“ਡਾ. ਗੁਰਦੇਵ ਸਿੰਘ ਖੁਸ਼ ਨੇ ਇੰਨਾ ਕੰਮ ਕਰ ਵਿਖਾਇਆ ਹੈ, ਜਿੰਨਾ ਬਹੁਤੇ ...”
(29 ਫਰਵਰੀ 2020)
ਅਕਤੂਬਰ 19, 2019 ਨੂੰ ਇੱਕ ਸਮਾਗਮ ਵਿੱਚ ਮੇਰਾ ਡਾ. ਦਰਸ਼ਨ ਸਿੰਘ ਕੈਲੇ ਨੂੰ ਮਿਲਣ ਦਾ ਸੁਭਾਗ ਹੋਇਆ। ਡਾ. ਕੈਲੇ ਵੀ ਇੱਕ ਜਾਣਿਆ-ਪਛਾਣਿਆ ਸਾਇੰਸਦਾਨ ਹੈ ਅਤੇ ਡਾ. ਗੁਰਦੇਵ ਸਿੰਘ ਖੁਸ਼ ਦੇ ਸ਼ਹਿਰ ਡੇਵਿਸ ਵਿੱਚ ਰਹਿੰਦਾ ਹੈ। ਇਸ ਲਈ ਇਨ੍ਹਾਂ ਦੋਨਾਂ ਦਾ ਆਪਸ ਵਿੱਚ ਮੇਲ ਹੁੰਦਾ ਰਹਿੰਦਾ ਹੈ। ਡਾ. ਦਰਸ਼ਨ ਸਿੰਘ ਜੀ ਤੋਂ ਮੈਂ ਡਾ. ਗੁਰਦੇਵ ਸਿੰਘ ਖੁਸ਼ ਦਾ ਹਾਲ-ਚਾਲ ਪੁੱਛ ਲਿਆ। ਡਾ. ਗੁਰਦੇਵ ਸਿੰਘ ਖੁਸ਼ ਨੂੰ ਮੈਂ ਸੱਤ ਸਾਲ ਪਹਿਲਾਂ ਸ਼ਮਸ਼ੇਰ ਕੰਗ ਨਾਲ ਮਿਲਿਆ ਅਤੇ ਇੱਕ ਪੰਜਾਬੀ ਰਸਾਲੇ Likhari.org ਉੱਤੇ ਛਾਪਣ ਲਈ ਮੁਲਾਕਾਤ ਕੀਤੀ। ਇਸ ਰਸਾਲੇ ਨੂੰ ਚਲਾਉਣ ਵਾਲੇ ਮੋਢੀ-ਸੰਪਾਦਕ ਡਾ. ਗੁਰਦਿਆਲ ਸਿੰਘ ਰਾਏ ਦੀ ਸਿਹਤ ਵਿੱਚ ਕਮਜ਼ੋਰੀ ਆ ਜਾਣ ਕਰਕੇ ਹੁਣ ਰਸਾਲਾ ਕਈ ਸਾਲਾਂ ਤੋਂ ਬੰਦ ਹੈ। ਰਸਾਲਾ ਬੰਦ ਹੋਣ ਤੋਂ ਬਾਅਦ ਬਹੁਤ ਸਾਰੀਆਂ ਲਿਖਤਾਂ ਵੀ ਗੁੰਮ (ਹੈਕ) ਹੋ ਗਈਆਂ ਹਨ। ਗੁੰਮ ਲਿਖਤਾਂ ਵਿੱਚ ਮੇਰੀ ਡਾ. ਖੁਸ਼ ਨਾਲ ਮੁਲਾਕਾਤ ਵੀ ਹੈ, ਜਿਸਦੇ ਗੁੰਮ ਹੋਣ ਦਾ ਮੈਂਨੂੰ ਅਫਸੋਸ ਰਹਿੰਦਾ ਹੈ।
“ਕਾਫੀ ਦੇਰ ਹੋ ਗਈ ਹੁਣ ਮਿਲੇ ਨੀ, ਸ਼ਾਇਦ ਇੰਡੀਆ ਗਏ ਹੋਣ,” ਡਾ. ਕੈਲੇ ਦੇ ਕਹਿਣ ਉੱਤੇ ਗੱਲ ਇੱਥੇ ਹੀ ਸਮਾਪਤ ਹੋ ਗਈ। ਡਾ. ਖੁਸ਼ ਅਕਸਰ ਇੰਡੀਆ ਫਰਵਰੀ-ਮਾਰਚ ਵਿੱਚ ਹਰ ਸਾਲ ਜਾਂਦੇ ਰਹਿੰਦੇ ਹਨ।
ਇਸ ਤੋਂ ਬਾਅਦ ਜਦ ਕੁਝ ਦਿਨਾਂ ਬਾਅਦ ਡਾ. ਕੈਲੇ ਅਤੇ ਡਾ. ਖੁਸ਼ ਦੀ ਮਿਲਣੀ ਵਿੱਚ ਮੈਂਨੂੰ ਆਉਣ ਦਾ ਸੱਦਾ ਆਇਆ ਤਾਂ ਮੈਂ ਬਹਾਨਾ ਲੱਭਣ ਦੀ ਗੱਲ ਤਾਂ ਕੀ ਕਰਨੀ ਸੀ, ਸਗੋਂ ਖੁਸ਼ੀ ਪ੍ਰਗਟ ਕੀਤੀ। ਨਵੰਬਰ 14, 2019 ਨੂੰ ਅਸੀਂ ਡੇਵਿਸ ਸ਼ਹਿਰ ਦੇ ਉਸੇ ਹੋਟਲ ਵਿੱਚ ਦੁਪਹਿਰ ਦਾ ਖਾਣਾ ਖਾਧਾ, ਜਿੱਥੇ ਸੱਤ ਸਾਲ ਪਹਿਲਾਂ ਖਾਧਾ ਸੀ।
ਖਾਣਾ ਖਾਂਦੇ ਜ਼ਿਆਦਾ ਗੱਲਾਂ ਕੈਲੇ ਅਤੇ ਖੁਸ਼ ਕਰਦੇ ਗਏ - ਗੱਲਾਂ ਵੀ ਜ਼ਿਆਦਾ ਸਾਇੰਸ ਦੀਆਂ। ਇਹੋ ਜਿਹੇ ਸੁਲਝੇ ਇਨਸਾਨ ਰੀਟਾਇਰ ਹੋ ਕੇ ਵੀ ਚੰਗੇ ਰੁਝੇਵਿਆਂ ਵਿੱਚ ਉਲਝੇ ਰਹਿੰਦੇ ਹਨ। ਰੀਟਾਇਰ ਹੋਣ ਤੋਂ ਬਾਅਦ ਪਿਛਲੇ ਸੱਤ ਸਾਲਾਂ ਵਿੱਚ ਡਾ. ਗੁਰਦੇਵ ਸਿੰਘ ਖੁਸ਼ ਨੇ ਇੰਨਾ ਕੰਮ ਕਰ ਵਿਖਾਇਆ ਹੈ, ਜਿੰਨਾ ਬਹੁਤੇ ਸਾਇੰਸਦਾਨ ਸਾਰੀ ਉਮਰ ਵਿੱਚ ਨਹੀਂ ਕਰ ਸਕਦੇ। ਮੇਰੀ ਜਾਣਕਾਰੀ ਅਨੁਸਾਰ ਸੰਖੇਪ ਸ਼ਬਦਾਂ ਵਿੱਚ ਡਾ. ਖੁਸ਼ ਦੀਆਂ ਨਵੀਆਂ ਪਰਾਪਤੀਆਂ ਦਾ ਅਧੂਰਾ ਜਿਹਾ ਵੇਰਵਾ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:
1. ਡਾ. ਖੁਸ਼ ਦਾ ਪਰਉਪਕਾਰੀ ਯੋਗਦਾਨ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੰਨ 2010 ਤੋਂ ਚਲਦੀ ਆ ਰਹੀ ਖੁਸ਼ ਫਾਊਂਡੇਸ਼ਨ ਦੇ ਸਦਕੇ ਇੱਥੋਂ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ ਇਹ ਸੰਸਥਾ 2012 ਤੋਂ 2018 ਤੱਕ 264 ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ (Scholarships) ਦੇ ਚੁੱਕੀ ਹੈ। ਇਸ ਤੋਂ ਉਪਰੰਤ ਹੋਰ ਕਈ ਤਰੀਕਿਆਂ ਨਾਲ ਯੂਨੀਵਰਸਿਟੀ ਦੇ ਖੋਜੀਆਂ ਅਤੇ ਖੋਜਾਰਥੀਆਂ ਦੀ ਸਹਾਇਤਾ ਕਰ ਰਹੀ ਹੈ। ਇਹ ਸਭ ਕੁਝ ਫਾਊਂਡੇਸ਼ਨ ਦੀ ਵੈੱਬ-ਸਾਈਟ https: //www.khushfoundation.org/objectives/ ਉੱਤੇ ਵੀ ਪੜ੍ਹਿਆ ਜਾ ਸਕਦਾ ਹੈ।
2. ਡਾ. ਖੁਸ਼ ਦੇ ਨਵੇਂ ਇਨਾਮ-ਸਨਮਾਨ:
ਜਿੱਥੇ ਡਾ. ਖੁਸ਼ ਆਪਣਾ ਯੋਗਦਾਨ ਪਾ ਰਹੇ ਹਨ, ਉੱਥੇ ਵੱਖੋ ਵੱਖ ਸੰਸਥਾਵਾਂ ਵੀ ਉਨ੍ਹਾਂ ਲਈ ਨਵੇਂ ਸਨਮਾਨ ਭੇਂਟ ਕਰ ਰਹੀਆਂ ਹਨ। ਇਨ੍ਹਾਂ ਦੀ ਗਿਣਤੀ ਕਰ ਸਕਣਾ ਮੇਰੇ ਵੱਸ ਦਾ ਰੋਗ ਨਹੀਂ। ਪਰ ਕੁਝ ਨਵੇਂ ਇਨਾਮ ਮੈਂਨੂੰ ਖਾਸ ਮਹੱਤਵਪੂਰਣ ਲਗਦੇ ਹਨ। ਹੁਣੇ ਹੁਣੇ ਉਨ੍ਹਾਂ ਦੇ ਨਾਂ ਉੱਤੇ ਯੂਨੀਵਰਸਿਟੀ ਆਫ ਕੈਲੇਫੋਰਨੀਆ, ਡੇਵਿਸ ਵਿੱਚ ਇੱਕ ਕਾਨਫਰੰਸ ਕਮਰਾ ਸਥਾਪਤ ਕਰ ਦਿੱਤਾ ਗਿਆ ਹੈ (Gurdev Khush Conference Room)। ਇਸੇ ਤਰ੍ਹਾਂ ਇੱਕ ਹੋਰ ਯੂਨੀਵਰਸਿਟੀ ਨੇ ਆਨਰੇਰੀ ਡਾਕਟਰੇਟ ਦੀ ਡਿਗਰੀ ਦੇ ਦਿੱਤੀ ਹੈ।
ਉਪਰੋਕਤ ਮੁੱਦਿਆਂ ਵਾਰੇ ਵਿਸਥਾਰ-ਪੂਰਵਕ ਜਾਣਕਾਰੀ ਡਾ. ਖੁਸ਼ ਦੀ 2019 ਵਿੱਚ ਛਪੀ ਆਤਮਕਥਾ (A Rice Breeder’ s Odyssey) ਵਿੱਚ ਮਿਲਦੀ ਹੈ। ਇਹ ਕਿਤਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਛਾਪੀ ਗਈ ਹੈ, ਜਿਸ ਨੂੰ ਡਾ. ਖੁਸ਼ ਨੇ ਆਪਣੇ ਸਵਰਗੀ ਮਾਂ-ਬਾਪ, ਅਤੇ ਬੇਟੀ ਮਨਜੀਵ ਨੂੰ ਸਮਰਪਿਤ ਕੀਤੀ ਹੈ। ਬੇਟੀ ਮਨਜੀਵ ਸੰਨ 2014 ਵਿੱਚ ਕੈਂਸਰ ਦਾ ਸ਼ਿਕਾਰ ਹੋ ਗਈ ਸੀ। ਇਸ ਸਦਮੇ ਦਾ ਭਾਣਾ ਮੰਨਦੇ ਹੋਏ ਉਹ ਅਜੇ ਵੀ ਆਪਣਾ ਜੀਵਨ ਪਰਉਪਕਾਰੀ ਕੰਮਾਂ ਵਿੱਚ ਮਗਨ ਰੱਖਦੇ ਹਨ।
ਡਾ. ਖੁਸ਼ ‘ਮਨ ਨੀਵਾਂ, ਮੱਤ ਉੱਚੀ’ ਦਾ ਸਹੀ ਨਮੂਨਾ ਹਨ।
**
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1963)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)