(ਜੂਨ 1, 2015)
1. ਮੇਰਾ ਸੰਖੇਪ ਜੀਵਨ
ਛੋਟਾ ਜਿਹਾ ਪਿੰਡ ਜਿੱਥੇ ਆਪਾਂ ਜੰਮੇ ਸੀ,
ਬਹੁਤੇ ਲੋਕ ਚੰਗੇ ਇਕ ਦੋ ਨਿਕੰਮੇ ਸੀ।
ਬੱਚੇ- ਹੁੰਦੇ ਚਾਰੇ ਅਸਾਂ ਕੱਟੇ ਕੱਟੀਆਂ,
‘ਫੀਮ ਦੀਆਂ ਗੋਲੀਆਂ ਵੀ ਆਪਾਂ ਵੱਟੀਆਂ।
‘ਫੀਮ ਦੀਆਂ ਗੋਲੀਆਂ ਵੀ ਆਪਾਂ ਵੱਟੀਆਂ,
ਗੋਲ਼ੀਆਂ ’ਚੋਂ ਬਾਬਿਆਂ ਸੁਆਹਾਂ ਚੱਟੀਆਂ।
ਖੇਤੀ-ਬਾੜੀ ਡੰਗਰਾਂ ਦੇ ਧੱਕੇ ਚੜ੍ਹ ਗਏ,
ਪਿੰਡ ਦੇ ਸਕੂਲੋਂ ਅਸੀਂ ਚੌਥੀ ਪੜ੍ਹ ਗਏ।
ਚੌਥੀ ਪਿੱਛੋਂ ਹੋ ਗਈਆਂ ਸਕੀਮਾਂ ਵੱਡੀਆਂ,
ਪੜ੍ਹਨੇ ਦੇ ਨਾਲ ਖੇਡੀਆਂ ਕਬੱਡੀਆਂ।
ਫੁੱਟਬਾਲ, ਹਾਕੀ, ਵਾਲੀ-ਬਾਲ ਖੇਲ੍ਹਦੇ,
ਨੰਗੇ ਪੈਰੀਂ ਜਾਂਦੇ ਸੀ ਸਕੂਲ ਮੇਲ੍ਹਦੇ।
ਹੁੰਦਾ ਹੁੰਦਾ ਰਸਤਾ ਸੁਨਹਿਰੀ ਹੋ ਗਿਆ,
ਦਸਵੀਂ ਤੋਂ ਬਾਦ ਪੈਂਡਾ ਸ਼ਹਿਰੀ ਹੋ ਗਿਆ।
ਲੁਧਿਆਣੇ ਕਾਲਿਜ ‘ਚ ਲਿਆ ਦਾਖਲਾ,
ਮਾਪਿਆਂ ਦੇ ਨਾਲ ਵਧ ਗਿਆ ਫਾਸਲਾ।
ਸ਼ਹਿਰੀ ਸੀ ਮਹੌਲ ਸਾਨੂੰ ਆਇਆ ਰਾਸ ਨਾ,
ਕਾਲਿਜ ਦਾ ਲੁਤਫ ਵੀ ਆਇਆ ਖਾਸ ਨਾ।
ਧੱਕੇ ਧੁੱਕੇ ਖਾਕੇ ਅਸੀਂ ਸੋਲਾਂ ਪੜ੍ਹ ਗਏ,
ਜੀਓਣ-ਜੋਗੇ ਜੀਵਨ ਦੇ ਡੰਡੇ ਚੜ੍ਹ ਗਏ।
ਨੌਕਰੀ ਦੇ ਵੱਲ ਘੱਤੀਆਂ ਤਿਆਰੀਆਂ,
ਵਧ ਗਈਆਂ ਸਾਡੇ ਲਈ ਦੁਸ਼ਵਾਰੀਆਂ।
ਅਮਰੀਕਾ ਤੋਂ ਵਜੀਫੇ ਨਾਲ ਸੱਦਾ ਆ ਗਿਆ,
ਮਾਪਿਆਂ ਲਈ ਸਮਾਂ ਹੋਰ ਭੱਦਾ ਆ ਗਿਆ।
ਲੁਧਿਆਣੇ ਸ਼ਹਿਰ ਤੋਂ ਕਿਨਾਰਾ ਕੱਸਿਆ,
ਮਾਪੇ ਛੱਡ, ਪਿੰਡ ਛੱਡ, ਬੰਦਾ ਫਸਿਆ।
ਮਾਂ ਦਾ ਵਿਛੋੜਾ ਬਹੁਤ ਔਖਾ ਦੇਖਿਆ,
ਏਸੇ ਨੂੰ ਹੀ ਆਖੀਦਾ ਹੈ ‘ਦੁੱਖ ਸੇਕਿਆ’।
ਸੋਚਿਆ ਸੀ ਕਦੇ ਪਿੰਡ ਮੁੜ ਜਾਵਾਂਗੇ,
ਆਪਣੇ ਪਿਛੋਕੜ ਨਾਲ ਜੁੜ ਜਾਵਾਂਗੇ।
ਸਾਡੇ ਲਈ ਦਿੱਲੀ ਪਰ ਬੜੀ ਦੂਰ ਸੀ,
ਹੋਣੀ ਨੇ ਜੋ ਕੀਤਾ ਸਾਡਾ ਕੀ ਕਸੂਰ ਸੀ।
ਦਿਲ ਸੀ ਜਵਾਨ ਤੇ ਜਵਾਨੀ ਠੱਗ ਗਈ,
ਕੀਤੀ ਜੋ ਪੜ੍ਹਾਈ ਸਾਰੀ ਲੇਖੇ ਲੱਗ ਗਈ।
ਛੜਾ ਪੁੱਤ ਜੱਟਾਂ ਦਾ ਵਿਆਹ ਹੋ ਗਿਆ.
ਮਾਪਿਆਂ ਦੇ ਸਾਹ ਵਿਚ ਸਾਹ ਹੋ ਗਿਆ।
ਸਤਲੁਜ ਤੋਂ ਪਾਰ ਜੰਮੀ ਆਰ ਆ ਗਈ,
ਬਾਕੀ ਦੇ ਰਿਸ਼ਤਿਆਂ ’ਚ ਖਾਰ ਆ ਗਈ।
ਨੌਕਰੀ ਦੇ ਚੱਕਰਾਂ ਸਤਾਇਆ ਦਾਸ ਨੂੰ,
ਫੋਕੇ ਵਾਅਦਿਆਂ ਨੇ ਰਜਾਇਆ ਆਸ ਨੂੰ।
ਦੁਨੀਆ ਦੇ ਲੋਕ ਹੋਰ ਹੋਰ ਹੋ ਗਏ,
ਪਿੰਡ ਪਿੰਡ, ਘਰ ਘਰ, ਚੋਰ ਹੋ ਗਏ।
ਸਿੱਧੇ ਮੂੰਹ ਨਾਲ ਗੱਲਾਂ ਕਰੇ ਇੱਕ ਨਾ,
ਉੱਤੋਂ ਕੁਝ ਹੋਰ, ਵਿੱਚੋਂ ਪੌਣ ਦਿੱਕਤਾਂ।
84 ਵਾਲੇ ਦੌਰ ਵਿਚ ਅਸੀਂ ਫਸ ਗਏ,
ਚੰਡੀਗੜ੍ਹ ਨੌਕਰੀ ਦੇ ਵਾਹਦੇ ਘਸ ਗਏ।
ਪੈਂਤੀ ਸਾਲ ਕੀਤੀ ਸਾਇੰਸ ਦੀ ਤਪੱਸਿਆ,
ਨਾਲੋ ਨਾਲ ਝੱਲੀ ਈਰਖਾ ਦੀ ਸਮੱਸਿਆ।
ਦਿਨ ਰਾਤ ਕੰਮ ਕੀਤਾ ਕਾਮਿਆਂ ਦੇ ਵਾਂਗ,
ਕੁਝ ਲੋਕ ਮਿਲੇ ‘ਦੇਸੀ ਮਾਮਿਆਂ’ ਦੇ ਵਾਂਗ।
ਖਿੱਚੋ-ਤਾਣ ਵਧੀ ਦਿਲ ਢਿੱਲਾ ਹੋ ਗਿਆ,
ਕੈਂਸਰ ਨਾਲ ਫੇਰ ਕੰਮੋਂ ਵਿਹਲਾ ਹੋ ਗਿਆ।
ਕੀਤਾ ਸੀ ਓਪਰੇਸ਼ਨ ਹੋਈ ਭਾਰੀ ਗਲਤੀ,
ਲਾੜੀ ਮੌਤ ਡਾਕਟਰ ਮੇਰੇ ਬੂਹੇ ਘੱਲਤੀ।
ਕਈ ਸਾਲ ਲੱਗੇ ਸੀ ਆਰਾਮ ਆਉਣ ਨੂੰ,
ਉੱਕਾ ਹੀ ਨਾ ਰਿਹਾ ਵਿੱਚ ਜੋਰ ਲਾਉਣ ਨੂੰ।
ਆਖਰ ਨੂੰ ਜਦੋਂ ਮੈਂ ਰੀਟਾਇਰ ਹੋ ਗਿਆ,
ਨੌਕਰੀ ਤੋਂ ਭੱਜ ਬੰਦਾ ਸ਼ਾਇਰ ਹੋ ਗਿਆ।
ਸ਼ਾਇਰੀ ਦੇ ਨਾਲ ਛਾਪੀਆਂ ਕਹਾਣੀਆਂ,
ਹਾਣੀਆਂ ਨੇ ਜਾਣ-ਬੁੱਝ ਟਿੱਚ ਜਾਣੀਆਂ।
ਅਖੀਰ ਸਾਡੇ ਕਰਮਾਂ ’ਚ ਏਦਾਂ ਲਿਖਿਆ,
ਇਕ ਦਿਨ ਮਿੱਤਰਾਂ ਨੇ ਢੋਲ ਸਿੱਖਿਆ।
ਢੱਡ ਦੀ ਕਹਾਣੀ ਦਾ ਸੁਣਾਵਾਂ ਹਾਲ ਜੀ,
ਸਿੱਖਦੇ ਨੂੰ ਹੋ ਗਏ ਨੇ ਚਾਰ ਸਾਲ ਜੀ।
ਜਿਵੇਂ ਸਿੱਖ ਹੋਵੇ ਓਵੇਂ ਢੱਡ ਸਿੱਖੀਦੀ,
ਕਦੇ ਕੋਈ ਕਲੀ ਕਦੇ ਵਾਰ ਲਿਖੀਦੀ।
ਹੁਣ ਸਾਡਾ ਹੋ ਗਿਆ ਹੈ ਐਸਾ ਹਾਲ ਜੀ,
ਜੈਸੇ ਹੁੰਦਾ ਕਿਸੇ ਦਾ ਬਹੱਤਰਵੇਂ ਸਾਲ ਜੀ।
ਚੜ੍ਹ ਗਿਆ ਭਾਵੇਂ ਹੈ ਤਹੇਤਰਵਾਂ ਸਾਲ ਜੀ,
ਲਿਖਣੇ ਦੀ ਨੀ ਹੋਈ ਪਰ ਮੱਠੀ ਚਾਲ ਜੀ।
ਜਿੰਨਾ ਚਿਰ ਅਸੀਂ ਜੀ ਜਿਆਉਂਦੇ ਰਹਾਂਗੇ,
ਅੱਗੇ ਅੱਗੇ ਕਵਿਤਾ ਵਧਾਉਂਦੇ ਰਹਾਂਗੇ।
**
2.
ਮਾਂ
ਬਚੇ-ਖੁਚੇ ਨਾਲ ਕਰੇ ਗੁਜ਼ਾਰਾ, ਸਭ ਦੇ ਖਾਣ ਤੋਂ ਮਗਰੋਂ ਮਾਂ
ਤੇਰੇ ਜੈਸਾ ਕੋਈ ਨਾ ਮਿਲਿਆ, ਤੇਰੇ ਜਾਣ ਤੋਂ ਮਗਰੋਂ ਮਾਂ।
ਉੱਠਦੀ ਬਹਿੰਦੀ ਤੁਰਦੀ ਫਿਰਦੀ, ਕੀੜੀ ਵਾਂਗਰ ਕਿਰਤ ਕਰੇ
ਰੱਬ ਦਾ ਨਾਂ ਹਮੇਸ਼ਾਂ ਲੈਂਦੀ, ਮੰਜਾ ਡਾਹਣ ਤੋਂ ਮਗਰੋਂ ਮਾਂ।
ਜਦ ਕਦੇ ਵੀ ਲਾਂਭੇ ਜਾਂਦੀ, ਸਾਨੂੰ ਉਸਦੀ ਯਾਦ ਸਤਾਂਦੀ
ਬਿਸਕੁਟ ਪੀਪਾ ਲੈ ਕੇ ਆਉਂਦੀ, ਪੇਕੇ ਜਾਣ ਤੋਂ ਮਗਰੋਂ ਮਾਂ।
ਤੜਕੇ ਵੇਲੇ ਤੰਗ ਨਾ ਕਰਦੀ, ਗੂੜ੍ਹੀ ਨੀਂਦਰ ਸੁੱਤਿਆਂ ਨੂੰ
ਲੌਢੇ ਵੇਲੇ ਸਦਾ ਜਗਾਉਂਦੀ, ਲੰਮੀਆਂ ਤਾਣ ਤੋਂ ਮਗਰੋਂ ਮਾਂ।
ਸਾਲ ਛਿਮਾਹੀ ਸਾਡੇ ਘਰ ਜਦ, ਮੰਜਾ ਪੀਹੜੀ ਟੁੱਟ ਜਾਂਦੇ
ਤਾਂ ਫਿਰ ਉਸਨੂੰ ਤੋਪੇ ਲਾਉਂਦੀ, ਟੁੱਟੇ ਵਾਣ ਤੋਂ ਮਗਰੋਂ ਮਾਂ।
ਸ਼ਾਮ ਦੇ ਵੇਲੇ ਸੂਰਜ ਢਲਦੇ, ਦਾਲ ਨੂੰ ਤੜਕਾ ਲੱਗ ਜਾਂਦਾ
ਸਾਨੂੰ ਖਾਣ ਨੂੰ ’ਵਾਜਾਂ ਲਾਉਂਦੀ, ਮੰਨੀਆਂ ਲਾਹੁਣ ਤੋਂ ਮਗਰੋਂ ਮਾਂ।
ਮੇਰੇ ਪਿੰਡ ਵਿਚ ਅਜੇ ਵੀ ਮਾਵਾਂ, ਪੁੱਤਾਂ ਮਗਰੇ ਨੱਸਦੀਆਂ ਨੇ
ਮੈਂਨੂੰ ਕੋਈ ਨੀ ਪੁੱਤ ਪੁੱਤ ਕਹਿੰਦਾ, ਤੇਰੇ ਜਾਣ ਤੋਂ ਮਗਰੋਂ ਮਾਂ।
ਜਦ ਕਦੇ ਵੀ ਬੈਠਾ ਹੋਵਾਂ, ਚੁੱਪ-ਚਪੀਤਾ, ਕੱਲ-ਮੁਕੱਲਾ
ਅੱਖਾਂ ਦੇ ਵਿੱਚ ਲਟਕਣ ਹੰਝੂ, ਯਾਦ ਆ ਜਾਣ ਤੋਂ ਮਗਰੋਂ ਮਾਂ।
**
3.
ਮੇਰੇ ਪਿੰਡ ਦੀਆਂ
ਸਨ ਸਿੱਧੀਆਂ ਸਾਦੀਆਂ ਮਾਈਆਂ, ਮੇਰੇ ਪਿੰਡ ਦੀਆਂ
ਅੱਜ ਫਿਰ ਚੇਤੇ ਆਈਆਂ, ਮੇਰੇ ਪਿੰਡ ਦੀਆਂ।
ਲੀਕਾਂ ਵਾਲੇ ਮੱਥੇ, ਕਿਰਤਾਂ ਦੀਆਂ ਪੈੜਾਂ
ਮਮਤਾ ਦੀਆਂ ਕਰਜ਼ਾਈਆਂ, ਮੇਰੇ ਪਿੰਡ ਦੀਆਂ।
ਜਿਹੜਾ ਪਾਵੇ ਦਰਸ਼ਨ, ਸੰਸੇ ਮਿਟ ਜਾਵਣ
ਹਰਦਮ ਦੇਣ ਵਧਾਈਆਂ, ਮੇਰੇ ਪਿੰਡ ਦੀਆਂ।
ਬੱਚਿਆਂ ਦੇ ਦੁੱਖ ਨਿਵਾਰਨ ਦੀ ਸੁੱਖ ਮੰਗਦੀਆਂ
ਭਿੰਨ ਭਿੰਨ ਦੱਸਣ ਦਵਾਈਆਂ, ਮੇਰੇ ਪਿੰਡ ਦੀਆਂ।
ਘੱਗਰੇ ਪਾ ਘੁੰਡ ਕੱਢਣ, ਦੁੱਖ ਵੰਡਾਵਣ ਲਈ
ਪਿੱਟਣ ਵਾਂਗ ਸ਼ੁਦਾਈਆਂ, ਮੇਰੇ ਪਿੰਡ ਦੀਆਂ।
ਘਰਾਂ ਤੇ ਰੱਖਣ ਕਬਜ਼ੇ, ਨਜ਼ਰਾਂ ਕੁੜੀਆਂ ਤੇ
ਅਜੇ ਤੱਕ ਨਾ ਆਈਆਂ, ਮੇਰੇ ਪਿੰਡ ਦੀਆਂ।
ਦਿਨ ਭਰ ਮਾਰਨ ਹਾਕਾਂ, ਨੂੰਹਾਂ ਸਤ ਜਾਵਣ
ਜਾ ਪੇਕੀਂ ਦੇਣ ਦੁਹਾਈਆਂ, ਮੇਰੇ ਪਿੰਡ ਦੀਆਂ।
ਗੁੱਗੇ ਪੀਰ ਮਨਾਵਣ, ਦਿਵਸ ਸ਼ਹੀਦਾਂ ਦੇ
ਇਹ ਭਰਮਾਂ ਨੇ ਖਾਈਆਂ, ਮੇਰੇ ਪਿੰਡ ਦੀਆਂ।
ਗੁੱਸਿਆਂ ਵਿੱਚ ਨਹੋਰੇ, ਡੁਸਕੇ ਤੇ ਰੋਸੇ
ਮਿੰਨਤਾਂ ਨਾਲ ਮਨਾਈਆਂ, ਮੇਰੇ ਪਿੰਡ ਦੀਆਂ।
ਦਿਨ ਸ਼ਗਨਾਂ ਦੇ ਆਏ, ਕਾਕੇ ਦੀਆਂ ਖਬਰਾਂ
ਫਿਰ ਨਾ ਰਹਿਣ ਸਮਾਈਆਂ, ਮੇਰੇ ਪਿੰਡ ਦੀਆਂ।
ਸਾਨੂੰ ਯਾਦ ਵੀ ਕਰ ਲੈਨੇ, ਵੇ ਗਰਦੇਵ ਸਿਆਂ
ਪੁੱਤ, ਕਦੇ ਨਾ ਚਿੱਠੀਆਂ ਪਾਈਆਂ, ਮੇਰੇ ਪਿੰਡ ਦੀਆਂ।
ਲੜ ਬੰਨ੍ਹਕੇ ਸਿਰਨਾਵੇਂ, ਟੁਰ ਗਈਆਂ ਬਿਨ ਦੱਸੇ
ਡੁੱਬ-ਜਾਣੀਆਂ ਮਾਈਆਂ, ਮੇਰੇ ਪਿੰਡ ਦੀਆਂ।
ਹੁਣ ਝੱਲਾਂ ਕਿਵੇਂ ਜੁਦਾਈਆਂ, ਮੇਰੇ ਪਿੰਡ ਦੀਆਂ
ਸਿੱਧੀਆਂ ਸਾਦੀਆਂ ਮਾਈਆਂ, ਮੇਰੇ ਪਿੰਡ ਦੀਆਂ
ਅੱਜ ਫਿਰ ਚੇਤੇ ਆਈਆਂ, ਮੇਰੇ ਪਿੰਡ ਦੀਆਂ
...
*****
(20)