“ਦਿਨ ਖੁਸ਼ੀ ਦੇ ਲੰਘਾਈ ਜਾ ਤੂੰ ਚੁੱਪ ਕਰਕੇ। ਕੋਈ ਦੀਵਾ ਜਗਾਈ ਜਾ ਤੂੰ ਚੁੱਪ ਕਰਕੇ। ...”
(ਅਗਸਤ 30, 2015)
1.
ਤਰੱਕੀ
ਮੈਂ ਫੇਰ ਆਪਣੇ ਗਰਾਂਈਂ ਜਾ ਕੇ ਆਇਆ ਹਾਂ,
ਅੱਜ ਫੇਰ ਛਿੱਲ ਲੁਹਾ ਕੇ ਆਇਆ ਹਾਂ।
ਜੱਫੀਆਂ ਨਾਲ ਸੀ ਵਿਦਾ ਕੀਤਾ ਮੈਨੂੰ ਜਿਨ੍ਹਾਂ,
ਅੱਜ ਮੈਂ, ਓਥੇ ਮਗਜ਼ ਖਪਾ ਕੇ ਆਇਆ ਹਾਂ।
ਮੇਰਾ ਵੀ ਹੱਕ ਹੈ ਚੁੰਮਣੇ ਦਾ ਇੱਥੋਂ ਦੀ ਧੂੜ,
ਸ਼ਰੇ-ਆਮ ਸਭ ਨੂੰ ਸੁਣਾ ਕੇ ਆਇਆ ਹਾਂ।
ਗਲੀਆਂ ਤਾਂ ਅਜੇ ਵੀ ਸੁਆਗਤ ਕਰਦੀਆਂ ਨੇ,
ਕੰਧਾਂ ਹੋਰ ਉੱਚੀਆਂ ਕਰਾ ਕੇ ਆਇਆ ਹਾਂ।
ਖੀਸਿਆਂ ਨੂੰ ਸਾਂਭਦਾ, ਭੁੱਲ ਗਿਆ ਵਿੱਛੜਿਆਂ ਦੇ ਮਾਤਮ,
ਮਰਨ ਤੋਂ ਪਹਿਲਾਂ, ਮਾਤਮ ਕਰਾਕੇ ਆਇਆ ਹਾਂ।
ਅਕ੍ਰਿਤਘਣ ਨਹੀਂ, ਬੇਸ਼ਰਮ ਜਰੂਰ ਹਾਂ ਪਰ,
ਕੁੱਤਿਆਂ ਤੋਂ, ਕੁੱਤਿਆਂ ਵਾਂਗ ਡੰਡੇ ਖਾਕੇ ਆਇਆ ਹਾਂ।
ਤੋੜੀਆਂ ਮੈਂ ਕਸਮਾਂ ਬੇ-ਸ਼ੱਕ ਪਹਿਲਾਂ ਵੀ ਕਈ ਵਾਰ,
ਮੁੜਕੇ ਨਾ ਆਉਣ ਦੀ ਕਸਮ, ਫੇਰ ਖਾਕੇ ਆਇਆ ਹਾਂ।
**
2.
ਭੂਆ ਭੋਲਾਂ
ਕੋਈ ਗੱਲ ਮੁਕੱਦਰ ਦੀ
ਉਹਨੂੰ ਛੋਟੀ ਉਮਰੇ ਹੀ
ਕਿਸਮਤ ਦਾ ਫੇਰ ਪਿਆ
ਕੁਦਰਤ ਨੇ ਘੇਰ ਲਿਆ-
ਇਕ ਬਿਖਮ ਬੀਮਾਰੀ ਨੇ
ਲੰਮੇ ਦੁੱਖ ਭਾਰੀ ਨੇ
ਮੰਜੇ ਤੇ ਪਾ ਦਿੱਤਾ
ਵਰ੍ਹਿਆਂ ਲਟਕਾ ਦਿੱਤਾ।
ਫਿਰ ਹਕੀਮ ਸਦਵਾਇਆ ਸੀ
ਗਲ ਦਾ ਫੋੜਾ ਕਟਵਾਇਆ ਸੀ
ਅਤੇ ਰੱਬ ਦੀ ਰੱਖ ਹੋਈ
ਮੁੜ ਕੱਖਾਂ ਤੋਂ ਲੱਖ ਹੋਈ।
ਤਾਂ ਫਿਕਰੀ ਮਾਪਿਆਂ ਨੇ
ਵਿਆਹ ਦੀ ਜਦ ਗੱਲ ਤੋਰੀ
ਭੂਆ ਹਠ ਵਾਲੀ ਨੇ
ਕਰ ਦਿੱਤੀ ਨਾਂਹ ਕੋਰੀ।
ਦ੍ਰਿੜ੍ਹ ਕਰਕੇ ਮਨ ਅਾਪਣਾ
ਉਹਨੇ ਐਨ ਟਿਕਾ ਦਿੱਤਾ
ਤੇ ਜੀਵਨ ਆਪਣਾ ਫਿਰ
ਸੇਵਾ ਲੇਖੇ ਲਾ ਦਿੱਤਾ।
ਉਹ ਤੜਕੇ ਉੱਠ ਪੈਂਦੀ ਸੀ
ਨਹਾ-ਧੋ ਕੇ ਪਹਿਲਾਂ, ਫਿਰ
ਰੱਬ ਦਾ ਨਾਂਉਂ ਲੈਂਦੀ ਸੀ
ਸਾਰਾ ਦਿਨ ਕੰਮ ਕਰਨਾ
ਉਹ ਕਦੇ ਨਾ ਬਹਿੰਦੀ ਸੀ।
ਲੰਗਰ ਦੀ ਸੇਵਾ ਵਿੱਚ
ਉਹ ਨੱਠੀ ਫਿਰਦੀ ਸੀ
ਰੱਬ ਦਾ ਨਾਉਂ ਲੈਕੇ ਹੀ
ਮੰਜੀ ਤੇ ਗਿਰਦੀ ਸੀ।
ਹੋਰਾਂ ਦੇ ਦੁਖ-ਸੁਖ ਵਿੱਚ
ਉਹ ਹਾਜ਼ਰ-ਨਾਜ਼ਰ ਸੀ
ਹਰ ਸੋਗ ਦੇ ਮੌਕੇ ’ਤੇ
ਉਹ ਸੁਖ ਦੀ ਚਾਦਰ ਸੀ
ਨਾ ਖਿਝਦੀ ਜਕਦੀ ਉਹ
ਇਕ ਜਿੰਦ ਬਹਾਦਰ ਸੀ।
ਉਹ ਕਦੇ ਨਾ ਥੱਕਦੀ ਸੀ
ਨਾ ਮਾੜਾ ਤੱਕਦੀ ਸੀ
ਪਰ ਜਦ ਕੋਈ ਸਿੰਗ ਫਸੇ
ਨਾ ਪਿੱਛੇ ਹਟਦੀ ਸੀ।
ਭੂਆ ਦੇ ਮੂਹਰੇ ਤਾਂ
ਸਭ ਪਾਣੀ ਭਰਦੇ ਸਨ
ਬੱਚੇ ਵੀ ਮੰਨਦੇ ਸਨ
ਬੁੱਢੇ ਵੀ ਡਰਦੇ ਸਨ
ਸ਼ੋਭਾ ਵੀ ਕਰਦੇ ਸਨ
ਤੋਬਾ ਵੀ ਕਰਦੇ ਸਨ।
ਅੱਸੀਆਂ ਨੂੰ ਟੱਪਕੇ ਵੀ
ਉਹ ਤੁਰਦੀ-ਫਿਰਦੀ ਸੀ
ਹੱਡੀਆਂ ਦੀ ਮੁੱਠੀ ਉਹ
ਨਾ ਸੌਖਿਆਂ ਗਿਰਦੀ ਸੀ।
ਜਦ ਡਾਢੇ ਨੂੰ ਭੀੜ ਪਈ
ਤਾਂ ਭੂਆ ਨੂੰ ਪੀੜ ਪਈ
ਜਿਵੇਂ ਖਿੱਚਕੇ ਲੈ ਗਿਆ ਸੀ
ਮੈਂ ਰੋਂਦਾ ਰਹਿ ਗਿਆ ਸੀ।
ਹੁਕਮ ਵਜਾਉਂਦੀ ਹੋਈ
ਉਹ ਇਕਦਮ ਭੱਜ ਗਈ
ਯਾਦਾਂ ਦੀ ਗਠੜੀ ਇੱਕ
ਮੇਰੇ ਲਈ ਛੱਡ ਗਈ।
ਉਸ ਯਾਦਾਂ-ਗਠੜੀ ’ਚੋਂ
ਇਕ ਵਰਕਾ ਫੋਲਾਂ ਮੈਂ
ਸੰਖੇਪ ਜਿਹੇ ਲਫ਼ਜਾਂ ਵਿੱਚ
ਦੋ ਫਿਕਰੇ ਬੋਲਾਂ ਮੈਂ:
ਰਿਸ਼ਤੇ ਵਿੱਚ ਭੂਆ ਸੀ
ਮੇਰੇ ਲਈ ਮਾਂ ਭੂਆ
ਮਾਂਵਾਂ ਦੇ ਵਾਂਗੂੰ ਹੀ
ਕਈਆਂ ਲਈ ਛਾਂ ਭੂਆ।
**
(ਭੂਆ ਭੋਲਾਂ (ਬੀਬੀ ਤਰਲੋਚਨ ਕੌਰ) ਦੀ ਯਾਦ ਵਿੱਚ, ਜੋ 50-60 ਸਾਲ ਅਣਥੱਕ ਗੁਰੂ ਘਰ ਕਰਮਸਰ (ਰਾੜਾ ਸਾਹਿਬ) ਦੇ ਲੰਗਰ ਵਿਚ ਸੇਵਾ ਕਰਨ ਜਾਂਦੇ ਰਹੇ ਅਤੇ ਫਰਵਰੀ 27, 2003 ਨੂੰ ਇਹ ਦੁਨੀਆਂ ਛੱਡ ਗਏ।)
3.
ਅਸਾਂ ਤਾਂ ਹੱਸਦੇ ਹੱਸਦੇ ਜਾਣਾ
ਅਸਾਂ ਤਾਂ ਹੱਸਦੇ ਹੱਸਦੇ ਜਾਣਾ!
ਚਲੇ ਜਾਣਾ ਅਸਾਂ ਤੁਰਦੇ ਫਿਰਦੇ
ਕਹਿ ਕੋਈ ਸਬਰ-ਸ਼ੁਕਰ ਦਾ ਗਾਣਾ।
ਅਸਾਂ ਤਾਂ ਹੱਸਦੇ ਹੱਸਦੇ ਜਾਣਾ!
ਹੱਸਦੇ ਹੱਸਦੇ ਜੋ ਵੀ ਮਰਦੇ
ਰੂਹਾਂ ਵਿੱਚ ਖ਼ੁਸ਼ਬੂਆਂ ਭਰਦੇ!
ਹੱਸਦੇ ਹੱਸਦੇ ਭੌਰੇ ਮਰਦੇ
ਖ਼ੌਫ ਜਿਨ੍ਹਾਂ ਤੋਂ ਡਰਦੇ!
ਜਾਂ ਉਹ ਮਰਨ,
ਕਿ ਜਿਨ੍ਹਾਂ ਬਚਾਏ
ਹੱਕ ਤੇ ਸੱਚ ਲਈ ਮਰਦੇ!
ਟੁਰ ਜਾਣਾ ਅਸਾਂ ਚੁੰਮਦੇ ਖੰਜਰ
ਮੰਨਕੇ ਤੇਰਾ ਭਾਣਾ!
ਅਸਾਂ ਤਾਂ ਹੱਸਦੇ ਹੱਸਦੇ ਜਾਣਾ!
ਸਾਹਿਬ ਜੀ,
ਸਭ ਹੁੰਦਿਆਂ ਸੁੰਦਿਆਂ
ਅਸੀਂ ਕਿਉਂ ਔਸੀਆਂ ਪਾਈਏ?
ਕਿਉਂ ਅਸੀਂ ਪੂਰੀ ਦੇਖ ਪਰਾਈ
ਅੱਧੀ ਨੂੰ ਠੁਕਰਾਈਏ?
ਕਿਸੇ ਦੇ ਮਹਿਲ ਚੁਬਾਰੇ ਤੱਕਦਿਆਂ
ਕਿਉਂ ਕੁਟੀਆ ਛੱਡ ਜਾਈਏ?
ਨਿੱਤ ਅਸਾਂ ਕਿਰਤ ਕਮਾਈ ਕਰਕੇ
ਨਿੱਤ ਮੱਥੇ ਸੰਗ ਲਾਣਾ!
ਅੱਜ ਦਾ ਧੰਦਾ ਅੱਜ ਹੀ ਨਿੱਬੜੇ
ਤਾਂ ਕਿਤੇ ਮਨ ਪਰਚਾਣਾ।
ਅਸਾਂ ਤਾਂ ਹੱਸਦੇ ਹੱਸਦੇ ਜਾਣਾ!
ਹੁੰਦਿਆਂ ਸੁੰਦਿਆਂ
ਜੋ ਭੀ ਰੋਂਦੇ,
ਭੁੱਖਿਆਂ ਦੀ ਉਹ
ਕਦਰ ਘਟਾਉਂਦੇ,
ਜੀਂਦਿਆਂ ਵੀ ਉਹ
ਨਰਕ ਹੰਢਾਉਂਦੇ,
ਆਪਣੇ ਬੋਲ ਹੀ
ਉਨ੍ਹਾਂ ਸਤਾਵਣ,
ਤੇ ਨਾ ਉਹ ਹੋਰ
ਕਿਸੇ ਨੂੰ ਸੋਂਹਦੇ;
ਰੱਬ ਵੀ ਉਹਨਾਂ
’ਕੱਲਿਆਂ ਕਰਕੇ
ਦੇ ਜਾਵੇ ਹੁਝਕਾਣਾ।
ਅਸਾਂ ਤਾਂ ਹੱਸਦੇ ਹੱਸਦੇ ਜਾਣਾ!
ਦਾਤਾ ਜੀ,
ਸਾਨੂੰ ਬਖ਼ਸੋ ਹਿੰਮਤ
ਬਖ਼ਸ਼ੋ ਮੱਤ ਕੋਈ ਉੱਚੀ!
ਨਾ ਅਸੀਂ ਭਾਰ ਕਿਸੇ ’ਤੇ ਬਣੀਏ
ਨਾ ਚੂਸਣ ਦੀ ਰੁਚੀ!
ਦੇਵੋ ਸਭ ਨੂੰ ਕਿਰਤ ਕਮਾਈ
ਬਖ਼ਸ਼ੋ ਪੀਣਾ, ਖਾਣਾ!
ਨਾ ਕੋਈ ਬੱਚਾ, ਬੁੱਢਾ ਬਣਸੀ
ਜੰਗ ਦਾ ਘੋਰ ਨਿਸ਼ਾਨਾ!
ਜਦੋਂ ਵੀ ਸਾਡੀ ਪਰਚੀ ਆਈ
ਲਾ ਉਂਗਲੀ ਲੈ ਜਾਣਾ।
ਅਸਾਂ ਤਾਂ ਹੱਸਦੇ ਹੱਸਦੇ ਜਾਣਾ!
ਚਲੇ ਜਾਣਾ ਅਸਾਂ ਤੁਰਦੇ ਫਿਰਦੇ
ਕਹਿ ਕੋਈ ਸਬਰ-ਸ਼ੁਕਰ ਦਾ ਗਾਣਾ!
ਅਸਾਂ ਤਾਂ ਹੱਸਦੇ ਹੱਸਦੇ ਜਾਣਾ!
**
4.
ਚੁੱਪ ਕਰਕੇ
ਦਿਨ ਖੁਸ਼ੀ ਦੇ ਲੰਘਾਈ ਜਾ ਤੂੰ ਚੁੱਪ ਕਰਕੇ।
ਕੋਈ ਦੀਵਾ ਜਗਾਈ ਜਾ ਤੂੰ ਚੁੱਪ ਕਰਕੇ।
ਕੋਈ ਅੱਖਾਂ ਦਿਖਾਏ ਜਾਂ ਵੱਟ ਲਏ ਪਾਸਾ,
ਤੂੰ ਮਨ ਸਮਝਾਈ ਜਾ ਚੁੱਪ ਕਰਕੇ।
ਕੋਈ ਕਰ ਗਿਆ ਗੁੱਸਾ, ਜਾਂ ਈਰਖਾ ਨੇ ਡੁੱਸਾ,
ਹਾਸਾ ਬੁੱਲਾਂ ’ਚੋਂ ਡੁਲ੍ਹਾਈ ਜਾ ਤੂੰ ਚੁੱਪ ਕਰਕੇ।
ਕਈ ਵਾਦੀਆਂ ਨੇ ਮਾਰੇ, ਕਈ ਮੁੱਢ ਤੋਂ ਹੀ ਹਾਰੇ,
ਤੂੰ ਹੌਸਲਾ ਦਿਖਾਈ ਜਾ ਚੁੱਪ ਕਰਕੇ।
ਕੁਝ ਰਹਿ ਗਏ ਕੁਆਰੇ, ਕਈ ਸ਼ਾਦੀਆਂ ਨੇ ਮਾਰੇ,
ਜਿਵੇਂ ਨਿਭਦੀ ਨਿਭਾਈ ਜਾ ਤੂੰ ਚੁੱਪ ਕਰਕੇ।
ਇਹ ਜੱਗ ਕਾਵਾਂ-ਰੌਲੀ, ਲੋਕੀ ਬੋਲਦੇ ਨੀ ਹੌਲ਼ੀ,
ਰੌਲਾ ਕੰਨ ’ਚੀਂ ਲੰਘਾਈ ਜਾ ਤੂੰ ਚੁੱਪ ਕਰਕੇ।
ਤਾਹਨੇ-ਮਿਹਣਿਆਂ ਦੇ ਆਦੀ, ਢੂੰਡ ਰਹੇ ਬਰਬਾਦੀ,
ਤੂੰ ਵੀ ਪਾਸਾ ਦਿਖਾਈ ਜਾ ਚੁੱਪ ਕਰਕੇ।
ਮਿੱਤਰ ਹੁੰਦੇ ਆਏ ਅੱਡ, ਐਵੇਂ ਹਿੰਮਤਾਂ ਨਾ ਛੱਡ,
ਨਵੇਂ ਦੋਸਤ ਬਣਾਈ ਜਾ ਚੁੱਪ ਕਰਕੇ।
ਪੰਗੇ-ਵਾਜਾਂ ਦੇ ਪੰਗੇ, ਰਹਿਣ ਦੇ ਕੀਲੀ ਟੰਗੇ,
ਕੋਈ ਮੰਨੇ ਤਾਂ ਮਨਾਈ ਜਾ ਤੂੰ ਚੁੱਪ ਕਰਕੇ।
ਲੈਕੇ ਦੁਨੀਆ ਦੇ ਦੁੱਖ, ਤੂੰ ਪਰੋਂਦਾ ਰਹੁ ਸੁਖ,
ਨਵੀਂ ਕਵਿਤਾ ਬਣਾਈ ਜਾ ਤੂੰ ਚੁੱਪ ਕਰਕੇ।
ਮੁਸਲਮਾਨ ਹਿੰਦੂ ਸਿੱਖ, ਸਾਰੇ ਰੱਬ ਨੂੰ ਅਦਿੱਖ
ਮੱਲ੍ਹਮ ਸਾਰਿਆਂ ਦੇ ਲਾਈ ਜਾ ਤੂੰ ਚੁੱਪ ਕਰਕੇ
ਸੋਧ ਪਿਛਲੀ ਕੋਈ ਭੁੱਲ, ਤੂੰ ਸੁਧਾਰਾਂ ਵੱਲ ਡੁੱਲ,
ਅੱਗੇ ਲੱਗੀ ਜਾਂ ਲਗਾਈ ਜਾ ਤੂੰ ਚੁੱਪ ਕਰਕੇ।
ਤੇਰੀ ਕੁਟੀਆ ਹਵੇਲੀ, ਕਦੇ ਸੱਦ ਸਾਥੀ-ਬੇਲੀ,
ਚਾਹ-ਚੂਹ ਵੀ ਪਿਆਈ ਜਾ ਤੂੰ ਚੁੱਪ ਕਰਕੇ।
ਜੇ ਐਵੇਂ ਕੋਈ ਰੁੱਸੇ, ਤੇਰਾ ਕੱਖ ਵੀ ਨਾ ਖੁੱਸੇ,
ਸਗੋਂ ਖਹਿੜਾ ਛੁਡਾਈ ਜਾ ਤੂੰ ਚੁੱਪ ਕਰਕੇ।
ਜੇ ਹੋ ਜਾਵੇ ਭੁੱਲ, 'ਸੌਰੀ' ਕਹਿਣਾ ਵੀ ਨਾ ਭੁੱਲ,
ਨਾਲ ਨਾਲ ਮੁਸਕਰਾਈ ਜਾ ਤੂੰ ਚੁੱਪ ਕਰਕੇ।
ਸੱਚ ਅਤੇ ਹੱਕ, ਦਾ ਹੀ ਸਦਾ ਕਰ ਪੱਖ,
ਕਰੀ ਸਭ ਦੀ ਭਲਾਈ ਜਾ ਤੂੰ ਚੁੱਪ ਕਰਕੇ।
*****
(56)