“ਸੋਨੇ ਦੀ ਖਿੱਚ ਨੇ ਮੌਤ ਦੇ ਡਰ ਨੂੰ ਟਿੱਚ ਜਾਣਿਆ ਅਤੇ ਲੋਕਾਂ ਨੇ ਹਰ ਹੜ੍ਹ ਮਗਰੋਂ ਢੱਠੇ ਘਰ ਦੁਬਾਰਾ ਖੜ੍ਹੇ ਕਰ ਲਏ। ...”
(11 ਜੂਨ 2023)
ਇਸ ਸਮੇਂ ਪਾਠਕ: 170.
ਮਾਰਚ 28 ਨੂੰ ਸਾਡਾ ਜਹਾਜ਼ ਫਰਾਂਸ ਦੇ ਚਾਰਲਸ-ਡੀ-ਗੌਲ ਅੱਡੇ ’ਤੇ ਜਾ ਉੱਤਰਿਆ, ਅੱਡੇ ਤੋਂ ਮੀਟਰੋ ਰੇਲ ਦੀਆਂ ਟਿਕਟਾਂ ਲੈਕੇ ਆਪਣੇ ਹੋਟਲ ਪਹੁੰਚ ਗਏ। ਅਸੀਂ ਟੂਰ ਬੱਸ ਫੜਨ ਲਈ ਮੀਟਰੋ ਰੇਲ ਦਾ ਸਹਾਰਾ ਲਿਆ। ਦੋਂਹ ਦਿਨਾਂ ਲਈ ਵਰਤੇ ਜਾਣ ਵਾਲੇ ਟਿਕਟਾਂ ਨਾਲ ਅਸੀਂ ਜਿੱਥੇ ਜੀਅ ਕਰਦਾ ਚੜ੍ਹ ਜਾਂਦੇ, ਜਿੱਥੇ ਜੀਅ ਕਰਦਾ ਉੱਤਰ ਜਾਂਦੇ। ਇੱਦਾਂ ਅਸੀਂ ਬਹੁਤ ਸਾਰੀਆਂ ਥਾਂਵਾਂ ’ਤੇ ਘੁੰਮ ਆਏ, ਜਿਨ੍ਹਾਂ ਵਿੱਚ ਨੈਪੋਲੀਅਨ ਦੀ ਮੜ੍ਹੀ, ਆਈਫਲ ਟਾਵਰ, ਅਤੇ ਨੌਟਰਡਾਮ ਗਿਰਜ਼ਾ ਮਸ਼ਹੂਰ ਹਨ।
ਮਾਰਚ 31 ਵਾਲੇ ਦਿਨ ਅਸੀਂ ਸਵਿੱਟਜ਼ਰਲੈਂਡ ਜਾ ਰਹੀ ਯੂਰੋ ਗੱਡੀ ਫੜੀ ਅਤੇ ਫਰਾਂਸ ਦੀ ਸਰਹੱਦ ਪਾਰ ਕਰਕੇ ਸਵਿੱਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿੱਚ ਜਾ ਵੜੇ। ਇਹ ਟਿਕਟ ਵੀ ਅਸਾਂ ਡਾਕ ਰਾਹੀਂ ਘਰ ਮੰਗਵਾ ਲਏ ਸਨ। ਜਨੇਵਾ ਦੇ ਕਿਸੇ ਹੋਟਲ ਵਿੱਚ ਸਮਾਨ ਰੱਖਿਆ ਤੇ ਬੱਸਾਂ ਰਾਹੀਂ ਸ਼ਹਿਰ ਦਾ ਸਰਸਰੀ ਟੂਰ ਕੀਤਾ, ਜਿੱਦਾਂ ਅਸੀਂ ਪੈਰਿਸ ਵਿੱਚ ਕੀਤਾ ਸੀ। ਹੁਣ ਸਾਨੂੰ ਘੁੰਮਣ ਫਿਰਨ ਦੀ ਤੱਕ ਆ ਗਈ ਸੀ। ਅਪਰੈਲ ਦੀ ਪਹਿਲੀ ਸ਼ਾਮ ਅਸੀਂ ਰਾਤੋ-ਰਾਤ ਰੋਮ ਜਾਂਦੀ ਯੂਰੋ ’ਤੇ ਚੜ੍ਹ ਗਏ। ਰੋਮ ਵੀ ਅਸਾਂ ਬੱਸਾਂ ਗੱਡੀਆਂ ਰਾਹੀਂ ਉਵੇਂ ਗਾਹਿਆ, ਜਿੱਦਾਂ ਅਸੀਂ ਪੈਰਿਸ ਗਾਹਿਆ ਸੀ। ਰੋਮ ਵਿੱਚ ਸਾਡਾ ਮਨ-ਪਸੰਦ ਭੋਜਨ ਪੀਜ਼ਾ ਹੁੰਦਾ ਸੀ। ਰੋਮ ਦੇ ਲੋਕ ਪੀਜ਼ਾ ਇਓਂ ਖਾਂਦੇ ਲਗਦੇ ਸਨ ਜਿੱਦਾਂ ਪੈਰਿਸ ਦੇ ਲੋਕ ਫਰਾਂਸ-ਰੋਟੀ ਖਾਂਦੇ ਹਨ। ਪਰ, ਇਟਲੀ ਦਾ ਪੀਜ਼ਾ ਉਹ ਚੀਜ਼ ਨਹੀਂ, ਜੋ ਅਮਰੀਕਾ ਦਾ ਹੈ। ਸਾਡੀ ਲਗਾਤਾਰ ਖੋਜ ਨੇ ਸਾਨੂੰ ਢੇਰ ਸਾਰੀਆਂ ਸਿਰਦਰਦੀਆਂ ਤੋਂ ਬਚਾ ਲਿਆ। ਜਦੋਂ ਅਸੀਂ ਇਤਿਹਾਸਕ ਜਗ੍ਹਾ ਦੇਖਕੇ ਹੋਟਲ ਮੁੜਦੇ ਤਾਂ ਅਗਲੀ ਜਗ੍ਹਾ ਲਈ ਤਿਆਰੀ ਕਰਦੇ ਹੁੰਦੇ। ਜਿਵੇਂ, ਬੱਸ ਕਿੱਥੋਂ ਲਈਏ, ਬੱਸ ਦਾ ਨੰਬਰ ਕੀ ਹੈ। ਕਿਹੜੇ ਸਟੇਸ਼ਨ ਤੋਂ ਹਵਾਈ ਅੱਡੇ ਨੂੰ ਕਿਹੜੀ ਗੱਡੀ ਫੜਨੀ ਹੈ, ਅਗਲੇ ਖਾਣੇ ਲਈ ਭੋਜਨ ਦਾ ਪ੍ਰਬੰਧ। ਜਦੋਂ ਵੀ ਅਸੀਂ ਢਿੱਲ-ਮੱਠ ਕੀਤੀ, ਉਸਦਾ ਨਤੀਜਾ ਵੀ ਭੋਗਿਆ। ਇੱਕ ਵਾਰ ਰੋਮ ਵਿੱਚ ਗੁਰਦੁਆਰਾ ਲੱਭਦਿਆਂ ਸਾਡਾ ਅੱਧਾ ਦਿਨ ਗੁਜ਼ਰ ਗਿਆ।
ਰੋਮ ਵਿੱਚ ਮੈਟਰੋ ਲਈ ਅੰਗਰੇਜ਼ੀ ਵਿੱਚ ਲਿਖਿਆ ‘M’ ਚਿੰਨ੍ਹ ਅਮਰੀਕਾ ਦੇ ਮਕਡਾਨਡ ਲਈ ਵਰਤੇ ਜਾਂਦੇ ਪਛਾਣ ਚਿੰਨ੍ਹ ‘M’ ਵਰਗਾ ਹੈ। ਇਸ ਗੱਲ ’ਤੇ ਸੁਰਿੰਦਰ ਮੇਰੇ ਨਾਲ ਰੋਮ ਦੀ ਸੜਕ ’ਤੇ ਆਢਾ ਲਾ ਕੇ ਬੈਠ ਗਈ। ਇਹ ਮਾਮੂਲੀ ਝਗੜਾ ਪਹਿਲੀ ਵਾਰ ਨਹੀਂ ਸੀ ਹੋਇਆ। ਉਂਝ ਸਾਡਾ ਸਫਰ ਬਹੁਤ ਕਾਮਯਾਬ ਰਿਹਾ।
ਦੁਨੀਆ ਦੇ ਕਈ ਭਾਗ, ਜਿੱਥੇ ਮੈਂ ਜਾਣਾ ਚਾਹਿਆ ਸੀ, ਹੁਣ ਸੁਰੱਖਿਅਤ ਨਹੀਂ ਸਨ ਰਹੇ। ਇਹ ਘਾਟਾ ਮੈਂ ਇੰਡੀਆ ਵਿੱਚ ਹੋਰ ਜ਼ਿਆਦਾ ਫੇਰੇ ਲਾ ਕੇ ਪੂਰਾ ਕੀਤਾ। ਪੰਜਾਬ ਤੋਂ ਬਿਨਾਂ, ਜਿੱਥੇ ਮੇਰਾ ਜਨਮ ਅਤੇ ਪਾਲਣ-ਪੋਸਣ ਵੀ ਹੋਇਆ, ਮੈਂ ਘੁੰਮ ਫਿਰ ਕੇ ਨਹੀਂ ਦੇਖੇ ਸਨ।
ਜਿਉਂ ਹੀ ਮੇਰਾ ਇੰਡੀਆ ਵਿੱਚ ਆਉਣਾ ਜਾਣਾ ਵਧਦਾ ਗਿਆ, ਤਿਉਂ ਹੀ ਮੈਂਨੂੰ ਗਿਆਨ ਹੋਇਆ ਕਿ ਮੈਂ ਤਾਂ ਅਜੇ ਇੰਡੀਆ ਦਾ ਕੱਖ ਵੀ ਨਹੀਂ ਦੇਖਿਆ। ਇਸੇ ਤਰ੍ਹਾਂ ਦੇ ਅਨੁਭਵ ਮੈਂਨੂੰ ਪੇਂਡੂ ਅਮਰੀਕਾ ਅਤੇ ਯੂਰਪ ਵਿੱਚ ਘੁੰਮਦਿਆਂ ਹੁੰਦੇ ਹਨ। ਜਦੋਂ ਮੈਂ ਅਮਰੀਕਣ ਨਾਗਰਿਕ ਬਣ ਗਿਆ, ਮੇਰਾ ਇੰਡੀਆ ਅਤੇ ਪੰਜਾਬ ਜਾਣ ਦਾ ਹੇਰਵਾ ਹੋਰ ਵੀ ਵਧ ਗਿਆ। ਬਚਪਨ ਵਿੱਚ ਇਤਿਹਾਸ ਪੜ੍ਹਨਾ ਮੇਰੇ ਲਈ ਇੱਕ ਜ਼ਰੂਰੀ ਧੰਦਾ ਸੀ, ਦਿਲਚਸਪ ਮਜਮੂਨ ਨਹੀਂ ਸੀ। ਵੱਡੇ ਹੁੰਦਿਆਂ ਇਤਿਹਾਸ ਪੜ੍ਹਨ ਦੀ ਮਹੱਤਤਾ ਸਮਝ ਆਉਣ ਲੱਗੀ। ਤਦ ਮੈਂ ਆਪਣੇ ਪੁਰਖਿਆਂ ਦੇ ਹੰਢਾਏ ਸੰਘਰਸ਼ਾਂ, ਮੁਸ਼ਕਲਾਂ, ਕੁਰਬਾਨੀਆਂ ਬਾਰੇ ਅਤੇ ਮਾਣੇ ਕੁਦਰਤ ਦੇ ਨਜ਼ਾਰਿਆਂ ਬਾਰੇ ਅੰਦਾਜ਼ੇ ਲਾਉਣ ਜੋਗਾ ਹੋ ਗਿਆ ਸੀ।
ਪਹਿਲਾਂ 2017 ਵਿੱਚ ਮੈਂ ਇਕੱਲਾ ਇੰਡੀਆ ਗਿਆ ਸਾਂ। ਪੰਜਾਬ ਦੇ ਰਿਸ਼ਤੇਦਾਰਾਂ ਨੂੰ ਮਿਲਕੇ ਮੈਂ ਬਿਹਾਰ ਵਿੱਚ ਪਟਨਾ ਸਾਹਿਬ ਦੇ ਦਰਸ਼ਨ ਕਰਨ ਗਿਆ। ਬਿਹਾਰ, ਇੰਡੀਆ ਦੇ ਅਤੀ ਗਰੀਬ ਸੂਬਿਆਂ ਵਿੱਚ ਹੈ, ਪਰ ਇਸਦਾ ਵਿਰਸਾ ਅਮੀਰ ਹੈ ਅਤੇ ਯਾਤਰੀਆਂ ਦੇ ਦੇਖਣ ਵਾਲੀਆਂ ਐਸੀਆਂ ਥਾਂਵਾਂ ਹਨ ਜੋ ਸਭਿਅਤਾ ਦੇ ਉਸਾਰ ਅਤੇ ਨਿਘਾਰ ਦੀ ਬਾਤ ਪਾਉਂਦੀਆਂ ਹਨ। 2017 ਵਿੱਚ ਮੈਂ ਸਿਰਫ ਪਟਨਾ ਹੀ ਦੇਖ ਸਕਿਆ ਸੀ। ਮੇਰੀ ਪਟਨੇ ਤੋਂ ਬਾਹਰ ਬੋਧ ਗਇਆ ਅਤੇ ਨਾਲੰਦਾ ਜਾਣ ਦੀ ਵਿਓਂਤ ਵਿੱਚ ਇੱਕ ਟੈਕਸੀ ਡਰਾਈਵਰ ਨੇ ਵਿਘਨ ਪਾ ਦਿੱਤਾ। ਸਮੇਂ ਦੀ ਘਾਟ ਕਰਕੇ ਮੈਂ ਹੋਰ ਟੈਕਸੀ ਡਰਾਈਵਰ ਨਾਲ ਸਿਰਫ ਪਟਨੇ ਤੋਂ ਬਨਾਰਸ ਗਿਆ, ਜਿੱਥੇ ਮੇਰੇ ਸਾਰੰਗੀ ਉਸਤਾਦ ਪੰਡਿਤ ਸੰਤੋਸ਼ ਕੁਮਾਰ ਮਿਸ਼ਰਾ ਜੀ ਦਾ ਘਰ ਹੈ।
2017 ਦੇ ਮੁਕਾਬਲੇ ਮੇਰਾ 2018 ਦਾ ਇੰਡੀਆ ਜਾਣਾ ਸਫਲ ਰਿਹਾ। ਇਸ ਵਾਰ ਮੇਰੀ ਪਤਨੀ ਵੀ ਨਾਲ ਸੀ। ਇੰਡੋ-ਕਨੇਡੀਅਨ ਬੱਸ ਲਾਈਨਜ਼ (Indo-Canadian Buslines) ਨਾਂ ਦੀ ਇੱਕ ਪਰਾਈਵੇਟ ਕੰਪਨੀ ਦਿੱਲੀ ਦੇ ਹਵਾਈ ਅੱਡੇ ਤੋਂ ਪੰਜਾਬ ਦੇ ਮੋਟੇ ਮੋਟੇ ਸ਼ਹਿਰਾਂ ਤਕ ਸਵਾਰੀਆਂ ਢੋਂਹਦੀ ਹੈ। ਇਸ ਕੰਪਨੀ ਦੀ ਬੱਸ ਨੇ ਦਿੱਲੀ ਤੋਂ ਚੁੱਕ ਸਾਨੂੰ ਖੰਨਾ ਸ਼ਹਿਰ ਦੀ ਜੂਹ ਵਿੱਚ ਛੱਡ ਦਿੱਤਾ, ਜਿੱਥੇ ਮੇਰੀ ਭੈਣ ਦਾ ਬੇਟਾ, ਸ਼ੀਰਾ, ਸਾਡੀ ਉਡੀਕ ਕਰ ਰਿਹਾ ਸੀ। ਦੋ ਅਸੀਂ, ਦੋ ਸਾਡੇ ਬੈਗ, ਛੋਟੀ ਕਾਰ ਵਿੱਚ ਅਸੀਂ ਮਸਾਂ ਬੈਠ ਸਕੇ। ਸ਼ੀਰਾ ਘਰ ਦੀ ਖੇਤੀਬਾੜੀ ਚਲਾਉਂਦਾ ਸੀ। ਅਸੀਂ ਉਹਦੇ ਪਿੰਡ ਦੇ ਬਾਹਰ ਪਾਏ ਘਰ ਠਹਿਰਦੇ, ਜਿੱਥੋਂ ਜੀ.ਟੀ. ਰੋਡ ਨੇੜੇ ਪੈਂਦੀ ਹੈ। ਦੋ ਦਿਨ ਖੇਤਾਂ ਵਿੱਚ ਗੇੜੇ ਲਾਏ, ਆਸ ਪਾਸ ਦੇ ਰਿਸ਼ਤੇਦਾਰਾਂ ਨੂੰ ਮਿਲੇ ਤੇ ਬਿਹਾਰ ਨੂੰ ਜਾਣ ਦੀ ਤਿਆਰੀ ਕੱਸ ਲਈ।
ਦਿੱਲੀ ਤਕ ਅਸੀਂ ਉਹੋ ਇੰਡੋ-ਕਨੇਡੀਅਨ ਬੱਸ ਫੜ ਲਈ ਜੋ ਸਾਨੂੰ ਦਿੱਲੀ ਤੋਂ ਚੁੱਕ ਖੰਨਾ ਸ਼ਹਿਰ ਲੈ ਕੇ ਆਈ ਸੀ। ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਅਸੀਂ ਪਟਨੇ ਪਹੁੰਚ ਗਏ। ਪਟਨੇ ਹਵਾਈ ਅੱਡੇ ਤੋਂ ਅਸੀਂ ਰਿਹਾਇਸ਼ੀ ਜਗਾਹ ਪਹੁੰਚਣ ਲਈ ਅਸੀਂ ਟੈਕਸੀ ਕਰ ਲਈ ਜਿਸਦਾ ਕਿਰਾਇਆ ਅਸੀਂ ਟੈਕਸੀ ਦਫਤਰ ਵਿੱਚ ਪਹਿਲਾਂ ਅਦਾ ਕੀਤਾ। ਪਹਿਲਾਂ ਦਿੱਤੇ ਕਿਰਾਏ ਵਾਲੀਆਂ ਟੈਕਸੀਆਂ (Prepaid taxis) ਸੁਰੱਖਿਅਤ ਸਮਝੀਆਂ ਜਾਂਦੀਆਂ ਹਨ।
ਸਾਨੂੰ ਬਾਲ ਲੀਲਾ ਯਾਤਰੀ ਨਿਵਾਸ ਵਿੱਚ ਕਮਰਾ ਮਿਲ ਗਿਆ। ਕਿਉਂਕਿ ਮੈਂ ਪਹਿਲਾਂ ਵੀ ਇੱਥੇ ਠਹਿਰ ਕੇ ਗਿਆ ਸਾਂ, ਇੱਥੋਂ ਘੁੰਮਣਾ-ਫਿਰਨਾ ਮੇਰੇ ਲਈ ਸੌਖਾ ਹੋ ਗਿਆ ਸੀ। ਅਸੀਂ ਇੱਕ ਪੰਜਾਬੀ ਬੋਲਦਾ ਟੈਕਸੀ ਡਰਾਈਵਰ ਲੱਭ ਲਿਆ ਜੋ ਬੁੱਧ, ਹਿੰਦੂ ਅਤੇ ਸਿੱਖ ਧਰਮ-ਅਸਥਾਨਾਂ ਨਾਲ ਸੰਪਰਕ ਰੱਖਦਾ ਸੀ। ਉਹ ਸਾਨੂੰ ਨਾਲੰਦਾ ਵੀ ਲੈ ਗਿਆ, ਜਿੱਥੇ ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਦੇ ਖੰਡਰ ਦੇਖਣ ਲਈ ਲੋਕ ਜਾਂਦੇ ਹਨ। ਜਿਸ ਦਿਨ ਅਸੀਂ ਇਸ ਮਹਾਂ-ਵਿਦਿਆਲੇ ਦੇ ਦਰਸ਼ਨ ਕੀਤੇ, ਤਕਰੀਬਨ 200 ਬੰਦੇ ਬੋਹੜ ਦੀ ਛਾਂ ਵਿੱਚ ਘਾਹ ਉੱਤੇ ਕਲਾਸ ਲਾਈ ਬੈਠੇ ਸਨ। ਉਨ੍ਹਾਂ ਵਿੱਚ ਬੋਧੀ ਦਰਵੇਸ਼ਾਂ ਦੀ ਗਿਣਤੀ ਸਭ ਤੋਂ ਵੱਧ ਸੀ। ਇੱਦਾਂ ਜਾਪਦਾ ਸੀ ਜਿਵੇਂ ਸੱਚ-ਮੁੱਚ ਹੀ ਪੁਰਾਣੇ ਸਮਿਆਂ ਵਿੱਚ ਬੈਠੇ ਹੋਣ।
***
ਸੈਕਰਾਮੈਂਟੋ ਇਤਿਹਾਸ ਅਜਾਇਬ ਘਰ ਦੀ ਯਾਤਰਾ
ਪੂਰਬੀ ਤੱਟ ਨੂੰ 2010 ਵਿੱਚ ਅਲਵਿਦਾ ਕਹਿਕੇ ਸੁਰਿੰਦਰ ਅਤੇ ਮੈਂ ਸੈਕਰਾਮੈਂਟੋ ਇਲਾਕੇ ਵਿੱਚ ਡੇਰਾ ਲਾ ਲਿਆ। ਸੱਤ ਸਾਲ ਬੀਤ ਗਏ, ਪਰ ਆਸ ਪਾਸ ਦੇ ਇਲਾਕੇ ਦੇਖਣ ਦੇ ਸਬੱਬ ਨਾ ਬਣੇ। ਇੱਕ ਸਮੱਸਿਆ ਇਹ ਸੀ ਕਿ ਸਾਨੂੰ ਕਈ ਦੇਖਣ ਵਾਲੀਆਂ ਥਾਂਵਾਂ ਬਾਰੇ ਜਾਣਕਾਰੀ ਨਹੀਂ ਸੀ। ‘ਸਿਆਰਾ ਕਾਲਜ’ ਵੱਲੋਂ ਇਤਿਹਾਸਕ ਥਾਂਵਾਂ ਦੇ ਦਰਸ਼ਨ ਕਰਨ ਲਈ ਇੱਕ ਕਾਰਜ ਚਲਾਇਆ ਹੋਇਆ ਸੀ। ਜਦੋਂ ਸਾਨੂੰ ਉਸ ਬਾਰੇ ਪਤਾ ਚੱਲਿਆ ਅਸੀਂ ਉਸਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ।
22 ਮਾਰਚ, 2017 ਵਾਲੇ ਦਿਨ ਅਸੀਂ ਸਿਆਰਾ ਕਾਲਜ ਤੋਂ ਸਵੇਰੇ 9:15 ਵਜੇ ਬੱਸ ਫੜੀ ਅਤੇ ਚੱਲ ਪਏ। ਸੈਕਰਾਮੈਂਟੋ ਵਿਚਦੀ ਲੰਘਦੀ ਬੱਸ ਸੈਕਰਾਮੈਂਟੋ ਨਦੀ ਦੇ ਕੰਢੇ ’ਤੇ ਜਾ ਖਲੋਈ। ਸਾਡੇ ਨਾਲ 50 ਬੰਦੇ ਹੋਰ ਸਨ, ਜਿਨ੍ਹਾਂ ਵਿੱਚ ਕਈ ਮੇਰੀ ਲਿੰਕਨ ਸ਼ਹਿਰ ਵਿੱਚ ਪੜ੍ਹਾਈ ਜਾਂਦੀ ਯਾਦ-ਦਾਸ਼ਤ ਕਲਾਸ ਦੇ ਸਨ।
ਸੈਕਰਾਮੈਂਟੋ ਦੇ ਇਤਿਹਾਸ ਦਾ ਅਜਾਇਬ ਘਰ ਦੇਖਣ ਜਾਂਦਿਆਂ ਸਾਰੇ ਰਸਤੇ ਮੀਂਹ ਵਰ੍ਹਦਾ ਰਿਹਾ। ਇਹ ਵੀ ਇੱਕ ਚੰਗੀ ਸ਼ੁਰੂਆਤ ਸੀ ਕਿਉਂਕਿ ਅਜਾਇਬ ਘਰ ਦਾ ਇਤਿਹਾਸ ਵਰਖਾ, ਨਦੀਆਂ, ਅਤੇ ਕੈਲੇਫੋਰਨੀਆ ਦੀ ਸੋਨਾ-ਦੌੜ ਨਾਲ ਸੰਬੰਧਤ ਹੈ। ਅਜਾਇਬ ਘਰ ਤੋਂ ਕੁਝ ਮੀਲ ਉੱਪਰ ਵੱਲ ਇੱਕ ਨਦੀ (American River) ਹੈ ਜੋ ਦੂਜੀ ਨਦੀ (Sacramento River) ਵਿੱਚ ਜਾ ਮਿਲਦੀ ਹੈ। ਸੈਕਰਾਮੈਂਟੋ ਦਾ ਸ਼ਹਿਰ ਇਸ ਥਾਂ ਦੇ ਇਰਦ ਗਿਰਦ ਹੀ ਆਰੰਭ ਹੋਇਆ ਸੀ। ਸੈਕਰਾਮੈਂਟੋ ਦੇ ਉੱਤਰੀ ਇਲਾਕਿਆਂ ਵਿੱਚ ਸੰਨ 2017 ਦੇ ਹੜ੍ਹ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪਾਣੀ ਬੇਅੰਤ ਲੋਕਾਂ, ਘਰਾਂ, ਅਤੇ ਪਸ਼ੂਆਂ ਦਾ ਨਾਸ਼ ਕਰ ਸਕਦਾ ਹੈ। ਇਸੇ ਤਰ੍ਹਾਂ ਦੇ ਨੁਕਸਾਨ ਇੱਥੇ 1850 ਦੇ ਲਾਗੇ ਵੀ ਹੁੰਦੇ ਰਹੇ ਸਨ।
ਤਕਰੀਬਨ 175 ਸਾਲ ਪਹਿਲਾਂ ਦੇ ਸਮੇਂ ਨੂੰ ਸੋਨਾ ਦੌੜ (Gold Rush) ਦਾ ਸਮਾਂ ਵੀ ਆਖਿਆ ਜਾਂਦਾ ਹੈ। ਲੋਕਾਂ ਨੂੰ ਭੁਲੇਖਾ ਹੋ ਗਿਆ ਸੀ ਕਿ ਕੈਲੇਫੋਰਨੀਆ ਵਿੱਚ ਜਿਵੇਂ ਦਰਖਤਾਂ ਦੇ ਪੱਤੇ ਸੋਨੇ ਦੇ ਬਣੇ ਹੋਣ। ਉਹ ਸੈਕਰਾਮੈਂਟੋ ਵੱਲ ਪੈਦਲ, ਬੱਘੀਆਂ (ਘੋੜਾ ਗੱਡੀਆਂ) ’ਤੇ ਆਏ ਅਤੇ ਸਾਨ ਫਰਾਂਸਿਸਕੋ ਨੂੰ ਦੁਨੀਆ ਭਰ ਤੋਂ ਕਿਸ਼ਤੀਆਂ ਰਾਹੀਂ, ਸੋਨੇ ਦੀ ਖਿੱਚ ਨੇ ਨਵੇਂ ਵਿਓਪਾਰੀ ਵੀ ਲਿਆਂਦੇ, ਜੀਹਨਾਂ ਨੇ ਸੈਕਰਾਮੈਂਟੋ ਨਦੀ ਦੇ ਆਸ-ਪਾਸ ਜ਼ਮੀਨਾਂ ਖਰੀਦ ਲਈਆਂ। ਜਿੱਥੇ ਜਿੱਥੇ ਸੋਨੇ ਦੀਆਂ ਖਾਨਾਂ ਦੀ ਸੂਹ ਮਿਲੀ, ਉੱਥੇ ਉੱਥੇ ਸੋਨਾ-ਦੌੜ ਨਗਰ ਉੱਸਰਦੇ ਗਏ। ਇਹ ਸੋਨਾ-ਨਗਰ ਹੁਣ ਹਾਈਵੇ 49 ਦੇ ਇਰਦ ਗਿਰਦ ਮਿਲਦੇ ਹਨ, ਜਿੱਥੇ ਸਭ ਤੋਂ ਪਹਿਲਾਂ ਸੋਨਾ ਮਿਲਿਆ ਸੀ।
ਸੈਕਰਾਮੈਂਟੋ ਨਦੀ ਦੇ ਕੰਢੇ ’ਤੇ ਉਸਾਰੇ ਨਵੇਂ ਘਰ ਉਨ੍ਹਾਂ ਲੋਕਾਂ ਦੀ ਲੋੜ ਪੂਰੀ ਕਰਦੇ ਸਨ ਜੋ ਸੋਨਾ-ਦੌੜ ਸਮੇਂ ਦੂਰ ਨੇੜੇ ਦੇ ਨਗਰਾਂ ਵੱਲ ਪਸਰ ਰਹੇ ਸਨ। ਪਹਿਲੇ ਘਰਾਂ ਦੀ ਉਸਾਰੀ ਲਈ ਟੁੱਟੀਆਂ-ਭੱਜੀਆਂ ਕਿਸ਼ਤੀਆਂ ਵੀ ਵਰਤੀਆਂ ਜਾਂਦੀਆਂ ਸਨ। ਉਸ ਸਮੇਂ ਦੇ ਸੈਕਰਮੈਂਟੋ ਦੇ ਵਪਾਰੀਆਂ ਵਿੱਚ ‘ਜੋਹਨ ਸਟਰ’ ਨਾਂ ਦਾ ਵਿਅਕਤੀ ਮਸ਼ਹੂਰ ਸੀ। ਮੇਰੀ ਸਮਝੇ ਜੋਹਨ ਸਟਰ (1803-1880), ਜਰਮਨੀ-ਸਵਿਟਜ਼ਰਲੈਂਡ ਤੋਂ ਆ ਕੇ ਇੱਥੇ ਵਸਿਆ ਸੀ ਜਦੋਂ ਕੈਲੇਫੋਰਨੀਆ ਮੈਕਸੀਕੋ ਦਾ ਭਾਗ ਹੁੰਦਾ ਸੀ। ਉਸਦੀ ਵਸਾਈ ਕਲੋਨੀ ਦਾ ਨਾਂ ਬਾਅਦ ਵਿੱਚ ਸੈਕਰਾਮੈਂਟੋ ਸ਼ਹਿਰ ਹੋ ਗਿਆ। ਸਟਰ ਨੇ ਵਪਾਰੀਆਂ, ਲੁਟੇਰਿਆਂ ਅਤੇ ਆਵਾਸੀਆਂ ਲਈ ਘਰ ਬਣਾਏ। ਇਤਿਹਾਸ ਗਵਾਹ ਹੈ ਕਿ ਸਟਰ ਨੇ ਆਦਿਵਾਸੀਆਂ ਦੀ ਮਿਹਨਤ ਦਾ ਨਜਾਇਜ਼ ਫਾਇਦਾ ਵੀ ਲਿਆ।
ਸਟਰ ਨੇ ਮੈਕਸੀਕਨ ਗਵਰਨਰ ਨਾਲ ਗਿਟ-ਮਿਟ ਕਰਕੇ ਆਪਣੇ ਨਾਂ ’ਤੇ ਸੈਕਰਾਮੈਂਟੋ ਨਦੀ ਲਾਗੇ ਜ਼ਮੀਨਾਂ ਲਵਾ ਲਈਆਂ। ਇੱਕ ਜ਼ਮੀਨ ਦੇ ਟੁਕੜੇ ਵਿੱਚੋਂ ਕੁਝ ਸੋਨੇ ਦੀਆਂ ਟੁਕੜੀਆਂ ਦੀ ਸ਼ਨਾਖਤ ਕੀਤੀ ਗਈ। ਇਹ ਵੀ ਕਿਹਾ ਮਿਲਦਾ ਹੈ ਕਿ ਇਸ ਸੋਨੇ ਕਾਰਨ ਹੀ ਉਸਦਾ ਨਿਘਾਰ ਹੋਇਆ।
ਸਭ ਤੋਂ ਪਹਿਲਾਂ ਸੋਨੇ ਦੀ ਸ਼ਨਾਖਤ ਸੈਕਰਾਮੈਂਟੋ ਵਿੱਚ ਹੋਈ ਜਿੱਥੇ ਸਟਰ ਦਾ ਵਾਸਾ ਸੀ। ਉੱਥੇ ਉਦੋਂ ਘੋੜਿਆਂ ਦੀ ਲਿੱਦ ਤੋਂ ਪਾਥੀਆਂ ਵੀ ਬਣਦੀਆਂ ਸਨ। ਇਹ ਇਤਿਹਾਸਕ ਜਗ੍ਹਾ ਮੇਰੇ ਘਰ ਤੋਂ ਵੀਹ ਮੀਲ ਦੀ ਵਿੱਥ ’ਤੇ ਹੈ।।
ਸੋਨਾ-ਦੌੜ ਸਮੇਂ ਭਾਰੀ ਬਾਰਸ਼ਾਂ ਕਾਰਨ ਨਗਰ ਵਿੱਚ ਹੜ੍ਹ ਆ ਗਏ। ਬਹੁਤ ਬੰਦੇ ਮਾਰੇ ਗਏ ਤੇ ਸਮਾਨ ਤਬਾਹ ਹੋ ਗਏ। ਪਰ ਸੋਨੇ ਦੀ ਖਿੱਚ ਨੇ ਮੌਤ ਦੇ ਡਰ ਨੂੰ ਟਿੱਚ ਜਾਣਿਆ ਅਤੇ ਲੋਕਾਂ ਨੇ ਹਰ ਹੜ੍ਹ ਮਗਰੋਂ ਢੱਠੇ ਘਰ ਦੁਬਾਰਾ ਖੜ੍ਹੇ ਕਰ ਲਏ। ਇਲਾਕੇ ਵਿੱਚ ਚੀਕਣੀ ਮਿੱਟੀ ਹੋਣ ਕਰਕੇ ਨਵੇਂ ਘਰ ਇੱਟਾਂ ਦੇ ਬਣਾਏ ਗਏ। ਪਰ ਹੜ੍ਹਾਂ ਵਿੱਚ ਉਹ ਘਰ ਮਿੱਟੀ ਨਾਲ ਭਰਦੇ ਰਹੇ।
ਸੈਕਰਾਮੈਂਟੋ ਦੇ ਲੋਕਾਂ ਨੇ ਭਰਤ ਪਾ ਕੇ ਜ਼ਮੀਨ ਨੂੰ ਨੌਂ ਫੁੱਟ ਉੱਚੀ ਕਰਨ ਦਾ ਫੈਸਲਾ ਕਰ ਲਿਆ। ਅਸੀਂ ਉਨ੍ਹਾਂ ਥਾਂਵਾਂ ਵਿੱਚ ਦੀ ਲੰਘੇ ਜੋ ਇਸ ਅਜਾਇਬ ਘਰ ਦੇ ਨਾਲ ਲੱਗਦੀਆਂ ਹਨ। ਥਾਂਵਾਂ ਉੱਚੀਆਂ ਕਰਨ ਦਾ ਕਾਰਨ ਸਮਝਣਾ ਤਾਂ ਸੌਖਾ ਸੀ ਪਰ ਦਿਲਚਸਪ ਅਤੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਹੜ੍ਹਾਂ ਕਾਰਨ ਮਿੱਟੀ ਵਿੱਚ ਦੱਬੇ ਮਕਾਨਾਂ ਨੂੰ ਵੀ ਨੌਂ ਫੁੱਟ ਉੱਚੇ ਚੱਕ ਦਿੱਤਾ ਗਿਆ। ਇਹ ਗੱਲਾਂ ਸੰਨ 1900 ਤੋਂ ਕੁਝ ਸਮਾਂ ਪਹਿਲਾਂ ਦੀਆਂ ਹਨ। ਨਮੂਨੇ ਵਜੋਂ ਕੁਝ ਮਕਾਨ ਓਵੇਂ ਦੇ ਓਵੇਂ ਦੱਬੇ ਰਹੇ। ਅਜਾਇਬ ਘਰ ਨੇ ਖੁਦਾਈ ਕਰਵਾਕੇ ਇਨ੍ਹਾਂ ਨੂੰ ਪਰਦਰਸ਼ਨੀ ਦਾ ਲਾਜਵਾਬ ਨਮੂਨਾ ਬਣਾ ਲਿਆ ਹੈ।
ਅਸੀਂ ਪੁਰਾਣੇ ਘਰਾਂ ਵਿੱਚ ਘੁੰਮ ਘੁੰਮ ਮਾਲਕਾਂ ਦੀਆਂ ਦੱਬੀਆਂ ਵਸਤਾਂ, ਉਨ੍ਹਾਂ ਦੇ ਜੀਵਨ ਢੰਗ ਬਾਰੇ ਜਾਣ ਸਕੇ। ਇਹ ਜਾਣਕਾਰੀ ਪੋਥੀਆਂ ਪੜ੍ਹਕੇ ਨਹੀਂ ਮਿਲ ਸਕਦੀ।
ਅਜਾਇਬ ਘਰ ਵਿੱਚ ਉਸ ਸਮੇਂ ਵਿੱਚ ਸ਼ੁਰੂ ਹੋਏ ਅਖਬਾਰ ਸੈਕਰਾਮੈਂਟੋ ਬੀਅ (The Sacramento Bee) ਦਾ ਇਤਿਹਾਸ ਵੀ ਪਿਆ ਹੈ। ਇਸ ਇਮਾਰਤ ਵਿੱਚ ਸਿਰਫ ਹੜ੍ਹਾਂ ਅਤੇ ਸੋਨੇ ਦੇ ਅੰਕੜੇ ਹੀ ਨਹੀਂ ਹਨ, ਇੱਥੇ ਲੋਕਾਂ ਦੀ ਗਾਥਾ ਵੀ ਹੈ। ਇੱਥੇ ਪੁਰਾਣੇ ਟੁਕੜੇ, ਮਸ਼ੀਨਾਂ, ਲੀੜੇ ਅਤੇ ਖਾਣੇ ਪਏ ਹਨ ਜੋ ਉਸ ਸਮੇਂ ਦੇ ਲੋਕਾਂ ਦੇ ਜੀਵਨ ਦੀ ਬਾਤ ਪਾਉਂਦੇ ਹਨ।
‘ਸੈਕਰਾਮੈਂਟੋ ਇਤਿਹਾਸ ਅਜਾਇਬ ਘਰ’ ਦਾ ਸਾਡੇ ਉੱਤੇ ਇੰਨਾ ਪ੍ਰਭਾਵ ਪਿਆ ਕਿ ਘਰ ਜਾਕੇ ਅਸੀਂ ਲਾਗੇ-ਲਗਦਾ ਰੇਲ-ਪੱਟੀ ਯਾਦਗਾਰ ਦੇਖਣ ਲਈ ਨਾਮ ਲਿਖਾ ਦਿੱਤੇ।
ਇਤਿਹਾਸ ਇੱਕ ਸਮੁੰਦਰ ਹੈ, ਜੋ ਕਦੇ ਪੂਰਾ ਨਹੀਂ ਭਰਦਾ।
ਫਿਰ ਇੱਕ ਦਿਨ ਅਸੀਂ ਸੈਕਰਾਮੈਂਟੋ ਰੇਲ-ਮਾਰਗ ਅਜਾਇਬ ਘਰ ਦੀ ਯਾਤਰਾ ਚੱਲ ਪਏ, ਦੁਪਹਿਰੇ ਖਾਣ ਲਈ ਨਿੱਕ-ਸੁੱਕ ਦੇ ਨਾਲ ਪਾਣੀ ਦੀਆਂ ਬੋਤਲਾਂ ਲੈ ਲਈਆਂ। ਬਾਰਸ਼ ਸਵੇਰੇ ਸਵੇਰੇ ਸ਼ੁਰੂ ਹੋ ਗਈ।
ਇੱਕ ਅੱਸੀਆਂ ਨੂੰ ਟੱਪਿਆ ਮਖੌਲੀਆ ਬੰਦਾ, ਜੌਰਜ ਪਾਲਮਰ, ਸਾਨੂੰ ਯਾਤਰਾ ਗਾਈਡ ਦਿੱਤਾ ਗਿਆ। ਵੱਡੀ ਉਮਰ ਵਿੱਚ ਵੀ ਉਹ ਦੋਸਤਾਂ-ਮਿੱਤਰਾਂ ਨਾਲ ਪੈਦਲ ਯਾਤਰਾ ’ਤੇ ਚੜ੍ਹਿਆ ਰਹਿੰਦਾ ਸੀ। ਅਜਾਇਬ ਘਰ ਵਿੱਚ ਘੁਮਾਉਂਦਾ ਹੋਇਆ ਜਦੋਂ ਉਹ ਕੁਝ ਦੱਸਣ ਲੱਗਾ, ਲੋਕ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ।
“ਅਸੀਂ ਕੁਝ ਗਾਉਣਾ ਹੋਵੇ ਤਾਂ ਇਕੱਠੇ ਗਾ ਸਕਦੇ ਹਾਂ, ਇਕੱਠੇ ਗੱਲਾਂ ਨਹੀਂ ਕਰ ਸਕਦੇ।” ਬੋਲਣ ਤੋਂ ਪਹਿਲਾਂ ਉਹ ਕਹਿਣ ਲੱਗਾ। ਇਸ ਬਜ਼ੁਰਗ ਤੋਂ ਮੈਂ ਕਿੰਨੀ ਚੰਗੀ ਗੱਲ ਸਿੱਖ ਲਈ। ਅਜਾਇਬ ਘਰ ਵਿੱਚ ਤੁਰਦਾ ਤੁਰਦਾ ਉਹ ਸੈਕਰਾਮੈਂਟੋ ਰੇਲ-ਮਾਰਗ ਦੇ ਉਸਾਰਨ ਦੇ ਇਤਿਹਾਸ ਦੀ ਗੱਲ ਕਰਦਾ, ਇਸ ਨੂੰ ਲੂਜ਼ੀਆਨਾ-ਖਰੀਦ ਨਾਲ ਜੋੜ ਦਿੰਦਾ, ਕੈਲੇਫੋਰਨੀਆ ਦੀ ਸੋਨਾ-ਦੌੜ ਨਾਲ ਸੰਬੰਧ ਦੱਸ ਜਾਂਦਾ, ਤੇ ਅਮਰੀਕਾ ਦੇ ਪ੍ਰਧਾਨ ਬਣਨ ਤੋਂ ਪਹਿਲਾਂ, ਐਬਰਾਹਾਮ ਲਿੰਕਨ ਦੇ ਰੇਲ-ਮਾਰਗ ਦੇ ਵਕੀਲ ਸਮੇਂ ਦੀਆਂ ਕਹਾਣੀਆਂ ਦੱਸਦਾ। ਮਿਸਟਰ ਪਾਲਮਰ ਅਮਰੀਕਾ ਦੇ ਰੇਲ-ਮਾਰਗ ਇਤਿਹਾਸ ਵਿੱਚ ਚੀਨੀ ਅਤੇ ਕਾਲੇ ਅਮਰੀਕਣਾਂ ਦੇ ਹਿੱਸਿਆਂ ਬਾਰੇ ਜਾਣਕਾਰੀ ਦਿੰਦਾ।
ਕੰਪਿਊਟਰ ਤੇ ਚਲਾਈ ਐਨਸੈਸਟਰੀ-ਡਾਟ-ਕਾਮ (Ancestry.com) ਖੋਜ ਕੰਪਣੀ ਅਨੁਸਾਰਓਬਾਮਾ ਜੋਹਨ ਪੰਚ ਦੀ ਗਿਆਰ੍ਹਵੀਂ ਪੁਸ਼ਤ ਹੈ। ਜੋਹਨ ਪੰਚ ਜ਼ਬਰਦਸਤੀ ਅਮਰੀਕਣ ਗੁਲਾਮ ਬਣਾਇਆ ਹੋਇਆ ਸੀ। ਓਬਾਮਾ ਦੀ ਚਿੱਟੇ ਰੰਗ ਦੀ ਮਾਂ ਅਮਰੀਕਣ ਬਸਤੀਆਂ ਦੇ ਪਹਿਲੇ ਗੁਲਾਮ ਦੀ ਵੰਸ਼ ਵਿੱਚੋਂ ਸੀ, ਜੋ ਬੰਚ ਪਰਿਵਾਰ ਨਾਲ ਸੰਬੰਧਤ ਹੈ। “ਕਿਸੇ ਹੋਰ ਨੂੰ ਨਾ ਦੱਸਿਓ ਕਿ ਇਹ ਸਭ ਕੁਝ ਸੱਚ ਹੈ।” ਮਿਸਟਰ ਪਾਲਮਰ ਕਹਿੰਦਾ। ਮੈਂ ਹਾਂ ਵਿੱਚ ਹਾਂ ਮਿਲਾ ਦਿੱਤੀ।
ਪਰਦਰਸ਼ਨੀ ਵਿੱਚ ਅਸੀਂ ਭਿੰਨ ਭਿੰਨ ਪੁਰਾਣੀਆਂ ਗੱਡੀਆਂ ਦੇ ਇੰਜਣ ਦੇਖੇ, ਜੋ ਲੱਕੜਾਂ ਅਤੇ ਕੋਲਿਆਂ ਨਾਲ ਚਲਦੇ ਸਨ। ਨਵੀਂ ਕੀਤੇ ਪਾਲਸ਼ ਨਾਲ ਪੁਰਾਣੇ ਇੰਜਣ ਵੀ ਨਵੇਂ-ਨਕੋਰ ਲਗਦੇ ਸਨ। ਕੈਲੇਫੋਰਨੀਆ ਅਤੇ ਯੂਰਪ ਦਾ ਕੋਈ ਹੋਰ ਅਜਾਇਬ ਘਰ ਸ਼ਾਇਦ ਹੀ ਸੈਕਰਾਮੈਂਟੋ ਦੇ ਰੇਲ-ਮਾਰਗ ਅਜਾਇਬ ਘਰ ਦੀ ਬਰਾਬਰੀ ਕਰਦਾ ਹੋਵੇ।
ਸਾਡੇ ਨਾਲ ਕਈ ਲੋਕ ਇਸ ਅਜਾਇਬ ਘਰ ਵਿੱਚ ਬਾਰ-ਬਾਰ ਆਉਣ ਵਾਲੇ ਸਨ। ਇੱਕ ਬੰਦਾ, ਜੋ ਹੁਣ ਵਾਲੰਟੀਅਰ ਸੀ, ਦਸ ਸਾਲ ਦਾ ਜੁੜਿਆ ਹੋਇਆ ਸੀ। ਇਸ ਭਲੇ ਪੁਰਸ਼ ਨੇ ਤੰਗ ਰੇਲ-ਪਟੜੀ ਅਜਾਇਬ ਘਰ ਬਾਰੇ ਸੁਣਿਆ ਵੀ ਨਹੀਂ ਸੀ। ਤੰਗ ਰੇਲ-ਪਟੜੀ ਅਜਾਇਬ ਘਰ ਸੈਕਰਾਮੈਂਟੋ ਤੋਂ ਬਾਹਰ ਨੈਵਾਡਾ ਸਿਟੀ ਲਾਗੇ ਹੈ ਜਿਸ ਨੂੰ ਹਾਈਵੇ 49 ਜਾਂਦਾ ਹੈ।
ਜਦੋਂ ਮਿਸਟਰ ਪਾਲਮਰ ਨੇ ਆਪਣਾ ਤੋਰਾ ਸਮਾਪਤ ਕੀਤਾ, ਅਸੀਂ ਘਰੋਂ ਲਿਆਂਦਾ ਭੋਜਨ ਅਜਾਇਬ ਘਰ ਦੇ ਕੋਨੇ ਵਿੱਚ ਬੈਠ ਕੇ ਛਕ ਲਿਆ। ਫਿਰ ਅਸੀਂ ਸਿਆਰਾ ਕਾਲਜ ਪਹੁੰਚ ਗਏ। ਇਹ ਯਾਤਰਾ ਵੀ ਸਾਡੇ ਬਹੁਤ ਪਸੰਦ ਆਈ। ਇਸ ਯਾਦ ਨੂੰ ਸਾਂਭਣ ਲਈ ਮੈਂ ਅਜਾਇਬ ਘਰ ਦੇ ਲਾਗੇ ਐਤਵਾਰ ਨੂੰ ਕਾਰ ਘੁਮਾਈ, ਜਦੋਂ ਭੀੜ ਘੱਟ ਅਤੇ ਦਿਨੇ ਧੁੱਪ ਸੀ।
ਸੈਕਰਾਮੈਂਟੋ ਇੱਕ ਦੇਖਣ ਵਾਲਾ ਸ਼ਹਿਰ ਹੈ, ਜਦੋਂ ਸੂਰਜ ਚਮਕਦਾ ਹੋਵੇ ਅਤੇ ਲੋਕ ਸੜਕਾਂ ’ਤੇ ਟੀਂ-ਟੀਂ ਨਾ ਕਰਦੇ ਫਿਰਦੇ ਹੋਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4026)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)