“ਅਸੀਂ ਕਹਿ ਸਕਦੇ ਹਾਂ ਨੌਜਵਾਨ ਪੰਜਾਬ ਅਤੇ ਦੇਸ਼ ਦੀ ਕੁਲ ਲੋਕਾਈ ਦੀਆਂ ਹੱਕੀ ਮੰਗਾਂ ਲਈ ...”
(29 ਦਸੰਬਰ 2020)
ਅਸੀਂ ਸੋਚ ਬੈਠੇ ਸਾਂ ਕਿ ਪੰਜਾਬ ਦੀ ਜ਼ਿਆਦਾਤਰ ਜਵਾਨੀ ਨਸ਼ੇ ਵਿੱਚ ਰੁੜ੍ਹ ਗਈ ਹੈ, ਪ੍ਰਵਾਸ ਕਰ ਗਈ ਹੈ। ਮਾੜੇ ਗੀਤਾਂ ਅਤੇ ਫਿਲਮਾਂ ਨੇ ਨੌਜਵਾਨਾਂ ਦਾ ਕਿਰਦਾਰ ਧੁੰਦਲਾ ਕਰ ਦਿੱਤਾ ਹੈ, ਜਿਸ ਕਾਰਨ ਉਹ ਗੈਂਗੈਸਟਰ ਅਤੇ ਅਸ਼ਲੀਲਤਾ ਦੇ ਡੰਗੇ ਜਾ ਚੁੱਕੇ ਹਨ। ਦੂਜਾ ਵਿਦਵਾਨ ਤੇ ਸੂਝਵਾਨ ਚਾਹੁੰਦੇ ਸਨ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਵਰਗਾ ਜੋਸ਼ ਤੇ ਜਜ਼ਬਾ ਹੋਵੇ, ਸ਼ਹੀਦ ਕਰਤਾਰ ਸਿੰਘ ਸਰਾਭੇ ਵਾਂਗ ਜਥੇਬੰਦੀਆਂ ਵਿੱਚ ਸਰਗਰਮੀ ਅਤੇ ਸ਼ਹੀਦ ਭਗਤ ਸਿੰਘ ਵਾਂਗ ਕਾਨੂੰਨੀ ਮਾਹਿਰਾਂ ਦੀ ਵੀ ਬੋਲਤੀ ਬੰਦ ਕਰਨ ਵਾਲੇ ਤਿੱਖੇ ਵਿਚਾਰ ਹੋਣ। ਕਿਸਾਨੀ ਸੰਘਰਸ਼ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਸ਼ਮੂਲੀਅਤ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ ਅਜੇ ਵੀ ਪੰਜਾਬ ’ਤੇ ਭੀੜ ਪੈਣ ਉੱਤੇ ਉਸਦੀ ਰੱਖਿਆ ਕਰਨ ਦਾ ਜਜ਼ਬਾ ਰੱਖਦੀ ਹੈ।
ਜਿਵੇਂ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਅਸਲੀ ਦੁਸ਼ਮਣ ਜਨਰਲ ਉਡਵਾਇਰ ਨੂੰ ਲੱਭ ਕੇ ਉਸ ਦੇ ਘਰ ਵਿੱਚ ਹੀ ਖਤਮ ਕੀਤਾ; ਅੱਜ ਪੰਜਾਬ ਦੀ ਜਵਾਨੀ ਦੇਸ਼ ਦੇ ਦੂਸਰੇ ਨੌਜਵਾਨਾਂ ਨੂੰ ਨਾਲ ਲੈ ਕੇ ਦੇਸ਼ ਦੇ ਅਸਲੀ ਦੁਸ਼ਮਣ ਕਾਰਪੋਰੇਟ ਨੂੰ ਲੱਭ ਕੇ ਉਸਦੇ ਅਤੇ ਉਸ ਦੁਆਰਾ ਬਣਾਈ ਕੱਠਪੁਤਲੀ ਸਰਕਾਰ ਦੇ ਖਿਲਾਫ਼ ਡਟ ਗਏ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪਿਓ-ਦਾਦੇ ਦੁਆਰਾ ਖੂਨ-ਪਸੀਨੇ ਨਾਲ ਪਾਲੀ ਫਸਲ ਜੇਕਰ ਅੱਜ ਪੂੰਜੀਵਾਦ ਦੇ ਹੱਥਾਂ ਵਿੱਚ ਚਲੇ ਗਈ ਤਾਂ ਉਨ੍ਹਾਂ ਦੀ ਹੋਂਦ ਖਤਮ ਹੋ ਜਾਵੇਗੀ। ਜ਼ਮੀਨ ਦੇ ਛੋਟੇ ਜਿਹੇ ਟੁਕੜੇ ਨੂੰ ਪਾਸੇ ਜਾਂਦੇ ਵੇਖ ਕਿਸਾਨ ਮਰਨ-ਮਰਾਉਣ ਤਕ ਚਲੇ ਜਾਂਦਾ ਹੈ, ਇੱਥੇ ਤਾਂ ਕਾਰਪੋਰੇਟ ਪੱਖੀ ਸਰਕਾਰ ਤਾਂ ਉਨ੍ਹਾਂ ਦੀ ਸਾਰੀ ਜ਼ਮੀਨ ਲੁੱਟ ਕੇ ਲਿਜਾ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੀ ਹੀ ਮਾਲਕੀ ਜ਼ਮੀਨ ’ਤੇ ਗੁਲਾਮ ਬਣਾ ਰਹੀ ਹੈ। ਆਪਣੀ ਹੋਂਦ ਨੂੰ ਬਚਾਉਣ ਲਈ ਨੌਜਵਾਨਾਂ ਲਈ ਅਣਸਰਦੀ ਲੋੜ ਬਣ ਗਈ ਸੀ, ਜਿਨ੍ਹਾਂ ਦੇ ਜੋਸ਼ ਅੱਗੇ ਸਰਕਾਰੀ ਰੋਕਾਂ ਜਿਵੇਂ, ਬੈਰੀਕੇਡ, ਵੱਡੇ-ਵੱਡੇ ਪੱਥਰ, ਮਿੱਟੀ ਦੇ ਭਰੇ ਟਰਾਲੇ ਇਸ ਤਰ੍ਹਾਂ ਬਣ ਗਏ ਜਿਵੇਂ ਕੋਈ ਰਸਤੇ ਵਿੱਚੋਂ ਛੋਟੇ ਜਿਹੇ ਰੋੜ੍ਹ ਨੂੰ ਆਸਾਨੀ ਨਾਲ ਚੁੱਕ ਕੇ ਪਾਸੇ ਸੁੱਟ ਦਿੰਦਾ ਹੈ।
ਸੰਘਰਸ਼ ਵਿੱਚ ਨੌਜਵਾਨ ਟਰੈਕਟਰ-ਟਰਾਲੀਆਂ, ਗੱਡੀਆਂ, ਜੀਪਾਂ ਅਤੇ ਮੋਟਰਸਾਈਕਲਾਂ ਉੱਤੇ ਭਗਤ-ਸਰਾਭੇ ਦੇ ਬੈਨਰ, ਕਿਸਾਨ ਯੂਨੀਅਨਾਂ ਦੇ ਝੰਡੇ ਅਤੇ ਕਿਸਾਨੀ ਵਾਲੇ ਗੀਤ ਲਗਾ ਸੰਘਰਸ਼ ਵਿੱਚ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਨੇ ਹੱਥਾਂ ਵਿੱਚ ਵੱਖੋ-ਵੱਖ ਨਾਅਰੇ ਲਿਖੇ ਬੈਨਰ ਫੜੇ ਹਨ ਜਿਵੇਂ- ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ, ਗੋਦੀ ਮੀਡੀਆ ਦੇ ਵਿਰੋਧ ਵਾਲੇ, ਜੱਟ-ਜਾਟ ਭਾਈ-ਭਾਈ, ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ, ਕਿਸੇ ਭਰਮ ਵਿੱਚ ਨਾ ਰਹੀਂ ਦਿੱਲੀਏ ਪੰਜਾਬ ਦੇ ਵਾਰਿਸ ਅਜੇ ਜਿਉਂਦੇ ਨੇ, ਕਾਲੇ ਕਾਨੂੰਨ ਵਾਪਸ ਲਓ, ਮਜ਼ਦੂਰ-ਕਿਸਾਨ ਏਕਤਾ ਜ਼ਿੰਦਾਬਾਦ, ਮੋਦੀ ਸਰਕਾਰ ਬੇਈਮਾਨ, ਐੱਮ.ਐੱਲ.ਏ, ਐੱਮ.ਪੀ ਦੋ ਲੱਖ ਪੈਨਸ਼ਨ ਅਤੇ ਮਜ਼ਦੂਰ ਦੀ ਤਨਖਾਹ ਅੱਠ ਤੋਂ ਦਸ ਹਜ਼ਾਰ ਅਤੇ ਡਿਊਟੀ ਬਾਰਾਂ ਘੰਟੇ, ਕਿਉਂ? ਇਨਕਲਾਬ ਜ਼ਿੰਦਾਬਾਦ ਆਦਿ। ਇਸ ਤੋਂ ਇਲਾਵਾ ਕੰਧਾਂ ਉੱਤੇ ਵੀ ਹਿੰਦੀ ਵਿੱਚ ਸਾਮਰਾਜਵਾਦ ਦਾ ਨਾਸ਼ ਹੋਏ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਅਤੇ ਕਿੰਨ੍ਹਾਂ-ਕਿੰਨ੍ਹਾਂ ਨੂੰ ਕੈਦ ਕਰੋਗੇ ਆਦਿ ਨਾਅਰੇ ਲਿਖੇ ਮਿਲਦੇ ਹਨ।
ਨੌਜਵਾਨ ਸਟੇਜਾਂ ਸਾਂਭ ਰਹੇ ਹਨ ਅਤੇ ਆਪਣੀਆਂ ਜੋਸ਼ ਭਰੀਆਂ ਤਕਰੀਰਾਂ ਦੁਆਰਾ ਵਿਸ਼ਾਲ ਇਕੱਠ ਨੂੰ ਪ੍ਰਭਾਵਿਤ ਕਰ ਰਹੇ ਹਨ। ਸਟੇਜ ਅਤੇ ਪੰਡਾਲ ਦੁਆਲੇ ਲੋਕਾਂ ਦੇ ਵੱਡੇ ਇਕੱਠ ਨੂੰ ਸਾਂਭਣ ਲਈ ਉਨ੍ਹਾਂ ਆਪੋ-ਆਪਣੀਆਂ ਬਣਦੀਆਂ ਡਿਊਟੀਆਂ ਸਾਂਭ ਰੱਖੀਆਂ ਹਨ। ਇਸ ਕੰਮ ਵਿੱਚ ਦੇਸ਼ ਦੀ ਅੰਤਰਰਾਸ਼ਟਰੀ ਕਬੱਡੀ ਟੀਮ ਦੇ ਖਿਡਾਰੀ ਮੁੱਖ ਭੂਮਿਕਾ ਨਿਭਾ ਰਹੇ ਹਨ। ਭੀੜ ਵਿੱਚ ਵੜੇ ਸ਼ਰਾਰਤੀ ਅਨਸਰਾਂ ਤੋਂ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਖਾਸ ਕਰਕੇ ਨੌਜਵਾਨ ਇਸ ’ਤੇ ਬਾਜ਼ ਵਾਲੀ ਅੱਖ ਰੱਖ ਰਹੇ ਹਨ। ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਬੜੀ ਸੂਝ ਨਾਲ ਦੇ ਰਹੇ ਹਨ ਅਤੇ ਗੋਦੀ ਮੀਡੀਆ ਦਾ ਵਿਰੋਧ ਵੀ ਕਰ ਰਹੇ ਹਨ।
ਆਟਾ ਗੁੰਨ੍ਹਣਾ, ਰੋਟੀਆਂ ਵੇਲਣਾ ਤੇ ਪਕਾਉਣਾ, ਕੱਪੜੇ ਧੋਣਾ, ਝਾੜੂ ਮਾਰਨਾ ਆਦਿ ਦੀਆਂ ਜ਼ਿੰਮੇਵਾਰੀਆਂ ਨੂੰ ਨੌਜਵਾਨ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਦੁਆਰਾ ਆਪਣੇ ਨਾਲ ਆਏ ਬਜ਼ੁਰਗਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਉਹ ਨੌਜਵਾਨ ਧੀਆਂ-ਭੈਣਾਂ ਪ੍ਰਤੀ ਬੜੇ ਸਲੀਕੇ ਨਾਲ ਪੇਸ਼ ਆ ਰਹੇ ਹਨ ਅਤੇ ਸ਼ਰਾਰਤੀ ਲੋਕਾਂ ਨੂੰ ਤਾੜਨਾ ਕਰ ਰਹੇ ਹਨ। ਉਹ ਅੱਜ ਧੀਆਂ-ਭੈਣਾਂ ਦੇ ਰਖਵਾਲੇ ਬਣੇ ਹੋਏ ਹਨ। ਲੜਕੀਆਂ ਰਾਤ ਸਮੇਂ ਤਕ ਵੀ ਟਰੈਕਟਰ-ਟਰਾਲੀਆਂ ਦੀਆਂ ਕਿਲੋਮੀਟਰਾਂ ਤਕ ਲੱਗੀਆਂ ਲੰਮੀਆਂ ਲਾਇਨਾਂ ਵਿੱਚੋਂ ਬਿਨਾ ਕਿਸ ਡਰ ਦੇ ਇਕੱਲੀਆਂ ਆ-ਜਾ ਰਹੀਆਂ ਹਨ। ਸੱਚਮੁੱਚ ਨੌਜਵਾਨਾਂ ਨੇ ਉਹ ਸਮਾਂ ਚੇਤੇ ਕਰਵਾ ਦਿੱਤਾ ਜਦੋਂ ਅਬਦਾਲੀ ਬਹੂ-ਬੇਟੀਆਂ ਨੂੰ ਕੈਦ ਕਰਕੇ ਲੈ ਜਾਂਦਾ ਸੀ ਅਤੇ ਸਿੱਖ ਉਨ੍ਹਾਂ ਨੂੰ ਉਸਦੇ ਚੁੰਗਲ ਵਿੱਚੋਂ ਛੁਡਾ ਕੇ ਉਨ੍ਹਾਂ ਦੇ ਘਰਾਂ ਤਕ ਪਹੁੰਚਾ ਕੇ ਆਉਂਦੇ ਸਨ।
ਦਰਅਸਲ ਇਸ ਕਿਸਾਨੀ ਸੰਘਰਸ਼ ਵਿੱਚ ਸਾਨੂੰ ਨੌਜਵਾਨਾਂ ਦੀ ਬਦਲੀ ਹੋਈ ਤਸਵੀਰ ਨਜ਼ਰ ਆ ਰਹੀ ਹੈ। ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਜੋ ਇਤਿਹਾਸ ਉਸ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਊਧਮ ਸਿੰਘ, ਭਗਵਤੀ ਚਰਨ ਵੋਹਰਾ ਆਦਿ ਨੌਜਵਾਨਾਂ ਨੇ ਸਿਰਜਿਆ ਸੀ, ਇੱਕ ਵਾਰ ਫਿਰ ਉਸ ਇਤਿਹਾਸ ਨੂੰ ਨੌਜਵਾਨ ਕਿਸਾਨੀ ਸੰਘਰਸ਼ ਵਿੱਚ ਦੁਹਰਾ ਰਹੇ ਹਨ।
ਅਸੀਂ ਕਹਿ ਸਕਦੇ ਹਾਂ ਕਿ ਨੌਜਵਾਨ ਪੰਜਾਬ ਅਤੇ ਦੇਸ਼ ਦੀ ਕੁਲ ਲੋਕਾਈ ਦੀਆਂ ਹੱਕੀ ਮੰਗਾਂ ਲਈ ਅੱਜ ਦੇ ਕਿਸਾਨ-ਮਜ਼ਦੂਰ ਸੰਘਰਸ਼ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ। ਹੁਣ ਸਾਡੇ ਦੇਸ ਦਾ ਆਉਣ ਵਾਲਾ ਭਵਿੱਖ ਉਜਵਲ ਹੋਣ ਦੇ ਆਸਾਰ ਬਣ ਰਹੇ ਹਨ। ਅਸੀਂ ਆਸ ਕਰਦੇ ਹਾਂ ਕਿ ਦੇਸ਼ ਦੇ ਨੌਜਵਾਨ ਬਜ਼ੁਰਗਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ, ਉਨ੍ਹਾਂ ਦੁਆਰਾ ਪਿੰਡੇ ’ਤੇ ਹੰਢਾਏ ਤਜਰਬੇ ਨੂੰ ਨਾਲ ਲੈ ਕੇ ਚੱਲਣਗੇ ਅਤੇ ਰਾਜਨੀਤੀ ਵਿੱਚ ਵੱਡੀ ਭੂਮਿਕਾ ਨਿਭਾ ਕੇ ਆਪਣੀ ਨਵੀਂ ਸੋਚ ਜ਼ਰੀਏ ਵਿਦੇਸ਼ਾਂ ਨੂੰ ਜਾਣ ਦੀ ਸੋਚ ਛੱਡ, ਆਪਣੇ ਦੇਸ਼ ਨੂੰ ਵਿਕਸਤ ਦੇਸ਼ ਦੇ ਬਰਾਬਰ ਲਿਆ ਖੜ੍ਹਾ ਕਰਨਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2494)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)