“ਫਿਰਾਖਦਿਲੀ, ਸੰਵਾਦ ਅਤੇ ਤਰਕ ਹਮੇਸ਼ਾ ਹੀ ਸ਼ੰਕਾਵਾਂ ਅਤੇ ਸੰਦੇਹ ਭਰਪੂਰ ...”
(28 ਜਨਵਰੀ 2025)
ਭਾਰਤ ਲਗਭਗ ਦੋ ਕੁ ਸੌ ਸਾਲ ਅੰਗਰੇਜ਼ ਹਕੂਮਤ ਦੇ ਜੂਲੇ ਹੇਠ ਗੁਲਾਮੀ ਦੀਆਂ ਅਤਿ ਸਖ਼ਤੀਆਂ ਸਹਿਣ ਕਰਦਾ ਰਿਹਾ। ਇਸ ਜ਼ਲਾਲਤ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਕੁਝ ਦੇਸ਼ ਪ੍ਰੇਮੀਆਂ ਅਤੇ ਅਣਖੀਲੇ ਭਾਰਤ ਵਾਸੀਆਂ ਵੱਲੋਂ ਅੰਗਰੇਜ਼ ਹਕੂਮਤ ਨੂੰ ਚਲਦਾ ਕਰਨ ਲਈ ਵੱਖ ਵੱਖ ਸੰਗਠਨਾਂ ਦੀ ਅਗਵਾਈ ਵਿੱਚ ਸਮੇਂ ਸਮੇਂ ’ਤੇ ਸੰਘਰਸ਼ਾਂ ਦਾ ਰਸਤਾ ਇਖਤਿਆਰ ਕੀਤਾ। ਗੁਲਾਮੀ ਦੇ ਇਸ ਦੌਰ ਅਤੇ ਅੰਦੋਲਨਾਂ ਦੌਰਾਨ ਅੰਗਰੇਜ਼ ਹਕੂਮਤ ਵੱਲੋਂ ਭਾਰਤੀ ਅਜ਼ਾਦੀ ਦੇ ਘੁਲਾਟੀਆਂ ਨੂੰ ਹਰ ਤਰ੍ਹਾਂ ਨਾਲ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸਰਕਾਰ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੋਕ ਵਿਰੋਧੀ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਤਸੀਹੇ ਦੇਣ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਤੋਂ ਇਲਾਵਾ ਵੱਡੀ ਗਿਣਤੀ ਮਰਦ ਅਤੇ ਔਰਤਾਂ ਨੂੰ ਅਜ਼ਾਦੀ ਦੇ ਇਸ ਸੰਗਰਾਮ ਦੌਰਾਨ ਸ਼ਹੀਦੀ ਦੇ ਜਾਮ ਤਕ ਵੀ ਪੀਣੇ ਪਏ। ਲੰਬੇ ਸੰਘਰਸ਼ ਤੋਂ ਬਾਅਦ ਅਖੀਰ ਅੰਗਰੇਜ਼ਾਂ ਨੂੰ 15 ਅਗਸਤ 1947 ਦੇ ਦਿਨ ਲੋਕਾਂ ਦੇ ਸਖਤ ਵਿਰੋਧ ਦੇ ਚਲਦਿਆਂ ਭਾਰਤ ਨੂੰ ਆਜ਼ਾਦ ਕਰਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆ। ਉਸੇ ਦਿਨ ਤੋਂ ਹੀ ਭਾਰਤ ਦੇ ਲੋਕ ਉਕਤ ਦਿਨ ਨੂੰ ਸੁਤੰਤਰਤਾ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ। ਉਸ ਦਿਨ ਅਸੀਂ ਸਾਰੇ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਅਕਹਿ ਅਤੇ ਅਸਹਿ ਘਾਲਣਾਵਾਂ ਅਤੇ ਕੁਰਬਾਨੀਆਂ ਨੂੰ ਸਿਜਦਾ ਵੀ ਕਰਦੇ ਹਾਂ।
ਭਾਰਤ ਦੇ ਲੋਕ, ਕੌਮੀ, ਰਾਜ, ਜ਼ਿਲ੍ਹਾ ਅਤੇ ਤਹਿਸੀਲ ਪੱਧਰੀ ਪ੍ਰੋਗਰਾਮਾਂ ਤਹਿਤ 26 ਜਨਵਰੀ ਨੂੰ ਵੀ ਗਣਤੰਤਰ ਦਿਵਸ ਵਜੋਂ ਬੜੇ ਮਾਣ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਉਡਦੀ ਨਜ਼ਰੇ ਭਾਵੇਂ ਇਹ ਦੋਵੇਂ ਦਿਨ ਲਗਭਗ ਇੱਕੋ ਜਿਹੇ ਹੀ ਜਾਪਦੇ ਹਨ ਅਤੇ ਇਨ੍ਹਾਂ ਨੂੰ ਵੱਖਰਿਆਕੇ ਦੇਖਿਆ ਵੀ ਨਹੀਂ ਜਾ ਸਕਦਾ, ਪ੍ਰੰਤੂ ਫਿਰ ਵੀ ਇਨ੍ਹਾਂ ਦੋਵਾਂ ਦਿਨਾਂ ਦੀ ਆਪੋ-ਆਪਣੀ ਪਛਾਣ ਅਤੇ ਮਹੱਤਵ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਆਜ਼ਾਦੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਣ ਕਾਰਨ ਇਨ੍ਹਾਂ ਨੂੰ ਦੋ ਵੱਖਰੇ ਵੱਖਰੇ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਤਾਂ ਇਹ ਵੀ ਲਾਜ਼ਮੀ ਸੀ ਕਿ ਰਾਜ ਭਾਗ ਅਤੇ ਇਨ੍ਹਾਂ ਦੀਆਂ ਸਰਕਾਰਾਂ ਵੀ ਅਲੱਗ-ਅਲੱਗ ਹੀ ਹੋਣਗੀਆਂ। ਉਸ ਸਮੇਂ ਬਿਨਾਂ ਸ਼ੱਕ ਧਰਮ ਅਧਾਰਿਤ, ਖ਼ੂਨ-ਖ਼ਰਾਬੇ, ਦੰਗੇ, ਅਰਾਜਕਤਾ ਅਤੇ ਅਫਰਾ ਤਫਰੀ ਵਾਲਾ ਮਾਹੌਲ ਸੀ, ਜਿਸ ਨੂੰ ਇਤਿਹਾਸ ਵਿੱਚ ਮਨੁੱਖੀ ਕਤਲ-ਏ-ਆਮ ਵਜੋਂ ਅੰਕਿਤ ਵੀ ਕੀਤਾ ਗਿਆ ਹੈ। ਸਮੇਂ ਨੇ ਕਰਵਟ ਲਈ ਤਾਂ ਉਸ ਸਮੇਂ ਦੇ ਨੇਤਾਵਾਂ ਵੱਲੋਂ ਆਪਸੀ ਸਹਿਮਤੀ ਨਾਲ ਇੱਕ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਅਤੇ ਸ੍ਰੀ ਜਵਾਹਰ ਲਾਲ ਨਹਿਰੂ, ਇਸ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਥਾਪੇ ਗਏ। ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਮੰਤਰੀ ਮੰਡਲ ਦੀ ਸਥਾਪਨਾ ਵੀ ਕੀਤੀ ਗਈ। ਇਸ ਮੰਤਰੀ ਮੰਡਲ ਵਿੱਚ ਦਲਿਤਾਂ ਦੇ ਮਸੀਹਾ, ਉੱਘੇ ਕਾਨੂੰਨਦਾਨ, ਅਤੇ ਯੁਗ ਪੁਰਸ਼, ਜਿਸ ਨੂੰ ਸਕੂਲ ਵਿੱਚ ਵੱਖਰਾ ਬਿਠਾਉਣ, ਸਰਾਵਾਂ ਵਿੱਚ ਰੈਣ ਵਸੇਰਾ ਨਾ ਕਰਨ ਦੇਣ, ਜਿਸਦੀ ਛੋਹ ਨਾਲ ਟਾਂਗਾ, ਬੜੌਦਾ ਰਿਆਸਤ ਦੀਆਂ ਫਾਇਲਾਂ, ਤਲਾਬਾਂ ਦਾ ਪਾਣੀ ਅਪਵਿੱਤਰ ਹੋਣ, ਹੋਸਟਲਾਂ, ਹੋਟਲਾਂ, ਮੰਦਰਾਂ, ਨਾਈਆਂ ਦੀਆਂ ਦੁਕਾਨਾਂ ਵੀ ਭਿੱਟੀਆਂ ਜਾਣ ਤੋਂ ਇਲਾਵਾ ਪੈਰ ਪੈਰ ’ਤੇ ਬੇਇੱਜ਼ਤ ਵੀ ਕੀਤਾ ਜਾਂਦਾ ਸੀ, ਨੂੰ ਵੀ ਇਸ ਮੰਤਰੀ ਮੰਡਲ ਵਿੱਚ ਸਿਰਫ ਸ਼ਾਮਲ ਹੀ ਨਹੀਂ ਕੀਤਾ ਗਿਆ, ਸਗੋਂ ਉਹਨਾਂ ਨੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣ ਕੇ ਆਪਣੀ ਲਿਆਕਤ ਦਾ ਲੋਹਾ ਵੀ ਮੰਨਵਾਇਆ।
ਭਾਰਤ ਅਜ਼ਾਦ ਤਾਂ ਹੋ ਗਿਆ ਅਤੇ ਅੰਤਰਿਮ ਸਰਕਾਰ ਦੀ ਸਥਾਪਨਾ ਵੀ ਹੋ ਗਈ ਪ੍ਰੰਤੂ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ ਰਾਜ ਹੋਣ ਦੀ ਮਾਨਤਾ ਅਤੇ ਪਛਾਣ ਦੀ ਪ੍ਰਾਪਤੀ ਅਜੇ ਵੀ ਅਧੂਰੀ ਸੀ, ਕਿਉਂਕਿ ਪ੍ਰਭੂਸੱਤਾ ਸੰਪੰਨ ਹੋਣ ਲਈ ਕਿਸੇ ਰਾਜ ਕੋਲ ਚਾਰ ਚੀਜ਼ਾਂ ਦਾ ਹੋਣਾ ਅਤਿ ਜ਼ਰੂਰੀ ਮੰਨਿਆ ਜਾਂਦਾ ਹੈ, ਜਿਵੇਂ ਕਿ ਨਿਸ਼ਚਿਤ ਇਲਾਕਾ, ਜਨਤਾ, (ਲੋਕ) ਸਰਕਾਰ ਅਤੇ ਉਸ ਦਾ ਆਪਣਾ ਸੰਵਿਧਾਨ। ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਭਾਰਤ ਕੋਲ ਤਿੰਨ ਚੀਜ਼ਾਂ ਤਾਂ ਸਨ, ਪ੍ਰੰਤੂ ਸੰਵਿਧਾਨ ਦੀ ਵੱਡੀ ਘਾਟ ਅਜੇ ਵੀ ਰੜਕ ਰਹੀ ਸੀ। ਇਸ ਘਾਟ ਨੂੰ ਪੂਰਾ ਕਰਨ ਲਈ ਸਮੇਂ ਦੇ ਨੇਤਾਵਾਂ ਵੱਲੋਂ ਵੱਖ-ਵੱਖ ਮੀਟਿੰਗਾਂ ਤੋਂ ਬਾਅਦ ਇੱਕ ਸੰਵਿਧਾਨ ਖਰੜਾ ਕਮੇਟੀ ਦਾ ਗਠਨ ਕੀਤਾ ਗਿਆ, ਜਿਸਦੇ ਚੇਅਰਮੈਨ ਦੀ ਜ਼ਿੰਮੇਵਾਰੀ ਦਾ ਮਾਣ ਵੀ ਬਾਬਾ ਸਾਹਿਬ ਡਾ. ਅੰਬੇਡਕਰ ਦੇ ਹਿੱਸੇ ਹੀ ਆਇਆ। ਖਰੜਾ ਕਮੇਟੀ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਬਾਬਾ ਸਾਹਿਬ ਨੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦੀ ਬਰੀਕੀ ਨਾਲ ਘੋਖ ਪੜਤਾਲ ਕਰਕੇ, ਸਮਾਜ ਦੇ ਹਰ ਤਬਕੇ ਨੂੰ ਧਿਆਨ ਵਿੱਚ ਰੱਖਦਿਆਂ ਸਦੀਆਂ ਤੋਂ ਹਾਸ਼ੀਏ ’ਤੇ ਧੱਕੇ ਹੋਏ ਦਲਿਤ ਵਰਗ, ਆਰਥਿਕ ਪੱਖੋਂ ਕਮਜ਼ੋਰ ਧਿਰਾਂ, ਔਰਤਾਂ, ਰਾਜਨੀਤਕ, ਧਾਰਮਿਕ, ਆਰਥਿਕ ਸਮਾਨਤਾ ਤੋਂ ਵੀ ਅੱਗੇ ਲੰਘ ਕੇ ਜੀਵ ਜੰਤੂਆਂ, ਪਸ਼ੂ ਪੰਛੀਆਂ ਅਤੇ ਬਨਸਪਤੀ ਆਦਿ ਦੀ ਸੁਰੱਖਿਆ ਲਈ ਵੀ ਸੰਵਧਾਨ ਦੇ ਇਸ ਖਰੜੇ ਵਿਁਚ ਢੁਕਵੀਂ ਵਿਵਸਥਾ ਦਾ ਪ੍ਰਾਵਧਾਨ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਪਸ਼ਟ ਅਤੇ ਪਾਰਦਰਸ਼ੀ ਤਸਵੀਰ ਭਾਰਤ ਦੇ ਲੋਕਾਂ ਅਤੇ ਸੰਸਾਰ ਦੇ ਸਨਮੁਖ ਰੱਖੀ। ਇਸ ਵੱਡ-ਅਕਾਰੀ ਕਾਨੂੰਨੀ ਦਸਤਾਵੇਜ਼ ਨੂੰ ਲਿਖਣ ਲਈ ਲਗਭਗ 2 ਸਾਲ 11 ਮਹੀਨੇ ਅਤੇ 18 ਦਿਨਾਂ ਦਾ ਲੰਬਾ ਸਮਾਂ ਲੱਗਿਆ।
ਸੰਵਿਧਾਨ ਘਾੜਿਆਂ ਨੂੰ ਇਸ ਮਹਾਨ ਕਾਰਜ ਲਈ ਜਿੱਥੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਖ਼ਤ ਮਿਹਨਤ ਕਰਨੀ ਪਈ ਉੱਥੇ ਹੀ ਵਿਰੋਧੀ ਵਿਚਾਰਾਂ ਨਾਲ ਵੀ ਦੋ-ਚਾਰ ਹੋਣਾ ਪਿਆ। ਭਾਵੇਂ ਇਹ ਸੰਵਿਧਾਨਕ ਖਰੜਾ 26 ਨਵੰਵਰ 1949 ਨੂੰ ਹੀ ਬਾਕਾਇਦਾ ਰੂਪ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਪ੍ਰੰਤੂ ਅਮਲੀ ਰੂਪ ਵਿੱਚ ਇਸ ਨੂੰ 26 ਜਨਵਰੀ 1950 ਨੂੰ ਹੀ ਲਾਗੂ ਕੀਤਾ ਗਿਆ ਅਤੇ ਭਾਰਤ ਨੂੰ ਸਾਰੀਆਂ ਰਸਮੀ ਅਤੇ ਲੋੜੀਂਦੀਆਂ ਕਾਰਵਾਈਆਂ ਦੀ ਸੰਪੂਰਨਤਾ ਉਪਰੰਤ ਸੰਸਾਰ ਵਿੱਚ ਇੱਕ ਪ੍ਰਭੂਸੱਤਾ-ਸੰਪੰਨ ਅਤੇ ਗਣਤੰਤਰ ਰਾਜ ਹੋਣ ਦਾ ਮਾਣ ਪ੍ਰਾਪਤ ਹੋ ਸਕਿਆ। ਪ੍ਰੰਤੂ ਅਫਸੋਸ ਅਤੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ 75 ਵਰ੍ਹੇ ਬੀਤਣ ਦੇ ਬਾਵਜੂਦ ਵੀ ਜਨਤਕ ਤੌਰ ’ਤੇ ਇਨ੍ਹਾਂ ਦੋਵਾਂ ਦਿਨਾਂ ਦੀ ਮਹੱਤਤਾ ਅਤੇ ਪਛਾਣ ਅਲੱਗ ਅਲੱਗ ਤੌਰ ’ਤੇ ਵਿਸਥਾਰਿਤ ਅਤੇ ਸਪਸ਼ਟ ਰੂਪ ਵਿੱਚ ਲੋਕਾਂ ਦੇ ਰੂ-ਬ-ਰੂ ਰੱਖਣ ਵਿੱਚ ਅਸੀਂ ਲਗਭਗ ਅਸਫ਼ਲ ਹੀ ਦਿਖਾਈ ਦੇ ਰਹੇ ਹਾਂ।
ਗਣਤੰਤਰ ਦਿਵਸ ਸਮੇਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਆਏ ਸਾਡੇ ਕੁਝ ਰਾਜਨੀਤਕ ਨੇਤਾਵਾਂ, ਉੱਚ ਅਧਿਕਾਰੀਆਂ ਤੋਂ ਇਲਾਵਾ, ਲੇਖਕ ਅਤੇ ਬੁੱਧੀਜੀਵੀ ਕਹਾਉਂਦੇ ਲੋਕ ਵੀ ਇਸ ਦਿਨ ਦੀ ਰਸਮੀ ਸ਼ੁਰੂਆਤ ਕਰਕੇ ਜ਼ਿਆਦਾ ਸਮਾਂ ਸਿਰਫ ਆਜ਼ਾਦੀ ਦਿਵਸ ਬਾਰੇ ਹੀ ਆਪਣੇ ਆਪਣੇ ਭਾਸ਼ਣਾਂ ਅਤੇ ਰਚਨਾਵਾਂ ਵਿੱਚ ਵਿਖਿਆਨ ਕਰਦੇ ਸੁਣਾਈ ਦਿੰਦੇ ਅਤੇ ਦੇਖੇ ਜਾ ਸਕਦੇ ਹਨ ਜਦੋਂ ਕਿ ਇਹ ਦਿਨ ਭਾਰਤੀ ਸੰਵਿਧਾਨ ਦੀ ਰਚੇਤਾ ਕਮੇਟੀ ਅਤੇ ਇਸਦੇ ਮੁਖੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੋਂ ਇਲਾਵਾ ਸੰਵਿਧਾਨ ਵਿੱਚ ਉਨ੍ਹਾਂ ਵੱਲੋਂ ਦਰਜ਼ ਕਾਨੰਨਾਂ ਦੀ ਵਿਸਥਾਰਿਤ ਵਿਆਖਿਆ ਕਰਨ ਨੂੰ ਹੀ ਸਮਰਪਤਿ ਹੋਣਾ ਚਾਹੀਦਾ ਹੈ ਤਾਂ ਕਿ ਦਰਸ਼ਕਾਂ, ਸਰੋਤਿਆਂ ਨੂੰ ਗਣਤੰਤਰ ਦਿਵਸ ਦੇ ਪਿਛੋਕੜ ਅਤੇ ਮਕਸਦ ਬਾਰੇ ਵੀ ਜਾਣਕਾਰੀ ਪ੍ਰਾਪਤ ਹੋ ਸਕੇ। ਇਹ ਉਹ ਵਿਲੱਖਣ ਦਿਨ ਹੈ, ਜਿਸ ਨੇ ਸਦੀਆਂ ਤੋਂ ਹਾਸ਼ੀਏ ਤੇ ਧੱਕੇ ਹੋਏ ਦਲਿਤ ਵਰਗ ਨੂੰ ਸਮਾਨਤਾ, ਪੜ੍ਹਾਈ ਤੋਂ ਵੰਚਿਤ ਰਹੇ ਲੋਕਾਂ ਨੂੰ ਸਰਪੰਚ, ਮੈਂਬਰ ਲੋਕ ਸਭਾ, ਵਿਧਾਇਕ, ਮੰਤਰੀ ਡਿਪਟੀ ਕਮਿਸ਼ਨਰ, ਜੱਜ, ਪ੍ਰੋਫੈਸਰ ਅਤੇ ਅਧਿਆਪਕ ਆਦਿ ਬਣਨ ਦੇ ਮੌਕੇ ਪ੍ਰਦਾਨ ਕੀਤੇ। ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਹਰ ਵਰਗ ਦੀ ਔਰਤ ਨੂੰ ਬਰਾਬਰਤਾ ਦਾ ਅਹਿਸਾਸ ਹੀ ਨਹੀਂ ਕਰਵਾਇਆ ਸਗੋਂ ਕਾਨੂੰਨੀ ਅਧਿਕਾਰ ਅਤੇ ਸਤਿਕਾਰ ਦੇ ਕੇ ਉਨ੍ਹਾਂ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਅਹਿਮ ਅਹੁਦਿਆਂ ਤਕ ਪਹੁੰਚਾਉਣ ਲਈ ਰਾਹ ਪੱਧਰਾ ਕੀਤਾ। ਹਰ ਇੱਕ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ, ਤਿਆਗਣ, ਕਾਨੂੰਨੀ, ਰਾਜਨੀਤਕ ਅਤੇ ਸਮਾਜਿਕ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੋਇਆ।
ਇਸ ਤੋਂ ਇਲਾਵਾ ਕਿਸਾਨ, ਭਾਵੇਂ ਉਹ ਕਿਸੇ ਵੀ ਵਰਗ ਦੇ ਹੋਣ ਜ਼ਮੀਨ ਜਾਇਦਾਦ ਰੱਖਣ ਦਾ ਅਧਿਕਾਰ, ਮਜ਼ਦੂਰਾਂ ਲਈ ਕੰਮ ਦੇ ਘੰਟੇ ਨਿਸ਼ਚਿਤ ਕਰਨ ਆਦਿ ਵਰਗੇ ਕਾਨੂੰਨ ਵੀ ਸੰਵਿਧਾਨ ਵਿੱਚ ਅੰਕਿਤ ਕੀਤੇ। ਜੇਕਰ ਇਸ ਦਿਨ ਵੀ ਅਜਿਹੇ ਪਵਿੱਤਰ, ਮਹੱਤਵਪੂਰਨ ਅਤੇ ਕਿਸੇ ਵਿਸ਼ੇਸ਼ ਵਰਗ ਦਾ ਪੱਖ ਨਾ ਪੂਰਨ ਵਾਲੇ ਸਗੋਂ ਲੋਕਾਈ ਦੇ ਹਿਤਾਂ ਨੂੰ ਸੁਰੱਖਿਅਤ ਰੱਖਣ ਵਾਲੇ ਇਸ ਅਹਿਮ ਕਾਨੂੰਨੀ ਦਸਤਾਵੇਜ਼ ਦੇ ਰਚਣਹਾਰਿਆਂ ਨੂੰ ਹੀ ਅਣਗੌਲਿਆ ਕੀਤਾ ਜਾਵੇ ਤਾਂ ਇਹ ਉਹਨਾਂ ਦੀ ਤੌਹੀਨ ਨਹੀਂ ਤਾਂ ਹੋਰ ਕੀ ਹੈ? ਇੱਥੇ ਤਾਂ ਫਿਰ ਪੰਜਾਬੀ ਦੀ ਉਹ ਕਹਾਵਤ ਕਿ, ਜਿਸਦਾ ਵਿਆਹ ਉਹਦੀ ਪੱਤਲ ਵੀ ਨਹੀਂ, ਪੂਰੀ ਤਰ੍ਹਾਂ ਢੁਕਦੀ ਨਜ਼ਰੀਂ ਆ ਰਹੀ ਹੈ। ਜਿਵੇਂ ਪਹਿਲਾਂ ਹੀ ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਅਜ਼ਾਦੀ ਅਤੇ ਗਣਤੰਤਰ ਦਿਵਸ ਦੇ ਅੰਤਰ-ਸੰਬੰਧਾਂ ਤੋਂ ਕਿਵੇਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਦੋਵਾਂ ਦੀ ਮਹੱਤਤਾ ਨੂੰ ਇੱਕ ਦੂਜੇ ਤੋਂ ਘਟਾ ਹੀ ਦੇਖਿਆ ਜਾ ਸਕਦਾ ਹੈ, ਪ੍ਰੰਤੂ ਫਿਰ ਵੀ ਜਨਤਕ ਮੰਚ ’ਤੇ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੀ ਮਨੁੱਖ ਦੇ ਵੱਖ ਵੱਖ ਸੁਭਾਵਾਂ, ਆਦਤਾਂ ਅਤੇ ਵਿਚਾਰਾਂ ਦੀ ਪੁਸ਼ਟੀ ਸਹਿਜੇ ਹੀ ਹੋ ਜਾਂਦੀ ਹੈ। ਇਸ ਲਈ ਵੱਖ-ਵੱਖ ਭਾਸ਼ਾਵਾਂ, ਜਾਤਾਂ, ਧਰਮਾਂ, ਸੱਭਿਆਚਾਰਾਂ, ਰੰਗਾਂ, ਨਸਲਾਂ ਅਤੇ ਪਹਿਰਾਵੇ ਤੋਂ ਇਲਾਵਾ ਗੁਰੂਆਂ-ਪੀਰਾਂ-ਪੈਗੰਬਰਾਂ ਦੀ ਇਸ ਪਵਿੱਤਰ ਧਰਤੀ ਅਤੇ ਭਾਰਤੀ ਸੰਸਕ੍ਰਿਤੀ ਵਾਲੇ ਇਸ ਦੇਸ਼ ਦੇ ਬਾਸ਼ਿੰਦਿਆਂ ਦਾ ਇਹ ਇਖ਼ਲਾਕੀ ਫ਼ਰਜ਼ ਬਣ ਜਾਂਦਾ ਹੈ ਕਿ ਉਹ ਵੱਖ ਵੱਖ ਸਮੁਦਾਵਾਂ/ਵਰਗਾਂ ਨਾਲ ਸੰਬੰਧਿਤ, ਮਹਾਨ ਪੁਰਖਿਆਂ ਦਾ ਬਰਾਬਰ ਸਤਿਕਾਰ ਕਰਦੇ ਹੋਏ, ਉਨ੍ਹਾਂ ਵੱਲੋਂ ਕਿਸੇ ਵੀ ਖੇਤਰ ਵਿੱਚ ਕੀਤੀਆਂ ਗਈਆਂ ਮਹਾਨ (ਵਿਸ਼ੇਸ਼) ਉਪਲਬਧੀਆਂ ਨੂੰ ਸਿਜਦਾ ਕਰਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਫਿਰਾਖਦਿਲੀ, ਸੰਵਾਦ ਅਤੇ ਤਰਕ ਹਮੇਸ਼ਾ ਹੀ ਸ਼ੰਕਾਵਾਂ ਅਤੇ ਸੰਦੇਹ ਭਰਪੂਰ ਵਰਤਾਰਿਆਂ ਨੂੰ ਸੇਧ ਦੇਣ ਤੋਂ ਇਲਾਵਾ ਸ਼ਾਂਤੀ, ਏਕਤਾ, ਸੱਭਿਅਕਤਾ ਅਤੇ ਭਾਈਚਾਰਕ ਸਾਂਝੀਵਾਲਤਾ ਵਾਲੀ ਵਿਵਸਥਾ ਦੇ ਸਿਰਜਕ ਅਤੇ ਪ੍ਰਤੀਕ ਵਜੋਂ ਜਾਣੇ ਜਾਂਦੇ ਰਹੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)