“ਜਿਹੜੀ ਸਰਕਾਰ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਦੀ ਥਾਂ ਜੰਗ ਵਰਗਾ ਮਾਹੌਲ ...”
(31 ਅਕਤੂਬਰ 2019)
ਅੱਜ ਅਸੀਂ ਬਾਰੂਦ ਦੇ ਢੇਰ ਉੱਤੇ ਬੈਠੇ ਸਾਹ ਲੈ ਰਹੇ ਹਾਂ। ਇਕ ਚੰਗਿਆੜੀ ਕੁਝ ਪਲਾਂ ਵਿੱਚ ਹੀ ਦੁਨੀਆਂ ਨੂੰ ਰਾਖ ਬਣਾ ਸਕਦੀ ਹੈ। ਸਭ ਦੇਸ਼ਾਂ ਦੇ ਹਾਕਮਾਂ ਨੇ ਵੱਧ ਤੋਂ ਵੱਧ ਮਾਰੂ ਹਥਿਆਰਾਂ ਅਤੇ ਬੰਬਾਂ ਦੇ ਅੰਬਾਰ ਇਕੱਠੇ ਕਰ ਲਏ ਹਨ। ਜਿੰਨਾ ਵੱਧ ਉਹ ਹਥਿਆਰਾਂ ਦੇ ਮਾਰੂ ਰੂਪ ਦਾ ਵਿਕਾਸ ਕਰਦੇ ਹਨ, ਉੰਨਾ ਹੀ ਉਹ ਦੁਨੀਆ ਦੀ ਤਬਾਹੀ ਨੂੰ ਅਸਾਨ ਬਣਾ ਰਹੇ ਹਨ। ਜਿਹੜੇ ਪ੍ਰਮਾਣੂ ਬੰਬਾਂ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਤਬਾਹੀ ਮਚਾਈ ਸੀ, ਉਹ ਬੰਬ ਅੱਜ ਕਈ ਗੁਣਾ ਵੱਧ ਮਾਰੂ ਰੂਪ ਅਖ਼ਤਿਆਰ ਕਰ ਚੁੱਕੇ ਹਨ। ਵਿਸ਼ਵ ਦੇ ਦੇਸ਼ਾਂ ਵਿੱਚ ਇੱਕ ਦੂਸਰੇ ਨੂੰ ਹਥਿਆਰਾਂ ਅਤੇ ਬੰਬਾਂ ਦੇ ਨਿਰਮਾਣ ਦੇ ਮਾਮਲੇ ਵਿੱਚ ਪਿਛਾੜਨ ਦੀ ਦੌੜ ਲੱਗੀ ਹੋਈ ਹੈ। ਅੱਜ ਜੇਕਰ ਜੰਗ ਹੁੰਦੀ ਹੈ ਤਾਂ ਇਸਦਾ ਭਿਆਨਕ ਰੂਪ ਕੀ ਹੋ ਸਕਦਾ ਹੈ, ਇਸ ਸਬੰਧੀ ਅਮਰੀਕੀ ਖੋਜਾਰਥੀਆਂ ਦੁਆਰਾ ਭਾਰਤ ਪਾਕਿ ਜੰਗ ਦੀ ਸੰਭਾਵਨਾ ਸਬੰਧੀ ਕੀਤਾ ਅਧਿਐਨ ਪੈਰਾਂ ਥੱਲਿਓਂ ਜ਼ਮੀਨ ਕੱਢਣ ਵਾਂਗ ਹੈ।
ਅਮਰੀਕੀ ਯੂਨੀਵਰਸਿਟੀ ਕੋਲੋਰਾਡੋ ਬੋਲਡਰ ਅਤੇ ਹਿਊਟਗਰੇਜ ਵਲੋਂ ਤਾਜ਼ਾ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰਮਾਣੂ ਜੰਗ ਛਿੜਦੀ ਹੈ ਤਾਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ 5 ਕਰੋੜ ਤੋਂ ਲੈ ਕੇ 12.50 ਕਰੋੜ ਲੋਕਾਂ ਦੀ ਜਾਨ ਜਾ ਸਕਦੀ ਹੈ। ਇਸ ਵਿੱਚ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਦੇ ਪ੍ਰੋਫੈਸਰ ਬਰਾਈਨ ਟੂਨ ਅਨੁਸਾਰ ਦੋਨਾਂ ਦੇਸ਼ਾਂ ਵਿੱਚਕਾਰ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਵਿੱਚ ਹੋਣ ਵਾਲੀ ਕਿਸੇ ਵੀ ਜੰਗ ਤੋਂ ਦੁੱਗਣੀ ਹੋ ਸਕਦੀ ਹੈ ਕਿਉਂਕਿ ਦੋਵਾਂ ਦੇਸ਼ਾਂ ਕੋਲ 150-150 ਦੇ ਕਰੀਬ ਪ੍ਰਮਾਣੂ ਹਥਿਆਰ ਢੋਹਣ ਵਾਲੇ ਮਿਜ਼ਾਇਲ ਹਨ। ਖੋਜਾਰਥੀਆਂ ਅਨੁਸਾਰ ਜੰਗ ਨਾਲ ਸਿਰਫ ਉਨ੍ਹਾਂ ਥਾਵਾਂ ਨੂੰ ਹੀ ਨੁਕਸਾਨ ਨਹੀਂ ਹੋਵੇਗਾ ਜਿੱਥੇ ਪ੍ਰਮਾਣੂ ਬੰਬ ਡਿੱਗਣਗੇ ਸਗੋਂ ਪੂਰੀ ਦੁਨੀਆਂ ਪ੍ਰਭਾਵਿਤ ਹੋਵੇਗੀ। ਇੰਨਾ ਹੀ ਨਹੀਂ, ਇਹ ਪੂਰੀ ਦੁਨੀਆਂ ਨੂੰ ਜਲਵਾਯੂ ਪਰਿਵਰਤਨ ਨਾਲ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਵੱਲ ਲੈ ਜਾਵੇਗੀ। ਅਧਿਐਨ ਅਨੁਸਾਰ ਬੰਬਾਂ ਦੇ ਫਟਣ ਨਾਲ 1.6 ਤੋਂ 3.6 ਕਰੋੜ ਟਨ ਦੀ ਸਵਾਹ ਬਣੇਗੀ ਜੋ ਧੂੰਏਂ ਵਿੱਚ ਬੇਹੱਦ ਛੋਟੇ-ਛੋਟੇ ਕਣਾਂ ਦੇ ਰੂਪ ਵਿੱਚ ਹੋਵੇਗੀ। ਇਹ ਸਵਾਹ ਉਚੇਰੀ ਸਤਹ ਤੱਕ ਪਹੁੰਚ ਜਾਵੇਗੀ ਤੇ ਇੱਕ ਹਫ਼ਤੇ ਦੇ ਅੰਦਰ ਹੀ ਪੂਰੀ ਦੁਨੀਆ ਵਿੱਚ ਫੈਲ ਜਾਵੇਗੀ। ਇਹ ਸਵਾਹ ਸੌਰ ਊਰਜਾ ਨੂੰ ਸੋਖ ਲਵੇਗੀ ਜਿਸ ਨਾਲ ਹਵਾ ਗਰਮ ਹੋ ਜਾਵੇਗੀ ਤੇ ਧੂੰਆਂ ਤੇਜ਼ੀ ਨਾਲ ਉੱਪਰ ਉੱਠੇਗਾ।
ਖੋਜ ਕਰਤਾਵਾਂ ਅਨੁਸਾਰ ਇਸ ਪ੍ਰਕਿਰਿਆ ਵਿੱਚ ਧਰਤੀ ਉੱਤੇ ਪਹੁੰਚਣ ਵਾਲੀ ਸੂਰਜ ਦੀ ਰੌਸ਼ਨੀ ਦੀ ਮਾਤਰਾ ਵਿੱਚ 20 ਤੋਂ 35 ਫ਼ੀਸਦੀ ਦੀ ਕਮੀ ਆਵੇਗੀ ਜਿਸ ਨਾਲ ਧਰਤੀ ਦੀ ਸਤਹ ਦਾ ਤਾਪਮਾਨ 2 ਤੋਂ 5 ਡਿਗਰੀ ਸੈਲਸੀਅਸ ਤੱਕ ਘੱਟ ਹੋ ਜਾਵੇਗਾ। ਇੰਨਾ ਹੀ ਨਹੀਂ, ਪੂਰੀ ਦੁਨੀਆਂ ਵਿੱਚ ਹੋਣ ਵਾਲੀ ਬਾਰਿਸ਼ ਵਿੱਚ ਵੀ 15 ਤੋਂ 30 ਫੀਸਦੀ ਕਮੀ ਵੇਖਣ ਨੂੰ ਮਿਲੇਗੀ, ਜਿਸਦਾ ਬਹੁਤ ਡੂੰਗਾ ਪ੍ਰਭਾਵ ਪਵੇਗਾ। ਮਹਾਂਸਾਗਰਾਂ ਦੀ ਉਤਪਾਦਕਤਾ ਵੀ ਘਟ ਜਾਵੇਗੀ ਤੇ ਇਸ ਅਸਰ ਤੋਂ ਰਾਹਤ ਮਿਲਣ ਵਿੱਚ ਦਸ ਸਾਲ ਤੋਂ ਵੀ ਵੱਧ ਸਮਾਂ ਲੱਗੇਗਾ ਅਤੇ ਉਦੋਂ ਤਕ ਵਾਤਾਵਰਨ ਵਿੱਚ ਧੂੰਆਂ ਮੌਜੂਦ ਰਹੇਗਾ।
ਉਪਰੋਕਤ ਅਧਿਐਨ ਸਾਨੂੰ ਦੱਸਦਾ ਹੈ ਕਿ ਅਜੋਕੀ ਜੰਗ ਦੀ ਤਸਵੀਰ ਕਿੰਨੀ ਭਿਆਨਕ ਹੋ ਸਕਦੀ ਹੈ। ਲੋਕਾਂ ਦੇ ਹੱਕ ਦੇ ਪੈਸੇ ਨਾਲ ਬਾਰੂਦ ਦੇ ਜ਼ਖ਼ੀਰੇ ਤਿਆਰ ਕਰਨਾ ਅਤੇ ਆਪਣੇ ਹੀ ਲੋਕਾਂ ਦੀ ਕਬਰ ਪੁੱਟਣਾ, ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ? ਇਹ ਦੇਸ਼ਾਂ ਦੀ ਤਰੱਕੀ ਨਹੀਂ, ਤਬਾਹੀ ਹੈ। ਜੇਕਰ ਇਹ ਪੈਸਾ ਵੱਡੇ-ਵੱਡੇ ਬੰਬ ਅਤੇ ਮਿਜ਼ਾਇਲ ਬਣਾਉਣ ਦੇ ਸਥਾਨ ’ਤੇ ਲੋਕਾਂ ਦੀ ਖੁਸ਼ਹਾਲੀ ਲਈ ਵਰਤਿਆ ਜਾਏ ਤਾਂ ਦੇਸ਼ ਵਿੱਚੋਂ ਗਰੀਬੀ ਖ਼ਤਮ ਕਰਕੇ ਬਰਾਬਰੀ ਦਾ ਰਾਜ ਕਾਇਮ ਕੀਤਾ ਜਾ ਸਕਦਾ ਹੈ। ਫਿਰ ਲੋਕ ਵੀ ਖ਼ੁਸ਼ ਹੋਣਗੇ ਕਿ ਅਸੀਂ ਜਿਹੜੀ ਸਰਕਾਰ ਦੀ ਚੋਣ ਕੀਤੀ ਹੈ, ਉਹ ਸੱਚਮੁੱਚ ਹੀ ਲੋਕਪੱਖੀ ਹੈ ਨਾ ਕਿ ਲੋਕ ਵਿਰੋਧੀ।
ਜਿਹੜੀ ਸਰਕਾਰ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਦੀ ਥਾਂ ਜੰਗ ਵਰਗਾ ਮਾਹੌਲ ਬਣਾ ਕੇ ਅਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਦੀ ਹੈ, ਉਹ ਸਰਕਾਰ ਲੋਕ ਵਿਰੋਧੀ ਹੁੰਦੀ ਹੈ। ਅਜਿਹੇ ਹਾਕਮਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਖ਼ਾਤਰ ਅਤੇ ਦੂਜੇ ਦੇਸ਼ਾਂ ਨੂੰ ਨੀਵਾਂ ਦਿਖਾਉਣ ਲਈ ਲੋਕਾਂ ਦਾ ਜੀਵਨ ਖ਼ਤਰੇ ਵਿੱਚ ਪਾਉਣ। ਲੋਕ ਹਾਕਮਾਂ ਨੂੰ ਕੁਰਸੀਆਂ ਇਸ ਲਈ ਬਖ਼ਸ਼ਦੇ ਹਨ ਕਿ ਉਨ੍ਹਾਂ ਦਾ ਜੀਵਨ ਸਤਰ ਉੱਚਾ ਹੋਵੇ, ਹਰ ਘਰ ਚੁੱਲ੍ਹਾ ਬਲਦਾ ਹੋਵੇ, ਰੁਜ਼ਗਾਰ ਖ਼ਾਤਿਰ ਉਨ੍ਹਾਂ ਨੂੰ ਭਟਕਣਾ ਨਾ ਪਵੇ, ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ, ਭ੍ਰਿਸ਼ਟਾਚਾਰ ਰਹਿਤ ਤੇ ਸ਼ੁੱਧ ਵਾਤਾਵਰਣ ਹੋਵੇ। ਨੇਤਾਵਾਂ ਨੂੰ ਲੋਕ ਕੁਰਸੀਆਂ ਇਸ ਲਈ ਨਹੀਂ ਦਿੰਦੇ ਕਿ ਉਹ ਆਪਣੇ ਹੀ ਲੋਕਾਂ ਦਾ ਕਬਰਸਤਾਨ ਬਣਾ ਦੇਣ।
ਜੰਗ ਨਾਲ ਲੋਕਾਈ ਦੇ ਸੱਥਰ ਵਿਛਣ ਦੇ ਨਾਲ ਨਾਲ ਵਾਤਾਵਰਣ ਉੱਤੇ ਵੀ ਭਿਆਨਕ ਅਸਰ ਪਵੇਗਾ। ਅੱਜ ਸਾਡੀ ਆਬੋ-ਹਵਾ ਪਹਿਲਾਂ ਹੀ ਦੂਸ਼ਿਤ ਹੋ ਚੁੱਕੀ ਹੈ, ਜੇਕਰ ਜੰਗ ਲੱਗਦੀ ਹੈ ਤਾਂ ਬਾਰੂਦ ਦੀਆਂ ਜ਼ਹਿਰੀਲੀਆਂ ਗੈਸਾਂ ਨਾਲ ਸਾਡਾ ਜਲਵਾਯੂ ਕਿਤੇ ਵੱਧ ਜ਼ਹਿਰੀਲਾ ਹੋ ਜਾਵੇਗਾ, ਮਨੁੱਖਤਾ ਦੇ ਰਹਿਣਯੋਗ ਨਹੀਂ ਰਹੇਗਾ। ਉਪਰੋਕਤ ਅਧਿਐਨ ਦੀ ਰਿਪੋਰਟ ਵਿੱਚ ਜਲਵਾਯੂ ਉੱਤੇ ਕੀ ਅਸਰ ਪਵੇਗਾ, ਇਸਦੀ ਅਗਾਊਂ ਤਸਵੀਰ ਦੇਖੀ ਜਾ ਸਕਦੀ ਹੈ। ਇਹ ਵਾਤਾਵਰਣ ਇਕੱਲਾ ਜੰਗ ਲੜ ਰਹੇ ਦੇਸ਼ਾਂ ਵਿੱਚ ਹੀ ਨਹੀਂ ਖਰਾਬ ਹੋਵੇਗਾ, ਸਗੋਂ ਦੂਜੇ ਦੇਸ਼ ਵੀ ਇਸ ਮਾਰ ਹੇਠ ਆ ਜਾਣਗੇ।
ਪ੍ਰੰਤੂ ਸਾਨੂੰ ਲੱਗਦਾ ਹੈ ਕਿ ਵਿਸ਼ਵ ਦੀ ਅਗਵਾਈ ਦੇ ਦਾਅਵੇਦਾਰਾਂ ਨੂੰ ਇਸਦੀ ਕੋਈ ਚਿੰਤਾ ਨਹੀਂ। ਜੇਕਰ ਗ੍ਰੇਟਾ ਥੁਨਬਰਗ ਵਰਗੀਆਂ ਬੱਚੀਆਂ ਵੀ ਅਜੋਕੇ ਵਾਤਾਵਰਣ ਪ੍ਰਤੀ ਆਪਣੀ ਜਾਗਰੂਕਤਾ ਕਾਰਨ ਇਨ੍ਹਾਂ ਹਾਕਮਾਂ ਨੂੰ ਫਿਟਕਾਰ ਲਾਉਂਦੀਆਂ ਹਨ ਤਾਂ ਇਹ ਲੋਕ ਹੱਸ ਕੇ ਟਾਲ ਦਿੰਦੇ ਹਨ ਕਿ ਬੱਚੀ ਬੜੀ ਖ਼ੁਸ਼ਮਿਜ਼ਾਜ਼ ਹੈ। ਅਜਿਹੇ ਹਾਕਮਾਂ ਦਾ ਮਕਸਦ, ਨਵੇਂ ਤੋਂ ਨਵੇਂ ਹਥਿਆਰਾਂ ਦਾ ਨਿਰਮਾਣ ਕਰਨਾ, ਇਹਨਾਂ ਦਾ ਪ੍ਰੀਖਣ ਕਰਨਾ ਅਤੇ ਦੂਸਰੇ ਦੇਸ਼ਾਂ ਵਿੱਚਕਾਰ ਤਣਾਵ ਦਾ ਵਾਤਾਵਰਣ ਸਿਰਜ ਕੇ ਹਥਿਆਰ ਵੇਚਣਾ ਤੇ ਫਿਰ ਸ਼ਾਂਤੀ ਦੇ ਦੂਤ ਬਣ ਕੇ ਭੁਗਤਣਾ ਹੈ। ਇਨ੍ਹਾਂ ਹਾਕਮਾਂ ਨੂੰ ਲੋਕਾਂ ਦੀ ਜ਼ਿੰਦਗੀ ਅਤੇ ਵਾਤਾਵਰਣ ਪ੍ਰਤੀ ਕੋਈ ਸਰੋਕਾਰ ਨਹੀਂ।
ਜਿਸ ਤਰ੍ਹਾਂ ਗ੍ਰੇਟਾਂ ਥੁਨਬਰਗ ਨੇ ਵਾਤਾਵਰਣ ਦੇ ਬਚਾਅ ਲਈ ਪੂਰੀ ਹਿੰਮਤ ਨਾਲ ਅਵਾਜ਼ ਉਠਾਈ ਹੈ, ਇਸ ਤਰ੍ਹਾਂ ਦੀਆਂ ਅਵਾਜ਼ਾਂ ਜ਼ੰਗ ਖਿਲਾਫ਼ ਵੀ ਪੂਰੀ ਹਿੰਮਤ ਨਾਲ ਉੱਠਣੀਆਂ ਚਾਹੀਦੀਆਂ ਹਨ। ਜੇਕਰ ਵਿਸ਼ਵ ਦੇ ਲੋਕ ਇੱਕ ਸੁਰ ਅਪਣਾ ਲੈਣ ਤਾਂ ਇਨ੍ਹਾਂ ਰਾਜਕਰਤਾਵਾਂ ਦੀ ਹਿੰਮਤ ਨਹੀਂ ਪੈ ਸਕਦੀ ਕਿ ਉਹ ਸਾਡਾ ਸਰਮਾਇਆ ਵਾਤਾਵਰਣ ਪ੍ਰਦੂਸ਼ਤ ਕਰਨ ਅਤੇ ਬੰਬਾਂ ਦੇ ਨਿਰਮਾਣ ਵਿੱਚ ਲਗਾ ਕੇ ਸਾਡੇ ਜੀਵਨ ਉੱਤੇ ਕੋਈ ਆਂਚ ਵੀ ਆਉਣ ਦੇਣ।
ਸਾਡਾ ਅੱਜ ਸਾਡੇ ਕੋਲ ਮੌਜੂਦ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਅੱਜ ਨੂੰ ਹੋਰ ਸੁਧਾਰਿਆ ਜਾਵੇ ਨਾ ਕਿ ਵਿਗਾੜ ਦਿੱਤਾ ਜਾਵੇ। ਜਿਹੜੇ ਤੱਤ ਮਨੁੱਖੀ ਹੋਂਦ ਅਤੇ ਉਸਦੇ ਵਾਤਾਵਰਣ ਲਈ ਖ਼ਤਰਾ ਹਨ, ਅਜਿਹੇ ਵਿਗੜੇ ਹੋਏ ਤੱਤਾਂ ਦਾ ਇਲਾਜ ਕਰਨਾ ਸਾਡਾ ਫ਼ਰਜ਼ ਹੈ ਤੇ ਸਮੇਂ ਦੀ ਵੀ ਮੰਗ ਹੈ। ਕਿਉਂਕਿ ਅਜੋਕਾ ਸਮਾਂ ਵਿਕਾਸ ਦਾ ਹੈ, ਨਾ ਕਿ ਵਿਨਾਸ਼ ਦਾ। ਸਾਡੇ ਨਾਲ ਹੋ ਰਹੇ ਖਿਲਵਾੜ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਨਹੀਂ ਤਾਂ ਜੇਕਰ ਸਾਡਾ ਅੱਜ ਸਾਡੇ ਤੋਂ ਖੁੰਝ ਗਿਆ ਤਾਂ ਫਿਰ ਬੀਤ ਗਿਆ ਸਮਾਂ ਸਾਡੇ ਹੱਥ ਵਾਪਸ ਕਦੇ ਨਹੀਂ ਆਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1791)
(ਸਰੋਕਾਰ ਨਾਲ ਸੰਪਰਕ ਲਈ: