“ਅਨੇਕਾਂ ਦੇਸ਼ਾਂ ਦੇ ਮਨੁੱਖਤਾਵਾਦੀ ਲੋਕ ਜੰਗ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਨ। ਇਹ ਆਵਾਜ਼ ...”
(14 ਦਸੰਬਰ 2023)
ਇਸ ਸਮੇਂ ਪਾਠਕ: 305.
ਸੱਤ ਅੱਠ ਸਾਲ ਦੇ ਬੱਚੇ ਦੀ ਰੋਂਦੇ ਦੀ ਤਸਵੀਰ ... ਵਾਲ਼ ਖਿਲਰੇ ਹੋਏ ... ਮੂੰਹ ਅਤੇ ਕੱਪੜੇ ਲਹੂ ਨਾਲ ਭਿੱਜੇ ਹੋਏ ... ਨਜ਼ਰਾਂ ਕਿਸੇ ਦੀ ਤਲਾਸ਼ ਵਿੱਚ ... ਲਗਦਾ ਹੈ ਉਸ ਦੇ ਮਾਂ-ਬਾਪ ਕਿਧਰੇ ਗੁਆਚ ਗਏ ਹਨ। ਬੰਬਾਂ ਦੀ ਬਰਸਾਤ ਸਾਹਮਣੇ ਮਜ਼ਬੂਤ ਦੀਵਾਰਾਂ ਨੇਸਤੋਨਾਬੂਦ ਹੋ ਰਹੀਆਂ ਹਨ, ਧਰਤੀ ਕੰਬ ਰਹੀ ਹੈ। ਹਸਪਤਾਲ ਅਤੇ ਸਕੂਲ ਵੀ ਸੁਰੱਖਿਅਤ ਨਹੀਂ ਰਹੇ। ਅਜਿਹੇ ਦਹਿਸ਼ਤੀ ਮਾਹੌਲ ਵਿੱਚ ਕੌਣ ਕਿੱਥੇ ਗੁਆਚ ਗਿਆ, ਪਤਾ ਨਹੀਂ ਲਗਦਾ। ਜੰਗ ਮਾਂ-ਬਾਪ ਤੋਂ ਬੱਚਿਆਂ ਨੂੰ ਦੂਰ ਕਰ ਰਹੀ ਹੈ। ਜਾਂ ਤਾਂ ਮਾਪੇ ਕਿਧਰੇ ਮਰ-ਖਪ ਗਏ ਹਨ ਜਾਂ ਬੱਚੇ, ਕਿਉਂਕਿ ਬੰਬ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਉਹ ਤਾਂ ਖੂਨ ਦੇ ਪਿਆਸੇ ਭੇੜੀਆਂ ਦੀ ਲਾਲਸਾ ਦੀ ਪੂਰਤੀ ਕਰਦੇ ਹਨ। ਬੰਬ ਤਾਂ ਮਜ਼ਲੂਮਾਂ ਦੀ ਜ਼ਮੀਨ ਅਤੇ ਉਨ੍ਹਾਂ ਨੂੰ ਕੁਦਰਤ ਵੱਲੋਂ ਬਖਸ਼ਿਸ਼ਾਂ ਨਿਆਮਤਾਂ ਉੱਤੇ ਕਾਬਜ਼ ਹੋਣ ਲਈ ਵਰਤੇ ਜਾਂਦੇ ਹਨ। ਅਜਿਹਾ ਕਰਨ ਲਈ ਮਨੁੱਖਤਾ ਨੂੰ ਬਾਰੂਦ ਨਾਲ ਲਾਸ਼ਾਂ ਦੇ ਢੇਰ ਵਿੱਚ ਬਦਲ ਦਿੱਤਾ ਜਾਂਦਾ ਹੈ।
ਫਲਸਤੀਨੀ ਆਪਣੇ ਮੁਲਕ ਤੋਂ ਉਜਾੜ ਕੇ ਧਰਤੀ ਦੇ ਇੱਕ ਛੋਟੇ ਜਿਹੇ ਟੁਕੜੇ ’ਤੇ ਰਹਿਣ ਲਈ ਮਜਬੂਰ ਕੀਤੇ ਗਏ, ਜੋ ਦਹਾਕਿਆਂ ਤੋਂ ਤਣਾਅ ਭਰੇ ਮਾਹੌਲ ਵਿੱਚ ਰਹਿ ਰਹੇ ਹਨ। ਕੰਮਾਂ-ਧੰਦਿਆਂ ਲਈ ਇੱਧਰ-ਉੱਧਰ ਆਉਣ ਜਾਣ ਸਮੇਂ ਇਜ਼ਰਾਈਲੀ ਫੌਜਾਂ ਦੀਆਂ ਗਸ਼ਤਾਂ ਉਨ੍ਹਾਂ ਦੇ ਸਵੈਮਾਣ ਦਾ ਵੀ ਕਤਲ ਕਰਦੀਆਂ ਹਨ। ਉਨ੍ਹਾਂ ਨੂੰ ਫੌਜ ਵੱਲੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛ ਕੇ ਬੇਇੱਜ਼ਤ ਕੀਤਾ ਜਾਂਦਾ ਹੈ, ਜਿਵੇਂ ਉਹ ਵੱਡੇ ਦੋਸ਼ੀ ਹੋਣ। ਆਪਣੇ ਹੀ ਮੁਲਕ ਦੇ ਛੋਟੇ ਜਿਹੇ ਟੁਕੜੇ ਵਿੱਚ ਸਨਮਾਨ ਨਾਲ ਜਿਊਣਾ ਉਨ੍ਹਾਂ ਤੋਂ ਖੁੱਸ ਗਿਆ ਹੈ। ਉਨ੍ਹਾਂ ਦੀ ਮਨੁੱਖੀ ਸ਼ਖਸੀਅਤ ਦਾ ਖਿਆਲ ਨਹੀਂ ਰੱਖਿਆ ਜਾਂਦਾ। ਹੁਣ ਬੇਇੱਜ਼ਤ ਹੋਣਾ ਉਨ੍ਹਾਂ ਨੂੰ ਦੁਖੀ ਵੀ ਨਹੀਂ ਕਰਦਾ ਕਿਉਂਕਿ ਇਹ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਇਜ਼ਰਾਈਲੀ ਫੌਜ ਦੀ ਨਜ਼ਰ ਵਿੱਚ ਉਹ ਮਹਿਜ਼ ਜਾਨਵਰਾਂ ਵਰਗੇ ਸਮਝੇ ਜਾਂਦੇ ਹਨ। ਉਹ ਆਪਣੇ ਆਪ ਨੂੰ ਹਰ ਪਲ ਖੂਨੀ ਪੰਜਿਆਂ ਦੇ ਸਾਏ ਹੇਠ ਜਕੜੇ ਮਹਿਸੂਸ ਕਰ ਰਹੇ ਹਨ।
ਹੰਕਾਰੀ ਮਾਨਸਿਕਤਾ ਜੰਗ ਨੂੰ ਖੇਡ ਸਮਝਦੀ ਹੈ। ਖੇਡ ਵਿੱਚ ਮਨੁੱਖਾਂ ਨੂੰ ਬੇਜਾਨ ਸਮਝ ਕੇ ਉਨ੍ਹਾਂ ਉੱਤੇ ਅੰਨ੍ਹੇਵਾਹ ਬੰਬ ਵਰਸਾਏ ਜਾਂਦੇ ਹਨ, ਘਰਾਂ ਤੋਂ ਬੇਘਰ ਕੀਤਾ ਜਾਂਦਾ ਹੈ। ਵਸਦੇ ਘਰਾਂ ਨੂੰ ਢੇਰ ਵਿੱਚ ਬਦਲ ਦਿੱਤਾ ਜਾਂਦਾ ਹੈ, ਲੋਕਾਈ ਦੇ ਖੂਨ ਦੀਆਂ ਨਦੀਆਂ ਵਹਾਈਆਂ ਜਾਂਦੀਆਂ ਹਨ। ਇਸ ਖੇਡ ਦੇ ਖਿਡਾਰੀ ਮੈਦਾਨ ਵਿੱਚ ਇੱਕ ਦੂਸਰੇ ਦੇ ਵਿਰੋਧੀ ਹੁੰਦੇ ਹਨ ਪਰ ਖੇਡ ਦੇ ਮੈਦਾਨ ਤੋਂ ਬਾਹਰ ਉਨ੍ਹਾਂ ਦੀਆਂ ਬੁਰਕੀਆਂ ਸਾਝੀਆਂ ਹੁੰਦੀਆਂ ਹਨ। ਅੱਜ ਇਵੇਂ ਲਗਦਾ ਹੈ ਕਿ ਤਾਨਾਸ਼ਾਹੀ ਨੈਤਨਯਾਹੂ ਤੇ ਹਮਾਸ ਰਲ ਕੇ ਮਨੁੱਖਤਾ ਨਾਲ ਬੰਬਾਰੀ ਦੀ ਖੇਡ ਖੇਡ ਰਹੇ ਹਨ।
ਇਜ਼ਰਾਈਲ ਵੱਲੋਂ ਹਰ ਰੋਜ਼ ਫਲਸਤੀਨੀ ਲੋਕਾਂ ਨਾਲ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ। ਤਾਨਾਸ਼ਾਹੀ ਹਜ਼ਾਰਾਂ ਲੋਕਾਂ ਦਾ ਖੂਨ ਪੀ ਕੇ ਆਪਣੀ ਕੁਰਸੀ ਦੇ ਪਾਵਿਆਂ ਨੂੰ ਅਡੋਲ ਰੱਖਣਾ ਚਾਹੁੰਦੀ ਹੈ। ਇਸਦਾ ਦਾ ਆਧਾਰ ਮਨੁੱਖੀ ਲਾਸ਼ਾਂ ਦੀਆਂ ਇੱਟਾਂ ਅਤੇ ਖੂਨ ਦੀ ਚਿਣਾਈ ’ਤੇ ਟਿਕਿਆ ਹੁੰਦਾ ਹੈ। ਇਸਦੀਆਂ ਦੀਵਾਰਾਂ ਦੇ ਵਿਸਥਾਰ ਲਈ ਮਨੁੱਖਤਾ ਦਾ ਲਹੂ ਵਹਿੰਦਾ ਰਹਿਣਾ ਚਾਹੀਦਾ ਹੈ। ਭਾਵ ਇਸਦੀ ਫਸਲ ਨੂੰ ਵਧਣ ਲਈ ਲਹੂ ਦੀ ਸਿੰਜਾਈ ਨਿਰੰਤਰ ਚਾਹੀਦੀ ਹੈ। ਜਦੋਂ ਵੀ ਤਾਨਾਸ਼ਾਹੀ ਦਾ ਸਿੰਘਾਸਨ ਡੋਲਣ ਲਗਦਾ ਹੈ ਤਾਂ ਹਮਾਸ ਵਰਗੀ ਜਥੇਬੰਦੀ ਉਸ ਨੂੰ ਸਹਾਰਾ ਦਿੰਦੀ ਹੈ। ਫਿਰ ਤਾਨਾਸ਼ਾਹੀ ਦੀ ਗੱਡੀ ਇਨਸਾਨੀਅਤ ਨੂੰ ਕੁਚਲਦੀ ਹੋਈ ਸਰਪੱਟ ਦੌੜਨ ਲਗਦੀ ਹੈ ਅਤੇ ਇਸਦਾ ਰਾਜ ਲੰਮਾ ਸਮਾਂ ਕਾਇਮ ਰਹਿੰਦਾ ਹੈ।
ਇਜ਼ਰਾਈਲੀ ਹਾਕਮ, ਜੋ ਫਲਸਤੀਨੀਆਂ ਤੋਂ ਇਲਾਵਾ ਇਜ਼ਰਾਈਲ ਦੇ ਲੋਕਾਂ ਦਾ ਵੀ ਲਹੂ ਪੀ ਰਿਹਾ ਹੈ, ਨੂੰ ਅਮਰੀਕਾ ਅਤੇ ਇੰਗਲੈਂਡ ਵਰਗੀਆਂ ਪੱਛਮੀ ਸ਼ਕਤੀਆਂ ਦੀ ਸ਼ਹਿ ਪ੍ਰਾਪਤ ਹੈ। ਇਹ ਤਾਕਤਾਂ ਅਹਿੰਸਕ ਹੋਣ ਦਾ ਮਖੌਟਾ ਪਹਿਨ ਕੇ ਅੰਦਰੋਂ ਇਜ਼ਰਾਈਲ ਵਰਗੀ ਜੰਗੀ ਸੋਚ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਰੂਸ-ਯੂਕਰੇਨ ਜੰਗ ਵਿੱਚ ਵੀ ਪੱਛਮੀ ਤਾਕਤਾਂ ਰੂਸ ਵਿਰੁੱਧ ਯੂਕਰੇਨ ਨੂੰ ਸ਼ਹਿ ਦੇ ਰਹੀਆਂ ਹਨ, ਪਰ ਹੁਣ ਤਕ ਇਸਦਾ ਨੁਕਸਾਨ ਯੂਕਰੇਨ ਦੇ ਲੋਕਾਂ ਨੂੰ ਵੱਧ ਝੱਲਣਾ ਪਿਆ ਹੈ। ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ ਯੂਕਰੇਨ ਨਾਲ ਬਾਰੂਦ ਦਾ ਵਪਾਰ ਕਰਕੇ ਉਸ ਨੂੰ ਕਰਜ਼ਾਈ ਬਣਾ ਰਹੇ ਹਨ ਤਾਂ ਜੋ ਉਸਦੇ ਕੁਦਰਤੀ ਸੋਮਿਆਂ ਨੂੰ ਹੜੱਪਿਆ ਜਾ ਸਕੇ। ਇਜ਼ਰਾਈਲ ਦੇ ਬਣਾਉਣ ਦਾ ਮਕਸਦ ਵੀ ਫਲਸਤੀਨੀਆਂ ਨੂੰ ਮਾਰ ਮੁੱਕਾ ਕੇ ਉਨ੍ਹਾਂ ’ਤੇ ਕਾਬਜ਼ ਹੋਣਾ ਸੀ, ਜੋ ਅੱਜ ਲਗਭਗ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇਸ਼ ਨੂੰ ਬਣਾਉਣ ਪਿੱਛੇ ਦੂਜਾ ਮਕਸਦ ਅਰਬ ਦੇਸ਼ਾਂ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖਣਾ ਸੀ ਕਿਉਂਕਿ ਅਮਰੀਕਾ ਦਾ ਤੇਲ ਵਪਾਰ ਵੀ ਸੁਰੱਖਿਅਤ ਚਾਹੀਦਾ ਹੈ!
ਅਜਿਹਾ ਨਹੀਂ ਕਿ ਤਾਨਾਸ਼ਾਹੀ ਦੇ ਲਹੂ ਭਿੱਜੇ ਪੰਜਿਆਂ ਦੇ ਵਧਦੇ ਕਦਮਾਂ ’ਤੇ ਰੋਕ ਨਹੀਂ ਲਗਾਈ ਜਾ ਸਕਦੀ। ਮਨੁੱਖੀ ਬਿਰਤੀ ਹਮੇਸ਼ਾ ਅਮਨ ਅਤੇ ਸਾਂਝ ਦੀ ਹਿਮਾਇਤੀ ਰਹੀ ਹੈ। ਜਦੋਂ ਵੀ ਕੋਈ ਜ਼ਾਲਮ ਆਪਣਾ ਵਿਕਰਾਲ ਰੂਪ ਇਖਤਿਆਰ ਕਰਦਾ ਹੈ ਤਾਂ ਜੋਸ਼ੀਲੇ ਤੇ ਮਨੁੱਖਤਾ ਦੇ ਹਮਦਰਦੀ ਉਸਦੇ ਅੱਗ ਉਗਲਦੇ ਬੰਬਾਂ ਅੱਗੇ ਲੋਹੇ ਦੀ ਦੀਵਾਰ ਬਣ ਕੇ ਖੜ੍ਹ ਜਾਂਦੇ ਹਨ। ਫਿਰ ਜ਼ੁਲਮ ਦੀ ਵੱਡੀ ਤੋਂ ਵੱਡੀ ਤਾਕਤ ਵੀ ਲੋਕਾਂ ਦੀ ਮਜ਼ਬੂਤ ਦੀਵਾਰ ਨਾਲ ਟਕਰਾ ਕੇ ਨਸ਼ਟ ਹੋ ਜਾਂਦੀ ਹੈ। ਅਮਨਪਸੰਦ ਲੋਕਾਈ ਨੂੰ ਜੰਗੀ ਸੋਚ ਵਿਰੁੱਧ ਹਿਮਾਲਿਆ ਪਹਾੜ ਦੀ ਤਰ੍ਹਾਂ ਸੁਰੱਖਿਅਤ ਕਵਚ ਧਾਰਨ ਕਰਨਾ ਪਵੇਗਾ। ਇਸ ਨੂੰ ਧਾਰਨ ਕਰਨ ਲਈ ਸਾਰੇ ਵਿਸ਼ਵ ਵਿੱਚ ਵੱਡੇ ਪੱਧਰ ’ਤੇ ਸ਼ਾਂਤੀ ਦਾ ਸੰਦੇਸ਼ ਜਾਣਾ ਚਾਹੀਦਾ ਹੈ। ਮਨੁੱਖੀ ਤਾਕਤ ਅੱਗੇ ਕੋਈ ਵੀ ਤਾਨਾਸ਼ਾਹ ਠਹਿਰ ਨਹੀਂ ਸਕਦਾ। ਜ਼ਹਿਰੀਲੇ ਪ੍ਰਚਾਰ ਵਿਰੁੱਧ ਅੰਮ੍ਰਿਤ ਰੂਪੀ ਪ੍ਰੇਮ ਦਾ ਪ੍ਰਚਾਰ ਕਰਨ ਲਈ ਜਥੇਬੰਦ ਹੋਣਾ ਪਵੇਗਾ ਤਾਂ ਜੋ ਜ਼ਹਿਰੀਲੇ ਤੱਤਾਂ ਨੂੰ ਠਹਿਰਣ ਲਈ ਸਥਾਨ ਨਾ ਮਿਲੇ। ਪਿਆਰ ਦੀਆਂ ਲਹਿਰਾਂ ਨਫ਼ਰਤ ਨੂੰ ਵਹਾ ਕੇ ਦੂਰ ਲੈ ਜਾਂਦੀਆਂ ਹਨ। ਜਦੋਂ ਮੁਹੱਬਤ ਦਾ ਮਹਾਂਸਾਗਰ ਬਣ ਗਿਆ ਤਾਂ ਨਫ਼ਰਤ ਦਾ ਥੋੜ੍ਹਾ ਬਹੁਤ ਜ਼ਹਿਰ ਵੀ ਘੁਲ ਕੇ ਮਜਬੂਰਨ ਮੁਹੱਬਤ ਦੇ ਮਹਾਸਾਗਰ ਵਿੱਚ ਤਬਦੀਲ ਹੋ ਜਾਵੇਗਾ। ਫਿਰ ਸਾਰੀ ਧਰਤੀ ਜੰਗ ਤੋਂ ਰਹਿਤ ਮੁਹੱਬਤ ਵਿੱਚ ਬਦਲ ਜਾਵੇਗੀ ਅਤੇ ਉਸ ਦੀ ਮਨੁੱਖ ਰੂਪੀ ਫਸਲ ਲਹਿਰਾ ਕੇ ਖੁਸ਼ਹਾਲ ਬਣ ਜਾਵੇਗੀ।
ਸਾਨੂੰ ਜੰਗੀ ਸੋਚ ਵਿਰੁੱਧ ਵਿਸ਼ਵ ਦੇ ਹਰ ਕੋਨੇ ਤਕ ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਰਗੀਆਂ ਸਰਹੱਦਾਂ ਉਸਾਰਨ ਦੀ ਲੋੜ ਹੈ ਜਿਸ ਵਿੱਚ ਮਨੁੱਖੀ ਏਕਤਾ ਦੀ ਸਾਂਝੀ ਇਬਾਰਤ ਕਾਇਮ ਕੀਤੀ ਗਈ; ਇਸ ਵਿੱਚ ਨਸਲ ਤੇ ਧਾਰਮਿਕ ਦੀਵਾਰਾਂ ਨੂੰ ਪਾਰ ਕਰ ਲੋਕ ਇੱਕ ਮੰਚ ’ਤੇ ਇਕੱਠੇ ਹੋ ਗਏ,ਹੰਕਾਰ ਨੂੰ ਗਹਿਰੀ ਸੱਟ ਵੱਜੀ ਤੇ ਉਹ ਚਕਨਾਚੂਰ ਹੋ ਗਿਆ। ਅਨੇਕਾਂ ਦੇਸ਼ਾਂ ਦੇ ਮਨੁੱਖਤਾਵਾਦੀ ਲੋਕ ਜੰਗ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਨ। ਇਹ ਆਵਾਜ਼ ਹਰ ਦੇਸ਼ ਦੇ ਕੋਨੇ ਕੋਨੇ ਤਕ ਪਹੁੰਚਣੀ ਚਾਹੀਦੀ ਹੈ। ਇਸ ਵਿੱਚ ਸਭ ਨੂੰ ਸ਼ਾਮਲ ਹੋਣਾ ਚਾਹੀਦਾ ਹੈ।
ਮਨੁੱਖਤਾ ਦੇ ਹਾਮੀ ਜੰਗ ਨਹੀਂ, ਸ਼ਾਂਤੀ ਚਾਹੁੰਦੇ ਹਨ। ਦੁਨਿਆਂ ਜੰਗ ਨਾਲ ਨਹੀਂ, ਅਮਨ ਨਾਲ ਵਸਦੀ ਹੈ। ਮੁਲਕ ਕਤਲੇਆਮ ਅਤੇ ਡਰ ਤੋਂ ਰਹਿਤ ਹੋਣੇ ਚਾਹੀਦੇ ਹਨ; ਚੋਰੀ ਅਤੇ ਡਕੈਤੀ ਤੋਂ ਨਿਜਾਤ ਮਿਲਣੀ ਜ਼ਰੂਰੀ ਹੈ। ਫਿਰਕਾਪ੍ਰਸਤੀ ਤੋਂ ਪਰੇ ਅਤੇ ਦਹਿਸ਼ਤ ਤੋਂ ਦੂਰ ਹੋਣੇ ਚਾਹੀਦੇ ਹਨ। ਵਾਰਿਸਸ਼ਾਹ ਵੀ ਆਖਦਾ ਹੈ, “ਬਿਨਾਂ ਜੰਗ ਤੇ ਚੋਰ ਦੇ ਮੁਲਕ ਵਸੇ।” ਸਾਰੀ ਦੁਨੀਆਂ ਬਿਨਾਂ ਜੰਗ ਅਤੇ ਚੋਰਾਂ ਤੋਂ ਹੀ ਵਸ ਸਕਦੀ ਹੈ, ਜਿੱਥੇ ਹਰ ਕੋਈ ਜਾਨ ਮਾਲ ਪੱਖੋਂ ਸੁਰੱਖਿਅਤ ਹੋਵੇ। ਧਰਤੀ ਦੇ ਆਵਾਮ ਨੂੰ ਜੰਗ ਵਿਰੁੱਧ ਏਕਤਾ ਦੀ ਨਵੀਂ ਇਬਾਰਤ ਸਿਰਜਣੀ ਪਵੇਗੀ ਤਾਂ ਹੀ ਇਨਸਾਨ ਨੂੰ ਜਾਨਵਰ ਦੀ ਤਰ੍ਹਾਂ ਨੋਚਣ ਵਾਲੀ ਸੋਚ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਭਵਿੱਖ ਅਮਨ ਅਤੇ ਸਰਵ ਸਾਂਝੀਵਾਲਤਾ ਵਿੱਚ ਹੈ ਨਾ ਕਿ ਜੰਗ ਵਿੱਚ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4546)
(ਸਰੋਕਾਰ ਨਾਲ ਸੰਪਰਕ ਲਈ: (