GSGhangas7ਗੱਲ ਅੰਨ੍ਹੀ ਕਮਾਈ ਵਿੱਚ ਜਾ ਫਸੇਗੀ
ਜੇ ਤੂੰ ਦੱਸੀ ਕੋਈ ਸੁੱਚੇ ਕਾਰੋਬਾਰਾਂ ਦੀ ਗੱਲ

(ਦਸੰਬਰ 22, 2015)

 

          1.

ਮਨ ਦਾ ਰਾਜੀਨਾਮਾ

ਜੇ ਕਾਲੇ ਕੀਤੇ ਸਫੇ ਹਜ਼ਾਰ
ਪੜ੍ਹਨਯੋਗ ਨਾ ਮਿਲਦੇ ਚਾਰ
ਮਨ ’ਤੇ ਪੈਂਦਾ ਵਾਧੂ ਭਾਰ

ਸਫੇ ਦੇਖ ਨਾ ਹੋ ਖੁਆਰ
ਦੂਣੀ-ਤੀਣੀ ਕਰ ਰਫਤਾਰ
ਪੜ੍ਹ ਪੜ੍ਹ ਸੁਰਖੀ ਕਰਦੇ ਪਾਰ

ਰਸੀਆ ਸੁਰਖੀ, ਜਰਾ ਖਲੋ
ਮੰਦੀ ਲਿਖਤੀ ਅੱਗੇ ਹੋ
ਸਫੇ ਹਜ਼ਾਰ, ਕੀਤੇ ਸੌ
ਸੌ ਤੋਂ ਚੁਣਕੇ, ਪੜ੍ਹ ਇੱਕ ਦੋ

ਦੋ ਸਫਿਆਂ ਵਿੱਚ ਸਮਝ ਨਿਚੋੜ
ਹੋਰ ਨਹੀਂ ਬਹੁਤੀ ਪੈਣੀ ਲੋੜ
ਕੀ ਹੋਇਆ ਜੇ ਸਫੇ ਹਜ਼ਾਰ
ਪੜ੍ਹਨਯੋਗ ਨਾ ਮਿਲਦੇ ਚਾਰ!

           **

                     2.

           ਇੱਕ ਮਹਿਫਲ

ਅੱਜ ਮਹਿਫਲ ’ਚ ਚੱਲੇਗੀ, ਸਿਰਫ ਯਾਰਾਂ ਦੀ ਗੱਲ
ਛੇੜ ਨਾ ਤੂੰ ਦੋਸਤਾ, ਕੋਈ ਰਿਸ਼ਤੇਦਾਰਾਂ ਦੀ ਗੱਲ।

ਮੋਹ, ਮਾਇਆ, ਦਮਾਂ ਤੇ ਕੁਰਸੀਆਂ ਵਿੱਚ ਜਾ ਫਸਾਂਗੇ
ਕਿਸੇ ਤੋਰੀ ਜੇ ਰਾਮ, ਰਹੀਮ, ਕਰਤਾਰਾਂ ਦੀ ਗੱਲ।

ਟੁੱਟੇ ਪੰਜਾਬ ਦਾ ਕਿੱਸਾ, ਕਾਮੇ ਭਈਆਂ ਦੀ ਸਾਖੀ
ਬਣ ਹੀ  ਨਾ ਜਾਏ ਵਿਹਲੜ ਸਰਦਾਰਾਂ ਦੀ ਗੱਲ

ਇੱਕ ਦੂਜੇ ਦੀਆਂ ਜਟਾਂ, ਹੱਥ ਪੈਣ ਦਾ ਡਰ ਹੈ
ਛੇੜੀ ਗਈ ਜੇ ਹੁਣ ਦੀਆਂ ਸਰਕਾਰਾਂ ਦੀ ਗੱਲ

ਗੱਲ ਅੰਨ੍ਹੀ ਕਮਾਈ ਵਿੱਚ ਜਾ ਫਸੇਗੀ
ਜੇ ਤੂੰ ਦੱਸੀ ਕੋਈ ਸੁੱਚੇ ਕਾਰੋਬਾਰਾਂ ਦੀ ਗੱਲ

ਕਿਸੇ ਟੋਕ ਹੀ ਦੇਣੈ, ਕਹਿਕੇ ‘ਤੈਂ ਕੀ ਲੈਣਾ?’
ਜ਼ਰਾ ਕਰਕੇ ਦੇਖ ਕੋਈ, ਸੁਧਾਰਾਂ ਦੀ ਗੱਲ

ਬੈਠਾ ਰਹੁ ‘ਘਣਗਸ’ ਕੋਈ ਮਾਰ ਗੱਪ-ਸ਼ੱਪ
ਤੇਰੇ ਆਉਣਾ ਹੀ ਹੈ, ਲੱਖਾਂ-ਹਜ਼ਾਰਾਂ ਦੀ ਗੱਲ

**

                 3.

          ਜਦੋਂ ਟੀਵੀ ਉੱਤੇ

ਜਦੋਂ ਟੀਵੀ ਉੱਤੇ ਦੇਖਦਾਂ ਮੈਂ ਕਈ ਨੰਗੇ ਨੰਗੇ ਲੋਕ
ਬਿਨ ਸੋਚੇ ਯਾਦ ਆ ਜਾਂਵਦੇ ਨੇ, ਚੰਗੇ ਚੰਗੇ ਲੋਕ

ਲੱਗਾਂ ਪੜ੍ਹਨ ਇਤਿਹਾਸ ਵਿਚ, ਹਿਟਲਰ ਔਰੰਗੇ ਲੋਕ
ਤਾਂ ਅੱਖਾਂ ਅੱਗੇ ਆ ਜਾਂਵਦੇ ਨੇ, ਬਹਾਦਰ ਬੰਦੇ ਲੋਕ

ਕਈ ਤੇਲਾਂ ਕਾਰਣ ਲੜ ਰਹੇ ਨੇ, ਦੁਨੀਆਂ ਵਸਿੰਦੇ ਲੋਕ
ਕਈ ਮਜ਼੍ਹਬਾਂ ਪਿੱਛੇ ਭਿੜ ਰਹੇ ਨੇ ਅਤੀ ਦਰਿੰਦੇ ਲੋਕ

ਕਈ ਕੁਰਸੀ ਪਿੱਛੇ ਭੱਜ ਰਹੇ ਨੇ ਵਿਹਲੀਆਂ ਖਾਂਦੇ ਲੋਕ
ਕਈ ਲੰਗਰਾਂ ਵਿੱਚ ਸਜ ਰਹੇ ਨੇ ਸੇਵਾ ਕਮਾਂਦੇ ਲੋਕ

ਕਈ ਦਰ ਤੇਰੇ ’ਤੇ ਆ ਰਹੇ ਨੇ ਮੱਥੇ ਘਸਾਂਦੇ ਲੋਕ
ਕਈ ਕਵਿਤਾ ਲਿਖ ਦੁੱਖ ਫੋਲਦੇ ਤੇਰੇ ਗਰਾਂ ਦੇ ਲੋਕ

ਕਈ ਹੁੰਦਿਆਂ-ਸੁੰਦਿਆਂ ਭਟਕਦੇ ਨੇ, ਖਾਂਦੇ-ਪੀਂਦੇ ਲੋਕ
ਕਈ ਸਬਰ-ਸ਼ੁਕਰ ਵਿੱਚ ਮਹਿਕਦੇ, ਕਿਰਤੀ ਉਣੀਂਦੇ ਲੋਕ

ਕਈ ਸਭਨਾਂ ਦਾ ਖੂਨ ਚੂਸਦੇ ਨੇ ਜੋਕਾਂ ਵਰਗੇ ਲੋਕ
'ਘਣਗਸ' ਕਰ ਸਤਿਕਾਰ ਤੂੰ, ਜੋ ਲੋਕਾਂ ਵਰਗੇ ਲੋਕ

                     **

     4.

     ਚੰਗੇ ਨਹੀਂ ਲਗਦੇ -1

ਮੈਨੂੰ ਕਈ ਰਿਸ਼ਤੇਦਾਰ, ਚੰਗੇ ਨਹੀਂ ਲਗਦੇ
ਸਭ ਪੈਸੇ ਦੇ ਯਾਰ, ਚੰਗੇ ਨਹੀਂ ਲਗਦੇ

ਬਰਦਾਸ਼ਤ ਮੈਂ ਕਰ’ਲਾਂ ਕੁਝ ਰੁੱਖੇ ਸ਼ਰੀਕ
ਮੂੰਹੋਂ ਮਿੱਠੇ ਖਾਰ, ਹੁਣ ਚੰਗੇ ਨਹੀਂ ਲਗਦੇ

ਰਿਸ਼ਤੇਦਾਰਾਂ ਦੀ ਮਦਦ, ਵਿਰਸਾ ਹੈ ਸਾਡਾ
ਜੋ ਪਾਈ ਜਾਣ ਭਾਰ, ਚੰਗੇ ਨਹੀਂ ਲਗਦੇ

ਨਾ ਬੱਚਿਆਂ ਦੀ ਪੜ੍ਹਾਈ, ਨਾ ਜੀਵਨ-ਜਾਚ
ਓਦਾਂ ਮਹਿੰਗੀ ਜਿਹੀ ਕਾਰ, ਚੰਗੇ ਨਹੀਂ ਲਗਦੇ

ਨਸ਼ਿਆਂ ਦੀ ਆਦਤ, ਨਰਕਾਂ ਨੂੰ ਸੱਦਾ
ਕੁੱਟਣ ਜੋ ਨਾਰ , ਚੰਗੇ ਨਹੀਂ ਲਗਦੇ

ਗੱਲ ਗੱਲ ਵਿੱਚ, ਮੂੰਹੋਂ ਗਾਲ੍ਹ ਜਾਂ ਸੌਂਹ
ਨਾ ਰਿਹਾ ਇਤਬਾਰ, ਚੰਗੇ ਨਹੀਂ ਲਗਦੇ

ਪੱਕੀ ਉਮਰੇ ਜੋ ਆ ਗਏ ਬਦੇਸੀਂ
ਹੋਣ ਲਈ ਖੁਆਰ, ਚੰਗੇ ਨਹੀਂ ਲਗਦੇ

ਮਨੁੱਖੀ ਰਿਸ਼ਤਾ ਹੈ ਇੱਕ ਵੱਡੀ ਸਾਂਝ
ਵਰਗੇ ਸੰਘ-ਪਰਿਵਾਰ, ਚੰਗੇ ਨਹੀਂ ਲਗਦੇ

ਚੱਲ ਹੋਗੀ ਬਥੇਰੀ, ਹੁਣ ਰਹਿਣ ਦੇ 'ਘਣਗਸ'
ਵਰਤਣ ਲਈ ਦੋ-ਚਾਰ, ਭਾਵੇਂ ਚੰਗੇ ਨਹੀਂ ਲਗਦੇ

                      **

        ਚੰਗੇ ਨਹੀਂ ਲਗਦੇ -2

ਮੈਨੂੰ ਕਈ ਕਵੀ ਕਹਾਣੀਕਾਰ, ਚੰਗੇ ਨਹੀਂ ਲਗਦੇ
ਜਾਣ-ਬੁੱਝ ਨਕਲ-ਮਾਰ, ਚੰਗੇ ਨਹੀਂ ਲਗਦੇ

ਮੈਨੂੰ ਕਈ ਸਾਇੰਸਦਾਨ, ਚੰਗੇ ਨਹੀਂ ਲਗਦੇ
ਬਾਹਲੇ ਹੀ ਅਣਜਾਣ, ਚੰਗੇ ਨਹੀਂ ਲਗਦੇ

ਰੁੱਖੇ ਵਿਗਿਆਨਕ, ਮਾੜੇ ਨਹੀਂ ਹੁੰਦੇ
ਝੂਠੇ ਇਨਸਾਨ, ਚੰਗੇ ਨਹੀਂ ਲਗਦੇ

ਮਾੜੀ ਨਹੀਂ ਸਾਇੰਸ, ਸਾਇੰਸਦਾਨ ਮਾੜੇ
ਜੋ ਨਿੰਦਣ ਵਿਗਿਆਨ, ਚੰਗੇ ਨਹੀਂ ਲਗਦੇ

ਜਿਵੇਂ ਕਈ ਲਿਖਾਰੀ, ਚੰਗੇ ਨਹੀਂ ਲਗਦੇ
ਮੈਨੂੰ ਰੋਂਦੂ ਖਿਡਾਰੀ, ਚੰਗੇ ਨਹੀਂ ਲਗਦੇ

               *****

(133)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author