“ਜਦੋਂ ਅਸੀਂ ਧਰਮਾਂ, ਜਾਤਾਂ, ਨਸਲਾਂ ਆਦਿ ਦੀਆਂ ਵਲਗਣਾਂ ਵਿੱਚੋਂ ਬਾਹਰ ਆ ਕੇ ...”
(9 ਮਾਰਚ 2020)
ਜਾਗਰੂਕ ਸਮਾਜ ਉਹ ਹੁੰਦਾ ਹੈ, ਜਿਸ ਵਿੱਚ ਸਭ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਕਿਸੇ ਸਾਂਝੇ ਉਦੇਸ਼ ਲਈ ਇੱਕਮੱਤ ਹੋ ਕੇ ਸੰਘਰਸ਼ ਕਰਨ। ਜਿਸ ਸਮਾਜ ਵਿੱਚ ਵੰਡੀਆਂ ਹਨ ਅਤੇ ਇਕੱਠੇ ਹੋ ਕੇ ਸੰਘਰਸ਼ ਕਰਨ ਜੋਗੇ ਨਹੀਂ, ਉਨ੍ਹਾਂ ਨੂੰ ਕੋਈ ਵੀ ਆਸਾਨੀ ਨਾਲ ਖਤਮ ਕਰ ਸਕਦਾ ਹੈ। ਇਤਿਹਾਸ ਦੱਸਦਾ ਹੈ ਕਿ ਸਾਡੀ ਗੁਲਾਮੀ ਦਾ ਕਾਰਨ ਸਾਡਾ ਆਪਸ ਵਿੱਚ ਵੰਡੇ ਹੋਣਾ ਸੀ। ਆਜ਼ਾਦੀ ਤੋਂ ਬਾਅਦ ਵੀ ਵੰਡਪਾਊ ਤਾਕਤਾਂ ਨੇ ਸਮਾਜ ਨੂੰ ਇਕਜੁੱਟ ਨਹੀਂ ਹੋਣ ਦਿੱਤਾ। ਅੱਜ ਸਮਾਂ ਬਦਲ ਰਿਹਾ ਹੈ ਅਤੇ ਲੋਕ ਵੰਡ-ਪਾਊ ਸਾਜ਼ਿਸ਼ਾਂ ਨੂੰ ਸਮਝ ਰਹੇ ਹਨ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੇ ਹਨ। ਸਰਕਾਰ ਦੁਆਰਾ ਬਣਾਏ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਅਬਾਦੀ ਰਜਿਸਟਰ ਦੇ ਵਿਰੁੱਧ ਸਾਰਾ ਦੇਸ਼ ਭਾਈਚਾਰਕ ਸਾਂਝ ਦੇ ਪ੍ਰਤੀਕ ਬਣੇ ਸ਼ਾਹੀਨ ਬਾਗਾਂ ਵਿੱਚ ਇਕੱਠਾ ਹੋ ਰਿਹਾ ਹੈ। ਇਨ੍ਹਾਂ ਬਾਗਾਂ ਵਿੱਚ ਸਭ ਧਰਮਾਂ ਅਤੇ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕੱਠੇ ਹੋ ਕੇ ਇੱਕ ਸਾਂਝੇ ਉਦੇਸ਼ ਲਈ ਸੰਘਰਸ਼ ਕਰ ਰਹੇ ਹਨ। ਭਾਰਤ ਦੀ ਦੁਨੀਆਂ ਵਿੱਚ ਉੱਚੀ ਸਾਖ਼ ਇਸਦੀ ਧਰਮ ਨਿਰਪੱਖਤਾ ਅਤੇ ਬਿਨਾਂ ਜਾਤ-ਪਾਤ ਦੇ ਭੇਦਭਾਵ ਕਾਰਨ ਹੈ, ਜਿਸਦਾ ਮੁੱਢ ਧਾਰਮਿਕ ਪੁਰਖਾਂ, ਸਮਾਜ ਸੁਧਾਰਕਾਂ ਅਤੇ ਮਹਾਨ ਸ਼ਹੀਦਾਂ ਨੇ ਬੰਨ੍ਹਿਆਂ ਸੀ।
ਜਿਸ ਤਰ੍ਹਾਂ ਇੱਕ ਪਾਰਕ ਵਿੱਚ ਵੱਖਰੀਆਂ-ਵੱਖਰੀਆਂ ਕਿਸਮਾਂ ਦੇ ਫੁੱਲ ਉਸਦੀ ਖੂਬਸੂਰਤੀ ਨੂੰ ਵਧਾਉਂਦੇ ਹਨ, ਉਸੇ ਤਰ੍ਹਾਂ ਭਾਰਤ ਵਿੱਚ ਵੀ ਵੱਖਰੇ-ਵੱਖਰੇ ਧਰਮਾਂ ਤੇ ਜਾਤਾਂ ਦੇ ਲੋਕ ਏਕਤਾ ਦੇ ਸੂਤਰ ਵਿੱਚ ਬੱਝ ਕੇ ਇਸ ਦੇਸ਼ ਨੂੰ ਦੁਨੀਆਂ ਲਈ ਇੱਕ ਖੂਬਸੂਰਤ ਪਾਰਕ ਬਣਾਉਂਦੇ ਹਨ। ਮੰਨ ਲਓ ਤੁਸੀਂ ਕੇਵਲ ਇੱਕ ਕਿਸਮ ਦੇ ਫੁੱਲਾਂ ਵਾਲੇ ਪਾਰਕ ਵਿੱਚ ਜਾਂਦੇ ਹੋ। ਉਹ ਪਾਰਕ ਤੁਹਾਨੂੰ ਉੰਨਾ ਆਕਰਸ਼ਤ ਨਹੀਂ ਕਰੇਗਾ, ਜਿੰਨਾ ਭਾਂਤ-ਭਾਂਤ ਦੇ ਫੁੱਲਾਂ ਦੀਆਂ ਕਿਸਮਾਂ ਵਾਲਾ ਪਾਰਕ। ਇਸੇ ਤਰ੍ਹਾਂ ਸਾਡਾ ਦੇਸ਼ ਵੀ ਵੱਖਰੇ-ਵੱਖਰੇ ਧਰਮਾਂ, ਸੱਭਿਆਚਾਰਾਂ, ਰੀਤੀ-ਰਿਵਾਜਾਂ, ਭਾਸ਼ਾਵਾਂ ਆਦਿ ਨਾਲ ਖੂਬਸੂਰਤ ਬਣਦਾ ਹੈ। ਭਾਰਤ ਦੀ ਇਹੀ ਸਾਖ਼ ਦੁਨੀਆਂ ਨੂੰ ਆਕਰਸ਼ਤ ਕਰਦੀ ਹੈ। ਜੇਕਰ ਕੋਈ ਦੇਸ਼ ਇੱਕ ਧਰਮ, ਇੱਕ ਸੱਭਿਆਚਾਰ, ਇੱਕ ਭਾਸ਼ਾ ਆਦਿ ਨਾਲ ਸਬੰਧ ਰੱਖਦਾ ਹੈ ਤਾਂ ਉਸ ਵਿੱਚ ਉਹ ਸੁੰਦਰਤਾ ਨਹੀਂ ਰਹਿੰਦੀ ਜੋ ਅਲੱਗ-ਅਲੱਗ ਧਰਮਾਂ, ਸੱਭਿਆਚਾਰਾਂ ਤੇ ਭਾਸ਼ਾਵਾਂ ਆਦਿ ਦੀ ਹੁੰਦੀ ਹੈ।
ਅੱਜ ਸਾਡੇ ਦੇਸ਼ ਨੂੰ ਇੱਕ ਧਰਮ, ਇੱਕ ਭਾਸ਼ਾ ਤੇ ਇੱਕ ਸੱਭਿਆਚਾਰ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਦੇ ਗੱਦਾਰ ਕਿਹਾ ਜਾ ਰਿਹਾ ਹੈ। ਦਰਅਸਲ ਵਿਰੋਧ ਕਰਨ ਵਾਲੇ ਦੇਸ਼ ਪ੍ਰੇਮੀ ਹਨ, ਨਾ ਕਿ ਦੇਸ਼ ਦੇ ਗੱਦਾਰ। ਉਹ ਲੋਕ, ਜੋ ਆਪਣੇ ਸੰਵਿਧਾਨ ਦੀ ਰੱਖਿਆ ਲਈ ਦੇਸ਼ ਦਾ ਝੰਡਾ ਲੈ ਕੇ ਦੇਸ਼ ਭਗਤੀ ਦੇ ਗੀਤ ਗਾਉਣ, ਦੇਸ਼ ਭਗਤਾਂ ਦੀਆਂ ਫੋਟੋਆਂ ਲਹਿਰਾਉਣ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਭਾਈ-ਭਾਈ ਦੇ ਨਾਅਰੇ ਲਾਉਣ, ਉਹ ਗੱਦਾਰ ਕਿਵੇਂ ਹੋ ਗਏ? ਗੱਦਾਰ ਮੁੱਠੀ ਭਰ ਲੋਕ ਹੋ ਸਕਦੇ ਹਨ, ਦੇਸ਼ ਦਾ ਸਾਰਾ ਅਵਾਮ ਨਹੀਂ।ਙ
ਅੱਜ ਦਿੱਲੀ ਤੋਂ ਉਪਜਿਆ ਸ਼ਾਹੀਨ ਬਾਗ ਆਪਣੀਆਂ ਸ਼ਾਖ਼ਾਵਾਂ ਵਧਾ ਕੇ ਸਾਰੇ ਦੇਸ਼ ਵਿੱਚ ਫੈਲ ਚੁੱਕਾ ਹੈ, ਇਸ ਲਈ ਸਾਰਾ ਦੇਸ਼ ਗੱਦਾਰ ਕਿਵੇਂ ਹੋ ਗਿਆ? ਉਸ ਵਿੱਚ ਸਭ ਜਾਤਾਂ ਅਤੇ ਧਰਮਾਂ ਦੇ ਲੋਕ ਰਲ-ਮਿਲ ਕੇ ਮੁਜ਼ਾਹਰੇ ਕਰ ਰਹੇ ਹਨ, ਉਹ ਗੱਦਾਰ ਨਹੀਂ ਹਨ ਅਸਲ ਵਿੱਚ ਸੱਚੇ ਦੇਸ਼ ਭਗਤ ਹਨ। ਇਨ੍ਹਾਂ ਦੇਸ਼ ਭਗਤਾਂ ਵਿਰੁੱਧ ਫੈਲਾਏ ਜਾ ਰਹੇ ਜ਼ਹਿਰੀਲੇ ਪ੍ਰਚਾਰ ਕਾਰਨ ਅੱਜ ਦਿੱਲੀ ਨੂੰ ਬਲਦੀ ਅੱਗ ਵਿੱਚ ਪਾ ਦਿੱਤਾ, ਜਿਸ ਕਾਰਨ ਚਾਰ ਦਰਜਨ ਦੇ ਲਗਭਗ ਮੌਤਾਂ ਅਤੇ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਕਰੋੜਾਂ ਦੀ ਸੰਪਤੀ ਜਲਾ ਕੇ ਰਾਖ ਦਾ ਢੇਰ ਬਣਾ ਦਿੱਤੀ ਗਈ। ਇਹ ਫ਼ਿਰਕੂ ਭੀੜਾਂ ਕੌਣ ਸਨ, ਜੋ ਦੇਸ਼ ਦੀ ਸੰਪਤੀ ਅਤੇ ਭਾਈਚਾਰੇ ਨੂੰ ਖਤਮ ਕਰਨ ਉੱਤੇ ਤੁਲੇ ਹੋਏ ਹਨ? ਅਸਲ ਵਿੱਚ ਇਹ ਭੀੜਾਂ ਦੇਸ਼ ਦੇ ਉਨ੍ਹਾਂ ਗੱਦਾਰ ਲੋਕਾਂ ਵੱਲੋਂ ਭੇਜੀਆਂ ਹੋਈਆਂ ਸਨ, ਜੋ ਦੇਸ਼ ਦੇ ਭਾਈਚਾਰਕ ਸਾਂਝ ਨੂੰ ਅੱਗ ਵਿੱਚ ਝੋਕ ਦੇਣਾ ਚਾਹੁੰਦੇ ਹਨ। ਇਹ ਉਹ ਗੱਦਾਰ ਹਨ ਜੋ ਕਦੇ ਚੁਰਾਸੀ ਬਣਾਉਂਦੇ ਹਨ, ਕਦੇ ਰਾਮ ਮੰਦਰ ਦੇ ਨਾਂ ਉੱਤੇ ਝਗੜੇ ਕਰਵਾਉਂਦੇ ਹਨ, ਕਦੇ ਗੋਧਰਾ ਤੇ ਹੁਣ ਦਿੱਲੀ ਨੂੰ ਇੱਕ ਵਾਰ ਫਿਰ ਆਪਣੇ ਜ਼ਹਿਰ ਨਾਲ ਡੰਗ ਰਹੇ ਹਨ। ਸੱਚੇ ਦਿਲੋਂ ਦੇਸ਼ ਨੂੰ ਪਿਆਰ ਕਰਨ ਵਾਲੇ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਤੇ ਮਜ਼ਬੂਤ ਰੱਖਣ ਵਾਲੇ ਲੋਕ ਇਸ ਹਿੰਸਾ ਦਾ ਸਾਰੇ ਦੇਸ਼ ਵਿੱਚ ਵਿਰੋਧ ਕਰ ਰਹੇ ਹਨ। ਇਹ ਲੋਕ ਜਨਤਕ ਮੀਟਿੰਗਾਂ ਦੁਆਰਾ ਅਤੇ ਸੜਕਾਂ ਰਾਹੀਂ ਰੋਸ ਮਾਰਚ ਕੱਢ ਰਹੇ ਹਨ। ਸ਼ਾਹੀਨ ਬਾਗਾਂ ਵਿੱਚ ਸਭ ਭਾਈਚਾਰੇ ਦੇ ਲੋਕ ਵੱਧ ਤੋਂ ਵੱਧ ਇਕੱਠੇ ਹੋ ਕੇ, ਸਰਕਾਰ ਦੁਆਰਾ ਜ਼ਬਰਦਸਤੀ ਥੋਪੇ ਬਿੱਲਾਂ ਦਾ ਅਤੇ ਹੁਣ ਦਿੱਲੀ ਹਿੰਸਾ ਦਾ ਵੀ, ਵਿਰੋਧ ਕਰ ਰਹੇ ਹਨ। ਦਿੱਲੀ ਹਿੰਸਾ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਵਿਰੋਧ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟਰੇਜ਼ ਨੇ ਦੇਸ਼ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਹੈ, “ਦੇਸ਼ ਨੂੰ ਮਹਾਤਮਾ ਗਾਂਧੀ ਦੇ ਸਿਧਾਂਤਾਂ ਉੱਤੇ ਚੱਲਣ ਦੀ ਸਭ ਤੋਂ ਵੱਧ ਲੋੜ ਹੈ।’
ਇਸ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਵੀ ਇਸ ਹਿੰਸਾ ਪ੍ਰਤੀ ਚਿੰਤਾ ਜਤਾਈ ਹੈ। ਦੇਸ਼ ਦੀ ਅਜੋਕੀ ਹਾਲਤ ਨੂੰ ਸਮਝਦੇ ਹੋਏ ਭਾਈਚਾਰਕ ਸਾਂਝ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਦੀ ਲੋੜ ਹੈ। ਹਿੰਸਕ ਭੀੜਾਂ ਦਾ ਹਿੱਸਾ ਬਣ ਰਹੇ ਲੋਕਾਂ ਨੂੰ ਹਾਕਮਾਂ ਦੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ। ਕਿਸੇ ਦੇ ਮਗਰ ਲੱਗ ਕੇ ਹਿੰਸਕ ਹੋਣਾ ਤੇ ਆਪਣੇ ਲੋਕਾਂ ਦੀ ਜਾਨ ਦੇ ਦੁਸ਼ਮਣ ਬਣਨਾ ਕਿਸੇ ਪੱਖੋਂ ਵੀ ਸਿਆਣਪ ਨਹੀਂ। ਸਾਨੂੰ ਭੜਕਾਹਟ ਤੇ ਉਕਸਾਊਪਣ ਵਿੱਚ ਆਉਣ ਦੀ ਥਾਂ ਆਪਣੇ ਬੁਨਿਆਦੀ ਹੱਕਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਅੱਜ ਸਰਕਾਰ ਪਾਸੋਂ ਸਾਨੂੰ ਰੋਟੀ, ਕੱਪੜਾ, ਮਕਾਨ, ਰੁਜ਼ਗਾਰ, ਭ੍ਰਿਸ਼ਟਾਚਾਰ ਤੇ ਨਸ਼ਾ ਮੁਕਤ ਸਮਾਜ, ਸ਼ੁੱਧ ਵਾਤਾਵਰਣ, ਸਿਹਤ ਤੇ ਸਿੱਖਿਆ ਸਹੂਲਤਾਂ, ਖੁਸ਼ਹਾਲੀ ਤੇ ਸਵੈਮਾਨ ਭਰਿਆ ਜੀਵਨ ਆਦਿ ਦੀ ਮੰਗ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਭੀੜ ਦਾ ਹਿੱਸਾ ਬਣ ਕੇ ਆਪਣੇ ਹੀ ਲੋਕਾਂ ਦੇ ਦੁਸ਼ਮਣ ਬਣਨਾ ਚਾਹੀਦਾ ਹੈ। ਅੱਜ ਸਾਨੂੰ ਪਿਛਾਖੜੀ ਸੋਚ ਵਿੱਚੋਂ ਨਿਕਲ ਕੇ ਅਗਾਂਹਵਧੂ ਸੋਚ ਅਪਣਾਉਣੀ ਚਾਹੀਦੀ ਹੈ। ਜਿਸ ਸਮਾਜ ਦੀ ਸੋਚ ਅਗਾਂਹਵਧੂ ਹੋਵੇਗੀ, ਉਹ ਦੇਸ਼ ਹੀ ਉੱਨਤੀ ਕਰੇਗਾ। ਅੱਜ ਅਸੀਂ ਜ਼ਿਆਦਾਤਰ ਵਿਦੇਸ਼ਾਂ ਤੋਂ ਸਿੱਖਦੇ ਹਾਂ, ਕਿਉਂ ਨਾ ਅਜਿਹਾ ਕੁਝ ਨਵਾਂ ਕਰੀਏ ਕਿ ਵਿਦੇਸ਼ੀ ਵੀ ਸਾਡੇ ਤੋਂ ਕੁਝ ਸਿੱਖਣ। ਇਹ ਸਭ ਤਾਂ ਹੀ ਹੋਵੇਗਾ, ਜਦੋਂ ਅਸੀਂ ਧਰਮਾਂ, ਜਾਤਾਂ, ਨਸਲਾਂ ਆਦਿ ਦੀਆਂ ਵਲਗਣਾਂ ਵਿੱਚੋਂ ਬਾਹਰ ਆ ਕੇ ਭਾਈਚਾਰਕ ਸਾਂਝ ਨੂੰ ਉੱਚਿਆਂ ਕਰਾਂਗੇ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਵਾਂਗੇ। ਜਿਵੇਂ ਆਜ਼ਾਦੀ ਸਮੇਂ ਸਭ ਭਾਈਚਾਰਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਆਜ਼ਾਦੀ ਪ੍ਰਾਪਤ ਕੀਤੀ ਸੀ, ਅੱਜ ਵੀ ਸਾਰੇ ਭਾਈਚਾਰਿਆਂ ਦੇ ਲੋਕ ਇੱਕਜੁੱਟ ਹੋ ਕੇ ਆਰਥਿਕ ਅਤੇ ਰਾਜਨੀਤਕ ਬਰਾਬਰੀ ਲਈ ਜੰਗ ਲੜਨ। ਆਓ! ਸਭ ਭਾਈਚਾਰੇ ਦੇ ਲੋਕ ਏਕਤਾ ਦੇ ਸੂਤਰ ਵਿੱਚ ਬੱਝ ਕੇ, ਹੱਥਾਂ ਵਿੱਚ ਹੱਥ ਲੈ ਕੇ ਭਾਈਚਾਰਕ ਸਾਂਝ ਦੀਆਂ ਪੀਂਘਾਂ ਪਾਈਏ ਅਤੇ ਇੱਕ ਨਵਾਂ ਸਮਾਜ ਸਿਰਜੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1981)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)