“ਪਿੰਡ ਨੂੰ ਦਿਲੋਂ ਭੁਲਾ ਨਹੀਂ ਸਕਦਾ। ... ਸਾਦ-ਮੁਰਾਦਾ, ਘੁੱਗ ਵਸਦਾ ਸੀ, ...ਐਸਾ ਨਗਰ ਵਸਾ ਨਹੀਂ ਸਕਦਾ। ....”
(11 ਨਵੰਬਰ 2023)
ਇਸ ਸਮੇਂ ਪਾਠਕ: 148.
ਸਾਡਾ ਵਿਹੜਾ, ਉਸਦਾ ਘਰ
1. ਖੁੱਲ੍ਹਾ ਵਿਹੜਾ ਤੇ ਇਕ ਮਕਾਨ
ਖੁੱਲ੍ਹਾ ਵਿਹੜਾ ਤੇ ਇਕ ਮਕਾਨ
ਘਰ ਦੀ ਵਿਹੜੇ ਨਾਲ ਪਛਾਣ
ਜਿੱਥੋਂ ਦਿਸਦੇ ਹੋਰ ਮਕਾਨ
ਵਿਹੜਾ ਮੇਰੇ ਘਰ ਦੀ ਸ਼ਾਨ
ਮੇਰੇ ਜੀਵਨ ਦੀ ਜਿੰਦ ਜਾਨ
ਵਿਹੜੇ ਵਿਚ ਦੋ ਦਰਖਤ ਜੁਆਨ
ਇਕ ਦੂਜੇ ਦੇ ਨੇੜ ਨਾ ਜਾਣ
ਦੂਰੋਂ ਝੁਕ ਝੁਕ ਕਰਨ ਸਲਾਮ
ਇਕ ਦੂਜੇ ਵੱਲ ਵਧਦੇ ਜਾਣ
ਖੁੱਲ੍ਹਾ ਵਿਹੜਾ ਤੇ ਇਕ ਮਕਾਨ।
ਆਲ੍ਹਣਾ ਜਿਸ ਲਈ ਹੱਕ-ਸਥਾਨ
ਇਕ ਦਰਖਤ ਵਿਚ ਸਜੀ ਰਕਾਨ
ਜੋ ਅਣਜਾਣ, ਖੱਬੀ-ਖਾਨ, ਆਲ੍ਹਣਾ ਢਾਹਣ
ਮੂਰਖ ਕਰਦੇ ਬਹੁਤ ਨੁਕਸਾਨ
ਖੁੱਲ੍ਹਾ ਵਿਹੜਾ ਤੇ ਇਕ ਮਕਾਨ।
ਜੇਕਰ ਅਸਾਂ ਨਾ ਸਾਂਭੀ ਕੁਦਰਤ
ਕੌਣ ਕਹੂ ਮਨੁੱਖ ਨੂੰ ਇਨਸਾਨ
ਕਰਨਾ ਪਊ ਇਕ ਦਿਨ ਭੁਗਤਾਨ
ਮੂਰਖ ਖੁਦ ਕਰ ਲੈਂਦੇ ਨੁਕਸਾਨ
ਖੁੱਲ੍ਹਾ ਵਿਹੜਾ ਤੇ ਇਕ ਮਕਾਨ।
ਧੰਨ ਕੁਦਰਤ ਤੂੰ ਬੜੀ ਮਹਾਨ
ਲੱਖ ਕੋਸ਼ਿਸ਼ਾਂ ਕਰੇ ਜਹਾਨ
ਕਿੰਝ ਕੋਈ ਢਕ ਲਊ ਤੇਰੀ ਸ਼ਾਨ
ਰੱਬਾ ਰੋਕ ਰੱਖੀਂ ਅਭਿਮਾਨ
ਖੁੱਲ੍ਹਾ ਵਿਹੜਾ ਤੇ ਇਕ ਮਕਾਨ।
ਮਾਵਾਂ ਲੋਚਣ ਅਮਨ-ਅਮਾਨ!
***
2. ਵਿਰਸਾ ਸੰਭਾਲ ਵੀਰਾ
ਵਿਰਸਾ ਸੰਭਾਲ ਵੀਰਾ, ਵਿਰਸਾ ਸੰਭਾਲ ਓਏ
ਭੱਜ ਹੀ ਨਾ ਜਾਵੇ ਕਿਤੇ ਰੋਟੀ ਉੱਤੋਂ ਦਾਲ਼ ਓਏ
ਵਿਰਸਾ ਸੰਭਾਲ ਵੀਰਾ, ਵਿਰਸਾ ਸੰਭਾਲ ਓਏ।
ਇਕ ਸਾਨੂੰ ਭੁੱਲ ਚੱਲੀ ਮਾਂ ਵਾਲੀ ਬੋਲੀ ਓਏ
ਵੱਖ ਸਾਡੇ ਪਿੱਛੇ ਫਿਰੇ ਲੋਟੂਆਂ ਦੀ ਟੋਲੀ ਓਏ
ਮਾਂ ਨੂੰ ਜੋ ਕੱਢੀ ਜਾਵੇ ਮਾਂ ਵਾਲੀ ਗਾਲ੍ਹ ਓਏ
ਕਿਉਂ ਤੇਰੇ ਦਿਲ ਵਿਚ ਆਵੇ ਨਾ ਉਬਾਲ਼ ਓਏ
ਵਿਰਸਾ ਸੰਭਾਲ ਵੀਰਾ, ਵਿਰਸਾ ਸੰਭਾਲ ਓਏ।
ਅੱਜ ਲੱਗ ਗਏ ਸਾਨੂੰ ਪੁੱਠੇ ਪੁੱਠੇ ਰੋਗ ਓਏ
ਸਾਡੇ ਘਰਾਂ ਵਿਚ ਪੈ ਗਏ ਕਿਰਤਾਂ ਦੇ ਭੋਗ ਓਏ
ਮੁੜ ਮੁੜ ਆਂਵਦੇ ਨੇ ਸਮੇਂ ਵੀ ਚੰਡਾਲ ਓਏ
ਕਿਉਂ ਤੇਰੇ ਦਿਲ ਵਿਚ ਆਉਂਦਾ ਨੀ ਉਬਾਲ਼ ਓਏ
ਵਿਰਸਾ ਸੰਭਾਲ ਵੀਰਾ, ਵਿਰਸਾ ਸੰਭਾਲ ਓਏ।
ਮਹਿੰਗੇ ਨੇ ਇਲਾਜ ਅਤੇ ਮਹਿੰਗੇ ਨੇ ਸਕੂਲ ਓਏ
ਫੰਘ ਲਾ ਕੇ ਉਡ ਚੱਲੇ ਬਣੇ ਜੋ ਅਸੂਲ ਓਏ
ਛੋਲਿਆਂ ਦੇ ਖੇਤਾਂ ਵਿਚ ਚੌਲਾਂ ਦਾ ਭੁਚਾਲ ਓਏ
ਕਿਉਂ ਤੇਰੇ ਮਨ ਵਿਚ ਆਉਂਦਾ ਨੀ ਖਿਆਲ ਓਏ
ਵਿਰਸਾ ਸੰਭਾਲ ਵੀਰਾ, ਵਿਰਸਾ ਸੰਭਾਲ ਓਏ।
ਵਿਰਸਾ ਸੰਭਾਲ ਵੀਰਾ ਜੋ ਹੈ ਚੰਗਾ ਚੰਗਾ ਓਏ
ਅੱਜ ਦੇ ਜ਼ਮਾਨੇ ਵਿਚ ਸ਼ੋਭਦਾ ਨੀ ਪੰਗਾ ਓਏ
ਰੋਕੀਂ ਨਾ ਤੂੰ ਪਹੀ ਬੰਨਾ, ਪਾਣੀ ਵਾਲਾ ਖਾਲ਼ ਓਏ
ਲੱਗ ਹੀ ਨਾ ਜਾਵੇ ਕਿਤੇ ਸੋਚ ਨੂੰ ਜੰਗਾਲ ਓਏ
ਵਿਰਸਾ ਸੰਭਾਲ ਵੀਰਾ, ਵਿਰਸਾ ਸੰਭਾਲ਼ ਓਏ।
***
3. ਮਨ ਕਹੇ ਨਨਕਾਣੇ ਚੱਲੀਏ
ਮਨ ਕਹੇ ਨਨਕਾਣੇ ਚੱਲੀਏ, ਜੇ ਰੱਬ ਮੇਰੀਆਂ ਮੰਨੇ
ਓਥੇ ਦੇ ਦੋ ਬਾਬੇ ਸੁਣੀਦੇ, ਜੋ ਵਿਚ ਨਨਕਾਣੇ ਜੰਮੇ।
ਤਨ ਕਹੇ ਤੂੰ ਟਿਕ ਜਾ ਮਿੱਤਰਾ, ਖੋਲ਼੍ਹ ਨਾ ਬੋਦੇ ਪੰਨੇ
ਧਨ ਕਹੇ ਮਹਿੰਗਾਈ ਬਹੁਤੀ, ਤੇਰੇ ਮਸਲੇ ਵੰਨ-ਸੁਵੰਨੇ।
ਸਾਥ ਕਹੇ ਕਦੇ ਮੰਨ ਲੈ ਮੇਰੀ, ਹੱਥ ਮੂਹਰੇ ਤੇਰੇ ਬੰਨ੍ਹੇ
ਜੇਕਰ ਓਥੇ ਪੰਗਾ ਪੈ ਗਿਆ, ਤੇਰੇ ਹੱਡ ਜਾਣਗੇ ਭੰਨੇ।
ਮੈਂ ਸਾਥੀ ਨੂੰ ਮੁੜ ਮੁੜ ਆਖਾਂ, ਹੁਣ ਪਾ ਨਾ ਅੜੀਏ ਨੰਨੇ
ਦੋ ਦਿਨ ਦੀ ਜਿੰਦਗਾਨੀ ਕੱਟਕੇ, ਹਰ ਇਕ ਲੱਗਦਾ ਬੰਨੇ।
ਜੀਭ ਕਹੇ ਜੀਹਦੇ ਦੰਦ ਹੀ ਹੈ ਨਹੀਂ, ਉਹ ਕਿਉਂ ਚੂਪੇ ਗੰਨੇ
ਅਕਲ ਕਹੇ ਤੇਰੇ ਵਿਚ ਨਨਕਾਣਾ, ਗੁਰਸ਼ਬਦੀਂ ਗੱਲ ਘੱਨੈ। ... (ਘੱਨੈ = ਬਣੇ)
***
4. ਪੰਜਾਹਵੀਂ ਵਰ੍ਹੇ ਗੰਢ ’ਤੇ
ਕਿੱਥੇ ਰੰਗ-ਬਰੰਗੇ ਦਿਨ ਸਾਡੇ, ਤੁਰ ਗਏ ਨੇ ਮਿਰਗੀ ਚਾਲ ਕੁੜੇ,
ਤੇਰੇ ਨਾਲ ਵਿਆਹ ਕਰਵਾਏ ਨੂੰ ਹੋ ਗਏ ਪੰਜਾਹ ਤੋਂ ਉੱਤੇ ਸਾਲ ਕੁੜੇ।
ਜੋ ਸੁਪਨੇ ਕਦੇ ਉਲੀਕੇ ਸਨ, ਸਭ ਰਹਿ ਗਏ ਦਿਸਣ ਅਧੂਰੇ ਨੀ,
ਸਾਡੇ ਰਾਹਾਂ ਨੂੰ ਤੱਕਦੇ ਤੱਕਦੇ ਮਾਪੇ ਵੀ ਹੋ ਗਏ ਪੂਰੇ ਨੀ।
ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ, ਤੁਰਦੀ ਹੈ ਰੋਟੀ ਦਾਲ਼ ਕੁੜੇ,
ਤੇਰੇ ਨਾਲ ਵਿਆਹ ਕਰਵਾਏ ਨੂੰ ਹੋ ਗਏ ਪੰਜਾਹ ਤੋਂ ਉੱਤੇ ਸਾਲ ਕੁੜੇ।
ਰੁਖ ਮੋੜ ਨਾ ਸਕੇ ਜ਼ਮਾਨੇ ਦਾ, ਪਰ ਮਨ ਆਪਣੇ ਨੂੰ ਮੋੜ ਲਿਆ,
ਕੁਝ ਖੁੱਸ ਗਿਆ, ਕੁਝ ਖੱਟ ਲਿਆ, ਜੋ ਜੁੜ ਸਕਿਆ ਸੋ ਜੋੜ ਲਿਆ।
ਉਹ ਗੱਲਾਂ ਨਾਲ਼ ਨਹੀਂ ਬਣਦਾ ਜੋ ਬਣਦਾ ਮਿਹਨਤ ਨਾਲ ਕੁੜੇ,
ਤੇਰੇ ਨਾਲ ਵਿਆਹ ਕਰਵਾਏ ਨੂੰ ਹੋ ਗਏ ਪੰਜਾਹ ਤੋਂ ਉੱਤੇ ਸਾਲ ਕੁੜੇ।
ਪਿਛਲੇ ਪੰਜ ਦਹਾਕੇ ਵਿਚ, ਕੁਝ ਰਿਸ਼ਤੇ ਜੱਗ ਤੋਂ ਤੁਰ ਗਏ ਨੇ,
ਰੁੱਤ ਆ ਗਈ ਨਵੀਂ ਪਨੀਰੀ ਦੀ, ਸਭ ਬੋਦੇ ਰਿਸ਼ਤੇ ਭੁਰ ਗਏ ਨੇ।
ਦਿਲ ਮੇਰਾ ਹੋ ਗਿਆ ਕਾਠਾ ਨੀ, ਤੇਰੇ ਗੋਰੇ ਹੋ ਗਏ ਵਾਲ਼ ਕੁੜੇ,
ਤੇਰੇ ਨਾਲ ਵਿਆਹ ਕਰਵਾਏ ਨੂੰ ਹੋ ਗਏ ਪੰਜਾਹ ਤੋਂ ਉੱਤੇ ਸਾਲ ਕੁੜੇ।
ਜੋ ਨਾਲ ਪਿਆਰਾਂ ਪਾਲ਼ੇ ਸਨ, ਬੱਚੇ ਕਰ ਨਾ ਸਕਣ ਖਿਆਲ ਕੁੜੇ,
ਲੋਕਾਂ ਤੋਂ ਸੁਣਦਾ ਰਹਿੰਦਾ ਹਾਂ, ਘਰ ਘਰ ਦਾ ਏਹੀਓ ਹਾਲ ਕੁੜੇ।
ਆਪਾਂ ਰੱਬ ਦਾ ਸ਼ੁਕਰ ਮਨਾਈਏ ਨੀ, ਉਹ ਆਪਣੀ ਕਰਨ ਸੰਭਾਲ ਕੁੜੇ,
ਤੇਰੇ ਨਾਲ ਵਿਆਹ ਕਰਵਾਏ ਨੂੰ ਹੋ ਗਏ ਪੰਜਾਹ ਤੋਂ ਉੱਤੇ ਸਾਲ ਕੁੜੇ।
ਮੈਨੂੰ ਅਮਰੀਕਾ ਆਏ ਨੂੰ ਜਿਵੇਂ ਹੋ ਗਏ ਲੱਖਾਂ ਸਾਲ ਕੁੜੇ,
ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ, ਤੁਰਦੀ ਰਹੇ ਰੋਟੀ ਦਾਲ਼ ਕੁੜੇ।
ਹੁਣ ਪਿਛਲੇ ਛੱਡ ਜੰਜਾਲ ਕੁੜੇ, ਅੱਗੇ ਨੂੰ ਚੱਲ ਮੇਰੇ ਨਾਲ ਕੁੜੇ,
ਇਹ ਜਗਤ ਤਮਾਸ਼ਾ, ਮੇਲਾ ਹੈ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ।
***
5. ਅੱਸੀਆਂ ਤੋਂ ਬਾਅਦ
ਜਿੱਥੇ ਹੁਣ ਮੈਂ ਜਾ ਨਹੀਂ ਸਕਦਾ,
ਪਿੰਡ ਨੂੰ ਦਿਲੋਂ ਭੁਲਾ ਨਹੀਂ ਸਕਦਾ।
ਸਾਦ-ਮੁਰਾਦਾ, ਘੁੱਗ ਵਸਦਾ ਸੀ,
ਐਸਾ ਨਗਰ ਵਸਾ ਨਹੀਂ ਸਕਦਾ।
ਭੁਰ ਗਏ ਟਿਕ ਟਿਕ ਕਰਕੇ ਰਿਸ਼ਤੇ,
ਦੁੱਖ-ਸੁਖ ਕਿਤੇ ਵੰਡਾ ਨਹੀਂ ਸਕਦਾ।
ਜੋ ਭੋਜਨ ਮੈਂ ਖਰੀਦ ਹਾਂ ਸਕਦਾ,
ਉਹ ਭੋਜਨ ਹੁਣ ਖਾ ਨਹੀਂ ਸਕਦਾ।
ਮਨ ਆਪਣਾ ਸਮਝਾਉਣਾ ਪੈਂਦਾ,
ਦੁਨੀਆ ਨੂੰ ਸਮਝਾ ਨਹੀਂ ਸਕਦਾ।
ਰੱਬ ਨੇ ਅਜੇ ਤੱਕ ਕਲਮ ਨਹੀਂ ਡੋਬੀ,
ਕੀ ਹੋਇਆ ਜੇ ਗਾ ਨਹੀਂ ਸਕਦਾ।
ਸਮਾਂ ਮਿਲਣ ਲਈ ਸ਼ੁਕਰ-ਗੁਜਾਰ ਹਾਂ,
ਕਰ ਪੂਰਾ ਅਦਬ ਅਦਾ ਨਹੀਂ ਸਕਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4469)
(ਸਰੋਕਾਰ ਨਾਲ ਸੰਪਰਕ ਲਈ: (