“ਕੁਦਰਤ ਦਾ ਇੱਕ ਅਟਲ ਨਿਯਮ ਹੈ ਕਿ ਮਨੁੱਖ, ਜੀਵ ਜੰਤੂ ਅਤੇ ਇੱਥੋਂ ਤਕ ਕਿ ਬਨਸਪਤੀ ਵੀ ਚੁਫੇਰੇ ਵਾਪਰਦੀਆਂ ਘਟਨਾਵਾਂ ...”
(24 ਅਗਸਤ 2024)
ਭਾਰਤ ਵਿੱਚ ਬਹੁ ਦਲੀ ਰਾਜਨੀਤਿਕ ਵਿਵਸਥਾ ਸਥਾਪਤ ਕੀਤੀ ਗਈ ਹੈ, ਜਿਸ ਤਹਿਤ ਕੌਮੀ ਅਤੇ ਖੇਤਰੀ ਪੱਧਰ ਦੇ ਰਾਜਨੀਤਕ ਦਲ ਦੇਸ਼ ਦੇ ਰਾਜਨੀਤੀ ਪਿੜ ਵਿੱਚ ਸਰਗਰਮ ਹਨ। ਭਾਰਤ ਦੀ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਆਪਣੀ ਇੱਕ ਵੱਖਰੀ ਪਛਾਣ ਹੋਣ ਤੋਂ ਇਲਾਵਾ ਇਸਦੇ ਸੰਵਿਧਾਨ ਦਾ ਆਕਾਰ ਵੀ ਦੁਨੀਆ ਵਿੱਚ ਸਭ ਤੋਂ ਵੱਡਾ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਇੱਥੋਂ ਦੇ ਨਾਗਰਿਕਾਂ ਲਈ ਕੁਝ ਮੁਢਲੇ ਅਧਿਕਾਰ ਵੀ ਅੰਕਿਤ ਕੀਤੇ ਗਏ ਹਨ, ਅਤੇ ਨਾਲ ਹੀ ਕੁਝ ਜ਼ਿੰਮੇਵਾਰੀਆਂ ਅਤੇ ਫਰਜ਼ ਵੀ ਨਿਰਧਾਰਿਤ ਕੀਤੇ ਗਏ ਹਨ। ਭਾਰਤੀ ਸੰਵਿਧਾਨ ਜਿੱਥੇ ਆਪਣੇ ਨਾਗਰਿਕਾਂ ਨੂੰ ਸਮਾਜਿਕ ਸਮਾਨਤਾ, ਧਾਰਮਿਕ ਅਜ਼ਾਦੀ, ਆਰਥਿਕ ਅਤੇ ਰਾਜਨੀਤਕ ਅਧਿਕਾਰ ਪ੍ਰਦਾਨ ਕਰਦਾ ਹੈ, ਉੱਥੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ, ਸਰਕਾਰੀ ਸੰਪਤੀ ਦੀ ਸਾਂਭ-ਸੰਭਾਲ, ਮਨੁੱਖੀ ਸਮਾਨਤਾ, ਸਾਰੇ ਧਰਮਾਂ ਦਾ ਸਤਿਕਾਰ ਕਰਨ, ਲੋਕਤੰਤਰ ਦੀ ਰੱਖਿਆ ਆਦਿ ਕਰਨ ਦੇ ਫਰਜ਼ ਅਤੇ ਜ਼ਿੰਮੇਵਾਰੀ ਵੀ ਤੈਅ ਕਰਦਾ ਹੈ। ਇਹਨਾਂ ਫਰਜ਼ਾਂ ਦੀ ਉਲੰਘਣਾ ਹੋਣ ਕਾਰਨ ਢੁਕਵੀਂ ਸਜ਼ਾ ਦਾ ਪ੍ਰਾਵਧਾਨ ਵੀ ਪਹਿਲਾਂ ਤੋਂ ਹੀ ਨਿਰਧਾਰਿਤ ਹੈ।
ਪ੍ਰਾਪਤ ਅਧਿਕਾਰਾਂ ਵਿੱਚੋਂ ਰਾਜਨੀਤਕ ਅਧਿਕਾਰ ਦੀ ਆਪਣੀ ਹੀ ਇੱਕ ਵਿਸ਼ੇਸ਼ ਮਹੱਤਤਾ ਹੈ। ਇਸ ਅਧਿਕਾਰ ਤਹਿਤ ਦੇਸ਼ ਦਾ ਹਰ ਇੱਕ ਨਾਗਰਿਕ ਅਤੇ ਰਾਜਨੀਤਿਕ ਦਲ ਨੂੰ ਨਿਰਧਾਰਿਤ ਕਾਨੂੰਨ ਦੀ ਰੌਸ਼ਨੀ ਵਿੱਚ ਦੇਸ਼ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਚੋਣ ਵਿੱਚ ਉਮੀਦਵਾਰ ਬਣਨ, ਮਤਦਾਨ ਕਰਨ ਤੋਂ ਇਲਾਵਾ ਕਿਸੇ ਵੀ ਰਾਜਨੀਤਿਕ ਦਲ ਦਾ ਮੈਂਬਰ ਆਦਿ ਬਣਨ ਦਾ ਅਧਿਕਾਰ ਸੰਵਿਧਾਨ ਵਿੱਚ ਬਕਾਇਦਾ ਤੌਰ ’ਤੇ ਦਰਜ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਨ 1952 ਵਿੱਚ ਪਹਿਲੀ ਵਾਰ ਦੇਸ਼ ਦੀ ਪਾਰਲੀਮੈਂਟ ਦੀਆਂ ਚੋਣਾਂ ਦੀ ਸ਼ੁਰੂਆਤ ਹੋਈ। ਉਦੋਂ ਤੋਂ ਲੈ ਕੇ ਹੁਣ ਤਕ ਕੇਂਦਰ ਅਤੇ ਸੂਬਿਆਂ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਵੱਲੋਂ ਇਕੱਲਿਆਂ ਜਾਂ ਫਿਰ ਗਠਜੋੜ ਦੀਆਂ ਸਰਕਾਰਾਂ ਬਣਾ ਕੇ ਰਾਜਭਾਗ ਦਾ ਆਨੰਦ ਮਾਣਿਆ। ਹੇਠਲੇ ਪੱਧਰ ਦੀਆਂ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਲਈ ਸੰਵਿਧਾਨ ਵਿੱਚ ਬਾਕਾਇਦਾ ਨਿਯਮ ਅਤੇ ਹਦਾਇਤਾਂ ਤੈਅ ਕਰਨ ਤੋਂ ਇਲਾਵਾ ਕੇਂਦਰ ਅਤੇ ਸੂਬਿਆਂ ਲਈ ਚੋਣ ਕਮਿਸ਼ਨ ਵਰਗੀ ਵਕਾਰੀ ਸੰਸਥਾ ਦੀ ਵੱਖਰੇ ਵੱਖਰੇ ਤੌਰ ’ਤੇ ਸਥਾਪਨਾ ਵੀ ਕੀਤੀ ਗਈ ਹੈ, ਜਿਸਦਾ ਮੁੱਖ ਉਦੇਸ਼ ਹਰ ਕਿਸਮ ਦੀ ਚੋਣ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣਾ ਹੁੰਦਾ ਹੈ। ਲੋਕਤੰਤਰ ਦੇਸ਼ ਵਿੱਚ ਚੋਣਾਂ ਦੀ ਆਪਣੀ ਇੱਕ ਮਹੱਤਤਾ ਅਤੇ ਵਿਸ਼ੇਸ਼ਤਾ ਹੁੰਦੀ ਹੈ, ਕਿਉਂਕਿ ਇਸ ਦੌਰਾਨ ਲੋਕਾਂ ਨੇ ਪੰਜ ਸਾਲ ਲਈ ਆਪਣੀ ਪਸੰਦ ਦੇ ਨੁਮਾਇੰਦਿਆਂ ਦੀ ਚੋਣ ਕਰਕੇ, ਆਪਣੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਵਾਉਣ, ਦੁੱਖ ਤਕਲੀਫਾਂ ਤੋਂ ਨਿਜਾਤ ਪਾਉਣ ਤੋਂ ਇਲਾਵਾ ਆਪਣੇ ਜਾਨ ਮਾਲ ਦੀ ਸੁਰੱਖਿਆ ਦਾ ਭਰੋਸਾ ਵੀ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਲੈਣਾ ਹੁੰਦਾ ਹੈ।
ਭਾਰਤੀ ਚੋਣ ਪ੍ਰਣਾਲੀ ਦੇ ਇਤਿਹਾਸ ’ਤੇ ਪੰਛੀ ਝਾਤ ਮਾਰਿਆਂ ਇੱਕ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਮੁਢਲੇ ਦੌਰ ਦੌਰਾਨ ਉਮੀਦਵਾਰਾਂ, ਰਾਜਨੀਤਕ ਦਲਾਂ ਦੇ ਆਗੂਆਂ ਤੇ ਵਰਕਰਾਂ ਵਿੱਚ ਕੁਝ ਹੱਦ ਤਕ ਨੈਤਕਿਤਾ, ਇਖਲਾਕ, ਨਿਮਰਤਾ, ਦੇਸ਼ ਕੌਮ ਪ੍ਰਤੀ ਸੁਹਿਰਦਤਾ ਤੋਂ ਇਲਾਵਾ ਆਪਣੀਆਂ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪ੍ਰਸੰਗਕ ਰੂਪ ਵਿੱਚ ਲਾਗੂ ਕਰਨ ਦੀ ਇੱਛਾ ਸ਼ਕਤੀ ਵੀ ਕਿਤੇ ਨਾ ਕਿਤੇ ਨਜ਼ਰੀਂ ਪੈਂਦੀ ਸੀ। ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੀ ਨੈਤਿਕ ਗਿਰਾਵਟ ਕੁਝ ਰਾਜਨੀਤਿਕ ਦਲਾਂ ਅਤੇ ਵੋਟਰਾਂ ਦੇ ਇੱਕ ਹਿੱਸੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਉਹ ਭਵਿੱਖੀ ਪੀੜ੍ਹੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੋਣ ਦੇ ਨਾਲ ਨਾਲ ਅਜੋਕੇ ਰਾਜਨੀਤਿਕ ਆਗੂਆਂ, ਵਰਕਰਾਂ ਅਤੇ ਇੱਥੋਂ ਤਕ ਕਿ ਵੋਟਰਾਂ ਦੇ ਸਦਾਚਾਰ ਅਤੇ ਸੰਜੀਦਗੀ ’ਤੇ ਵੀ ਸਵਲ ਖੜ੍ਹੇ ਕਰਦਾ ਹੈ। ਇਹ ਇੱਕ ਜਾਣਿਆ ਪਛਾਣਿਆ ਸੱਚ ਹੈ ਕਿ ਤਾੜੀ ਸਿਰਫ ਇੱਕ ਹੱਥ ਨਾਲ ਨਹੀਂ, ਸਗੋਂ ਦੋਵਾਂ ਨਾਲ ਹੀ ਵੱਜਦੀ ਹੈ। ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਫੜਦਾ ਹੈ। ਚੋਣਾਂ ਭਾਵੇਂ ਗਰਾਮ ਪੰਚਾਇਤਾਂ, ਨਗਰ ਪਾਲਿਕਾਵਾਂ, ਕਾਰਪੋਰੇਸ਼ਨਾਂ, ਸਹਿਕਾਰੀ ਸੁਸਾਇਟੀਆਂ, ਵਿਧਾਨ ਸਭਾਵਾਂ, ਪ੍ਰੀਸ਼ਦਾਂ ਪਾਰਲੀਮੈਂਟ ਅਤੇ ਇੱਥੋਂ ਤਕ ਕਿ ਧਾਰਮਿਕ ਸੰਸਥਾ ਦੀਆਂ ਵੀ ਕਿਉਂ ਨਾ ਹੋਣ, ਹਰ ਕਿਤੇ ਉਮੀਦਵਾਰਾਂ, ਪਾਰਟੀਆਂ, ਸਮਰਥਕਾਂ ਅਤੇ ਵੋਟਰਾਂ ਵੱਲੋਂ ਜਿਸ ਤਰ੍ਹਾਂ ਕਾਨੂੰਨ, ਨੈਤਿਕ ਕਦਰਾਂ ਕੀਮਤਾਂ, ਇਖ਼ਲਾਕ ਅਤੇ ਸਮਾਜਿਕ ਰਹੁ ਰੀਤਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ, ਉਸ ਨੂੰ ਦੇਖ ਕੇ ਤਾਂ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਉਕਤ ਸਭ ਕੁਝ ਨੂੰ ਸਵਾਰਥੀ ਹਨੇਰੀ ਕਿਧਰੇ ਉਡਾ ਕੇ ਲੈ ਗਈ ਹੋਵੇ ਜਾਂ ਫਿਰ ਲਾਲਸੀ ਮਨਸ਼ਾ ਦਾ ਹੜ੍ਹ ਇਸ ਸਭ ਕੁਝ ਨੂੰ ਆਪਣੇ ਤੇਜ਼ ਵਹਾ ਵਿੱਚ ਹੀ ਵਹਾ ਕੇ ਲੈ ਗਿਆ ਹੋਵੇ। ਦੇਖਣ ਸੁਣਨ ਵਿੱਚ ਆਇਆ ਹੈ ਕਿ ਕੁਝ ਖਾਂਦੇ ਪੀਂਦੇ ਵੋਟਰ ਵੀ ਨਿਗੂਣੇ ਲਾਲਚਾਂ, ਨਸ਼ਿਆਂ, ਚੰਦ ਟਕਿਆਂ ਅਤੇ ਚਾਪਲੂਸੀ ਦੇ ਵਹਿਣਾਂ ਵਿੱਚ ਵਹਿ ਕੇ ਕਿਰਦਾਰੋਂ ਹੀਣੇ ਅਜ਼ਾਦ ਉਮੀਦਵਾਰਾਂ ਜਾਂ ਫਿਰ ਰਾਜਨੀਤਿਕ ਦਲਾਂ ਦੇ ਕੱਚਘਰੜ ਅਤੇ ਸਿਧਾਂਤੋਂ ਕੋਰੇ ਉਮੀਦਵਾਰਾਂ ਨੂੰ ਆਪਣਾ ਮਤਦਾਨ ਕਰਕੇ ਵਿਧਾਨ ਸਭਾ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਤਕ ਪਹੁੰਚਦਾ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ। ਬਾਅਦ ਵਿੱਚ ਜੋ ਉਨ੍ਹਾਂ ਦਾ ਹਸ਼ਰ ਹੁੰਦਾ ਹੈ, ਉਸ ਦਾ ਇੱਥੇ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ, ਸਗੋਂ ਲੰਬੇ ਸਮੇਂ ਤੋਂ ਉਹੀ ਲੋਕ ਆਪਣੇ ਹੱਡੀਂ ਹੰਢਾ ਚੁੱਕੇ ਹਨ ਅਤੇ ਮੌਜੂਦਾ ਦੌਰ ਦੌਰਾਨ ਵੀ ਹੰਢਾ ਰਹੇ ਹਨ। ਵਿਚਾਰਨ ਅਤੇ ਸਮਝਣ ਦਾ ਵਿਸ਼ਾ ਹੈ ਕਿ ਜਿਹਨਾਂ ਉਮੀਦਵਾਰਾਂ/ ਰਾਜਨੀਤਿਕ ਦਲਾਂ ਨੇ ਵੋਟ ਪ੍ਰਾਪਤੀ ਲਈ ਵੱਡੀਆਂ ਰਾਸ਼ੀਆਂ, ਨਸ਼ੇ ਵੰਡਣ, ਅਤੇ ਹੋਰ ਹਰ ਕਿਸਮ ਦੇ ਲਾਲਚ ਦੇ ਕੇ ਗੱਦੀਆਂ ਹਥਿਆਈਆਂ ਹੋਣ, ਕੀ ਉਹ ਆਪਣੀ ਖਰਚੀ ਰਾਸ਼ੀ ਦੀ ਪ੍ਰਤੀ ਪੂਰਤੀ ਨਹੀਂ ਕਰਨਗੇ? ਕੀ ਉਹ ਲੋਕ ਸੇਵਾ ਲਈ ਇੰਨੇ ਸਮਰਪਿਤ ਹਨ ਕਿ ਉਹਨਾਂ ਨੂੰ ਆਪਣੇ ਅਤੇ ਪਰਾਏ ਵਿੱਚ ਕੋਈ ਅੰਤਰ ਹੀ ਮਹਿਸੂਸ ਨਹੀਂ ਹੁੰਦਾ? ਖੁੰਢਾਂ, ਸੱਥਾਂ ਅਤੇ ਹੋਰ ਜਨਤਕ ਥਾਵਾਂ ’ਤੇ ਬੈਠ ਕੇ ਰਾਜਸੀ ਨੇਤਾਵਾਂ ਦੀ ਬਦਖੋਈ ਅਤੇ ਆਲੋਚਨਾ ਕਰਨ ਵਾਲੇ ਅਜਿਹੇ ਕੁਝ ਕੁ ਵੋਟਰਾਂ ਅਤੇ ਸਮਰੱਥਕਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਵਾਲੀ ਕਹਾਵਤ ਚੇਤੇ ਕਰਵਾਕੇ ਸਲਾਹ ਦੇਣ ਦਾ ਜੋਖਮ ਤਾਂ ਲਿਆ ਹੀ ਜਾ ਸਕਦਾ ਹੈ। ਅਜਿਹੀਆਂ ਕਿਰਦਾਰ ਵਿਹੂਣੀਆਂ ਗਤੀਵਿਧੀਆਂ ਕਰਕੇ ਫਿਰ ਵੀ ਕਿਸੇ ਚੋਣ ਜਿੱਤੇ ਵਿਅਕਤੀ ਤੋਂ ਲੋਕ ਹਿਤਾਂ ਦੀ ਅਲੰਬਰਦਾਰੀ ਬਾਰੇ ਦਮ ਭਰਨ ਦੀ ਉਮੀਦ ਕਰਨਾ ਕਿਵੇਂ ਵੀ ਪ੍ਰਸੰਗਕ ਨਹੀਂ ਹੋ ਸਕਦਾ।
ਚੁਣਾਵੀ ਪਿੜ ਵਿੱਚ ਉੱਤਰੇ ਉਮੀਦਵਾਰਾਂ ਨੂੰ ਵੀ ਲੁਭਾਉਣੇ ਵਾਅਦੇ ਅਤੇ ਗਰੰਟੀਆਂ ਜਿਹਨਾਂ ਦੀ ਕੋਈ ਪ੍ਰਸੰਗਕਤਾ, ਤਰਕ ਅਤੇ ਅਧਾਰ ਨਾ ਹੋਵੇ ਕਰਨ ਤੋਂ ਗਰੇਜ਼ ਹੀ ਕਰਨਾ ਚਾਹੀਦਾ ਹੈ ਕਿਉਂਕਿ ਬੇਵਫਾਈ ਹਮੇਸ਼ਾ ਹੀ ਗੁਸੈਲੀਆਂ, ਨਫ਼ਰਤੀ, ਬਾਗੀ ਅਤੇ ਅਪਰਾਧਿਕ ਸੁਰਾਂ ਦੀ ਜਨਮਦਾਤੀ ਹੁੰਦੀ ਹੈ। ਇਸ ਤੋਂ ਇਲਾਵਾ ਗਰੰਟੀਆਂ ਦੀ ਪੂਰਤੀ ਨਾ ਹੋਣ ਸੂਰਤ ਵਿੱਚ ਉਹਨਾਂ ਨੂੰ ਵੀ ਜਨਤਕ ਮੰਚ ’ਤੇ ਨਿਰਉੱਤਰਤਾ, ਨਮੋਸ਼ੀ, ਤੋਂ ਇਲਾਵਾ ਸ਼ਰਮਸਾਰ ਵੀ ਹੋਣਾ ਪੈਂਦਾ ਹੈ। ਉਕਤ ਸਾਰੀ ਸਥਿਤੀ ਦੀ ਬਰੀਕੀ ਅਤੇ ਸੁਹਿਰਦਤਾ ਨਾਲ ਪੜਚੋਲ ਕਰਦਿਆਂ ਸਮਝ ਆਉਂਦੀ ਹੈ ਕਿ ਅਜਿਹੀਆਂ ਗੈਰ ਮਿਆਰੀ, ਗੈਰ ਇਖ਼ਲਾਕੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਓਪਰੀ ਨਜ਼ਰੇ ਤਾਂ ਭਾਵੇਂ ਹੀ ਸਾਧਾਰਣ ਜਾਪਦੀਆਂ ਹੋਣ ਪ੍ਰੰਤੂ ਇਹ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ ਅਤੇ ਕਾਨੂੰਨ ਵਿਵਸਥਾ ਨੂੰ ਇਸ ਕਦਰ ਪ੍ਰਭਾਵਿਤ ਕਰਦੀਆਂ ਹਨ ਕਿ ਲੰਬੇ ਸਮੇਂ ਬਾਅਦ ਇਸਦੇ ਸਿੱਟੇ ਬੜੇ ਭਿਆਨਕ ਅਤੇ ਦੂਰ ਰਸੀ ਸਾਬਤ ਹੁੰਦੇ ਹਨ।
ਕੁਦਰਤ ਦਾ ਇੱਕ ਅਟਲ ਨਿਯਮ ਹੈ ਕਿ ਮਨੁੱਖ, ਜੀਵ ਜੰਤੂ ਅਤੇ ਇੱਥੋਂ ਤਕ ਕਿ ਬਨਸਪਤੀ ਵੀ ਚੁਫੇਰੇ ਵਾਪਰਦੀਆਂ ਘਟਨਾਵਾਂ ਦਾ ਪ੍ਰਭਾਵ ਹਰ ਹਾਲਤ ਕਬੂਲਦੀ ਹੈ। ਜਦੋਂ ਨੌਜਵਾਨ ਮੁੰਡੇ ਕੁੜੀਆਂ ਅਜਿਹਾ ਕੁਝ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਦੇਖਦੇ ਹਨ ਤਾਂ ਉਹਨਾਂ ਦੇ ਦਿਮਾਗ ਅਤੇ ਮਨਾਂ ਦੇ ਅੱਥਰੇ ਘੋੜੇ ਨੇਤਾਵਾਂ ਦੀ ਐਸ਼ੋ ਇਸ਼ਰਤ, ਨੌਕਰਸ਼ਾਹੀ ਵੱਲੋਂ ਕੀਤੀ ਜਾਂਦੀ ਖੁਸ਼ਾਮਦੀ ਚਾਪਲੂਸੀ ਅਤੇ ਰਹਿਣ ਸਹਿਣ ਦੇ ਰੰਗ ਢੰਗ ਵੱਲ ਪੂਰੀ ਗਤੀ ਨਲ ਦੌੜਨ ਲੱਗਦੇ ਹਨ। ਉਹ ਆਪਣੀਆਂ ਇੱਛਾਵਾਂ ’ਤੇ ਕਾਬੂ ਪਾਉਣ ਤੋਂ ਅਸਮਰੱਥ ਹੋ ਜਾਂਦੇ ਹਨ। ਚੋਣਾਂ ਦੌਰਾਨ ਤਾਂ ਸਭ ਠੀਕਠਾਕ ਚਲਦਾ ਰਹਿੰਦਾ ਹੈ ਪ੍ਰੰਤੂ ਬਾਅਦ ਵਿੱਚ ਤੂੰ ਕੌਣ, ਮੈਂ ਕੌਣ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਨਤੀਜੇ ਵਜੋਂ ਉਹ ਜ਼ਰੂਰਤਾਂ/ਖ਼ਾਹਸ਼ਾਂ ਦੀ ਪੂਰਤੀ ਲਈ ਲੁੱਟਾਂ ਖੋਹਾਂ, ਨਸ਼ਿਆਂ, ਗੈਰ ਕਾਨੂੰਨੀ, ਗੈਰ ਇਖ਼ਲਾਕੀ ਅਤੇ ਗੈਰ ਸਮਾਜਿਕ ਗਤੀਵਿਧੀਆਂ ਵੱਲ ਰੁਖ ਕਰਕੇ ਅਪਰਾਧ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿੱਥੋਂ ਵਾਪਸੀ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹੀ ਹੁੰਦੀਆਂ ਹਨ। ਇਸ ਤਰ੍ਹਾਂ ਕਰਕੇ ਉਹ ਸਿਰਫ ਆਪਣਾ ਜੀਵਨ ਹੀ ਤਬਾਹ ਨਹੀਂ ਕਰਦੇ, ਸਗੋਂ ਸਮੁੱਚਾ ਸਮਾਜਿਕ, ਰਾਜਨੀਤਿਕ ਅਤੇ ਕਾਨੂੰਨੀ ਤਾਣਾਬਾਣਾ ਹੀ ਲੜਖੜਾ ਕੇ ਰਹਿ ਜਾਂਦਾ ਹੈ। ਸਿੱਟੇ ਵਜੋਂ ਹਾਲਾਤ ਇਸ ਕਦਰ ਵਿਗੜ ਕੇ ਰਹਿ ਜਾਂਦੇ ਹਨ, ਜੋ ਸੰਬੰਧਿਤ ਸਰਕਾਰਾਂ, ਰਾਜਨੀਤਿਕ ਦਲਾਂ ਅਤੇ ਪ੍ਰਸ਼ਾਸਕੀ ਤੰਤਰ ਦੇ ਵੱਸੋਂ ਵੀ ਬਾਹਰ ਹੁੰਦੇ ਦਿਖਾਈ ਦੇਣ ਲੱਗਦੇ ਹਨ। ਅਜਿਹੇ ਸਥਿਤੀ ਵਿੱਚ ਬਰੂਦ ਦੇ ਢੇਰ ’ਤੇ ਬੈਠਣ ਵਾਲੀ ਗੱਲ ਵੀ ਪੂਰੀ ਤਰ੍ਹਾਂ ਢੁਕਵੀਂ ਜਾਪਦੀ ਹੈ ਕਿ ਬਰੂਦ ਕਿਸੇ ਦਾ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦਾ। ਇਸਦੀ ਲਪੇਟ ਵਿੱਚ ਜੋ ਵੀ ਆਇਆ ਉਸ ਦੀ ਬਰਬਾਦੀ ਲਗਭਗ ਤੈਅ ਹੀ ਹੁੰਦੀ ਹੈ। ਚੰਗੀ ਭਲੀ ਸਮਾਜਿਕ ਵਿਵਸਥਾ ਅਤੇ ਰਾਜਨੀਤਿਕ ਢਾਂਚੇ ਨੂੰ ਹਰੇਕ ਪੱਖੋਂ ਗੰਧਲਾ ਕਰਕੇ, ਇੱਧਰ ਉੱਧਰ ਟਪੂਸੀਆਂ ਮਾਰ ਕੇ ਅਜੋਕੀ ਨੌਜਵਾਨੀ ਅਤੇ ਭਵਿੱਖੀ ਨਸਲਾਂ ਅੱਗੇ ਕਿਸ ਤਰ੍ਹਾਂ ਦੀ ਵਿਵਸਥਾ ਪਰੋਸੀ ਜਾ ਰਹੀ ਹੈ, ਸਮਝੋਂ ਬਾਹਰੀ ਗੱਲ ਹੈ। ਇਸ ਲਈ ਵਕਤੀ ਲਾਹਾ ਖੱਟਣ ਵਾਲੇ ਰਾਜਸੀ ਲੋਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੀਆਂ ਹਰ ਪੱਖੋਂ ਨਾਜਾਇਜ਼ ਅਤੇ ਕੋਝੀਆਂ ਹਰਕਤਾਂ ਤੋਂ ਦੂਰੀ ਬਣਾ ਕੇ ਰੱਖਣ ਵਿੱਚ ਹੀ ਭਲਾਈ ਹੈ ਕਿਉਂਕਿ ਇਤਿਹਾਸ ਕਦੀ ਵੀ ਕਿਸੇ ਨੂੰ ਮੁਆਫ ਨਹੀਂ ਕਰਦਾ। ਇਸ ਲਈ ਜੀਵਨ ਵਿੱਚ ਕੁਦਰਤੀ ਨਿਯਮ, ਸਮਾਜਿਕ ਰਸਮੋਂ ਰਿਵਾਜ਼ਾਂ, ਕਾਨੂੰਨੀ ਵਲਗਣਾਂ ਅਤੇ ਆਪਸੀ ਭਾਈਚਾਰੇ, ਸਹਿਹੋਂਦ ਦੇ ਪਵਿੱਤਰ ਅਤੇ ਸੁਚਾਰੂ ਤੌਰ ਤਰੀਕਿਆਂ ਅਨੁਸਾਰ ਵਿਚਰਨ ਦਾ ਯਤਨ ਕਰਕੇ ਆਪਣੇ ਮਹਾਨ ਗੁਰੂਆਂ ਪੀਰਾਂ, ਪੈਗੰਬਰਾਂ, ਰਹਿਬਰਾਂ ਅਤੇ ਰਾਹ ਦਸੇਰਿਆਂ ਦੇ ਪਦ ਚਿੰਨ੍ਹਾਂ ’ਤੇ ਚੱਲਣ ਦਾ ਅਹਿਦ ਕਰੀਏ ਅਤੇ ਅਜਿਹੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ, ਜਿੱਥੇ ਸਮੁੱਚੀ ਲੋਕਾਈ ਬਿਨਾਂ ਕਿਸੇ ਡਰ, ਤਣਾਓ ਤੋਂ ਸ਼ਾਂਤੀ ਪੂਰਵਕ ਆਪਣਾ ਜੀਵਨ ਬਸ਼ਰ ਕਰਨ ਦਾ ਸੁਭਾਗ ਪ੍ਰਾਪਤ ਕਰ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5241)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.