“ਅਸੀਂ ਪੁਲਿਸ ਵਾਲੇ ਆਂ, ਤ੍ਹਾਡੀ ਤਲਾਸ਼ੀ ਲੈਣੀ ਆ। ਕੀ ਪਤਾ ਇਹਦੇ ਵਿੱਚ ਕੋਈ ਅਸਲਾ ਹੋਵੇ।” ਮੈਨੂੰ ਸੰਨ ਚੁਰਾਸੀ ਦੇ ਮੰਦੇ ...”
(2 ਮਈ 2023)
ਇਸ ਸਮੇਂ ਪਾਠਕ: 48.
“ਉਹ ਤਾਂ ਆਕੜਾਂ ਕਰਦਾ, ਤੂੰ ਆਪਣੀਆਂ ਲਿਖਤਾਂ ਅੰਬਰਸਰ ਲੈ ਜਾ, ਰਵੀ ਸਾਹਿਤ ਵਾਲਿਆਂ ਕੋਲ। ਮੈਂ ਰਾਹੀ ਜੀ ਨਾਲ ਗੱਲ ਕੀਤੀ ਹੋਈ ਹੈ।” ਡਾ. ਜੋਗਿੰਦਰ ਸਿੰਘ ਨਿਰਾਲਾ ਮੈਂਨੂੰ ਮੇਰੇ ਕਾਗਜ਼ ਪੱਤਰ ਵਾਪਸ ਕਰਦਾ ਬੋਲਿਆ। ਉਹ ਲੁਧਿਆਣੇ ਦੇ ਕਿਸੇ ਸਥਾਨਕ ਪ੍ਰਕਾਸ਼ਕ ਦੀ ਗੱਲ ਕਰ ਰਿਹਾ ਸੀ। ਮੋਹਨ ਸਿੰਘ ਰਾਹੀ ਅੰਮ੍ਰਿਤਸਰ ਤੋਂ ਕਿਤਾਬਾਂ ਛਾਪਦਾ ਸੀ। ਇਹ ਕਾਗਜ਼ ਪੱਤਰ ਮੇਰੀ ਤਿੰਨ ਸਾਲ ਦੀ ਕਾਵਿ ਰਚਨਾ ਸੀ, ਸਾਰੀ ਦੀ ਸਾਰੀ ਮਾਂ ਬੋਲੀ ਪੰਜਾਬੀ ਵਿੱਚ ਲਿਖੀ ਹੋਈ। ਹਫਤਾ ਪਹਿਲਾਂ ਮੈਂ ਨਿਰਾਲਾ ਜੀ ਨੂੰ ਇਸ ਉੱਤੇ ਨਜ਼ਰ ਮਾਰਨ ਲਈ ਦੇ ਕੇ ਆਇਆ ਸਾਂ। ਇਹ ਗੱਲ ਸੰਨ 2005 ਦੀ ਹੈ, ਜਦੋਂ ਮੈਂ ਅਮਰੀਕਾ ਤੋਂ ਪੰਜਾਬ ਗਿਆ ਹੋਇਆ ਸਾਂ।
ਡਾ. ਨਿਰਾਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਭਾਸ਼ਾਵਾਂ ਦਾ ਪ੍ਰੋਫੈਸਰ ਸੀ, ਜਿੱਥੇ ਚਾਲੀ ਸਾਲ ਪਹਿਲਾਂ, 1959-66 ਵਿੱਚ ਮੈਂ ਸੋਲ੍ਹਵੀਂ ਤਕ ਸਾਇੰਸ ਪੜ੍ਹਦਾ ਰਿਹਾ ਸੀ। ਨਿਰਾਲਾ ਸਾਹਿਬ ਦਾ ਭਾਸ਼ਾਵਾਂ ਵਾਲਾ ਮਹਿਕਮਾ ਬਹੁਤ ਬਦਲ ਚੁੱਕਾ ਸੀ, ਜਿੱਥੇ ਹੁਣ ਨਿਰਾਲਾ ਸਾਹਿਬ ਵਰਗੇ ਕਈ ਸਿਰਕੱਢ ਲਿਖਾਰੀ ਆ ਗਏ ਸਨ।
ਡਾ. ਨਿਰਾਲਾ ਜੀ ਕਹਾਣੀਆਂ ਲਿਖਦੇ ਸਨ, ਕਵਿਤਾ ਦੀ ਛਾਣ-ਬੀਣ ਵੀ ਕਰ ਲੈਂਦੇ ਸਨ। ਨਿਰਾਲਾ ਜੀ ਦੀ ਦੇਖ ਰੇਖ ਸਧਾਰਨ ਲੋਕਾਂ ਵਰਗੀ ਹੋਣ ਕਰਕੇ ਉਹਦੇ ਨਾਲ ਸੰਪਰਕ ਬਣਾਉਣਾ ਸੌਖਾ ਸੀ। ਜਦੋਂ ਯੂਨੀਵਰਸਿਟੀ ਵਿੱਚ ਮੈਂ ਉਹਨੂੰ ਪਹਿਲੀ ਵਾਰ ਮਿਲਿਆ, ਮੈਂ ਗਿਆ ਤਾਂ ਕਿਸੇ ਹੋਰ ਨੂੰ ਮਿਲਣ ਦੀ ਆਸ ’ਤੇ ਸੀ ਪਰ ਨਿਰਾਲਾ ਜੀ ਮੈਂਨੂੰ ਅਦਬ ਨਾਲ ਮਿਲੇ ਅਤੇ ਕਿਤਾਬ ਛਾਪਣ ਲਈ ਮੇਰੀ ਮਦਦ ਲਈ ਤਿਆਰ ਹੋ ਗਏ। ਇਹ ਕਵਿਤਾਵਾਂ ਮੈਂ 2002-2005 ਦਰਮਿਆਨ ਲਿਖੀਆਂ ਗਈਆਂ ਸਨ ਜਦੋਂ ਮੈਂਨੂੰ ਕੈਂਸਰ ਤੋਂ ਆਰਾਮ ਆ ਰਿਹਾ ਸੀ। ਪਹਿਲੀਆਂ ਕਵਿਤਾਵਾਂ ਨੂੰ ਲਿਖਤੀ ਰੂਪ ਦੇਣਾ ਇੱਕ ਸੰਘਰਸ਼ ਸੀ। ਚਾਰ ਦਹਾਕੇ ਲਗਾਤਾਰ ਸਿਰਫ ਸਾਇੰਸ ਵਿੱਚ ਜੁਟੇ ਰਹਿਣ ਕਰਕੇ ਮਾਂ ਬੋਲੀ ਪੰਜਾਬੀ ਵਿੱਚ ਲਿਖਣਾ ਤੇ ਉਹ ਵੀ ਅਮਰੀਕਾ ਵਿੱਚ, ਸੌਖਾ ਨਹੀਂ ਸੀ।
ਕੰਪਿਊਟਰ ਤੇ ਪੰਜਾਬੀ ਲਿਖਣਾ ਵੱਡੇ ਪੱਧਰ ’ਤੇ ਸ਼ੁਰੂ ਹੋ ਰਿਹਾ ਸੀ। ਉਸ ਸਮੇਂ ਮੈਂ ਕਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਚਲਾਈ ਪੰਜਾਬੀ ਲਿਖਾਰੀ ਸਭਾ, ਕਲਮਾਂ ਦਾ ਕਾਫਲਾ (Kalaman Da Kafla) ਵਿੱਚ ਜਾਣ ਲੱਗ ਪਿਆ। ਟੋਰਾਂਟੋ ਸਾਡੇ ਸ਼ਹਿਰ ਇਥਕਾ ਤੋਂ 250 ਮੀਲ ਦੂਰ ਹੈ। ਮੀਟਿੰਗ ਹਰ ਮਹੀਨੇ ਸਨਿੱਚਰਵਾਰ ਜਾਂ ਐਤਵਾਰ ਨੂੰ ਹੁੰਦੀ। ਕਦੇ ਅਸੀਂ ਲਾਇਬਰੇਰੀ ਵਿੱਚ ਮਿਲਦੇ, ਕਦੇ ਕਿਸੇ ਰੈਸਟੋਰੈਂਟ ਵਿੱਚ, ਜਾਂ ਕਿਸੇ ਪੰਜਾਬੀ ਹਿਤੈਸ਼ੀ ਦਫਤਰ ਵਿੱਚ। ਕੈਂਸਰ ਤੋਂ ਛੁਟਕਾਰਾ ਪਾ ਕੇ, ਲਿਖਣਾ ਮੇਰੇ ਲਈ ਦਿਨ-ਕਟੀ ਨਹੀਂ, ਇੱਕ ਜੋਸ਼ ਵਾਲਾ ਆਹਰ ਬਣ ਗਿਆ। ਫੇਰ ਵੀ ਇਨ੍ਹਾਂ ਸਾਹਿਤਿਕ ਮਿਲਣੀਆਂ ਸਮੇਂ ਮੈਂ ਕੈਂਸਰ ਬਾਰੇ ਚੁੱਪ ਹੀ ਰਿਹਾ।
ਦੋ ਵਾਰ ਕੈਂਸਰ ਦੇ ਘੇਰੇ ਵਿੱਚੋਂ ਨਿਕਲਕੇ ਅਤੇ ਇੱਕ ਸਰਜਰੀ ਓਪਰੇਸ਼ਨ ਤੋਂ ਬਾਅਦ, ਜਿਸਨੇ ਮੈਂਨੂੰ ਮੌਤ ਦੇ ਬੂਹੇ ਤਕ ਭੇਜ ਦਿੱਤਾ ਸੀ, ਆਖਰ ਮੈਂ ਖਤਰੇ ਤੋਂ ਬਾਹਰ ਹੋ ਗਿਆ। ਮੇਰੀ ਉਮਰ ਦੇ ਤਿੰਨ ਸਾਲ ਗੁੱਲ ਹੋ ਗਏ। ਮੈਂ ਕੋਈ ਭਾਰਾ ਕੰਮ ਕਰਨ ਜੋਗਾ ਤਾਂ ਨਾ ਰਿਹਾ ਪਰ ਕਵਿਤਾ ਲਿਖਣਾ ਪੜ੍ਹਨਾ ਸ਼ੁਰੂ ਕਰ ਦਿੱਤਾ। ਕੁਝ ਕਹਾਣੀਆਂ ਵੀ ਲਿਖੀਆਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੈਠੇ ਨਿਰਾਲਾ ਜੀ ਤੋਂ ਆਪਣੇ ਕਾਗਜ਼ ਪੱਤਰ ਵਾਪਸ ਲੈ ਕੇ ਮੈਂ ਪਿੰਡ ਅਜਨਾਲੀ ਰਿਸ਼ਤੇਦਾਰਾਂ ਕੋਲ ਚਲਾ ਗਿਆ ਤੇ ਨਿਰਾਲਾ ਜੀ ਦੇ ਸੁਧਾਰਾਂ ’ਤੇ ਨਜ਼ਰ ਮਾਰੀ। ਅਗਲੇ ਦਿਨ ਮੈਂ ਤੜਕੇ ਉੱਠਿਆ ਤੇ ਜੀ.ਟੀ. ਰੋਡ ਤੋਂ ਅੰਮ੍ਰਿਤਸਰ ਵਲ ਜਾਂਦੀ ਬੱਸ ਫੜ ਲਈ। ਇਸ ਸੜਕ ’ਤੇ ਬੱਚੇ ਹੁੰਦਿਆਂ ਸਾਈਕਲ ਚਲਾਉਣ ਕਾਰਨ ਮੇਰਾ ਮੋਹ ਪਹਿਲਾਂ ਹੀ ਬਣਿਆ ਹੋਇਆ ਸੀ।
ਬੀਮਾਰੀ ਕਾਰਨ ਸਰੀਰ ਮੇਰਾ ਅਜੇ ਵੀ ਕਮਜ਼ੋਰ ਸੀ ਤੇ ਸੁਰਿੰਦਰ ਤਾਂ ਚਾਹੁੰਦੀ ਸੀ ਕਿ ਮੈਂ ਟੈਕਸੀ ਕਰਕੇ ਅੰਮ੍ਰਿਤਸਰ ਜਾਵਾਂ। ਇਸਦੇ ਉਲਟ ਮੈਂ ਲਿਖਾਰੀਆਂ ਵਾਂਗ ਲੋਕਾਂ ਨਾਲ ਮੋਢੇ ਰਗੜਦੇ ਜਾਣਾ ਚਾਹੁੰਦਾ ਸਾਂ। ਇੰਡੀਆ ਵਿੱਚ ਮੈਂਨੂੰ ਬੱਸ ਦਾ ਸਫਰ ਬਚਪਨ ਤੋਂ ਪਸੰਦ ਰਿਹਾ ਸੀ। ਬੱਸ ਖੜ੍ਹੀ, ਟਪੂਸੀ ਮਾਰਕੇ ਉੱਤਰ ਜਾਣਾ। ਕੰਡਕਟਰ ਨੇ ਸੀਟੀ ਮਾਰਨੀ, ਅਸੀਂ ਟਪੂਸੀ ਮਾਰਕੇ ਚੜ੍ਹ ਜਾਣਾ। ਸਾਡੇ ਸਮਿਆਂ ਵਿੱਚ 1960 ਦੇ ਲਾਗੇ-ਚਾਗੇ, ਜੀ.ਟੀ. ਰੋਡ ’ਤੇ ਭੀੜ ਨਹੀਂ ਸੀ ਹੁੰਦੀ। 2005 ਤਕ ਬਹੁਤ ਕੁਝ ਬਦਲ ਚੁੱਕਾ ਸੀ। ਬੱਸ ਵਿੱਚ ਬੈਠਿਆਂ ਪੱਛਮੀ ਸੱਭਿਅਤਾ ਦਾ ਅਸਰ ਦਿਸ ਰਿਹਾ ਸੀ। ਗੈਸ ਸਟੇਸ਼ਨ, ਨਵੀਂਆਂ ਦੁਕਾਨਾਂ, ਇੱਥੋਂ ਤਕ ਕਿ ਦੋਰਾਹਾ ਸ਼ਹਿਰ ਦੇ ਲਾਗੇ ਇੱਕ ਮਕਡਾਨਲਡ ਤੇ ਵੈਜੀ-ਬਰਗਰ ਵੀ ਮਿਲਦੇ ਸਨ। ਜਦੋਂ ਪੰਜਾਬੀ ਲੋਕ ਅਮਰੀਕਾ-ਕਨੇਡਾ ਵਰਗੇ ਮੁਲਕਾਂ ਵਿੱਚ ਜਾਂਦੇ ਤਾਂ ਹਰ ਨਵੀਂ ਸ਼ੈਅ ਨੂੰ ਇੰਡੀਆ ਨਾਲ ਤੋਲਦੇ ਰਹਿੰਦੇ। ਜਦੋਂ ਉਹ ਵਾਪਸ ਇੰਡੀਆ ਮਿਲਣ-ਗਿਲਣ ਜਾਂਦੇ, ਤਾਂ ਵੀ ਉਹੀ ਕੁਝ ਕਰਦੇ ਰਹਿੰਦੇ। ਸੜਕਾਂ, ਇਮਾਰਤਾਂ, ਫਸਲਾਂ, ਮੌਸਮ, ਆਦਤਾਂ, ਕੋਈ ਚੀਜ਼ ਬਚੀ ਨਾ ਰਹਿੰਦੀ। ਆਪਣੇ ਤਰੀਕੇ ਨਾਲ ਮੈਂ ਵੀ ਤੁਲਨਾ ਕਰਦਾ ਰਹਿੰਦਾ। ਇੱਕ ਵਾਰ ਮੈਂ ਵੀ ਦੁਰਾਹੇ ਲਾਗੇ ਜੀ.ਟੀ. ਰੋਡ ’ਤੇ ਬਣੇ ਮਕਡਾਨਲਡ ਵਿੱਚ ਜਾ ਵੜਿਆ। ਉਸ ਦਿਨ ਉਹ ਮੁਰਗਾ-ਬਰਗਰ ਅਤੇ ਵੈਜੀ-ਬਰਗਰ ਵਰਤਾ ਰਹੇ ਸਨ। ਗਊ ਦੇ ਮਾਸ ਤੋਂ ਬਣੇ ਬੀਫ-ਬਰਗਰ ਵਰਤਾਉਣਾ ਮਨ੍ਹਾਂ ਸੀ।
ਅੱਜ ਮੈਂ ਬੱਸ ਦੋ ਵਾਰ ਬਦਲਣੀ ਸੀ, ਪਹਿਲਾਂ ਲੁਧਿਆਣੇ ਤੇ ਫੇਰ ਜਲੰਧਰ। ਬੱਸਾਂ ’ਤੇ ਰੰਗ-ਬਰੰਗੇ ਲੇਬਲ ਚਿਪਕਾਏ ਹੋਏ ਸਨ। ਇੱਕ ਲੇਬਲ ਅਮਰੀਕਾ ਦੇ ਅੰਗਰੇਜ਼ੀ ਵਿੱਚ ਲਿਖੇ ਲੇਬਲ, “Run baby, run.” ਵਰਗਾ ਪੰਜਾਬੀ ਵਿੱਚ, “ਨੱਠ ਚੱਲ ਮੋਰਨੀਏ” ਆਮ ਦੇਖਿਆ ਜਾਂਦਾ ਹੈ। ਮੋਰਨੀ ਨੱਠਦੀ ਨੱਠਦੀ ਲੁਧਿਆਣੇ ਦੇ ਬੱਸ ਅੱਡੇ ਪਹੁੰਚ ਗਈ।
ਲੁਧਿਆਣੇ ਤੋਂ ਮੈਂ ਜਲੰਧਰ ਵਾਲੀ ਬੱਸ ਫੜ ਲਈ। ਡਰਾਈਵਰ ਦੇ ਲਾਗਦੀ ਸੀਟ ਖਾਲੀ ਪਈ ਸੀ। ਸੀਟ ਦੇ ਪਿੱਛੇ ‘ਕੰਡਕਟਰ’ ਲਿਖਿਆ ਹੋਇਆ ਸੀ। ਮੈਂ ਉਸ ਉੱਤੇ ਜਾ ਬੈਠਿਆ ਤੇ ਆਪਣਾ ਬੈਗ ਇੰਜਣ ਦੇ ਢੱਕਣ ’ਤੇ ਰੱਖ ਦਿੱਤਾ। ਫਗਵਾੜੇ ਤੋਂ ਬਾਅਦ ਕੰਡਕਟਰ ਮੈਨੂੰ ਆਪਣੀ ਸੀਟ ਤੋਂ ਉਠਾ ਕੇ ਆਪ ਬੈਠ ਗਿਆ ਅਤੇ ਡਰਾਈਵਰ ਨਾਲ ਗੱਪਾਂ-ਛੱਪਾਂ ਮਾਰਨ ਲੱਗ ਪਿਆ। ਕੂਹਣੀਆਂ ਉਹਨੇ ਮੇਰੇ ਬੈਗ ਉੱਤੇ ਰੱਖ ਲਈਆਂ। ਬੈਗ ਵਿੱਚ ਕਮੀਜ਼, ਤੌਲੀਆ ਬਗੈਰਾ ਤੇ ਇੱਕ ਛੋਟਾ ਜਿਹਾ ਕੈਮਰਾ ਸੀ, ਇਸ ਲਈ ਉਹਦੀਆਂ ਹਰਕਤਾਂ ਮੈਂਨੂੰ ਚੁੱਭਣ ਲੱਗ ਪਈਆਂ ਪਰ ਕਿਸੇ ਦੋਸਤ ਦੀ ਪਤਨੀ ਦੇ ਆਖੇ ਲਫਜ਼ਾਂ ‘ਇਹ ਇੰਡਿਆ ਹੈ’, ਨੇ ਮੇਰਾ ਹਰਖ ਮੁਸਕਰਾਹਟ ਵਿੱਚ ਬਦਲ ਦਿੱਤਾ। ਪਤਾ ਨਹੀਂ ਕਦੋਂ ਕੰਡਕਟਰ ਉੱਥੋਂ ਉੱਠਿਆ ਤੇ ਕੀਹਦਾ ਕੀਹਦਾ ਬਕਾਇਆ ਉਹਨੇ ਮੋੜਿਆ, ਬੱਸ ਜਲੰਧਰ ਜਾ ਪਹੁੰਚੀ।
ਮੈਂ ਆਪਣਾ ਬੈਗ ਚੁੱਕਿਆ ਤੇ ਪੁੱਛਦਾ ਪੁੱਛਦਾ ਅੰਮ੍ਰਿਤਸਰ ਜਾਣ ਵਾਲੀ ਬੱਸ ਵਿੱਚ ਚੜ੍ਹ ਗਿਆ। ਮੈਥੋਂ ਪਹਿਲਾਂ ਇੱਕ ਅਜਿਹਾ ‘ਮੀਸਣਾ ਸਿੰਘ’ ਬੱਸ ਵਿੱਚ ਬੈਠਾ ਹੋਇਆ ਸੀ, ਜਿਸ ਨੇ ਮੇਰੇ ਨੱਕ ਵਿੱਚ ਦਮ ਕਰ ਦਿੱਤਾ। ਮੈਂ ਉਦੋਂ ਸ਼ੁਕਰ ਕੀਤਾ, ਜਦੋਂ ਉਹ ਕਰਤਾਰਪੁਰ ਲਾਗੇ ਉੱਤਰ ਗਿਆ। ਜਲੰਧਰ ਤੋਂ ਅਗਾਂਹ ਇੱਕ ਪਿੰਡ ਦੇ ਅੱਡੇ ’ਤੇ ਬੱਸ ਕੁਝ ਸਮੇਂ ਲਈ ਰੁਕ ਗਈ। ਇੱਥੇ ਇੱਕ ‘ਮੀਸਣੇ ਸਿੰਘ’ ਦੀ ਥਾਂ ਦੋ ‘ਢੌਂਗੀ ਸਿੰਘ’ ਬੱਸ ਵਿੱਚ ਆ ਚੜ੍ਹੇ। ਦੋਵੇਂ ਨੌਜਵਾਨ ਅੱਧ-ਸ਼ਰਾਬੀ ਜਿਹੇ ਸਨ। ਪਤਾ ਨਹੀਂ ਕਿਉਂ ਉਹਨਾਂ ਦੀ ਨਜ਼ਰ ਇਕਦਮ ਉਤਲੇ ਰਖਨੇ ਵਿੱਚ ਰੱਖੇ ਮੇਰੇ ਬੈਗ ’ਤੇ ਗੱਡੀ ਗਈ। ਇੱਕ ਬੋਲਿਆ, “ਇਹ ਬੈਗ ਕੀਹਦਾ ਹੈ?”
“ਉਸ ਸਰਦਾਰ ਦਾ ਹੈ।” ਕਿਸੇ ਨੇ ਮੇਰੇ ਵੱਲ ਇਸ਼ਾਰਾ ਕਰ ਦਿੱਤਾ।
“ਇਹਦੇ ਵਿੱਚ ਕੀ ਹੈ?” ਫਿਰ ਆਵਾਜ਼ ਆਈ।
“ਤੁਸੀਂ ਕੀ ਲੈਣਾ ਭਾਈ ਇਸ ਬੈਗ ਤੋਂ?” ਮੈਂ ਪੁੱਛਿਆ।
“ਅਸੀਂ ਪੁਲਿਸ ਵਾਲੇ ਆਂ, ਤ੍ਹਾਡੀ ਤਲਾਸ਼ੀ ਲੈਣੀ ਆ। ਕੀ ਪਤਾ ਇਹਦੇ ਵਿੱਚ ਕੋਈ ਅਸਲਾ ਹੋਵੇ।” ਮੈਨੂੰ ਸੰਨ ਚੁਰਾਸੀ ਦੇ ਮੰਦੇ ਦਿਨ ਯਾਦ ਆ ਗਏ।
“ਪਰ ਤੁਹਾਡੀ ਵਰਦੀ ਕਿੱਥੇ ਹੈ? … ਤੁਹਾਡੇ ਪਾਸ ਕੋਈ ਕਾਗਜ਼-ਪੱਤਰ ਹੈ?” ਮੈਂ ਫਿਰ ਪੁੱਛ ਲਿਆ।
“ਸਰਦਾਰ ਜੀ, ਤੁਸੀਂ ਦੇਖ ਲੈਣ ਦਿਓ।” ਲਾਗੇ ਬੈਠਾ ਇੱਕ ਮੁਸਾਫਰ ਬੋਲਿਆ।
“ਨਾ ਭਾਈ, ਤੂੰ ਆਪਣੀ ਜੇਬ ਵਿੱਚ ਮਾਰ ਲੈਣ ਦੇ ਹੱਥ ਇਹਨਾਂ ਨੂੰ।” ਮੇਰੀ ਆਵਾਜ਼ ਕੁਝ ਉੱਚੀ ਹੋ ਗਈ।
“ਤੁਸੀਂ ਹਰੇਕ ਨਾਲ ਪੰਗੇ ਲੈਣ ਲੱਗ ਪੈਂਦੇ ਓ।” ਇੱਕ ਹੋਰ ਬੋਲ ਪਿਆ। ਇਹ ਬੰਦਾ ਮੇਰੇ ਨਾਲ ਜਲੰਧਰ ਤੋਂ ਚੜ੍ਹਿਆ ਸੀ। ਇਸ ਨੂੰ ਪਿਛਲੀ ਘਟਨਾ ਦਾ ਸਾਰਾ ਪਤਾ ਸੀ। ਬੱਸ ਵਿੱਚ ਘੁਸਰ-ਮੁਸਰ ਹੋਣ ਲੱਗ ਪਈ। ਮੈਂ ਉੱਠ ਕੇ ਆਪਣੇ ਬੈਗ ਕੋਲ ਚਲਾ ਗਿਆ। ਨੌਜਵਾਨਾਂ ਦੇ ਸਾਹਾਂ ਵਿੱਚੋਂ ਸ਼ਰਾਬ ਦੀ ਬੂ ਆ ਰਹੀ ਸੀ। ਅੱਗੇ ਜਾ ਕੇ ਬੱਸ ਫੇਰ ਰੁਕ ਗਈ। ਦੋ ਕੁ ਸੌ ਗਜ਼ ਦੀ ਵਿੱਥ ’ਤੇ ਪੁਲਿਸ ਦਾ ਨਾਕਾ ਲੱਗਾ ਦਿਸ ਰਿਹਾ ਸੀ। ਬੱਸ ਅਜੇ ਵੀ ਰੁਕੀ ਹੋਈ ਸੀ।
“ਚਲੋ ਸਾਡੇ ਨਾਲ ਬਾਹਰ, ਵਰਦੀ ਵਾਲੇ ਪੁਲਸੀਆਂ ਕੋਲ।” ਉਹ ਨੌਜਵਾਨ ਫਿਰ ਕਹਿਣ ਲੱਗੇ।
ਉੱਚੀ ਆਵਾਜ਼ ਵਿੱਚ ਮੈਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰੇ ਬੈਗ ਨੂੰ ਹੱਥ ਨਾ ਲਾਇਓ। ਜਦੋਂ ਕੁਝ ਵੀ ਪੱਲੇ ਨਾ ਪਿਆ ਤਾਂ ਦੋਵੇਂ ‘ਢੌਂਗੀ ਸਿੰਘ’ ਬੱਸ ਵਿੱਚੋਂ ਜਿਵੇਂ ਚੜ੍ਹੇ ਸਨ, ਓਵੇਂ ਹੀ ਖਾਲੀ ਹੱਥ ਉੱਤਰ ਗਏ। ਮੈਨੂੰ ਕੋਈ ਹੈਰਾਨੀ ਨਾ ਹੋਈ। ਪਹਿਲਾਂ ਵੀ ਇੱਕ ਵਾਰ ਇਸ ਤਰ੍ਹਾਂ ਦੇ ਬਣਾਉਟੀ ਪੁਲਸੀਆਂ ਨਾਲ ਮੇਰਾ ਵਾਹ ਪੈ ਚੁੱਕਾ ਸੀ। ਉਂਝ ਵੀ ਇਹ ਨੌਬਤ ਉੱਥੋਂ ਤਕ ਨਹੀਂ ਸੀ ਪਹੁੰਚੀ, ਜਿੱਥੋਂ ਤਕ ‘ਮੀਸਣਾ ਸਿੰਘ’ ਨੇ ਪਹੁੰਚਾ ਦਿੱਤੀ ਸੀ।
ਮੈਂ ਜਲੰਧਰ ਬੱਸ ਅੱਡੇ ਉੱਤੇ ਅਜੇ ਬੱਸ ਵਿੱਚ ਬੈਠਿਆ ਹੀ ਸਾਂ ਕਿ ਖੱਬੇ ਪਾਸੇ ਬੈਠੇ ਇੱਕ ਸਿੰਘ ਨੇ ਮੂੰਹ ਨੀਵਾਂ ਕਰ ਕੇ ਮੇਰੇ ਵੱਲ ਐਨਕ ਦੇ ਉੱਤੋਂ ਦੀ ਹੋਰੂੰ ਹੋਰੂੰ ਦੇਖਿਆ ਤੇ ਸਾਰੀ ਸੀਟ ਮੱਲ ਲਈ। ਮੇਰੀ ਅੱਖ ਫਰਕੀ ਤੇ ਮੇਰਾ ਧਿਆਨ ਉਹਦੇ ਵੱਲ ਗੱਡਿਆ ਗਿਆ। ਉਹ ਸਿੰਘ ਮੀਸਣਾ ਜਿਹਾ ਬਣ ਕੇ ਮੇਰੇ ਬੈਗ ਵੱਲ ਦੇਖ ਦੇਖ ਅੱਖਾਂ ਘੁਮਾਉਂਦਾ ਰਿਹਾ ਤੇ ਨਾਲੇ ਮੂੰਗਫਲੀ ਦੇ ਫੋਟਕ ਸੁੱਟਦਾ ਰਿਹਾ। ਉਸਦੀ ਉਮਰ ਤਾਂ ਮੇਰੇ ਨਾਲੋਂ ਪੰਜ-ਸੱਤ ਸਾਲ ਛੋਟੀ ਹੋਵੇਗੀ ਪਰ ਢਿੱਡ ਤੋਂ ਮੇਰੇ ਨਾਲੋਂ ਵੀ ਗਿਆ ਗੁਜ਼ਰਿਆ ਲਗਦਾ ਸੀ। ਦੋ ਕੁ ਸੀਟਾਂ ਛੱਡ ਕੇ ਮੈਂ ਅੱਗੇ ਜਾ ਬੈਠਿਆ। ਬੈਗ ਮੈਂ ਉਤਲੇ ਰਖਨੇ ਵਿੱਚ ਤੁੰਨ ਦਿੱਤਾ ਤੇ ਸੁੱਖ ਦਾ ਸਾਹ ਲਿਆ। ਬੱਸ ਭਰਦੀ ਗਈ ਤੇ ਕੇਲੇ, ਸੰਤਰੇ, ਛੋਲੇ ਵੇਚਣ ਵਾਲੇ ਮੈਲੇ-ਕੁਚੈਲੇ ਕੱਪੜਿਆਂ ਵਾਲੇ ਬੱਚੇ ਜਵਾਨ ਗੇੜੇ ਮਾਰਨ ਲੱਗ ਪਏ। ਬੱਸ ਇੰਨੀ ਭਰ ਗਈ ਕਿ ਖੜ੍ਹਨ ਨੂੰ ਜਗ੍ਹਾ ਮਿਲਣੀ ਮੁਸ਼ਕਲ ਹੋ ਗਈ। ਛੋਲੇ ਮੂੰਗਫਲੀ ਵਾਲੇ ਅਜੇ ਵੀ ਭਿਣ ਭਿਣ ਕਰਦੇ ਫਿਰ ਰਹੇ ਸਨ। ਇੰਨੇ ਨੂੰ ਇੱਕ ਮੁੰਡੇ ਨੇ ਕੂਹਣੀ ਮਾਰ ਕੇ ਮੇਰੀ ਪਗੜੀ ਵਿੰਗੀ ਕਰ ਦਿੱਤੀ।
“ਚੱਲ ਬਈ, ਬੱਸ ਚੱਲਣ ਲੱਗੀ ਆ, ਹੁਣ ਹੋਰ ਕਿਸੇ ਨੂੰ ਲੋੜ ਨੀ।” ਮੈਂ ਕਹਿ ਦਿੱਤਾ।
“ਫਿਰਨ ਦਿਓ ਜੀ ਗਰੀਬਾਂ ਨੂੰ, ਇਹਨਾਂ ਨੇ ਵੀ ਰੋਜ਼ੀ ਕਮਾਉਣੀ ਆ। ਇਹ ਕਿਹੜਾ ਕਨੇਡਾ ਇਆ।” ‘ਮੀਸਣਾ ਸਿੰਘ’ ਜੀ ਬੋਲੇ। ਇੱਕ ਦੋ ਬੰਦੇ ਹੱਥ ਵਿੱਚ ਪੈਸੇ ਫੜੀ ਬੈਠੇ ਦਿਸੇ, ਮੈਂ ਚੁੱਪ ਕਰ ਗਿਆ ਤੇ ਪਗੜੀ ਉੱਤੇ ਹੱਥ ਰੱਖ ਕੇ ਉਹਨੂੰ ਲੰਘਣ ਦੇ ਦਿੱਤਾ। ਕੰਡਕਟਰ ਨੇ ਸੀਟੀ ਮਾਰੀ, ਬੱਸ ਚੱਲ ਪਈ। ਮੈਂ ਫਿਰ ਆਪਣੇ ਖਿਆਲਾਂ ਵਿੱਚ ਮਗਨ ਹੋ ਗਿਆ ਤੇ ਮੀਸਣਾ ਸਿੰਘ ਦਾ ਧਿਆਨ ਛੱਡ ਦਿੱਤਾ।
ਅਖੇ ‘ਭੁੱਖਾ ਕਰਿਆੜ ਬਹੀਆਂ ਫੋਲੇ।’ ‘ਮੀਸਣਾ ਸਿੰਘ’ ਜੀ ਭਰੇ-ਪੀਤੇ ਤਾਂ ਪਹਿਲਾਂ ਹੀ ਬੈਠੇ ਸਨ, ਮਸਾਂ ਅੱਧ ਕੁ ਮੀਲ ਬੱਸ ਗਈ ਹੋਵੇਗੀ ਕਿ ਉਸ ਨੂੰ ਕੋਈ ਹੌਲ ਜਿਹਾ ਉੱਠਿਆ ਤੇ ਉਹ ਬੁੜਬੁੜ ਕਰਨ ਲੱਗ ਪਿਆ।
“ਇਹ ਲੋਕ ਆਪਣੇ ਆਪ ਨੂੰ ਪਤਾ ਨੀ ਕੀ ਸਮਝਦੇ ਆ … ਦੋ-ਚਾਰ ਹਫਤੇ ਟੈਕਸੀਆਂ ਘੁਮਾ ਕੇ ਵਾਪਸ ਚਲੇ ਜਾਂਦੇ ਆ … ਫੇਰ ਆ ਜਾਂਦੇ ਆ ਇੱਧਰਲੇ ਲੋਕਾਂ ’ਤੇ ਰੋਹਬ ਜਮਾਉਣ।” ਇਸ ਤਰ੍ਹਾਂ ਦੇ ਸ਼ਬਦ ਉਹਦੇ ਮੂੰਹੋਂ ਨਿਕਲਦੇ ਗਏ। ਮੈਂ ਉਸ ਨੂੰ ਬੇਧਿਆਨਾ ਦਿਸਣ ਦਾ ਯਤਨ ਕੀਤਾ, ਪਰ ਸੁਰਤ ਮੇਰੀ ਉਹਦੇ ਵੱਲ ਹੀ ਰਹੀ।
‘ਸ਼ਾਇਦ ਇਹਨੂੰ ਪਰਵਾਸੀਆਂ ਦੇ ਦਮੜੇ ਦਿਸ ਰਹੇ ਸਨ। ਸ਼ਾਇਦ ਇਹਦਾ ਕੋਈ ਬਾਲ-ਬੱਚਾ ਬਾਹਰ ਜਾਣ ਤੋਂ ਰਹਿ ਗਿਆ ਹੋਵੇ ਤੇ ਈਰਖਾ ਕਰਦਾ ਹੋਵੇ। ਇਹਨੂੰ ਕੀ ਪਤਾ, ਸਾਡੀ ਵੀ ਇਹ ਜਨਮ-ਭੂਮੀ ਹੈ। ਮਸਾਂ ਮਰ-ਭਰ ਕੇ ਕਿਤੇ ਆਉਣ ਦਾ ਸਬੱਬ ਬਣਦਾ ਹੈ। ਕੁਝ ਲੋਕ ਦੂਜਿਆਂ ਨੂੰ ਇੱਕੋ ਤੱਕੜੀ ਵਿੱਚ ਤੋਲਣ ਦੇ ਗੁਲਾਮ ਹੋ ਜਾਂਦੇ ਹਨ।’ ਇਹੋ ਜਿਹੇ ਖਿਆਲ ਮੇਰੇ ਮਨ ਵਿੱਚ ਗੂੰਜਦੇ ਗਏ। ਉਹਦੀ ਬੁੜਬੁੜ ਵੱਲ ਹੋਰ ਕਿਸੇ ਨੇ ਕੋਈ ਧਿਆਨ ਨਾ ਦਿੱਤਾ ਤੇ ਉਹ ਥੋੜ੍ਹੀ ਦੇਰ ਬਾਅਦ ਚੁੱਪ ਕਰ ਗਿਆ।
“ਚਲੋ, ਉੱਬਲਦੀ ਤੌੜੀ ਵੀ ਠੰਢੀ ਹੋਣ ਲੱਗੀ ਥੋੜ੍ਹੀ ਕੁ ਭਾਫ ਤਾਂ ਕੱਢਦੀ ਰਹਿੰਦੀ ਹੈ, ਬਲਾ ਟਲ਼ੀ।” ਮੈਂ ਸ਼ੁਕਰ ਕੀਤਾ। ਪਰ ‘ਲਾਤੋਂ ਕੇ ਭੂਤ ਬਾਤੋਂ ਸੇ ਕਭ ਮਾਨਤੇ ਹੈਂ।’ ਉਹ ਫਿਰ ਖਰ੍ਹਵੇ ਬੋਲ ਬੋਲਣ ਲੱਗ ਪਿਆ। ਮੈਂਨੂੰ ਇੱਦਾਂ ਲੱਗਿਆ ਜਿਵੇਂ ਉਹਦੇ ਘੁਸਰ-ਮੁਸਰ ਕਰਦੇ ਬੁੱਲ੍ਹ ਕਿਸੇ ਗਾਲ੍ਹ ਦੇ ਨੇੜੇ-ਤੇੜੇ ਫਿਰਦੇ ਹੋਣ।
“ਭਾਈ ਸਾਹਿਬ, ਤੁਹਾਨੂੰ ਕੀ ਤਕਲੀਫ ਐ? ਮੈਂ ਤੁਹਾਡੇ ਮੂੰਹ ਵੱਲ ਘੰਟੇ ਦਾ ਦੇਖਦਾਂ, ਤੁਸੀਂ ਚੁੱਪ ਨਹੀਂ ਕਰ ਰਹੇ।” ਮੇਰੇ ਕਹਿਣ ਨਾਲ ਉਹ ਚੁੱਪ ਹੋ ਗਿਆ। ਥੋੜ੍ਹੀ ਦੇਰ ਚੁੱਪ ਕਰ ਕੇ ਉਹ ਫੇਰ ਬੁੜਬੁੜਾਉਂਦਾ ਰਿਹਾ।
ਮੈਂ ਸ਼ਸ਼ੋਪੰਜ ਵਿੱਚ ਪੈ ਗਿਆ ਤੇ ਤਜਵੀਜ਼ਾਂ ਘੜਨ ਲੱਗਿਆ ਕਿ ਇਹਨੂੰ ਕਿਵੇਂ ਸਮਝਾਇਆ ਜਾਵੇ। ਡਰਾਈਵਰ ਬੱਸ ਚਲਾ ਰਿਹਾ ਸੀ, ਕੰਡਕਟਰ ਨੇ ‘ਕੋਈ ਮਰੇ ਕੋਈ ਜੀਵੇ’ ਵਾਲੀ ਅਣਗਹਿਲੀ ਫੜੀ ਹੋਈ ਸੀ। ਕਦੇ ਪੈਰ ਲਿਤਾੜ ਜਾਂਦਾ, ਕਦੇ ਡਰਾਈਵਰ ਪਿੱਛੇ ਖੜ੍ਹਾ ਗੱਪਾਂ ਮਾਰੀ ਜਾਂਦਾ। ਲੋਕ ਵੀ ‘ਚੁੱਪ ਭਲੀ’ ਦੇ ਮੂਡ ਵਿੱਚ ਆਪੋ-ਆਪਣੇ ਟਿਕਾਣਿਆਂ ਵੱਲ ਜਾ ਰਹੇ ਸਨ। ਕਿਸੇ ਨੇ ਵੀ ਉਹਨੂੰ ਕੁਝ ਕਹਿਣ ਦੀ ਜੁਰਅਤ ਨਾ ਕੀਤੀ। ਮੈਂਨੂੰ ਲੋਕਾਂ ਦੀ ਇਸ ਕਾਇਰਤਾ ਭਰੀ ਚੁੱਪ ਨੇ ਉਦਾਸ ਜਿਹਾ ਕਰ ਦਿੱਤਾ।
ਮੈਂ ਸੋਚਣ ਲੱਗ ਪਿਆ ਕਿ ਮੈਂ ਇਸ ਸ਼ਖ਼ਸ ਦਾ ਕੀ ਵਿਗਾੜਿਆ ਹੈ? ਇਸ ਬੰਦੇ ਦਾ ਕੀਤਾ ਕੀ ਜਾਵੇ? ਕੁੜਿੱਕੀ ਵਿੱਚ ਫਸਿਆ ਬੰਦਾ ਗਲਤ ਕੰਮ ਵੀ ਕਰ ਬੈਠਦਾ ਹੈ। ਗਾਲ਼ੀ-ਗਲੋਚ ਦੀ ਮੇਰੀ ਆਦਤ ਨਹੀਂ। ਕਾਨੂੰਨ? ਪੁਲਿਸ? ਮੈਂ ਸੋਚਾਂ ਵਿੱਚ ਗੋਤੇ ਖਾਣ ਲੱਗਾ।
‘ਇਹ ਕੋਈ ਨਵੀਂ ਗੱਲ ਨਹੀਂ, ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਹੈ।’ ਮੈਂ ਆਪਣੇ ਆਪ ਨੂੰ ਸੰਭਾਲਿਆ ਅਤੇ ਹੂੰ-ਹਾਂ ਵਿੱਚ ਜਵਾਬ ਦਿੰਦਾ ਰਿਹਾ, ਪਰ ਮੇਰਾ ਆਪਣਾਪਣ ਖੁੱਸ ਗਿਆ।
ਜਦੋਂ ਕਿਸੇ ਨੂੰ ਔਕੜ ਆਉਂਦੀ ਹੈ ਤਾਂ ਦੱਸ ਕੇ ਨਹੀਂ ਆਉਂਦੀ। ਇਹਦੀ ਰੌਸ਼ਨੀ ਹੀ ਐਨੀ ਤੇਜ਼ ਹੁੰਦੀ ਹੈ ਕਿ ਦੇਖਣ ਵਾਲ਼ੇ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਗੱਲ ਕਿਤੇ ਗਲਤ ਪਾਸੇ ਨੂੰ ਮੋੜ ਨਾ ਕੱਟ ਜਾਵੇ, ਇਸ ਲਈ ਪਹਿਲਾਂ ਮੈਂ ਉਹਦੀਆਂ ਹਰਕਤਾਂ ਨੂੰ ਬੇਧਿਆਨ ਕਰਨ ਦਾ ਯਤਨ ਕੀਤਾ। ਕਦੇ ਮੈਂਨੂੰ ਉਸ ਆਦਮੀ ਉੱਤੇ ਗੁੱਸਾ ਆਵੇ, ਕਦੇ ਤਰਸ ਆਵੇ। ਬੱਸ ਇੱਕ ਜਗ੍ਹਾ ਰੁਕੀ, ਰੌਲਾ ਕੁਝ ਘਟ ਗਿਆ। ਉਹ ਬੰਦਾ ਅਜੇ ਵੀ ਬੁੜਬੁੜ ਕਰੀ ਜਾ ਰਿਹਾ ਸੀ।
“ਸਰਦਾਰ ਜੀ, ਤੁਹਾਡਾ ਪਿੰਡ ਕਿਹੜਾ?” ਆਖਰ ਮੇਰੇ ਤੋਂ ਰਿਹਾ ਨਾ ਗਿਆ।
“ਮੇਰੇ ਪਿੰਡ ਤੋਂ ਤੂੰ ਬਤਾਊਂ ਲੈਣੇ ਆ?” ਉਹ ਵੀ ਕਿਹੜਾ ਢਿੱਲ ਕਰਨ ਵਾਲਾ ਸੀ। ਮੈਨੂੰ ਲੱਗਿਆ ਕਿ ਗੱਲ ਬਤਾਊਆਂ ਤੋਂ ਵਧਦੀ ਵਧਦੀ ਗਾਲੀ-ਗਲੋਚ ਵੱਲ ਜਾਣ ਵਾਲੀ ਹੈ। ਮੈਂ ਮਨ ਬਣਾ ਲਿਆ ਕਿ ਜੇਕਰ ਉਹਨੇ ਮਾਂ-ਭੈਣ ਦੀ ਗਾਲ੍ਹ ਕੱਢ ਦਿੱਤੀ ਤਾਂ ਮੈਂ ਗਾਲ੍ਹ ਦਾ ਜਵਾਬ ਥੱਪੜ ਨਾਲ ਦੇਵਾਂਗਾ। ਮੇਰੇ ਡੌਲੇ ਫਰਕਣ ਲੱਗ ਪਏ, ਅੱਖਾਂ ਵਿੱਚ ਖੂਨ ਉੱਤਰ ਆਇਆ। ਪਰ ਰਿਹਾ ਮੈਂ ਚੁੱਪ ਹੀ। ਮੈਨੂੰ ਚੁੱਪ-ਗੜੁੱਪ ਦੇਖ ਕੇ ਉਹ ਫੇਰ ਬੋਲ ਉੱਠਿਆ, “ਤੂੰ ਮੇਰੇ ’ਤੇ ਧੌਂਸ ਜਮਾਉਣੀ ਚਾਹੁਨੈਂ? ਬਥੇਰੇ ਦੇਖੇ ਆ ਮੈਂ ਤੇਰੇ ਵਰਗੇ।”
“ਚੱਲ ਫੇਰ, ਆ ਬੱਸ ਤੋਂ ਬਾਹਰ, ਤੇਰਾ ਕਰਾਂ ਇਲਾਜ।” ਅੱਭੜਵਾਹੇ ਮੁੱਕਾ ਬਣਾ ਕੇ ਮੈਂ ਆਪਣੀ ਸੀਟ ਤੋਂ ਉੱਠ ਖੜ੍ਹਾ ਹੋਇਆ। ਜਿਉਂ ਹੀ ਮੈਂ ਉੱਠਿਆ, ਮੇਰੇ ਲੱਕ ਨੂੰ ਪਿੱਛੋਂ ਕਿਸੇ ਨੇ ਸਰਾਲ੍ਹ ਵਾਂਗ ਜੱਫਾ ਪਾ ਲਿਆ ਤੇ ਮੈਂਨੂੰ ਨਿੱਸਲ਼ ਕਰ ਦਿੱਤਾ। ਬਤਾਊਂਆਂ ਵਾਲਾ ਉੱਠਦਾ ਉੱਠਦਾ ਫਿਰ ਬੈਠ ਗਿਆ। ਜੇ ਉਹ ਚਾਹੁੰਦਾ ਤਾਂ ਮੇਰਾ ਮੂੰਹ-ਮੱਥਾ ਭੰਨ ਸਕਦਾ ਸੀ। ਪਰ ਉਹ ਬੈਠ ਗਿਆ ਤੇ ਚੁੱਪ ਵੀ ਹੋ ਗਿਆ। ਉਸ ਨੂੰ ਬੈਠਾ ਦੇਖ ਕੇ ਮੇਰਾ ਮੁੱਕਾ ਵੀ ਢਿੱਲਾ ਹੋ ਗਿਆ। ਪਿੱਛੋਂ ਸਰਾਲ਼ ਨੇ ਵੀ ਆਪਣਾ ਜੱਫਾ ਛੱਡ ਦਿੱਤਾ। ਮੈਂ ਚੁੱਪ-ਚਾਪ ਬੈਠ ਗਿਆ। ਮੇਰੇ ਸੱਜੇ ਪਾਸੇ ਇੱਕ ਛੋਟੇ ਕੱਦ ਵਾਲਾ ਸੁੱਕਿਆ ਜਿਹਾ ਬਜ਼ੁਰਗ ਬੈਠਾ ਸੀ। ਇਹ ਸਭ ਕੁਝ ਜਿਵੇਂ ਅੱਖ ਦੇ ਫਰਕੇ ਵਿੱਚ ਹੋ ਗਿਆ ਹੋਵੇ। ਬੱਸ ਫਿਰ ਚੱਲ ਪਈ।
“ਬਾਬਾ ਜੀ, ਤੁਸੀਂ ਮੇਰਾ ਕੂੰਡਾ ਕਰਵਾ ਦੇਣਾ ਸੀ।” ਮੈਂ ਬਜ਼ੁਰਗ ਵੱਲ ਦੇਖ ਕੇ ਨਿਰਾਸਤਾ ਭਰੇ ਗੁੱਸੇ ਵਿੱਚ ਕਿਹਾ। ਬਾਬੇ ਨੇ ਕੋਈ ਜਵਾਬ ਨਾ ਦਿੱਤਾ, ਸਗੋਂ ਮੂੰਹ ਫੇਰ ਲਿਆ।
“ਚਲੋ, ਮੇਰਾ ਤਾਂ ਜੋ ਬਣਦਾ, ਸੋ ਬਣਦਾ; ਤੁਸੀਂ ਤਾਂ ਮੁਫਤ ਵਿੱਚ ਦਰੜੇ ਜਾਣਾ ਸੀ ਜੇ ਉਹ ਢਿੱਡਲ਼ ਮੇਰੇ ’ਤੇ ਵਾਰ ਕਰ ਦਿੰਦਾ।” ਬਾਬੇ ਨੇ ਖਚਰੀ ਜਿਹੀ ਮੁਸਕੜੀ ਨਾਲ ਮੇਰੇ ਵੱਲ ਦੇਖਿਆ ਪਰ ਜਵਾਬ ਕੋਈ ਨਾ ਦਿੱਤਾ। ਮੈਂਨੂੰ ਲੱਗਿਆ ਜਿਵੇਂ ਉਹ ਮੇਰੀ ਮੂਰਖਤਾ ਉੱਤੇ ਹੱਸ ਰਿਹਾ ਹੋਵੇ।
ਪੁਲਿਸ … … ਡਰਾਈਵਰ … … ਕੰਡਕਟਰ, ਸਭ ਖਿਆਲ ਮੇਰੇ ਮਨ ਵਿੱਚ ਘੁੰਮ ਰਹੇ ਸਨ।
ਮੈਂ ਬਾਬੇ ਨੂੰ ਉਹਦੇ ਦੌਲਤਖਾਨੇ ਬਾਰੇ ਪੁੱਛਿਆ ਪਰ ਉਹ ਚੁੱਪ ਹੀ ਰਿਹਾ। ਕੋਲ ਬੈਠਾ ਇੱਕ ਨਿਹੰਗ ਸਿੰਘ ਮੂੰਹ ਹਿਲਾ ਰਿਹਾ ਸੀ, ਜਿਵੇਂ ਕੁਝ ਚੱਬ ਰਿਹਾ ਹੋਵੇ। ਕੰਡਕਟਰ ਬਾਂਦਰ ਵਾਂਗ ਲਟਕ ਕੇ ਬੱਸ ਵਿੱਚੋਂ ਉੱਤਰ ਜਾਂਦਾ ਤੇ ਸੀਟੀ ਮਾਰ ਕੇ ਬਾਂਦਰ ਵਾਂਗ ਹੀ ਟਪੂਸੀ ਮਾਰ ਕੇ ਬੱਸ ਵਿੱਚ ਆ ਵੜਦਾ। ਲੋਕ ਚੜ੍ਹੀ ਉੱਤਰੀ ਜਾ ਰਹੇ ਸਨ।
“ਬਾਬਾ ਜੀ, ਤੁਸੀਂ ਖਿਆਲ ਰੱਖਿਆ ਕਰੋ ਆਪਣਾ।” ਇੱਕ ਥਾਂ ਬੱਸ ਰੁਕੀ ਤਾਂ ਮੈਂ ਬਾਬੇ ਨੂੰ ਕਿਹਾ।
“ਦੱਸ ਭਾਈ, ਮੈਂ ਹੋਰ ਕੀ ਕਰਦਾ? ਉਹ ਮੇਰਾ ਆਪਣਾ ਲਹੂ ਹੈ।” ਕਹਿੰਦਾ ਹੋਇਆ ਬਾਬਾ ਮੇਰੇ ਨਾਲ ਘਿਸਰ ਕੇ ਬੱਸ ਤੋਂ ਉੱਤਰ ਗਿਆ। ਬਾਬੇ ਦਾ ਮੀਸਣਾ ਸਿੰਘ ਉਸ ਤੋਂ ਪਹਿਲਾਂ ਹੀ ਉੱਤਰ ਚੁੱਕਿਆ ਸੀ। ਬਾਬਾ ਨੀਵੀਂ ਪਾਈ ਆਪਣੇ ਲਹੂ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ। ਕੰਡਕਟਰ ਨੇ ਸੀਟੀ ਮਾਰੀ ਤੇ ਬੱਸ ਤੁਰ ਪਈ। ...
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3947)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)