GurdevSGhangas7ਮੈਂ ਸਦਮੇ ਅਤੇ ਨਿਰਾਸ਼ਤਾ ਵਿੱਚ ਲਟਕਦਾ ਰਿਹਾ। ਮੈਂ ਉਨ੍ਹਾਂ ਥਾਂਵਾਂ ਨੂੰ ਢੂੰਡਣ ਲੱਗ ਪਿਆ ਜਿਨ੍ਹਾਂ ’ਤੇ ਸਾਇੰਸ ਮਗਰ ਲੱਗਿਆਂ ...
(23 ਅਪ੍ਰੈਲ 2023)
ਇਸ ਸਮੇਂ ਪਾਠਕ: 302.


ਭਲੀ ਨਰਸ - ਭੱਦੀ ਨਰਸ

ਪਹਿਲਾਂ ਮੈਂ ਭੱਦੀ ਨਰਸ ਬਾਰੇ ਗੱਲ ਕਰ ਲਈਏ। ਉਹ ਸਾਲਾਂ ਬੱਧੀ ਮੇਰੇ ਖਿਆਲਾਂ ਵਿੱਚ ਜੜੀ ਹੋਈ ਵਸਤੂ ਵਾਂਗ ਲਟਕਦੀ ਰਹੀ। ਬਾਕੀ ਨਰਸਾਂ ਨੇ ਮੇਰੇ ਨਾਲ ਨਰਸਾਂ ਵਾਲਾ ਵਿਹਾਰ ਕੀਤਾ, ਜ਼ਿੰਮੇਵਾਰੀ ਅਤੇ ਚਿੰਤਾ ਨਾਲ।

ਇਥਕਾ, (ਨੀਯੂ ਯਾਰਕ), ਜਿੱਥੇ ਸੁਰਿੰਦਰ ਕੰਮ ਕਰਦੀ ਸੀ, ਨਵੰਬਰ 1999 ਦੇ ਦਿਨਾਂ ਵਿੱਚ ਅਤੀ ਠੰਢ ਹੋਣ ਕਰਕੇ ਸੜਕਾਂ ’ਤੇ ਬਰਫ ਜੰਮੀ ਹੋਈ ਸੀ। ਮੈਂ ਉਨ੍ਹੀਂ ਦਿਨੀਂ ਇਥਾਕਾ ਤੋਂ 200 ਮੀਲ ਪੈਨ ਸਟੇਟ ਯੂਨੀਵਰਸਿਟੀ ਪੈਨਸਲਵੇਨੀਆ ਗਿਆ ਹੋਇਆ ਸੀ। ਉੱਥੋਂ ਦੀ ਇੱਕ ਨਰਸ ਨੇ ਸ਼ਨਾਖਤ ਕਰਕੇ ਮੈਂਨੂੰ ਮੇਰੀ ਲਹੂ ਦੀ ਕੈਂਸਰ ਬਾਰੇ ਖਬਰਦਾਰ ਕੀਤਾ, ਪੁਸ਼ਟੀ ਕਰਵਾਈ ਤੇ ਸਿੱਧੇ ਰਾਹ ਪਾ ਕੇ ਸੁਰਿੰਦਰ ਦੀ ਕਾਰ ਵਿੱਚ ਇਥਕਾ ਭੇਜ ਦਿੱਤਾ। ਸਾਡੀ ਪਰਿਵਾਰਕ ਡਾਕਟਰ ਰੂਥ ਕਰੀਪੇ (Dr. Ruth Crepet) ਦੀ ਸਲਾਹ ਨਾਲ ਅਸੀਂ ਕੈਂਸਰ ਦੇ ਮਾਹਰ ਡਾਕਟਰ ਚਾਰਲਸ ਗਾਰਬੋ ਨੂੰ ਮਿਲੇ।

“ਮੈਂ ਇਹਨੂੰ ਰਾਤ ਲਈ ਇੱਥੇ ਰੱਖਾਂਗਾ, ਪਰ ਇਹਦੀ ਹਾਲਤ ਖਤਰਨਾਕ ਹੈ।” ਡਾਕਟਰ ਕਹਿੰਦਾ। ਉਹ ਆਪਣੇ ਕੋਲ ਉਹੀ ਮਰੀਜ਼ ਰੱਖਦਾ ਸੀ ਜੋ ਕਿਸੇ ਕਾਰਨ ਦੂਰ ਨਹੀਂ ਜਾ ਸਕਦੇ ਸਨ। ਅਸੀਂ ਉਹਦਾ ਹੁਕਮ ਸਵੀਕਾਰ ਕਰਕੇ ਰੌਚੈਸਰ ਸ਼ਹਿਰ ਦੇ ਹਸਪਤਾਲ ਦਾਖਲ ਹੋਣ ਦਾ ਇਰਾਦਾ ਬਣਾ ਲਿਆ।

ਇਥਕਾ ਦੀਆਂ ਸੜਕਾਂ ’ਤੇ ਬਰਫ ਚਿਪਟੀ ਪਈ ਸੀ। ਮੈਂਨੂੰ ਮੈਡੀਕਲ ਐਂਬੂਲੈਂਸ ਵਿੱਚ ਲੱਦਕੇ ਰੌਚੈਸਟਰ ਵੱਲ ਤੋਰ ਦਿੱਤਾ ਗਿਆ। ਮੇਰੀ ਵੈਨ ਵਿੱਚ ਦੋ ਨੌਜਵਾਨ ਸਨ ਜੋ ਮੇਰਾ ਬੁਖਾਰ ਤੇ ਨਬਜਾਂ ਦੇਖਦੇ ਰਹੇ। ਸੁਰਿੰਦਰ ਆਪਣੀ ਰਫਤਾਰ ਨਾਲ ਕਾਰ ਚਲਾਉਂਦੀ ਪਿੱਛੇ ਲੱਗ ਪਈ। ਇਥਕਾ ਤੋਂ ਰੌਚੈਸਟਰ ਪਹੁੰਚਦਿਆਂ ਪਤਾ ਵੀ ਨਾ ਲੱਗਾ। ਹਸਪਤਾਲ ਵਿੱਚ ਦਾਖਲਾ ਮੇਰੇ ਲਈ ਹਊਆ ਬਣਕੇ ਰਹਿ ਗਿਆ। ਪਹਿਲਾਂ ਦਾਖਲੇ ਨੂੰ ਚਿਰ ਲੱਗ ਗਿਆ, ਫੇਰ ਮੰਜੇ ਦੀ ਉਡੀਕ ਵਿੱਚ ਦੇਰ ਹੋ ਗਈ। ਉੱਧਰ ਮੇਰੀ ਪੀੜ ਵਧਦੀ ਜਾ ਰਹੀ ਸੀ। ਕਦੇ ਕਦੇ ਮੇਰੀਆਂ ਭੁੱਬਾਂ ਨਿਕਲ ਜਾਂਦੀਆਂ।

“ਸ਼ਟ ਅੱਪ,” ਇੱਕ ਜਵਾਨ ਨਰਸ ਜਦੋਂ ਵੀ ਮੇਰੇ ਕੋਲ ਆਉਂਦੀ, ਝਿੜਕ ਜਾਂਦੀ।

“ਕਿਰਪਾ ਕਰਕੇ ਮੈਂਨੂੰ ਕੋਈ ਦਰਦ ਦੀ ਦਵਾਈ ਦਿਓ।”

“ਮੈਂ ਪੁਲਿਸ ਸੱਦਕੇ ਤੈਨੂੰ ਪਾਗਲਖਾਨੇ ਭੇਜ ਦੇਊਂ, ਜੇ ਤੂੰ ਚੁੱਪ ਨਾ ਕੀਤਾ।”

ਮੈਂ ਬੇਵੱਸ ਹੋਇਆ ਚੁੱਪ ਕਰਨ ਦੀ ਕੋਸ਼ਿਸ਼ ਕਰਦਾ, ਪਰ ਚੀਕਾਂ ਨੂੰ ਕੌਣ ਰੋਕੇ। ਆਖਰ ਇੱਕ ਸਿਆਣੀ ਉਮਰ ਦੀ ਨਰਸ ਮੇਰੀ ਸਹਾਇਤਾ ਲਈ ਕੈਂਸਰ ਵਿਭਾਗ ਵਿੱਚ ਮੰਜੇ ਲਈ ਫੋਨ ਕਰਨ ਲੱਗ ਪਈ। ਥੋੜ੍ਹੀ ਦੇਰ ਬਾਅਦ ਸੁਰਿੰਦਰ ਵੀ ਪਹੁੰਚ ਗਈ ਤੇ ਮੇਰੀ ਆਸ ਬੱਝੀ। ਦਾਖਲੇ ਤੋਂ ਬਾਅਦ ਮੰਜੇ ਦੀ ਉਡੀਕ ਕਰਦਿਆਂ, ਉਸ ਜਵਾਨ ਨਰਸ ਦੀ ਨਿਗਰਾਨੀ ਹੇਠ ਮੈਂਨੂੰ ਲਗਦਾ ਸੀ ਕਿ ਅੱਜ ਖੈਰ ਨਹੀਂ। ਨਰਸਾਂ ਦੇ ਹੱਥ, ਇਹ ਮੇਰਾ ਸਭ ਤੋਂ ਭਿਆਨਕ ਤਜਰਬਾ ਸੀ। ਮੰਜਾ ਮਿਲਣ ਤੋਂ ਬਾਅਦ ਨਾ ਉਸ ਨਰਸ ਦਾ ਨਾਂ ਯਾਦ ਰਿਹਾ, ਨਾ ਹੀ ਸ਼ਕਲ।

ਹੁਣ ਇੱਕ ਚੰਗੀ ਨਰਸ ਦੀ ਉਦਾਹਰਣ ਵੀ ਮੈਂ ਲੱਭ ਲਈ ਹੈ।

“ਮਿਸਟਰ ਘਣਗਸ, ਤੇਰੇ ਕੋਲ ਬਹੁਤਾ ਸਮਾਂ ਨਹੀਂ, ਜੇ ਤੇਰਾ ਛੇਤੀ ਇਲਾਜ ਨਾ ਹੋਇਆ।” ਉਹ ਕਹਿੰਦੀ। ਪਹਿਲਾਂ ਮੇਰੇ ਪੈਰ ਉੱਖੜ ਗਏ, ਜਦੋਂ ਹੋਸ਼ ਆਈ ਤਾਂ ਮਹਿਸੂਸ ਹੋਇਆ ਕਿ ਨਰਸ ਠੀਕ ਕਹਿੰਦੀ ਸੀ।

ਅਫਸੋਸ ਹੈ ਕਿ ਉਸ ਨਰਸ ਦਾ ਨਾਮ ਮੈਂਨੂੰ ਯਾਦ ਨਹੀਂ। ਉਹ ਮੈਂਨੂੰ ਕਹਿੰਦੀ, “ਜੋ ਜਿੱਥੇ ਪਿਆ, ਪਿਆ ਰਹਿਣਦੇ। ਹਸਪਤਾਲ ਵਿੱਚ ਦਾਖਲ ਹੋਜਾ।” ਇਸ ਪੱਖੋਂ ਉਹਨੇ ਮੇਰੀ ਜਾਨ ਬਚਾ ਦਿੱਤੀ। ਆਸ ਹੈ ਇਸ ਯਾਦਦਾਸ਼ਤ ਨੂੰ ਸਮਾਪਤ ਕਰਨ ਤੋਂ ਪਹਿਲਾਂ ਕਿਸੇ ਦਿਨ ਮੈਂ ‘ਸਟੇਟ ਕਾਲਜ ਪੈਨਸਲਵਾਨੀਆ’ ਜਾ ਕੇ ਉਸ ਨਰਸ ਦੀ ਪੜਤਾਲ ਕਰਾਂ।

ਬਹੁਤ ਨਰਸਾਂ, ਜਿਨ੍ਹਾਂ ਨਾਲ ਮੇਰਾ ਵਾਹ ਪੈਂਦਾ ਰਿਹਾ ਹੈ, ਕੰਮ ਵਿੱਚ ਨਿਪੁੰਨ ਅਤੇ ਨੇਕਦਿਲ ਨਿਕਲੀਆਂ। ਹਾਂ, ਕਦੇ ਕਦਾਈਂ ਕੋਈ ਨਵੀਂ ਨਰਸ ਜਾਂ ਬੰਦਾ-ਨਰਸ ਖੂਨ ਪਰਖ ਲਈ ਮੇਰੀ ਨਾੜ ਨਾ ਲੱਭ ਸਕਦਾ। ਇੱਕ ਵਾਰ ਤਾਂ ਇੱਕ ਨਰਸ ਨੇ ਬਾਹਾਂ ਵਿੱਚ ਸੂਈਆਂ ਖੁਭੋ ਖੁਭੋ ਕੇ ਮੇਰੇ ਖੂਨ ਨਾਲ ਫਰਸ਼ ਰੰਗ ਦਿੱਤਾ। ਉਹਨੂੰ ਮੇਰੇ ’ਤੇ ਤਰਸ ਆਵੇ, ਮੈਂਨੂੰ ਉਹਦੇ ’ਤੇ। ਮੇਰੀਆਂ ਨਾੜਾਂ ਉਸ ਦਿਨ ਲੁਕੀਆਂ ਹੋਈਆਂ ਸਨ। ਮੇਰਾ ਸਰੀਰ ਹੋਰ ਲਹੂ ਦੀ ਭਾਲ ਵਿੱਚ ਸੀ।

***

ਮੇਰੀ ਪਗੜੀ ਦੀ ਵਾਪਸੀ

ਸੰਨ 1967 ਤੋਂ ਮਗਰੋਂ, ਜਦੋਂ ਮੈਂ ਪਹਿਲੀ ਵਾਰ ਕੇਸ ਕਟਾਏ, ਮੈਂ ਰੋਜ਼ਾਨਾ ਪਗੜੀ ਪਹਿਨਣੀ ਛੱਡ ਦਿੱਤੀ। ਦਾੜ੍ਹੀ ਸਦਾ ਅਧਕਟੀ ਹੁੰਦੀ, ਉਸਤਰਾ ਮੈਂ ਉਮਰ ਭਰ ਨਹੀਂ ਵਰਤਿਆ। ਸਿਰਾਕਯੂਜ (Syracuse) ਦੇ ਜ਼ਿਆਦਾ ਲੋਕ, ਜਿੱਥੇ ਮੈਂ ਪੀਐੱਚ.ਡੀ. ਦੀ ਪੜ੍ਹਾਈ ਕਰਦਾ ਸੀ, ਮੈਂਨੂੰ ਪਗੜੀ ਤੋਂ ਬਿਨਾ ਦੇਖਦੇ ਅਤੇ ਕੋਈ ਕਿੰਤੂ ਪ੍ਰੰਤੂ ਨਹੀਂ ਸਨ ਕਰਦੇ। ਕੁੜੀਆਂ ਮੇਰੇ ਸੰਘਣੇ ਵਾਲਾਂ ਦੀ ਤਾਰੀਫ ਕਰਦੀਆਂ ਰਹਿੰਦੀਆਂ। ਕਦੇ ਕਦਾਈਂ ਕੋਈ ਸਿਰ ਵਿੱਚ ਹੱਥ ਫੇਰ ਜਾਂਦੀ। ਜੇ ਕਿਸੇ ਇੰਡੀਅਨ ਫੰਕਸ਼ਨ ਜਾਂ ਗੁਰਦਵਾਰੇ ਜਾਣ ਦਾ ਸਬੱਬ ਬਣਦਾ, ਮੈਂ ਹਮੇਸ਼ਾ ਪੱਗ ਨਾਲ ਜਾਂਦਾ। ਉਦੋਂ ਅਮਰੀਕਾ ਵਿੱਚ ਗੁਰਦਵਾਰੇ ਦੂਰ ਦੂਰ ਹੁੰਦੇ ਸਨ।

ਸੰਨ 1971 ਵਿੱਚ ਪੀਐੱਚ.ਡੀ. ਪਾਸ ਕਰਕੇ, ਪੰਜ ਸਾਲ ਬਾਅਦ, ਮੈਂ ਇੰਡੀਆ ਗਿਆ। ਪਹਿਲਾਂ ਮੇਰੇ ਮਾਂ-ਬਾਪ ਮੈਂਨੂੰ ਪਛਾਣ ਨਾ ਸਕੇ, ਭਾਵੇਂ ਮੇਰੇ ਸਿਰ ’ਤੇ ਪੱਗ ਬੰਨ੍ਹੀ ਹੋਈ ਸੀ ਅਤੇ ਦਾੜ੍ਹੀ ਵੀ ਵਧਾਈ ਹੋਈ ਸੀ। ਪਹਿਲੇ ਝਟਕੇ ਤੋਂ ਬਾਅਦ ਮੇਰੀ ਨਵੀਂ ਸ਼ਕਲ ਦੇ ਸਭ ਜਾਣੂ ਹੋ ਗਏ। ਛੋਟੀ ਦਾਹੜੀ ਘੋਨ-ਮੋਨ ਹੋਣ ਨਾਲੋਂ ਚੰਗੀ ਸਾਬਤ ਹੋਈ।

ਸੰਨ 2000 ਦੇ ਪਹਿਲੇ ਕੀਮੋ ਤੋਂ ਬਾਅਦ ਮੇਰੇ ਦਾਹੜੀ ਅਤੇ ਸਿਰ ਦੇ ਵਾਲ ਨਾ ਮਾਤਰ ਹੀ ਝੜੇ। ਜਦੋਂ 2001 ਵਿੱਚ ਸਖਤ ਇਲਾਜ ਕੀਤੇ ਗਏ ਤਾਂ ਨਤੀਜਾ ਉਲਟ ਨਿਕਲਿਆ। ਜਿਸਮ ਦੇ ਸਾਰੇ ਵਾਲ ਝੜ ਗਏ। ਕੀਮੋ, ਰੇਡੀਏਸ਼ਨ, ਅਤੇ ਸਟੈੱਮ ਸੈੱਲ ਵਰਤਣ ਨਾਲ ਕੈਂਸਰ ਦਾ ਇੱਕ ਵੀ ਸੈਲ ਬਾਕੀ ਨਾ ਬਚਿਆ, ਪਰ ਬਾਕੀ ਚੰਗੇ ਸੈਲਾਂ ਦਾ ਵੀ ਬਹੁਤ ਨੁਕਸਾਨ ਹੋਇਆ। ਜਿਵੇਂ ਇੱਕ ਅੱਤਵਾਦੀ ਨੂੰ ਮਾਰਦੀ ਹੋਈ ਪੁਲਿਸ ਹਜ਼ਾਰਾਂ ਲੋਕਾਂ ਦਾ ਨੁਕਸਾਨ ਕਰ ਜਾਵੇ। ਕੁਦਰਤ ਦੇ ਖੇਲ੍ਹ।

ਕੀਮੋ, ਕੈਂਸਰ ਦੇ ਛੇਤੀ ਵਧਣ ਵਾਲੇ ਸੈਲਾਂ ਨੂੰ ਰੋਕਣ ਲਈ ਵਰਤੀ ਜਾਂਦੀ ਹੈ। ਕਿਉਂਕਿ ਵਾਲ ਵੀ ਛੇਤੀ ਵਧਦੇ ਰਹਿੰਦੇ ਹਨ, ਕੀਮੋ ਦਾ ਅਸਰ ਵਾਲਾਂ ’ਤੇ ਭਾਰੀ ਪੈਂਦਾ ਹੈ। ਦੂਜੀ ਕੀਮੋ ਪਿੱਛੋਂ ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ। ਕਾਫੀ ਸਮਾਂ ਲਹੂ ਦੇ ਚੰਗੇ ਸੈੱਲ ਵੀ ਕਿਨਾਰੇ ’ਤੇ ਪਹੁੰਚੇ ਰਹੇ। ਵਾਲ਼ ਅਲੋਪ ਹੋ ਗਏ। ਪਿੱਤੇ ਦੀ ਪਥਰੀ ਕੱਢਦਿਆਂ ਇੱਕ ਡਾਕਟਰ ਤੋਂ ਓਪਰੇਸ਼ਨ ਗਲਤ ਹੋ ਗਿਆ। ਡਾਕਟਰ ਦੀ ਗਲਤੀ ਨਾਲ ਮੇਰਾ ਹੋਰ ਵੀ ਕੂੰਡਾ ਹੋ ਗਿਆ। ਸ਼ੀਸ਼ੇ ਵਿੱਚ ਆਪਣੇ ਆਪ ਨੂੰ ਮੈਂ ਇੰਨਾ ਵੱਖਰਾ ਲਗਦਾ ਕਿ ਆਪਣੇ ਆਪ ਤੋਂ ਲੁਕਣ ਲਈ ਟੋਪੀ ਦਾ ਸਹਾਰਾ ਲੈਣਾ ਪੈਂਦਾ।

ਟੋਪੀ ਰੱਖਣ ਨਾਲ ਵੀ ਮੇਰਾ ਸੰਤਾਪ ਘੱਟ ਨਾ ਹੋਇਆ। ਮੈਂ ਸਦਮੇ ਅਤੇ ਨਿਰਾਸ਼ਤਾ ਵਿੱਚ ਲਟਕਦਾ ਰਿਹਾ। ਮੈਂ ਉਨ੍ਹਾਂ ਥਾਂਵਾਂ ਨੂੰ ਢੂੰਡਣ ਲੱਗ ਪਿਆ ਜਿਨ੍ਹਾਂ ’ਤੇ ਸਾਇੰਸ ਮਗਰ ਲੱਗਿਆਂ ਜਾਣਾ ਅਸੰਭਵ ਹੁੰਦਾ ਸੀ। ਇੱਕ ਜਗਾ ਦਾ ਨਾਮ ਸੀ, “ਜੀਵਨ-ਭਰ ਸਿਖਲਾਈ ਸੰਸਥਾ,Life long learning Center in Ithaca.” ਇਸ ਜਗ੍ਹਾਹ ਲੋਕ ਕਵਿਤਾ ਵੀ ਸਿੱਖਦੇ ਪੜ੍ਹਦੇ। ਹਾਇਕੂ ਦਾ ਨਵਾਂ ਦੌਰ ਵੀ ਚੱਲ ਚੁੱਕਾ ਸੀ। ਸੇਵਾ ਨਿਵਿਰਤ ਲੋਕਾਂ ਲਈ ਇਹ ਰੱਬ ਦੀ ਦੇਣ ਸੀ ਜਿਸਦਾ ਪ੍ਰਬੰਧ ਵੀ ਸੁਚੱਜੇ ਵਲੰਟਰੀਆਂ ਦੇ ਹੱਥਾਂ ਵਿੱਚ ਚਹਿਲਦਾ ਸੀ। ਮੈਂ ਵੀ ਇੱਥੇ ਜਾਣ ਲੱਗ ਪਿਆ।

ਮੇਰੀ ਦਿਲਚਸਪੀ ਕਾਨੂੰਨੀ ਵਿੱਦਿਆ ਵਿੱਚ ਵੀ ਬਣੀ ਹੋਈ ਸੀ। ਕੋਈ 20 ਕੁ ਸਾਲ ਪਹਿਲਾਂ 1980 ਦੇ ਲਾਗੇ ਮੈਂ ਕਾਰੋਬਾਰੀ ਅਤੇ ਜ਼ਮੀਨੀ ਕਾਨੂੰਨ ਦੀ ਪੜ੍ਹਾਈ ਕੀਤੀ ਸੀI

ਇੱਕ ਵਾਰ ਮੈਂ ਲੋਕਾਂ ਦੀ ਸੰਗਤ ਵਿੱਚ ਕਾਨੂੰਨੀ ਬਹਿਸ ਸੁਣਨ ਲਈ ਇੱਕ ਜੱਜ ਦੀ ਕਚਹਿਰੀ ਵਿੱਚ ਜਾਣਾ ਚਾਹਿਆ।

“ਤੂੰ ਟੋਪੀ ਪਹਿਨਕੇ ਅਦਾਲਤ ਵਿੱਚ ਨਹੀਂ ਬੈਠ ਸਕਦਾ।” ਜੱਜ ਦੇ ਅਰਦਲੀਏ ਕਲਰਕ ਦਾ ਕੰਮ ਕਰਦੀ ਜ਼ਨਾਨੀ ਮੈਂਨੂੰ ਪਾਸੇ ਕਰਕੇ ਕਹਿਣ ਲੱਗੀ। ਮੈਂ ਬਥੇਰੀ ਬਹਿਸ ਕੀਤੀ, ਪਰ ਕਲਰਕ ਨੇ ਮੈਂਨੂੰ ਚੱਲ ਰਹੀ ਕਾਨੂੰਨੀ ਬਹਿਸ ਵਿੱਚ ਬੈਠਣ ਨਾ ਦਿੱਤਾ।

ਮੇਰਾ ਜੀਅ ਤਾਂ ਕਰਦਾ ਸੀ ਕਿ ਇਸ ਗੱਲ ਦਾ ਕਾਨੂੰਨੀ ਢੰਗ ਨਾਲ ਨਿਰਨਾ ਕੀਤਾ ਜਾਵੇ, ਪਰ ਨਾ ਮੇਰੇ ਵਿੱਚ ਜਿਸਮਾਨੀ ਤਾਕਤ ਸੀ ਅਤੇ ਨਾ ਹੀ ਮੁਕੱਦਮਾ ਲੜਨ ਦੇ ਸਾਧਨ। ਮੈਂ ਪਹਿਲਾਂ ਵੀ ਮੁਕੱਦਮਿਆਂ ਵਿਚਦੀ ਲੰਘ ਚੁੱਕਾ ਸਾਂ। ਮੈਂ ਆਪਣੇ ਆਪ ਨੂੰ ਕਿਹਾ, ਮਨਾ ਤੇਰਾ ਕੰਮ ਸਾਰੀ ਦੁਨੀਆ ਨੂੰ ਨਜਿੱਠਣਾ ਨਹੀਂ। ਮੁਕੱਦਮੇ ਨਾਲ ਮੇਰੇ ਘਰੋਗੀ ਜੀਵਨ ’ਤੇ ਹੋਰ ਭਾਰ ਪੈ ਜਾਣਾ ਸੀ। ਇਸ ਘਟਨਾ ਤੋਂ ਬਾਅਦ ਮੈਂ ਘਰੋਂ ਬਾਹਰ ਪਗੜੀ ਰੱਖਣੀ ਸ਼ੁਰੂ ਕਰ ਦਿੱਤੀ, ਅਤੇ ਮੁੜਕੇ ਪਿੱਛੇ ਨਹੀਂ ਦੇਖਿਆ। ਬਾਕੀ ਲੋਕ ਕੁਝ ਕਹਿੰਦੇ ਰਹਿਣ, ਕਰਦੇ ਰਹਿਣ। ਨਵਾਂ ਜੀਵਨ ਸ਼ੁਰੂ ਹੋ ਗਿਆ।

ਪਗੜੀ ਮੇਰੇ ਬਚਪਨ, ਜਵਾਨੀ ਵਿੱਚ ਮੇਰੇ ਸਾਹਾਂ ਵਾਂਗ ਨਾਲ ਰਹੀ। ਪਿੰਡ ਦੇ ਗੁਆਂਢ ਵਿੱਚ ਜੇ ਮੇਰਾ ਜਾਂ ਹੋਰ ਕਿਸੇ ਦਾ ਸਿਰ ਨਾ ਢਕਿਆ ਹੁੰਦਾ ਤਾਂ ਭੂਆ ਭੰਤੀ ਪਿੱਛੇ ਪੈ ਜਾਂਦੀ। “ਜਾਹ ਸਿਰ ਢਕ ਕੇ ਆ ਘਰੋਂ, ਕੁੜੀਆਂ ਨੇ ਵੀ ਆਉਣਾ ਜਾਣਾ।” ਕੁੜੀਆਂ ਦੇ ਨੰਗੇ ਸਿਰ ਭੂਆ ਲਈ ਹੋਰ ਸਖਤੀ ਦਾ ਕਾਰਨ ਬਣਦੇ।

ਲੋਕਾਂ ਦੇ ਦਿਲਾਂ ਵਿੱਚ ਸਿਰ ’ਤੇ ਸਜਾਈ ਪੱਗ ਲਈ ਘਸੇ-ਪਿੱਟੇ ਖਿਆਲ ਬੀਜੇ ਪਏ ਹਨ। ਭਾਵੇਂ ਕਈ ਵਾਰ ਮਨ ਬੜਾ ਦੁਖੀ ਹੁੰਦਾ ਹੈ, ਪਰ ਇਹ ਲੋਕਾਂ ਦੀ ਮਨੋਸਥਿਤੀ ਸਮਝਣ ਦਾ ਅਵਸਰ ਵੀ ਬਣਦਾ ਹੈ ਜਿਵੇਂ ਉਹ ਦੂਜਿਆਂ ਨਾਲ ਵਰਤਦੇ ਹੋਣ। ਅਮਰੀਕਾ ਅਤੇ ਯੂਰਪ ਦੀਆਂ ਗਲੀਆਂ ਵਿੱਚ ਅਤੇ ਸੜਕਾਂ ’ਤੇ ਪਗੜੀ ਵਾਲੇ ਹਿੰਸਾ ਦੇ ਸ਼ਿਕਾਰ ਬਣਦੇ ਰਹਿੰਦੇ ਹਨ। ਕਦੇ ਕਦੇ ਸਿੱਖਾਂ ਨੂੰ ਮੁਸਲਮਾਨ ਸਮਝਕੇ ਹਮਲਾ ਹੁੰਦਾ ਹੈ। ਮੈਂਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਹਰ ਮੁਸਲਮਾਨ ਵੀਰ ਨੂੰ ਅੱਤਵਾਦੀ ਜਾਣਿਆ ਜਾਂਦਾ ਹੈ। ਦੂਜੇ ਧਰਮ ਦੇ ਲੋਕਾਂ ਵਾਂਗ ਚੰਗੇ ਮੁਸਲਮਾਨਾਂ ਵਿੱਚ ਕੁਝ ਬੁਰੇ ਵੀ ਹਨ। ਤੁਅੱਸਵੀ ਲੋਕ ਇਸ ਸੱਚ ਨੂੰ ਨਹੀਂ ਪਹਿਚਾਣਦੇ।

ਖੈਰ … … ਇਹ ਬਹਿਸ ਕਿਸੇ ਹੋਰ ਸਮੇਂ ਲਈ ਹੈ।

***

ਸਤੰਬਰ 9/11 ਵਾਲਾ ਦਿਨ

ਮਾਤਾ ਜੀ 12 ਜਨਵਰੀ, 2000 ਨੂੰ ਸਾਹ ਛੱਡ ਗਏ। ਉਸ ਸਮੇਂ ਮੈਂ ਕੈਂਸਰ ਤੋਂ ਤਾਂ ਬਚ ਗਿਆ ਸੀ ਪਰ ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। ਮੇਰੇ ਕੀਮੋ ਅਜੇ ਵੀ ਚੱਲ ਰਹੇ ਸਨ। ਜਦੋਂ ਇਲਾਜ ਖਤਮ ਹੋਏ ਤਾਂ ਅਕਤੂਬਰ ਵਿਚ ਸੁਰਿੰਦਰ ਅਤੇ ਮੈਂ, ਇਕ ਮਹੀਨੇ ਲਈ ਇੰਡੀਆ ਗਏ। ਉਦਾਸੀ ਦੌਰ ਵਿਚ ਕਈ ਬਾਰ ਮੇਰਾ ਬਾਪ ਆਪਣੀ ਮੌਤ ਦੀ ਗੱਲ ਛੇੜ ਬਹਿੰਦਾ। ਇਕ ਬਾਰ ਉਹਨੇ ਮੈਂਨੂੰ ਹਦਾਇਤ ਕੀਤੀ ਕਿ ਉਸਦੀ ਮੌਤ ਤੋਂ ਬਾਅਦ ਮੈਂ ਫਿਰ ਅਮਰੀਕਾ ਤੋਂ ਲੌਟ ਕੇ ਘਰ ਜ਼ਮੀਨ ਦੀ ਵੰਡ-ਵੰਡਾਈ ਕਰਾ ਕੇ ਜਾਵਾਂ। ਮੇਰੇ ਵਾਰ ਵਾਰ ਕਹਿਣ ’ਤੇ ਵਸੀਅਤ ਉਹਨੇ ਪਹਿਲਾਂ ਹੀ ਬਣਾ ਰੱਖੀ ਸੀ। ਸਾਰੇ ਕਾਗਜ ਪੱਤਰ ਉਹ ਇਕ ਸੰਦੂਕੜੀ ਵਿਚ ਸੁੱਟੀ ਜਾਂਦਾ ਰਿਹਾ ਸੀ।

ਜਦੋਂ ਅਸੀਂ ਇੰਡੀਆ ਤੋਂ ਅਮਰੀਕਾ ਵਾਪਸ ਪਹੁੰਚੇ, ਕੁਝ ਦਿਨ ਬਾਅਦ ਮੇਰਾ ਬਾਪ ਨਹਾਉਣ ਲੱਗਿਆ ਤਿਲਕ ਗਿਆ। ਇਹ ਉਹਦੇ ਆਖਰੀ ਪਲ ਸਨ। ਬਾਪ ਦੀ ਮੌਤ ਤੋਂ ਦੋ ਮਹੀਨੇ ਬਾਅਦ, ਫਰਵਰੀ 2001 ਵਿਚ ਮੈਂ ਇਕੱਲਾ ਇੰਡੀਆ ਗਿਆ। ਮੇਰੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਸੀ, ਪਰ ਮੇਰੇ ਜ਼ਿੰਮੇ ਜਰੂਰੀ ਕੰਮ ਕਰਨ ਵਾਲੇ ਸਨ। ਕੰਮ ਖਤਮ ਹੋਏ ਤਾਂ ਮੇਰੀ ਛਾਤੀ ਵਿਚ ਦਰਦ ਹੋਣ ਲੱਗ ਗਿਆ। ਪੂਰਾ ਦਿਨ ਮੈਂ ਦਿਆਨੰਦ ਹਸਪਤਾਲ ਲੁਧਿਆਣਾ ਵਿਚ ਗੁਜ਼ਾਰਿਆ। ਦਰਦ ਆਪੇ ਬੰਦ ਹੋ ਗਿਆ, ਪਰ ਹਸਪਤਾਲ ਵਾਲੇ ਮੈਂਨੂੰ ਛੱਡਣ ਦੀ ਗੱਲ ਨਾ ਕਰਨ। ਇਹ ਗਾਲ ਬਲੈਡਰ ਦੀ ਪਥਰੀ ਹੋ ਸਕਦੀ ਸੀ, ਪਰ ਦਿਲ ਦਾ ਦੌਰਾ ਨਹੀਂ ਸੀ। ਮੈਂ ਡਾਕਟਰਾਂ ਮੂਹਰੇ ਹੱਥ ਜੋੜੇ ਤੇ ਆਪਣੀਆਂ ਮਜਬੂਰੀਆਂ ਦੱਸੀਆਂ। ਮੈਂਨੂੰ ਬਹੁਤਾ ਡਰ ਇਸ ਗੱਲ ਦਾ ਸੀ ਕਿ ਜੇ ਅਮਰੀਕਾ ਵਿਚ ਗੱਲ ਸੁਰਿੰਦਰ ਤੱਕ ਪਹੁੰਚ ਗਈ, ਉਹਨੇ ਸਭ ਕੁਝ ਵਿੱਚੇ ਛੱਡਕੇ ਇੰਡੀਆ ਦੇ ਦਫਤਰਾਂ ਵਿਚ ਫਸ ਜਾਣਾ। ਆਖਰ ਮੈਂ ਮੁਖੀ ਡਾਕਟਰ ਨੂੰ ਮਨਾ ਲਿਆ। ਘਰੋਂ ਪਾਸਪੋਰਟ ਚੁੱਕਿਆ ਤੇ ਸਿੱਧਾ ਆਪਣੇ ਘਰ ਅਮਰੀਕਾ ਨੂੰ ਤੁਰ ਪਿਆ। ਰਸਤੇ ਵਿਚ ਮੈਂਨੂੰ ਹਲਕਾ ਬੁਖਾਰ ਹੋ ਗਿਆ।

ਇਹ ਮਾਰਚ ਦਾ ਮਹੀਨਾ ਸੀ। ਜਦ ਟੈਸਟ ਕਰਵਾਏ ਤਾਂ ਪਤਾ ਚੱਲਿਆ ਕਿ ਕੈਂਸਰ ਜ਼ੋਰ ਸ਼ੋਰ ਨਾਲ ਮੁੜ ਆ ਗਈ ਸੀ। ਦਿਨੋ ਦਿਨ ਬੁਖਾਰ, ਥਕੇਵਾਂ, ਕਾਂਬੇ ਵਧ ਰਹੇ ਸਨ। ਕੈਂਸਰ ਦਾ ਮੁੜਨਾ ਮੇਰੇ ਲਈ, ਪਰਿਵਾਰ ਲਈ, ਅਤੇ ਸਾਕ-ਸਬੰਧੀਆਂ ਲਈ ਭਾਰੀ ਸਦਮੇ ਵਾਲੀ ਖਬਰ ਸੀ। ਮੈਂਨੂੰ ਫੇਰ ਕੀਮੋ ਦੇ ਸਪੁਰਦ ਕਰ ਦਿੱਤਾ ਗਿਆ। ਤਿੰਨ ਵਾਰ ਕੀਮੋ ਤੋਂ ਬਾਅਦ ਰੇਡੀਏਸ਼ਨ ਅਤੇ ਅਖੀਰ ਜੂਨ 2001 ਵਿਚ ਸਟੈੱਮ ਸੈੱਲ ਨਾਲ ਇਲਾਜ ਕੀਤਾ ਗਿਆ। ਮੇਰੀ ਹਾਲਤ ਡਾਵਾਂਡੋਲ ਸੀ, ਕਦੇ ਸੈੱਲ ਘਟ ਜਾਂਦੇ, ਕਦੇ ਮਾਤਰਾ ਉੱਖੜ ਜਾਂਦੀ।

ਹਸਪਤਾਲ ਤੋਂ ਜਦ ਮੈਂ ਘਰ ਪਹੁੰਚਿਆ, ਮੇਰੀ ਹਾਲਤ ਕੀੜੀ ਦੀ ਰਫਤਾਰ ਵਾਂਗ ਚੰਗੀ ਹੋਣ ਲੱਗ ਪਈ। 10 ਸਤੰਬਰ 2001 ਤੱਕ ਮੈਂ ਹੋਰ ਕੁਝ ਨਹੀਂ ਸੀ ਕਰ ਸਕਦਾ ਪਰ ਆਪਣੇ-ਆਪ ਗੁਸਲਖਾਨੇ ਜਾਣ ਜੋਗਾ ਹੋ ਗਿਆ। ਮੈਂ ਘਰੋਂ ਬਾਹਰ ਨਹੀਂ ਸੀ ਜਾ ਸਕਦਾ। ਸੁਰਿੰਦਰ ਦਾ ਹੁਕਮ ਸੀ ਕਿ ਜਿੰਨਾ ਚਿਰ ਉਹ ਘਰ ਨਹੀਂ ਮੁੜਦੀ, ਮੈਂ ਬਿਸਤਰਾ ਨਾ ਛੱਡਾਂ।

ਸਤੰਬਰ 10 ਨੂੰ ਸਾਰਾ ਦਿਨ ਮੇਰਾ ਸਰੀਰ ਦੁਖਦਾ ਰਿਹਾ। ਰਾਤ ਨੂੰ ਵੀ ਮੈਂ ਅੱਧਸੁੱਤਾ ਚੀਕਾਂ ਮਾਰਦਾ ਰਿਹਾ।

“ਕਿਸੇ ਨੇ ਕੰਮ ’ਤੇ ਵੀ ਜਾਣਾ।” ਸੁਰਿੰਦਰ ਉੱਠ ਉੱਠ ਲਾਗਦੇ ਕਮਰੇ ਵਿੱਚੋਂ ਹਾਕਾਂ ਮਾਰਦੀ ਰਹੀ। ਉਹ ਕੰਮ ’ਤੇ ਬਾਕੀਆਂ ਨਾਲੋਂ ਪਹਿਲਾਂ ਪਹੁੰਚ ਜਾਂਦੀ। ਇਹਦੇ ਨਾਲ ਉਹ ਘਰ ਗੇੜਾ ਮਾਰ ਜਾਂਦੀ ਅਤੇ ਦਵਾਈਆਂ, ਭੋਜਨ ਅਤੇ ਟੀਕਿਆਂ ਵਿਚ ਮੇਰੀ ਮਦਦ ਕਰ ਜਾਂਦੀ। ਪਹਿਲਾਂ ਪਹਿਲਾਂ ਤਾਂ ਨਰਸਾਂ ਵੀ ਘਰ ਆਉਂਦੀਆਂ ਰਹੀਆਂ। ਸੁਰਿੰਦਰ ਨੇ ਨਰਸਾਂ ਤੋਂ ਸਿੱਖ ਕੇ ਹੌਲੀ ਹੌਲੀ ਸਭ ਕੁਝ ਸੰਭਾਲ ਲਿਆ।

ਸੰਨ 2001, ਸਤੰਬਰ 11 ਦੇ ਤੜਕੇ ਜਿਸਮਾਨੀ ਪੀੜਾਂ ਤੋਂ ਬਾਅਦ ਮੈਂ ਘੂਕ ਸੁੱਤਾ ਪਿਆ ਸੀ। ਸੁਰਿੰਦਰ ਕੰਮ ’ਤੇ ਗਈ ਹੋਈ ਸੀ ਜਦ ਬੇਟੀ ਪਰਮ ਨੇ ‘ਨੀਯੂ ਯਾਰਕ’ ਸ਼ਹਿਰ ਤੋਂ ਫੋਨ ਕਰਕੇ ਮੈਂਨੂੰ ਜਗਾ ਦਿੱਤਾ। ਸਵੇਰ ਦੇ ਮਸਾਂ 9 ਵੱਜੇ ਹੋਣਗੇ। ਮੈਂਨੂੰ ਯਾਦ ਹੈ ਕਿ ਉਹ ਡੁਸਕੇ ਮਾਰ ਮਾਰ ਰੋ ਰਹੀ ਸੀ। ਮੇਰੇ ਪੁੱਛਣ ਤੇ ਪਤਾ ਲੱਗਿਆ ਕਿ ਸ਼ਹਿਰ ਵਿਚ ਕੋਈ ਹਾਦਸਾ ਹੋ ਗਿਆ ਸੀ, ਪਰ, ਪਰਮ ਨੂੰ ਤਾਂ ਝਟਕੇ ਹੀ ਲੱਗੇ ਸਨ, ਕੋਈ ਸੱਟ ਫੇਟ ਨਹੀਂ ਸੀ ਲੱਗੀ। ਮੈਂ ਟੀ.ਵੀ ਨਹੀਂ ਸੀ ਦੇਖੀ। ਮੈਂਨੂੰ ਸਮਝ ਨਾ ਆਈ ਕਿ ਆਫਤ ਏਡੀ ਵੱਡੀ ਕੀ ਸੀ। ਮੈਂ ਸੋਚਿਆ ਕਿਸੇ ਸੜਕ ’ਤੇ ਗੋਲੀ ਚੱਲੀ ਹੋਵੇਗੀ ਜਾਂ ਕਾਰਾਂ ਭਿੜ ਗਈਆਂ ਹੋਣਗੀਆਂ। ਮੈਂ ਪਰਮ ਨੂੰ ਕਿਹਾ, “ਇਹ ਨੀਊ ਯਾਰਕ ਹੈ, ਇੱਥੇ ਇਹੋ ਜਿਹੇ ਕੰਮ ਹੁੰਦੇ ਹੀ ਰਹਿੰਦੇ ਨੇ। ਹਰ ਰੋਜ ਕੋਈ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ।”

“ਡੈਡੀ, ਥੋਨੂੰ ਨੀ ਸਮਝ ਆਈ ਕੀ ਹੋ ਗਿਆ।”

“ਪਰਮ, ਮੈਂ ਸਮਝ ਕੇ ਕੀ ਕਰਨਾ, ਮੈਂ ਤਾਂ ਸਹਾਰੇ ਬਿਨਾਂ ਬਾਥਰੂਮ ਵੀ ਨਹੀਂ ਜਾ ਸਕਦਾ।” ਮੇਰੀ ਨੀਂਦ ਵੀ ਪੂਰੀ ਨਹੀਂ ਸੀ ਹੋਈ।

ਪਰਮ ਦੀ ਗੱਲ ਸਮਝੇ ਬਿਨਾ, ਆਪਣੇ ਰੋਣੇ ਰੋ ਕੇ ਮੈਂ ਫੋਨ ਲਟਕਾ ਦਿੱਤਾ ਤੇ ਪਰਮ ਨੂੰ ਕੋਸਣ ਲੱਗ ਪਿਆ ਕਿ ਉਹਨੇ ਨੀਊ ਯਾਰਕ ਵਰਗੇ ਸ਼ਹਿਰ ਵਿਚ ਨੌਕਰੀ ਕਿਉਂ ਲੱਭੀ। ਮੈਂ ਇਸ ਕਰਕੇ ਵੀ ਸਤਿਆ ਹੋਇਆ ਸਾਂ ਕਿ ਉਹਨੇ ਮਹਿੰਗੀ ‘ਜੈਟਾ’ ਕਾਰ ਖਰੀਦਣ ਸਮੇਂ ਹੋਰ ਵਾਧੂ ਨਿੱਕ-ਸੁੱਕ ਪਵਾ ਲਿਆ ਸੀ। ਕਾਲਜ ਦੀ ਪੜ੍ਹਾਈ ਬਾਅਦ ਇਹ ਪਰਮ ਦੀ ਪਹਿਲੀ ਕਾਰ ਸੀ, ਜਦ ਕਿ ਪੜ੍ਹਾਈ ਵੇਲੇ ਦਾ ਕਰਜ਼ਾ ਵੀ ਕਾਫੀ ਰਹਿੰਦਾ ਸੀ। ਮੇਰੀ ਸੋਚ ਅਨੁਸਾਰ ਇਹ ਫਜ਼ੂਲ ਖਰਚੀ ਵਾਲਾ ਖਤਰਨਾਕ ਕੰਮ ਸੀ। ਅਸੀਂ ਦੋਨੋਂ, ਸੁਰਿੰਦਰ ਅਤੇ ਮੈਂ, ਅਜੇ ਪੁਰਾਣੀ ‘ਟੋਇਓਟਾ ਕਰੋਲਾ’ ਨਾਲ ਕੰਮ ਚਲਾ ਰਹੇ ਸਾਂ।

ਪਰਮ ਦੇ ਫੋਨ ਤੋਂ ਬਾਅਦ ਮੈਂ ਕਈ ਘੰਟੇ ਨਿਰਵਿਘਨ ਸੁੱਤਾ ਰਿਹਾ। ਸੁਰਿੰਦਰ ਨੇ ਕੰਮ ਤੋਂ ਆ ਕੇ ਮੈਂਨੂੰ ਨੀਊ ਯਾਰਕ ਬਾਰੇ ਵਿਸਥਾਰ ਨਾਲ ਦੱਸ ਦਿੱਤਾ। ਮੈਂ ਟੀ.ਵੀ. ’ਤੇ ਦੋ ਉੱਚੀਆਂ ਇਮਾਰਤਾਂ ਵਿੱਚੋਂ ਨਿਕਲਦੀਆਂ ਲਾਟਾਂ ਦੇਖੀਆਂ। ਇਕ ਦੋ ਦਿਨ ਪਹਿਲਾਂ ਟੀ.ਵੀ. ਮੇਰੇ ਲਈ ਬੇਸਮੈਂਟ ਤੋਂ ਉਤਲੇ ਕਮਰੇ ਵਿਚ ਲਿਆਂਦੀ ਗਈ ਸੀ, ਕਿਉਂਕਿ ਅਜੇ ਮੈਂ ਥੱਲੇ-ਉੱਤੇ ਜਾਣ ਜੋਗਾ ਨਹੀਂ ਸੀ ਹੋਇਆ।

‘ਡੇਵਿਡ ਕੋ’ ਨਾਮ ਦਾ ਕੰਮਪਿਊਟਰ ਮਾਹਰ ਬੀਮਾਰੀ ਸਮੇਂ ਮੇਰਾ ਕੰਮਪਿਊਟਰ ਠੀਕ ਕਰਕੇ ਗਿਆ। ਉਹ ਸੁਰਿੰਦਰ ਦੇ ਮਹਿਕਮੇ ਵਿਚ ਕੰਮ ਕਰਦਾ ਸੀ। ਮੈਂ ਸੁਣਿਆ ਸੀ ਕਿ ਯੂਨੀਵਰਸਿਟੀ ਦੇ ਪਰਧਾਨ, ਹੰਟਰ ਰਾਲਿੰਗ ਦੇ ਕੰਮਪਿਊਠਰ ਦੀ ਨਿਗਰਾਨੀ ਵੀ ਉਹੀ ਕਰਦਾ ਸੀ। 9/11 ਦੀ ਘਟਨਾ ਤੋਂ ਕੁਝ ਦਿਨ ਬਾਅਦ ਪਤਾ ਚੱਲਿਆ ਕਿ ਡੇਵਿਡ ਕੋ ਦਾ ਬਾਪ ਨੀਊ ਯਾਰਕ ਦੀ ਇਕ ਉੱਚੀ ਬਿਲਡਿੰਗ ਵਿਚ ਕੰਮ ਕਰਦਾ ਮਾਰਿਆ ਗਿਆ। ਇਸ ਮੰਦਭਾਗੀ ਘਟਨਾ ਨਾਲ ਬੇਅੰਤ ਲੋਕ ਜੁੜੇ ਹੋਏ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3929)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author