ ਪਛਾਣਿਆ ਨਹੀਂ?” ਮੈਂ ਨਾਂਹ ਵਿੱਚ ਸਿਰ ਫਿਰ ਦਿੱਤਾਉਸ ਵੱਲੋਂ ਆਪਣੇ ਆਪ ਨੂੰ ਮੇਰਾ ਵਿਦਿਆਰਥੀ ਹੋਣ ਦਾ ਜ਼ਿਕਰ ਕਰਦਿਆਂ, ਫਿਰ ਸਵਾਲ ਦਾਗਿਆ, “ਸਰ, ਤੁਸੀਂ ਇੱਥੇ ਕਿਵੇਂ?” ਤੁਸੀਂ ਤਾਂ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੇ ਕਸੀਦੇ ਪੜ੍ਹਾਉਂਦੇ ਨਹੀਂ ਥੱਕਦੇ ਸੀ।” ਉਸ ਦਾ ਭਾਵ ਉਸ ਜਗ੍ਹਾ ’ਤੇ ਮੱਥਾ ਟੇਕਣ ਆਉਣ ਤੋਂ ਸੀਮੈਂ ਸਕੂਲ ਦੀ ਪਾਰਟੀ ਵਾਲੀ ਸਾਰੀ ਕਹਾਣੀ ਸੰਖੇਪ ਵਿੱਚ ਉਸ ਅੱਗੇ ਰੱਖ ਦਿੱਤੀਮੇਰੇ ਜ਼ਿਹਨ ਵਿੱਚ ਸਮੁੱਚੀ ਨੌਕਰੀ ਦੌਰਾਨ ਅਣਗਿਣਤ ਵਿਦਿਆਰਥੀਆਂ ਨਾਲ ਬਿਤਾਏ ਪਲ ਕਿਸੇ ਫਿਲਮੀ ਦ੍ਰਿਸ਼ ਵਾਂਗ ਘੁੰਮ ਗਏ

ਮੈਂ ਹੁਣ ਵੀ ਕਈ ਵਾਰ ਸੋਚਦਾ ਹਾਂ ਕਿ ਭਾਵੇਂ ਕੋਈ ਅਧਿਆਪਕ ਸਹਿਜ ਸੁਭਾਅ ਰੂਪ ਵਿੱਚ ਹੀ ਆਪਣੇ ਵਿਦਿਆਥੀਆਂ ਨਾਲ ਵਿਚਰਦਾ ਹੋਵੇ ਪ੍ਰੰਤੂ ਉਸ ਵੱਲੋਂ ਸੁਭਾਵਿਕ ਤੌਰ ’ਤੇ ਕਹੇ ਗਏ ਸ਼ਬਦਾਂ ਦਾ ਪ੍ਰਭਾਵ ਵਿਦਿਆਰਥੀ ਜ਼ਰੂਰ ਕਬੂਲਦੇ ਹਨਇਸ ਲਈ ਸਮੁੱਚੇ ਅਧਿਆਪਕ ਵਰਗ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਵਿਦਿਆਰਥੀਆਂ ਦੀ ਮਾਸੂਮੀਅਤ ਨੂੰ ਧਿਆਨ ਹਿਤ ਰੱਖਦਿਆਂ ਉਹਨਾਂ ਸਾਹਮਣੇ ਹਮੇਸ਼ਾ ਹੀ ਰੋਲ ਮਾਡਲ ਦੇ ਰੂਪ ਵਿੱਚ ਵਿਚਰਨ ਦਾ ਯਤਨ ਕੀਤਾ ਜਾਵੇ ਕਿਉਂਕਿ ਵਿਦਿਆਰਥੀ ਹਮੇਸ਼ਾ ਹੀ ਅਧਿਆਪਕ ਦੀ ਅਗਵਾਈ ਕਬੂਲਦੇ ਹਨਅਧਿਆਪਕ ਦੀ ਮਾਮੂਲੀ ਉਕਾਈ ਕਿਸੇ ਬੱਚੇ ਦਾ ਭਵਿੱਖ ਧੁੰਦਲਾ ਕਰਨ ਦਾ ਕਾਰਨ ਵੀ ਬਣ ਸਕਦੀ ਹੈਪਾਠ ਕਰਮ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਮਾਜਿਕ ਕਦਰਾਂ ਕੀਮਤਾਂ ਦੀ ਮਹੱਤਤਾ ਦੱਸਦਿਆਂ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਵਿਗਿਆਨਿਕ ਸੋਚ ਅਪਣਾਉਣ ਵੱਲ ਸੇਧਿਤ ਕਰਨ ਦਾ ਯਤਨ ਕਰਨਾ ਚਾਹੀਦਾ ਹੈਅਜਿਹਾ ਕਰਦਿਆਂ ਤੁਹਾਨੂੰ ਆਪਣੇ ਅਧਿਆਪਕ ਹੋਣ ’ਤੇ ਮਾਣ ਵੀ ਮਹਿਸੂਸ ਹੋਵੇਗਾ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5260)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਆਤਮਾ ਸਿੰਘ ਪਮਾਰ

ਆਤਮਾ ਸਿੰਘ ਪਮਾਰ

Nehru Memorial Government College, Mansa.
WhatsApp: (91- 89680 - 56200)
(atmapamarbsp@gmail.com)

More articles from this author