“ਜਿੱਥੋਂ ਦੇ ਲੋਕ ਸੂਝਵਾਨ ਹੁੰਦੇ ਹਨ, ਉੱਥੋਂ ਦੀ ਰਾਜਨੀਤੀ ਵੀ ਸੂਝਵਾਨਾਂ ਦੇ ਹੱਥਾਂ ਵਿੱਚ ...”
(25 ਨਵੰਬਰ 2018)
ਮੇਰੇ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਸੂਰਬੀਰ ਯੋਧਿਆਂ ਦੀ ਧਰਤੀ ਹੈ। ਇਨ੍ਹਾਂ ਮਹਾਨ ਪੁਰਖਾਂ ਦੇ ਉੱਚ ਵਿਚਾਰਾਂ ਅਤੇ ਕੁਰਬਾਨੀਆਂ ਦੇ ਸਦਕਾ ਹੀ ਮੇਰੀ ਧਰਤ ਦਾ ਨਾਂ ਸਾਰੀ ਦੁਨੀਆ ਵਿੱਚ ਰੁਸ਼ਨਾਇਆ। ਸਾਡੇ ਪੁਰਖਿਆਂ ਨੇ ਸਾਨੂੰ ਜਾਤ-ਪਾਤ ਅਤੇ ਊਚ-ਨੀਚ ਦਾ ਭੇਦ-ਭਾਵ ਖਤਮ ਕਰ ਕੇ ਵੰਡ ਛਕਣ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਅੱਤਿਆਚਾਰ ਦਾ ਸਾਹਮਣਾ ਕਰਦੇ ਹੋਏ ਲੁਕਾਈ ਨੂੰ ਬਚਾਉਣ ਖ਼ਾਤਰ ਆਪਾ ਵਾਰਨਾ ਵੀ ਸਾਡੇ ਗੁਰਆਂ ਨੇ ਸਾਨੂੰ ਸਿਖਾਇਆ। ਮਹਾਂਪੁਰਖਾਂ ਦੇ ਰਾਹ ’ਤੇ ਚੱਲਦੇ ਹੋਏ ਮੇਰੀ ਧਰਤ ਪੰਜਾਬ ਦੇ ਜਾਇਆਂ ਨੇ ਦੇਸ਼ ਨੂੰ ਅੱਤਿਆਚਾਰ ਤੋਂ ਬਚਾਉਣ ਖ਼ਾਤਰ ਹਰ ਕੁਰਬਾਨੀ ਦਿੱਤੀ। ਆਜ਼ਾਦੀ ਦੀ ਜੰਗ ਸਮੇਂ ਸਭ ਤੋਂ ਵੱਧ ਕੁਰਬਾਨੀਆਂ ਵੀ ਮੇਰੀ ਇਸ ਧਰਤੀ ਦੇ ਹਿੱਸੇ ਆਈਆਂ। ਹੱਸ- ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਣਾ ਅਤੇ ਮੌਤ ਨੂੰ ਮਖ਼ੌਲ ਕਰਨਾ ਕੋਈ ਮੇਰੇ ਪੰਜਾਬੀਆਂ ਤੋਂ ਸਿੱਖੇ। ਅਨਾਜ ਖੁਣੋਂ ਬੇਸਹਾਰਾ ਹੋਏ ਦੇਸ਼ ਨੂੰ ਅਣਥੱਕ ਮਿਹਨਤ ਸਦਕਾ ਬੰਜਰ ਭੂਮੀ ਨੂੰ ਉਪਜਾਊ ਬਣਾ ਕੇ, ਅਨਾਜ ਦੇ ਭੰਡਾਰ ਵੀ ਪੰਜਾਬੀਆਂ ਨੇ ਭਰੇ।
ਗੱਲ ਜੇਕਰ ਮੇਰੀ ਧਰਤੀ ਦੇ ਸਭਿਆਚਾਰ ਦੀ ਚੱਲੇ ਤਾਂ ਇੱਥੋਂ ਦੇ ਮਹਾਨ ਸਾਹਿਤਕਾਰਾਂ ਨੇ ਆਪਣੇ ਸ਼ਬਦ ਰੂਪੀ ਫੁੱਲਾਂ ਦਾ ਸੁੰਦਰ ਹਾਰ ਪਰੋ ਕੇ ਇਸ ਧਰਤੀ ਦੇ ਗਲ ਪਾਇਆ ਜਿਸਦੀ ਖੁਸ਼ਬੂ ਸਾਰੀ ਦੁਨੀਆ ਨੂੰ ਆਕਰਸ਼ਿਤ ਕਰਦੀ ਹੈ। ਲੇਖਕਾਂ ਦੀ ਕਲਮ ਨੇ ਬਹਾਦਰ ਯੋਧਿਆਂ ਦੀਆਂ ਵਾਰਾਂ ਲਿਖੀਆਂ ਅਤੇ ਜ਼ੁਲਮ ਦੇ ਖਿਲਾਫ ਸ਼ਬਦ ਰੂਪੀ ਤੀਰ ਚਲਾਏ ਜੋ ਜ਼ਾਲਮਾਂ ਦੇ ਸੀਨੇ ਅਸਹਿ ਦਰਦ ਪੈਦਾ ਕਰਦੇ ਹਨ। ਕਵੀਆਂ ਨੇ ਮੇਰੀ ਧਰਤੀ ਦੇ ਤਿਉਹਾਰਾਂ, ਰੁੱਤਾਂ, ਨਦੀਆਂ, ਦਰਿਆਵਾਂ ਨੂੰ ਆਪਣੀ ਕਲਮ ਦੁਆਰਾ ਸ਼ਿੰਗਾਰਿਆ ਹੈ। ਇੱਥੋਂ ਦੇ ਰੀਤੀ-ਰਿਵਾਜ, ਗੀਤ, ਭੰਗੜਾ, ਗਿੱਧਾ ਅਤੇ ਖੇਡਾਂ ਇਸ ਧਰਤੀ ਨੂੰ ਇੱਕ ਵੱਖਰਾ ਰੂਪ ਪ੍ਰਧਾਨ ਕਰਦੇ ਹਨ। ਇੱਕ ਵਿਲੱਖਣ ਸਭਿਆਚਾਰ ਹੋਣ ਕਰਕੇ ਹੀ ਪੰਜਾਬੀ ਸਾਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ।
ਆਪਣੇ ਵੱਖਰੇ ਰੰਗਾਂ ਵਿੱਚ ਰੰਗੀ ਧਰਤੀ ’ਤੇ ਮੈਨੂੰ ਮਾਣ ਹੈ ਅਤੇ ਮੈਂ ਖੁਸ਼ ਹੁੰਦਾ ਹਾਂ ਕਿ ਮੇਰਾ ਜਨਮ ਇਸ ਰੰਗਲੀ ਧਰਤੀ ’ਤੇ ਹੋਇਆ ਹੈ। ਪਰ ਅੱਜ ਮੇਰੀ ਇਸ ਧਰਤੀ ਨੂੰ ਕੁੱਝ ਬੁਰੇ ਦੈਂਤਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਨ੍ਹਾਂ ਦੈਂਤਾਂ ਨੇ ਸਾਡੀ ਜਵਾਨੀ, ਕਿਸਾਨੀ, ਵਾਤਾਵਰਨ ਅਤੇ ਸੱਭਿਆਚਾਰ ਨੂੰ ਬੜੀ ਬੁਰੀ ਤਰ੍ਹਾਂ ਆਪਣੇ ਜਾਲ ਵਿੱਚ ਫਸਾ ਲਿਆ ਹੈ। ਸਾਡੇ ਸਾਹਮਣੇ ਸਾਡੀ ਧਰਤੀ ਬਰਬਾਦ ਹੋ ਰਹੀ ਹੈ ਪਰ ਅਸੀਂ ਕੁੱਝ ਵੀ ਨਹੀਂ ਕਰ ਪਾ ਰਹੇ। ਇਸ ਪਿੱਛੇ ਮੁੱਖ ਕਾਰਨ ਇਹ ਵੀ ਹੈ ਕਿ ਸਾਡੇ ਆਪਣੇ ਲੋਕ ਹੀ ਇਸ ਧਰਤੀ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਨ। ਪਿਛਲੇ ਸਮੇਂ ਜਦੋਂ ਦੁਸ਼ਮਣ ਸਾਹਮਣੇ ਤੋਂ ਵਾਰ ਕਰਦਾ ਸੀ ਅਤੇ ਸਾਡੇ ਬਹਾਦਰ ਯੋਧੇ ਦੁਸ਼ਮਣ ਦਾ ਸਾਹਮਣਾ ਕਰਦੇ, ਅਜਿਹਾ ਸਬਕ ਸਿਖਾਉਂਦੇ ਕਿ ਦੁਸ਼ਮਣ ਨੂੰ ਭੱਜਣ ਲਈ ਰਾਹ ਨਾ ਲੱਭਦਾ। ਪਰ ਹੁਣ ਤਾਂ ਦੁਸ਼ਮਣ ਸਾਡੇ ਆਪਣੇ ਸਮਾਜ ਅੰਦਰ ਹੀ ਹਨ ਜੋ ਪਿੱਠ ਪਿੱਛੇ ਵਾਰ ਕਰਦੇ ਹਨ ਅਤੇ ਨਸ਼ੇ ਵਰਗੇ ਹਥਿਆਰਾਂ ਨਾਲ ਸਾਡੀ ਜਵਾਨੀ ਤਬਾਹ ਕਰ ਰਹੇ ਹਨ। ਨਸ਼ਿਆਂ ਨੇ ਸਾਡੀ ਜਵਾਨੀ ਇਸ ਕਦਰ ਨਸ਼ਟ ਕਰ ਦਿੱਤੀ ਹੈ ਕਿ ਅਸੀਂ ਸਾਹਮਣੇ ਵਾਲੇ ਦੁਸ਼ਮਣ ਦਾ ਟਾਕਰਾ ਕਰਨ ਜੋਗੇ ਨਹੀਂ ਰਹੇ, ਅਸੀਂ ਆਪਣੀ ਧਰਤੀ ਮਾਂ ਅਤੇ ਆਪਣੇ ਲੋਕਾਂ ਦੀ ਰੱਖਿਆ ਕਿਵੇਂ ਕਰਾਂਗੇ। ਦੁਸ਼ਮਣ ਵੀ ਸਾਡੇ ਆਪਣੇ ਲੋਕ ਹਨ ਜੋ ਲਾਲਚ ਵਿਚ ਆ ਕੇ ਆਪਣੇ ਹੀ ਲੋਕਾਂ ਅਤੇ ਆਪਣੇ ਹੀ ਵਤਨ ਨਾਲ ਗੱਦਾਰੀ ਕਰ ਰਹੇ ਹਨ। ਕੀ ਇਹ ਲੋਕ ਆਪਣੇ ਗੁਰੂ ਨੂੰ ਭੁੱਲ ਗਏ ਹਨ ਜਿਸਨੇ ਆਪਣੇ ਲੋਕਾਂ ਨੂੰ ਜ਼ੁਲਮ ਤੋਂ ਬਚਾਉਣ ਖ਼ਾਤਰ ਆਪਣਾ ਸਾਰਾ ਪਰਿਵਾਰ ਅਤੇ ਜਾਨ ਤੋਂ ਪਿਆਰੇ ਸਿੰਘ ਵਾਰ ਦਿੱਤੇ ਸਨ? ਕੀ ਇਹ ਲੋਕ ਉਨ੍ਹਾਂ ਦੇਸ਼ ਭਗਤਾਂ ਨੂੰ ਭੁੱਲ ਗਏ ਹਨ, ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਹੱਸਦਿਆਂ ਹੋਇਆਂ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ?
ਅੱਜ ਮੇਰੀ ਧਰਤੀ ਵਾਤਾਵਰਨ ਪੱਖੋਂ ਵੀ ਤਬਾਹ ਹੋ ਰਹੀ ਹੈ। ਜਿਸ ਧਰਤੀ ਨੂੰ ਪੰਜਾਂ ਪਾਣੀਆਂ ਨੇ ਆਬਾਦ ਕੀਤਾ ਸੀ ਉਹ ਅੱਜ ਰੇਗਸਥਾਨ ਵੱਲ ਪੈਰ ਪਸਾਰ ਰਹੀ ਹੈ। ਗੁਰਬਾਣੀ ਵਿੱਚ ਪਾਣੀ ਨੂੰ ਪਿਤਾ, ਹਵਾ ਨੂੰ ਗੁਰੂ ਅਤੇ ਧਰਤੀ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਪਰ ਅਸੀਂ ਗੁਰਬਾਣੀ ਦੇ ਸ਼ਬਦਾਂ ਤੋਂ ਮੁੱਖ ਮੋੜ ਕੇ ਉਲਟਾ ਇਸ ਸਭ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਾਂ। ਅੱਜ ਪਾਣੀ ਖੁਣੋ ਸਾਡੀ ਧਰਤੀ ਬਾਂਝ ਹੋ ਰਹੀ ਹੈ, ਹਵਾ ਪ੍ਰਦੂਸ਼ਣ ਕਰ ਕੇ ਗੰਧਲੀ ਹੋ ਗਈ ਅਤੇ ਮਿੱਟੀ ਨੂੰ ਅਸੀਂ ਗੰਦਗੀ ਅਤੇ ਜ਼ਹਿਰੀਲੀਆਂ ਦਵਾਈਆਂ ਨਾਲ ਬੰਜਰ ਕਰ ਦਿੱਤਾ। ਸੋਚੋ, ਸਾਡਾ ਭਵਿੱਖ ਕੀ ਹੋਵੇਗਾ? ਅਸੀਂ ਆਪਣੇ ਬੱਚਿਆ ਲਈ ਭਵਿੱਖ ਸੰਵਾਰਨ ਲਈ ਹੱਡ-ਭੰਨਵੀਂ ਮਿਹਨਤ ਕਰਦੇ ਹਾਂ ਤਾਂ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ-ਪੇਸ਼ੀ ਨਾ ਆਵੇ। ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਕਿ ਸਾਡੇ ਬੱਚੇ ਇਸ ਜ਼ਹਿਰੀਲੇ ਵਾਤਾਵਰਨ ਵਿੱਚ ਕਿਵੇਂ ਰਹਿ ਪਾਉਣਗੇ? ਸਾਡੀ ਔਲਾਦ ਤਾਂ ਸਾਨੂੰ ਮੂਰਖ ਹੀ ਕਹੇਗੀ ਕਿ ਜਿਸ ਟਾਹਣ ’ਤੇ ਅਸੀਂ ਬੈਠੇ ਸਾਂ, ਉਸੇ ਨੂੰ ਵੱਢੀ ਜਾ ਰਹੇ ਸਾਂ।
ਜਵਾਨੀ ਅਤੇ ਵਾਤਾਵਰਨ ਤੋਂ ਇਲਾਵਾ ਸਾਡੇ ਸਭਿਆਚਾਰ ਨੂੰ ਵੀ ਖੋਰਾ ਲੱਗ ਰਿਹਾ ਹੈ। ਸਾਡੇ ਪੰਜਾਬ ਦੇ ਗੀਤਾਂ ਵਿੱਚ ਅਸ਼ਲੀਲਤਾ, ਨਸ਼ੇ, ਹਥਿਆਰ, ਅਤੇ ਗੈਂਗਸਟਰਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਸੋਚੀ ਸਮਝੀ ਸਾਜ਼ਿਸ਼ ਕਾਰਨ ਸਾਡੀ ਜਵਾਨੀ ਅਤੇ ਸਾਡਾ ਸਭਿਆਚਾਰ ਰਸਾਤਲ ਵੱਲ ਵਧ ਰਿਹਾ ਹੈ। ਇਨ੍ਹਾਂ ਗੀਤਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਸੁਚੱਜਾ ਗਾਉਣ ਵਾਲੇ ਵੀ ਹਨ ਜਿਨ੍ਹਾਂ ਦੇ ਸ਼ਬਦ ਸਦੀਵੀ ਬਣ ਜਾਂਦੇ ਹਨ ਅਤੇ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਜ਼ੁਬਾਨ ’ਤੇ ਚੰਗੇ ਗੀਤਾਂ ਦੇ ਬੋਲ ਸਦਾ ਰਹਿੰਦੇ ਹਨ। ਲੱਚਰ ਗਾਇਕੀ ਕਦੇ ਵੀ ਸੂਝਵਾਨ ਲੋਕਾਂ ਦੇ ਦਿਲਾਂ ਵਿੱਚ ਘਰ ਨਹੀਂ ਕਰ ਸਕੀ ਅਤੇ ਅਜਿਹੇ ਗੀਤ ਕੁੱਝ ਪਲਾਂ ਦੇ ਮਹਿਮਾਨ ਹੀ ਹੁੰਦੇ ਹਨ।
ਅੱਜ ਜੇਕਰ ਮਿਹਨਤਕਸ਼ ਲੋਕਾਂ ਦਾ ਜੀਵਨ ਵੇਖਿਆ ਜਾਵੇ ਤਾਂ ਉਨ੍ਹਾਂ ਲਈ ਪਲ-ਪਲ ਜੀਣਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਕਿਸਾਨ ਅਤੇ ਮਜ਼ਦੂਰ ਕਰਜ਼ਾਈ ਹੋਏ ਖੁਦਕੁਸ਼ੀਆਂ ਕਰ ਰਹੇ ਹਨ। ਸਰਮਾਏਦਾਰੀ ਨੇ ਮਜ਼ਦੂਰਾਂ ਨੂੰ ਕੰਗਾਲੀ ਅਤੇ ਕਿਸਾਨਾਂ ਨੂੰ ਫ਼ਸਲਾਂ ਲਈ ਮਹਿੰਗੀਆਂ ਜ਼ਹਿਰਾਂ ਪਰੋਸ ਕੇ ਦਿੱਤੀਆਂ ਹਨ। ਸਮਾਜਿਕ ਵਿਕਾਸ ਵਿੱਚ ਸਭ ਤੋਂ ਵੱਧ ਹਿੱਸਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੁੰਦਾ ਹੈ, ਪ੍ਰੰਤੂ ਗੰਧਲੀ ਰਾਜਨੀਤੀ ਨੇ ਇਨ੍ਹਾਂ ਨੂੰ ਮੌਤ ਦੇ ਗਲ ਲਗਾਉਣ ਲਈ ਮਜਬੂਰ ਕਰ ਦਿੱਤਾ ਹੈ। ਕਦੇ ਸੋਚਿਆ ਹੈ ਕਿ ਦੇਸ਼ ਦਾ ਵਿਕਾਸ ਇਨ੍ਹਾਂ ਦੋਨਾਂ ਬਗੈਰ ਕਿਵੇਂ ਹੋਵੇਗਾ।
ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਅਜੇ ਵੀ ਸਾਡੇ ਕੋਲ ਆਪਣੀ ਪੰਜਾਬ ਦੀ ਧਰਤੀ ਨੂੰ ਸੰਭਾਲਣ ਦਾ ਸਮਾਂ ਹੈ। ਸਾਨੂੰ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਅਤੇ ਆਪਣੇ ਮਹਾਂ ਪੁਰਖਾਂ ਦੇ ਦਰਸਾਏ ਰਾਹਾਂ ’ਤੇ ਚੱਲਣਾ ਪਵੇਗਾ। ਸਾਨੂੰ ਆਪਣੇ ਅੰਦਰਲੇ ਦੁਸ਼ਮਣਾਂ ਦੀ ਪਛਾਣ ਕਰ ਕੇ, ਉਨ੍ਹਾਂ ਦੀ ਦੈਂਤ ਰੂਪੀ ਬਿਰਤੀ ਨੂੰ ਖਤਮ ਕਰ ਕੇ ਸਿੱਧੇ ਰਾਹ ਲਿਆਉਣਾ ਪਵੇਗਾ। ਉਨ੍ਹਾਂ ਨੂੰ ਆਪਣੇ ਪੁਰਖਿਆਂ ਦੇ ਸਿਧਾਂਤਾਂ ਤੋਂ ਜਾਣੂ ਕਰਾ ਕੇ ਸਿੱਧੇ ਰਾਹ ’ਤੇ ਲਿਆਉਣਾ ਪਵੇਗਾ। ਇਸਦੇ ਨਾਲ ਹੀ ਸਾਨੂੰ ਰਾਜਨੀਤੀ ਦੀ ਵਾਗਡੋਰ ਵੀ ਸੁਹਿਰਦ ਅਤੇ ਸੂਝਵਾਨ ਹੱਥਾਂ ਵਿੱਚ ਦੇਣੀ ਪਵੇਗੀ। ਕਿਸੇ ਦਾਰਸ਼ਨਿਕ ਨੇ ਕਿਹਾ ਸੀ ਜਿੱਥੋਂ ਦੇ ਲੋਕ ਸੂਝਵਾਨ ਹੁੰਦੇ ਹਨ, ਉੱਥੋਂ ਦੀ ਰਾਜਨੀਤੀ ਵੀ ਸੂਝਵਾਨਾਂ ਦੇ ਹੱਥਾਂ ਵਿੱਚ ਹੁੰਦੀ ਹੈ। ਆਓ ਸਭ ਇਕੱਠੇ ਹੋ ਕੇ ਚੱਲੀਏ, ਭਾਈਚਾਰੇ ਨੂੰ ਕਾਇਮ ਰੱਖੀਏ, ਵੰਡ ਛਕੀਏ ਅਤੇ ਸੂਝਵਾਨਾਂ ਅਤੇ ਬਹਾਦਰੀ ਵਾਲਾ ਰਾਹ ਚੁਣੀਏ, ਆਪਣੀ ਧਰਤ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਈਏ।
*****
(1404)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)