“ਅਮੀਰ ਅਤੇ ਗ਼ਰੀਬ ਵਿਚਕਾਰ ਵਧਦੇ ਪਾੜੇ ਕਾਰਨ ਗਰੀਬੀ ਨਾਲ ਲੜਨ ਦੀ ਮੁਹਿੰਮ ਨੂੰ ...”
(18 ਮਈ 2019)
ਸ਼ਹੀਦ ਭਗਤ ਸਿੰਘ ਕਹਿੰਦੇ ਸਨ ਕਿ “ਸਾਡਾ ਪਹਿਲਾ ਕਦਮ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਅਤੇ ਦੂਸਰਾ ਕਦਮ ਸਮਾਜਵਾਦ ਦੀ ਸਥਾਪਨਾ ਕਰਨਾ, ਤਾਂ ਜੋ ਦੇਸ਼ ਵਿੱਚ ਆਰਥਿਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਜੇਕਰ ਅਜ਼ਾਦੀ ਪ੍ਰਾਪਤੀ ਤੋਂ ਬਾਅਦ ਅੰਗਰੇਜ਼ੀ ਸੋਚ ਵਾਲੇ ਕਾਲੇ ਭਾਰਤੀਆਂ ਦੇ ਹੱਥ ਸੱਤਾ ਆ ਗਈ ਤਾਂ ਆਮ ਲੋਕਾਂ ਦੀ ਹੋਣੀ ਵਿੱਚ ਕੋਈ ਬਦਲਾਵ ਨਹੀਂ ਆਏਗਾ, ਉਨ੍ਹਾਂ ਲਈ ਬੱਸ ਕੁਰਸੀਆਂ ਹੀ ਬਦਲਣਗੀਆਂ ਅਤੇ ਅਜ਼ਾਦੀ ਕੇਵਲ ਮੁੱਠੀ ਭਰ ਲੋਕਾਂ ਦੇ ਜੀਵਨ ਦਾ ਵਿਕਾਸ ਹੋਵੇਗੀ।”
ਦੇਸ਼ ਅਜਾਦ ਹੋਇਆਂ ਸੱਤ ਦਹਾਕੇ ਬੀਤ ਚੁੱਕੇ ਹਨ ਲੇਕਿਨ ਆਰਥਿਕ ਨਾ-ਬਰਾਬਰੀ ਦਾ ਪਾੜਾ ਅੱਜ ਵੀ ਮੌਜੂਦ ਹੋ ਜੋ ਲਗਾਤਾਰ ਵਧ ਰਿਹਾ ਹੈ। ਸਾਡੇ ਸੰਵਿਧਾਨ ਵਿੱਚ ਵੀ ਸਮਾਜਵਾਦ ਦੇ ਅਧਾਰਤ ’ਤੇ ਸਮਾਜ ਦਾ ਜ਼ਿਕਰ ਹੈ। ਲੇਕਿਨ ਸਾਡੇ ਦੇਸ਼ ਦਾ ਪ੍ਰਬੰਧਕੀ ਢਾਂਚਾ ਅਜਿਹਾ ਹੈ ਕਿ ਕੋਈ ਵੀ ਕਾਨੂੰਨ ਦਸਤਾਵੇਜ਼ ਤੱਕ ਹੀ ਸੀਮਿਤ ਰਹਿੰਦਾ ਹੈ, ਜ਼ਮੀਨ ਪੱਧਰ ਉੱਤੇ ਉਸਦੇ ਲਾਗੂ ਹੋਣ ਦੇ ਬਹੁਤ ਘੱਟ ਪ੍ਰਬੰਧ ਹੁੰਦੇ ਹਨ।
ਸਵਿਟਜ਼ਰਲੈਂਡ ਦੀ ਅੰਤਰਰਾਸ਼ਟਰੀ ਏਜੰਸੀ ਐਕਸਫੈਮ ਦੁਆਰਾ ਹਰ ਸਾਲ ਵਿਸ਼ਵ ਦੀ ਆਰਥਿਕਤਾ ਸੰਬੰਧੀ ਸਰਵੇ ਕੀਤਾ ਜਾਂਦਾ ਹੈ। 2016 ਵਿੱਚ ਸਾਡੇ ਦੇਸ਼ ਦੇ ਇੱਕ ਫ਼ੀਸਦੀ ਲੋਕਾਂ ਕੋਲ 58 ਫੀਸਦੀ ਦੌਲਤ ਸੀ ਜੋ 2017 ਵਿੱਚ ਵਧ ਕੇ 73 ਫੀਸਦੀ ਹੋ ਗਈ। 2018 ਦੇ ਔਕਸਫੈਮ ਏਜੰਸੀ ਦੇ ਸਰਵੇ ਮੁਤਾਬਕ ਭਾਰਤ ਵਿੱਚ ਕੇਵਲ 9 ਅਮੀਰਾਂ ਕੋਲ 50 ਫੀਸਦੀ ਤੋਂ ਜ਼ਿਆਦਾ ਜਾਇਦਾਦ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ ਮੌਜੂਦ ਕਰੋੜਪਤੀਆਂ ਦੀ ਜਾਇਦਾਦ ਵਿੱਚ 2200 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 2018 ਵਿੱਚ ਲਗਪਗ 18 ਨਵੇਂ ਅਰਬਪਤੀ ਬਣੇ ਹਨ। ਹੁਣ ਦੇਸ਼ ਵਿੱਚ ਅਰਬਪਤੀਆਂ ਦੀ ਕੁੱਲ ਗਿਣਤੀ 119 ਹੈ ਜਿਨ੍ਹਾਂ ਕੋਲ 28 ਲੱਖ ਕਰੋੜ ਦੀ ਜਾਇਦਾਦ ਹੈ। ਔਕਸਫੈਮ ਏਜੰਸੀ ਦੀ ਰਿਪੋਰਟ ਮੁਤਾਬਕ ਭਾਰਤ ਦੀ ਲਗਪਗ ਅੱਧੀ ਅਬਾਦੀ ਦਾ ਆਰਥਿਕ ਵਿਕਾਸ ਬੀਤੇ ਸਾਲ ਕਾਫੀ ਧੀਮੀ ਗਤੀ ਨਾਲ ਹੋਇਆ। 50 ਫ਼ੀਸਦੀ ਤੋਂ ਵੱਧ ਲੋਕਾਂ ਦੀ ਜਾਇਦਾਦਾਂ ਵਿੱਚ 3 ਫ਼ੀਸਦੀ ਦੇ ਹਿਸਾਬ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਦੂਸੇ ਪਾਸੇ ਦੇਸ਼ ਦੀ 1 ਫੀਸਦੀ ਲੋਕਾਂ ਦੀ ਜਾਇਦਾਦ 39 ਫੀਸਦੀ ਵਧੀ। ਔਕਸਫੈਮ ਵੱਲੋਂ ਕਿਹਾ ਗਿਆ ਹੈ ਕਿ 13.6 ਕਰੋੜ ਭਾਰਤੀ, ਜੋ ਕਿ ਗਰੀਬਾਂ ਦੀ 10 ਫ਼ੀਸਦੀ ਅਬਾਦੀ ਹੈ, ਉਹ ਹੁਣ ਵੀ 2004 ਤੋਂ ਕਰਜ਼ ਵਿੱਚ ਡੁੱਬੀ ਹੋਈਹੈ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮੀਰ ਅਤੇ ਗ਼ਰੀਬ ਵਿਚਕਾਰ ਵਧਦੇ ਪਾੜੇ ਕਾਰਨ ਗਰੀਬੀ ਨਾਲ ਲੜਨ ਦੀ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਦੇਸ਼ ਭਗਤਾਂ ਦੀ ਸੋਚ ਦਾ ਸਮਾਜ ਸਿਰਜਿਆ ਗਿਆ ਹੈ? ਕੀ ਆਰਥਿਕ ਨਾ-ਬਰਾਬਰੀ ਖਤਮ ਕਰਕੇ ਮਨੁੱਖੀ ਵਿਕਾਸ ਹੋਇਆ? ਉੱਤਰ ਨਾਂਹ ਵਿੱਚ ਹੈ। ਅੱਜ ਅਸੀਂ ਤਕਨੀਕੀ ਤੌਰ ’ਤੇ ਵਿਕਾਸ ਕਰ ਚੁੱਕੇ ਹਾਂ, ਵਿਗਿਆਨਕ ਪੱਖੋਂ ਵੀ ਬਹੁਤ ਤਰੱਕੀ ਹੋ ਚੁੱਕੀ ਹੈ। ਅਸੀਂ ਅੱਜ ਵੱਡੇ ਵੱਡੇ ਪੁਲਾਂ ਦਾ ਨਿਰਮਾਣ ਵੀ ਕਰ ਲਿਆ ਅਤੇ ਸੜਕਾਂ ਅਤੇ ਰੇਲਵੇ ਲਾਈਨਾਂ ਵੀ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤੀਆਂ ਹਨ। ਪ੍ਰੰਤੂ ਜਿਸ ਮਨੁੱਖ ਲਈ ਸਹੂਲਤਾਂ ਦਾ ਵਿਕਾਸ ਸਾਡੇ ਦੇਸ਼ ਦੇ ਕਰਤਾ-ਧਰਤਾ ਕਰ ਰਹੇ ਹਨ, ਉਸ ਮਨੁੱਖ ਦੇ ਜਿਊਣ ਲਈ ਬੁਨਿਆਦੀ ਲੋੜਾਂ ਦੀ ਪੂਰਤੀ ਬਹੁਤ ਘੱਟ ਹੋ ਰਹੀ ਹੈ। ਅੱਜ ਵੀ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਅਤੇ ਪਰਿਵਾਰ ਦੀ ਦਵਾਈ-ਬੂਟੀ ਲਈ ਜੁਗਾੜ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਬਹੁਤ ਸਾਰੀ ਸ਼ਹਿਰੀ ਅਬਾਦੀ ਅਜਿਹੀ ਹੈ ਜਿਹੜੀ ਫੁੱਟ-ਪਾਥ ਉੱਤੇ ਸੌਂ ਕੇ ਰਾਤ ਗੁਜ਼ਾਰਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਗੰਦੀਆਂ ਬਸਤੀਆਂ ਵਿੱਚ ਰਹਿ ਕੇ ਟੁੱਟੇ-ਫੁੱਟੇ ਘਰਾਂ ਵਿੱਚ ਜੀਵਨ ਗੁਜ਼ਾਰਨਾ ਪੈ ਰਿਹਾ ਹੈ। ਦੇਸ਼ ਦਾ ਅੰਨ-ਦਾਤਾ ਕਿਸਾਨ ਕੱਖੋਂ ਹੌਲਾ ਹੋਇਆ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ। ਮਜ਼ਦੂਰ ਦਾ ਮਜ਼ਦੂਰੀ ਕਰਕੇ ਘਰ-ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਔਖਾ ਹੋਇਆ ਪਿਆ ਹੈ। ਸਾਡੇ ਭਵਿੱਖ ਦੇ ਨਿਰਮਾਤਾ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ ਅਤੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਪੁਲਿਸ ਦੇ ਡੰਡਿਆਂ ਦਾ ਸ਼ਿਕਾਰ ਹੋ ਰਹੇ ਹਨ।
ਦੇਸ਼ਵਾਸੀਆਂ ਨੂੰ ਅੱਜ ਦੇਸ਼ ਦੀ ਮਾੜੀ ਸਥਿਤੀ ਤੋਂ ਜਾਗ੍ਰਿਤ ਹੋਣ ਦੀ ਲੋੜ ਹੈ। ਜਿਸ ਤਰ੍ਹਾਂ ਆਰਥਿਕ ਨਾ-ਬਾਰਬਰੀ ਦਾ ਸਮਾਜ ਸਿਰਜਿਆ ਜਾ ਰਿਹਾ ਹੈ ਜੇਕਰ ਇਹ ਸਥਿਤੀ ਲਗਾਤਾਰ ਇਸ ਤਰ੍ਹਾਂ ਬਣੀ ਰਹੀ ਤਾਂ ਸਾਡੇ ਦੇਸ਼ ਦੀ ਬਹੁਗਿਣਤੀ ਆਰਥਿਕ ਮੰਦਹਾਲੀ ਦੇ ਜਾਲ਼ ਵਿੱਚ ਫਸ ਜਾਵੇਗੀ। ਆਮ ਲੋਕ ਅੱਜ ਜਿਵੇਂ ਆਪਣਾ ਗੁਜ਼ਾਰਾ ਮੁਸ਼ਕਿਲ ਨਾਲ ਚਲਾ ਰਹੇ ਹਨ, ਆਉਣ ਵਾਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਸਥਿਤੀ ਇਸ ਤੋਂ ਵੀ ਬਦਤਰ ਹੋ ਸਕਦੀ ਹੈ।
29 ਨਵੰਬਰ 1908 ਨੂੰ ਬਰੈਡਲੇ ਹਾਲ ਲਾਹੌਰ ਵਿਖੇ ਸਰਦਾਰ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੀ ਚਾਚਾ ਜੀ) ਨੇ ਲੋਕਾਂ ਨੂੰ ਦਿੱਤੇ ਆਪਣੇ ਭਾਸ਼ਨ ਵਿੱਚ ਕਿਹਾ ਸੀ ਕਿ “ਭਾਰਤ ਦੇਸ ਵਿੱਚ ਕਦੇ ਅਥਾਹ ਦੌਲਤ ਸੀ। ਇਸਦੀ ਖੇਤੀ ਉਪਜ ਇਸਦੇ ਨਿਵਾਸੀਆਂ ਵਾਸਤੇ ਲੋੜ ਤੋਂ ਵਧੇਰੇ ਪੈਦਾ ਹੁੰਦੀ ਸੀ ਅਤੇ ਇਸਦੇ ਉਦਯੋਗ ਇੰਨੇ ਵਿਕਸਿਤ ਸਨ ਕਿ ਇਸਦੇ ਉਤਪਾਦ ਵੱਡੀ ਮਾਤਰਾ ਵਿੱਚ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਬਰਾਮਦ ਕੀਤੇ ਜਾਂਦੇ। ਇੱਥੋਂ ਤੱਕ ਕਿ ਦੂਰ ਦੁਰਾਡੇ ਯੂਰਪ ਦੇ ਦੇਸ਼ਾਂ ਵਿੱਚ ਵੀ। ਪਰ ਹੁਣ ਦੇਸ਼ ਦੀ ਹਾਲਤ ਗਰੀਬ ਮੁਲਕਾਂ ਵਾਂਗ ਹੈ। ਇੱਥੋਂ ਦੇ ਆਪਣੇ ਉਦਯੋਗ ਖਤਮ ਹੋ ਚੁੱਕੇ ਹਨ, ਇਸ ਲਈ ਸਰਕਾਰ ਦੀ ਨਰਾਜ਼ਗੀ ਦੇ ਬਾਵਜੂਦ ਸਾਡਾ ਸਭਨਾਂ ਦਾ ਇਹ ਫਰਜ਼ ਬਣਦਾ ਸੀ ਕਿ ਅਸੀਂ ਇਸਦੀ ਵਰਤਮਾਨ ਹਾਲਤ ਨੂੰ ਸੁਧਾਰੀਏ।”
ਜੇਕਰ ਸਰਦਾਰ ਅਜੀਤ ਸਿੰਘ ਦੇ ਉਪਰੋਕਤ ਦਿੱਤੇ ਭਾਸ਼ਨ ਦੀ ਅਜੋਕੇ ਸਮੇਂ ਨਾਲ ਤੁਲਨਾ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਖੇਤੀ ਦੀ ਪੈਦਾਵਾਰ ਅੱਜ ਸਾਡੇ ਕੋਲ ਹੈ ਪ੍ਰੰਤੂ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਬਹੁਤ ਨਿਗੂਣਾ ਜਿਹਾ ਦਿੱਤਾ ਜਾ ਰਿਹਾ ਹੈ। ਜੇਕਰ ਉਦਯੋਗਾਂ ਦੀ ਗੱਲ ਕਰੀਏ ਤਾਂ ਸਾਡੇ ਦੇਸ ਵਿੱਚ ਵਿਦੇਸ਼ੀ ਉਦਯੋਗਾਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ ਅਤੇ ਦੇਸੀ ਉਦਯੋਗ ਅੱਜ ਵੀ ਖਤਮ ਕੀਤੇ ਜਾ ਰਹੇ ਹਨ। ਦੇਸ ਦੀ ਬਹੁਗਿਣਤੀ ਦੀ ਹਾਲਤ ਅੱਜ ਵੀ ਮਾੜੀ ਹੈ ਅਤੇ ਮਨੁੱਖੀ ਵਿਕਾਸ ਪੱਖੋਂ ਅਸੀਂ ਦੇਸ਼ ਨੂੰ ਗ਼ਰੀਬ ਹੀ ਕਹਿ ਸਕਦੇ ਹਾਂ।
ਸਾਡੇ ਮਹਾਨ ਦੇਸ਼ ਭਗਤ ਸਰਦਾਰ ਅਜੀਤ ਸਿੰਘ ਦੁਆਰਾ ਬਿਆਨ ਕੀਤੀ ਗਈ ਆਪਣੇ ਸਮੇਂ ਦੀ ਦੇਸ਼ ਦੀ ਹਾਲਤ ਅਤੇ ਅੱਜ ਸਾਡੇ ਦੇਸ਼ ਦੀ ਹਾਲਤ ਨਾਲ ਕਾਫੀ ਹੱਦ ਤੱਕ ਮੇਲ ਖਾਂਦੀ ਹੈ, ਜੇਕਰ ਅਸੀਂ ਇਸ ਨੂੰ ਲੋਕ-ਪੱਖੀ ਵਿਕਾਸ ਦੇ ਨਜ਼ਰੀਏ ਨਾਲ ਵੇਖੀਏ ਤਾਂ। ਇਸਦਾ ਮਤਲਬ ਅੱਜ ਵੀ ਅਸੀਂ ਕਿਤੇ ਅਦਿੱਖ ਗੁਲਾਮੀ ਦਾ ਸ਼ਿਕਾਰ ਤਾਂ ਨਹੀਂ? ਜੇਕਰ ਇਸਦਾ ਜਵਾਬ ਹਾਂ ਵਿੱਚ ਹੈ ਤਾਂ ਸਾਨੂੰ ਅੱਜ ਆਰਥਿਕ ਨਾ-ਬਰਾਬਰੀ ਖਤਮ ਕਰਨ ਅਤੇ ਲੋਕ ਪੱਖੀ ਵਿਕਾਸ ਕਰਨ ਲਈ ਸਰਦਾਰ ਅਜੀਤ ਸਿੰਘ ਦੇ ਕਹੇ ਸ਼ਬਦਾਂ ਅਨੁਸਾਰ ਕਿ “ਸਰਕਾਰ ਦੀ ਨਰਾਜ਼ਗੀ ਦੇ ਬਾਵਜੂਦ ਸਾਡਾ ਸਭਨਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸਦੀ ਵਰਤਮਾਨ ਹਾਲਤ ਨੂੰ ਸੁਧਾਰੀਏ।” ਅੱਜ ਲੋੜ ਹੈ ਸਾਨੂੰ ਇਸ ਕਾਣੀ ਵੰਡ ਵਾਲੇ ਆਰਥਿਕ ਪਾੜੇ ਪ੍ਰਤੀ ਜਾਗ੍ਰਿਤ ਹੋਣ ਦੀ। ਆਓ, ਸਭ ਮਿਲ ਕੇ ਹਰ ਦੇਸ਼ ਵਾਸੀ ਲਈ ਆਰਥਿਕ ਖੁਸ਼ਹਾਲੀ ਵਾਲੇ ਸਮਾਜ ਦੇ ਨਿਰਮਾਣ ਲਈ ਸੰਘਰਸ਼ ਕਰੀਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1591)
(ਸਰੋਕਾਰ ਨਾਲ ਸੰਪਰਕ ਲਈ: