“ਹਵਾਈ ਦਾ ਇਲਾਕਾ ਦੇਖਣ ਬਾਰੇ ਤਾਂ ਅਸੀਂ ਕਈ ਵਾਰ ਸੋਚਿਆ ਸੀ, ਪਰ ਐਲਾਸਕਾ ਤਾਂ ਸਾਡੇ ਚਿੱਤ-ਚੇਤੇ ...”
(24 ਮਈ 2025)
ਇਸ ਸਮੇਂ ਮਹਿਮਾਨ: 295.
ਪਾਕਿਸਤਾਨ
ਸੰਨ 2007 ਦੀ ਫਰਵਰੀ ਵਿੱਚ ਸੁਰਿੰਦਰ ਅਤੇ ਮੈਂ ਇੰਡੀਆ ਗਏ। ਇੰਡੀਆ ਜਾਣ ਤੋਂ ਪਹਿਲਾਂ ਅਸੀਂ ਪਾਕਿਸਤਾਨ ਦੀਆਂ ਇਤਿਹਾਸਕ ਥਾਂਵਾਂ ਦੇਖਣ ਬਾਰੇ ਮਨਸੂਬੇ ਘੜ ਰਹੇ ਸਾਂ। ਪਾਕਿਸਤਾਨ ਵਿੱਚ ਹਿੰਸਾ ਘਟੀ ਹੋਣ ਕਰਕੇ ਪਾਕਿਸਤਾਨ ਦਾ ਇੰਡੀਆ ਨਾਲ ਰਿਸ਼ਤਾ ਵੀ ਠੀਕ ਹੋ ਰਿਹਾ ਸੀ। ਆਮ ਲੋਕਾਂ ਦੇ ਸੁਖ ਲਈ ਦਿੱਲੀ ਤੋਂ ਲਾਹੌਰ ਤਕ ਪੁਲਿਸ ਦੀ ਨਿਗਰਾਨੀ ਹੇਠ ਬੱਸਾਂ ਵੀ ਚੱਲ ਪਈਆਂ ਸਨ।
ਦਿੱਲੀ ਤੋਂ ਲਾਹੌਰ ਜਾਂਦੀ ਬੱਸ ਵਿੱਚ ਕਰਨਾਲ ਦੇ ਲਾਗੇ ਇੱਕ ਹਿੰਸਕ ਘਟਨਾ ਹੋਈ, ਜਿਸ ਵਿੱਚ ਕਈ ਪਾਕਿਸਤਾਨੀ ਯਾਤਰੀ ਮਾਰੇ ਗਏ। ਫਿਰ ਵੀ ਸਾਡੇ ਚੰਗੇ ਭਾਗ ਕਿ ਉਸੇ ਦਿਨ ਅਸੀਂ ਬਾਘਾ ਬਾਰਡਰ ਰਾਹੀਂ ਪਾਕਿਸਤਾਨ ਵੜ ਸਕੇ। ਅਸੀਂ ਬੱਸ ਨਾਲੋਂ ਟੈਕਸੀਆਂ ਰਾਹੀਂ ਜਾਣਾ ਬਿਹਤਰ ਸਮਝਿਆ।
ਡਾ. ਹਰਬੰਸ ਲਾਲ, ਜੋ ਟੈਕਸਾਸ ਵਿੱਚ ਪ੍ਰੋਫੈਸਰੀ ਕਰਦਾ ਸੀ, ਕੁਝ ਸਮੇਂ ਤੋਂ ਮੇਰਾ ਵਾਕਫ ਬਣ ਗਿਆ ਸੀ। ਉਹ ਧਾਰਮਕ ਸੰਬੰਧਾਂ ਦੇ ਵਿਸ਼ਿਆਂ ਵਿੱਚ ਸਰਗਰਮ ਸੀ ਅਤੇ ਪਾਕਿਸਤਾਨ ਜਾਂਦਾ ਰਹਿੰਦਾ ਸੀ। ਉਹ ਪਾਕਿਸਤਾਨ ਦੀ ਧਰਤੀ ਦਾ ਜੰਮਪਲ ਹੈ, ਜਦੋਂ ਅਜੇ ਪਾਕਿਸਤਾਨ ਬਣਿਆ ਵੀ ਨਹੀਂ ਸੀ। ਹੁਣ ਉਹ ਲਾਹੌਰ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣ ਜਾਂਦਾ ਰਿਹਾ ਸੀ। ਹਰਬੰਸ ਲਾਲ ਜੀ ਨੇ ਮੇਰਾ ਸੰਪਰਕ ਇੱਕ ਰੀਟਾਇਰ ਹੋਏ ਪਾਕਿਸਤਾਨੀ ਕਰਨਲ, ਹਮੀਦ ਅਲੀ ਖਾਂ ਨਾਲ ਕਰਵਾ ਦਿੱਤਾ, ਜਿਸ ਨਾਲ ਜੁੜ ਕੇ ਹਰਬੰਸ ਲਾਲ ਲਾਹੌਰ ਦੀਆਂ ਮੀਟਿੰਗਾਂ ਕਰਵਾਉਂਦਾ ਸੀ। ਕਰਨਲ ਹਮੀਦ ਇੱਕ ਵਿਉਪਾਰੀ ਸ਼ਖਸ ਸੀ, ਜਿਸਦਾ ਲਾਹੌਰ ਦੇ ਐਲਪਾਈਨ ਹੋਟਲ ਵਿੱਚ ਹਿੱਸਾ ਸੀ। ਉਹ ਅੰਤਰਰਾਸ਼ਟਰੀ ਵਿਉਪਾਰਕ ਕੰਮ ਵੀ ਕਰਦਾ ਸੀ। ਕਰਨਲ ਸਾਹਿਬ ਨੇ ਸਾਡੀ ਮਦਦ ਲਈ ਟੈਕਸੀ ਦਾ ਬੰਦੋਬਸਤ ਕਰਕੇ ਸਰਹੱਦ ’ਤੇ ਟੈਕਸੀ ਡਰਾਈਵਰ ਭੇਜ ਦਿੱਤਾ ਅਤੇ ਅਸੀਂ ਲਾਹੌਰ ਦੇ ਇੱਕ ਦਰਮਿਆਨੇ ਹੋਟਲ ਵਿੱਚ ਰਿਹਾਇਸ਼ ਕਰ ਲਈ, ਜਿੱਥੋਂ ਅਸੀਂ ਹਰ ਰੋਜ਼ ਤੜਕੇ ਨਿਕਲ ਜਾਂਦੇ ਅਤੇ ਸੂਰਜ ਛਿਪਣ ਤੋਂ ਪਹਿਲਾਂ ਵਾਪਸ ਮੁੜ ਆਉਂਦੇ।
ਲਾਹੌਰ ਇੱਕ ਚਹਿਲ-ਪਹਿਲ ਵਾਲਾ ਸ਼ਹਿਰ ਹੈ। ਲੋਕ ਬੜੇ ਆਉ ਭਗਤ ਵਾਲੇ ਹਨ, ਪਰ ਇੱਥੋਂ ਦੀ ਪੁਲਿਸ ਦਾ ਰੈਪੂਟੇਸ਼ਨ ਵੀ ਇੰਡੀਆ ਦੀ ਪੁਲਿਸ ਤੋਂ ਬਿਹਤਰ ਨਹੀਂ। ਸਾਡਾ ਡਰਾਈਵਰ ਵੀ ਫੁਰਤੀਲਾ ਸੀ, ਉਸ ਨਾਲ ਜੁੜਿਆ ਕਰਨਲ ਸਾਡੇ ਲਈ ਸਹਾਰਾ ਬਣਿਆ ਹੋਇਆ ਸੀ। ਡਰਾਈਵਰ ਨੇ ਸਾਡੇ ਲਈ ਫੋਨ ਵੀ ਚਲਦਾ ਕਰ ਦਿੱਤਾ ਸੀ। ਬਿਪਤਾ ਵਿੱਚ ਫਸਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ, ਇਸ ਲਈ ਸਦਾ ਹਨ੍ਹੇਰਾ ਹੋਣ ਤੋਂ ਪਹਿਲਾਂ ਲਾਹੌਰ ਮੁੜ ਆਉਂਦੇ।
ਪਾਕਿਸਤਾਨ ਪਹੁੰਚਣ ਸਮੇਂ ਸਾਡੇ ਪਾਸ ਕਰਨਲ ਲਈ ਤਾਜੇ ਬਿਸਕੁਟ ਵੀ ਸਨ ਜੋ ਅਸੀਂ ਫਗਵਾੜਾ ਸ਼ਹਿਰ ਦੇ ਹਲਵਾਈ ਨੂੰ ਘਰੋਂ ਸਮਾਨ ਦੇ ਕੇ ਬਣਵਾਏ ਸਨ। ਕਰਨਲ ਦਾ ਭੇਜਿਆ ਟੈਕਸੀ ਡਰਾਈਵਰ, ਮੁਹੰਮਦ ਅਮੀਨ, ਸਰਹੱਦ ਦੇ ਲਾਗੇ ਗੱਤੇ ਦਾ ਟੁਕੜਾ ਹਿਲਾ ਰਿਹਾ ਸੀ, ਜਿਸ ਉੱਤੇ ਮੇਰਾ ਨਾਂ ਲਿਖਿਆ ਹੋਇਆ ਸੀ। ਉਹ ਸਾਨੂੰ ਲਾਹੌਰ ਕਰਨਲ ਸਾਹਿਬ ਦੇ ਦਫਤਰ ਲੈ ਗਿਆ, ਜਿੱਥੇ ਉਸਦਾ ਹੋਟਲ ਸੀ। ਆਪ ਤਾਂ ਕਰਨਲ ਸਾਹਿਬ ਕਿਤੇ ਗਏ ਹੋਏ ਸਨ, ਇਸ ਲਈ ਸਾਡੇ ਲਈ ਉਡੀਕਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਕਰਨਲ ਦੀ ਸਕੱਤਰ, ਇੱਕ ਚੰਗੇ ਸੁਭਾ ਵਾਲੀ ਕੁੜੀ, ਨੇ ਸਾਡੇ ਲਈ ਚਾਹ ਮੰਗਵਾ ਲਈ।
“ਬਿਸਕੁਟ ਬਚਦੇ ਆ ਕੁਝ ਰਸ਼ੀਦ?” ਕੁੜੀ ਆਪਣੇ ਸਹਾਇਕ ਨੂੰ ਪੁੱਛਣ ਲੱਗੀ। ਰਸ਼ੀਦ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਕੁੜੀ ਨੇ ਰਸ਼ੀਦ ਨੂੰ ਕੁਝ ਹੋਰ ਲਿਆਉਣ ਲਈ ਆਖਿਆ। ਸੁਰਿੰਦਰ ਅਤੇ ਮੈਂ, ਇੱਕ ਦੂਜੇ ਵੱਲ ਤੱਕਣ ਲੱਗ ਪਏ। ਅਸੀਂ ਰਸ਼ੀਦ ਨੂੰ ਫਗਵਾੜੇ ਤੋਂ ਲਿਆਂਦੇ ਬਿਸਕੁਟਾਂ ਬਾਰੇ ਦੱਸਿਆ। ਮਾਹੌਲ ਐਸਾ ਰੰਗੀਨ ਹੋ ਗਿਆ ਕਿ ਕਰਨਲ ਲਈ ਲਿਆਂਦੇ ਸਾਰੇ ਬਿਸਕੁਟ ਅਸੀਂ ਖਤਮ ਕਰ ਦਿੱਤੇ। ਚਾਹ ਤੋਂ ਬਾਅਦ ਸੈਕਟਰੀ ਨੇ ਸਾਨੂੰ ਕਰਨਲ ਦੇ ਦਫਤਰ ਵਿੱਚ ਬਿਠਾ ਦਿੱਤਾ।
ਤਿੰਨ ਘੰਟੇ ਕਰਨਲ ਦੀ ਉਡੀਕ ਵਿੱਚ ਬੀਤ ਗਏ। ਐਨਾ ਵੱਡਾ ਦਫਤਰ, ਜਿਸ ਵਿੱਚ ਕਈ ਕਿਸਮ ਦੀਆਂ ਸਹੂਲਤਾਂ ਸਨ, ਮੈਂ ਅਮਰੀਕਾ ਵਿੱਚ ਵੀ ਨਹੀਂ ਸੀ ਦੇਖਿਆ, ਜਿਵੇਂ ਕਰਨਲ ਸਾਹਿਬ ਮੌਜਾਂ ਮਾਣ ਰਹੇ ਹੋਣ। ਮੈਂ ਉੱਥੇ ਛੇਤੀ ਛੇਤੀ ਇਸ਼ਨਾਨ ਵੀ ਕਰ ਲਿਆ। ਲੋਹੜੇ ਦੀ ਗਰਮੀ ਪੈ ਰਹੀ ਸੀ।
ਕਰਨਲ ਦੇ ਆਪਣੇ ਹੋਟਲ ਦੇ ਸਾਰੇ ਕਮਰੇ ਬੁੱਕ ਹੋ ਚੁੱਕੇ ਸਨ। ਜਦੋਂ ਕਰਨਲ ਵਾਪਸ ਲੌਟਿਆ, ਉਹਦੇ ਨਾਲ ਦੋ ਬੰਦੇ ਹੋਰ ਵੀ ਸਨ। ਪ੍ਰਭਾਵਸ਼ਾਲੀ ਖਾਣਾ ਪਰੋਸਿਆ ਗਿਆ। ਬੰਦਿਆਂ ਵਿਚਲਾ ਝੱਖ ਸੁਣ ਸੁਣ ਸੁਰਿੰਦਰ ਬੇ-ਆਰਾਮ ਦਿਸ ਰਹੀ ਸੀ। ਕੁਝ ਚਿਰ ਬਾਅਦ ਕਰਨਲ ਸਾਹਿਬ ਦੇ ਕਹਿਣ ’ਤੇ ਸਾਡਾ ਉਹੀ ਡਰਾਈਵਰਵਰ ਅਮੀਨ ਸਾਨੂੰ ਹੋਟਲ ਲੱਭਣ ਲਈ ਲੈ ਗਿਆ। ਕਰਨਲ ਦੇ ਹੋਟਲ ਤੋਂ ਦੋ ਕੁ ਮੀਲ ਦੀ ਵਿੱਥ ਤੇ ਸਾਡਾ ਸੁਰੱਖਿਅਤ ਅੱਡਾ ਬਣ ਗਿਆ, ਜਿੱਥੋਂ ਅਸੀਂ ਤੜਕੇ ਤੜਕੇ ਨਿਕਲ ਜਾਂਦੇ ਅਤੇ ਸੂਰਜ ਛਿਪਣ ਤੋਂ ਪਹਿਲਾਂ ਵਾਪਸ ਆ ਜਾਂਦੇ।
ਅਗਲੇ ਦਿਨ ਅਸੀਂ ਸਿੱਖ ਲਹਿਰ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ। ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਤਰਸਦੇ ਰਹਿੰਦੇ ਹਨ। ਜੋ ਵੀ ਸਿੱਖ ਪਾਕਿਸਤਾਨ ਜਾਂਦਾ ਹੈ, ਨਨਕਾਣਾ ਸਾਹਿਬ ਜ਼ਰੂਰ ਜਾ ਕੇ ਆਉਂਦਾ ਹੈ। ਜਿਉਂ ਜਿਉਂ ਹਿੰਦੂ-ਮੁਸਲਮਾਨ ਨਫਰਤ ਵਧਦੀ ਜਾ ਰਹੀ ਹੈ, ਉੱਥੇ ਹਿੰਦੂਆਂ ਦਾ ਆਉਣਾ ਜਾਣਾ ਘਟਦਾ ਜਾ ਰਿਹਾ ਹੈ। ਨਨਕਾਣਾ ਸਾਹਿਬ ਤੋਂ ਵਾਪਸ ਆਉਂਦੇ ਅਸੀਂ ਹੋਰ ਵੀ ਕਈ ਥਾਂ ਗਏ। ਅਸੀਂ ਜੰਡਿਆਲਾ ਨਗਰ ਵਿੱਚ ਵਾਰਿਸ ਸ਼ਾਹ (1722-1798) ਦੀ ਮਜ਼ਾਰ ਵਿੱਚ ਗਏ। ਵਾਰਿਸ ਸ਼ਾਹ ਪੰਜਾਬੀ ਦਾ ਜਗਤ ਪਰਸਿੱਧ ਸੂਫੀ ਸ਼ਾਇਰ ਹੋਇਆ ਹੈ। ਇੰਡੀਆ, ਪਾਕਿਸਤਾਨ, ਅਤੇ ਬਾਕੀ ਮੁਲਕਾਂ ਵਿੱਚ ਪੰਜਾਬੀ ਵਿਰਸੇ ਦੇ ਲੋਕ, ਧਰਮਾਂ ਤੋਂ ਉੱਚੇ ਉੱਠਕੇ, ਉਸਦਾ ਸਤਿਕਾਰ ਕਰਦੇ ਹਨ। ਉਸਦੀ ਰਚਨਾ, ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਦਾ ਕਿੱਸਾ, ਲਾ-ਜਵਾਬ ਮੰਨਿਆ ਜਾਂਦਾ ਹੈ।
ਬਚਦੇ ਸਮੇਂ ਵਿੱਚ ਅਸੀਂ ਹੋਰ ਮਜ਼ਾਰਾਂ, ਬਾਗਾਂ, ਅਤੇ ਉਹਨਾਂ ਇਤਿਹਾਸਕ ਥਾਂਵਾਂ ’ਤੇ ਜਾਂਦੇ ਰਹੇ, ਜਿਨ੍ਹਾਂ ਬਾਰੇ ਅਸੀਂ ਪੜ੍ਹਿਆ ਹੋਇਆ ਸੀ। ਪਰ ਜੋ ਦੇਖਣ ਗਏ ਸੀ, ਸਭ ਕੁਝ ਦੇਖ ਨਾ ਸਕੇ। ਸਾਨੂੰ ਪਾਕਿਸਤਾਨ ਕਾਨੂੰਨ ਦੀ ਉਲੰਘਣਾ ਹੋ ਜਾਣ ਦਾ ਡਰ ਵੀ ਸੀ। ਫੇਰ ਵੀ ਇਸ ਫੇਰੀ ਨੇ ਸਾਨੂੰ ਪਾਕਿਸਤਾਨੀ ਪੰਜਾਬ ਦੇ ਲੋਕਾਂ ਅਤੇ ਵਿਰਸੇ ਨਾਲ ਹੋਰ ਜੋੜ ਦਿੱਤਾ। ਇਹ ਸਿਰਫ ਕਿਤਾਬਾਂ ਪੜ੍ਹਕੇ ਨਹੀਂ ਸੀ ਹੋਣਾ।
ਲਾਹੌਰ ਦੇ ਲੋਕਾਂ ਵਿੱਚ ਪੰਜਾਬੀ ਅਪਣੱਤ ਕੁੱਟ ਕੁੱਟ ਭਰੀ ਹੋਈ ਹੈ। ਪਹਿਲੀ ਰਾਤ ਦੇ ਤੜਕੇ ਉੱਠਕੇ ਅਸੀਂ ਹੋਟਲ ਦੇ ਲਾਗੇ ਇੱਕ ਢਾਬੇ ’ਤੇ ਚਾਹ ਪੀਣ ਬੈਠ ਗਏ। ਪਰੌਂਠੇ ਦੇਖ, ਦੋ ਅਸੀਂ ਵੀ ਆਰਡਰ ਕਰ ਦਿੱਤੇ। ਜਦੋਂ ਅਸੀਂ ਪੈਸੇ ਦੇਣ ਲੱਗੇ ਤਾਂ ਮਾਲਕ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।
“ਅਸੀਂ ਵੀ ਪੰਜਾਬੀ ਹਾਂ ਜੀ, ਤੁਸੀਂ ਹੋ ਸਾਡੇ ਮਹਿਮਾਨ ਪਰਲੇ ਬੰਨਿਓਂ।”
ਉਸ ਢਾਬੇ ਕੋਲ ਸਵੇਰੇ ਸਵੇਰੇ ਕੋਈ ਹੋਰ ਢਾਬਾ ਨਹੀਂ ਸੀ ਖੁੱਲ੍ਹਦਾ। ਅਗਲੇ ਦਿਨ ਅਸੀਂ ਚਾਹ ਪੀਣ ਵਾਸਤੇ ਉਦੋਂ ਤਕ ਨਾ ਬੈਠੇ ਜਦੋਂ ਤਕ ਮਾਲਕ ਨੇ ਪੈਸੇ ਪਹਿਲਾਂ ਨਾਂ ਲੈ ਲਏ। ਇਸਦੇ ਉਲਟ, ਬਾਘਾ ਸਰਹੱਦ ’ਤੇ ਇੱਕ ਸਿਪਾਹੀ ਪੈਸੇ ਝਾੜਨ ਖਾਤਰ ਟਾਲ-ਮਟੋਲ ਕਰਦਾ ਰਿਹਾ ਅਤੇ ਹੋਟਲ ਦੇ ਬਾਹਰ ਖੜ੍ਹਾ ਚੌਕੀਦਾਰ ਸਾਡੇ ਅੱਗੇ ਹੱਥ ਅੱਡਦਾ ਰਿਹਾ।
ਨਨਕਾਣਾ ਸਾਹਿਬ ਜਾਣ ਲਈ ਸਾਡਾ ਡਰਾਈਵਰ ਅਮੀਨ, ਲਾਹੌਰ ਵਿੱਚੋਂ ਬਾਹਰ ਨਿਕਲਦਾ ਲਾਲ ਬੱਤੀ ਦੀ ਉਲੰਘਣਾ ਕਰਦਾ ਫੜਿਆ ਗਿਆ। ਪੁਲਿਸ ਅਫਸਰ ਨੇ ਸੀਟੀ ਮਾਰਕੇ ਉਹਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। “ਇਹ ਸਰਦਾਰ ਜੀ, ਇਹਦਾ ਪੈਸੇ ਝਾੜਨ ਦਾ ਮੌਕਾ,” ਅਮੀਨ ਕਾਰ ਖੜ੍ਹਾਉਂਦਾ ਬੋਲਿਆ। “ਫਿਕਰ ਨਾ ਕਰੋ ਜੀ, ਮੈਂ ਹੁਣੇ ਆਇਆ।” ਸਵੇਰ ਦੇ ਨੌਂ ਵੱਜੇ ਸਨ। ਅਮੀਨ ਨੇ ਆਪਣੇ ਕਾਗਜ਼-ਪੱਤਰ ਸੀਟ ਥੱਲੇ ਧੱਕ ਦਿੱਤੇ।
“ਲਸੰਸ ਮੈਂ ਘਰ ਭੁੱਲ ਆਇਆਂ ਜੀ,” ਅਮੀਨ ਪੁਲਸੀਏ ਅਫਸਰ ਨੂੰ ਕਹਿੰਦਾ। ਫਿਰ ਸਾਥੋਂ ਥੋੜ੍ਹਾ ਦੂਰ ਹੋ ਕੇ ਦੋਨੋਂ ਪੰਜ-ਛੇ ਮਿੰਟ ਘੁਸਰ-ਮਸਰ ਕਰਦੇ ਰਹੇ, ਅਸੀਂ ਕਾਰ ਵਿੱਚ ਬੈਠੇ ਰਹੇ। ਜਦੋਂ ਗੱਲ ਨਿੱਬੜ ਗਈ, ਅਮੀਨ ਨੇ ਟੈਕਸੀ ਫੇਰ ਭਜਾ ਲਈ।
“ਤੂੰ ਸਾਨੂੰ ਹੋਟਲ ਵਿੱਚ ਛੱਡਕੇ ਆਪਣਾ ਲਸੰਸ ਲੈ ਆ ਘਰੋਂ,” ਮੈਂ ਅਮੀਨ ਨੂੰ ਕਿਹਾ। ਮੈਂ ਡਰਦਾ ਸੀ ਕਿ ਉਹ ਰਾਹ ਵਿੱਚ ਫੇਰ ਨਾ ਪੰਗਾ ਪਾ ਬੈਠੇ।
“ਮੈਂ ਲਸੰਸ ਲਕੋ ਗਿਆ ਸੀ। ਨਹੀਂ ਉਹਨੇ ਹੋਰ ਪੈਸੇ ਝਾੜਨ ਲਈ ਦੇਰ ਕਰ ਦੇਣੀ ਸੀ। ਹੁਣ ਘੱਟ ਨਾਲ ਸਰ ਗਿਆ।”
ਨਨਕਾਣਾ ਪਹੁੰਚਣ ਲਈ ਕਾਰ ਇੱਦਾਂ ਭੱਜੀ, ਜਿੱਦਾਂ ਨਨਕਾਣਾ ਬਾਹਾਂ ਅੱਡੀ ਖੜ੍ਹਾ ਹੋਵੇ। ਲਾਹੌਰ ਅਤੇ ਨਨਕਾਣਾ ਸਾਹਿਬ ਸਾਨੂੰ ਕਈ ਸਿੱਧੇ-ਸਾਦੇ ਤੇ ਚੰਗੇ ਲੋਕ ਮਿਲੇ, ਜੋ ਸਾਡੇ ਆਪਣੇ ਲੋਕਾਂ ਵਰਗੇ ਸਨ।
***
ਐਲਾਸਕਾ:
ਹਵਾਈ ਦਾ ਇਲਾਕਾ ਦੇਖਣ ਬਾਰੇ ਤਾਂ ਅਸੀਂ ਕਈ ਵਾਰ ਸੋਚਿਆ ਸੀ, ਪਰ ਐਲਾਸਕਾ ਤਾਂ ਸਾਡੇ ਚਿੱਤ-ਚੇਤੇ ਵਿੱਚ ਵੀ ਨਹੀਂ ਸੀ। ਤੇ ਫੇਰ ਸਬੱਬ ਬਣ ਗਿਆ।
ਜਦੋਂ ਅਸੀਂ ਕਿਤੇ ਸੈਰ-ਸਪਾਟੇ ਲਈ ਜਾਂਦੇ ਇਹ ਕੋਈ ਐਸੀ ਗੱਲ ਨਹੀਂ ਸੀ ਵੋ। ਹਰ ਯਾਤਰਾ ’ਤੇ ਪੈਸੇ ਖਰਚਣ ਲਈ ਕੋਈ ਮਕਸਦ ਹੋਣਾ ਜ਼ਰੂਰੀ ਹੁੰਦਾ ਸੀ। ਹਰ ਯਾਤਰਾ ਸਾਨੂੰ ਅਗਲੀ ਯਾਤਰਾ ਵਿੱਚ ਅਦਲਾ ਬਦਲੀਆਂ ਕਰਨ ਵਿੱਚ ਸਹਾਈ ਹੁੰਦੀ।
ਅਜੇ ਮੇਰੀ ਸਿਹਤ ਪੂਰੀ ਠੀਕ ਨਹੀਂ ਸੀ ਹੋਈ ਪਰ ਮੇਰੇ ਡਾਕਟਰ ਮੈਂਨੂੰ ਇੰਡੀਆ ਵਗੈਰਾ ਜਾਣ ਤੋਂ ਨਾ ਰੋਕਦੇ, ਸਗੋਂ ਉਤਸ਼ਾਹਿਤ ਕਰਦੇ। ਕਈ ਵਾਰ ਮੈਂ ਉਦਾਸ ਮਹਿਸੂਸ ਕਰਦਾ। ਹੋ ਸਕਦਾ ਡਾਕਟਰ ਮੇਰੀ ਮਾਨਸਿਕ ਹਾਲਤ ਡਿਗਣ ਤੋਂ ਡਰਦੇ ਹੋਣ, ਪਰ ਮੇਰੇ ਲਈ ਉਨ੍ਹਾਂ ਦਾ ਸੁਝਾਅ ਹੈਰਾਨੀ ਭਰਿਆ ਤੇ ਖੁਸ਼ੀ ਭਰਿਆ ਲਗਦਾ। ਸੁਰਿੰਦਰ ਮੇਰੇ ਇੰਡੀਆ ਜਾਣ ’ਤੇ ਕਿੰਤੂ-ਪ੍ਰੰਤੂ ਕਰਦੀ, ਨੱਕ-ਬੁੱਲ੍ਹ ਵੱਟਦੀ।
ਹਾਈ ਸਕੂਲਾਂ ਤੋਂ ਬਾਅਦ, ਸਾਡੇ ਬੱਚੇ ਲੰਮੀਆਂ ਲੋਕ-ਹਿਤਕਾਰੀ ਦੌੜਾਂ ਵਿੱਚ ਭਾਗ ਲੈਣ ਲੱਗ ਪਏ। ਅਸੀਂ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ 26 ਮੀਲ ਲੰਮੀਆਂ ਦੌੜਾਂ ਵੀ ਲਾਈਆਂ। ਸੁਰਿੰਦਰ ਦੌੜਾਂ ਵਿੱਚ ਹੌਸਲਾ ਦੇਣ ਲਈ ਹਰ ਹੀਲੇ ਪਹੁੰਚਦੀ।
ਜਦੋਂ ਸਕੂਲੋਂ ਦਿੱਤਾ ਪੜ੍ਹਾਈ ਦਾ ਕੰਮ ਸਮੇਂ ਸਿਰ ਕਰ ਲੈਂਦੇ, ਅਸੀਂ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਤੋਂ ਕਦੇ ਨਹੀਂ ਸੀ ਵਰਜਿਆ। ਅਸੀਂ ਘਰ ਦੇ ਮੂਹਰੇ ਡਰਾਈਵ-ਵੇ ਦੇ ਨਾਲ ਬਾਸਕਟ-ਬਾਲ ਦਾ ਖੰਭਾ ਲਾਇਆ ਹੋਇਆ ਸੀ ਅਤੇ ਘਰ ਦੇ ਵਿਛਲੇ ਵਿਹੜੇ ਵਿੱਚ ਵਾਲੀਬਾਲ ਨੈੱਟ ਲਗਾ ਰੱਖਿਆ ਸੀ। ਇੱਥਕਾ ਸ਼ਹਿਰ ਦੀ ਪਾਈਨਵੁੱਡ ਡਰਾਈਵ ਤੇ 1968 ਦੇ ਬਣੇ ਘਰ ਦੀ ਜ਼ਮੀਨ 1/2 ਏਕੜ ਸੀ। ਸਾਂਭਣਾ ਤਾਂ ਔਖਾ ਸੀ ਪਰ ਮੈਂਨੂੰ ਵੱਡੇ ਵਿਹੜੇ ਪਸੰਦ ਸਨ, ਸ਼ਾਇਦ ਮੇਰੇ ਪੇਂਡੂ ਜੀਵਨ ਕਰਕੇ।
ਇਹ 2004 ਦਾ ਸਾਲ ਸੀ। ਮੇਰੀ ਸਿਹਤ ਐਨੀ ਚੰਗੀ ਨਹੀਂ ਸੀ ਪਰ ਸਾਡਾ ਬੇਟਾ ਐਂਕੋਰੇਜ਼ (ਐਲਾਸਕਾ) ਦੀ ਇੱਕ ਲੰਮੀ ਦੌੜ ਵਿੱਚ ਭਾਗ ਲੈ ਰਿਹਾ ਸੀ। ਸੁਰਿੰਦਰ ਨੇ ਤਾਂ ਜਾਣਾ ਹੀ ਜਾਣਾ ਸੀ, ਉਹਨੇ ਮੈਂਨੂੰ ਵੀ ਜਾਣ ਲਈ ਤਿਆਰ ਕਰ ਲਿਆ। ਹੁਣ ਮੈਂ ਕਾਰ ਚਲਾਉਣ ਜੋਗਾ ਵੀ ਹੋ ਗਿਆ ਸੀ। ਕੈਂਸਰ ਦੇ ਦੂਜੇ ਵਿਗਾੜ ਬਾਅਦ ਤਿੰਨ ਸਾਲ ਬੀਤ ਚੁੱਕੇ ਸਨ। ਪਹਿਲੇ ਆਰਾਮ ਆਉਣ ਤੋਂ ਬਾਅਦ ਦੂਜੇ ਹਮਲੇ ਨੇ ਮੈਂਨੂੰ ਦਹਿਲਾ ਦਿੱਤਾ ਸੀ।
ਇਮਰੋਜ਼ ਉਸ ਸਮੇਂ ਨੀਊ ਜਰਸੀ ਦੀ ਇੰਮਕਲੋਨ ਕੰਪਣੀ ਵਿੱਚ ਕੰਮ ਕਰਦਾ ਸੀ। ਰਹਿੰਦਾ ਸੀ ਉਹ ਨਾਲ ਲਗਦੇ ਪੈਨਸਲਵਾਨੀਆ ਵਾਲੇ ਪਾਸੇ। ਇਮਰੋਜ਼ ਪਰਉਪਕਾਰੀ ਕੰਮਾਂ ਵਿੱਚ ਵੀ ਰੁੱਝਿਆ ਰਹਿੰਦਾ ਸੀ। ਇੱਕ ਵਾਰ ਉਹਨੇ ਐਂਕੋਰੇਜ਼, ਐਲਾਸਕਾ ਵਿੱਚ 26 ਮੀਲ ਦੀ ਦੌੜ ਵਿੱਚ ਹਿੱਸਾ ਲੈ ਕੇ ਇੱਕ ਕੈਂਸਰ ਸੰਸਥਾ ਲਈ 10, 000 ਡਾਲਰ ਇਕੱਠੇ ਕਿਤੇ। ਮੈਂ ਸੁਪਨੇ ਵਿੱਚ ਵੀ ਇੰਨੀ ਉਗਰਾਹੀ ਨਹੀਂ ਕਰ ਸਕਦਾ। ਕੁਝ ਮਹੀਨੇ ਬਾਅਦ ਬੇਟੀ ਰੂਪ ਨੇ ਨੀਊ ਓਰਲੀਂਜ਼ ਵਿੱਚ ਲੰਮੀ ਦੌੜ ਭੱਜਕੇ ਬੇ-ਘਰਾਂ ਦੇ ਹਿਤ ਲਈ ਚਾਰ ਹਜ਼ਾਰ ਡਾਲਰ ਇਕੱਠੇ ਕੀਤੇ। ਸੁਰਿੰਦਰ ਨੇ ਦੋਵੇਂ ਦੌੜਾਂ ਦੇਖੀਆਂ। ਦੂਜੀ ਦੌੜ ਸਮੇਂ ਮੈਂ ਇੰਡੀਆ ਗਿਆ ਹੋਇਆ ਸਾਂ। ਨੀਊ ਓਰਲੀਂਜ਼ ਦੀ ਦੌੜ ਤੋਂ ਬਾਅਦ ਸੁਰਿੰਦਰ ਮੇਰੇ ਨਾਲ ਇੰਡੀਆ ਆ ਮਿਲ਼ੀ।
“ਤੈਂਨੂੰ ਵੀ ਨੀਊ ਓਰਲੀਂਜ਼ ਜਾਣਾ ਚਾਹੀਦਾ।” ਸੁਰਿੰਦਰ ਨੂੰ ਉਹ ਸ਼ਹਿਰ ਇੰਨਾ ਪਸੰਦ ਆਇਆ ਕਿ ਕਈ ਦਿਨ ਨੀਊ ਓਰਲੀਂਜ਼ ਦੇ ਗੀਤ ਗਾਉਂਦੀ ਰਹੀ। ਸ਼ਾਇਦ ਉਹਨੂੰ ਮੇਰੇ ’ਤੇ ਤਰਸ ਆ ਰਿਹਾ ਸੀ ਕਿ ਮੈਂ ਅਮਰੀਕਾ ਦਾ ਇੱਕ ਸ਼ਾਨਦਾਰ ਮਸ਼ਹੂਰ ਸ਼ਹਿਰ ਨਹੀਂ ਦੇਖ ਸਕਿਆ। ਇਹ ਘਾਟਾ ਮੈਂ 2010 ਵਿੱਚ ਪੂਰਾ ਕਰ ਦਿੱਤਾ ਜਦੋਂ ਅਸੀਂ ਕੈਲੇਫੋਰਨੀਆ ਵਿੱਚ ਪੈਰ ਜਮਾ ਰਹੇ ਸੀ।
ਸਾਡਾ ਜੂਨ 21, 2004 ਵਾਲਾ ਇੱਥਕਾ, ਨੀਊ ਯਾਰਕ ਤੋਂ ਐਂਕੋਰੇਜ਼ (ਐਲਾਸਕਾ) ਵਾਲਾ ਹਵਾਈ ਸਫਰ ਲੰਬਾ ਤੇ ਥਕਾਊ ਸੀ ਅਤੇ ਐਲਾਸਕਾ ਦੇ ਮੌਸਮ ਨੇ ਜਹਾਜ਼ ਨੂੰ ਹਿਲਾ ਜਿਹਾ ਦਿੱਤਾ। ਫਿਰ ਵੀ ਸਾਡੀ ਉਤਾਰੀ ਸਮੇਂ ਹਵਾ ਕੁਝ ਘਟ ਗਈ ਸੀ। ਅਸੀਂ ਹਵਾਈ ਅੱਡੇ ਤੋਂ ਕਾਰ ਕਿਰਾਏ ’ਤੇ ਲਈ ਅਤੇ ਦੌੜ ਵਾਲੀ ਜਗਾ ਲਾਗੇ ਕਮਰਾ ਲੈ ਲਿਆ। ਮੈਂ ਇਸ ਤਰ੍ਹਾਂ ਦਾ ਪ੍ਰਬੰਧ ਨੇੜਿਓਂ ਪਹਿਲਾਂ ਕਦੇ ਨਹੀਂ ਸੀ ਦੇਖਿਆ।
ਗਰਮੀਆਂ ਵਿੱਚ ਐਂਕੋਰੇਜ਼ ਦੇ ਦਿਨ ਲੰਬੇ ਹਨ। ਐਂਕੋਰੇਜ਼ ਦੀਆਂ ਸਿਰਫ ਤਿੰਨ ਘੰਟੇ ਦੀਆਂ ਰਾਤਾਂ ਵਿੱਚ ਵੀ ਗੂੜ੍ਹਾ ਹਨੇਰਾ ਨਹੀਂ ਹੁੰਦਾ। ਹਰ ਤੁਰਦੀ ਫਿਰਦੀ ਸ਼ੈਅ ਬੱਤੀਆਂ ਬਗੈਰ ਦਿਖਦੀ ਰਹਿੰਦੀ ਹੈ। ਸਾਰੀ ਰਾਤ ਪਾਰਟੀਆਂ ਹੁੰਦੀਆਂ ਰਹਿੰਦੀਆਂ, ਲੋਕ ਨੱਚਦੇ ਰਹਿੰਦੇ। ਉੱਥੇ ਜਾਇਆਂ ਬਗੈਰ ਇਹ ਅਨੁਭਵ ਨਹੀਂ ਸੀ ਕੀਤਾ ਜਾ ਸਕਦਾ।
ਇੱਕ ਦਿਨ ਐਂਕੋਰੇਜ਼ ਤੋਂ ਬਾਹਰ ਚੱਲ ਅਸੀਂ ਖੁੱਲ੍ਹੀ-ਡੁੱਲ੍ਹੀ ਪਹਾੜਾਂ ਵਾਲੀ ਦਿਸ਼ਾ ਵੱਲ ਕਾਰ ਲੈ ਗਏ। ਉਸ ਤਰ੍ਹਾਂ ਦੇ ਦ੍ਰਿਸ਼ ਹੋਰ ਕਿਤੇ ਨਹੀਂ ਮਿਲਦੇ। ਆਬਾਦੀ ਇੰਨੀ ਛਿੱਦੀ ਹੈ ਕਿ ਅੰਦਾਜ਼ਾ ਲਾਉਣਾ ਔਖਾ ਨਹੀਂ, ਉੱਥੇ ਲੋਕ ਖੁਦਕੁਸ਼ੀਆਂ ਜ਼ਿਆਦਾ ਕਿਉਂ ਕਰਦੇ ਹਨ। ਪਰ, ਕੁਦਰਤ ਨੂੰ ਪੂਜਣ ਵਾਲਿਆਂ ਲਈ ਤਾਂ ਸਵਰਗ ਇਹੀ ਹੈ।
***
ਯੂਰਪ: ਇੰਡੀਆ ਅਤੇ ਅਮਰੀਕਾ ਆਉਣ-ਜਾਣ ਸਮੇਂ ਅਸੀਂ ਯੂਰਪ ਦੇ ਸ਼ਹਿਰਾਂ, ਲੰਡਨ ਜਾਂ ਪੈਰਿਸ ਵਿੱਚ ਰੁਕ ਜਾਂਦੇ। ਕਈ ਵਾਰ ਮੈਂ ਯੂਰਪ ਦੇ ਸਾਇੰਸ ਸਮਾਗਮਾਂ ਵਿੱਚ ਵੀ ਭਾਗ ਲਿਆ।
ਇਸ ਤਰ੍ਹਾਂ ਦੇ ਸਮਾਗਮ ਮੈਂਨੂੰ ਨਵੀਂ ਖੋਜ ਦੇ ਨੇੜੇ ਰੱਖਦੇ ਅਤੇ ਵਿਗਿਆਨ ਦੀ ਅਗਲੀ ਕਤਾਰ ਵਿੱਚ ਖਲੋਣ ਦਾ ਅਵਸਰ ਦਿੰਦ, ਭਾਵੇਂ ਇਸ ਨਾਲ ਘਰੋਗੀ ਜੀਵਨ ’ਤੇ ਭਾਰ ਜ਼ਰੂਰ ਪੈਂਦਾ।
“ਕਿਸੇ ਦਿਨ ਆਪਾਂ ਸਾਰੀ ਦੁਨੀਆ ਦੇਖਾਂਗੇ।” ਮੈਂ ਸੁਰਿੰਦਰ ਦਾ ਸਰਸਰੀ ਧਰਵਾਸ ਬਣਾਈ ਰੱਖਦਾ।
ਸਾਰੀ ਦੁਨੀਆ ਦੇਖਣ ਦੇ ਸੁਪਨੇ ਸਾਡੇ ਸਾਕਾਰ ਨਾ ਹੋ ਸਕੇ। ਜਦੋਂ ਤਕ ਅਸੀਂ ਰਿਟਾਇਰ ਹੋਏ, ਦੁਨੀਆ ਹੋਰ ਦੀ ਹੋਰ ਹੋ ਗਈ ਸੀ। ਹਿੰਸਾ ਵਧ ਜਾਣ ਕਾਰਨ ਆਉਣਾ-ਜਾਣਾ ਔਖਾ ਹੋ ਗਿਆ। ਫਿਰ ਵੀ ਜਿੱਥੇ ਅਸੀਂ ਜਾ ਸਕਦੇ ਸੀ, ਗਏ।
ਅਸੀਂ ਕਿਸੇ ਢੁਕਵੀਂ ਗਰਮ ਜਗ੍ਹਾ ’ਤੇ ਰਿਟਾਇਰ ਹੋਣ ਲਈ ਬਹੁਤ ਢੂੰਡ-ਭਾਲ ਕੀਤੀ। ਅਸੀਂ ਅਮਰੀਕਾ-ਕਨੇਡਾ ਦੀਆਂ ਐਸੀਆਂ ਥਾਂਵਾਂ ਦੇ ਦਰਸ਼ਨ ਕੀਤੇ ਜੋ ਅਸੀਂ ਪਹਿਲਾਂ ਨਹੀਂ ਸਨ ਦੇਖੇ। ਅਖੀਰ ਅਸੀਂ ਕੈਲੇਫੋਰਨੀਆ ਦੇ ਮਨ ਭਾਉਂਦੇ ਸੈਕਰਾਮੈਂਟੋ ਇਲਾਕੇ ਵਿੱਚ ਜਗ੍ਹਾ ਬਣਾ ਲਈ। ਸਾਡੇ ਲਈ ਇੱਥੋਂ ਦੀ ਗਰਮੀ ਬਥੇਰੀ ਸੀ।
ਕੈਲੇਫੋਰਨੀਆ ਵਿੱਚ ਨਵੀਂ ਜਗਾ ਤੇ ਆ ਕੇ, 2010 ਦੀ ਕ੍ਰਿਸਮਸ ਦੇ ਦਿਨਾਂ ਵਿੱਚ, ਨੀਯੂ ਯਾਰਕ ਦੇ ਅਤੇ ਬਾਕੀ ਦੋਸਤਾਂ ਨੂੰ ਮੈਂ ਕਾਰਡ ਭੇਜ ਦਿੱਤੇ। ਨਾਲ ਇੱਕ ਪੱਤਰਕਾ ਵੀ ਲਿਖ ਦਿੱਤੀ।
“ਅਸੀਂ ਇਹ ਸਤਰਾਂ ਰੋਜ਼ਵਿਲ ਤੋਂ ਲਿਖ ਰਹੇ ਹਾਂ। ਇਹ ਸ਼ਹਿਰ ਕੈਲੇਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਲਾਗੇ ਹੈ। ਰੋਜ਼ਵਿਲ ਇੱਕ ਪ੍ਰੰਪਰਾਗਤ, ਗੌਰਵਮਈ ਅਤੇ ਉਨਤੀ ਵਾਲਾ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ।
ਇਥਕਾ, ਨੀਯੂ ਯਾਰਕ ਵਾਲਾ ਘਰ ਵੇਚ ਕੇ ਅਸੀਂ ਫਰਵਰੀ 2010 ਵਿੱਚ ਇੱਥੇ ਨਵਾਂ ਘਰ ਲੈ ਲਿਆ ਹੈ। ਇਸਦਾ ਮਤਲਬ ਕਾਰ ਵੀ ਲਿਆਉਣੀ ਪਈ, ਘਰ ਦਾ ਸਾਰਾ ਸਮਾਨ ਲਿਆਉਣਾ ਪਿਆ, ਤੇ ਅੱਧ-ਪਚੱਧਾ ਫਰਨੀਚਰ ਵੀ। ਬਾਕੀ ਫਰਨੀਚਰ ਖਰੀਦਣਾ ਪਿਆ। ਇਹ ਕੰਮ ਕਾਫੀ ਔਖਾ ਪਰ ਨਵੇਂ ਤਜਰਬੇ ਵਾਲਾ ਸਾਬਤ ਹੋਇਆ। ਗੱਲ ਸਿਰਫ ਇੱਥੇ ਨਹੀਂ ਖਤਮ ਹੁੰਦੀ। ਜੂਨ ਵਿੱਚ ਸਾਡੇ ਬੇਟੇ ਦਾ ਵਿਆਹ ਸੀ, ਜਿਸ ਵੇਲੇ ਸਾਡੀ ਸਾਰਿਆਂ ਦੀ ਭੱਜ ਦੌੜ ਰਹੀ। ਬੇਟਾ ਅਤੇ ਉਹਦੀ ਪਤਨੀ ਸਾਡੇ ਤੋਂ 100 ਕੁ ਮੀਲਾਂ ’ਤੇ ਰਹਿੰਦੇ ਹਨ। ਬੇਟੀਆਂ ਵੀ ਰਾਜ਼ੀ-ਖੁਸ਼ੀ ਆਪਣੇ ਕੰਮਾਂ ਵਿੱਚ ਰੁੱਝੀਆਂ ਹੋਈਆਂ ਹਨ।
ਸੁਰਿੰਦਰ ਕਾਰਨੈਲ ਤੋਂ ਰੀਟਾਇਰ ਹੋ ਕੇ ਅਪਰੈਲ ਵਿੱਚ ਮਹੀਨੇ ਲਈ ਇੰਡੀਆ ਗਈ। ਮੈਂ ਵੀ ਅਕਤੂਬਰ ਵਿੱਚ ਇੰਡੀਆ ਗਿਆ। ਇਸ ਤੋਂ ਪਹਿਲਾਂ ਮੈਂ ਲੂਜ਼ੀਆਨਾ ਸੂਬੇ ਦਾ ਨੀਊ ਓਰਲੀਅਨਜ਼ ਸ਼ਹਿਰ ਦੇਖਣ ਗਿਆ ਜਿਸਦੇ ਇਰਦ-ਗਿਰਦ ਜਹਾਜ਼ ਵਿੱਚੋਂ ਡੁੱਲ੍ਹੇ ਤੇਲ ਕਾਰਨ ਸਮੁੰਦਰੀ ਵਾਤਾਵਰਣ ਨੂੰ ਭਾਰੀ ਨੁਕਸਾਨ ਪੁੱਜਿਆ ਸੀ, ਤੇ ਉਸ ਤੋਂ ਪਹਿਲਾਂ 2005 ਵਿੱਚ ਆਏ ਝੱਖੜ ਕੈਟਰੀਨਾ ਦੇ ਨਿਸ਼ਾਨ ਅਜੇ ਵੀ ਦਿਸ ਰਹੇ ਸਨ।
ਤੁਸੀਂ ਅੰਦਾਜ਼ਾ ਤਾਂ ਲਾ ਲਿਆ ਹੋਵੇਗਾ ਕਿ ਸਾਡੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਅਫਸੋਸ ਹੈ ਕਿ ਤੁਹਾਨੂੰ ਪਹਿਲਾਂ ਨਹੀਂ ਲਿਖ ਹੋਇਆ ਤੇ ਲਗਾਤਾਰ ਨਹੀਂ ਲਿਖ ਹੋਇਆ।
ਇਥਕਾ ਦੀ ਯਾਦ, ਇਥਕਾ ਵਿੱਚ ਬਣੇ ਮਿੱਤਰਾਂ ਦੀ ਯਾਦ, ਸਾਨੂੰ ਆਉਂਦੀ ਰਹਿੰਦੀ ਹੈ। ਸੁਰਿੰਦਰ ਤਾਂ ਬਾਹਲਾ ਹੇਰਵਾ ਕਰਦੀ ਹੈ। ਇਸਦਾ ਇੱਕ ਕਾਰਨ ਤੁਹਾਡੇ ਵਰਗੇ ਦੋਸਤਾਂ ਦਾ ਸਾਥ ਜਿਸਨੇ ਸਾਡਾ ਇਥਕਾ ਵਿੱਚ ਬਿਤਾਇਆ ਜੀਵਨ ਇੱਕ ਸਫਲ ਤਜਰਬਾ ਬਣ ਗਿਆ ਤੇ ਇਥਕਾ ਇੱਕ ਘਰ ਜਿਸ ਨੂੰ ਛੱਡਣਾ ਔਖਾ ਸੀ, ਪਰ ਹੁਣ ਸਾਡੇ ਪੈਰ ਇਸ ਨਵੀਂ ਬਣੀ ਬਸਤੀ ਵਿੱਚ ਟਿਕ ਰਹੇ ਹਨ। ਮੌਸਮ ਇੱਥੇ ਬਹੁਤ ਅਨੰਦਮਈ ਹੈ, ਅਤੇ ਸਾਡੇ ਕਈ ਪੁਰਾਣੇ ਦੋਸਤ ਆਸ-ਪਾਸ ਰਹਿੰਦੇ ਹਨ। ਉਨ੍ਹਾਂ ਦਾ ਮਿਲਣਾ ਵੀ ਰੱਬ ਵਾਂਗ ਹੈ। ਅਸੀਂ ਸਾਨ ਫਰਾਂਸਿਸਕੋ ਦੇ ਇਲਾਕੇ ਵਿੱਚ ਰਹਿੰਦੇ ਰਹੇ ਹਾਂ, 1974 ਤੋਂ 1976 ਤਕ। ਸਾਥੋਂ ਸਾਨ ਫਰਾਂਸਿਸਕੋ ਜਾਣ ਲਈ ਹੁਣ ਸਿਰਫ ਦੋ ਘੰਟੇ ਲਗਦੇ ਹਨ। ਇਸ ਕਰਕੇ ਨਵੀਂ ਜਗਾ ਨਾਲ ਸਮਝੌਤਾ ਸੌਖਾ ਹੋ ਗਿਆ, ਪਹਿਲਾਂ ਤਾਂ ਹੋਰੂੰ ਹੋਰੂੰ ਲਗਦਾ ਸੀ।
ਇਹਨਾਂ ਛੁੱਟੀਆਂ ਦੇ ਦਿਨਾਂ ਵਿੱਚ, ਅਤੇ ਆਉਣ ਵਾਲੇ ਨਵੇਂ ਨਕੋਰ ਸਾਲ ਲਈ, ਅਸੀਂ ਤੁਹਾਡੀ ਸਫਲਤਾ ਲਈ ਅਰਦਾਸ ਕਰਦੇ ਹਾਂ। ਜੇ ਕਦੇ ਕੈਲੇਫੋਰਨੀਆ ਆਉਣ ਦਾ ਸਬੱਬ ਬਣਿਆ ਤਾਂ ਸੰਪਰਕ ਕਰਨ ਵਿੱਚ ਢਿੱਲ ਨਾ ਕਰਨੀ।
ਆਦਰ ਸਹਿਤ,
ਗੁਰਦੇਵ ਅਤੇ ਸੁਰਿੰਦਰ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3985)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)