“ਇਸ ਸਮੇਂ ਦੌਰਾਨ ਪੱਛਮੀ ਤੱਟ, ਕੈਲੇਫੋਰਨੀਆ ਵਿਚ ਬਹੁਤ ਕੁਝ ਬਦਲ ਚੁੱਕਾ ਸੀ। ਇੱਥੋਂ ਤੱਕ ਕਿ ...”
(8 ਮਈ 2023)
ਇਸ ਸਮੇਂ ਪਾਠਕ: 158.
ਪਹਿਲੀ ਯਾਦਦਾਸ਼ਤ ਲਿਖਣੀ ਕੋਈ ਸੌਖੀ ਗੱਲ ਨਹੀਂ ਸੀ। ਉਸਦਾ ਛਾਪਣਾ ਵੀ ਸਿਰਦਰਦੀ ਬਣੀ ਰਹੀ। ਮੇਰੇ ਲਿਖਣ ਤਰੀਕੇ ਦੀਆਂ ਉਣਤਾਈਆਂ ਦੀ ਤਾਂ ਗੱਲ ਛੱਡੋ, ਮੈਂ ਬਹੁਤ ਵਿਆਕਰਣਿਕ ਗਲਤੀਆਂ ਵੀ ਕੀਤੀਆਂ। ਉਹ ਤਾਂ ਸੌਖਿਆਂ ਸੂਤ ਹੋ ਗਈਆਂ, ਜਿਨ੍ਹਾਂ ਕਾਰਨ ਮੈਂ ਲਿਖਣੇ ਵਿੱਚ ਰੁੱਝਿਆ ਰਿਹਾ; ਔਖੀਆਂ ਤਾਂ ਉਹ ਸਨ ਜੋ ਅਚਾਨਕ ਹੱਲੇ ਮਾਰਦੀਆਂ ਰਹੀਆਂ। ਜਿਵੇਂ ਪ੍ਰਿੰਟਰ ਦਾ ਰੁਕ ਜਾਣਾ, ਟਾਈਪ ਕਰਦੇ ਸਮੇਂ ਲਿਖਤ ਨੂੰ ਸਾਂਭਣਾ ਭੁੱਲ ਜਾਣਾ, ਆਦਿ।
ਮੇਰੀਆਂ ਗਲਤੀਆਂ ਕੱਢਣ ਸਮੇਂ ਛਾਪਣ ਵਾਲਿਆਂ ਨੇ ਵੀ ਆਪਣੀਆਂ ਕੁਝ ਗਲਤੀਆਂ ਨਾਲ ਘਸੋੜ ਦਿੱਤੀਆਂ, ਜਿਨ੍ਹਾਂ ਨੂੰ ਲੱਭ ਕੇ ਦਰੁਸਤ ਕਰਵਾਉਣਾ ਨਵੀਂ ਸਿਰਦਰਦੀ ਬਣੀ ਰਹੀ। ਇਸ ਖੱਟੇ ਤਜਰਬੇ ਨੇ ਮੈਂਨੂੰ ਸ਼ਾਂਤ ਰਹਿਣਾ ਸਿਖਾਇਆ, ਜਿਵੇਂ ਮੈਂ ਜਵਾਨ ਹੋ ਰਿਹਾ ਹੋਵਾਂ। ਪਹਿਲੀ ਉਮਰ ਵਿੱਚ ਮੈਂ ਜਵਾਨ ਰਹਿਣ ਬਾਰੇ ਸੋਚਦਾ ਰਹਿੰਦਾ ਸੀ, ਨਾ ਕਿ ਸ਼ਾਂਤ ਰਹਿਣ ਬਾਰੇ। ਸ਼ਾਂਤ ਰਹਿਣਾ ਨਖੱਟੂ ਬਣਕੇ ਬੈਠੇ ਰਹਿਣ ਦਾ ਦੂਜਾ ਨਾਮ ਹੈ।
ਮੇਰੀ ਨਵੀਂ ਯਾਦਦਾਸ਼ਤ ਮੇਰੀ ਬੀਮਾਰ ਜ਼ਿੰਦਗੀ ਦੀ ਦਾਸਤਾਨ ਹੈ ਜਿਸਨੇ ਮੈਂਨੂੰ ਦੁੱਖ-ਦਰਦ, ਸੰਤਾਪ ਦਿੱਤਾ, ਨੌਕਰੀ ਤੋਂ ਕਿਨਾਰਾ ਦਿੱਤਾ ਅਤੇ ਬੇਅੰਤ ਹੋਰ ਪੰਗੇ ਪਾਏ, ਜਿਨ੍ਹਾਂ ਵਿੱਚ ਲਿਖਣ ਦੀ ਆਦਤ ਵੀ ਸ਼ਾਮਲ ਹੈ। ਲਿਖਣਾ ਮੇਰੇ ਲਈ ਖੱਬੇ ਹੱਥ ਦਾ ਕੰਮ ਨਹੀਂ, ਸਗੋਂ ਇੱਕ ਘਾਲਣਾ ਹੈ। ਇਹਦੇ ਨਾਲੋਂ ਤਾਂ ਚੰਗਾ ਹੁੰਦਾ ਜੇ ਮੈਂ ਤੰਦਰੁਸਤ ਰਹਿਕੇ ਸਾਇੰਸ ਨਾਲ ਜੁੜਿਆ ਰਹਿੰਦਾ। ਹੋ ਸਕਦਾ ਸੀ ਕਿ ਮੈਂ ਕੋਈ ਸਾਜ਼ ਵੀ ਸਿੱਖ ਲੈਂਦਾ। ਸਾਇੰਸ ਅਤੇ ਸੰਗੀਤ ਦੋਨੋਂ ਸਰਬ ਵਿਆਪਕ ਭਾਸ਼ਾਵਾਂ ਹਨ।
ਆਪਣੀ ਭਿਆਨਕ ਬੀਮਾਰੀ ਬਾਰੇ ਮੈਂ ਖੁਦ ਕਿੱਦਾਂ ਲਿਖਦਾ? ਸਵੈਜੀਵਨੀਆਂ ਲਿਖਣ ਦਾ ਮੈਂਨੂੰ ਤਜਰਬਾ ਨਹੀਂ ਸੀ। ਬੀਮਾਰੀ ਸਮੇਂ ਨਾ ਮੈਂ ਬੈਠਣ ਜੋਗਾ ਸੀ ਅਤੇ ਨਾ ਹੀ ਕਲਮ ਚੁੱਕਣ ਜੋਗਾ। ਮੇਰੀ ਜੀਵਨ-ਸਾਥਣ ਸੁਰਿੰਦਰ ਦੀ ਯਾਦਦਾਸਤ 100% ਤੋਂ ਉੱਤੇ ਸੀ, ਇਸ ਲਈ ਉਹ ਲਿਖਣ ਦੇ ਕਾਬਲ ਸੀ। ਪਰ ਲਿਖਣਾ ਉਹਦੇ ਲਈ ਗੋਰਖ ਧੰਦਾ। ਜੇ ਉਹ ਮੈਂਨੂੰ ਬੋਲ ਬੋਲ ਲਿਖਾਈ ਜਾਂਦੀ ਤਾਂ ਮੈਂ ਇੱਕ ਸਫਲ ਗੁਪਤ (ghost) ਲੇਖਕ ਬਣ ਸਕਦਾ ਸੀ। ਪਰ ਸੁਰਿੰਦਰ ਕੈਂਸਰ ਬਾਰੇ ਸੋਚਣਾ ਵੀ ਨਹੀਂ ਚਾਹੁੰਦੀ ਸੀ। ਦੁਖਦਾਈ ਜੀਵਨ ਦੁਬਾਰਾ ਜੀਉਣਾ ਸੌਖਾ ਨਹੀਂ ਹੁੰਦਾ।
ਸਤੰਬਰ 2016 ਵਿੱਚ ਖਰੜਾ ਤਿਆਰ ਕਰਕੇ ਮੈਂ ਛਾਪਣ ਦੀ ਕਿਰਿਆ ਸ਼ੁਰੂ ਕਰ ਦਿੱਤੀ, ਜਾਂ ਸਮਝੋ ਖੇਡ। ਮੇਰੇ ਲਈ ਛਾਪਣ ਦਾ ਕੰਮ ਹਰ ਵਾਰ ਖੇਡ ਬਣ ਜਾਂਦਾ ਹੈ। ਇੱਕ ਪ੍ਰਕਾਸ਼ਕ ਕਹਿੰਦਾ ਕਿ ਉਸਦੀ ਸੰਸਥਾ ਲਈ ਮੇਰਾ ਖਰੜਾ ਛੋਟਾ ਹੈ। ਮੈਂ ਹੋਰ ਲਿਖਦਾ ਗਿਆ। ਕਦੇ ਕਦੇ ਹਫਤਿਆਂ ਬੱਧੀ ਲਿਖਣ ਨੂੰ ਜੀ ਨਾ ਕਰਦਾ। ਮੈਂ ਆਪਣੀ ਢਿੱਲ-ਮੱਠ ਦੇ ਕਾਰਨ ਅਤੇ ਹੱਲ ਲੱਭਦਾ ਰਹਿੰਦਾ। ਇੰਡੀਆ ਜਾਣ ਤੋਂ ਪਹਿਲਾਂ ਇੱਕ ਦਿਨ ਮੈਂ ਡਾਕਟਰ ਤੋਂ ਦਵਾਈਆਂ ਦੀ ਪੁੱਛਗਿੱਛ ਕਰਨ ਗਿਆ, ਤੇ ਉੱਥੇ ਮੈਂ ਰਸਾਲੇ ਦੇਖਣ ਲੱਗ ਪਿਆ। ਇੱਕ ਰਸਾਲੇ ਵਿੱਚ ਢਿੱਲ-ਮੱਠ ਦਾ ਲੇਖ ਪੜ੍ਹਿਆ। ਉਸ ਲੇਖ ਮੁਤਾਬਕ ਮੇਰੀ ਢਿੱਲ ਦੇ 15 ਕਾਰਨ ਹੋ ਸਕਦੇ ਸਨ। ਹਰ ਕਾਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ।
“ਰੱਬ ਦਾ ਵਾਸਤਾ, ਮੈਂਨੂੰ ਹੋਰ ਦਵਾਈਆਂ ਨਾ ਦਿਓ।”
ਮੈਂ ਕਾਫੀ ਕੁਝ ਲਿਖਣਾ ਸ਼ੁਰੂ ਕਰ ਲਿਆ ਸੀ। ਮੇਰੇ ਨਾਲ ਪੜ੍ਹਦੀ ਇੱਕ ਜ਼ਨਾਨੀ ਦਾ ਨਾਂ ‘ਮੇਰੀ ਰੋਅਏ’ ਸੀ। ਮੇਰੀ ਦੀ ਕਿਤਾਬ ਲਈ ਸਰਵਰਕ ਉਸਦੇ ਚਿਤਰਕਾਰ ਬੇਟੇ ਨੇ ਬਣਾਇਆ ਸੀ। ਮੈਂ ਸੈਕਰਾਮੈਂਟੋ ਦੇ ਕਈ ਚਿੱਤਰਕਾਰਾਂ ਨੂੰ ਫੋਨ ਕੀਤੇ, ਜਿਨ੍ਹਾਂ ਦੇ ਰੇਟ ਵਾਜਬ ਲਗਦੇ ਸਨ। ਹਫਤਾ ਭਰ ਕਿਸੇ ਨੇ ਫੋਨ ਨਾ ਚੱਕਿਆ। ਆਖਰ ਮੈਂ ਚਿਤਰਕਾਰ ਸੁਖਵੰਤ ਨੂੰ ਇੰਡੀਆ ਫੋਨ ਕੀਤਾ, ਜਿਸਨੇ ਮੇਰੀ ਪਹਿਲੀ ਅਤੇ ਦੂਜੀ ਪੁਸਤਕ ਦੇ ਸਰਵਰਕ ਬਣਾਏ ਸਨ। ਮੈਂ ਸੁਖਵੰਤ ਨੂੰ ਕਦੇ ਨਹੀਂ ਮਿਲਿਆ। ਫੋਨ ’ਤੇ ਮੈਂ ਉਹਨੂੰ ਆਪਣੀ ਸੰਖੇਪ ਗਾਥਾ ਸੁਣਾ ਦਿੱਤੀ। ਸੁਖਵੰਤ ਜੀ ਨੇ ਮੇਰੇ ਲਈ ਸਰਵਰਕ ਬਣਾ ਕੇ ਨਮੂਨੇ ਭੇਜ ਦਿੱਤੇ। ਮੈਂ ਉਹਦਾ ਬਣਦਾ ਚੈੱਕ ਭੇਜ ਦਿੱਤਾ, ਪਰ ਉਹ ਸਮੇਂ ਸਿਰ ਕੈਸ਼ ਨਾ ਕਰਵਾ ਸਕਿਆ। ਜਦੋਂ ਮੈਂ ਪੁੱਛਣ ਲਈ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਸੁਖਵੰਤ ਦਿਲ ਦੇ ਦੌਰੇ ਕਾਰਨ ਦਸੰਬਰ 2016 ਵਿੱਚ ਸਦੀਵੀ ਅਲਵਿਦਾ ਕਹਿ ਗਿਆ ਸੀ। 2017 ਦੀ ਇੰਡੀਆ ਫੇਰੀ ਸਮੇਂ ਮੈਂ ਜਲੰਧਰ ਜਾ ਕੇ ਸੁਖਵੰਤ ਦੇ ਘਰ ਬਕਾਇਆ ਅਦਾ ਕਰਕੇ ਆਇਆ।
ਇੱਕ ਚੰਗੇ ਸਮਾਜ ਵਿੱਚ ਬਹੁਤ ਕਿਸਮ ਦੇ ਕਲਾਕਾਰ ਪ੍ਰਫੁੱਲਤ ਹੁੰਦੇ ਹਨ। ਗੰਦਾ ਸਮਾਜ ਕਲਾਕਾਰਾਂ ’ਤੇ ਬੋਝ ਪਾਉਂਦਾ ਹੈ ਤਾਂਕਿ ਉਹ ਭਿੰਨ ਪ੍ਰਕਾਰ ਦੇ ਸੱਚ ਪ੍ਰਕਾਸ਼ਿਤ ਨਾ ਕਰ ਸਕਣ- Iris Murdoch.
ਸਵੈ-ਜੀਵਨੀ ਲਿਖਣ ਵਾਲੇ ਲਈ ਹੋਰ ਲੋਕਾਂ ਦੀਆਂ ਜੀਵਨੀਆਂ ਪੜ੍ਹਨਾ ਸਿਆਣੀ ਗੱਲ ਹੈ। ਜੇ ਲਿਖਾਰੀ ਕਿਸੇ ਜਮਾਤ ਵਿੱਚ ਜਾਂਦਾ ਹੋਵੇ, ਉਹਦੇ ਲਈ ਤਾਂ ਪੜ੍ਹਨਾ ਲਾਜ਼ਮੀ ਹੈ। ਸਿਆਰਾ ਕਾਲਜ ਦੀ ਇੱਕ ਸਵੈ-ਜੀਵਨੀ ਕਲਾਸ ਵਿੱਚ ਸਾਨੂੰ ਵੀ ਕਿਸੇ ਦੀ ਕਿਤਾਬ ਪੜ੍ਹਕੇ ਕੁਝ ਮਿੰਟਾਂ ਲਈ ਬੋਲਣਾ ਪੈਂਦਾ ਸੀ। ਇਸਦਾ ਮੰਤਵ ਸਾਨੂੰ ਸਫਲ ਪਾਠਕ ਅਤੇ ਚੰਗੇਰੇ ਲਿਖਾਰੀ ਬਣਾਉਣਾ ਸੀ।
ਮੈਂ ਵੱਖ ਵੱਖ ਕਿਸਮ ਦੇ ਲੋਕਾਂ ਦੀਆਂ ਸਵੈ-ਜੀਵਨੀਆਂ, ਯਾਦਦਾਸ਼ਤਾਂ ਪੜ੍ਹਦਾ ਰਿਹਾ। ਇਸ ਨਾਲ ਨਾ ਸਿਰਫ ਜੀਵਨ-ਜਾਚਾਂ ਦੀ ਵਿਸ਼ਾਲਤਾ ਅਤੇ ਡੂੰਘਾਈ ਬਾਰੇ ਪਤਾ ਲੱਗਦਾ ਰਿਹਾ, ਵੱਖ ਵੱਖ ਲਿਖਣ ਦੇ ਢੰਗਾਂ ਬਾਰੇ ਵੀ ਪਤਾ ਲਗਦਾ ਰਿਹਾ। ਯਾਦਦਾਸ਼ਤਾਂ ਲਿਖਣ ਦੇ ਕੁਝ ਆਪਣੇ ਅਸੂਲ ਹਨ। ਕਦੇ ਕਦੇ ਮੈਂ ਖਾਸ ਇਤਿਹਾਸਕ ਲੋਕਾਂ ਬਾਰੇ ਪੜ੍ਹਦਾ ਜੋ ਮੇਰੀ ਖੋਜ ਨਾਲ ਸੰਬੰਧ ਰੱਖਦੇ ਸਨ। ਇਨ੍ਹਾਂ ਨੂੰ ਮੈਂ ਹੋਰ ਵੀ ਦਿਲ ਲਾ ਕੇ ਪੜ੍ਹਦਾ, ਭਾਵੇਂ ਪੜ੍ਹਨ ਵਿੱਚ ਔਖ ਵੀ ਹੁੰਦੀ।
ਇਸ ਤਰ੍ਹਾਂ ਦੀ ਲਿਖੀ ਯਾਦਦਾਸ਼ਤ, ਬਾਬਰਨਾਮਾ ਹੈ, ਜੋ ਬਾਬਰ ਨੇ ਲਿਖੀ ਸੀ। ਬਾਬਰ ਚੰਗੇਜ਼ ਖਾਨ (Genghis Khan) ਦੀ ਕੁੱਲ ਵਿੱਚੋਂ ਸੀ, ਜਿਸ ਨੂੰ ਇੰਡੀਆ ਦਾ ਪਹਿਲਾ ਮੁਗਲ ਬਾਦਸ਼ਾਹ ਜਾਣਿਆ ਜਾਂਦਾ ਹੈ। ਬਾਬਰ ਅਤੇ ਉਸਦੀ ਪੀੜ੍ਹੀ ਨੇ ਸ਼ਾਨਦਾਰ ਇਮਾਰਤਾਂ ਦੇ ਨਾਲ ਨਾਲ ਅੱਤਿਆਚਾਰ ਦੀਆਂ ਹੱਦਾਂ ਵੀ ਟੱਪੀਆਂ, ਜਿਸਦੇ ਸਿੱਟੇ ਭਾਰਤ ਦੀ ਭੂਮੀ ਅਜੇ ਵੀ ਭੁਗਤ ਰਹੀ ਹੈ। ਬਾਬਰ ਆਪਣੇ ਪਿੱਛੇ ਇੱਕ ਦਸਤਾਵੇਜ਼ ਵੀ ਛੱਡ ਗਿਆ, ਜੋ ਪੀੜਤ ਵਿਸਥਾਰ ਨਾਲ ਲਿਖੀ ਲਗਦੀ ਹੈ। ਇਸਦਾ ਤਰਜਮਾ ਅੰਗਰੇਜ਼ੀ ਵਿੱਚ ਮਿਲਦਾ ਹੈ। ਜੋ ਗੱਲਾਂ ਬਾਬਰ ਉਸ ਵੇਲੇ ਦੇ ਪੌਦਿਆਂ ਦੀਆਂ ਕਰਦਾ ਹੈ, ਪੜ੍ਹਕੇ ਅਨੰਦ ਆਉਂਦਾ ਹੈ।
ਕਿਉਂਕਿ ਮੇਰੇ ਨਾਮ ਨਾਲ ਘਣਗਸ ਜੁੜਿਆ ਹੋਇਆ ਹੈ, ਕਈ ਲੋਕ ਤੋੜ-ਮ੍ਰੋੜ ਕੇ ਇਹਨੂੰ ਚੰਗੇਜ਼ ਨਾਲ ਜੋੜ ਲੈਂਦੇ ਹਨ। ਇਸ ਵਿੱਚ ਕੁਝ ਵੀ ਸੱਚ ਨਹੀਂ। ਮੇਰੇ ਪਿੰਡ ਦਾ ਨਾਮ ਘਣਗਸ ਹੈ, ਜੋ ਹਾਈ ਸਕੂਲ ਵਿੱਚ ਪੜ੍ਹਦੇ ਸਮੇਂ ਮੇਰੇ ਨਾਮ ਨਾਲ ਚਿਮਟ ਗਿਆ।
ਕਿਤਾਬਾਂ ਪੜ੍ਹਨ ਸਮੇਂ ਸਭ ਤੋਂ ਪਹਿਲਾਂ ਮੈਂ ਤਤਕਰਾ ਦੇਖਦਾ ਹਾਂ, ਤੇ ਫੇਰ ਮੁੱਖ ਬੰਧ। ਜੇ ਮੁੱਖ ਬੰਧ ਨਾ ਹੋਵੇ ਤਾਂ ਇੱਕ ਦੋ ਅਧਿਆਇ ਪੜ੍ਹਕੇ ਕਿਤਾਬ ਦੀ ਸਮਗਰੀ ਅਤੇ ਲਿਖਣ ਢੰਗ ਬਾਰੇ ਪਤਾ ਚੱਲ ਜਾਂਦਾ ਹੈ। ਕਈ ਸਵੈਜੀਵਨੀਆਂ ਦੇ ਤਤਕਰੇ ਕੁਝ ਨਹੀਂ ਦੱਸਦੇ। ਅਧਿਆਇ 1, 2, 3, 4, 5 ਆਦਿ ਲਿਖ ਕੇ ਕੰਮ ਸਾਰਿਆ ਹੁੰਦਾ ਹੈ। ਇਸ ਤਰ੍ਹਾਂ ਦੀਆਂ ਅਕਾਊ ਯਾਦਦਾਸ਼ਤਾਂ ਮੈਂ ਨਹੀਂ ਪੜ੍ਹ ਸਕਦਾ।
ਲਿੰਕਨ ਸ਼ਹਿਰ ਦੀ ਲਾਇਬਰੇਰੀ, ਜਿੱਥੇ ਸਾਡੀ ਯਾਦਦਾਸ਼ਤਾਂ ਵਾਲੀ ਕਲਾਸ ਲਗਦੀ ਸੀ, ਕਿਤਾਬਾਂ ਨਾਲ ਉੱਛਲਦੀ ਰਹਿੰਦੀ ਸੀ। ਵਾਧੂ ਕਿਤਾਬਾਂ ਉਹ ਵਰਾਂਡੇ ਵਿੱਚ ਰੱਖ ਦਿੰਦੇ, ਜਿਨ੍ਹਾਂ ਦੀ ਕੀਮਤ ਜ਼ੀਰੋ ਹੁੰਦੀ। 2017 ਵਿੱਚ ਮੈਂ ਇੱਥੋਂ ਇਸਮੇਲ ਬੀਅਹ (Ishmael Beah) ਦੀ ਯਾਦਦਾਸ਼ਤ ਚੁੱਕੀ ਜਿਸਦਾ ਤਰਜਮਾ “ਬਹੁਤ ਪੈਂਡਾ ਬੀਤਿਆ” (“A long Way Gone”) ਹੈ। ਇਹ ਅਫਰੀਕਾ ਮਹਾਂਦੀਪ ਦੇ ਸਿਐਰਾ ਲੀਓਨ ਇਲਾਕੇ ਦੇ ਇੱਕ ਲੜਕੇ ਦੀ ਦਾਸਤਾਨ ਹੈ, ਜੋ ਹਿੰਸਾ ਦੀ ਜਕੜ ਵਿੱਚੋਂ ਨਿਕਲਕੇ ਅਮਰੀਕਾ ਆ ਵਸ ਗਿਆ ਸੀ। ਉਹ ਚੰਗੇ ਸਕੂਲਾਂ ਵਿੱਚ ਪੜ੍ਹਿਆ ਅਤੇ ਉਸਦੀ ਅੰਗਰੇਜ਼ੀ ਲਿਖਤ ਸਿੱਧੀ ਸਾਦੀ ਅਤੇ ਪ੍ਰਭਾਵਸ਼ਾਲੀ ਹੈ।
ਇਹ ਕਹਾਣੀ ਇਸਮੇਲ ਦੇ ਬਚਪਨ ਦੀ ਹੈ ਜਦੋਂ ਉਹਦੇ ਇਰਦ ਗਿਰਦ ਚਾਰੇ ਪਾਸੇ ਹਿੰਸਾ ਵਰ੍ਹ ਰਹੀ ਸੀ, ਜਿਸ ਕਾਰਨ ਬੱਚੇ ਦੀਆਂ ਜੜ੍ਹਾਂ ਉੱਖੜ ਗਈਆਂ। ਕਈ ਥਾਂਵਾਂ ’ਤੇ ਗਾਥਾ ਪੜ੍ਹਦਿਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਇਸਮੇਲ ਬੱਚੇ ਨੂੰ ਜ਼ਬਰਦਸਤੀ ਸੈਨਿਕ ਬਣਾਇਆ ਗਿਆ ਅਤੇ ਅੱਠ ਸਾਲ ਉਮਰ ਵਿੱਚ ਉਸ ਨੂੰ ਵੈਰੀ ਮਾਰਨੇ ਪਏ। ਕਿਤਾਬ ਪੜ੍ਹਨ ਸਮੇਂ ਅਮਰੀਕਾ ਵਿਚਲੇ ਟੀ.ਵੀ. ਪ੍ਰੋਗਰਾਮਾਂ ਵਿੱਚ ਵੋਟਾਂ ਦਾ ਮੌਸਮ ਸੀ ਅਤੇ ਅਫਗਾਨਿਸਤਾਨ, ਮਿਡਲ ਈਸਟ, ਅਤੇ ਕੋਰੀਆ ਹਿੰਸਾ ਵਿਸ਼ੇ ਬਣੇ ਹੋਏ ਸਨ।
ਇਸਮੇਲ ਦੀ ਲਿਖੀ ਯਾਦਦਾਸ਼ਤ ਵਿੱਚ ਕੋਈ ਤਸਵੀਰ ਨਹੀਂ, ਜਿਸ ਕਾਰਨ ਵਾਰਤਕ ਸਮਝਣੀ ਥੋੜ੍ਹੀ ਔਖੀ ਹੈ। ਇਹ ਇਸਮੇਲ ਦੀ ਲਿਖਤ ’ਤੇ ਇਲਜ਼ਾਮ ਨਹੀਂ, ਸਗੋਂ ਸਬੂਤ ਹੈ ਕਿ ਉਸ ਸਮੇਂ ਉਹ ਇੱਕ ਗਰੀਬ, ਭੁੱਖਾ, ਦੁੱਖ ਭੋਗਦਾ ਹਿੰਸਾ ਵਿੱਚੋਂ ਨਿਕਲ ਰਿਹਾ ਸੀ। ਮੈਂ ਛੇ ਹਫਤਿਆਂ ਦੀ ਕਲਾਸ ਵਿੱਚ ਸਾਰੀ ਕਿਤਾਬ ਨਾ ਪੜ੍ਹ ਸਕਿਆ, ਪਰ ਜੋ ਵੀ ਪੜ੍ਹਿਆ, ਲਿਖਣ ਲਈ ਲਾਭਦਾਇਕ ਰਿਹਾ।
ਇਸੇ ਤਰ੍ਹਾਂ ਮੈਂ ਸੁਡਾਨ ਵਿੱਚੋਂ ਬਚ ਨਿਕਲੇ ਬੰਦੇ ਦੀ ਦਾਸਤਾਨ ਪੜ੍ਹੀ ਜੋ ਹਿੰਸਾ ਵਿੱਚੋਂ ਨਿਕਲਕੇ ਹੁਣ ਐਟਲਾਂਟਾ ਦੀ ਪੁਲਿਸ ਵਿੱਚ ਭਰਤੀ ਹੋ ਗਿਆ ਹੈ।
ਇਸਮੇਲ ਦੀ ਲਿਖੀ ਯਾਦਦਾਸ਼ਤ ਪੜ੍ਹਨ ਨੂੰ ਦਿਲਚਸਪ ਸੀ, ਪਰ ਮੈਂ ਹੋਰ ਕਿਤਾਬਾਂ ਵੀ ਪੜ੍ਹੀਆਂ, ਜਿਨ੍ਹਾਂ ਵਿਚਲੇ ਲਿਖਣ ਢੰਗ ਕਈ ਗੁਣਾਂ ਬਿਹਤਰ ਸਨ।
ਕਈ ਕਿਤਾਬਾਂ ਮੈਂ ਅੱਧ-ਪਚੱਧ ਹੀ ਪੜ੍ਹੀਆਂ। ਚੰਗੀਆਂ ਤੇ ਮਾੜੀਆਂ, ਜੋ ਵੀ ਹੱਥ ਲੱਗੀਆਂ। ਸਾਰਿਆਂ ਨਾਲੋਂ ਵੱਧ ਅਕਾਊ ਯਾਦਦਾਸ਼ਤਾਂ ਸਿਆਸਤਦਾਨਾਂ ਦੀਆਂ ਪਾਈਆਂ ਜਾਂਦੀਆਂ ਹਨ, ਜੋ ਤੋੜ-ਮਰੋੜ ਕੇ ਗੰਦ ਪਰੋਸੀ ਜਾਂਦੇ ਹਨ। ਉਹਨਾਂ ਵਿੱਚ ਕਈ ਚੰਗੇ ਵੀ ਹੁੰਦੇ ਹਨ। ਪਰ ਸਭ ਯਾਦਦਾਸ਼ਤਾਂ ਮਾਅਨੇ ਰੱਖਦੀਆਂ ਹਨ ਅਤੇ ਵਿਚਾਰਾਂ ਦੀ ਸਮੱਗਰੀ ਬਣ ਜਾਂਦੀਆਂ ਹਨ।
***
ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ
ਸ਼ਿਆਮ ਪ੍ਰਕਾਸ਼ ਜੀ ਵੱਲੋਂ ਹਾਈ ਸਕੂਲ ਵਿਚ ਪੜ੍ਹਾਈ ਅੰਗਰੇਜ਼ੀ ਨਾਲ ਮੇਰਾ ਰੋਜ਼ਾਨਾ ਕੰਮ ਚੱਲਦਾ ਰਹਿੰਦਾ ਸੀ। ਇੰਡੀਆ ਵਿਚ ਉਹ ਅੰਗਰੇਜ਼ੀ ਦੇ ਨਾਲ ਮੇਰੇ ਇਤਿਹਾਸ ਦੇ ਉਸਤਾਦ ਵੀ ਸਨ, ਇਕ ਨੇਕਦਿਲ ਇਨਸਾਨ, ਜੋ ਤਿੰਨ ਭਾਸ਼ਾਵਾਂ ਵਿਚ ਕਵਿਤਾ ਵੀ ਰਚਦੇ - ਉਰਦੂ, ਪੰਜਾਬੀ, ਅਤੇ ਅੰਗਰੇਜ਼ੀ ਵਿੱਚ।
ਇਕ ਲਿਖਾਰੀ ਵੱਜੋਂ, ਮੇਰੇ ਲਈ ਅੰਗਰੇਜ਼ੀ ਵਿਚ ਲਿਖਣਾ ਸੁਭਾਵਕ ਨਹੀਂ ਸੀ। ਸਾਇੰਸ ਦੇ ਕਿੱਤੇ ਤੋਂ ਹੱਥ ਝਾੜਕੇ, ਸੱਠਾਂ ਤੋਂ ਬਾਅਦ, ਮੈਂ ਲਿਖਣਾ ਸ਼ੁਰੂ ਕੀਤਾ। ਉਮਰ ਦੇ ਸੱਤਰਵੇਂ ਸਾਲ, ਮੈਂ ਅੰਗਰੇਜ਼ੀ ਵਿਚ ਜੀਵਨ ਦੀਆਂ ਯਾਦਾਂ ਲਿਖਣਾ ਅਤੇ ਸਿੱਖਣਾ ਸ਼ੁਰੂ ਕੀਤਾ। ਇਹ ਕਲਾਸਾਂ ਕੈਲੇਫੋਰਨੀਆ ਦੇ ਸ਼ਹਿਰ ਲਿੰਕਨ ਵਿਚ ‘ਸੂ ਕਲਾਰਕ’ ਪੜ੍ਹਾਉਂਦੀ ਆ ਰਹੀ ਸੀ।
ਛੇ ਹਫਤੇ ਲੰਘ ਜਾਣ ਸਮੇਂ ਤੱਕ, ਸਾਨੂੰ ਘੱਟੋ-ਘੱਟ ਇਕ ਯਾਦਦਾਸ਼ਤ ਪੜ੍ਹਨੀ ਜ਼ਰੂਰੀ ਸੀ, ਅਤੇ ਕਿਤਾਬ ਬਾਰੇ ਤਿੰਨ ਤੋਂ ਪੰਜ ਮਿੰਟ ਬੋਲਣਾ ਹੁੰਦਾ ਸੀ। ਉਹਦੇ ਵਿਚ ਕਿਤਾਬ ਦਾ ਖਾਕਾ ਨਹੀਂ ਸੀ ਦੱਸਣਾ ਹੁੰਦਾ, ਸਿਰਫ ਇਹੀ ਦੱਸਣਾ ਹੁੰਦਾ ਸੀ ਕਿ ਕਿਤਾਬ ਕਿਸ ਵਿਸ਼ੇ ਦੁਆਲ਼ੇ ਘੁੰਮਦੀ ਹੈ। ਜੇ ਇਸ ਗੱਲ ਨਾਲ ਘੜਮੱਸ ਨਹੀਂ ਸੀ ਪੈਂਦਾ, ਤਾਂ ਪੜ੍ਹਨ ਲਈ ਕਿਤਾਬ ਦੀ ਚੋਣ ਕਰਨਾ, ਜਰੂਰ ਇੱਕ ਧੰਦਾ ਬਣ ਜਾਂਦਾ ਸੀ। ਮੈਂ ਕਿਤਾਬਾਂ ਦੀ ਦੁਕਾਨ ਵਿੱਚ ਵੜਕੇ ਜਦ ਬਾਹਰ ਆਉਂਦਾ, ਘਰਵਾਲੀ ਕਾਰ ਵਿੱਚ ਕੁੜ੍ਹੀ ਬੈਠੀ ਹੁੰਦੀ।
“ਇਹ ਕਲਾਸਾਂ ਕਦੇ ਖਤਮ ਵੀ ਹੋਣਗੀਆਂ?” ਸੁਰਿੰਦਰ ਲਈ ਸਮਝਣਾ ਔਖਾ ਸੀ ਕਿ ਇਕ ਕਿਤਾਬ ਦੀ ਚੋਣ ਲਈ ਐਨਾ ਸਮਾਂ ਕਿਵੇਂ ਲੱਗ ਸਕਦਾ ਹੈ? ਮੈਂ ਵੱਖ ਵੱਖ ਕਿਸਮ ਦੀਆਂ ਸਵੈ-ਜੀਵਨੀਆਂ ਪੜ੍ਹਨਾ ਪਸੰਦ ਕਰਦਾ ਹਾਂ। ਕੁਝ ਪੜ੍ਹਨ ਲਈ, ਕੁਝ ਲਿਖਣਾ ਸਿੱਖਣ ਲਈ।
ਨਵੰਬਰ 22, 2018 ਤੱਕ, ਜਦ ਅਮ੍ਰੀਕਾ ਵਿਚ ਸ਼ੁਕਰਾਨਾ (Thanksgiving) ਤਿਓਹਾਰ ਮਨਾਇਆ ਜਾਂਦਾ ਹੈ, ਮੈਂ ਜੱਕੋਤੱਕੀ ਵਿਚ ਪਿਆ ਕਿਤਾਬ ਨਾ ਚੁਣ ਸਕਿਆ। ਕਲਾਸ ਨੇ ਦੋ ਹਫਤਿਆਂ ਵਿਚ ਖਤਮ ਹੋ ਜਾਣਾ ਸੀ। ਅਖੇ, “ਵਿਹੜੇ ਆਈ ਜੰਨ, ਹੁਣ ਵਿੰਨ੍ਹੋ ਕੁੜੀ ਦੇ ਕੰਨ।” ਮੈਂ ਕੋਸ਼ਿਸ਼ ਤਾਂ ਬਥੇਰੀ ਕੀਤੀ ਸੀ, ਕਿਤਾਬਾਂ ਵੀ ਬਥੇਰੀਆਂ ਸਨ। ਕੁਝ ਟੱਬਰ ਦੀਆਂ ਖਰੀਦੀਆਂ, ਕੁਝ ਲਾਇਬਰੇਰੀ ਦੀਆਂ ਤਿਆਗੀਆਂ ਜਾਂ ਭੰਗ ਦੇ ਭਾਅ ਵੇਚੀਆਂ।
ਕਿਸੇ ਕਿਤਾਬ ਦੀ ਕਦਰ-ਕੀਮਤ ਪੜ੍ਹਨ ਵਾਲੇ ’ਤੇ ਨਿਰਭਰ ਹੁੰਦੀ ਹੈ। ਕੁਝ ਕਿਤਾਬਾਂ, ਜੋ ਮੇਰੇ ਕੋਲ ਪਹਿਲਾਂ ਹੀ ਸਨ, ਉਹਨਾਂ ਲਈ ਮੈਂ ਦੁਕਾਨਾਂ ਵਿਚ ਭਟਕਦਾ ਫਿਰਦਾ ਰਿਹਾ। ਕਈਆਂ ਨੂੰ ਬਾਹਰੋਂ ਦੇਖਕੇ ਚਿੰਬੜਿਆ ਰਿਹਾ ਤੇ ਜਦ ਅੰਦਰ ਝਾਤ ਮਾਰੀ ਤਾਂ ਗਲ਼ੇ ਹੋਏ ਆਲੂਆਂ ਵਾਂਗ ਵਗਾਹ ਮਾਰੀਆਂ।
“ਤੁਸੀਂ ਆਹ ਕਿਤਾਬ ਪੜ੍ਹਕੇ ਦੇਖੋ ਜੀ।” ਕਈ ਬੰਦੇ, ਮਸ਼ਹੂਰ ਲੋਕਾਂ ਦੀ ਭਾਰੀ ਪੁਸਤਕ ਮੇਰੇ ਵੱਲ ਕਰ ਦਿੰਦੇ। ਮੈਂ ਦੇਖ ਜਰੂਰ ਲੈਂਦਾ ਪਰ ਸਿਆਸੀ ਬੰਦੇ ਦੀ ਲਿਖੀ-ਲਿਖਾਈ ਕਿਤਾਬ ਮੇਰੀ ਸੋਚ ਦੇ ਮੇਚ ਨਾ ਆਉਂਦੀ।
ਆਖਰ ਨੂੰ ਜਦ ਸਾਡੀ ਜਮਾਤ ਵਿੱਚ ਪੜ੍ਹ ਰਹੀ ਪੈਟੀ ਕਿੰਗਸਟਨ ਦੀ ਨਵੀਂ ਕਿਤਾਬ ਛਪੀ, ਮੇਰਾ ਮਸਲਾ ਹੱਲ ਹੋ ਗਿਆ। ਪੈਟੀ ਮੇਰੀ ਉਮਰ ਦੀ ਹੈ, ਭਾਵੇਂ ਸਾਡੇ ਜਨਮ ਅਸਥਾਨਾਂ ਵਿਚ ਸੱਤ ਸਮੁੰਦਰਾਂ ਦੀ ਵਿੱਥ ਹੈ। ਪੈਟੀ ਦਾ ਜਨਮ ਅਤੇ ਪਾਲਣ ਪੋਸਣ ਸਾਨ ਫਰਾਂਨਸਿਸਕੋ ਦੇ ਲਾਗਲੇ ਸ਼ਹਿਰ ਓਕਲੈਂਡ ਵਿਚ ਹੋਇਆ ਸੀ। ਮੇਰਾ ਬਚਪਨ ਇੰਡੀਆ ਵਿਚ ਬੀਤਿਆ, ਪਰ ਮੈਂ 1974-1976 ਵਿਚ ਓਕਲੈਂਡ ਦੇ ਪੜੋਸ ਵਿਚ ਰਿਹਾ ਸੀ। ਪੈਟੀ ਦੀ ਕਿਤਾਬ ਮੈਂ ਇੱਕੋ ਬੈਠਕ ਵਿਚ ਪੜ੍ਹ ਲਈ। ਉਸ ਕਿਤਾਬ ਵਿਚ ਉਹ ਕੁਝ ਨਹੀਂ ਸੀ, ਜਿਸਦੀ ਮੈਂਨੂੰ ਭਾਲ ਸੀ। 1976 ਤੋਂ ਬਾਅਦ 35 ਸਾਲ ਅਸੀਂ ਅਮ੍ਰੀਕਾ ਦੇ ਪੂਰਬੀ ਤੱਟ ਨਾਲ ਲਗਦੇ ਸੂਬਿਆਂ ਵਿਚ ਬਿਤਾਏ। ਇਸ ਸਮੇਂ ਦੌਰਾਨ ਪੱਛਮੀ ਤੱਟ, ਕੈਲੇਫੋਰਨੀਆ ਵਿਚ ਬਹੁਤ ਕੁਝ ਬਦਲ ਚੁੱਕਾ ਸੀ, ਇੱਥੋਂ ਤੱਕ ਕਿ ਹਵਾ ਵੀ ਬਦਲ ਚੁੱਕੀ ਸੀ। ਸੰਨ 1989 ਦੇ ਭੁਚਾਲ ਨੇ ਸਾਨ ਫਰਾਂਨਸਿਸਕੋ ਨੂੰ ਓਕਲੈਂਡ ਨਾਲ ਮਿਲਾਉਂਦਾ ਪੁਲ ਤਬਾਹ ਕਰ ਦਿੱਤਾ ਸੀ, ਜਿਸ ਦੀਆਂ ਤਸਵੀਰਾਂ ਲੋਕਾਂ ਨੂੰ ਅਜੇ ਵੀ ਯਾਦ ਹਨ। ਇਸੇ ਤਰ੍ਹਾਂ ਇਸ ਇਲਾਕੇ ਬਾਰੇ ਜੁੜੀਆਂ ਹੋਰ ਵੀ ਬਹੁਤ ਯਾਦਾਂ ਹਨ। ਜਿਵੇਂ ਪੈਟੀ ਹਰਸਟ, ਹਿੱਪੀ ਜੀਵਨ ਵਾਲੇ ਲੋਕ, ਐੱਲ. ਐੱਸ. ਡੀ. ਦਾ ਨਸ਼ਾ, ਐੱਚ. ਆਈ. ਵੀ. ਅਤੇ ਏਡਜ਼ ਦੇ ਰੋਗ, ਜੋ ਅਕਸਰ ਸਾਨ ਫਰਾਂਨਸਿਸਕੋ ਨਾਲ ਜੋੜੇ ਜਾਂਦੇ ਹਨ, ਅਤੇ ਜੀਵ-ਟੈਕਨਾਲੋਜੀ ਦੀਆਂ ਕੰਪਨੀਆਂ ਦਾ ਉੱਥੇ ਖੁੰਬਾਂ ਵਾਂਗ ਉੱਗ ਪੈਣਾ, ਇਤ-ਆਦਿ।
ਜਿਸ ਬੰਦੇ ਦਾ ਕਿੱਤਾ ਵਿਗਿਆਨ ਨਾ ਹੋਵੇ, ਉਸ ਤੋਂ ਵਿਗਿਆਨ ਦੀਆਂ ਨਵੀਂਆਂ ਖੋਜਾਂ ਬਾਰੇ ਲਿਖਣ ਦੀ ਆਸ ਨਹੀਂ ਕਰਨੀ ਚਾਹੀਦੀ। ਪਰ ਪੈਟੀ ਦੀ ਕਿਤਾਬ ਮੈਂ ਇਸ ਕਰਕੇ ਵੀ ਪੜ੍ਹ ਰਿਹਾ ਸੀ ਕਿ ਕੀ ਉਹਨੇ ਸਮੇਂ ਦੇ ਸਮਾਜਕ ਮੁੱਦਿਆਂ ਬਾਰੇ ਕੁਝ ਲਿਖਿਆ ਹੈ। ਫਿਰ ਸਮਝ ਆਈ ਕਿ ਪੈਟੀ ਨੇ ਸਿਰਫ ਆਪਣੇ 1940 ਤੋਂ ਸ਼ੁਰੂ ਹੋਏ ਬਚਪਨ ਬਾਰੇ ਲਿਖਿਆ ਸੀ। ਯਾਦਦਾਸ਼ਤਾਂ ਏਦਾਂ ਹੀ ਲਿਖੀਆਂ ਜਾਂਦੀਆਂ ਹਨ। ਸੰਖੇਪ ਵਿੱਚ, ਪੈਟੀ ਕਿੰਗਸਟਨ ਦੀ ਲਿਖੀ ਯਾਦਦਾਸ਼ਤ ਉਹਦੇ 1940 ਤੋਂ ਸ਼ੁਰੂ ਹੋਏ ਬਚਪਨ ਬਾਰੇ ਹੈ। ਪੜ੍ਹਨ ਤੇ ਸਮਝਣ ਨੂੰ ਸੌਖੀ ਤੇ ਮਾਣਨਯੋਗ ਹੈ। ਤਸਵੀਰਾਂ ਲਿਖਤ ਨੂੰ ਬੋਝਲ ਨਹੀਂ ਬਣਨ ਦੇਂਦੀਆਂ। ਇਹ ਕਿਤਾਬ ਸਾਂਝੇ ਮੇਜ ’ਤੇ ਰੱਖੀ ਜਾ ਸਕਦੀ ਹੈ। ਪੈਟੀ ਦੇ ਵੰਸ਼ ਲਈ ਖੁਸ਼ੀ ਦਾ ਭੰਡਾਰ ਇਹ ਬਣੀ ਰਹੇਗੀ।
ਇਸ ਕਿਤਾਬ ਤੋਂ ਯਾਦਦਾਸ਼ਤ ਲਿਖਣ ਲਈ ਅਗਵਾਈ ਮਿਲਦੀ ਹੈ। ਬੱਸ ਜਿਸ ਤਰ੍ਹਾਂ ਪੈਟੀ ਨੇ ਲਿਖਿਆ, ਤੁਸੀਂ ਵੀ ਲਿਖੀ ਜਾਓ। ਜਿੱਥੇ ਤੁਹਾਡਾ ਜੀਵਨ ਵੱਖਰਾ ਹੈ, ਵੱਖਰਾਪਣ ਦਿਖਾ ਦਿਓ। ਜਿਵੇਂ ਘਰ-ਬਾਰ, ਖਾਣੇ-ਪਕਾਉਣੇ, ਆਦਤਾਂ, ਕੁਦਰਤ ਦੇ ਨਜ਼ਾਰੇ ਅਤੇ ਆਫਤਾਂ ਜੋ ਤੁਹਾਡੀ ਜ਼ਿੰਦਗੀ ਵਿਚ ਆਈਆਂ, ਅਤੇ ਤੁਹਾਡੇ ਸਮੇਂ ਦੇ ਸੁੱਖਾਂ ਦੁੱਖਾਂ ਦੇ ਗਾਣੇ-ਬਜਾਉਣੇ। ਕੁਝ ਆਪਣੇ ਮਾਪਿਆਂ ਬਾਰੇ, ਭੈਣ-ਭਰਾਵਾਂ ਅਤੇ ਆਂਡੀਆਂ-ਗੁਆਂਡੀਆਂ ਬਾਰੇ ਲਿਖਦੇ ਸਮੇਂ ਹਾਸੇ-ਮਖੌਲ ਦੀਆਂ ਗੱਲਾਂ ਲਿਖ ਛੱਡੋ।
ਪਰ ਇਹ ਇੰਨਾ ਸਾਦਾ ਕੰਮ ਵੀ ਨਹੀਂ। ਸਿਰਫ ਬੁੱਧੀਮਾਨ ਹੀ ਸਮਝ ਸਕਦੇ ਹਨ ਕਿ ਸਾਦੇ ਕੰਮ ਸਮੇਂ ਸਿਰ ਖਤਮ ਕਰਨੇ ਜਰੂਰੀ ਹੁੰਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3958)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)