“ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਜੰਗ ਨਹੀਂ, ਮੁਹੱਬਤ ਚਾਹੀਦੀ ਹੈ। ਉਹ ਇੱਕ ਦੂਜੇ ਦੇ ...”
(19 ਮਈ 2025)
ਦੋਂਹ ਰਾਸ਼ਟਰਾਂ ਵਿਚਕਾਰਲੀ ਲਕੀਰ ਦੇਸ਼ਾਂ ਦੀਆਂ ਸਰਹੱਦਾਂ ਵੰਡਣ ਦਾ ਕੰਮ ਕਰਦੀ ਹੈ। ਇਹ ਲਕੀਰ ਮਨੁੱਖਤਾ ਦੀ ਵੰਡ ਕਰ ਕੇ ਉਨ੍ਹਾਂ ਨੂੰ ਇੱਕ ਦੂਜੇ ਤੋਂ ਵੱਖ ਕਰਦੀ ਹੈ। ਇਸ ਵਿੱਚ ਮਨੁੱਖਤਾ ਦੇ ਹਾਮੀ ਲੋਕਾਂ ਦੇ ਹਉਕੇ, ਮਜਬੂਰੀਆਂ ਅਤੇ ਲਾਚਾਰੀਆਂ ਦੇ ਦਰਦ ਸਮੋਏ ਹੁੰਦੇ ਹਨ, ਜਦੋਂਕਿ ਲਕੀਰ ਖਿੱਚਣ ਵਾਲੇ ਭਾਈਚਾਰਕ ਸਾਂਝ ਦੇ ਦੁਸ਼ਮਣਾਂ ਵਿੱਚ ਹੰਕਾਰੀ, ਕੱਟੜਤਾ ਤੇ ਵੰਡ ਪਾਊ ਮਾਨਸਿਕਤਾ ਛੁਪੀ ਹੁੰਦੀ ਹੈ। 1947 ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਖਿੱਚੀ ਲਕੀਰ ਨੇ ਲੱਖਾਂ ਲੋਕਾਂ ਦਾ ਲਹੂ ਵਹਾਇਆ ਅਤੇ ਬੇਘਰ ਕੀਤਾ। ਇਕੱਠੇ ਵਸਦੇ ਲੋਕ ਫਿਰਕਾਪ੍ਰਸਤੀ ਦੀ ਝੁੱਲੀ ਹਨੇਰੀ ਕਾਰਨ ਪਲਾਂ ਵਿੱਚ ਹੀ ਇੱਕ ਦੂਜੇ ਖਿਲਾਫ਼ ਤਲਵਾਰਾਂ ਤਾਣ ਖੜ੍ਹੇ ਹੋ ਗਏ। ਉਸ ਸਮੇਂ ਦਰਿਆਵਾਂ ਦੇ ਪਾਣੀਆਂ ਨੇ ਲਾਲ ਰੰਗ ਧਾਰਨ ਕਰ ਲਿਆ ਅਤੇ ਹਰਿਆਵਲ ਜ਼ਮੀਨ ਲਹੂ ਨਾਲ ਰੰਗੀ ਗਈ। ਵੰਡ ਤੋਂ ਬਾਅਦ ਵੀ ਦੋਨਾਂ ਦੇਸ਼ਾਂ ਵਿਚਕਾਰ ਰਿਸ਼ਤੇ ਕਦੇ ਵੀ ਸੁਖਾਲੇ ਨਹੀਂ ਰਹੇ। ਜੰਗਾਂ ਵੀ ਹੋਈਆਂ ਅਤੇ ਆਤੰਕੀ ਹਮਲੇ ਵੀ। ਅਜਿਹੇ ਤਣਾਅਪੂਰਨ ਸਮੇਂ ਦੌਰਾਨ ਵੀ ਸਰਹੱਦ ਦੇ ਆਰ-ਪਾਰ ਵਸਦੇ ਲੋਕਾਂ ਦੇ ਰਿਸ਼ਤਿਆਂ ਵਿੱਚ ਕਦੇ ਕੜਵਾਹਟ ਨਹੀਂ ਆਈ।
ਦਰਅਸਲ ਵੰਡਪਾਊ ਸਿਆਸਤ ਆਪਣੀ ਕੁਰਸੀ ਕਾਇਮ ਰੱਖਣ ਅਤੇ ਕਾਰਪਰੇਟਾਂ ਦੇ ਮੁਨਾਫ਼ੇ ਦੀ ਪੂਰਤੀ ਖਾਤਰ ਦਹਿਸ਼ਤਜ਼ਦਾ ਮਾਹੌਲ ਪੈਦਾ ਕਰਦੀ ਰਹਿੰਦੀ ਹੈ ਤਾਂ ਜੋ ਜੰਗੀ ਹਥਿਆਰਾਂ ਦਾ ਵਪਾਰ ਆਸਾਨ ਬਣਦਾ ਰਹੇ। ਇਸ ਲਈ ਉਹ ਲੋਕਾਂ ਵਿੱਚ ਧਰਮ ਦੇ ਨਾਂ ’ਤੇ ਆਪਸੀ ਤਣਾਅ ਪੈਦਾ ਕਰ ਕੇ ਅਤੇ ਵੋਟਰਾਂ ਦਾ ਧਰੁਵੀਕਰਨ ਕਰ ਕੇ ਬਹੁਗਿਣਤੀ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦਾ ਕੰਮ ਕਰਦੀ ਹੈ। ਉਹ ਅਵਾਮ ਦੀਆਂ ਰਾਸ਼ਟਰਵਾਦੀ ਭਾਵਨਾ ਭੜਕਾ ਕੇ ਜੰਗੀ ਮੁਹਾਜ਼ ਲਈ ਮਾਨਸਿਕਤਾ ਤਿਆਰ ਕਰਦੀ ਹੈ ਤਾਂ ਜੋ ਇੱਕ ਰਾਸ਼ਟਰ ਵੱਲੋਂ ਦੂਜੇ ’ਤੇ ਥੋਪੀ ਜੰਗ ਨੂੰ ਸਹੀ ਠਹਿਰਾਇਆ ਜਾ ਸਕੇ। ਉਨ੍ਹਾਂ ਦਾ ਲੋਕਾਂ ਦੇ ਖੁਸ਼ਹਾਲ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਦੂਜੇ ਪਾਸੇ ਆਮ ਲੋਕ ਆਪਸੀ ਪ੍ਰੇਮ ਅਤੇ ਸਾਂਤਮਈ ਵਾਤਾਵਰਣ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਰੋਜ਼ਾਨਾ ਸੁਖਦ ਅਤੇ ਕੰਮਕਾਜ ਵਾਲੇ ਜੀਵਨ ਵਿੱਚ ਕੋਈ ਖੂਨ ਖਰਾਬਾ ਹੋਵੇ ਜਾਂ ਕੋਈ ਬੇਲੋੜੀ ਰੁਕਾਵਟ ਪਵੇ। ਦੇਸ਼ਾਂ ਵਿਚਲਾ ਤਣਾਅਪੂਰਣ ਮਾਹੌਲ ਉਨ੍ਹਾਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਤੌਰ ’ਤੇ ਨੁਕਸਾਨ ਕਰਦਾ ਹੈ ਕਿਉਂਕਿ ਲੋਕਰਾਜ ਤੋਂ ਸੱਖਣੀ ਸਰਕਾਰ ਦੇ ਰਾਜ ਵਿੱਚ ਉਹ ਆਪਣੀ ਰੋਜ਼ੀ ਰੋਟੀ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ। ਪਰ ਜੇਕਰ ਲੜਾਈ ਲੱਗ ਜਾਵੇ ਤਾਂ ਉਨ੍ਹਾਂ ਨੂੰ ਆਰਥਿਕ ਪੱਖੋਂ ਹੋਏ ਨੁਕਸਾਨ ਵਿੱਚੋਂ ਨਿਕਲਣ ਲਈ ਸਾਲਾਂ ਲੱਗ ਜਾਂਦੇ ਹਨ। ਇਸ ਵਿੱਚ ਉਨ੍ਹਾਂ ਦੇ ਘਰਾਂ ਦਾ ਨੁਕਸਾਨ ਅਤੇ ਪਰਿਵਾਰ ਦਾ ਜਾਨੀ ਨੁਕਸਾਨ ਵੀ ਹੁੰਦਾ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਦੋਹਾਂ ਦੇਸਾਂ ਵਿਚਲੇ ਰਿਸ਼ਤੇ ਪ੍ਰੇਮ ਪੂਰਵਕ ਬਣੇ ਰਹਿਣ।
ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਸਿਖ਼ਰ ’ਤੇ ਹੈ। ਸਰਕਾਰ ਨੇ ਦੋਹਾਂ ਦੇਸ਼ਾਂ ਵਿਚਕਾਰ ਆਪਣਿਆਂ ਨੂੰ ਮਿਲਣ ਪਹੁੰਚੇ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ। ਸਰਹੱਦ ’ਤੇ ਇੱਕ ਦੂਜੇ ਨੂੰ ਵਿਦਾ ਕਰਨ ਵਾਲਿਆਂ ਦੀਆਂ ਅੱਖਾਂ ਅੱਥਰੂ ਵਹਾਏ। ਮਿਲਣ ਦੀਆਂ ਅਧੂਰੀਆਂ ਰਹਿ ਗਈਆਂ ਖਾਹਸ਼ਾਂ ਕਾਰਨ ਚਿਹਰੇ ਵਿਰਾਨ ਨਜ਼ਰ ਆਏ। ਜਿਨ੍ਹਾਂ ਔਰਤਾਂ ਨੇ ਇਹ ਸੋਚ ਭਾਰਤ ਵਿੱਚ ਵਿਆਹ ਕਰਵਾਇਆ ਸੀ ਕਿ ਹੁਣ ਉਹ ਕਦੇ ਵੀ ਇੱਥੋਂ ਨਹੀਂ ਜਾਣਗੀਆਂ ਪਰ ਸੌੜੀ ਸੋਚ ਨੇ ਉਨ੍ਹਾਂ ਨੂੰ ਰੋਂਦੀਆਂ ਵਿਲਕਦੀਆਂ ਨੂੰ ਆਪਣੇ ਬੱਚਿਆਂ ਤੋਂ ਜੁਦਾ ਕਰ ਦਿੱਤਾ ਹੈ। ਜਿਹੜੇ ਵਿਆਹੇ ਜੋੜੇ ਸੋਚਦੇ ਸਨ ਕਿ ਉਹ ਸਦਾ ਲਈ ਇਕੱਠੇ ਰਹਿਣਗੇ, ਦਹਿਸ਼ਤਗਰਦੀ ਦੇ ਤੁਫਾਨ ਨੇ ਉਨ੍ਹਾਂ ਨੂੰ ਲਕੀਰ ਦਾ ਅਹਿਸਾਸ ਕਰਵਾ ਦਿੱਤਾ ਕਿ ਕਦੇ ਵੀ ਦੋ ਦੇਸ਼ਾਂ ਦੀਆਂ ਰੂਹਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਉਨ੍ਹਾਂ ਦੇ ਸੁਪਨੇ ਤਾਨਾਸ਼ਾਹੀ ਸੋਚ ਅੱਗੇ ਹਵਾ ਹੋ ਗਏ।
ਆਪਣਿਆਂ ਦਾ ਦਰਦ ਦਿਲਾਂ ਵਿੱਚ ਛੁਪਾ, ਮੁਰਝਾਏ ਅਤੇ ਲਾਚਾਰ ਚਿਹਰੇ ਆਪੋ ਆਪਣੇ ਵਤਨ ਨੂੰ ਨਾ ਚਾਹੁੰਦੇ ਹੋਏ ਵੀ ਤੁਰ ਗਏ। ਜਿਹੜੇ ਚਾਅ ਉਹ ਨਾਲ ਲੈ ਕੇ ਆਏ ਸਨ, ਉਹ ਨਫ਼ਰਤ ਦੀ ਹਨੇਰੀ ਵਿੱਚ ਕਿਧਰੇ ਉਡ ਗਏ। ਇੱਕ ਮਾਂ ਦੇ ਜਾਏ ਦੋ ਬੱਚਿਆਂ, ਭਾਵ ਪਾਕਿਸਤਾਨ ਤੇ ਭਾਰਤ ਵਿੱਚ ਫਿਰਕਾਪ੍ਰਸਤੀ ਦੀ ਖਿੱਚੀ ਲਕੀਰ ਨੇ ਦਰਦ-ਏ-ਵਿਛੋੜਾ ਦੋਹਾਂ ਦੇਸ਼ਾਂ ਦੇ ਪੱਲੇ ਪਾਇਆ। ਦੋਹਾਂ ਦੇਸ਼ਾਂ ਦੇ ਬਾਸ਼ਿੰਦੇ ਇੱਕ ਦੂਜੇ ਨੂੰ ਮਿਲਣ ਦੀ ਤਾਂਘ ਵਿੱਚ ਤਰਸਦੇ ਰਹਿੰਦੇ ਹਨ, ਪਰ ਜਦੋਂ ਮਿਲਣ ਦਾ ਸਬੱਬ ਬਣਦਾ ਹੈ ਤਾਂ ਅਣਹੋਣੀ ਵਾਪਰ ਜਾਂਦੀ ਹੈ। ਫਿਰ ਇੱਕ ਦੂਜੇ ਨੂੰ ਮਿਲਣ ਲਈ ਤਰਸਦੇ ਮਨ ਸੁਖਦ ਮਿਲਣੀ ਦਾ ਇੰਤਜ਼ਾਰ ਕਰਨ ਲੱਗਦੇ ਹਨ। ਅਜਿਹਾ ਉਨ੍ਹਾਂ ਨਾਲ ਕਿਉਂ ਵਾਪਰਦਾ ਰਹਿੰਦਾ ਹੈ? ਉਨ੍ਹਾਂ ਦਾ ਗੁਨਾਹ ਕੀ ਹੈ? ਪ੍ਰੇਮ ਭਰੇ ਵਾਤਾਵਰਣ ਵਿੱਚ ਨਫ਼ਰਤ ਭਰੀ ਵਬਾਅ ਕਿਉਂ ਫੈਲਾਈ ਜਾਂਦੀ ਹੈ? ਅਜਿਹੇ ਸਵਾਲ ਮਨੁੱਖੀ ਆਹਾਂ ਵਿੱਚ ਉੱਭਰਦੇ ਸਾਫ ਵਿਖਾਈ ਦਿੰਦੇ ਹਨ।
ਪਹਿਲਗਾਮ ਦਾ ਦਰਦ-ਏ-ਮੰਜਰ, ਬੇਗੁਨਾਹਾਂ ਦੇ ਸੱਥਰ ਵਿਛੇ, ਪਰ ਜੰਗੀ ਸੋਚ ਬਦਲਾ ਲੈਣ ਲਈ ਹਜ਼ਾਰਾਂ ਫ਼ੌਜੀ ਜਵਾਨਾਂ ਅਤੇ ਦੇਸ਼ਵਾਸੀਆਂ ਦੇ ਸੱਥਰ ਵਿਛਾਉਣ ਲਈ ਜ਼ਹਿਰ ਉਗਲਦੀ ਰਹੀ। ਕੀ ਅਸੀਂ ਜੰਗ ਦੇ ਨਤੀਜਿਆਂ ਬਾਰੇ ਜਾਣਦੇ ਨਹੀਂ? ਕੀ ਅਸੀਂ ਹੀਰੋਸ਼ੀਮਾ ਅਤੇ ਨਾਗਾਸਾਕੀ ਭੁੱਲ ਗਏ? ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਜੰਗ ਸਾਨੂੰ ਭੁੱਖਮਰੀ, ਗਰੀਬੀ, ਬਿਮਾਰੀਆਂ, ਤਬਾਹੀ ਅਤੇ ਬੇਰੁਜ਼ਗਾਰੀ ਦਿੰਦੀ ਹੈ, ਜਿਸਦਾ ਸਾਹਮਣਾ ਅਸੀਂ ਬਿਨਾਂ ਜੰਗ ਦੇ ਹੀ ਕਰ ਰਹੇ ਹਾਂ! ਸੋਚੋ, ਜੇ ਜੰਗ ਲੱਗੀ ਰਹੇ ਤਾਂ ਕੀ ਬਣੇਗਾ? ਕੁੱਲ ਮਿਲਾ ਕੇ ਮਸਲੇ ਦਾ ਹੱਲ ਮਿਲ ਬੈਠ ਕੇ ਅਤੇ ਮੁਹੱਬਤੀ ਤਰੰਗਾਂ ਦੇ ਰਾਗ ਛੇੜ ਕੇ ਹੁੰਦਾ ਹੈ। ਬਰੂਦ ਸਿਰਫ ਤਬਾਹ ਕਰਨਾ ਜਾਣਦਾ ਹੈ, ਗੱਲਬਾਤ ਨਹੀਂ।
ਸਾਨੂੰ ਜੰਗਾਂ ਅਤੇ ਦਹਿਸ਼ਤਵਾਦ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਵਾਰ ਕਸ਼ਮੀਰੀ ਅਵਾਮ ਨੇ ਦਹਿਸ਼ਤਗਰਦੀ ਖਿਲਾਫ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ, ਜੋ ਕਿ ਇੱਕ ਚੰਗਾ ਸੰਦੇਸ਼ ਹੈ। ਉਨ੍ਹਾਂ ਆਤੰਕਵਾਦੀਆਂ ਦੀਆਂ ਸੰਗੀਨਾਂ ਅੱਗੇ ਆਪਣੀਆਂ ਹਿੱਕਾਂ ਤਾਣ ਦਿੱਤੀਆਂ। ਉਨ੍ਹਾਂ ਪੀੜਿਤ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ਤਕ ਪਹੁੰਚਾਇਆ। ਉਹ ਦਹਿਸ਼ਤ ਫੈਲਾਅ ਕੇ ਕਸ਼ਮੀਰੀਆਂ ਨੂੰ ਬਦਨਾਮ ਕਰਨ ਵਾਲਿਆਂ ਦੇ ਹਾੜ੍ਹੇ ਕੱਢ ਰਹੇ ਹਨ ਕਿ ਸਾਨੂੰ ਸ਼ਾਂਤੀ ਨਾਲ ਜਿਊਣ ਦਿਓ। ਕਸ਼ਮੀਰੀ ਅਜਿਹੇ ਮਾਹੌਲ ਤੋਂ ਤੰਗ ਆਏ ਹੋਏ ਹਨ। ਉਹ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਦੇਸ਼ ਵਿੱਚ ਕਸ਼ਮੀਰੀ ਲੋਕਾਂ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਬੈਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਹਰ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਧਰਮ ਦੇ ਭੇਦਭਾਵ ਨੂੰ ਛੱਡ ਅਸਲ ਦੁਸ਼ਮਣ ਦੀ ਪਛਾਣ ਕਰੇ, ਜੋ ਉਨ੍ਹਾਂ ਨੂੰ ਆਪਸ ਵਿੱਚ ਲੜਾਉਂਦੇ ਹਨ। ਵਿਰੋਧ ਦਹਿਸ਼ਤਵਾਦ ਪਿੱਛੇ ਛੁਪੇ ਸਾਜਿਸ਼ਘਾੜਿਆਂ ਦਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਖਾਸ ਧਰਮ ਨਾਲ ਸੰਬੰਧਿਤ ਵਿਅਕਤੀ ਦਾ।
ਸਾਡਾ ਦੇਸ਼ ਬਹੁਭਾਂਤੀ ਖਿੜੇ ਫੁੱਲਾਂ ਦਾ ਬਾਗੀਚਾ ਹੈ। ਇੱਕ ਬਾਗੀਚੇ ਵਿੱਚ ਇੱਕੋ ਰੰਗ ਦੇ ਖਿੜੇ ਫੁੱਲ ਖੂਬਸੂਰਤ ਨਹੀਂ ਲੱਗਦੇ ਜਦੋਂਕਿ ਕੇ ਬਹੁਰੰਗੀ ਫੁੱਲਾਂ ਦਾ ਬਾਗੀਚਾ ਹਰ ਕਿਸੇ ਦੀ ਅੱਖਾਂ ਨੂੰ ਭਾਉਂਦਾ ਹੈ। ਭਾਰਤ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦਾ ਸੁਮੇਲ ਹੈ। ਇੱਥੋਂ ਦੇ ਵੱਖੋ-ਵੱਖ ਮੇਲੇ, ਤਿਉਹਾਰ, ਗੀਤ ਆਦਿ ਇਸ ਵਿੱਚ ਮਿੱਠੀ ਖੁਸ਼ਬੂ ਅਤੇ ਰੰਗਤ ਭਰਦੇ ਹਨ। ਇਸ ਸੁੰਦਰ ਅਤੇ ਖੁਸ਼ਬੂਦਾਰ ਬਾਗ ਨੂੰ ਸਾਂਭ ਕੇ ਰੱਖੀਏ। ਇਸਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਸਭ ਨੂੰ ਹੱਲਾ ਮਾਰਨਾ ਚਾਹੀਦਾ ਹੈ। ਜਦੋਂ ਅਸੀਂ ਸਭ ਮਨੁੱਖਾਂ ਨੂੰ ਬਰਾਬਰ ਸਮਝਣ ਲੱਗ ਗਏ ਤਾਂ ਗੁਆਂਢ ਵਿੱਚ ਵਸਣ ਵਾਲੇ ਬਾਸ਼ਿੰਦੇ ਵੀ ਸਾਨੂੰ ਆਪਣੇ ਲੱਗਣ ਲੱਗ ਪੈਣਗੇ। ਮਨੁੱਖਤਾਵਾਦੀ ਸੋਚ ਦੋਹਾਂ ਦੇਸ਼ਾਂ ਦੇ ਸਿਆਸਤਦਾਨਾਂ ਅਤੇ ਅਵਾਮ ਦੀ ਹੋਣੀ ਚਾਹੀਦੀ ਹੈ। ਸਰਹੱਦਾਂ ਦੇ ਦੋਵੇਂ ਪਾਸੇ ਵਸਦੇ ਲੋਕ ਬਰਾਬਰ ਹਨ।
ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਜੰਗ ਨਹੀਂ, ਮੁਹੱਬਤ ਚਾਹੀਦੀ ਹੈ। ਉਹ ਇੱਕ ਦੂਜੇ ਦੇ ਗਲੇ ਲੱਗਣਾ ਚਾਹੁੰਦੇ ਹਨ। ਉਹ ਵੰਡ ਦਾ ਦਰਦ ਭੁੱਲ ਕੇ ਇੱਕ ਨਵੀਂ ਇਬਾਰਤ ਲਿਖਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪਿਆਰ ਦੀਆਂ ਪੀਘਾਂ ਝੂਟਣ ਦਿਓ, ਉਨ੍ਹਾਂ ਦੇ ਰਸਤੇ ਦੀ ਰੁਕਾਵਟ ਨਾ ਬਣੋ। ਉਹ ਆਜ਼ਾਦ ਪੰਛੀ ਵਾਂਗ ਉਡ ਕੇ ਲਕੀਰੋਂ ਪਾਰ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਆਜ਼ਾਦ ਫਿਜ਼ਾ ਵਿੱਚ ਉਡਾਰੀ ਮਾਰਨ ਦਿਓ। ਦੇਸ਼ਾਂ ਦੀਆਂ ਲਕੀਰਾਂ ਪਿਆਰ ਦੇ ਵਹਿੰਦੇ ਦਰਿਆ ਸਾਹਮਣੇ ਮਿਟ ਜਾਂਦੀਆਂ ਹਨ। ਰਾਜਨੀਤੀਵਾਨੋ! ਲੋਕਾਂ ਨੂੰ ਗਲਵੱਕੜੀ ਪਾ ਕੇ ਮਿਲਣ ਦਿਓ, ਇਹ ਤੁਹਾਨੂੰ ਸਦਾ ਦੁਆਵਾਂ ਦਿੰਦੇ ਰਹਿਣਗੇ। ਅਸੀਂ ਦੋਹਾਂ ਦੇਸ਼ਾਂ ਦੇ ਭਲੇ ਲਈ ਇਹੀ ਕਹਾਂਗੇ, ਖੁਸ਼ਹਾਲ ਵਸੇ ਹਿੰਦੋਸਤਾਨ ਅਤੇ ਖੁਸ਼ਹਾਲ ਵਸੇ ਪਾਕਿਸਤਾਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)