“ਉਹ ਮੇਰੇ ਸਰ੍ਹਾਣੇ ਕੋਲ ਬੈਠ ਜਾਂਦੀ। ਅਸੀਂ ਪਰਿਵਾਰ, ਬੱਚਿਆਂ, ਬੈਂਕ ਦੇ ਖਾਤਿਆਂ ਅਤੇ ਵਸੀਅਤਾਂ ...”
(11 ਅਪਰੈਲ 2023)
ਇਸ ਸਮੇਂ ਪਾਠਕ: 235.
ਮੇਰਾ ਇਲਾਜ ਸਾਡੇ ਸ਼ਹਿਰ ਇਥਕਾ ਤੋਂ ਸੌ ਮੌਲ ਦੂਰ ਰੌਚੈਸਟਰ ਸ਼ਹਿਰ ਦੇ ਹਸਪਤਾਲ ਵਿਚ ਚੱਲ ਰਿਹਾ ਸੀ। ਉਦੋਂ ਸੁਰਿੰਦਰ (ਮਰੀ ਜੀਵਨ ਸਾਥਣ) ਇਥਕਾ ਵਿਚ ਨੌਕਰੀ ਕਰਦੀ ਸੀ। ਇਹ ਦੋਨੋ ਸ਼ਹਿਰ ਨੀਊ ਯਾਰਕ ਸੂਬੇ ਵਿਚ ਹਨ। ਬੇਟੇ ਇਮਰੋਜ਼ ਨੇ ਇਨ੍ਹੀਂ ਦਿਨੀਂ ਕਾਲਜ ਡਿਗਰੀ ਹਾਸਲ ਕਰਕੇ ਨੀਊ ਯਾਰਕ ਸ਼ਹਿਰ ਦੇ ਲਾਗੇ ਨੀਊ ਜਰਸੀ ਸੂਬੇ ਵਿਚ ਨੌਕਰੀ ਲੱਭ ਲਈ ਸੀ। ਬੇਟੀਆਂ ਪਰਮ, ਅਤੇ ਰੂਪ ਅਜੇ ਓਹਾਇਓ ਅਤੇ ਵਿਸਕਾਨਸਨ ਸੂਬਿਆਂ ਵਿਚ ਪੜ੍ਹਾਈ ਕਰ ਰਹੀਆਂ ਸਨ। ਰੌਚੈਸਟਰ ਸ਼ਹਿਰ ਦਾ ਹਸਪਤਾਲ ਮੰਨਿਆ ਪਰਮੰਨਿਆ ਹਸਪਤਾਲ ਹੈ। ਇੱਥੇ ਸਾਰੇ ਅਮਰੀਕਾ ਅਤੇ ਦੁਨੀਆ ਭਰ ਦੇ ਮਾਹਰ ਕੰਮ ਕਰਦੇ ਹਨ।
ਸਰਦੀਆਂ ਵਿਚ ਇਥਕਾ ਤੋਂ ਰੌਚੈਸਟਰ ਨੂੰ ਮਿਲਾਉਂਦੀਆਂ ਸੜਕਾਂ ਦਾ ਪੈਂਡਾ ਬਹੁਤ ਦੁੱਭਰ ਹੁੰਦਾ ਹੈ। ਇਥਕਾ ਤੋਂ ਹਾਈਵੇ 90 ਨੂੰ ਤਿੰਨ ਰਾਹ ਜਾਂਦੇ ਹਨ। ਫੇਰ ਹਾਇਵੇਅ 90 ਨਿਆਗਰਾ ਫਾਲਜ਼ ਵਿੱਚੋਂ ਦੀ ਕਨੇਡਾ ਨੂੰ ਲੰਘ ਜਾਂਦਾ ਹੈ। ਨਿਆਗਰਾ ਫਾਲਜ਼ ਤੋਂ ਪਹਿਲਾਂ ਰੌਚੈਸਟਰ ਆਉਂਦਾ ਹੈ। ਸੁਰਿੰਦਰ ਇਥਕਾ ਤੋਂ ਹਮੇਸ਼ਾ ਰੂਟ 96 ਫੜਦੀ, ਜਿਸਦੇ ਮੁੱਢ ਵਿਚ ਅੱਠ ਸ਼ਾਖਾਂ ਵਾਲਾ ਚੌਕ (The Octopus Circle) ਹੈ। ਇਹ ਚੌਕ ਇਕ ਹਊਆ ਬਣਕੇ ਰਹਿ ਗਿਆ ਹੈ। ਗਰਮੀ ਦੇ ਮਹੀਨਿਆਂ ਵਿਚ ਇਨ੍ਹਾਂ ਸੜਕਾਂ ’ਤੇ ਕਾਰ ਚਲਾਉਣਾ ਅਨੰਦਮਈ ਹੈ ਪਰ ਸਰਦੀਆਂ ਵਿਚ ਆਮ ਤੌਰ ’ਤੇ ਇਹ ਸੜਕਾਂ ਬਰਫ ਨਾਲ ਢਕੀਆਂ ਰਹਿੰਦੀਆਂ ਹਨ। ਜਦੋਂ ਬਰਫ ਜੰਮ ਜਾਵੇ ਤਾ ਕਾਰਾਂ ਚਲਾਉਣਾ ਦੁੱਭਰ ਅਤੇ ਖਤਰਨਾਕ ਹੋ ਜਾਂਦਾ ਹੈ। ਇਨ੍ਹਾਂ ਸੜਕਾਂ ਦੀ ਯਾਦ ਨਾਲ ਮੈਂਨੂੰ ਜੈਸਕਾ ਸੈਵਿਚ (Jassica Savitch) ਦੀ ਯਾਦ ਆ ਜਾਂਦੀ ਹੈ, ਜੋ ਇਥਕਾ ਕਾਲਿਜ ਪੜ੍ਹਦੀ ਸੀ ਤੇ ਰੌਚੈਸਟਰ ਜਾ ਕੇ ਰੋਜ਼ਾਨਾ ਰੇਡਿਓ ਸਟੇਸ਼ਨ ਤੇ ਗੀਤਾਂ ਦੇ ਤਵੇ ਲਾਉਂਦੀ ਹੁੰਦੀ ਸੀ। ਬਾਅਦ ਵਿਚ ਉਹ ਮਸ਼ਹੂਰ ਟੀ.ਵੀ. ਹਸਤੀ ਵਜੋਂ ਜਾਣੀ ਜਾਣ ਲੱਗੀ। ਉਹ ਇਸੇ ਸੜਕ ’ਤੇ ਇਕ ਕਾਰ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋ ਗਈ। ਜੈਸਿਕਾ ਦੀ ਮੌਤ ਦਾ ਸਾਰੇ ਅਮਰੀਕਾ ਵਿਚ ਅਫਸੋਸ ਮਨਾਇਆ ਗਿਆ। ਇਸੇ ਕਰਕੇ ਮੈਂ ਨਹੀਂ ਸੀ ਚਾਹੁੰਦਾ ਕਿ ਸੁਰਿੰਦਰ ਇਨ੍ਹਾਂ ਸੜਕਾਂ ’ਤੇ ਰਾਤ ਨੂੰ ਕਾਰ ਚਲਾਵੇ।
ਦਿਨ ਦੇ ਕੰਮ ਤੋਂ ਬਾਅਦ ਸੁਰਿੰਦਰ ਬਿਨਾਂ ਨਾਗਾ ਮੈਂਨੂੰ ਹਸਪਤਾਲ ਵਿਚ ਮਿਲਣ ਆਉਂਦੀ ਤੇ ਘਰ ਵਾਪਸ ਚਲੀ ਜਾਂਦੀ। ਆਪਣੇ ਕੰਮ ਵਿਚ ਉਹ ਕਦੇ ਵਿਘਨ ਨਾ ਪੈਣ ਦਿੰਦੀ। ਜਿਸ ਰਾਤ ਮੇਰੀ ਹਾਲਤ ਬਹੁਤੀ ਖਸਤਾ ਹੁੰਦੀ, ਉਸ ਰਾਤ ਸੁਰਿੰਦਰ ਹਸਪਤਾਲ ਦੇ ਉਡੀਕ ਕਮਰੇ ਵਿਚ ਲੇਟਣ ਵਾਲੀ ਕੁਰਸੀ ’ਤੇ ਰਾਤ ਕੱਟ ਲੈਂਦੀ। ਸਵੇਰੇ ਸਵੇਰੇ ਕਾਰ ਰਾਹੀਂ ਘਰ ਪਹੁੰਚਦੀ ਤੇ ਕੱਪੜੇ ਬਦਲਕੇ, ਤਿਆਰ ਹੋ ਕੇ ਕੰਮ ’ਤੇ ਪਹੁੰਚ ਜਾਂਦੀ। ਜਦ ਕਦੇ ਇਸ ਨਿੱਤਨੇਮ ਵਿਚ ਔਕੜ ਪੈ ਜਾਂਦੀ ਤਾਂ ਉਹ ਘਰ ਠਹਿਰਦੀ, ਮੈਂ ਤੜਕੇ ਉਹਦਾ ਇੰਤਜ਼ਾਰ ਕਰ ਰਿਹਾ ਹੁੰਦਾ। ਤੜਕੇ ਮੈਂਨੂੰ ਮਿਲਕੇ ਉਹ ਕੰਮ ’ਤੇ ਬਾਕੀ ਸਾਥੀਆਂ ਤੋਂ ਪਹਿਲਾਂ ਪਹੁੰਚ ਜਾਂਦੀ। ਉਹ 200 ਮੀਲ ਦਾ ਰਸਤਾ ਰੋਜ਼ਾਨਾ ਤੈਅ ਕਰਦੀ ਰਹੀ, ਜਿੰਨਾ ਚਿਰ ਮੈਂ ਹਸਪਤਾਲ ਰਿਹਾ। ਉਹ ਮੇਰੇ ਸਰ੍ਹਾਣੇ ਕੋਲ ਬੈਠ ਜਾਂਦੀ। ਅਸੀਂ ਪਰਿਵਾਰ, ਬੱਚਿਆਂ, ਬੈਂਕ ਦੇ ਖਾਤਿਆਂ ਅਤੇ ਵਸੀਅਤਾਂ ਵਰਗੇ ਵਿਸ਼ਿਆਂ ਦੀਆਂ ਗੱਲਾਂ ਕਰਦੇ। ਕੈਂਸਰ ਦਾ ਅਸਰ ਜੋ ਮੇਰੇ ’ਤੇ ਸੀ, ਉਹ ਤਾਂ ਹੋਣਾ ਹੀ ਸੀ, ਪਰ ਇਸਦਾ ਸੁਰਿੰਦਰ ਉੱਤੇ ਅਸਰ ਮੈਂ ਉਹਦੇ ਚਿਹਰੇ ਤੋਂ ਪੜ੍ਹ ਸਕਦਾ ਸੀ। ਇਹ ਕਾਗਜ਼ ਉੱਤੇ ਨਹੀਂ ਲਿਖਿਆ ਜਾ ਸਕਦਾ।
ਸੁਰਿੰਦਰ ਦੀ ਚੜ੍ਹਦੀ ਕਲਾ ਵਾਸਤੇ ਮੈਂ ਕਦੇ ਕਦਾਈਂ ਅਵਾ-ਤਵਾ ਗੱਲਾਂ ਕਰਨ ਲੱਗ ਜਾਂਦਾ।
“ਠੀਕ ਤਾਂ ਹੋ ਲੋ ਪਹਿਲਾਂ, ਤਲਾਕ ਵੀ ਕਰਕੇ ਦੇਖ ਲਾਂਗੇ।” ਉਹਨੂੰ ਮੇਰੀਆਂ ਗੱਲਾਂ ਵਿਚ ਹਾਸੇ ਵਾਲੀ ਗੱਲ ਨਾ ਦਿਸਦੀ।
“ਬੱਸ ਹੁਣ ਆਹੀ ਕੁਝ ਬਾਕੀ ਆ, ਤੁਸੀਂ ਹੋਰ ਤਾਂ ਸਭ ਕੁਛ ਕਰਕੇ ਦੇਖ ਲਿਆ ਮੈਂਨੂੰ ਸਤਾਉਣ ਲਈ।” ਸੁਰਿੰਦਰ ਨੂੰ ਮੇਰਾ ਕੀਤਾ ਮਜ਼ਾਕ, ਮਜ਼ਾਕ ਨਾ ਲਗਦਾ। ਕਦੇ ਕਦੇ ਅਕ੍ਰਿਤਘਣੇ ਲੋਕਾਂ ਦੇ ਗੁਨਾਹ ਮੇਰੇ ਉੱਤੇ ਮੜ੍ਹ ਜਾਂਦੀ। ਇਕ ਵਾਰ ਉਹ ਸ਼ੁਰੂ ਹੁੰਦੀ, ਫਿਰ ਦਿਲ ਦੀਆਂ ਭਾਫਾਂ ਕੱਢਕੇ ਹੀ ਚੁੱਪ ਕਰਦੀ।
ਸੁਰਿੰਦਰ ਨੇ ਸਾਰੇ ਡਾਕਟਰਾਂ ਅਤੇ ਨਰਸਾਂ ਦੇ ਫੋਨ, ਜੋ ਮੇਰੇ ਇਲਾਜ ਨਾਲ ਸੰਬੰਧਤ ਸਨ, ਆਪਣੇ ਲਕੋਲ਼ ਸਾਂਭੇ ਹੋਏ ਸਨ। ਜਦੋਂ ਲੋੜ ਹੁੰਦੀ ਫੋਨ ਕਰਨ ਤੋਂ ਨਾ ਝਿਜਕਦੀ। ਮੈਂਨੂੰ ਅਕਸਰ ਇਹ ਬੁਰਾ ਵੀ ਲਗਦਾ, ਪਰ ਧਰਵਾਸ ਵੀ ਸੀ ਕਿ ਉਹ ਫੋਨ ਆਖਰ ਮੇਰੇ ਲਈ ਹੀ ਤਾਂ ਕਰਦੀ ਹੈ।
“ਘਬਰਾਉਣ ਵਾਲੀ ਗੱਲ ਨਹੀਂ ਦੋਸਤ, ਅਸੀਂ ਇਨ੍ਹਾਂ ਕੰਮਾਂ ਲਈ ਹਾਂ।” ਇਕ ਨਰਸ ਬੰਦਾ ਮੈਂਨੂੰ ਕਹਿੰਦਾ, ਇਕ ਦਿਨ ਜਦੋਂ ਸੁਰਿੰਦਰ ਦੇ ਲਗਾਤਾਰ ਫੋਨ ਆਏ।
ਜੇ ਦੇਖਿਆ ਜਾਵੇ ਤਾਂ ਇਹ ਯਾਦਦਾਸਤਾਂ ਮੇਰੀਆਂ ਨਹੀਂ ਹਨ ਕਿਉਂਕਿ ਇਲਾਜ ਸਮੇਂ ਦੀਆਂ ਮੇਰੀਆਂ ਯਾਦਾਂ ਤਾਂ ਕੁਝ ਧੁੰਦਲ਼ੀਆਂ ਹਨ।
ਸੁਰਿੰਦਰ ਨੂੰ ਸਭ ਕੁਝ ਇੰਨਾ ਯਾਦ ਹੈ ਕਿ ਮੈਂ ਸੁਣਦਾ ਸੁਣਦਾ ਅੱਕ ਜਾਂਦਾ ਹਾਂ। ਸੁਰਿੰਦਰ ਲਿਖ ਸਕਦੀ ਹੈ, ਪਰ ਉਹ ਲਿਖਦੀ ਨਹੀਂ। ਲਿਖਾਰੀ ਅਖਵਾਉਣ ਲਈ ਇਹ ਘਟੀਆ ਕੰਮ ਮੈਂ ਖ਼ੁਸ਼ੀ ਨਾਲ ਕਰ ਰਿਹਾ ਹਾਂ।
“ਯੂ ਆਰ ਨਾਟ ਟਾਇਰਡ ਆਫ ਦਿਸ ... ਆਈ ਹੈਵ ਨੋ ਟਾਈਮ ਫੌਰ ਇੱਟ ... ਸਮਬੌਡੀ ਹੈਜ਼ ਟੂ ਰਨ ਦੀ ਹਾਊਸ।” ਸੁਰਿੰਦਰ ਤੋਂ ਇਸ ਤਰ੍ਹਾਂ ਦੇ ਸ਼ਬਦ ਮੈਂ ਆਪਣੇ ਇਲਾਜ ਬਾਰੇ ਪੁੱਛਣ ਸਮੇਂ ਅਨੇਕਾਂ ਵਾਰ ਸੁਣੇ ਹਨ।
“ਇਹ ਮੇਰੀ ਕਿਤਾਬ ਨਹੀਂ ਛਪਣੀ।” ਉਹ ਕਹਿੰਦੀ ਰਹਿੰਦੀ।
ਹਰ ਮਹੀਨੇ ਬਿੱਲ ਭਰਨੇ, ਬੱਚਿਆਂ ਨੂੰ ਸੰਭਾਲਣਾ, ਕਾਰ ਨੂੰ ਚਲਦੀ ਰੱਖਣਾ, ਆਪਣੇ ਮਨ ’ਤੇ ਕਾਬੂ ਰੱਖਣਾ ਤੇ ਸਾਰੇ ਦਿਨ ਦੀ ਨੌਕਰੀ ਕਰਕੇ ਬੀਮਾਰ ਜੀਵਨ ਸਾਥੀ ਨੂੰ ਸੰਭਾਲਣਾ, ਇਹ ਸਭ ਗੱਲਾਂ ਮੇਰੇ ਲਈ ਤਾਂ ਲਿਖਣਯੋਗ ਹਨ, ਪਰ ਸੁਰਿੰਦਰ ਉੱਤੇ ਸਦੀਵੀ ਭਾਰ ਛੱਡ ਗਈਆਂ ਹਨ।
ਜਦ 1979 ਵਿਚ ਸੁਰਿੰਦਰ ਨੇ ਯੂਨੀਵਰਸਿਟੀ ਵਿਚ ਕੀ-ਪੰਚ ਦੀ ਮੁਢਲੀ ਨੌਕਰੀ ਸ਼ੁਰੂ ਕੀਤੀ, ਉਹਦੀ ਰਫਤਾਰ ਬਹੁਤ ਤੇਜ਼ ਸੀ। ਉਹਨੇ ਇਸ ਤਰ੍ਹਾਂ ਦਾ ਕੰਮ ਸਾਨ ਫਰਾਂਸਿਸਕੋ ਅਤੇ ਨੀਊ ਯਾਰਕ ਰਹਿੰਦਿਆਂ ਕੀਤਾ ਹੋਇਆ ਸੀ। ਕੰਮ ’ਤੇ ਇਕ ਦੋ ਨਿਕੰਮੇ ਸਾਥੀ ਸੁਰਿੰਦਰ ਨਾਲ ਈਰਖਾ ਕਰਨ ਲੱਗੇ। ਸੁਰਿੰਦਰ ਨੇ ਹੌਲੀ ਹੌਲੀ ਐਸੇ ਲੋਕਾਂ ਨਾਲ ਨਿਜੱਠਣਾ ਸਿੱਖ ਲਿਆ। ਉਸ ਸਮੇਂ ਯੂਨੀਵਰਸਿਟੀਆਂ ਵੀ ਸਾਵਧਾਨ ਹੋ ਰਹੀਆਂ ਸਨ ਅਤੇ ਖਰ੍ਹਵੇ ਲੋਕਾਂ ਨਾਲ ਵਰਤਣ ਬਾਰੇ ਸਿਖਲਾਈ ਦੇ ਰਹੀਆਂ ਸਨ। ਸੁਰਿੰਦਰ ਜਿੱਥੋਂ ਵੀ ਹੋ ਸਕਿਆ ਕੰਮਿਊਟਰ ਸਿਖਦੀ ਗਈ। ਜਿਵੇਂ ਡਰਾਈਡਨ ਸ਼ਹਿਰ ਵਿਚ ਟੀ.ਸੀ.3, ਕਾਰਨੈਲ ਅਤੇ ਦੂਰ ਦੁਰਾਡੇ। ਫੇਰ ਤਾਂ ਉਹ ਯੂਨੀਵਰਸਿਟੀਆਂ ਵਿਚ ਸਿਖਲਾਈ ਦੇਣ ਵਾਲਿਆਂ ਵਿਚ ਸ਼ਾਮਲ ਹੋ ਕੇ ਕੰਮਿਊਟਰ ਵਰਕਸ਼ਾਪਾਂ ਵਿਚ ਹਿੱਸਾ ਪਾਉਣ ਲੱਗੀ। ਜਦ ਉਹਨੇ ਲਾਇਬਰੇਰੀ ਵਿਚ ਕੰਪਿਊਟਰ ਦਾ ਕੰਮ ਸ਼ੁਰੂ ਕੀਤਾ ਤਾਂ ਕਿਸੇ ਜਨਾਨੀ ਨੇ ਫੋਨ ’ਤੇ ਉਹਨੂੰ ਸੁਰਿੰਦਰ ਦੀ ਜਗਾ ‘ਹਾਇ ਸੂ’ ਕਹਿ ਦਿੱਤਾ। ਸ਼ਾਇਦ ਉਹ ਸੁਰਿੰਦਰ ਨੂੰ ਜਾਣਦੀ ਨਾ ਹੋਵੇ।
“ਏਥੇ ਕੋਈ ਸੂਅ ਸਾਅ ਨਹੀਂ,” ਕਹਿਕੇ ਸੁਰਿੰਦਰ ਨੇ ਗੁੱਸੇ ਵਿਚ ਫੋਨ ਬੰਦ ਕਰ ਦਿੱਤਾ। ਸੁਰਿੰਦਰ ਨੂੰ ਨਹੀਂ ਸੀ ਪਸੰਦ ਕਿ ਮਾਂ-ਬਾਪ ਦੇ ਦਿੱਤੇ ਨਾਂ ਵਿਚ ਕੋਈ ਤੋੜ-ਮਰੋੜ ਕਰੇ। ਮੁੜਕੇ ਲਾਇਬਰੇਰੀ ਵਿਚ ਕਿਸੇ ਹੋਰ ਨੂੰ ‘ਸੂ’ ਕਹਿਣ ਦੀ ਜ਼ਰਅਤ ਨਹੀਂ ਪਈ।
ਫਿਰ ਮੈਂ ਵੀ ਸੁਰਿੰਦਰ ਨੂੰ ਆਪਣੀ ਕੈਂਸਰ ਬਾਰੇ ਪੁੱਛਣਾ ਤੇ ਅਕਾਉਣਾ ਛੱਡ ਦਿੱਤਾ, ਘੋੜੇ ਦੀ ਰਫਤਾਰ ਨਾਲ ਆਪ ਲਿਖਦਾ ਗਿਆ। ਜਦ ਉਹਨੇ ਮੇਰੀ ਲਿਖਤ ਪੜ੍ਹੀ ਤਾਂ ਆਪਣੇ ਆਪ ਮੇਰੀ ਲਿਖਤ ਦੀਆਂ ਕਮੀਆਂ ਭਰਨ ਲੱਗ ਪਈ। ਬਹੁਤਾ ਝਗੜਾ ਉਹ ਮੇਰੀਆਂ ਤਰੀਕਾਂ ਬਾਰੇ ਕਰਦੀ। ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਯਾਦਾਂ ਲਿਖਣ ਲਈ ਯਾਦਾਂ ਦਾ 100% ਠੀਕ ਹੋਣਾ ਜਰੂਰੀ ਨਹੀਂ ਹੁੰਦਾ, ਇਹ ਗੱਲ ਮੈਂ ਕਿਸੇ ਕਲਾਸ ਵਿਚ ਸੁਣੀ ਸੀ। ਸੁਰਿੰਦਰ ਆਪਣੇ ਪੱਖ ’ਤੇ ਅੜ ਜਾਂਦੀ ਪਰ ਫੇਰ ਵੀ ਮੇਰੇ ਲਿਖਣ ਲਈ ਸਮੱਗਰੀ ਛੱਡ ਜਾਂਦੀ। ਮੇਰੀ ਲਿਖਤ ਨਾਲ ਮੇਰਾ ਬੱਚਿਆਂ ਨਾਲ ਵੀ ਤਾਲ-ਮੇਲ ਵਧ ਗਿਆ।
ਕਦੇ ਕਦੇ ਸੁਰਿੰਦਰ ਮੇਰੀ ਲਿਖਤ ਵਿਚ ਮਾਮੂਲੀ ਗਲਤੀ ਫੜ ਲੈਂਦੀ, ਤੇ ਗੱਲ ਅਗਾਂਹ ਨਾ ਵਧਦੀ ਦਿਸਦੀ। ਉਦੋਂ ਮੈਂਨੂੰ ਪਤਾ ਲੱਗ ਜਾਂਦਾ ਕਿ ਭਲਾ ਵਕਤ ਅੱਜ ਖੁੰਝ ਗਿਆ ਹੈ, ਕਦੇ ਫੇਰ ਆਵੇਗਾ।
ਯੂਨੀਵਰਸਿਟੀ ਦਾ ਕੰਮ ਸੁਰਿੰਦਰ ਲਈ ਵਡਭਾਗਾ ਸਮਾਂ ਸੀ, ਜਿਸਨੂੰ ਉਹ ਉਤਸ਼ਾਹ ਨਾਲ ਸੁਣਾਉਂਦੀ। ਜਦ ਕਦੇ ਯੂਨੀਵਰਸਿਟੀ ਦੇ ਕਿਸੇ ਰਸਾਲੇ ਵਿਚ ਸੁਰਿੰਦਰ ਦਾ ਨਾਮ ਛਪਦਾ, ਮੈਂ ਸੰਭਾਲ ਲੈਂਦਾ, ਉਹ ਕੂੜੇ ਵਿਚ ਸੁੱਟ ਦਿੰਦੀ। ਕੂੜੇ ਦੀ ਕੀਮਤ ਸਿਰਫ ਲਿਖਾਰੀ ਹੀ ਸਮਝ ਸਕਦਾ ਹੈ।
ਸੁਰਿੰਦਰ ਨੇ ਹਮੇਸ਼ਾ ਸਦਾਚਾਰੀ ਨਾਲ ਕੰਮ ਕੀਤਾ। 30 ਸਾਲਾਂ ਵਿਚ ਕਿਸੇ ਨੇ ਕੋਈ ਕਿੰਤੂ-ਪ੍ਰੰਤੂ ਨਾ ਕੀਤਾ। ਉਹਦੀ ਰੀਟਾਇਰਮੈਂਟ ਵੀ ਮਨਾਈ ਗਈ ਜਿਸ ’ਤੇ ਉਸਦਾ ਪਰਿਵਾਰ ਵੀ ਸੱਦਿਆ ਗਿਆ। ਬੱਚੇ ਕੰਮ ਵਿਚ ਮਗਨ ਹੋਣ ਕਰਕੇ ਨਾ ਜਾ ਸਕੇ। ਮੈਂ ਕੈਲੇਫੋਰਨੀਆ ਵਿਚ ਆ ਵਸਿਆ ਸਾਂ, ਪਰ ਜਾਣਾ ਚਾਹੁੰਦਾ ਸਾਂ। ਸੁਰਿੰਦਰ ਦੀ ਖੁਸ਼ੀ ਮੇਰੇ ਕੈਲੇਫੋਰਨੀਆ ਰਹਿਣ ਵਿਚ ਹੀ ਸੀ। ਸ਼ਾਇਦ ਉਹ ਸੋਚਦੀ ਹੋਵੇ ਕਿ ਪੰਗੇ ਮੇਰੇ ਨਾਲ ਹੀ ਰਹਿੰਦੇ ਹਨ।
ਉਦੋਂ ਜੀਵਨ ਦੇ ਦਿਨ ਕੁਝ ਏਦਾਂ ਦੇ ਹੀ ਸਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3903)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)