GurdevSGhangas7ਹਸਪਤਾਲ ਤੋਂ ਵਾਪਸ ਆ ਕੇ ਮੈਂ ਉਹਨਾਂ ਸਨੇਹੀਆਂ ਨੂੰ ਮਿਲਣਾ ਚਾਹੁੰਦਾ ਸਾਂਜਿਨ੍ਹਾਂ ਨੂੰ ...
(14 ਮਈ 2023)
ਇਸ ਸਮੇਂ ਪਾਠਕ: 398.


ਕੈਂਸਰ ਤੋਂ ਬਾਅਦ ਮੇਰਾ ਸਾਇੰਸ ਦਾ ਕੰਮ ਠੱਪ ਹੋ ਗਿਆ
, ਪਰ ਲਿਖਣਾ ਅਤੇ ਸੰਗੀਤ ਮੇਰੇ ਰੋਜ਼ਾਨਾ ਜੀਵਨ ਵਿਚ ਪਰਵੇਸ਼ ਕਰ ਗਏ। ਜਦ ਮੈਂ ਲਿਖਦਾ ਪੜ੍ਹਦਾ ਨਾ ਹੁੰਦਾ ਤਾਂ ਅਕਸਰ ਮੈਂ ਕਿਸੇ ਸਾਜ਼ ਨਾਲ ਜੁੜਿਆ ਹੁੰਦਾ। ਵੱਡੀ ਉਮਰ ਵਿਚ ਸੌਖਿਆਂ ਬੁਢਾਪਾ ਭੋਗਣ ਲਈ ਸਾਜ਼ਾਂ ਨਾਲ ਸਮਾਂ ਚੰਗਾ ਗੁਜ਼ਰਨ ਲੱਗਾ।

ਮੈਂ ਦੋ ਤਰ੍ਹਾਂ ਦੇ ਸਾਜ਼ ਵਜਾਉਣੇ ਸਿੱਖਣ ਲੱਗਾ। ਇਕ ਉਹ ਜੋ ਸੁਰ ਨਾਲ ਸੰਬੰਧਤ ਹਨ ਅਤੇ ਦੂਜੇ ਉਹ ਜੋ ਤਾਲ ਨਾਲ ਸੰਬੰਧ ਰੱਖਦੇ ਹਨ।

ਹਾਰਮੋਨੀਅਮ: ਹਾਰਮੋਨੀਅਮ ਇਕ ਸੁਰ ਪੱਟੀ ਤੇ ਕੀ-ਬੋਰਡ ਨਾਲ, ਸੁਰਾਂ ਕੱਢਣ ਵਾਲਾ ਸਾਜ਼ ਹੈ। ਹਾਰਮੋਨੀਅਮ ਇੰਡੀਆ, ਪਾਕਿਸਤਾਨ, ਤੇ ਅਫਗਾਨਿਸਤਾਨ ਵਿਚ ਆਮ ਵਰਤਿਆ ਜਾਂਦਾ ਹੈ। ਇਸਦਾ ਕੀ-ਬੋਰਡ ਪਿਆਨੋ ਵਰਗਾ ਹੁੰਦਾ ਹੈ। ਇਸਦੇ ਨੋਟ ਧੁਨ ਅਨੁਸਾਰ ਵਜਾਏ ਜਾਂਦੇ ਹਨ। ਇਹ ਨੋਟ 8 ਮਾਤਰਾਂ ਦੇ ਚੱਕਰ ਅਨੁਸਾਰ ਚਲਦੇ ਰਹਿੰਦੇ ਹਨ।

ਢੋਲ: ਇਕ ਖਾਸ ਕਿਸਮ ਦੀ ਲੱਕੜ ਤੋਂ ਬਣਾਇਆ, ਢੋਲ ਅੰਦਰੋਂ ਖਾਲੀ ਤੇ ਬਾਹਰੋਂ ਗੋਲ਼ ਹੁੰਦਾ ਹੈ ਜਿਸਦੇ ਦੋਨੋਂ ਪਾਸੇ ਆਮ ਤੌਰ ਤੇ ਸੂਖਮ ਚਮੜੀ ਨਾਲ ਢਕੇ ਹੁੰਦੇ ਹਨ। ਚੰਮੜੀ ਤੇ ਡੱਗੇ ਨਾਲ ਸੱਟ ਮਾਰਿਆਂ ਆਵਾਜ਼ ਪੈਦਾ ਹੁੰਦੀ ਹੈ।

ਸਾਰੰਗੀ: ਦਿਓਦਾਰ ਰੁੱਖ ਦੇ ਇੱਕੋ ਟੋਟੇ ਨੂੰ ਤਰਾਸ਼ ਕੇ ਬਣਾਈ ਜਾਂਦੀ ਹੈ। ਸਾਰੰਗੀ ਇਕ ਛੋਟੇ ਗਲੇ ਵਾਲਾ ਸਾਜ਼ ਹੈ ਜਿਸਦੀ ਆਵਾਜ਼ ਤਾਰਾਂ ਵਿੱਚੋਂ ਪੈਦਾ ਕੀਤੀ ਜਾਂਦੀ ਹੈ। ਇਹ ਇੰਡੀਆ ਅਤੇ ਨੈਪਾਲ ਦਾ ਮਨ ਭਾਉਂਦਾ ਸਾਜ਼ ਹੈ। ਇਹ ਭਾਰਤੀ ਪੁਰਾਤਨ ਸੰਗੀਤ ਦਾ ਅਹਿਮ ਭਾਗ ਹੈ, ਜਿਸਦੀ ਆਵਾਜ਼ ਮਨੁੱਖੀ ਆਵਾਜ਼ ਦੇ ਨੇੜੇ ਲਿਆਂਦੀ ਜਾ ਸਕਦੀ ਹੈ।

ਢੱਡ: ਢੱਡ ਇਕ ਹਲਕਾ ਢੋਲ ਹੈ, ਜੋ ਇਕ ਹੱਥ ਨਾਲ ਫੜਿਆ ਜਾਂਦਾ ਹੈ, ਦੂਜੇ ਹੱਥ ਦੀਆਂ ਉਂਗਲਾਂ ਨਾਲ ਵਜਾਇਆ ਜਾਂਦਾ ਹੈ। ਢੱਡ ਵਜਾਉਣ ਵਾਲਿਆਂ ਨੂੰ ਢਾਡੀ ਸੱਦਿਆ ਜਾਂਦਾ ਹੈ। ਢਾਡੀ ਲੋਕ ਅਕਸਰ ਇਤਿਹਾਸਕ ਬਹਾਦਰ ਲੋਕਾਂ ਦੀਆਂ ਗਾਥਾਵਾਂ ਗਾਉਂਦੇ ਹਨ। ਇਕ ਢਾਡੀ ਜੱਥੇ ਵਿਚ ਇਕ ਸਾਰੰਗੀ ਵਾਦਕ ਅਤੇ ਦੋ ਢੱਡ ਦੇ ਮਾਹਰ ਹੁੰਦੇ ਹਨ।

ਤਬਲਾ: ਤਬਲੇ ਦੀ ਜੋੜੀ ਵੀ ਚੋਟ ਮਾਰਕੇ ਆਵਾਜ਼ ਕੱਢਣ ਵਾਲਾ ਸਾਜ਼ ਹੈ ਜੋ ਇੰਡੀਆ, ਅਫਗਾਨਿਸਤਾਨ, ਪਾਕਿਸਤਾਨ, ਨੈਪਾਲ, ਬੰਗਲਾ ਦੇਸ਼, ਅਤੇ ਸ਼੍ਰੀ ਲੰਕਾ ਦੇ ਪ੍ਰਚੱਲਤ ਸੰਗੀਤ ਵਿਚ ਵਜਾਇਆ ਜਾਂਦਾ ਹੈ। ਜੋੜੀ ਵਿਚ ਇਕ-ਮੂੰਹੇਂ ਦੋ ਡਰੱਮ ਹੁੰਦੇ ਹਨ, ਇਕ ਖੱਬੇ ਹੱਥ ਨਾਲ, ਤੇ ਦੂਜਾ ਸੱਜੇ ਹੱਥ ਦੀਆਂ ਉਂਗਲਾਂ ਨਾਲ ਵਜਾਇਆ ਜਾਂਦਾ ਹੈ। ਛੋਟਾ ਭਾਗ ਜਿਸਨੂੰ ਤਬਲਾ ਕਹਿੰਦੇ ਹਨ, ਉਹ ਸਦਾ ਲੱਕੜ ਨੂੰ ਅੰਦਰੋਂ ਤਰਾਸ਼ ਕੇ ਬਣਾਇਆ ਜਾਦਾ ਹੈ। ਚਮੜੀ ਤੇ ਉਂਗਲਾਂ ਮਾਰਿਆਂ ਆਵਾਜ਼ ਨਿਕਲਦੀ ਹੈ। ਵੱਡਾ ਭਾਗ, ਜਿਸਨੂੰ ਬਾਂਇਆਂ ਕਹਿੰਦੇ ਹਨ, ਦੂਸਰੇ ਹੱਥ ਨਾਲ ਵਜਦਾ ਹੈ।

ਤੂੰਬੀ: ਤੂੰਬੀ ਇਕ ਤਾਰ ਵਾਲਾ ਸੁਕਾਏ ਕੱਦੂ ਵਿਚ ਡੰਡਾ ਪਾ ਕੇ ਬਣਾਇਆ ਸਾਦਾ ਸਾਜ਼ ਹੈਇਹ ਇੰਡੀਆ, ਖਾਸ ਕਰਕੇ ਪੰਜਾਬ, ਦੇ ਲੋਕ-ਗੀਤਾਂ ਵਿਚ ਆਮ ਵੱਜਦਾ ਹੈ। ਭੰਗੜੇ ਦੇ ਚੜ੍ਹਤ ਕਾਰਨ ਇਹ ਹੋਰ ਵੀ ਮਸ਼ਹੂਰ ਹੋ ਗਿਆ ਹੈ।

ਜਦ ਮੈਂ ਇਹ ਸਾਜ਼ ਵਜਾਉਣੇ ਸ਼ੁਰੂ ਕੀਤੇ, ਮੇਰੀ ਹਾਲਤ ਏਦਾਂ ਸੀ ਜਿਵੇਂ ਕਾਲਜ ਦੇ ਨਵੇਂ ਵਿਦਿਆਰਥੀ ਖਾਸ ਮਜ਼ਮੂਨ ਬਦਲਦੇ ਰਹਿੰਦੇ ਹਨ। ਪਰ ਇਕ ਚੀਜ਼ ਦਾ ਮੈਂਨੂੰ ਪਤਾ ਸੀ ਕਿ ਹੁਣ ਜੋ ਵੀ ਸਿੱਖ ਹੋਇਆ, ਮੈਂ ਸਿੱਖ ਲੈਣਾ ਹੈ।

ਕੈਂਸਰ ਦਾ ਇਲਾਜ ਕਰਨ ਸਮੇਂ ਡਾਕਟਰਾਂ ਵਲੋਂ ਮੇਰੇ ਬਚਣ ਦੀ ਆਸ ਵੱਧ ਤੋਂ ਵੱਧ 50 ਫੀਸਦੀ ਦੱਸੀ ਗਈ ਸੀ। ਮਈ 2000 ਤੱਕ ਹਸਪਤਾਲ ਵਿਚ ਹਫਤਿਆਂ ਬੱਧੀ ਲਟਕਣ ਅਤੇ ਕੀਮੋ ਲਈ ਗੇੜੇ ਲਾਉਣ ਬਾਅਦ ਮੇਰਾ ਲਹੂ ਸਾਫ ਹੋ ਗਿਆ ਲਗਦਾ ਸੀ, ਕਿਉਂਕਿ ਕੈਂਸਰ ਦਾ ਇਕ ਸੈੱਲ ਵੀ ਬਚਿਆ ਨਹੀਂ ਸੀ ਦਿਸਿਆ। ਪਰ ਅਜੇ ਮੇਰਾ ਡਰ ਨਹੀਂ ਸੀ ਗਿਆ, ਕਿਉਂਕਿ ਇਹ ਦੁਬਾਰਾ ਆ ਸਕਦੀ ਸੀ। ਇਸ ਲਈ ਹਸਪਤਾਲ ਤੋਂ ਵਾਪਸ ਆ ਕੇ ਮੈਂ ਉਹਨਾਂ ਸਨੇਹੀਆਂ ਨੂੰ ਮਿਲਣਾ ਚਾਹੁੰਦਾ ਸਾਂ, ਜਿਨ੍ਹਾਂ ਨੂੰ ਮਰਨ ਤੋਂ ਪਹਿਲਾਂ ਮਿਲਕੇ ਜਾਣਾ ਚਾਹੀਦਾ ਸੀ। ਮੇਰੇ ਇਲਾਜ ਸਮੇਂ ਇੰਡੀਆ ਬੈਠੀ ਮੇਰੀ ਮਾਂ ਸਾਹ ਛੱਡ ਗਈ, ਜਿਸ ਨਾਲ ਮੇਰੇ ਮਨ ਦਾ ਬੋਝ ਮੈਨੂੰ ਹੋਰ ਤੰਗ ਕਰ ਰਿਹਾ ਸੀ। ਇੰਡੀਆ ਤੋਂ ਵਾਪਸ ਆ ਕੇ ਮੈਂ ਇਕ ਸਾਂਝੀ ਚਿੱਠੀ ਲਿਖ ਭੇਜੀ:

ਪਿਆਰੇ ਸਾਕ-ਸੰਬੰਧੀਓ, ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿਚ ਹੋਵੋਗੇਅਸੀਂ ਇੰਡੀਆ ਟਰਿੱਪ ਤੋਂ ਸਮੇਂ ਸਿਰ ਵਾਪਸ ਲੌਟ ਆਏ ਹਾਂ। ਸਾਡਾ ਇਥਕਾ ਵਿਚਲਾ ਘਰ ਰੂੰ ਵਰਗੀ ਚਿੱਟੀ ਬਰਫ ਨਾਲ ਢਕਿਆ ਪਿਆ ਹੈ। ਠੰਢ ਵੀ ਲੋਹੜੇ ਦੀ ਪੈ ਰਹੀ ਹੈ। ਅਸੀਂ ਕਈ ਦਿਨ ਥੱਕੇ ਰਹੇ, ਕੁਝ ਸਮਾਂ-ਬਦਲੀ (jet lag) ਦਾ ਅਸਰ ਰਿਹਾ।

ਮੈਂ ਕਈ ਦਿਨ ਜੀਅ ਭਿਆਣਾ ਜਿਹਾ ਰਿਹਾ, ਕਲਚਰ-ਸ਼ੌਕ (cultural shock) ਕਰਕੇ। ਇਸ ਲਈ ਮੈਂ ਚਿੱਠੀ ਹੌਲੀ ਹੌਲੀ ਲਿਖੀ ਤਾਂ ਕਿ ਸਭ ਕੁਛ ਲਿਖ ਸਕਾਂ। ਸੁਰਿੰਦਰ ਨੇ ਦੱਸ ਤਾਂ ਕਾਫੀ ਕੁਝ ਦਿੱਤਾ ਹੋਣਾ ਹੈ, ਪਰ ਉਹ ਲਿਖਦੀ ਨਹੀਂ। ਲਿਖਣ ਦਾ ਧੰਦਾ ਮੇਰੀ ਜ਼ਿੰਮੇਵਾਰੀ ਹੈ।

ਅਸੀ ਕਈ ਵਰ੍ਹਿਆਂ ਪਿੱਛੋਂ ਪੰਜਾਬ ਗਏ ਸੀ, ਕਾਫੀ ਕੁਝ ਬਦਲਿਆ ਦਿਸ ਰਿਹਾ ਸੀ। ਇਕੱਠੇ ਰਹਿੰਦੇ ਵੱਡੇ ਟੱਬਰਾਂ ਵਿਚ ਨਵੇਂ ਚਿਹਰੇ, ਨਵੇਂ ਰਿਸ਼ਤੇ ਤੇ ਬੱਚੇ ਸ਼ਾਮਲ ਹੋ ਜਾਂਦੇ ਹਨ ਅਤੇ ਕੁਝ ਸਦੀਵੀ ਵਿਛੋੜੇ ਦੇ ਜਾਂਦੇ ਹਨ। ਪਰ ਫਿਰ ਵੀ ਟੱਬਰ ਬਹੁਤਾ ਨਹੀਂ ਬਦਲਦੇ। ਇਸ ਲਈ ਸਾਡੀ ਜਾਣ-ਪਛਾਣ ਛੇਤੀ ਹੋ ਗਈ ਤੇ ਓਪਰਾਪਣ ਘਟਣ ਲੱਗ ਪਿਆ।

ਮੇਰੇ ਪਰਿਵਾਰ ਨੇ ਅਖੰਡ ਪਾਠ ਦੀ ਤਜਵੀਜ਼ ਪਹਿਲਾਂ ਹੀ ਬਣਾ ਰੱਖੀ ਸੀ, ਇਸ ਲਈ ਸਮੇਂ ਦੀ ਅਦਲਾ-ਬਦਲੀ ਕਰਨ ਦੀ ਗੁੰਜਾਇਸ਼ ਸਾਡੇ ਹੱਥ ਨਹੀਂ ਸੀ। ਧਾਰਮਿਕ ਸਮਾਗਮ ਸਮੇਂ ਸੁਰਿੰਦਰ ਭਾਵੁਕ ਹੋ ਜਾਂਦੀ ਹੈ, ਤੇ ਮੈਂਨੂੰ ਕਿੰਤੂ-ਪ੍ਰੰਤੂ ਨਹੀਂ ਕਰਨ ਦੇਂਦੀ। ਅਖੰਡ ਪਾਠ ਦੀ ਸਮਾਪਤੀ ਹੋਣ ਤੱਕ ਸਾਡੇ ਦਸ ਦਿਨ ਲੰਘ ਚੁੱਕੇ ਸਨ।

ਅਗਲੇ ਹਫਤੇ ਅਸੀਂ ਨੰਦੇੜ ਦੀ ਯਾਤਰਾ ’ਤੇ ਚੱਲ ਪਏ ਸਾਡੇ ਨਾਲ ਰਿਸ਼ਤੇਦਾਰੀਆਂ ਵਿੱਚੋਂ ਅੱਠ ਨਗਾਂ ਦਾ ਟੋਲਾ ਰਲ ਗਿਆ। ਅਸੀਂ ਸਚਖੰਡ ਐਕਸਪਰੈੱਸ ਗੱਡੀ ਦੇ ਟਿਕਟ ਕੁਝ ਦਿਨ ਪਹਿਲਾਂ ਬੁੱਕ ਕਰਵਾ ਲਏ ਸਨ। ਉਸ ਗੱਡੀ ਨੇ ਲੁਧਿਆਣੇ ਤੋਂ ਨੰਦੇੜ ਪਹੁੰਚਣ ਲਈ 35-36 ਘੰਟੇ ਲਾ ਦਿੱਤੇ। ਗੱਡੀ ਵਿਚ ਇਸ ਤਰ੍ਹਾਂ ਸਫਰ ਕਰਨ ਵਾਲਾ ਆਨੰਦ ਮੈਂਨੂੰ ਅਜੇ ਤੱਕ ਯਾਦ ਹੈ। ਅਸੀਂ ਭਾੜੇ ਦੀਆਂ ਟੈਕਸੀਆਂ ’ਤੇ ਸਵਾਰ ਹੋ ਕੇ ਨੰਦੇੜ ਅਤੇ ਬਿਦਰ ਦੇ ਇਰਦ ਗਿਰਦ ਇਲਾਕਿਆਂ ਵਿਚ 11-12 ਇਤਿਹਾਸਕ ਗੁਰਦਵਾਰਿਆਂ ਦੇ ਦਰਸ਼ਨ ਕੀਤੇ। ਰਿਸ਼ਤੇਦਾਰਾਂ ਨੂੰ ਤਾਂ ਇਸ ਗੱਲ ਦਾ ਚਾਅ ਹੀ ਬਥੇਰਾ ਸੀ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਅਜੇ ਵੀ ਓਸੇ ਤਰ੍ਹਾਂ ਕਾਇਮ ਸਨ ਜਿਵੇਂ ਸਾਡੇ ਪਰਦੇਸੀ ਹੋਣ ਤੋਂ ਪਹਿਲਾਂ ਸਨ।

ਇਸ ਫੇਰੀ ਨਾਲ ਸਾਡੀ ਇੰਡੀਆ ਬਾਰੇ ਜਾਣਕਾਰੀ ਹੋਰ ਵਧ ਗਈ। ਨੰਦੇੜ ਦੇ ਟਰਿੱਪ ਤੋਂ ਵਾਪਿਸ ਆ ਕੇ ਪਤਾ ਲੱਗਿਆ ਕਿ ਸਾਡੇ ਦੂਰ ਦੀਆਂ ਰਿਸ਼ਤੇਦਾਰੀਆਂ ਵਿੱਚੋਂ ਦੋ ਬੰਦਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਇਕ ਸੜਕ ਹਾਦਸੇ ਕਾਰਨ ਮਰਿਆ। ਅਸੀਂ ਇਨ੍ਹਾਂ ਨੂੰ ਕਦੇ ਨਹੀਂ ਮਿਲੇ, ਫਿਰ ਵੀ ਮਾਹੌਲ ਮੁਰਝਾਇਆ ਗਿਆ। ਤਦ ਤੱਕ ਸਾਡੇ ਢਾਈ ਹਫਤੇ ਖਤਮ ਹੋ ਚੁੱਕੇ ਸਨ।

ਸੁਰਿੰਦਰ ਅਤੇ ਮੈਂ ਫਿਰ ਆਗਰਾ ਅਤੇ ਜੈਪੁਰ ਦੀ ਯਾਤਰਾ ’ਤੇ ਚਲੇ ਗਏ। ਦੋਨੋਂ ਥਾਵਾਂ ਦੇਖਣ ਵਾਲੀਆਂ ਹਨ, ਪਰ ਆਗਰਾ ਵਿਚ ਭੀੜ ਲਗਦੀ ਸੀ, ਅਤੇ ਕਾਫੀ ਗੰਦ-ਮੰਦ ਵੀ। ਸਾਡਾ ਜ਼ਿਆਦਾ ਵਕਤ ਮੁਗਲਾਂ ਦੀਆਂ ਪੁਰਾਤਨ ਇਮਾਰਤਾਂ ਦੇਖਦਿਆਂ ਬੀਤ ਗਿਆ। ਕੁਝ ਸਮਾਂ ਗਜ਼ਲਾਂ ਵੀ ਸੁਣੀਆਂ। ਜੈਪੁਰ ਘੁੰਮਣ ਦਾ ਵੱਖਰਾ ਆਨੰਦ ਹੈ, ਜਿੱਥੇ ਅਸੀਂ ਇਕ ਫਿਲਮ ਵੀ ਦੇਖੀ। ਫਿਲਮ ਤਾਂ ਆਮ-ਖਾਸ ਹੀ ਲੱਗੀ, ਪਰ ਸਿਨਮਾ ਘਰ ਸਾਰੇ ਇੰਡੀਆ ਵਿਚ ਮਸ਼ਹੂਰ ਹੈ, ਜਿਸ ਕਰਕੇ ਅਸੀਂ ਉੱਥੇ ਗਏ ਸੀ।

ਇਕ ਸ਼ਾਮ ਦਾ ਖਾਣਾ ਅਸੀਂ ਰਾਮਬਾਗ ਪੈਲੇਸ ਵਿਚ ਖਾਧਾ, ਜੋ ਕਿਸੇ ਮਹਾਰਾਜੇ ਦਾ ਘਰ ਹੁੰਦਾ ਸੀ, ਤੇ ਹੁਣ ਮਸ਼ਹੂਰ ਅਤੇ ਮਹਿੰਗਾ ਹੋਟਲ ਹੈ। ਉੱਥੇ ਵੀ ਅਸੀਂ ਗਾਣੇ ਸੁਣੇ ਅਤੇ ਬਾਹਰ ਰਾਜਸਥਾਨੀ ਨਾਚੇ-ਨਾਚੀਆਂ ਨੂੰ ਲੋਟ-ਪੋਟ ਹੁੰਦੇ ਦੇਖਿਆ। ਰਿਹਾਇਸ਼ ਸਾਡੀ ਕਿਸੇ ਦਰਮਿਆਨੇ ਹੋਟਲ ਵਿੱਚ ਸੀ। ਸੁਰਿੰਦਰ ਨੇ ਰਾਮਬਾਗ ਵਿਚ ਕੁਝ ਖਰੀਦੋ-ਫਰੋਖਤ ਵੀ ਕੀਤੀ। ਮੈਂ ਇਕ ਨਹਿਰੂ ਜੈਕਟ ਖਰੀਦ ਲਈ, ਜੋ ਥੋੜ੍ਹ ਤੰਗ ਹੈ। ਹੁਣ ਤੱਕ ਤਿੰਨ ਹਫਤੇ ਬੀਤ ਚੁੱਕੇ ਸਨ।

ਆਗਰਾ-ਦਿੱਲੀ-ਜੈਪੁਰ ਟਰਿੱਪ ਤੋਂ ਪੰਜਾਬ ਵਾਪਸ ਆ ਕੇ ਸੁਰਿੰਦਰ ਰਿਸ਼ਤੇਦਾਰਾਂ ਸੰਗ ਸ਼ੌਪਿੰਗ ਦੇ ਦੌਰੇ ’ਤੇ ਚੜ੍ਹ ਗਈ, ਮੈਂ ਪਿੰਡ ਦੇ ਲੋਕਾਂ ਨੂੰ ਲੱਭਦਾ ਰਹਿੰਦਾ ਜਾਂ ਘਰ ਬੈਠਾ ਕਿਸੇ ਨੂੰ ਉਡੀਕਦਾ ਰਹਿੰਦਾ। ਜੋ ਸਮਾਂ ਜਮਾਤੀਆਂ ਨਾਲ ਬੀਤਿਆ, ਉਹ ਕੁਝ ਹੋਰ ਸੀ। ਪੰਜਾਬ ਦੇ ਖਾਣਿਆਂ ਦੀ ਵੀ ਰੀਸ ਨਹੀਂ।

ਪੰਜਾਬ ਤੋਂ ਵਾਪਸ ਆਉਂਦਾ ਪਹਿਲਾਂ ਹੀ ਮੈਂ ਡੁਸ-ਡੁਸ ਨਾਲ ਭਰਿਆ ਪਿਆ ਸੀ। ਬਾਪ ਦੀ ਢਹਿੰਦੀ ਹਾਲਤ ਨੇ ਵਾਪਸ ਆਉਣਾ ਮੇਰੇ ਲਈ ਹੋਰ ਵੀ ਦੁਖਦਾਈ ਬਣਾ ਦਿੱਤਾ। ਪਰ ਸਾਡਾ ਇੰਡੀਆ ਲਈ ਮਿਥਿਆ ਸਮਾਂ ਖਤਮ ਹੋ ਚੁੱਕਿਆ ਸੀ। ਇਕ ਪਿੰਡ ਵਾਲੇ ਟੈਕਸੀ ਡਰਾਈਵਰ ਨੇ ਸਮੇਂ ਸਿਰ ਸਾਨੂੰ ਦਿੱਲੀ ਦੇ ਹਵਾਈ ਅੱਡੇ ਪਹੁੰਚਾ ਦਿੱਤਾ।

ਮਨ ਇਸ ਕਰਕੇ ਵੀ ਕੁਝ ਉਦਾਸ ਸੀ ਕਿ ਕੁਝ ਰਿਸ਼ਤੇਦਾਰ ਸਭ ਕੁਝ ਹੁੰਦਿਆਂ ਵੀ ਜਾਂ ਸਰੀਰੋਂ ਕਮਜ਼ੋਰ ਸਨ, ਜਾਂ ਮਾਨਸਿਕ ਦੁੱਖ ਭੋਗ ਰਹੇ ਸਨ। ਇਸ ਨੂੰ ਛੱਡਕੇ, ਸਾਡਾ ਟਰਿੱਪ ਸਾਡੀ ਸੋਚ ਨਾਲੋਂ ਵਧੀਆ ਰਿਹਾ ਅਤੇ ਅਸੀਂ ਆਨੰਦ ਵੀ ਮਾਣਿਆ।

ਸਾਡਾ ਸਫਰ ਇਸ ਕਰਕੇ ਵੀ ਸਫਲ ਰਿਹਾ, ਕਿਉਂਕਿ ਅਸੀਂ ਤਜਵੀਜ਼ਾਂ ਬਣਾਕੇ ਘਰੋਂ ਨਿਕਲੇ ਸਾਂ। ਜਦ ਕਦੇ ਵੀ ਉਲੰਘਣਾ ਕੀਤੀ, ਸਭ ਕੁਝ ਰੱਦ ਕਰਨਾ ਪਿਆ। ਕੁਝ ਹਾਲਾਤ ਸਾਡੀ ਪਹੁੰਚ ਤੋਂ ਬਾਹਰ ਨਿਕਲੇ।

ਸਭ ਤੋਂ ਵੱਧ ਧਿਆਨ ਸਾਡਾ ਆਪਣੀ ਸਿਹਤ ਵਿਚ ਲੱਗਿਆ ਰਿਹਾ ਅਤੇ ਅਸੀਂ ਪਹਿਲਾਂ ਹੀ ਸਿੱਖਿਆ ਹੋਇਆ ਸੀ ਕਿ ਹੁਣ ਅਸੀਂ ਲੋਕਾਂ ਦੀ ਰਾਇ ਬਦਲਣ ਨਹੀਂ ਆਏ। ਇਨ੍ਹਾਂ ਦੋਂਹ ਨੁਕਤਿਆਂ ਨੇ ਸਾਡੀ ਜਾਨ ਬਚਾਈ ਰੱਖੀ।

ਮੈਂ ਵੀ ਸ਼ਾਇਦ ਲੋੜ ਤੋਂ ਵੱਧ ਖਾਂਦਾ ਰਿਹਾ, ਪਰ ਸੁਰਿੰਦਰ ਤਾਂ ਫੱਟੇ ਚੱਕਦੀ ਰਹੀ। ਅਮਰੀਕਾ ਵਾਪਸ ਆ ਕੇ ਮੈਂ ਤੁਰਨਾ ਫਿਰਨਾ ਵਧਾ ਰਿਹਾ ਹਾਂ। ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਇੰਡੀਆ ਤਾਂ ਨਹੀਂ, ਕਿਉਂਕਿ ਇੰਡੀਆ ਵਿਚ ਹੋਰ ਲੋਕਾਂ ਨਾਲ ਗੱਲਬਾਤ ਹੁੰਦਾ ਰਹਿੰਦੀ ਹੈ। ਪਰ ਹੌਲੀ ਹੌਲੀ ਸਭ ਠੀਕ ਹੋ ਰਿਹਾ ਹੈਜਦ ਮੈਂ ਲਿਖਣਾ ਸ਼ੁਰੂ ਕਰ ਲਿਆ, ਫੇਰ ਤਾਂ ਪਤਾ ਵੀ ਨੀ ਲੱਗਣਾ। ਗੱਲ ਤਾਂ ਸ਼ੁਰੂ ਕਰਨ ਅਤੇ ਲਿਖਦੇ ਰਹਿਣ ਦੀ ਹੈ। ਖੈਰ ...

ਜੇ ਕੁਝ ਮੇਰੇ ਕੋਲੋਂ ਪੁੱਛਣਾ ਹੈ, ਹੁਣ ਸਮਾਂ ਹੈ, ਨਹੀਂ ਤਾਂ ਮੇਰੀ ਯਾਦ ਮੱਧਮ ਹੋ ਜਾਵੇਗੀ ਆਪਣੀ ਸਿਹਤ ਵੱਲ ਧਿਆਨ ਰੱਖਿਆ ਕਰੋ। ਆਪਣੇ ਲਈ ਅਤੇ ਦੂਜਿਆਂ ਲਈ, ਤੁਸੀਂ ਇਹ ਸਭ ਤੋਂ ਬਿਹਤਰ ਕੰਮ ਕਰ ਸਕਦੇ ਹੋਇਹ ਇਕ ਐਸਾ ਸਬਕ ਹੈ ਜੋ ਮੇਰੇ ਪਿਆਰੇ ... ਮੂਰਖ ਰਿਸ਼ਤੇਦਾਰ ਸੁਣਦੇ ਨਹੀਂ।

ਗੁਰਦੇਵ ਸਿੰਘ, ਦਸੰਬਰ 10, 2000.

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3969)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author