“ਨਿਭਾਉਂਦੇ ਰਹੇ ਜੋ ਵੀ ਸਾਥ ਦੁੱਖ-ਸੁਖ ਵੇਲੇ, ਦੇਂਦਾ ਰਹੀਂ ਉਨ੍ਹਾਂ ਨੂੰ ਹੁੰਗਾਰਾਅੱਸੀਆਂ ਤੋਂ ਬਾਅਦ ...”
(9 ਅਪਰੈਲ 2026)
1. ਅੱਸੀਆਂ ਤੋਂ ਬਾਅਦ: ਮਾਲਕ ਦਾ ਸਹਾਰਾ
ਲੈਕੇ ਮਾਲਕ ਦਾ ਸਹਾਰਾ, ਅੱਸੀਆਂ ਤੋਂ ਬਾਅਦ।
ਮਨਾ ਕਰੀ ਚੱਲ ਗੁਜ਼ਾਰਾ, ਅੱਸੀਆਂ ਤੋਂ ਬਾਅਦ।
ਕੋਈ ਮਾੜੀ ਗੱਲ ਨਹੀਂ, ਡਾਕਟਰ ਦੀ ਸਲਾਹ ਲੈਣਾ,
ਜੇ ਤੂੰ ਹਲਕਾ ਹੈਂ ਜਾਂ ਭਾਰਾ, ਅੱਸੀਆਂ ਤੋਂ ਬਾਅਦ।
ਫਿਕਰ ਕਰਦਾ ਰਹਿੰਦਾ ਹੈ ਪਿੱਠ ਪਿੱਛੇ, ਤੇਰਾ ਟੱਬਰ,
ਬੋਹੜ ਕਰ ਨਾ ਜਾਏ ਕਿਨਾਰਾ, ਅੱਸੀਆਂ ਤੋਂ ਬਾਅਦ।
ਜਿਊਣ ਲਈ ਸਭ ਲਈ ਹਰ ਸਮੇਂ ਉੱਦਮ ਦੀ ਲੋੜ ਹੈ
ਹੋ ਨਾ ਬੈਠੀਂ ਤੂੰ ਕਿਤੇ ਨਕਾਰਾ, ਅੱਸੀਆਂ ਤੋਂ ਬਾਅਦ।
ਜੋ ਵੀ ਕਰਦਾ ਹੈ ਕਿਸੇ ਦੀ ਮਦਦ, ਜਾਂ ਲੋਕ-ਸੇਵਾ,
ਭਰਿਆ ਦਿਸੇ ਉਸਦਾ ਭੰਡਾਰਾ, ਅੱਸੀਆਂ ਤੋਂ ਬਾਅਦ।
ਦੇਵੇ ਡਰਾਬਾ ਤੈਨੂੰ, ਜੇ ਕੋਈ, ਦੇਖਕੇ ਉਮਰ ਤੇਰੀ
ਦੇਂਦਾ ਰਹੀਂ ਜਵਾਬ ਕਰਾਰਾ, ਅੱਸੀਆਂ ਤੋਂ ਬਾਅਦ।
“ਅੱਸੀਏ” ਦਾ ਰੁਤਬਾ ਮਿਲਦਾ ਹੈ, ਉਣਾਸੀ ਤੋਂ ਬਾਅਦ
ਮਿਲਣਾ ਨਹੀਂ ਮੁੜਕੇ ਦੁਬਾਰਾ, ਅੱਸੀਆਂ ਤੋਂ ਬਾਅਦ।
ਬਚਪਨ, ਜਵਾਨੀ, ਮਾਪੇ ਅੱਸੀਆਂ ਤੋਂ ਪਹਿਲਾਂ ਜੈਸੇ
ਮਿਲਦੇ ਨਹੀਂ ਅਕਸਰ ਦੁਬਾਰਾ, ਅੱਸੀਆਂ ਤੋਂ ਬਾਅਦ।
ਲੜਨੇ-ਭਿੜਨੇ ਦੀ ਤੇਰੀ ਹੁਣ ਉਮਰ ਨਹੀਂ ਬੰਦਿਆ,
ਮਾਰ ਨਾ ਬੈਠੀਂ ਫੋਕਾ ਲਲਕਾਰਾ, ਅੱਸੀਆਂ ਤੋਂ ਬਾਅਦ।
ਚੜ੍ਹਨੇ ਹੋ ਜਾਂਦੇ ਮੁਸ਼ਕਿਲ ਮਹਿਲ-ਮੁਨਾਰੇ ਉੱਚੇ
ਚੰਗਾ ਇੱਕ ਮੰਜਲਾ ਚੁਬਾਰਾ, ਅੱਸੀਆਂ ਤੋਂ ਬਾਅਦ।
ਸਮਝ ਲਵੀਂ ਜਿੰਦੜੀਏ ਕਿ ਪਲ-ਪਲ ਹੁਣ ਤੇਰਾ,
ਜੀਵਨ ਹੈ ਇੱਕ ਚੋਟ ਨਗਾਰਾ, ਅੱਸੀਆਂ ਤੋਂ ਬਾਅਦ।
ਨਿਭਾਉਂਦੇ ਰਹੇ ਜੋ ਵੀ ਸਾਥ ਦੁੱਖ-ਸੁਖ ਵੇਲੇ,
ਦੇਂਦਾ ਰਹੀਂ ਉਨ੍ਹਾਂ ਨੂੰ ਹੁੰਗਾਰਾ, ਅੱਸੀਆਂ ਤੋਂ ਬਾਅਦ।
ਭਾਲੇਗਾ ‘ਘਣਗਸ’ ਵੀ ਰੋਣ ਲਈ ਨਵਾਂ ਮੋਢਾ
ਭਰਿਆ ਜੇਕਰ ਨਾ ਤੂੰ ਹੁੰਗਾਰਾ, ਅੱਸੀਆਂ ਤੋਂ ਬਾਅਦ।
* * *
2. ਅੱਸੀਆਂ ਤੋਂ ਬਾਅਦ: ਚੁੱਪ ਕਰਕੇ
ਜਿਵੇਂ ਚੱਲਦੀ ਚਲਾਈ ਚੱਲੋ, ਅੱਸੀਆਂ ਤੋਂ ਬਾਅਦ।
ਜਿਵੇਂ ਨਿਭਦੀ ਨਿਭਾਈ ਚੱਲੋ, ਅੱਸੀਆਂ ਤੋਂ ਬਾਅਦ।
ਬਜ਼ੁਰਗਾਂ ਨੂੰ ਸਾਂਭਣਾ ਖਾਲਾ ਜੀ ਦਾ ਵਾੜਾ ਨਹੀਂ,
ਹੱਥ-ਪੈਰ ਤਾਂ ਹਿਲਾਈ ਚੱਲੋ, ਅੱਸੀਆਂ ਤੋਂ ਬਾਅਦ।
ਜੇਕਰ ਲਗਦੀ ਘੱਟ ਭੁੱਖ, ਓਹਨੂੰ ਜਾਣੋ ਛੋਟਾ ਦੁੱਖ
ਜਿੰਨਾ ਪਚਦਾ ਪਚਾਈ ਚੱਲੋ, ਅੱਸੀਆਂ ਤੋਂ ਬਾਅਦ।
ਕਈ ਉਮਰਾਂ ਦੇ ਹਾਣੀ, ਤੁਰ ਗਏ ਛੱਡ ਤੇਰੀ ਢਾਣੀ
ਆਪਣਾ ਮਨ ਸਮਝਾਈ ਚੱਲੋ, ਅੱਸੀਆਂ ਤੋਂ ਬਾਅਦ।
ਜਿਹੜੀ ਪਸੰਦ ਹੈ ਜੀ ਥਾਂ, ਛੇਤੀ ਛੱਡੋ ਨਾ ਗਰਾਂ,
ਅਤੇ ਸ਼ੁਕਰ ਮਨਾਈ ਚੱਲੋ, ਅੱਸੀਆਂ ਤੋਂ ਬਾਅਦ।
ਜੇ ਹੈ ਵਧ ਗਿਆ ਭਾਰ, ਫਿਰ ਵੀ ਹਿੰਮਤ ਨਾ ਹਾਰ,
ਭੋਜਨ ਮਾਤਰਾ ਘਟਾਈ ਚੱਲੋ, ਅੱਸੀਆਂ ਤੋਂ ਬਾਅਦ।
ਯਾਦ ਕਰਕੇ ਪਿਛਲੇ ਦਿਨ, ਐਵੇਂ ਅਗਲੇ ਨਾ ਗਿਣ,
ਮਨ ਚੰਗੇ ਪਾਸੇ ਲਾਈ ਚੱਲੋ, ਅੱਸੀਆਂ ਤੋਂ ਬਾਅਦ।
ਕੋਈ ਸਿੱਖ ਲਵੋ ਸਾਜ਼, ਕੱਢੋ ਸੁਰਾਂ ਵਿੱਚ ਅਵਾਜ਼,
ਢੋਲ, ਪਤੀਲਾ ਵਜਾਈ ਚੱਲੋ, ਅੱਸੀਆਂ ਤੋਂ ਬਾਅਦ।
ਜੇਕਰ ਪੀਂਵਦੇ ਹੋ ਲੱਸੀ, ਇਹ ਹੈ ਗੱਲ ਬੜੀ ਅੱਛੀ,
ਨਹੀਂ ਚਾਹ ਚੁਸਕਾਈ ਚੱਲੋ, ਅੱਸੀਆਂ ਤੋਂ ਬਾਅਦ।
ਮਨ ਕਰਕੇ ਇਕੱਤਰ, ਕੋਈ ਲਿਖੋ ਚਿੱਠੀ-ਪੱਤਰ,
ਖਤ ਸੱਜਣਾ ਨੂੰ ਪਾਈ ਚੱਲੋ, ਅੱਸੀਆਂ ਤੋਂ ਬਾਅਦ।
ਜੇ ਖਾਂਦੇ ਹੋ ਦਵਾਈਆਂ, ਪਾਉਂਦੇ ਰਹੋ ਨਾ ਦੁਹਾਈਆਂ,
ਪੁੜੀਆਂ ਗੋਲੀਆਂ ਲੰਘਾਈ ਚੱਲੋ, ਅੱਸੀਆਂ ਤੋਂ ਬਾਅਦ।
ਜੇਕਰ ਅੱਸੀਆਂ ਤੋਂ ਬਾਅਦ, ਧੀਮੀ ਹੋ ਗਈ ਆਵਾਜ਼,
‘ਘਣਗਸ’ ਕਵਿਤਾ ਬਣਾਈ ਚੱਲੋ, ਅੱਸੀਆਂ ਤੋਂ ਬਾਅਦ।
* * *
3. ਅੱਸੀਆਂ ਤੋਂ ਬਾਅਦ: ਜਾ ਨਹੀਂ ਸਕਦਾ
ਜਿੱਥੇ ਹੁਣ ਮੈਂ ਜਾ ਨਹੀਂ ਸਕਦਾ,
ਪਿੰਡ ਨੂੰ ਦਿਲੋਂ ਭੁਲਾ ਨਹੀਂ ਸਕਦਾ।
ਸਾਦ-ਮੁਰਾਦਾ, ਘੁੱਗ ਵਸਦਾ ਸੀ,
ਐਸਾ ਨਗਰ ਵਸਾ ਨਹੀਂ ਸਕਦਾ।
ਭੁਰ ਗਏ ਟਿਕ ਟਿਕ ਕਰਕੇ ਰਿਸ਼ਤੇ,
ਦੁੱਖ-ਸੁਖ ਕਿਤੇ ਵੰਡਾ ਨਹੀਂ ਸਕਦਾ।
ਜੋ ਭੋਜਨ ਮੈਂ ਖਰੀਦ ਹਾਂ ਸਕਦਾ,
ਉਹ ਭੋਜਨ ਹੁਣ ਖਾ ਨਹੀਂ ਸਕਦਾ।
ਮਨ ਆਪਣਾ ਸਮਝਾਉਣਾ ਪੈਂਦਾ,
ਦੁਨੀਆ ਨੂੰ ਸਮਝਾ ਨਹੀਂ ਸਕਦਾ।
ਰੱਬ ਨੇ ਅਜੇ ਤਕ ਕਲਮ ਨਹੀਂ ਡੋਬੀ,
ਕੀ ਹੋਇਆ ਜੇ ਗਾ ਨਹੀਂ ਸਕਦਾ।
ਤੁਹਾਡੇ ਸਮੇਂ ਲਈ ਸ਼ੁਕਰ-ਗੁਜ਼ਾਰ ਹਾਂ,
ਭਾਵੇਂ ਪੂਰਾ ਅਦਬ ਅਦਾ ਨਹੀਂ ਸਕਦਾ।
* * *
4. ਅੱਸੀਏ ਦੀ ਵਾਰ
ਅਸੀਂ ਅੱਸੀ ਸਾਲ ਹੰਢਾ ਲਏ,
ਸਾਨੂੰ ਬੁਢੜੇ ਕਹਿਣ ਜਵਾਨ।
ਅਸੀਂ ਵੱਖ ਵੱਖ ਵੇਲਣ ਵੇਲ ਲਏ,
ਅਤੇ ਗਾਹ ਲਿਆ ਕੁੱਲ ਜਹਾਨ।
ਅਸੀਂ ਜਾਏ ਮੁਲਕ ਪੰਜਾਬ ਦੇ,
ਜੀਹਨੂੰ ਲੁੱਟ ਗਏ ਬੜੇ ਸ਼ੈਤਾਨ।
ਸਾਡੇ ਭਗਤ ਸਰਾਭੇ ਗਦਰੀਆਂ,
ਪਾਈ ਮੁੜ ਸੋਚਾਂ ਵਿੱਚ ਜਾਨ।
ਅਸੀਂ ਹੱਕ ਸਭਨਾਂ ਦੇ ਸਮਝਦੇ,
ਸਾਨੂੰ ਫਰਜ਼ਾਂ ਦੀ ਪਛਾਣ।
ਅਸੀਂ ਮੰਗੀਏ ਭਲਾ ਸਰਬੱਤ ਦਾ,
ਬਾਬੇ ਨਾਨਕ ਦਾ ਫਰਮਾਣ।
ਅਸੀਂ ਮੰਗੀਏ ਖੈਰ ਸਰਬੱਤ ਦੀ,
ਸਾਡੀ ਖੈਰ ਕਰੂ ਭਗਵਾਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































