“ਜੋ ਸਾਡੇ ਵੱਸ ਨਹੀਂ, ... ਤਾਂ ਚਿੰਤਾ ਕਾਹਦੀ? ... ਸਭ ਜੱਗ ਚਲਣਹਾਰ ਹੈ ...”
(26 ਮਈ 2020)
1. ਪਿਆਰੀ ਕੋਰੋਨਾ ਵਾਇਰਸ: ਹੈਰਾਨ ਨਾ ਹੋਣਾ ਜੇ ਤੂੰ ਫੇਲ ਹੋ ਗਈ
ਉਂਝ ਕੇਨੀਆ ਦੇ ਮੁਲਕ ਵਿੱਚ ਤੇਰਾ ਸਵਾਗਤ ਹੈ,
ਪਰ, ਤੈਂਨੂੰ ਕਈ ਗੱਲਾਂ ਵਾਰੇ ਜਾਨਣ ਦੀ ਲੋੜ ਹੈ।
ਇੱਥੇ ਅਸੀਂ ਤੇਰੇ ਵਰਗੀਆਂ,
ਫਲੂ ਦੀਆਂ ਬੀਮਾਰੀਆਂ ਨਾਲ ਨਹੀਂ ਮਰਦੇ।
ਇਸ ਲਈ ਹੈਰਾਨ ਮੱਤ ਹੋਣਾ,
ਜੇ ਤੂੰ ਸਫਲ ਨਾ ਹੋ ਸਕੀ।
ਅਸੀਂ ਤਾਂ ਤੇਰੇ ਵੱਲ ਧਿਆਨ ਹੀ ਨਹੀਂ ਦੇ ਸਕਦੇ,
ਸਾਡੇ ਕੋਲ਼ ਤਾਂ ਹੋਰ ਬਥੇਰੇ ਟੰਟੇ ਹਨ।
ਹੋ ਸਕਦਾ ਹੈ ਅਸੀਂ ਹੈਜ਼ੇ ਨਾਲ,
ਪਹਿਲਾਂ ਹੀ ਮਰ ਜਾਈਏ।
ਸਾਡੇ ਲਈ ਹਰ ਦਿਨ,
ਮੌਤ ਦੇ ਮੂੰਹੋਂ ਨਿਕਲਣ ਵਾਲੀ ਗੱਲ ਹੈ।
ਅਸੀਂ ਤਾਂ ਤੁਰਦੇ ਫਿਰਦੇ ਮੁਰਦੇ ਹਾਂ,
ਮੌਤ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ।
ਮਾਂ ਨਾਲੋਂ ਕੱਟਕੇ,
ਘਰ ਦੇ ਪਿੱਛੇ ਦੱਬੇ ਨਾੜੂਏ ਦੇ ਸਮੇਂ ਤੋਂ ਚੱਲਕੇ,
ਮੌਤ ਦਾ ਪਰਛਾਵਾਂ ਸਾਡੇ ਨਾਲ ਉਦੋਂ ਤਕ ਰਹਿੰਦਾ ਹੈ,
ਜਦੋਂ ਤਕ ਇਸ ਮਾਸ ਦੇ ਟੁਕੜੇ ਨੂੰ ਦਬਾਉਣ ਲਈ,
ਪੈਸਾ ਇਕੱਠਾ ਕਰਨਾ ਪੈਂਦਾ ਹੈ।
ਮੌਤ ਕਦੇ ਵੀ ਆ ਸਕਦੀ ਹੈ
ਤਾਂ ਡਰ ਕਾਹਦਾ?
ਆ ਗਈ ਤਾਂ ਆ ਗਈ।
ਜੋ ਸਾਡੇ ਵੱਸ ਨਹੀਂ,
ਤਾਂ ਚਿੰਤਾ ਕਾਹਦੀ?
ਸਭ ਜੱਗ ਚਲਣਹਾਰ ਹੈ।
ਕਰੋਨਾ, ਇੱਕ ਦਿਨ ਤੈਂ ਵੀ ਤੇ
ਤੁਰ ਜਾਣਾ ਹੈ।
**
ਸ਼ਾਇਰ: ਸੈਮੂਅਲ ਮੰਗੇਰਾ Samuel Mang'era (Kenya)
(ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ: ਗੁਰਦੇਵ ਸਿੰਘ ਘਣਗਸ)
2. ਕਰੋਨਾਵਾਇਰਸ ਸਮੇਂ ਮਾਂ ਦਿਵਸ
ਭਰੀ ਜਾਂਦੀ ਹੈ ਰੋਜ਼ ਕਰੋਨਾ, ਸਾਰੇ ਸਫੇ ਅਖਬਾਰ ਦੇ,
ਫਰਜ਼ ਕਰਾਂ ਮੈਂ ਕਿੰਝ ਅਦਾ, ਕਿਸੇ ਕਵੀ ਦਰਬਾਰ ਦੇ।
ਲਿਖਾਂਗਾ ਵੈਸੇ ਫਿਰ ਕਦੇ ਗੀਤ ਮੈਂ ਵੀ ਪਿਆਰ ਦੇ,
ਅੱਜ ਤਾਂ ਮੇਰੇ ਮਾਲਕਾ ਤੂੰ ਮੈਂਨੂੰ ਕੋਈ ਚਮਕਾਰ ਦੇ।
ਸੁਣੇਗਾ ਉਂਝ ਕੌਣ ਮੇਰੇ ਦਰਦਾਂ ਭਰੇ ਗੀਤ ਅੱਜ,
ਲੋਕ ਤਾਂ ਨੇ ਰਹੇ ਉਡੀਕ ਲਾਰੇ ਇਸ ਸਰਕਾਰ ਦੇ।
ਫਰਜ਼ ਬਣਦਾ ਹੈ ਅਸਾਡਾ ਕਰੋਨਾਵਾਇਰਸ ਨਾ ਵਧੇ,
ਦੇਖ ਬੰਦੇ ਵੋਟਾਂ ਦੇ ਮੌਸਮ ਕੀ ਭਾਣੇ ਕਰਤਾਰ ਦੇ।
ਪੌਣ, ਪਾਣੀ, ਧਰਤ ਮਾਤਾ, ਉਮਰ ਭਰ ਸਾਨੂੰ ਸਾਂਭਦੇ,
ਨੇ ਡਾਲਰਾਂ ਵਿੱਚ ਵਿਕਦੇ, ਜਾਂ ਗੰਦ ਵਿੱਚ ਦਿਨ ਗੁਜ਼ਾਰਦੇ।
ਆਉਂਦੀ ਰਹੇਗੀ ਮੁੜ ਕਰੋਨਾ ਰੂਪ ਬਦਲ ਬਦਲ ਕੇ,
ਕੀ ਨਿਮਾਣਾ ਜਾਣੇ ‘ਘਣਗਸ’, ਰੰਗ ਬਹੁ ਕਰਤਾਰ ਦੇ।
ਲਿਖਾਂਗਾ ਜ਼ਰੂਰ ਕਦੇ ਮੈਂ ਵੀ ਗੀਤ ਪਿਆਰ ਦੇ,
ਭੁਗਤ ਚੱਲਿਆਂ ਅੱਜ ਮੈਂ ਤਾਂ ਵਾਹਦੇ ਕਵੀ ਦਰਬਾਰ ਦੇ।
**
3. ਕਰੋਨਾਵਾਇਰਸ ਦੇ ਦਿਨ
ਦਿਨ ਕਰੋਨਾ ਦੇ ਲੰਘਾਈ ਜਾ ਤੂੰ ਚੁੱਪ ਕਰਕੇ,
ਨਵੀਆਂ ਬਣਤਾਂ ਬਣਾਈ ਜਾ ਤੂੰ ਚੁੱਪ ਕਰਕੇ।
ਭੈੜਾ ਛੂਤ ਵਾਲਾ ਰੋਗ, ਪਾਵੇ ਦਿਨਾਂ ਵਿੱਚ ਭੋਗ,
ਜੋਰ ਪ੍ਰਹੇਜ਼ ’ਤੇ ਲਗਾਈ ਜਾ ਤੂੰ ਚੁੱਪ ਕਰਕੇ।
ਲਾ ਕੇ ਸਾਰਿਆਂ ਨੂੰ ਕੰਨ, ਗੱਲ ਡਾਕਟਰਾਂ ਦੀ ਮੰਨ,
ਹੋਕਾ ਦਰ ਦਰ ਪਹੁੰਚਾਈ ਜਾ ਤੂੰ ਚੁੱਪ ਕਰਕੇ,
ਰਹਿਣਾ ਦੂਰ ਦੂਰ ਸਿੱਖ, ਇਸ ਵਿੱਚ ਹੈ ਭਵਿੱਖ,
ਕਰੀ ਹੱਥਾਂ ਦੀ ਸਫਾਈ ਜਾ ਤੂੰ ਚੁੱਪ ਕਰਕੇ।
ਕੁਝ ਫਸ ਗਏ ਵਿਚਾਰੇ, ਬਾਕੀ ਲਾਰਿਆਂ ਨੇ ਮਾਰੇ,
ਜਿਵੇਂ ਚਲਦੀ ਚਲਾਈ ਜਾ ਤੂੰ ਚੁੱਪ ਕਰਕੇ।
ਲੋਕ ਹੁੰਦੇ ਆਏ ਅੱਡ, ਐਵੇਂ ਹਿੰਮਤਾਂ ਨਾ ਛੱਡ
ਨਵੇਂ ਢੰਗ ਅਪਣਾਈ ਜਾ ਤੂੰ ਚੁੱਪ ਕਰਕੇ
ਮੇਲ-ਜੋਲ ਤੋਂ ਅਲੱਗ, ਪੱਲਾ ਸੱਚ ਦਾ ਨਾ ਛੱਡ,
ਕਰੀ ਕਿਸੇ ਤਰ੍ਹਾਂ ਭਲਾਈ ਜਾ ਤੂੰ ਚੁੱਪ ਕਰਕੇ
ਰੱਖ ਹਰਖ ਉੱਤੇ ਕਾਬੂ, ਨਹੀਂ ’ਕੱਲਾਪਣ ਖਾ ਜੂ,
ਕੰਮ ਘਰ ਦੇ ਭੁਗਤਾਈ ਜਾ ਤੂੰ ਚੁੱਪ ਕਰਕੇ।
ਜੇਕਰ ਤੁਰ ਹੁੰਦਾ ਤੁਰ, ਸਿੱਖ ਸਾਜ਼ ਚੰਗੀ ਸੁਰ,
ਨਹੀਂ ਤਬਲਾ ਵਜਾਈ ਜਾ ਤੂੰ ਚੁੱਪ ਕਰਕੇ।
ਜੇ ਹੋਰ ਨਹੀਂ ਚਾਰਾ, ਇੱਦਾਂ ਕਰ ਲੈ ਗੁਜ਼ਾਰਾ,
ਕਵਿਤਾ ਗਜ਼ਲਾਂ ਬਣਾਈ ਜਾ ਤੂੰ ਚੁੱਪ ਕਰਕੇ।
**
4. ਉਹ ਕਹਿੰਦੇ ਨੇ
ਉਹ ਕਹਿੰਦੇ ਨੇ,
ਜੇ ਕਵੀ ਅਖਵਾਉਣਾ ਤਾਂ ਖੁੱਲ੍ਹੀ ਕਵਿਤਾ ਸਿੱਖ।
ਜੇ ਕਰੋਨਾ ਤੋਂ ਬਚਣਾ ਹੈ ਤਾਂ ਦੂਰੀ ’ਤੇ ਰਹਿਣਾ ਸਿੱਖ।
ਜੇ ਦੂਰੀ ਤੋਂ ਬਚਣਾ ਹੈ ਤਾਂ ਕਵਿਤਾ ਲਿਖ।
ਉਹ ਤਾਂ ਬੜਾ ਕੁਝ ਕਹਿੰਦੇ ਨੇ,
ਮੈਂ ਕਿਹਾ ਮਨਾ ਛੰਦ-ਬੰਦ ਲਿਖਣੇ ਤਾਂ ਵਿਸਰ ਚੱਲੇ ਹਨ।
ਪਰਵਾਸੀਆਂ ਪੰਜਾਬੀਆਂ ਤੋਂ ਭਲਾ ਕਰੋਨਾ ਕੀ ਭਾਲਦੀ ਹੈ,
ਇਕੱਲੇ ਰਹਿਣਾ ਤਾਂ ਅਸੀਂ ਦੇਰ ਤੋਂ ਸਿੱਖਦੇ ਆ ਰਹੇ ਹਾਂ।
ਕਦੇ ਅਸੀਂ ਧਰਮਾਂ ਕਰਕੇ ਵੰਡੇ ਗਏ,
ਕਦੇ ਅਸੀਂ ਬੇ-ਸ਼ਰਮਾਂ ਕਰਕੇ ਵੰਡੇ ਗਏ।
ਫੇਰ ਅਸੀਂ ਦਰਿਆਵਾਂ ਨੂੰ ਵੰਡਦੇ ਆ ਰਹੇ ਹਾਂ,
ਪੰਜਾਬ ਨੂੰ ਤਾਂ ਟੋਟੇ ਟੋਟੇ ਕਰ ਵੰਡ ਲਿਆ ਗਿਆ ਹੈ।
ਪਿੰਡ ਅਸੀਂ ਸ਼ਹਿਰਾਂ ਨੂੰ ਵੰਡ ਦਿੱਤੇ ਹਨ,
ਪਿੰਡ ਤਾਂ ਹੁਣ ਪਿੰਡ ਹੀ ਨਹੀਂ ਲਗਦੇ।
ਉਹ ਕਹਿੰਦੇ ਨੇ ਜੇ ਕਰੋਨਾ ਜੈਸੇ ਰੋਗਾਂ ਤੋਂ ਬਚਣਾ ਹੈ,
ਤਾਂ ਮੁੜ ਕੁਦਰਤ ਦੀ ਗੋਦ ਵਿੱਚ ਆ ਕੇ ਵਸੋ।
ਕੁਦਰਤ ਦੀ ਗੋਦ ਤਾਂ ਹੁਣ ਧੂੰਏਂ ਨਾਲ ਭਰੀ ਪਈ ਹੈ,
ਕਾਰਖਾਨਿਆਂ ਦਾ ਧੂੰਆਂ, ਕਾਰਾਂ ਦਾ ਧੂੰਆਂ, ਚਿਮਨੀਆਂ ਦਾ ਧੂੰਆਂ।
ਤੇ ਹੋਰ ਸਿਆਸੀ ਭਾਸ਼ਨਾਂ ਦਾ ਧੂੰਆਂ,
ਜੋ ਸਭ ਤੋਂ ਵੱਧ ਖਤਰਨਾਕ ਹੁੰਦਾ ਹੈ।
ਇਹੀ ਹਾਲ ਪਾਣੀ ਦਾ ਹੈ,
ਧਰਤ ਮਹੱਤ ਦੀ ਤਾਂ ਗੱਲ ਹੀ ਛੱਡੋ।
ਉਹ ਕਹਿੰਦੇ ਨੇ,
ਕਵੀਓ, ਜੇ ਕੋਈ ਇਨਾਮ ਖਨਾਮ ਲੈਣਾ ਤਾਂ ਕਿਸੇ ਨੂੰ ਮਿਲੋ,
ਅਮਰੀਕਾ ਵਰਗੇ ਮੁਲਕਾਂ ਵਿੱਚੋਂ ਆਏ ਘਸੇ-ਪਿੱਟੇ ਕਵੀ,
ਦੇਸੀ ਯੂਨੀਵਰਸਿਟੀਆਂ ਤੋਂ,
ਵੱਡੇ ਪਰਵਾਸੀ ਕਵੀ ਬਣਕੇ ਨਿਕਲਦੇ ਹਨ।
ਉਹ ਤਾਂ ਇਨਾਮ ਲੈਣ ਦੇ,
ਵਸੀਲੇ ਵੀ ਦੱਸਣ ਲੱਗ ਪੈਂਦੇ ਹਨ।
ਉਹ ਤਾਂ ਕੁਝ ਨਾ ਕੁਝ ਕਹਿੰਦੇ ਰਹਿੰਦੇ ਨੇ,
ਕਰਦੇ ਪਰ ਕੁਝ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2158)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)