“ਕਰੋਨਾ ਮਹਾਮਾਰੀ ਦੇ ਭੈਅ ਹੇਠ ਖੇਤੀ, ਮਜ਼ਦੂਰ, ਵਾਤਾਵਰਣ, ਸਿੱਖਿਆ ਅਤੇ ਬਿਜਲੀ ਆਦਿ ਸੰਬੰਧੀ ਕਾਨੂੰਨ ...”
(2 ਅਪਰੈਲ 2021)
(ਸ਼ਬਦ: 1080)
ਨੈਓਮੀ ਕਲਾਈਨ ਨੇ ‘ਸਦਮਾ ਮੱਤ’ ਵਿੱਚ ਪੂੰਜੀਵਾਦ ਦੇ ‘ਤਬਾਹੀਪਸੰਦ’ ਹੋਣ ਬਾਰੇ ਆਪਣੀ ਕਲਮ ਦੀ ਤਾਕਤ ਜ਼ਰੀਏ ਬੜੇ ਵਿਸਥਾਰ ਨਾਲ ਵਿਆਖਿਆ ਕੀਤੀ ਹੈ। ਦਰਅਸਲ ਭੈਅ ਦੇ ਮਾਹੌਲ ਵਿੱਚ ਮੌਤ ਦਾ ਖੌਫ ਸਭ ਤੋਂ ਵੱਡਾ ਹੁੰਦਾ ਹੈ ਅਤੇ ਡਰਿਆ ਹੋਇਆ ਇਨਸਾਨ ਕੇਵਲ ਆਪਣੇ ਬਚਾ ਬਾਰੇ ਸੋਚਦਾ ਹੈ। ਹਾਕਮ ਕਿਸ ਤਰ੍ਹਾਂ ਦੀਆਂ ਨੀਤੀਆਂ ਲਾਗੂ ਕਰ ਰਹੇ ਹਨ, ਉਨ੍ਹਾਂ ਪ੍ਰਤੀ ਉਹ ਬਹੁਤ ਘੱਟ ਸੋਚਦਾ-ਵਿਚਾਰਦਾ ਹੈ। ਸੱਤਾ ’ਤੇ ਬਿਰਾਜਮਾਨ ਹਾਕਮ ਪੂੰਜੀਵਾਦ ਨਾਲ ਮਿਲ ਕੇ ਮੁਨਾਫ਼ੇ ਖਾਤਰ ਡਰ ਦਾ ਵਾਤਾਵਰਣ ਸਿਰਜਦੇ ਹਨ। ਅੱਜ ਵਿਸ਼ਵ ਪੱਧਰ ’ਤੇ ਫੈਲ ਚੁੱਕੇ ਪੂੰਜੀਵਾਦ ਦੇ ਅਸਲ ਖਾਸੇ ਨੂੰ ਸਮਝਿਆ ਜਾਵੇ ਤਾਂ ਇਹ ਆਪਣੇ ਮੁਨਾਫ਼ੇ ਖਾਤਰ ਹਿੰਸਕ ਕਾਰਵਾਈਆਂ ਅਤੇ ਜੰਗੀ ਤਬਾਹੀਆਂ ਮਚਾਉਣਾ ਜ਼ਰੂਰੀ ਸਮਝਦਾ ਹੈ। ਜੇਕਰ ਜੰਗ ਨਾ ਲੱਗੇ ਤਾਂ ਜੰਗ ਵਰਗੇ ਹਾਲਤ ਪੈਦਾ ਕਰ ਦਿੱਤੇ ਜਾਂਦੇ ਹਨ ਜਾਂ ਦਹਿਸ਼ਤਵਾਦੀ ਹਮਲੇ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਤਾਂ ਸ਼ਹਿਰ ਵਿੱਚ ਆਤੰਕਵਾਦੀ ਆ ਚੁੱਕੇ ਹਨ, ਕਿਸੇ ਸਥਾਨ ’ਤੇ ਬੰਬ ਹੋ ਸਕਦਾ ਹੈ, ਆਦਿ ਵਰਗੀਆਂ ਝੂਠੀਆਂ ਅਫਵਾਹਾਂ ਵੀ ਫੈਲਾਈਆਂ ਜਾਂਦੀਆਂ ਹਨ। ਕੁਦਰਤੀ ਆਫ਼ਤਾਂ ਜਿਵੇਂ ਹੜ੍ਹ, ਤੁਫਾਨ, ਭੂਚਾਲ ਆਦਿ ਨੂੰ ਵੀ ਮੁਨਾਫ਼ਾ ਬਟੋਰਨ ਦੇ ਮੌਕਿਆਂ ਵਜੋਂ ਲਿਆ ਜਾਂਦਾ ਹੈ। ਮਹਾਮਾਰੀ ਦੇ ਫੈਲਾਅ ਵਰਗੇ ਮੌਕਿਆਂ ਨੂੰ ਵੀ ਆਪਣੇ ਹੱਥਾਂ ਹੇਠੋਂ ਨਿਕਲਣ ਨਹੀਂ ਦਿੱਤਾ ਜਾਂਦਾ। ਇੱਥੋਂ ਤਕ ਕਿਹਾ ਜਾ ਸਕਦਾ ਹੈ ਕਿ ਪੂੰਜੀਵਾਦ ਛੋਟੀ ਤੋਂ ਛੋਟੀ ਬਿਮਾਰੀ ਨੂੰ ਵੀ ਮਹਾਂਮਾਰੀ ਬਣਾ ਕੇ ਪੇਸ਼ ਕਰ ਸਕਦਾ ਹੈ। ਇਨ੍ਹਾਂ ਮੌਕਿਆਂ ਦਾ ਫਾਇਦਾ ਇਸ ਲਈ ਲਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਲੋਕ ਸਦਮੇ ਵਿੱਚ ਹੁੰਦੇ ਹਨ ਅਤੇ ਵਿਰੋਧ ਦੀਆਂ ਸੁਰਾਂ ਉੱਠਣੀਆਂ ਸੰਭਵ ਨਹੀਂ ਹੁੰਦੀਆਂ। ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਵਰਗੇ ਕਾਨੂੰਨ, ਦੇਸ਼ ਧ੍ਰੋਹੀ ਜਾਂ ਜਾਂਚ ਏਜੰਸੀਆਂ ਦੇ ਛਾਪੇ ਮਰਵਾ ਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਜਦੋਂ ਅਸੀਂ ਜੰਗ ਬਾਰੇ ਗੱਲ ਕਰਦੇ ਹਾਂ ਤਾਂ ਉਸ ਵਿੱਚ ਆਮ ਘਰਾਂ ਨਾਲ ਸੰਬੰਧਿਤ ਸੈਨਿਕ ਹੁੰਦੇ ਹਨ ਜੋ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਜਦੋਂ ਕੁਆਰੇ ਫੌਜੀ ਜਵਾਨ ਦੀ ਲਾਸ਼ ’ਤੇ ਉਸ ਦੀ ਮਾਂ ਵਿਆਹ ਦੀ ਅਧੂਰੀ ਰਹਿ ਗਈ ਹਸਰਤ ਪੂਰੀ ਕਰਨ ਲਈ ਸਿਹਰਾ ਸਜਾਉਂਦੀ ਹੈ ਤਾਂ ਇਹ ਤਸਵੀਰ ਵੇਖ ਹਰ ਇਨਸਾਨ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਕਈ ਫੌਜੀ ਜਵਾਨ ਲੜਦੇ ਹੋਏ ਬੇਹੱਦ ਜ਼ਖ਼ਮੀ ਹੋ ਗਏ ਜਾਂ ਵਿਰੋਧੀ ਦੇਸ਼ ਦੀ ਕੈਦ ਵਿੱਚ ਚਲੇ ਗਏ, ਜੋ ਉਨ੍ਹਾਂ ਲਈ ਉਮਰ ਭਰ ਦਾ ਸੰਤਾਪ ਬਣ ਗਿਆ। ਪ੍ਰੰਤੂ ਵੱਡੇ ਸਰਮਾਏਦਾਰ ਦੇਸ਼ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੂਸਰੇ ਦੇਸ਼ਾਂ ਨੂੰ ਜੰਗੀ ਹਥਿਆਰ ਅਤੇ ਬਾਰੂਦ ਵੇਚ ਕੇ ਮੁਨਾਫ਼ਾ ਕਮਾਉਂਦੇ ਹਨ। ਜੰਗ ਵਰਗੇ ਮਾਹੌਲ ਪੈਦਾ ਕਰਕੇ ਅਤੇ ਦਹਿਸ਼ਤਵਾਦੀਆਂ ਨਾਲ ਲੜਨ ਲਈ ਨਵੀਆਂ ਤੋਂ ਨਵੀਆਂ ਤਕਨੀਕਾਂ ਦੇ ਹਥਿਆਰ ਇਜਾਦ ਕਰਕੇ ਪੀੜਤ ਦੇਸ਼ਾਂ ਤੋਂ ਮੁਨਾਫ਼ਾ ਕਮਾਇਆ ਜਾਂਦਾ ਹੈ।
ਇਸ ਤਰ੍ਹਾਂ ਪੂੰਜੀਵਾਦੀ ਦੇਸ਼ ਦੂਸਰੇ ਦੇਸ਼ਾਂ ਦੇ ਹਾਕਮਾਂ ਨਾਲ ਮਿਲ ਕੇ ਉਨ੍ਹਾਂ ਦੇ ਦੇਸ਼ ਨੂੰ ਕਰਜ਼ਾਈ ਬਣਾਉਂਦੇ ਹਨ ਅਤੇ ਉਨ੍ਹਾਂ ਉੱਤੇ ਮਨਮਰਜ਼ੀ ਦੀਆਂ ਸ਼ਰਤਾਂ ਥੋਪਦੇ ਹਨ, ਜਿਸਦਾ ਨਤੀਜਾ ਆਮ ਲੋਕਾਈ ਦੇ ਹੱਕਾਂ ਉੱਤੇ ਡਾਕਾ ਮਾਰਨ ਵਿੱਚ ਨਿਕਲਦਾ ਹੈ। ਹਥਿਆਰ ਖਰੀਦਣ ਅਤੇ ਜੰਗ ਵਿੱਚ ਉਲਝੇ ਦੇਸ਼ ਆਪਣਾ ਜ਼ਿਆਦਾਤਰ ਸਰਮਾਇਆ ਜੰਗੀ ਹਥਿਆਰ ਖਰੀਦਣ ਵਿੱਚ ਵਹਾ ਦਿੰਦੇ ਹਨ, ਜਿਸ ਕਾਰਨ ਉਸ ਦੇਸ਼ ਦੇ ਲੋਕ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ, ਰਿਸ਼ਵਤਖੋਰੀ ਆਦਿ ਦਾ ਜੀਵਨ ਹੰਢਾਉਂਦੇ ਹਨ। ਮੁਨਾਫ਼ੇ ਖਾਤਰ ਹੱਸਦੇ-ਵਸਦੇ ਦੇਸ਼ਾਂ ਨੂੰ ਜੰਗ ਦੀ ਭੱਠੀ ਵਿੱਚ ਝੋਕ ਦੇਣਾ ਕਿੱਥੋਂ ਤਕ ਜਾਇਜ਼ ਹੈ?
ਕੁਦਰਤੀ ਆਫ਼ਤਾਂ ਦਾ ਲਾਹ ਖੱਟਣਾ ਪੂੰਜੀਵਾਦ ਦਾ ਪ੍ਰਮੁੱਖ ਸਿਧਾਂਤ ਹੈ। ‘ਸਦਮ ਮੱਤ’ ਵਿੱਚ ਨੈਓਮੀ ਕਲਾਈਨ ਅਮਰੀਕਾ ਦੇ ਨਿਊ ਔਰਲੀਅਨਜ਼ ਵਿੱਚ 2005 ਵਿੱਚ ਆਏ ਹੜ੍ਹ ਦਾ ਜ਼ਿਕਰ ਕਰਦੀ ਹੈ ਜਦੋਂ ਨਿੱਜੀ ਹੱਥਾਂ ਵਿੱਚ ਚਾਰਟਰ ਸਕੂਲਾਂ ਦੀ ਸ਼ੁਰੂਆਤ ਕੀਤੀ ਸੀ। ਹੜ੍ਹਾਂ ਕਾਰਨ ਬਹੁਤ ਸਾਰੇ ਸਰਕਾਰੀ ਸਕੂਲ ਤਬਾਹ ਹੋ ਚੁੱਕੇ ਸਨ, ਸਰਕਾਰ ਨੇ ਇਸ ਨੂੰ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਇੱਕ ਚੰਗਾ ਮੌਕਾ ਸਮਝਿਆ। ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਨਿੱਜੀ ਸਕੂਲਾਂ ਵਿੱਚ ਸਧਾਰਣ ਵਰਗ ਦੁਆਰਾ ਬੱਚੇ ਪੜ੍ਹਾਉਣੇ ਕਿੰਨਾ ਕਠਿਨ ਹੋ ਜਾਂਦਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਬੱਚੇ ਸਕੂਲ ਦਾ ਮੂੰਹ ਤਕ ਨਹੀਂ ਵੇਖ ਪਾਉਂਦੇ। ਸਾਡੇ ਦੇਸ਼ ਵਿੱਚ ਵੀ ਸਰਕਾਰੀ ਸਕੂਲਾਂ ਨੂੰ ਖਤਮ ਕਰਕੇ ਨਿੱਜੀ ਸਕੂਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਨਵੀਂ ਸਿੱਖਿਆ ਨੀਤੀ ਵਿੱਚ ਕੁਝ ਅਜਿਹਾ ਹੀ ਨਜ਼ਰ ਆਉਂਦਾ ਹੈ।
ਮਹਾਂਮਾਰੀ ਸਮੇਂ ਵੀ ਪੂੰਜੀਵਾਦ ਦਾ ਅੱਤਿਆਚਾਰੀ ਰੂਪ ਸਾਡੇ ਸਾਹਮਣੇ ਆਉਂਦਾ ਹੈ। ਸਾਡੇ ਦੇਸ਼ ਵਿੱਚ ਇੱਕ ਸਾਲ ਵਿੱਚ ਕਰੋਨਾ ਮਹਾਮਾਰੀ ਦੇ ਭੈਅ ਹੇਠ ਖੇਤੀ, ਮਜ਼ਦੂਰ, ਵਾਤਾਵਰਣ, ਸਿੱਖਿਆ ਅਤੇ ਬਿਜਲੀ ਆਦਿ ਸੰਬੰਧੀ ਕਾਨੂੰਨ ਪਾਸ ਕੀਤੇ ਗਏ, ਜੋ ਵੱਡੇ ਤੋਂ ਵੱਡੇ ਪੂੰਜੀਵਾਦੀ ਘਰਾਣਿਆਂ ਦਾ ਪੱਖ ਪੂਰਦੇ ਹਨ। ਕਰੋਨਾ ਮਹਾਮਾਰੀ ਦੌਰਾਨ ਲੋਕ ਸਦਮੇ ਵਿੱਚ ਸਨ, ਇੱਥੋਂ ਤਕ ਕਿ ਇੱਕ ਪਰਿਵਾਰ ਦੇ ਮੈਂਬਰ ਵੀ ਇੱਕ ਦੂਸਰੇ ਤੋਂ ਡਰਨ ਲੱਗ ਗਏ ਅਤੇ ਉਨ੍ਹਾਂ ਮਹਾਮਾਰੀ ਦੀ ਭੇਂਟ ਚੜ੍ਹੇ ਆਪਣੇ ਪਿਆਰਿਆਂ ਦੀਆਂ ਚਿਤਾਵਾਂ ਨੂੰ ਆਖਰੀ ਰਸਮ ‘ਅਗਨੀ’ ਵੀ ਭੇਂਟ ਨਾ ਕੀਤੀ। ਅਜਿਹੇ ਮੌਕੇ ਦਾ ਲਾਭ ਉਠਾ ਕੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਉ ਤੋਂ ਇਲਾਵਾ ਦੇਸ਼ ਦਾ ਸਰਮਾਇਆ ਛੇਤੀ ਤੋਂ ਛੇਤੀ ਕਾਰਪੋਰੇਟ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਜਿਵੇਂ ਕੋਇਲਾ ਖਾਨਾਂ, ਰੇਲਵੇ, ਐੱਲ.ਆਈ.ਸੀ. ਵਰਗੀਆਂ ਬੀਮਾ ਕੰਪਨੀਆਂ, ਬੀ.ਐੱਸ.ਐੱਨ.ਐੱਲ. ਵਰਗੀ ਸੰਚਾਰ ਕੰਪਨੀ, ਬੈਂਕ, ਇਤਿਹਾਸਕ ਇਮਾਰਤਾਂ ਆਦਿ। ਜੇਕਰ ਸਰਕਾਰੀ ਨੀਤੀਆਂ ਦਾ ਕੋਈ ਵਿਰੋਧ ਕਰਦਾ ਤਾਂ ਸਰਕਾਰ ਵੱਲੋਂ ਉਸ ਨੂੰ ਦੇਸ਼ ਧ੍ਰੋਹੀ ਦਾ ਖਿਤਾਬ ਦਿੱਤਾ ਜਾਂਦਾ। ਵਿਰੋਧ ਕਰਨ ਵਾਲੇ ਬਹੁਤ ਸਾਰੇ ਕਾਰਕੁਨਾਂ ਨੂੰ ਝੂਠੇ ਕੇਸਾਂ ਕਾਰਨ ਜੇਲਾਂ ਵਿੱਚ ਬੰਦ ਕੀਤਾ ਜਾ ਚੁੱਕਾ ਹੈ।
ਉਪਰੋਕਤ ਬਿਆਨ ਕੀਤੀ ਸਥਿਤੀ ਤੋਂ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਪੂੰਜੀਵਾਦ ਮਨੁੱਖ ਲਈ ਸਭ ਤੋਂ ਵੱਡਾ ਖਤਰਾ ਹੈ, ਜੋ ਮੁਨਾਫ਼ਾ ਕਮਾਉਣ ਲਈ ਵਾਤਾਵਰਣ ਦੀ ਤਬਾਹੀ ਕਰਨ, ਜੰਗਾਂ-ਯੁੱਧਾਂ ਦੁਆਰਾ ਮਨੁੱਖਤਾ ਦਾ ਘਾਣ ਕਰਨ ਅਤੇ ਦੇਸ਼ ਨੂੰ ਕੰਗਾਲੀ ਦੇ ਰਾਹ ਪਾਉਣ ਵਾਲਾ ਸਭ ਤੋਂ ਵੱਡਾ ਕਾਰਨ ਹੋ ਨਿੱਬੜਦਾ ਹੈ। ਇੱਥੋਂ ਤਕ ਕਿ ਇਸਨੇ ਸਾਡੇ ਪਰਿਵਾਰਕ ਅਤੇ ਭਾਈਚਾਰਕ ਸਾਂਝਾ ਨੂੰ ਵੀ ਖੋਰਾ ਲਾਇਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਹਰ ਜੀਵਿਤ ਪ੍ਰਾਣੀ ਲਈ ਇਹ ਧਰਤੀ ਸਾਂਝੀ ਹੈ, ਇਸਦੇ ਕੁਦਰਤੀ ਸੋਮੇ ਸਭ ਦੇ ਸਾਂਝੇ ਹਨ, ਹਰ ਇੱਕ ਨੂੰ ਮਿਹਨਤ ਕਰਨ ਅਤੇ ਜੀਵਿਕਾ ਕਮਾਉਣ ਦਾ ਅਧਿਕਾਰ ਪ੍ਰਾਪਤ ਹੈ, ਸਭ ਨੂੰ ਆਜ਼ਾਦੀ ਨਾਲ ਜਿਊਣ ਦਾ ਹੱਕ ਹੈ, ਲੋਕਤੰਤਰ ਵਿੱਚ ਸਭ ਦੇ ਹਿਤਾਂ ਦਾ ਖਿਆਲ ਰੱਖਿਆ ਜਾਂਦਾ ਹੈ, ਫਿਰ ਕੁਝ ਲੋਕਾਂ ਦਾ ਇਸ ਦੇਸ਼ ਦੇ ਵਸੀਲਿਆਂ ’ਤੇ ਕਿਵੇਂ ਅਧਿਕਾਰ ਹੋ ਸਕਦਾ ਹੈ? ਕੀ ਲੋਕਤੰਤਰ ਮੁੱਠੀ ਭਰ ਲੋਕਾਂ ਨੂੰ ਸ਼ਾਨ-ਓ-ਸ਼ੌਕਤ ਨਾਲ ਜਿਊਣ ਦਾ ਹੱਕ ਦਿੰਦਾ ਹੈ?
ਪੂੰਜੀਵਾਦ ਦੇ ਵਧਦੇ ਪ੍ਰਭਾਵ ਅਤੇ ਉਸ ਦੀਆਂ ਪੁਸ਼ਤਪਨਾਹੀ ਕਰ ਰਹੀਆਂ ਸਰਕਾਰਾਂ ਦੇ ਅੱਤਿਆਚਾਰ ਤੋਂ ਦੁਖੀ ਹੋਣ ਕਾਰਨ ਹੀ ਸਾਡੇ ਦੇਸ਼ ਵਿੱਚ ਸ਼ੁਰੂ ਹੋਇਆ ਲੋਕ-ਅੰਦੋਲਨ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕਰ ਚੁੱਕਾ ਹੈ। ਕਿਉਂਕਿ ਇਹ ਅੰਦੋਲਨ ਹਰ ਉਸ ਦੇਸ਼ ਦਾ ਹੈ, ਜੋ ਪੂੰਜੀਵਾਦ ਦੇ ਅੱਤਿਆਚਾਰ ਰੂਪ ਅਤੇ ਤਾਨਾਸ਼ਾਹੀ ਸਰਕਾਰਾਂ ਤੋਂ ਪੀੜਤ ਹੈ। ਇਸ ਅੰਦੋਲਨ ਨੇ ਕਾਰਪੋਰੇਟ ਅਤੇ ਤਾਨਾਸ਼ਾਹੀ ਦੇ ਪੈਰਾ ਥੱਲਿਓਂ ਜ਼ਮੀਨ ਕੱਢੀ ਹੋਈ ਹੈ। ਗੋਦੀ ਮੀਡੀਆ ਨੇ ਵੀ ਇਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਅੱਤਿਆਚਾਰੀ ਸਰਕਾਰ ਦੀ ਅੰਦੋਲਨ ਨੂੰ ਫੇਲ ਕਰਨ ਵਾਲੀ ਹਰ ਸਾਜ਼ਿਸ਼ ਨਾਕਾਮ ਹੋ ਰਹੀ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਇਹ ਅੰਦੋਲਨ ਸਭ ਧਰਮਾਂ, ਜਾਤਾਂ ਅਤੇ ਸਰਹੱਦਾਂ ਦੀ ਏਕਤਾ ਦਾ ਪ੍ਰਤੀਕ ਹੈ। ਦੂਸਰਾ ਇਸਦਾ ਸ਼ਾਂਤਮਈ ਪ੍ਰਦਰਸ਼ਨ, ਸਿਰੜ, ਸਬਰ, ਸਹਿਨਸ਼ੀਲਤਾ ਅਤੇ ਦ੍ਰਿੜ੍ਹ ਰਹਿਣਾ ਹੈ। ਪੂੰਜੀਵਾਦ ਦੇ ਅੱਤਿਆਚਾਰੀ ਰੂਪ ਅਤੇ ਤਾਨਾਸ਼ਾਹੀ ਸਰਕਾਰਾਂ ਤੋਂ ਛੁਟਕਾਰਾ ਪਾਉਣ ਲਈ ਇਸ ਅੰਦੋਲਨ ਦੀ ਜਿੱਤ ਜ਼ਰੂਰੀ ਹੈ। ਦੇਸ਼ ਦੀ ਲੋਕਾਈ ਦਾ ਫਰਜ਼ ਬਣਦਾ ਹੈ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਚੁੱਕੇ ਇਸ ਅੰਦੋਲਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੇ ਅਤੇ ਇਸ ਨੂੰ ਕਾਮਯਾਬ ਕਰੇ। ਜੇਕਰ ਅਸੀਂ ਕਾਮਯਾਬ ਹੋ ਗਏ ਤਾਂ ਸਾਡਾ ਆਉਣ ਵਾਲ ਭਵਿੱਖ ਉੱਜਲ ਹੋ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2685)
(ਸਰੋਕਾਰ ਨਾਲ ਸੰਪਰਕ ਲਈ: