“ਜਿਵੇਂ ਜਿਵੇਂ ਮਨੁੱਖ ਦਾ ਦਿਮਾਗੀ ਅਤੇ ਮਾਨਸਿਕ ਪੱਧਰ ਵਿਕਸਿਤ ਹੋਣ ਲਗਦਾ ਹੈ ...”
(9 ਫਰਵਰੀ 2025)
ਮਨੁੱਖੀ ਪੈਦਾਇਸ਼ ਦੇ ਨਾਲ ਹੀ ਇਸਦੇ ਦਿਮਾਗ ਅਤੇ ਮਨ ਦੇ ਕਿਸੇ ਕੋਨੇ ਵਿੱਚ ਕੁਝ ਅਹਿਮ ਗਤੀਵਿਧੀਆਂ ਦਾ ਪ੍ਰਵੇਸ਼ ਵੀ ਆਪਣੇ ਆਪ ਹੋ ਜਾਂਦਾ ਹੈ। ਇਨ੍ਹਾਂ ਨੂੰ ਮਨੋਵਿਗਿਆਨੀਆਂ ਵੱਲੋਂ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਇੱਕ ਨੂੰ ਮਨ ਦੀ ਅਚੇਤ ਅਤੇ ਦੂਸਰੀ ਨੂੰ ਸੁਚੇਤ ਅਵਸਥਾ ਦਾ ਨਾਮ ਦਿੱਤਾ ਗਿਆ ਹੈ। ਬਚਪਨ ਦੌਰਾਨ ਦਿਮਾਗ ਦੇ ਘੱਟ ਵਿਕਸਿਤ ਹੋਣ ਕਰਕੇ ਅਤੇ ਚੰਚਲ ਮਨ ਦੀਆਂ ਜ਼ਰੂਰਤਾਂ, ਇੱਛਾਵਾਂ ਅਤੇ ਲਾਲਸਾਵਾਂ ਆਮ ਤੌਰ ’ਤੇ ਸੀਮਤ ਹੀ ਹੁੰਦੀਆਂ ਹਨ। ਪ੍ਰੰਤੂ ਜਿਵੇਂ ਜਿਵੇਂ ਮਨੁੱਖ ਦਾ ਦਿਮਾਗੀ ਅਤੇ ਮਾਨਸਿਕ ਪੱਧਰ ਵਿਕਸਿਤ ਹੋਣ ਲਗਦਾ ਹੈ, ਉਸੇ ਪ੍ਰਤੀਸ਼ਤਤਾ ਵਿੱਚ ਉਸ ਦੀਆਂ ਸਿਰਫ਼ ਜ਼ਰੂਰਤਾਂ ਹੀ ਨਹੀਂਮ ਸਗੋਂ ਲਾਲਸਾਵਾਂ ਦਾ ਗ੍ਰਾਫ ਵੀ ਵਧਦਾ ਜਾਂਦਾ ਹੈ। ਮਨੁੱਖੀ ਮਾਨਸਿਕਤਾ ਦੀ ਪ੍ਰਵਿਰਤੀ ਹੈ ਕਿ ਇਹ ਦੂਸਰਿਆਂ ਦੀ ਰੀਸ, ਨਕਲ ਕਰਕੇ ਖੁਦ ਉਨ੍ਹਾਂ ਵਾਂਗ ਜੀਵਨ ਜਿਊਣ ਲਈ ਹਰ ਹੱਥਕੰਡਾ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਲਾਲਸਾਵਾਂ ਅਤੇ ਇੱਛਾਵਾਂ ਉਸ ਦੇ ਮਨ ਮਸਤਕ ’ਤੇ ਇੰਨੀਆਂ ਭਾਰੂ ਹੋ ਜਾਂਦੀਆਂ ਹਨ ਕਿ ਉਹ ਨੈਤਿਕ ਕਦਰਾਂ ਕੀਮਤਾਂ, ਸਥਾਪਤ ਪਰੰਪਰਾਵਾਂ, ਇਖ਼ਲਾਕ ਅਤੇ ਕਾਨੂੰਨ ਦੀ ਪ੍ਰਵਾਹ ਮੰਨਣ ਤੋਂ ਵੀ ਇਨਕਾਰੀ ਹੋ ਜਾਂਦਾ ਹੈ।
ਸਮਾਜ ਦੇ ਵੱਖ ਵੱਖ ਖੇਤਰਾਂ ’ਤੇ ਪੰਛੀ ਝਾਤ ਮਾਰਿਆਂ ਕਲਪਨਾ ਅਤੇ ਯਥਾਰਥ ਨੂੰ ਰਲਗੱਡ ਕਰਨ ਕਰਕੇ ਵਾਪਰਦੇ ਵਰਤਾਰਿਆਂ ਤੋਂ ਉਪਜਦੀਆਂ ਦੁਖਦਾਈ ਪ੍ਰਸਥਿਤੀਆਂ ਅਤੇ ਪ੍ਰਾਪਤ ਨਤੀਜਿਆਂ ਦੀ ਤਸਵੀਰ ਚਿੱਟੇ ਦਿਨ ਵਾਂਗ ਸਾਫ ਹੋ ਜਾਵੇਗੀ। ਅਜੋਕੀ ਜਵਾਨੀ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਨਿਰਧਾਰਿਤ ਦਿਸ਼ਾਹੀਣ ਅਤੇ ਗੈਰਪ੍ਰਸੰਗਕ ਨੀਤੀਆਂ ਨੇ ਉਨ੍ਹਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ, ਜਿਸ ਕਾਰਨ ਉਹ ਨਿਰਾਸ਼ਤਾ ਦੇ ਆਲਮ ਵਿੱਚ ਗੁਜ਼ਰ ਰਹੇ ਹਨ। ਅਜਿਹੀਆਂ ਸਥਿਤੀਆਂ ਵਿੱਚ ਵਿਚਰਦਿਆਂ ਉਹ ਤਰ੍ਹਾਂ ਤਰ੍ਹਾਂ ਨਸ਼ਿਆਂ ਤੋਂ ਇਲਾਵਾ ਹੋਰ ਮੁਜਰਮਾਨਾਂ ਗਤੀਵਿਧੀਆਂ ਦਾ ਹਿੱਸਾ ਵੀ ਬਣ ਰਹੇ ਹਨ। ਜਦੋਂ ਉਹ ਵੱਖ਼ਰੇ ਵੱਖਰੇ ਵਿਸ਼ਿਆਂ ਨਾਲ ਸੰਬੰਧਿਤ ਫਿਲਮਾਂ ਅਤੇ ਨਾਟਕ ਪਰਦੇ ’ਤੇ ਦੇਖਦੇ ਹਨ ਤਾਂ ਕੁਝ ਅਜਿਹੇ ਕਾਲਪਨਿਕ ਦ੍ਰਿਸ਼ ਵੀ ਦੇਖਣ ਨੂੰ ਮਿਲਦੇ ਹਨ, ਜੋ ਉਨ੍ਹਾਂ ਦੇ ਦਿਲੋਂ ਦਿਮਾਗ ’ਤੇ ਜਾਦੂਈ ਅਸਰ ਕਰ ਜਾਂਦੇ ਹਨ। ਇਨ੍ਹਾਂ ਨੂੰ ਉਹ ਆਮ ਜੀਵਨ ਵਿੱਚ ਲਾਗੂ ਕਰਨ ਦਾ ਸਿਰਫ਼ ਯਤਨ ਹੀ ਨਹੀਂ ਕਰਦੇ ਸਗੋਂ ਜਨੂੰਨ ਦੀ ਹੱਦ ਤਕ ਚਲੇ ਜਾਂਦੇ ਹਨ। ਉਹ ਲੇਖਕ ਵੱਲੋਂ ਕੀਤੀ ਦਿਮਾਗੀ ਕਲਪਨਾ ਤੋਂ ਇੰਨੇ ਪ੍ਰਭਾਵਿਤ ਹੋ ਜਾਂਦੇ ਹਨ ਕਿ ਕਲਪਨਾ ਅਤੇ ਯਥਾਰਥ ਵਿਚਲੇ ਅਰਥਾਂ ਨੂੰ ਸਮਝਣਾ ਉਨ੍ਹਾਂ ਦੇ ਵੱਸੋਂ ਬਾਹਰੀ ਗੱਲ ਹੋ ਨਿੱਬੜਦੀ ਹੈ। ਇਸੇ ਤਰ੍ਹਾਂ ਹੀ ਕੁਝ ਕੁ ਨੌਜਵਾਨ ਮੁੰਡੇ ਕੁੜੀਆਂ ਪਹਿਲੀ ਉਮਰੇ ਜਾਂ ਫਿਰ ਵਿਦਿਆਰਥੀ ਜੀਵਨ ਦੌਰਾਨ ਕੁਝ ਲੇਖਕਾਂ ਦੀਆਂ ਰੋਮਾਂਟਿਕ ਫਿਲਮਾਂ, ਨਾਵਲ ਅਤੇ ਕਹਾਣੀਆਂ, ਜਿਨ੍ਹਾਂ ਵਿੱਚ ਕਲਪਨਾਵਾਂ ਦੀ ਭਰਮਾਰ ਜ਼ਿਆਦਾ ਅਤੇ ਜ਼ਮੀਨੀ ਹਕੀਕਤਾਂ ਘੱਟ ਹੁੰਦੀਆਂ ਹਨ, ਨੂੰ ਪੜ੍ਹ, ਸੁਣ ਕੇ ਜਾਂ ਫਿਰ ਦੇਖਕੇ ਅਖੌਤੀ ਪਿਆਰ ਤੋਂ ਵੀ ਅਗਾਂਹ ਲੰਘ ਕੇ ਜਜ਼ਬਾਤੀ ਰੌਂ ਵਿੱਚ ਕਾਹਲੀ ਕਰਦਿਆਂ ਅਸਾਵੀਆਂ ਪ੍ਰਸਥਿਤੀਆਂ ਨੂੰ ਅਣਗੌਲਦਿਆਂ, ਜਾਤੀ, ਧਰਮ ਆਦਿ ਦੀ ਨਜ਼ਰਅੰਦਾਜ਼ੀ ਕਰਕੇ ਅਤੇ ਮਾਪਿਆਂ ਦੀ ਅਸਿਹਮਤੀ ਨੂੰ ਦਰਕਿਨਾਰ ਕਰਦਿਆਂ ਪਿਆਰ ਵਿਆਹ ਤਕ ਕਰਵਾਉਣ ਦੇ ਗੈਰਪ੍ਰਸੰਗਕ ਫੈਸਲੇ ਵੀ ਲੈ ਬੈਠਦੇ ਹਨ। ਇਸ ਸਭ ਕੁਝ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੁਝ ਕੁ ਕੇਸਾਂ ਨੂੰ ਛੱਡ ਕੇ, ਜਦੋਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਨ ਸਮੇਂ ਜੋ ਹਸ਼ਰ ਹੁੰਦਾ ਹੈ, ਉਸ ਨੂੰ ਕਈ ਵਾਰ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਕਠਿਨ ਹੋ ਜਾਂਦਾ ਹੈ। ਇਸ ਦੌਰਾਨ ਨਿਰਦੋਸ਼ ਅਤੇ ਅਣਭੋਲ ਮਾਪਿਆਂ ਦੀ ਕੁੱਟ ਮਾਰ, ਖੱਜਲ ਖੁਆਰੀ, ਨਵ ਵਿਆਹੁਤਾ ਜੋੜਿਆਂ ਦੀਆਂ ਹੱਤਿਆਵਾਂ, ਥਾਣਿਆਂ, ਕਚਿਹਿਰੀਆਂ ਵਿੱਚ ਚੱਲ ਰਹੇ ਕੇਸਾਂ, ਵੱਡੀ ਪੱਧਰ ’ਤੇ ਹੋ ਰਹੇ ਤਲਾਕ ਅਤੇ ਪੈਂਦੀਆਂ ਦੁਸ਼ਮਣੀਆਂ ਦੀ ਜ਼ਮੀਨੀ ਹਕੀਕਤ ਦੀ ਪ੍ਰਤੱਖ ਸਪਸ਼ਟ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਕੁਝ ਕਰਮਚਾਰੀਆਂ, ਅਧਿਕਾਰੀਆਂ ਅਤੇ ਰਾਜਨੀਤਕ ਲੋਕਾਂ ਦੀ ਦੇਖਾ ਦੇਖੀ ਭ੍ਰਿਸ਼ਟਾਚਾਰ ਵੱਲ ਵਧ ਰਿਹਾ ਰੁਝਾਨ ਵੀ ਇਸੇ ਲਾਲਸੀ ਪ੍ਰਵਿਰਤੀ ਦੀ ਕੜੀ ਦਾ ਹੀ ਹਿੱਸਾ ਹੈ। ਜਲਦੀ ਅਮੀਰ ਹੋਣ ਦੀ ਤਾਂਘ ਕਾਰਨ ਫਿਲਮੀ ਅੰਦਾਜ਼ ਵਿੱਚ ਲੁੱਟਾਂ ਖੋਹਾਂ, ਠੱਗੀਆਂ, ਚੋਰੀਆਂ ਅਤੇ ਕਤਲਾਂ ਵਰਗੇ ਸੰਗੀਨ ਅਪਰਾਧਾਂ ਆਦਿ ਨੂੰ ਜਵਾਨੀ ਦੇ ਜੋਸ਼ ਵਿੱਚ ਅੰਜਾਮ ਦਿੱਤਾ ਜਾਂਦਾ ਹੈ। ਪ੍ਰੰਤੂ ਜਦੋਂ ਕਦੇ ਕਾਨੂੰਨੀ ਸ਼ਿਕੰਜੇ ਅਤੇ ਸਮਾਜਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਾਂ ਫਿਰ ਸਮੁੱਚਾ ਜੀਵਨ ਹੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਗੁਜ਼ਾਰਦਿਆਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਉਦੋਂ ਕਾਲਪਨਿਕ ਉਡਾਰੀਆਂ ਅਤੇ ਤਲਖ਼ ਹਕੀਕਤਾਂ ਕਿਸੇ ਫਿਲਮੀ ਦ੍ਰਿਸ਼ ਵਾਂਗ ਅੱਖਾਂ ਸਾਹਮਣਿਉਂ ਵਾਰ ਵਾਰ ਘੁੰਮਦੀਆਂ ਦਿਖਾਈ ਦਿੰਦੀਆਂ ਹਨ ਅਤੇ ਨਾਲ ਹੀ ਨਾਨੀ ਚੇਤੇ ਆਉਣ ਵਾਲਾ ਪੰਜਾਬੀ ਦਾ ਮੁਹਾਵਰਾ ਵੀ ਚੇਤੇ ਆਉਣ ਲਗਦਾ ਹੈ।
ਰਾਜਨੀਤਿਕ ਖੇਤਰ ਦੀ ਮਿਰਗ ਤ੍ਰਿਸ਼ਨਾ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੋਈ। ਕੁਝ ਆਮ ਘਰਾਂ ਦੇ ਮੁੰਡੇ ਵੀ ਵੱਡੇ ਰਾਜਨੀਤਿਕ ਨੇਤਾਵਾਂ ਦੀ ਹਕੂਮਤੀ ਟੌਹਰ, ਅਮੀਰੀ ਦਾ ਰੋਹਬ ਦਾਬ ਅਤੇ ਬਾਹਰੀ ਚਕਾਚੌਂਧ ਨੂੰ ਜਦੋਂ ਦੂਰ ਦੂਰ ਤੋਂ ਦੇਖਦੇ ਹਨ ਤਾਂ ਉਨ੍ਹਾਂ ਦੇ ਮੂੰਹ ਵਿੱਚ ਵੀ ਪਾਣੀ ਭਰ ਆਉਂਦਾ ਹੈ ਅਤੇ ਉਹ ਇਸ ਸਭ ਕੁਝ ਦੀ ਕੁੱਤੇ ਝਾਕ ਵਿੱਚ ਉਨ੍ਹਾਂ ਦੀ ਚਾਪਲੂਸੀ ਦਾ ਰਸਤਾ ਇਖਤਿਆਰ ਕਰ ਲੈਂਦੇ ਹਨ। ਦੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਹੀ ਸਫਲਤਾ ਦੀਆਂ ਪੌੜੀਆਂ ਨਸੀਬ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਆਪਣੇ ਆਕਾਵਾਂ ਦੀ ਚਮਚਾਗਿਰੀ ਕਰਦਿਆਂ ਕਰਦਿਆਂ ਹੀ ਆਪਣਾ ਝੁੱਗਾ ਚੌੜ ਕਰਵਾ ਕੇ ਮੁੜ ਘਰੀਂ ਜਾ ਬੈਠਦੇ ਹਨ। ਸਿਵਾਏ ਜੱਗ ਹਸਾਈ ਤੋਂ ਉਨ੍ਹਾਂ ਦੇ ਪਿੜ ਪੱਲੇ ਕੁਝ ਵੀ ਨਹੀਂ ਪੈਂਦਾ। ਇਹ ਵੀ ਇੱਕ ਕੌੜਾ ਸੱਚ ਹੈ ਕਿ ਕੁਦਰਤ ਨੇ ਮਨੁੱਖ ਨੂੰ ਪੈਰਾਂ ਦੀ ਬਖਸ਼ਿਸ਼ ਜ਼ਮੀਨ ਉੱਤੇ ਚੱਲਣ ਲਈ ਕੀਤੀ ਹੈ ਨਾ ਕਿ ਅਸਮਾਨ ਵਿੱਚ ਉੱਡਣ ਲਈ। ਕੁਦਰਤ ਨੇ ਹਰ ਕਾਰਜ ਦੀ ਸੰਚਾਲਨਾ ਲਈ ਬਾਕਾਇਦਾ ਵਿਧੀ ਵਿਧਾਨ ਦੀ ਵਿਵਸਥਾ ਦਾ ਪ੍ਰਾਵਧਾਨ ਕੀਤਾ ਹੈ, ਜਿਸ ਨੂੰ ਜੀਵਨ ਵਿੱਚ ਸਹੀ ਸੇਧ ਅਤੇ ਤੌਰ ਤਰੀਕੇ ਅਪਣਾਉਂਦਿਆਂ ਲਾਗੂ ਕਰਕੇ ਹੀ ਸਫ਼ਲਤਾ ਦੀ ਪ੍ਰਾਪਤੀ ਸੰਭਵ ਹੈ। ਹੋਛੀਆਂ ਗਤੀਵਿਧੀਆਂ ਅਤੇ ਗੈਰਪ੍ਰਸੰਗਕ ਕਾਰਜ ਕਦੇ ਵੀ ਕਾਮਯਾਬ ਅਤੇ ਸੁਚਾਰੂ ਜੀਵਨ ਦਾ ਅਧਾਰ ਨਹੀਂ ਬਣ ਸਕੇ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਸੰਭਾਵਨਾਵਾਂ ਦੇ ਆਸਾਰ ਮੱਧਮ ਹੀ ਜਾਪਦੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)