“ਕਈਆਂ ਨੂੰ ਬੋਲਣ ਦਾ ਵੱਲ ਹੁੰਦਾ ਹੈ, ... ਕਈਆਂ ਨੂੰ ਬੋਲਣ ਦਾ ਝੱਲ ਹੁੰਦਾ ਹੈ। ...”
(21 ਸਤੰਬਰ 2024)
1. ਕਿਸਮਤ ਦਾ ਬਲੀ
ਵਾਹ ਕਿਸਮਤ ਦਿਆ ਬਲੀਆ
ਪੱਕੀ ਉਮਰ ’ਚ ਚੰਗਾ ਦਲ਼ੀਆ।
ਆਟੇ ਨਾਲ ਸ਼ੂਗਰ ਵਧ ਜਾਂਦੀ
ਘਟਾਵੇ ਸ਼ੂਗਰ ਦੇਸੀ ਦਲ਼ੀਆ।
ਸਮੇਂ ਬਦਲ ਗਏ ਹਨ ਮਿੱਤਰੋ,
ਕੌਣ ਕਰਾਉਂਦਾ ਭਾਂਡੇ ਕਲੀ ਆ।
ਮੂਰਖ ਜੇ ਪਰਧਾਨ ਬਣ ਗਿਆ,
ਹੋ ਜਾਊ ਓਥੇ ਦਲੀਆ-ਮਲੀਆ।
ਤੁਸੀ ਤਾਂ ਖਾਵੋ ਪੀਜ਼ੇ-ਬਰਗਰ,
ਸਾਨੂੰ ਤਾਂ ਸਾਦੀ ਰੋਟੀ ਭਲੀ ਆ।
ਮੁੱਲਾਂ ਦੀ ਦੌੜ ਮਸਜਿਦ ਤੱਕ,
‘ਘਣਗਸ’ ਨੇ ਕਵਿਤਾ ਘੱਲੀ ਆ।
* * *
2. ਗਜ਼ਲ਼: ਵੱਲ ਤੇ ਝੱਲ
ਕਈਆਂ ਨੂੰ ਬੋਲਣ ਦਾ ਵੱਲ ਹੁੰਦਾ ਹੈ,
ਕਈਆਂ ਨੂੰ ਬੋਲਣ ਦਾ ਝੱਲ ਹੁੰਦਾ ਹੈ।
ਜੇ ਕੋਈ ਮੂਰਖ ਸਟੇਜ ’ਤੇ ਚੜ੍ਹ ਜਾਏ,
ਫਿਰ ਸੌਖਾ ਨਹੀਂ ਦਬੱਲ ਹੁੰਦਾ ਹੈ।
ਨਰਮੀ ਨਾਲ ਜੇਕਰ ਕੰਮ ਨਾ ਸਰੇ,
ਕਦੇ ਉਹ ਲਹਾਉਂਦਾ ਖੱਲ ਹੁੰਦਾ ਹੈ।
ਹਰ ਗੱਲ ਵਿਚ ਅੜਕਣ ਅਕਸਰ,
ਹਰ ਅੜਕਣ ਲਈ ਹੱਲ ਹੁੰਦਾ ਹੈ।
ਜਿਸ ’ਤੇ ਹੋ ਜਾਏ ਰੱਬ ਦੀ ਕਿਰਪਾ,
ਮਤਲਬ ਰੱਬ ਉਸਦੇ ਵੱਲ ਹੁੰਦਾ ਹੈ।
ਜਿਸਨੂੰ ਚੁਗਲ-ਖੋਰ ਜੱਗ ਆਖੇ,
ਕਰਦਾ ਪਿੱਠ ’ਤੇ ਗੱਲ ਹੁੰਦਾ ਹੈ।
ਜਿਸਦੀ ਅੱਧ-ਵਿਚਾਲੇ ਟੁੱਟ ਜਾਏ,
ਹਿਰਦਾ ਉਸਦਾ ਸੱਲ ਹੁੰਦਾ ਹੈ।
ਜਿਹੜਾ ਹਿੰਮਤ ਹਾਰ ਨਾ ਬੈਠੇ,
ਮਿਲਦਾ ਉਸਨੂੰ ਫਲ਼ ਹੁੰਦਾ ਹੈ।
ਪੱਕੀ ਉਮਰ ਦੇ ਬੰਦਿਆਂ ਲਈ
ਬੜਾ ਕੀਮਤੀ ਹਰ ਪਲ ਹੁੰਦਾ ਹੈ।
ਰੱਬ ਦੀ ਰਜ਼ਾ ’ਚ ਰਹਿਣਾ ਸਿੱਖੀਏ,
ਹੁਕਮ ਉਸਦਾ ਅਟੱਲ ਹੁੰਦਾ ਹੈ।
ਘਣਗਸ ਦਾ ਕਦੇ ਅੰਤ ਹੋ ਜਾਣਾ,
ਅੱਜ ਹੁੰਦਾ ਜਾਂ ਕੱਲ੍ਹ ਹੁੰਦਾ ਹੈ।
* * *
3. ਗਜ਼ਲ: ਹਰ ਮਜ਼ਾਕ, ਮਜ਼ਾਕ ਨਹੀਂ ਹੁੰਦਾ
ਹਰ ਮਜ਼ਾਕ, ਮਜ਼ਾਕ ਨੀ ਹੁੰਦਾ,
ਹਰ ’ਮ੍ਰੀਕਣ ਚਲਾਕ ਨੀ ਹੁੰਦਾ।
ਆਖਣ ਛੜਾ ਛੜਾਂਗ ਉਸ ਨੂੰ,
ਹੋਇਆ ਜਿਸਦਾ ਸਾਕ ਨੀ ਹੁੰਦਾ।
ਮਰਦ ਉਹ ਪੇਂਡੂ ਸਹਿੰਦਾ ਟਿੱਚਰਾਂ,
ਜਿਸਦੇ ਕੋਈ ਜੁਆਕ ਨੀ ਹੁੰਦਾ।
ਲਾਉ ਨਾ ਦੋਸ਼ ਕਿਸੇ ਔਰਤ ’ਤੇ,
ਜਿਸ ਦੇ ਕੋਈ ਜੁਆਕ ਨੀ ਹੁੰਦਾ।
ਮਰਦ ਵਿਚ ਕਮੀ ਹੋ ਸਕਦੀ ਹੈ,
ਜਿਸ ਔਰਤ ਦੇ ਜੁਆਕ ਨੀ ਹੁੰਦਾ।
ਬੁੜ੍ਹੀਆਂ ਦੇਣ ਸਲਾਹਾਂ ਉਸ ਨੂੰ,
ਜਿਸਦੇ ਬੱਚਾ ਢਾਕ ਨੀ ਹੁੰਦਾ।
ਉਸ ਦਾ ਰੱਬ ਹੀ ਰਾਖਾ ‘ਘਣਗਸ’,
ਜਿਸ ਘਰ ਵਿਚ ਇਤਫਾਕ ਨੀ ਹੁੰਦਾ।
* * *
4. ਗਜ਼ਲ : ਵਖਤੋਂ ਖੁੰਝੇ
ਜੋ ਸਮੇਂ ਸਿਰ ਨਾ ਚੰਡੇ ਗਏ,
ਉਹ ਭਾਈ ਭੈਣਾਂ ਵੀ ਵੰਡੇ ਗਏ।
ਜਿਨ੍ਹਾਂ ਸਹਾਰੀ ਬਾਲ-ਮਜਦੂਰੀ,
ਤਾਂ ਉਨ੍ਹਾਂ ਤੋਂ ਬੀਜੇ ਕੰਡੇ ਗਏ।
ਵੰਡ ਨਾ ਕਰਨੀ ਆਈ ਜਿਨ੍ਹਾਂ ਨੂੰ,
ਲਸਣ ਦੇ ਭਾਅ ਜਿਵੇਂ ਗੰਢੇ ਗਏ।
ਨੂੰਹ-ਸੱਸ ਦੇ ਝਗੜਿਆਂ ਕਰਕੇ,
ਕਈ ਘਰਾਂ ਦੇ ਪੁੱਤਰ ਰੰਡੇ ਗਏ।
ਨਾਨਕ ਆਖੇ ਸੱਚ ਹੀ ਲਿਖਿਓ,
ਸੱਚ ਲਿਖਣ ਵਾਲੇ ਵੀ ਭੰਡੇ ਗਏ।
ਦੋ ਚਾਰ ਸਤਰਾਂ ਲਿਖ-ਲੁਖ ਕੇ,
‘ਘਣਗਸ’ ਕਵੀ ਘਮੰਡੇ ਗਏ।
ਭਲਾ ਹੋਇਆ ਜਦ ਵਿਚ ਸਕੂਲਾਂ,
ਮੁਣਸ਼ੀਆਂ ਦੇ ਹੱਥਾਂ ’ਚੋਂ ਡੰਡੇ ਗਏ।
ਧਰਮਾਂ ਦੇ ਬੇੜੇ ਬੈਠ ਗਏ ਹਨ,
ਡੇਰਿਆਂ ’ਚੋਂ ਨਹੀਂ ਮੁਛਟੰਡੇ ਗਏ।
* * *
5. ਗਜ਼ਲ
ਲੋਕਾਂ ਦੀਆਂ ਕਿਉਂ ਕਰਦੇ ਹਾਂ ਗੱਲ, ਕੋਈ ਆਪਣੇ ਆਪ ਦੀ ਗੱਲ ਕਰੀਏ।
ਕਿਸੇ ਦੀ ਪਿੱਠ ’ਤੇ ਛੁਰੀ ਨਾਲੋਂ, ਕਿਸੇ ਦੀ ਪਿੱਠ ’ਤੇ ਥਾਪ ਦੀ ਕਰੀਏ।
ਹੋਰਾਂ ਦੇ ਮਹਿਲ ਨਾ ਦੇਖਦੇ ਰਹੀਏ, ਨਾ ਪਰਖੀਏ ਕਿਰਦਾਰਾਂ ਨੂੰ,
ਗੱਲ ਕਰੀਏ ਸੰਪਰਕਾਂ ਦੀ, ਕਦੇ ਨਾ ਵਿਸਾਹ ਘਾਤ ਦੀ ਕਰੀਏ।
ਕੀ ਲੈਣਾਂ ਤੁਸਾਂ ਸੋਹਣਿਓ ਸੱਜਣੋ, ਕਿਸੇ ਉਲਝੇ ਮਨ ਦੀਆਂ ਧੂੜਾਂ ‘ਚੋਂ,
ਜੋ ਕੁਝ ਦਿੱਤਾ ਸਾਨੂੰ ਰੱਬ ਨੇ, ਗੱਲ ਹੁਣ ਅੰਦਰ ਝਾਤ ਦੀ ਕਰੀਏ।
ਇਹ ਦਿਨ ਵੀ ਅਸਾਂ ਦੇਖਣੇ ਸੀ, ਬੜਾ ਕੁਝ ਉਂਝ ਤਾਂ ਦੇਖ ਲਿਆ,
ਰੱਬ ਦਾ ਸ਼ੁਕਰ ਮਨਾਉਂਦੇ ਹੋਏ, ਨਾ ਗੱਲ ਪਸ਼ਚਾਤਾਪ ਦੀ ਕਰੀਏ।
ਚੜ੍ਹਦੀ ਕਲਾ ’ਚ ਰਹਿਣਾ ਸਿੱਖੀਏ, ਢਹਿੰਦੀ ਜਾਂਦੀ ਦੁਨੀਆਂ ਵਿਚ।
ਸਬਰ-ਸ਼ੁਕਰ ਜਿਨ੍ਹਾਂ ਤੋਂ ਸਿੱਖਿਆ, ਉਹਨਾਂ ਦੇ ਪਰਤਾਪ ਦੀ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5303)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.