“ਕੈਂਸਰ ਨੇ ਮੇਰੇ ਸਾਇੰਸ ਪੇਸ਼ੇ ਦੀ ਫੂਕ ਕੱਢ ਦਿੱਤੀ। ਮੈਂ ਹੋਰ ਰੁਚੀਆਂ ਵੱਲ ਆਕਰਸ਼ਤ ਹੁੰਦਾ ਗਿਆ ...”
(28 ਅਪ੍ਰੈਲ 2023)
ਇਸ ਸਮੇਂ ਪਾਠਕ: 100.
ਕੈਂਸਰ ਤੋਂ ਛੁਟਕਾਰਾ ਅਤੇ ਖੁਸ਼ੀ
ਅਪ੍ਰੈਲ 2000 ਤਕ ਮੇਰੇ ਸਰੀਰ ਤੇ ਕੀਮੋ ਦੇ ਚਾਰ ਚੱਕਰ ਚੱਲ ਚੁੱਕੇ ਸਨ। ਪਰਖਣ ਲਈ ਬੇਅੰਤ ਵਾਰ ਮੈਂਨੂੰ ਖੂਨ ਦੇਣਾ ਪਿਆ। ਜਦ ਕੈਂਸਰ ਦਾ ਕੋਈ ਸੈੱਲ ਬਚਿਆ ਨਾ ਦਿਸਿਆ, ਡਾਕਟਰਾਂ ਨੇ ਮੇਰਾ ਬਹੁਤ ਸਾਰਾ ਖੂਨ ਕੱਢ ਕੱਢ ਮੇਰੇ ਖੂਨ ਵਿੱਚੋਂ ਸਟੈੱਮ ਸੈੱਲ ਵੱਖ ਕਰ ਲਏ ਤਾਂ ਜੋ ਲੋੜ ਪਈ ਤੇ ਵਰਤ ਲਏ ਜਾਣ, ਜੇਕਰ ਕੈਂਸਰ ਪਰਤ ਆਵੇ ਤਾਂ। ਇਹ ਵੀ ਇਕ ਭਿਆਨਕ ਡਰਾਵਾ ਸੀ ਕਿ ਕੈਂਸਰ ਫੇਰ ਹੋ ਸਕਦੀ ਸੀ। ਪਰ ਸਮੇਂ ਨਾਲ ਇਹ ਡਰਾਵਾ ਮੱਧਮ ਪੈਂਦਾ ਗਿਆ।
ਦਿਨ-ਬ-ਦਿਨ ਸਰੀਰਕ ਤਾਕਤ ਵਧਣ ਲੱਗ ਪਈ। ਕੈਂਸਰ ਨੇ ਮੇਰੇ ਸਾਇੰਸ ਪੇਸ਼ੇ ਦੀ ਫੂਕ ਕੱਢ ਦਿੱਤੀ। ਮੈਂ ਹੋਰ ਰੁਚੀਆਂ ਵੱਲ ਆਕਰਸ਼ਤ ਹੁੰਦਾ ਗਿਆ। ਇਸ ਨਾਲ ਮੇਰੇ ਜੀਵਨ ਵਿਚ ਟਿਕਾਅ ਆਉਣ ਲੱਗ ਪਿਆ। ਭਾਵੇਂ ਮੇਰੀ ਵਿਗਿਆਨਕ ਤੋੜ ਕਾਫੀ ਦੇਰ ਸਤਾਉਂਦੀ ਰਹੀ।
ਨੀਊ ਯਾਰਕ ਦੇ 9/11 ਹਮਲੇ ਸਮੇਂ ਮੈਂ ਘਰ ਬਿਸਤਰੇ ਵਿਚ ਹਿੱਲਣ ਜੋਗਾ ਨਹੀਂ ਸਾਂ। ਮੈਨੂੰ ਸਮਝਾਇਆ ਗਿਆ ਸੀ ਕਿ ਕਿਸੇ ਦੀ ਹਾਜ਼ਰੀ ਬਿਨਾ ਮੈਂਨੂੰ ਘਰ ਵਿਚ ਵੀ ਤੁਰਨਾ ਨਹੀਂ ਚਾਹੀਦਾ, ਕਾਰ ਚਲਾਉਣ ਦੀ ਤਾਂ ਗੱਲ ਕੀ ਕਰਨੀ ਹੈ।
ਕੈਂਸਰ ਦੇ ਦੂਜੇ ਹਮਲੇ ਬਾਅਦ ਡਾਕਟਰਾਂ ਨੇ ਮੇਰੇ ਲਈ ਸ਼ੂਗਰ ਉੱਤੇ ਕਾਬੂ ਰੱਖਣ ਦੀਆਂ ਦਵਾਈਆਂ ਸ਼ੁਰੂ ਕਰਵਾ ਦਿੱਤੀਆਂ। ਮੈਂ ਪਹਿਲਾਂ ਹੀ ਕਈ ਦਵਾਈਆਂ ਲੈ ਰਿਹਾ ਸਾਂ। ਮੇਰੀ ਖੁਸ਼ਕਿਸਮਤੀ ਬੱਸ ਇਹੀ ਸੀ ਕਿ ਇਹਨਾਂ ਸਾਰਿਆਂ ਇਲਾਜਾਂ ਤੋਂ ਬਾਅਦ ਮੈਂ ਦੁਬਾਰਾ ਲਿਖਣਾ, ਕਸਰਤ ਕਰਨੀ ਅਤੇ ਦੂਜਿਆਂ ਨਾਲ ਮਿਲਕੇ ਸੈਰ-ਸਪਾਟਾ ਸ਼ੁਰੂ ਕਰ ਲਿਆ।
ਸੰਨ 2003 ਦੇ ਅੰਤ ਸਮੇਂ ਮੈਂ ਰੋਜ਼ਾਨਾ ਲਿਖਦਾ ਅਤੇ ਇਸਦਾ ਆਨੰਦ ਮਾਣਦਾ। ਮੈਂ ‘ਕਾਰਨਲ ਯੂਨੀਵਰਸਿਟੀ’ ਦੇ ਇਕ ਛੱਤੇ ਤਲਾਅ ਵਿਚ ਕਸਰਤ ਲਈ ਜਾਣ ਲੱਗ ਪਿਆ। ਇਹ ਮੇਰੇ ਲਈ ਬਹੁਤ ਚੰਗਾ ਫੈਸਲਾ ਸਾਬਤ ਹੋਇਆ। ਤਲਾਅ ਵਿਚ ਜਾਣ ਦੀ ਆਦਤ ਮੇਰਾ ਸਾਥ ਕੈਲੇਫੋਰਨੀਆ ਵਿਚ ਉਦੋਂ ਵੀ ਦੇਂਦੀ ਰਹੀ ਜਦ ਮੈਂ ਅਪਣੀ ਕੈਂਸਰ ਬਾਰੇ ਲਿਖ ਰਿਹਾ ਸੀ। ਵਿਗਿਆਨਕ ਪੇਸ਼ਾ ਖੁੱਸਣ ਅਤੇ ਇਕੱਲਪਣੇ ਦੀ ਉਦਾਸੀ ਨਜਿੱਠਣ ਲਈ ਮੇਰੇ ਹੋਰ ਵੀ ਬੜੇ ਰੁਝਾਨ ਸਨ। ਜਦ ਵੀ ਮੈਂਨੂੰ ਕੋਈ ਫੁਰਨਾ ਫੁਰਦਾ, ਮੈ ਝੱਟ ਕੁਝ ਲਿਖ ਲੈਂਦਾ।
ਗਤੀਹੀਣ ਹੋਣ ਤੋਂ ਮੈਂ ਬਹੁਤ ਡਰਦਾ ਹਾਂ। ਇਸ ਲਈ ਮੈਂ ਹੈਂਡੀਕੈਪ ਪਾਰਕਿੰਗ ਦਾ ਫੱਟਾ ਨਹੀਂ ਸੀ ਲਿਆ, ਜੋ ਮੈਂਨੂੰ ਕੈਂਸਰ ਤੋਂ ਬਾਅਦ ਸੌਖਾ ਮਿਲ ਸਕਦਾ ਸੀ। ਉਹਦੇ ਨਾਲ ਭੀੜੀਆਂ ਥਾਵਾਂ ਤੇ ਜ਼ਿੰਦਗੀ ਕੁਝ ਸੌਖੀ ਰਹਿੰਦੀ, ਪਰ ਮੈਂਨੂੰ ਤਾਂ ਫੱਟੇ ਤੇ ਲਿਖਿਆ ‘ਅਪੰਗ’ ਜਚਦਾ ਨਹੀਂ ਸੀ। ਨਾਲੇ ਕੈਂਸਰ ਤੋਂ ਬਾਅਦ ਮੈਂ ਕਾਰ ਚਲਾਉਣ ਵਿਚ ਹੋਰ ਨਿਪੁੰਨ ਹੋ ਗਿਆ ਸਾਂ।
ਸਾਇੰਸ ਛੱਡਿਆਂ ਵਰ੍ਹੇ ਬੀਤ ਗਏ। ਨਵੀਂ ਥਾਂ ਦੀ ਯੂਨੀਵਰਸਿਟੀ ਜਾ ਕੇ ਕਿਤਾਬਾਂ ਫਰੋਲਣਾ ਮੁਸ਼ਕਿਲ ਹੋ ਗਿਆ। ਹੁਣ ਮੈਂ ਜਦ ਡਾਕਟਰਾਂ ਦੇ ਦਫਤਰ ਬੈਠਾ ਅਪਣੀ ਵਾਰੀ ਉਡੀਕ ਕਰ ਰਿਹਾ ਹੁੰਦਾ, ਉੱਥੇ ਪਏ ਰਸਾਲਿਆਂ ਵਿਚ ਕੈਂਸਰ ਬਾਰੇ ਉਂਗਲਾਂ ਫੇਰਦਾ ਰਹਿੰਦਾ. ਜਾਂ ਚੁਟਕਲੇ ਪੜ੍ਹਦਾ ਰਹਿੰਦਾ। ਅਮਰੀਕਾ ਦੇ ਟੀ.ਵੀ. ’ਤੇ ਚਲਦੇ ਨਕਲੀਏ ਪਰੋਗਰਾਮ ਮੇਰੇ ਵਿਸ਼ਰਾਮ ਦਾ ਸਮਾਂ ਹੁੰਦਾ। ਮੇਰੇ ਮਨਪਸੰਦ ਪ੍ਰਦਰਸ਼ਨਾਂ ਵਿਚ ਆਲ ਇਨ ਦੀ ਫੈਮਲੀ, ਸਟੈਨਫੋਰਡ ਐਂਡ ਸਨ, ਅਤੇ ਸਾਈਨਫੈਲਡ ਸ਼ਾਮਲ ਸਨ।
ਮੈਂ ਆਪਣੀ ਉਮਰ ਦੇ ਮਸ਼ਹੂਰ ਲੋਕਾਂ ਬਾਰੇ ਪੜ੍ਹਦਾ। ਮੁਹੰਮਦ ਅਲੀ ਜਗਤ ਪਰਸਿੱਧ ਬੌਕਸਰ (ਮੁੱਕੇਬਾਜ਼) ਸੀ। ਉਹ ਮਖੌਲੀਆ ਵੀ ਸਿਰੇ ਦਾ ਸੀ। ਅਲੀ ਦਾ ਇਕ ਲਤੀਫਾ ਮੈਂਨੂੰ ਅਜੇ ਵੀ ਯਾਦ ਹੈ। ਉਹ ਐਟਲਾਂਟਾ ਸ਼ਹਿਰ ਦੇ ਕਿਸੇ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਵੜ ਗਿਆ।
“ਅਸੀਂ ਏਥੇ ਕਾਲਿਆਂ ਨੂੰ ਨਹੀਂ ਪਰੋਸਦੇ।” ਗੋਰਾ ਬਹਿਰਾ ਕਹਿਣ ਲੱਗਾ।
“ਮੈਂ ਵੀ ਕਾਲਿਆਂ ਨੂੰ ਨਹੀਂ ਖਾਂਦਾ।” ਅਲੀ ਨਸਲੀ ਗੱਲ ਦਾ ਮਖੌਲ ਉਡਾਕੇ, ਲੜੇ ਬਿਨਾਂ, ਰਸਤੇ ਪਿਆ।
ਮੈਂ ਜਦ ਵੀ ਇੰਡੀਆ ਫੇਰੀ ਪਾਉਂਦਾ, ਉੱਥੇ ਘੁੰਮਦਾ ਫਿਰਦਾ, ਤਸਵੀਰਾਂ ਖਿੱਚਦਾ, ਸਾਹਿਤਿਕ ਸਰਗਰਮੀਆਂ ਵਿਚ ਜਾਂਦਾ ਅਤੇ ਬੱਚਿਆਂ ਨੂੰ ਸੰਗੀਤ ਨਾਲ ਜੋੜਦਾ। ਮੈਂ ਆਪਣੀ ਉਮਰ ਦੇ ਵਿਹਲੇ ਲੋਕ ਲੱਭ ਲੱਭ ਵਕਤ ਨੂੰ ਧੱਕਾ ਨਾ ਲਾਉਂਦਾ। ਇਹ ਮੇਰੀ ਫਿਤਰਤ ਨਹੀਂ।
***
ਲਿਖਣਾ - ਜੀਵਨ ਭਰ ਸਿੱਖਣਾ
ਆਪਣੀ ਪਹਿਲੀ ਯਾਦਦਾਸ਼ਤ ਨੂੰ ਸੰਨ 2015 ਵਿਚ ਕਿਤਾਬੀ ਰੂਪ ਦੇ ਕੇ ਮੈਂ ਖੁਸ਼ੀ ਅਨੁਭਵ ਕੀਤੀ। ਸਿਖਲਾਈ ਦੀਆਂ ਕਲਾਸਾਂ ਨੇ ਮੈਂਨੂੰ ਅਗਾਂਹ ਲਿਖਣ ਲਈ ਜੋੜੀ ਰੱਖਿਆ ਅਤੇ ਫਾਲਤੂ ਸ਼ਬਦ ਵਰਤਣ ਤੋਂ ਰੋਕਿਆ। ਹੁਣ ਵਾਲੀ ਨਵੀਂ ਲਿਖਤ ਲਈ ਕੋਸ਼ਿਸ਼ਾਂ ਤਾਂ ਮੈਂ ਕਾਫੀ ਦੇਰ ਤੋਂ ਕਰਦਾ ਰਿਹਾ ਸੀ, ਪਰ ਇਸ ਨੂੰ ਲਿਖਣ ਦੀ ਅਜੇ ਪੂਰੀ ਜਾਚ ਨਹੀਂ ਆਈ ਸੀ ਅਤੇ ਨਾ ਹੀ ਹੀਆ ਪੈਂਦਾ ਸੀ ਕਿ ਕਦੋਂ ਛਾਪਣਯੋਗ ਸਮਝ ਕੇ ਅੱਗੇ ਵਧਿਆ ਜਾਵੇ। ਮੈਂਨੂੰ ਇਹ ਵੀ ਡਰ ਸੀ ਕਿ ਲਿਖਾਰੀ-ਥਕਾਵਟ (Writer’s fatigue) ਦੇ ਅਸਰ ਹੇਠ ਕਿਤੇ ਲਿਖਣ ਦੀ ਰੁਚੀ ਵੀ ਨਾ ਜਾਂਦੀ ਰਹੇ।
ਯਾਦਦਾਸ਼ਤਾਂ ਲਿਖ ਸਕਣ ਤੋਂ ਕਾਫੀ ਦੇਰ ਪਹਿਲਾਂ ਹੀ ਮੈਂਨੂੰ ਗਿਆਨ ਹੋ ਗਿਆ ਸੀ ਕਿ ਮੈਂ ਹੁਣ ਉਹ ਕੁਝ ਨਹੀਂ ਸੀ ਕਰ ਸਕਦਾ ਜੋ ਕੈਂਸਰ ਤੋਂ ਪਹਿਲਾਂ ਮੇਰੇ ਲਈ ‘ਖੱਬੇ ਹੱਥ ਦੇ ਕੰਮ’ ਹੁੰਦੇ ਸਨ, ਜਿਵੇਂ ਨੌਕਰੀ ਦਾ ਕੰਮ, ਭਾਰ ਚੁੱਕਣਾ, ਤੁਰਨਾ-ਫਿਰਨਾ ਅਤੇ ਦੁਨੀਆ ਦੇ ਲੋਕਾਂ ਨੂੰ ਖੁਸ਼ ਰੱਖਣਾ। ਇਸ ਲਈ ਮੈਂਨੂੰ ਰਹਿਣ ਸਹਿਣ ਵਿਚ ਤਬਦੀਲੀਆਂ ਕਰਨੀ ਪਈਆਂ। ਉਦੋਂ ਮੈਂਨੂੰ ਇਹ ਵੀ ਅਨੁਭਵ ਹੋਣ ਲੱਗ ਪਿਆ ਕਿ ਇਨ੍ਹਾਂ ਸਮਝੌਤਿਆਂ ਦਾ ਅਸਰ ਚੰਗਾ ਹੈ। ਇਨ੍ਹਾਂ ਨਸੀਅਤਾਂ ਦੀ ਮੈਂ ਲਿਸਟ ਬਣਾਕੇ ਲਿਖ ਲਈ ਹੈ - ਜੁੜੇ ਰਹੋ, ਯਕੀਨ ਰੱਖੋ, ਇਕਾਗਰ ਰਹੋ, ਸਮਾਂ ਜਾਇਆ ਨਾ ਕਰੋ, ਬਿਨਾ ਪੁੱਛੇ ਭਾਸ਼ਨ ਨਾ ਝਾੜੋ, ਲੋੜੀਂਦੀ ਕਸਰਤ, ਠੀਕ ਖਾਣਾ, ਢੂਹੀ ਸਿੱਧੀ ਰੱਖੋ, ਖੁੱਲ੍ਹ ਕੇ ਹੱਸੋ, ਚੜ੍ਹਦੀ ਕਲਾ ਵਿਚ ਰਹੋ, ਮੇਰਾ ‘200’ ਨਿਯਮ- ਖੇਡਾਂ ਦੇਖੋ, ਸਾਜ਼ ਵਜਾਉਣੇ ਸਿੱਖੋ, ਪਗਡੰਡੀਆਂ ਦੀ ਵਰਤੋਂ ਕਰੋ, ਨਾਟਕ ਵੀ ਦੇਖੋ, ਕਈ ਵਾਰ ਸੋਚੇ - ਇਕ ਵਾਰ ਕੱਟੋ, ਚੰਗੇ ਮੁਹਾਵਰੇ ਇਕੱਠੇ ਕਰਦੇ ਰਹੋ, ਆਸ ਨੂੰ ਬਣਾਈ ਰੱਖੋ।
ਮੇਰਾ ‘200’ ਨਿਯਮ ਕੀ ਹੈ? ਇਹ ਮੈਂਨੂੰ ਚੇਤਾ ਕਰਾਉਣ ਵਾਲਾ, ਆਪੇ ਘੜਿਆ ਆਪਣਾ ਨਿਯਮ ਹੈ ਜਿਸ ਨਾਲ ਮੇਰੀ ਰਸਾਇਣਿਕੀ ਬਣਤਰ ਤੇ ਕਾਬੂ ਰਹਿੰਦਾ ਹੈ। ਇਸ ਨਿਯਮ ਅਨੁਸਾਰ ਮੇਰੀ ਲਹੂ ਦੀ ਸ਼ੂਗਰ 200 ਤੋਂ ਥੱਲੇ, ਮੇਰੇ ਜਿਸਮ ਵਿਚ ਫੈਟ 200 ਤੋਂ ਥੱਲੇ ਅਤੇ ਨਾੜੀਆਂ ਵਿੱਚ ਜੰਮ ਜਾਣ ਵਾਲਾ ਕੋਲੈਸਟਰੋਲ ਵੀ 200 ਤੋਂ ਥੱਲੇ ਰੱਖਿਆ ਜਾਂਦਾ ਹੈ।
ਮੇਰਾ ‘200’ ਨਿਯਮ ਆਮ ਸਮਝਣ ਵਾਲਾ ਨਿਯਮ ਹੈ। ਸੰਤੁਲਿਤ ਜੀਵਨ ਬਤਾਉਣ ਲਈ ਮੇਰੇ ਸਾਰੇ ਨਿਯਮ ਮੇਰੀ ਕਿਤਾਬੀ ਵਿੱਦਿਆ ਅਤੇ ਹੱਡ-ਬੀਤੀਆਂ ਦੀ ਪੈਦਾਇਸ਼ ਹਨ। ਖਾਣਿਆਂ ਵਿਚ ਸੰਤੁਲਤਾ ਦੀ ਮਹੱਤਤਾ ਬਾਰੇ ਬਹੁਤ ਨੁਕਤੇ ਲਿਖੇ ਪਏ ਹਨ, ਜਿਵੇਂ ਕਿ -1. ਭੋਜਨ ਕਿਸੇ ਵਿਉਂਤ ਅਨੁਸਾਰ ਖਾਓ। 2. ਸਾਬਤ ਦਾਣਿਆਂ ਵਾਲਾ ਭੋਜਨ ਖਾਓ, ਜੋ ਤਾਕਤਵਰ ਹੁੰਦਾ ਹੈ। 3. ਹਰ ਖਾਣੇ ਵਿਚ ਕੁਝ ਪਰੋਟੀਨ ਜ਼ਰੂਰ ਹੋਵੇ। ਪਰੋਟੀਨ ਦੇ ਚੰਗੇ ਸੋਮਿਆਂ ਵਿਚ ਫਲੀਦਾਰ ਪੌਦੇ, ਦਾਲਾਂ, ਗਿਰੀਆਂ, ਬੀਜ ਅਤੇ ਟੋਫੂ, ਅਤੇ ਮਛਲੀ, ਮੁਰਗਾ, ਆਂਡੇ, ਦਹੀਂ, ਪਨੀਰ,ਅਤੇ ਦੁੱਧ ਵੀ ਸ਼ਾਮਲ ਹਨ। 4. ਇਕ ਵਾਰ ਕੁੱਖਾਂ ਕੱਢਣ ਨਾਲੋਂ, ਭੋਜਨ ਥੋੜ੍ਹ ਥੋੜ੍ਹੀ ਮਾਤਰਾ ਵਿਚ ਕਈ ਵਾਰ ਖਾਓ। 5. ਸਾਫ ਪਾਣੀ ਪੀਂਦੇ ਰਹੋ ਤਾਂ ਜੋ ਸਰੀਰ ਜਲਹੀਣ ਨਾ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3938)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)