HarnandSBhullar7ਇਹ ਦੋਵੇਂ ਵਿਆਹ ਬਿਨਾਂ ਦਹੇਜ ਅਤੇ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਕੀਤੇ ਗਏਜੋ ਸਾਡੇ ਸਮਾਜ ਵਿੱਚ ...
(11 ਅਪਰੈਲ 2018)

 

ਪ੍ਰਾਚੀਨ ਕਾਲ ਵਿੱਚ ਇਸਤਰੀਆਂ ਦੀ ਦਸ਼ਾ ਚੰਗੀ ਸਮਝੀ ਜਾਂਦੀ ਸੀ, ਪਰੰਤੂ ਮੱਧ ਕਾਲ ਵਿੱਚ ਉਨ੍ਹਾਂ ਦੀ ਸਥਿਤੀ ਵਿੱਚ ਨਿਘਾਰ ਆ ਚੁੱਕਾ ਸੀ। ਇਸ ਸਮੇਂ ਦੇ ਸਮਾਜ ਵਿੱਚ ਇਸਤਰੀ ਪ੍ਰਤੀ ਅਨੇਕ ਬੁਰਾਈਆਂ ਜਨਮ ਲੈ ਚੁੱਕੀਆਂ ਸਨ; ਜਿਵੇਂ ਸਤੀ ਪ੍ਰਥਾ, ਲੜਕੀਆਂ ਦੀ ਹੱਤਿਆ, ਪਰਦਾ ਪ੍ਰਥਾ, ਵਿਧਵਾ ਵਿਆਹ ਦੀ ਮਨਾਹੀ, ਬਹੁ-ਵਿਆਹ ਅਤੇ ਦਹੇਜ ਪ੍ਰਥਾ। ਇਨ੍ਹਾਂ ਬੁਰਾਈਆਂ ਵਿਰੁੱਧ ਮੱਧ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਅਨੇਕ ਧਾਰਮਿਕ ਅਤੇ ਸਮਾਜਿਕ ਅੰਦੋਲਨਾਂ ਨੇ ਜਨਮ ਲਿਆ। ਸਮਾਜ ਸੁਧਾਰਕਾਂ ਨੇ ਇਸਤਰੀ ਵਿਰੁੱਧ ਫੈਲੀਆਂ ਬੁਰਾਈਆਂ ਪ੍ਰਤੀ ਆਪਣੀ ਅਵਾਜ਼ ਉਠਾਈ, ਜਿਸ ਸਦਕਾ ਅੰਗਰੇਜ਼ੀ ਸਰਕਾਰ ਨੇ ਇਨ੍ਹਾਂ ਕੁਰੀਤੀਆ ’ਤੇ ਰੋਕ ਲਾਉਣ ਲਈ 1829 ਵਿੱਚ ਸਤੀ ਪ੍ਰਥਾ, 1843 ਵਿੱਚ ਦਹੇਜ ਪ੍ਰਥਾ ਅਤੇ 1872 ਵਿੱਚ ਦੂਸਰੇ ਵਿਆਹ ’ਤੇ ਪਾਬੰਦੀ ਲਗਾਉਣ ਦਾ ਬਿੱਲ ਪਾਸ ਕਰ ਦਿੱਤਾ। ਇਨ੍ਹਾਂ ਅੰਦੋਲਨਕਾਰੀਆ ਦੇ ਯਤਨਾ ਸਦਕਾ ਹੀ ਇਨ੍ਹਾਂ ਬੁਰਾਈਆ ਨੂੰ ਠੱਲ੍ਹ ਪਾਈ ਜਾ ਸਕੀ, ਪਰ ਦਹੇਜ ਪ੍ਰਥਾ ਬਾਰੇ ਕੋਈ ਖ਼ਾਸ ਸੁਧਾਰ ਨਹੀਂ ਹੋ ਸਕਿਆ, ਜੋ ਅੱਜ ਵੀ ਸਾਡੇ ਸਮਾਜ ਵਿਚ ਇੱਕ ਕਾਲੇ ਧੱਬੇ ਵਾਂਗ ਮੌਜੂਦ ਹੈ।

ਲੜਕੀ ਦੇ ਵਿਆਹ ਸਮੇਂ ਲੜਕਾ ਪਰਿਵਾਰ ਵੱਲੋਂ ਸਾਰਾ ਬੋਝ ਲੜਕੀ ਪਰਿਵਾਰ ’ਤੇ ਪਾਇਆ ਜਾਂਦਾ ਹੈ। ਲੜਕੇ ਪਰਿਵਾਰ ਵੱਲੋਂ ਘੁਮੰਡ ਭਰੇ ਲਹਿਜ਼ੇ ਵਿੱਚ ਕਿਹਾ ਜਾਂਦਾ ਹੈ ਕਿ ਸਾਡੇ ਦੁਆਰਾ ਲਿਆਂਦੀ ਵੱਧ ਤੋਂ ਵੱਧ ਗਿਣਤੀ ਵਿੱਚ ਬਰਾਤ ਦੀ ਪੂਰੀ ਆਉ-ਭਗਤ ਹੋਣੀ ਚਾਹੀਦੀ ਹੈ, ਜਿਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ-ਪੇਸ਼ੀ ਨਹੀਂ ਆਉਣੀ ਚਾਹੀਦੀ। ਜਿਵੇਂ ਲੜਕਾ ਪਰਿਵਾਰ ਲੜਕੀ ਦੇ ਪਰਿਵਾਰ ’ਤੇ ਬਹੁਤ ਵੱਡਾ ਅਹਿਸਾਨ ਕਰ ਰਿਹਾ ਹੋਵੇ। ਇਸ ਤੋਂ ਇਲਾਵਾ ਦਹੇਜ ਦੀ ਵੱਧ ਤੋਂ ਵੱਧ ਮੰਗ ਕੀਤੀ ਜਾਂਦੀ ਹੈ ਅਤੇ ਕਈ ਸੰਕੀਰਨ ਸੋਚ ਵਾਲਿਆਂ ਵੱਲੋਂ ਵੱਡੀ ਗੱਡੀ ਦੀ ਮੰਗ ਵੀ ਕੀਤੀ ਜਾਂਦੀ ਹੈ। ਬਾਅਦ ਵਿੱਚ ਤੇਲ ਪਵਾਉਣ ਲਈ ਜੇਬ ਵਿੱਚੋਂ ਭਾਵੇਂ ਪੈਸੇ ਵੀ ਨਾ ਨਿਕਲਣ। ਇਸ ਤਰ੍ਹਾਂ ਲੜਕੇ ਪਰਿਵਾਰ ਵਾਲਿਆਂ ਦਾ ਲਾਲਚ ਪੂਰਾ ਕਰਨ ਲਈ ਲੜਕੀ ਵਾਲਿਆਂ ਵੱਲੋਂ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਵਿਆਹ ਕੀਤਾ ਜਾਂਦਾ ਹੈ। ਤਦ ਹੀ ਮਾਪੇ ਧੀਆਂ ਨੂੰ ਬੋਝ ਸਮਝਦੇ ਹਨ। ਜਿਸ ਧੀ ਨੂੰ ਮਾਂ-ਪਿਉ ਨੇ ਲਾਡਾਂ ਨਾਲ ਪਾਲਿਆ ਹੁੰਦਾ ਹੈ, ਉਸ ਨੂੰ ਹੀ ਇਨ੍ਹਾਂ ਲਾਲਚੀ ਲੋਕਾਂ ਦੇ ਕਾਰਨ ਉਹ ਆਪਣੇ ’ਤੇ ਬੋਝ ਸਮਝਣ ਲੱਗ ਜਾਂਦੇ ਹਨ।

ਸਾਡੇ ਸਮਾਜ ਵਿੱਚ ਦਹੇਜ਼ ਦੇ ਲੋਭੀਆਂ ਤੋਂ ਇਲਾਵਾ ਕੁਝ ਅਜਿਹੇ ਵੀ ਸੂਝਵਾਨ ਹਨ, ਜੋ ਇਸ ਹਨੇਰ ਭਰੀ ਦੁਨੀਆ ਵਿੱਚ ਰੋਸ਼ਨੀ ਦੀ ਕਿਰਨ ਬਣ ਕੇ ਸਾਹਮਣੇ ਆਉਂਦੇ ਹਨ। ਇਸ ਲੇਖ ਵਿੱਚ ਮੈਂ ਦੋ ਅਜਿਹੇ ਵਿਆਹਾਂ ਦਾ ਜ਼ਿਕਰ ਕਰ ਰਿਹਾ ਹਾਂ, ਜੋ ਦਹੇਜ ਦੇ ਲੋਭੀਆਂ ਲਈ ਸਬਕ ਸਾਬਤ ਹੋ ਸਕਦੇ ਹਨ।

ਪਹਿਲੀ ਮਿਸਾਲ ਜ਼ਿਲ੍ਹਾ ਮੋਗਾ ਦੇ ਪਿੰਡ ਡਾਲਾ ਦੇ ਰਹਿਣ ਵਾਲੇ ਸਰਦਾਰ ਅਮਰਜੀਤ ਸਿੰਘ ਦੀ ਹੈ, ਜਿਸ ਨੇ ਆਪਣੇ ਪੁੱਤਰ ਦਾ ਵਿਆਹ ਸਾਦੇ ਢੰਗ ਨਾਲ, ਬਿਨਾਂ ਕਿਸੇ ਦਹੇਜ ਦੇ ਕੀਤਾ। ਇਹ ਵਿਆਹ 10 ਨਵੰਬਰ 2017 ਨੂੰ ਹੋਇਆ ਸੀ। ਲੜਕੇ ਪਰਿਵਾਰ ਵਾਲੇ ਗਿਣਤੀ ਦੀ ਬਰਾਤ ਲੈ ਕੇ ਗਏ। ਵੇਖਣ ਵਾਲੀ ਚੀਜ਼ ਇਹ ਸੀ ਕਿ ਦੋਵਾਂ ਪਰਿਵਾਰਾਂ ਵੱਲੋਂ ਮਿਲਣੀ ਦੀ ਰਸਮ ਬਿਨਾਂ ਕਿਸੇ ਨੂੰ ਮੁੰਦਰੀ ਜਾਂ ਕੜਾ ਪਹਿਨਾਏ, ਕੇਵਲ ਇੱਕ-ਦੂਸਰੇ ਨੂੰ ਸਿਰੋਪਾਓ ਭੇਂਟ ਕਰ ਕੇ ਕੀਤੀ ਗਈ। ਇਹ ਵਿਆਹ ਗੁਰਦੁਆਰਾ ਸਾਹਿਬ ਵਿੱਚ ਪੂਰਨ ਗੁਰ-ਮਰਿਆਦਾ ਅਨੁਸਾਰ ਕੀਤਾ ਗਿਆ।

ਦੂਸਰੀ ਮਿਸਾਲ ਸਰਦਾਰ ਵੱਸਣ ਸਿੰਘ ਦੇ ਪਰਿਵਾਰ ਦੀ ਹੈ, ਜੋ ਪਿੰਡ ਖਾਲੜਾ, ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ ਹਨ। ਸਰਦਾਰ ਵੱਸਣ ਸਿੰਘ ਨੇ ਆਪਣੇ ਪੋਤਰੇ ਦਾ ਵਿਆਹ 1 ਜਨਵਰੀ 2018 ਨੂੰ ਬਿਲਕੁਲ ਸਾਦੇ ਢੰਗ ਨਾਲ ਅਤੇ ਬਿਨਾਂ ਕਿਸੇ ਦਹੇਜ ਦੇ ਸੰਪੰਨ ਕੀਤਾ। ਲੜਕਾ ਪਰਿਵਾਰ ਵਾਲੇ ਗਿਣਤੀ ਦੀ ਬਰਾਤ ਲੈ ਕੇ ਲੜਕੀ ਪਰਿਵਾਰ ਵਾਲਿਆਂ ਦੇ ਪਿੰਡ ਪਹੁੰਚੇ ਅਤੇ ਵਿਆਹ ਦੀਆਂ ਸਧਾਰਨ ਰਸਮਾਂ ਤੋਂ ਬਾਅਦ ਪੈਲੇਸ ਵਿੱਚ ਆ ਗਏ। ਪੈਲੇਸ ਵਿੱਚ ਡੀ ਜੇ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਸੀ ਅਤੇ ਵਿਆਹ ਵਿੱਚ ਸ਼ਾਮਿਲ ਲੋਕ ਮਿਲ ਬੈਠ ਕੇ ਇਸ ਸਾਦੇ ਵਿਆਹ ਦੀਆਂ ਤਾਰੀਫਾਂ ਕਰ ਰਹੇ ਸਨ।

ਇਹ ਦੋਵੇਂ ਵਿਆਹ ਬਿਨਾਂ ਦਹੇਜ ਅਤੇ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਕੀਤੇ ਗਏ, ਜੋ ਸਾਡੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿਰੁੱਧ ਇੱਕ ਸੰਦੇਸ਼ ਹਨ। ਜੇਕਰ ਇਸ ਤਰ੍ਹਾਂ ਦੇ ਵਿਆਹ ਕਰਨੇ ਆਰੰਭ ਕੀਤੇ ਜਾਣ ਤਾ ਕੋਈ ਵੀ ਪਿਤਾ ਆਪਣੀ ਧੀ ਨੂੰ ਬੋਝ ਨਹੀਂ ਸਮਝੇਗਾ ਅਤੇ ਨਾ ਮਾਂਵਾਂ ਆਪਣੀਆਂ ਧੀਆਂ ਨੂੰ ਕੁੱਖਾਂ ਵਿੱਚ ਮਾਰਨ ਬਾਰੇ ਸੋਚਣਗੀਆਂ। ਅਸਲ ਵਿੱਚ ਦਾਨ ਕਰਨ ਵਾਲਿਆਂ ਨੂੰ ਉੱਚਾ ਸਮਝਿਆ ਜਾਂਦਾ ਹੈ। ਜਿਵੇਂ ਕਿ ਇੱਕ ਪਿਤਾ ਆਪਣੀ ਧੀ ਦਾ ਦਾਨ ਕਰ ਰਿਹਾ ਹੁੰਦਾ ਹੈ ਅਤੇ ਲੜਕਾ ਪਰਿਵਾਰ ਵਾਲੇ ਦਾਨ ਲੈਣ ਆਏ ਹੁੰਦੇ ਹਨ, ਪਰ ਸਾਡੇ ਸਮਾਜ ਵਿੱਚ ਇਸ ਦੇ ਉਲਟ ਹੁੰਦਾ ਹੈ ਕਈ ਮੁੰਡੇ ਵਾਲਿਆਂ ਵੱਲੋਂ ਵੱਧ ਤੋਂ ਵੱਧ ਦਹੇਜ ਦੀ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਹਿੰਗਾ ਖਾਣ-ਪੀਣ ਅਤੇ ਮਹਿੰਗੇ ਪੈਲੇਸ ਦੀ ਵੀ ਮੰਗ ਕੀਤੀ ਜਾਂਦੀ ਹੈ।

ਆਖ਼ਿਰ ਸਾਡੇ ਸਮਾਜ ਵਿੱਚ ਅਜਿਹੀਆਂ ਕੁਰੀਤੀਆਂ ਫੈਲਣ ਦੇ ਕੀ ਕਾਰਨ ਹਨ? ਕਿਉਂ ਅੱਜ ਇਨਸਾਨ ਇਨਸਾਨੀਅਤ ਦੇ ਸਥਾਨ ’ਤੇ ਇੱਟਾਂ-ਸੀਮੈਂਟ ਦੀਆਂ ਦੀਵਾਰਾਂ ਨੂੰ ਅਤੇ ਮਹਿੰਗੀਆਂ ਚੀਜ਼ਾਂ ਨੂੰ ਅਹਿਮੀਅਤ ਦੇਣ ਲੱਗ ਪਿਆ ਹੈ? ਕਿਉਂ ਅਸੀਂ ਇੰਨੇ ਲਾਲਚੀ ਹੋ ਗਏ ਹਾਂ?

ਜੇਕਰ ਅਸੀਂ ਉਪਰੋਕਤ ਸਾਰੇ ਸਵਾਲਾਂ ਦਾ ਜਵਾਬ ਲੱਭਣਾ ਹੋਵੇ ਤਾਂ ਸਾਨੂੰ ਆਪਣੇ ਪਿਛੋਕੜ ਵੱਲ ਝਾਤੀ ਮਾਰਨੀ ਪਵੇਗੀ। ਸਾਡੇ ਮਹਾਨ ਪੁਰਖਾਂ ਦਾ ਜਿਉਣ-ਢੰਗ ਕਿਸ ਪ੍ਰਕਾਰ ਦਾ ਸੀ? ਉਨ੍ਹਾਂ ਦਾ ਰਹਿਣ-ਸਹਿਣ ਕਿਵੇਂ ਦਾ ਸੀ? ਅੱਜ ਸਾਨੂੰ ਲੋੜ ਹੈ ਸ੍ਰੀ ਗੁਰੁ ਨਾਨਕ ਦੇਵ ਜੀ, ਬਾਬਾ ਫਰੀਦ ਜੀ ਅਤੇ ਭਗਤ ਕਬੀਰ ਜੀ ਵਰਗੇ ਮਹਾਂ-ਪੁਰਖਾਂ ਦੇ ਜੀਵਨ ਤੋਂ ਸੇਧ ਲੈਣ ਦੀ। ਸਾਡੇ ਮਹਾਨ ਪੁਰਖਾਂ ਨੇ ਸਾਨੂੰ ਕਿਰਤ ਕਰਨ, ਕੁਦਰਤ ਨਾਲ ਜੁੜਨ, ਵੰਡ ਛਕਣ ਅਤੇ ਸਾਦੇ ਢੰਗ ਦਾ ਜੀਵਨ ਜਿਉਣ ਦਾ ਸੰਦੇਸ਼ ਦਿੱਤਾ ਸੀ। ਸ੍ਰੀ ਗੁਰੁ ਨਾਨਾਕ ਦੇਵ ਜੀ ਨੇ ਅਮੀਰ ਮਲਿਕ ਭਾਗੋ ਦੀ ਰੋਟੀ ਨੂੰ ਠੁਕਰਾ ਕੇ ਗ਼ਰੀਬ ਭਾਈ ਲਾਲੋ ਦੀ ਰੋਟੀ ਨੂੰ ਅਹਿਮੀਅਤ ਦਿੱਤੀ ਸੀ ਪਰ ਅੱਜ ਸਾਡੇ ਵਿੱਚੋਂ ਕਈ ਲੋਕਾਂ ਨੇ ਮਲਿਕ ਭਾਗੋ ਵਾਲੀ ਰੋਟੀ ਨੂੰ ਜ਼ਿਆਦਾ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਹੱਦੋਂ ਵੱਧ ਬਾਜ਼ਾਰੂ ਵਸਤੂਆਂ ਦੇ ਗ਼ੁਲਾਮ ਹੋ ਗਏ ਹਾਂ। ਅਸੀਂ ਆਪਣੇ ਆਪ ਨਾਲੋਂ ਟੁੱਟ ਰਹੇ ਹਾਂ ਅਤੇ ਕੁਦਰਤ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਹੈ। ਸਾਦਾ ਜਿਉਣ ਦਾ ਢੰਗ ਅੱਜ ਸਾਡੀ ਫ਼ਿਤਰਤ ਵਿੱਚ ਨਹੀਂ ਰਿਹਾ।

ਉਪਰੋਕਤ ਕਾਰਨਾਂ ਕਰਕੇ ਸਾਡਾ ਜੀਵਨ ਕਈ ਪ੍ਰਕਾਰ ਦੀਆਂ ਤੰਗੀਆਂ-ਤੁਰਸ਼ੀਆਂ ਨਾਲ ਘਿਰ ਗਿਆ ਹੈ। ਅਸੀਂ ਵੱਧ ਤੋਂ ਵੱਧ ਸਰਮਾਇਆ ਇਕੱਠਾ ਕਰ ਕੇ ਚਮਕ-ਦਮਕ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ। ਇਨ੍ਹਾਂ ਕਾਰਨਾਂ ਕਰਕੇ ਅਸੀਂ ਕਈ ਪ੍ਰਕਾਰ ਦੀਆਂ ਘੁੰਮਣ-ਘੇਰੀਆਂ ਵਿੱਚ ਫਸੇ ਰਹਿੰਦੇ ਹਾਂ, ਜਿਸ ਦਾ ਕਈ ਵਾਰੀ ਸਿੱਟਾ ਖੁਦਕੁਸ਼ੀ ਵਿੱਚ ਵੀ ਨਿਕਲਦਾ ਹੈ।

ਅੱਜ ਲੋੜ ਹੈ ਸਾਨੂੰ ਸਾਦਾ ਰਹਿਣ-ਸਹਿਣ ਵਾਲੀ ਜੀਵਨ ਸ਼ੈਲੀ ਅਪਨਾਉਣ ਦੀ। ਸਾਨੂੰ ਵਾਪਸ ਕੁਦਰਤ ਦੀ ਗੋਦ ਵਿੱਚ ਆਉਣਾ ਪਵੇਗਾ। ਸਮਾਂ ਮੰਗ ਕਰਦਾ ਹੈ ਕਿ ਅਸੀਂ ਹੱਥੀਂ ਕਿਰਤ ਕਰ ਕੇ ਵੰਡ ਛਕਣ ਵਾਲੇ ਸਿਧਾਂਤ ’ਤੇ ਚੱਲੀਏ। ਇਸ ਤਰ੍ਹਾਂ ਦਾ ਜਿਉਣ ਢੰਗ ਅਪਣਾ ਕੇ ਹੀ ਅਸੀਂ ਸਮਾਜਿਕ ਕੁਰੀਤੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।

*****

(1104)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author