“ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇਸ ਨੂੰ ਇੱਕ ਸੁੰਦਰ ਗੁਲਦਸਤੇ ਦੀ ਸੰਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ...”
(1 ਅਗਸਤ 2024)
ਸ. ਕਰਨੈਲ ਸਿੰਘ ਪਾਰਸ ਰਾਮੂਵਾਲੀਆ ਸਾਹਿਬ ਇੱਕ ਬਹੁਤ ਹੀ ਉੱਚ ਕੋਟੀ ਦੇ ਲਿਖਾਰੀ ਅਤੇ ਕਵੀਸ਼ਰ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੇ ਕਵੀਸ਼ਰੀ ਜਥੇ ਵੱਲੋਂ ਲਿਖੀਆਂ ਅਤੇ ਗਾਈਆਂ ਕਵੀਸ਼ਰੀਆਂ ਨਾ ਸਿਰਫ ਦੇਸ਼, ਸਗੋਂ ਵਿਦੇਸ਼ਾਂ ਵਿੱਚ ਵੀ ਬੜੇ ਉਤਸ਼ਾਹ, ਸਲੀਕੇ ਅਤੇ ਸਤਿਕਾਰ ਨਾਲ ਸੁਣੀਆਂ ਜਾਂਦੀਆਂ ਹਨ। ਪੰਜਾਬੀਆਂ ਦੀ ਜ਼ੁਬਾਨ ’ਤੇ ਤਾਂ ਇਹ ਰਚਨਾਵਾਂ ਅੱਜ ਵੀ ਸਹਿਜ ਸੁਭਾਅ ਚੜ੍ਹੀਆਂ ਹੋਈਆਂ ਹਨ। ਅੱਜ ਇੱਥੇ ਉਹਨਾਂ ਦੁਆਰਾ ਰਚਿਤ ਬਹੁਤ ਹੀ ਮਕਬੂਲ ਰਚਨਾ ‘ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ” ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਓਪਰੀ ਨਜ਼ਰੇ ਭਲੇ ਹੀ ਉਕਤ ਰਚਨਾ ਸਧਾਰਨ ਜਿਹੀ ਜਾਪਦੀ ਹੋਵੇ ਪ੍ਰੰਤੂ ਇਸ ਰਚਨਾ ਵਿੱਚ ਲੇਖਕ ਵੱਲੋਂ ਮਨੁੱਖੀ ਜ਼ਿੰਦਗੀ ਦੇ ਦੁੱਖਾਂ, ਸੁਖਾਂ, ਦਰਦਾਂ, ਉਤਰਾਵਾਂ, ਚੜ੍ਹਾਵਾਂ ਅਤੇ ਰਸਮੋ ਰਿਵਾਜ਼ਾਂ ਦਾ ਯਥਾਰਥੀ ਅਤੇ ਬਾਕਮਾਲ ਚਿਤਰਣ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਮਨੁੱਖੀ ਉਤਪਤੀ ਤੋਂ ਲੈ ਕੇ ਅਜੋਕੇ ਦੌਰ ਵਿੱਚ ਪ੍ਰਵੇਸ਼ ਕਰਨ ਤਕ ਦੇ ਵੱਖ ਵੱਖ ਪੜਾਵਾਂ, ਜਿਨ੍ਹਾਂ ਵਿੱਚ ਨਗਨ ਅਵਸਥਾ, ਕੁਦਰਤੀ ਬਨਸਪਤੀ, ਦਰਖਤਾਂ ਦੇ ਪੱਤੇ ਅਤੇ ਛਿਲਕੇ ਖਾਣ ਤੋਂ ਇਲਾਵਾ ਬਿਨਾਂ ਕਿਸੇ ਨਿਰਧਾਰਿਤ ਉਦੇਸ਼ ਤੋਂ ਹੀ ਜੰਗਲਾਂ ਵਿੱਚ ਇੱਧਰ ਉੱਧਰ ਭਟਕਦਿਆਂ ਪਸ਼ੂਆਂ ਤੋਂ ਵੀ ਬਦਤਰ ਜੀਵਨ ਬਸਰ ਕਰਨ ਦਾ ਇੱਕ ਵਿਸਥਾਰਿਤ ਇਤਿਹਾਸ ਹੈ। ਸਮਾਜਿਕ ਰੀਤੀ ਰਿਵਾਜ਼, ਸ਼ਿਸ਼ਟਾਚਾਰ ਅਤੇ ਹੋਰ ਰਸਮੀ ਵਰਤਾਰਿਆਂ ਤੋਂ ਕੋਰੇ ਆਦਿ ਮਨੁੱਖ ਦੇ ਅਜੋਕੇ ਸਭਿਅਕ, ਤਕਨੀਕੀ ਅਤੇ ਆਧੁਨਿਕ ਸੰਚਾਰ ਵਰਗੇ ਯੁਗ ਵਿੱਚ ਪਹੁੰਚਣ ਦੀ ਇੱਕ ਲੰਬੀ ਪ੍ਰਕਿਰਿਆ ਹੈ।
ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇਸ ਨੂੰ ਇੱਕ ਸੁੰਦਰ ਗੁਲਦਸਤੇ ਦੀ ਸੰਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਨੂੰ ਵੱਖ ਵੱਖ ਪ੍ਰਾਂਤਾਂ ਵਿੱਚ ਵੀ ਵੰਡਿਆ ਗਿਆ ਹੈ, ਜਿਨ੍ਹਾਂ ਦਾ ਪ੍ਰਬੰਧ ਸੂਬਿਆਂ ਦੀਆਂ ਸਰਕਾਰਾਂ ਆਪਣੇ ਆਪਣੇ ਪੱਧਰ ’ਤੇ ਚਲਾ ਰਹੀਆਂ ਹਨ, ਅਤੇ ਦੇਸ਼ ਦਾ ਸਮੁੱਚਾ ਪ੍ਰਬੰਧ ਇੱਕ ਕੇਂਦਰੀ ਸਰਕਾਰ ਅਧੀਨ ਚੱਲਦਾ ਹੈ। ਇੱਥੋਂ ਦੇ ਬਸੰਦਿਆਂ ਦਾ ਰਹਿਣ ਸਹਿਣ, ਲਿਬਾਸ, ਧਰਮ, ਜਾਤ ਪਾਤ, ਰਸਮੋ ਰਿਵਾਜ਼, ਬੋਲੀ, ਭਾਸ਼ਾ ਅਤੇ ਭੂਗੋਲਿਕ ਸਥਿਤੀ ਵੀ ਵੱਖੋ ਵੱਖਰੀ ਹੀ ਹੈ। ਇਸ ਸਭ ਕੁਝ ਦੇ ਬਾਵਜੂਦ ਵੀ ਇਸਦੇ ਨਾਗਰਿਕ ਬਿਨਾਂ ਕਿਸੇ ਭੇਦਭਾਵ ਤੋਂ ਵੱਖ ਵੱਖ ਰੰਗਾਂ ਦੇ ਫੁੱਲਾਂ ਰੂਪੀ ਗੁਲਦਸਤੇ ਦੀ ਤਰ੍ਹਾਂ ਭਾਈਚਾਰਕ ਸਾਂਝ ਅਤੇ ਸ਼ਾਂਤੀ ਪੂਰਵਕ ਢੰਗ ਨਾਲ ਆਪਣਾ ਜੀਵਨ ਬਸਰ ਕਰ ਰਹੇ ਹਨ।
ਕੁਦਰਤੀ ਵਿਧੀ ਵਿਧਾਨ ਤੋਂ ਇਲਾਵਾ ਸਾਡੇ ਮਹਾਨ ਸਿੱਖ ਗੁਰੂ ਸਾਹਿਬਾਨਾਂ ਦੇ ਫਲਸਫੇ ਅਨੁਸਾਰ ਜਿਸ ਕਿਸੇ ਵੀ ਜੀਵ-ਜੰਤੂ, ਮਨੁੱਖ ਅਤੇ ਇੱਥੋਂ ਤਕ ਕਿ ਬਨਸਪਤੀ ਆਦਿ ਦੀ ਪੈਦਾਇਸ਼ ਇਸ ਧਰਤੀ ’ਤੇ ਹੋਈ ਅਤੇ ਹੋ ਰਹੀ ਹੈ, ਉਸ ਦੀ ਰੁਖ਼ਸਤੀ ਵੀ ਇੱਕ ਨਾ ਇੱਕ ਦਿਨ ਤੈਅ ਹੀ ਹੰਦੀ ਹੈ। ਇਸੇ ਵਿਧੀ ਵਿਧਾਨ ਦੀ ਤਰਜ਼ਮਾਨੀ ਕਰਦਿਆਂ ਹੀ ਪਾਰਸ ਸਾਹਿਬ ਨੇ ਲਿਖਿਆ ਹੈ ਕਿ ‘ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ’। ਇਸ ਸੰਬੰਧੀ ਉਦਾਹਰਣ ਦਿੰਦਿਆਂ ਜਨਮ ਮੌਤ ਦੇ ਚੱਕਰ ਅਤੇ ਵਿਆਹ ਸ਼ਾਦੀਆਂ ਬਾਰੇ ਉਨ੍ਹਾਂ ਬੜੀਆਂ ਹੀ ਖੂਬਸੂਰਤ ਸਤਰਾਂ ਰਾਹੀਂ ਇਸ ਨੂੰ ਪੁਖਤਾ ਕਰਦਿਆਂ ਲਿਖਿਆ ਹੈ, “ਘਰ ਨੂੰਹ ਨੇ ਸਾਂਭ ਲਿਆ, ਧੀ ਤੁਰੀ ਝਾੜ ਕੇ ਪੱਲੇ, ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ। ਕਿਤੇ ਜ਼ੋਰ ਮੁਕਾਣਾ ਦਾ ਕਿਧਰੇ ਹੋਵਣ ਵਿਆਹ ਮੁਕਲਾਵੇ, ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ...”
ਇਸੇ ਤਰ੍ਹਾਂ ਹੀ ਮੌਤ ਸੰਬੰਧੀ ਵਿਅਕਤੀ ਨੂੰ ਸੁਚੇਤ ਕਰਦਿਆਂ ਉਹ ਲਿਖਦੇ ਹਨ, “ਰਲ ਸੰਗ ਕਾਫਲੇ ਦੇ, ਛੇਤੀ ਬੰਨ੍ਹ ਬਿਸਤਰਾ ਕਾਫ਼ਰ, ਕਈ ਪਹਿਲੀ ਰੇਲ ਚੜ੍ਹੇ, ਬਾਕੀ ਟਿਕਟਾਂ ਲੈਣ ਮੁਸਾਫਰ। ... ਹੈ ਸਿਗਨਲ ਹੋਇਆ ਪਿਆ, ਗਾਰਡ ਵਿਸਲਾਂ ਪਿਆ ਵਜਾਵੇ। ਜੱਗ ਜੰਕਸ਼ਨ ਰੇਲਾਂ ਦਾ ...।”
ਉਕਤ ਸਤਰਾਂ ਮਨੁੱਖੀ ਜ਼ਿੰਦਗੀ ਦੇ ਹਕੀਕੀ ਵਰਤਾਰੇ ਦਾ ਬਾਖੂਬੀ ਚਿਤਰਨ ਕਰਦੀਆਂ ਜਾਪਦੀਆਂ ਹਨ। ਇਸੇ ਤਰ੍ਹਾਂ ਹੀ ਕਿਸੇ ਬੱਚੇ ਦੀ ਪੈਦਾਇਸ਼ ਹੁੰਦੀ ਹੈ, ਫਿਰ ਉਹ ਸਿੱਖਿਆ ਪ੍ਰਾਪਤੀ ਲਈ ਕਿਸੇ ਅਦਾਰੇ ਵਿੱਚ ਦਾਖਲ ਜਾ ਹੁੰਦਾ ਹੈ, ਜਦੋਂ ਕਿ ਕੁਝ ਵਿਦਿਆਰਥੀ ਆਪਣੀ ਸਿੱਖਿਆ ਪੂਰੀ ਕਰਕੇ ਉਸ ਸੰਸਥਾ ਵਿੱਚੋਂ ਵਿਦਾਇਗੀ ਲੈ ਕੇ ਅਗਲੇ ਪੜਾਅ ਵਿੱਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਹੇ ਹੁੰਦੇ ਹਨ। ਇਸਦੇ ਨਾਲ ਹੀ ਆਪਣੀ ਪੜ੍ਹਾਈ ਪੂਰੀ ਕਰਨ ਜਾਂ ਸਿਖਲਾਈ ਪ੍ਰਾਪਤ ਕਰਕੇ ਕੁਝ ਲੋਕ ਵੱਖ ਵੱਖ ਸਰਕਾਰੀ, ਗੈਰ ਸਰਕਾਰੀ ਸੇਵਾਵਾਂ ਵਿੱਚ ਆਪਣੀ ਪਹਿਲੀ ਹਾਜ਼ਰੀ ਦੀ ਸ਼ੁਰੂਆਤ ਕਰਦੇ ਹਨ। ਜਦੋਂ ਕਿ ਕੁਝ ਕੁ ਨੂੰ ਬਦਲੀ, ਪਦਉਨਤੀ ਜਾਂ ਸੇਵਾ ਮੁਕਤੀ ਦੇ ਰੂਪ ਵਿੱਚ ਸੰਬੰਧਿਤ ਸੰਸਥਾ ਤੋਂ ਰੁਖ਼ਸਤੀ ਲੈ ਰਹੇ ਹੁੰਦੇ ਹਨ।
ਇਸੇ ਤਰ੍ਹਾਂ ਹੀ ਜੇਕਰ ਰਾਜਨੀਤਿਕ ਖੇਤਰ ਵਿੱਚ ਝਾਤ ਮਾਰੀਏ ਤਾਂ ਉੱਥੇ ਵੀ ਅਜਿਹਾ ਕੁਝ ਹੀ ਵਾਪਰਦਾ ਨਜ਼ਰ ਆਉਂਦਾ ਹੈ। ਜਿਹੜਾ ਰਾਜਨੀਤਿਕ ਦਲ ਅੱਜ ਸੱਤਾਧਾਰੀ ਹੁੰਦਾ ਹੈ, ਕੱਲ੍ਹ ਕਲੋਤਰ ਨੂੰ ਉਹੀ ਵਿਰੋਧੀ ਧਿਰ ਵਿੱਚ ਬੈਠਾ ਨਜ਼ਰੀਂ ਪੈਂਦਾ ਹੈ। ਜੋ ਵਿਅਕਤੀ ਕੱਲ੍ਹ ਤਕ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਪਦ ’ਤੇ ਸੁਸ਼ੋਭਤ ਹੁੰਦੇ ਹਨ, ਪਤਾ ਹੀ ਨਹੀਂ ਲਗਦਾ ਕਦੋਂ ਅਰਸ਼ ਤੋਂ ਫਰਸ਼ ’ਤੇ ਪਹੁੰਚ ਜਾਣ। ਧਾਰਮਿਕ ਖੇਤਰ ਵਿੱਚ ਵੀ ਅਜਿਹੇ ਵਰਤਾਰੇ ਆਮ ਤੌਰ ’ਤੇ ਦਿਖਾਈ ਦਿੰਦੇ ਰਹਿੰਦੇ ਹਨ। ਜਿਹੜੇ ਲੋਕ ਅੱਜ ਤਕ ਸੰਸਾਰ ਪੱਧਰ ਦੇ ਆਗੂਆਂ ਦੀ ਸੂਚੀ ਵਿੱਚ ਦਰਜ਼ ਸਨ, ਕੱਲ੍ਹ ਨੂੰ ਕੋਈ ਹੋਰ ਇਸੇ ਅਹੁਦੇ ’ਤੇ ਬਿਰਾਜਮਾਨ ਹੋਇਆ ਵੀ ਦੇਖਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਹੀ ਰੁੱਤਾਂ ਦੀ ਤਬਦੀਲੀ, ਗਰਮੀ, ਸਰਦੀ, ਮੌਸਮ ਅਤੇ ਪਰਛਾਵੇਂ ਵੀ ਆਪਣਾ ਸਥਾਨ ਬਦਲਦੇ ਰਹਿੰਦੇ ਹਨ। ਇਸ ਲਈ ਉਪਰੋਕਤ ਵਿਚਾਰ ਚਰਚਾ ਅਤੇ ਸਤਿਕਾਰਿਤ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਸਾਹਿਬ ਜੀ ਦੀ ਰਚਨਾ ਦਾ ਸਾਰੰਸ ਇਹੀ ਬਣਦਾ ਹੈ ਕਿ ਦੁਨੀਆ ਵਿੱਚ ਕੋਈ ਵੀ ਸੰਜੀਵ ਜਾਂ ਨਿਰਜੀਵ ਵਸਤੂ ਚਿਰਸਥਾਈ ਜਾਂ ਸਦੀਵੀ ਨਹੀਂ ਹੁੰਦੀ, ਦੇਰ ਸਵੇਰ ਇਸ ਰੰਗਲੀ ਦੁਨੀਆਂ ਤੋਂ ਉਸ ਦੀ ਰੁਖ਼ਸਤੀ, ਅਲੋਪ ਹੋਣਾ ਨਿਸ਼ਚਿਤ ਹੀ ਹੁੰਦਾ ਹੈ, ਅਤੇ ਕੋਈ ਦੂਸਰਾ ਵਿਅਕਤੀ ਜਾਂ ਵਸਤੂ ਇਸ ਖਲਾਅ ਦੀ ਭਰਪਾਈ ਲਈ ਪਹਿਲਾਂ ਤੋਂ ਹੀ ਕੁਦਰਤ ਨੇ ਤੈਅ, ਤਿਆਰ ਕਰ ਰੱਖਿਆ ਹੁੰਦਾ ਹੈ। ਕੁਦਰਤ ਆਪਣੇ ਵਿਧੀ ਵਿਧਾਨ ਵਿੱਚ ਕਿਸੇ ਵੀ ਰੁਕਾਵਟ ਨੂੰ ਬਰਦਾਸ਼ਤ ਨਹੀਂ ਕਰਦੀ, ਭਾਵ ਉਸ ਨੇ ਆਪਣਾ ਸਮਤੋਲ ਕਿਵੇਂ ਨਾ ਕਿਵੇਂ ਕਾਇਮ ਰੱਖਣਾ ਹੀ ਹੁੰਦਾ ਹੈ। ਇਸ ਲਈ ਦੁਨਿਆਵੀ ਮੰਚ ’ਤੇ ਆਪਣੀ ਭੂਮਿਕਾ ਨਿਭਾਉਂਦਿਆਂ ਅਸੀਂ ਜਿਸ ਵੀ ਅਹੁਦੇ, ਰੁਤਬੇ ’ਤੇ ਕੰਮ ਕਰ ਰਹੇ ਹੁੰਦੇ ਹਾਂ, ਉਸ ਦੀ ਕਦਰ ਦਾ ਖਿਆਲ ਰੱਖਦਿਆਂ ਕਾਨੂੰਨੀ, ਸਮਾਜਿਕ, ਧਾਰਮਿਕ ਅਤੇ ਸ਼ਿਸ਼ਟਾਚਾਰ ਦੀਆਂ ਪਰੰਪਰਾਵਾਂ ਅਨੁਸਾਰ ਹੀ ਆਪਣੇ ਸਾਥੀਆਂ ਨਾਲ ਸਮਾਨਤਾ, ਅਤੇ ਭਾਈਚਾਰਕ ਸਾਂਝ ਦੇ ਤੌਰ ਤਰੀਕਿਆਂ ਨੂੰ ਅਪਣਾਉਂਦਿਆਂ ਵਿਚਰਨ ਦਾ ਯਤਨ ਕਰੀਏ ਤਾਂ ਕਿ ਅਸੀਂ ਵੀ ਆਪਣੇ ਆਲੇ ਦੁਆਲੇ ਸੁੱਖ ਸ਼ਾਂਤੀ ਅਤੇ ਸਾਂਝੀਵਾਲਤਾ ਵਾਲੇ ਮਾਹੌਲ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਕੁਦਰਤ ਦੇ ਮਨੁੱਖੀ ਜੀਵਨ ਸੰਬੰਧੀ ਜੱਗ ਜੰਕਸ਼ਨ ਰੇਲਾਂ ਵਾਲੇ ਸਿਧਾਂਤ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦਾ ਦਮ ਭਰਨ ਯੋਗ ਹੋ ਸਕੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5178)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.