“ਅੱਜ ਸਾਡੇ ਦੇਸ਼ ਦੀ ਨਿੱਘਰ ਚੁੱਕੀ ਹਾਲਤ ਨੂੰ ਸੁਧਾਰਨ ਲਈ ...”
(23 ਮਾਰਚ 2020)
ਇਤਿਹਾਸ ਦੇ ਪੰਨਿਆਂ ਉੱਤੇ ਉਹ ਲੋਕ ਹਮੇਸ਼ਾ ਜਿਉਂਦੇ ਹਨ, ਜਿਨ੍ਹਾਂ ਨੇ ਸਮਾਜ ਨੂੰ ਇੱਕ ਨਵਾਂ ਰਾਹ ਵਿਖਾਇਆ ਹੋਵੇ। ਇਹ ਰਾਹ ਉਨ੍ਹਾਂ ਦੇ ਜਿਊਣ ਢੰਗ, ਵਿਚਾਰਧਾਰਾ, ਨਿੱਜੀ ਕੰਮਾਂ ਨੂੰ ਤਿਆਗ ਸਮਾਜ ਭਲਾਈ ਦੇ ਕੰਮਾਂ ਵਿੱਚ ਜੁਟੇ ਰਹਿਣ ਅਤੇ ਆਪਣੇ ਵਤਨ ਖ਼ਾਤਰ ਕੀਤੀ ਕੁਰਬਾਨੀ ਵਿੱਚੋਂ ਨਿਕਲਦਾ ਹੈ। ਅਜਿਹੇ ਯੁੱਗਪੁਰਸ਼, ਸਮਾਜ ਲਈ ਯੁੱਗਦ੍ਰਿਸ਼ਟਾ ਬਣ, ਆਪਣੇ ਲੋਕਾਂ ਦੀ ਅਗਵਾਈ ਕਰਦੇ ਹਨ। ਇਤਿਹਾਸ ਦੇ ਵੱਖ-ਵੱਖ ਪੜਾਵਾਂ ਉੱਤੇ ਕੋਈ ਨਾ ਕੋਈ ਅਜਿਹਾ ਨਾਇਕ ਜ਼ਰੂਰ ਉੱਭਰਿਆ ਹੈ ਜਿਸ ਨੇ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਹੋਵੇ।
ਸ਼ਹੀਦ ਭਗਤ ਸਿੰਘ ਇੱਕ ਅਜਿਹਾ ਨਾਇਕ ਸੀ ਜੋ ਛੋਟੀ ਜਿਹੀ ਉਮਰ ਵਿੱਚ ਸਮਾਜ ਨੂੰ ਨਵਾਂ ਰਾਹ ਵਿਖਾ, ਕੁਦਰਤ ਦੀ ਗੋਦ ਵਿੱਚ ਕਿਧਰੇ ਸਮਾ ਗਿਆ। ਉਹ ਇੱਕ ਅਜਿਹਾ ਨੌਜਵਾਨ ਸੀ ਜਿਸਦੇ ਜਿਉਣ ਢੰਗ, ਵਿਚਾਰਧਾਰਾ, ਤਿਆਗ ਤੇ ਵਤਨ ਖ਼ਾਤਰ ਕੀਤੀ ਕੁਰਬਾਨੀ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਉਹ ਇੱਕ ਮਹਾਨ ਚਿੰਤਕ ਤੇ ਇਤਿਹਾਸ ਦਾ ਰੁਖ਼ ਬਦਲਣ ਵਾਲਾ ਯੁੱਗਪੁਰਸ਼ ਸੀ, ਜਿਸਨੇ ਕ੍ਰਾਂਤੀ ਲਈ ਨੌਜਵਾਨ ਪੀੜ੍ਹੀ ਨੂੰ ਲਾਮਬੰਦ ਕਰਕੇ ਦੇਸ਼ ਦੀ ਆਜ਼ਾਦੀ ਖਾਤਰ ਮਰ-ਮਿਟਣ ਲਈ ਉਨ੍ਹਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ਅਤੇ ਖੁਦ ਮੌਤ ਦੇ ਦਰਵਾਜ਼ੇ ਤੱਕ ਬੇਖੌਫ਼ ਰਹਿ ਕੇ ਇੱਕ ਮਿਸਾਲ ਪੈਦਾ ਕੀਤੀ।
ਨੌਜਵਾਨਾਂ ਨੂੰ ਆਜ਼ਾਦੀ ਦੀ ਜੰਗ ਵਿੱਚ ਲਿਆਉਣ ਲਈ ਭਗਤ ਸਿੰਘ ਤੇ ਸਾਥੀਆਂ ਨੇ ਦੇਸ਼ ਦੇ ਨੌਜਵਾਨਾਂ ਨਾਲ ਸੰਪਰਕ ਪੈਦਾ ਕੀਤਾ। ਉਨ੍ਹਾਂ ਵਿੱਚ ਇਨਕਲਾਬੀ ਸੋਚ ਪੈਦਾ ਕਰਨ ਲਈ, ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਵਿਭਿੰਨ ਨਾਂਵਾਂ ਨਾਲ, ਇਲਾਹਾਬਾਦ ਤੋਂ ਪ੍ਰਕਾਸ਼ਿਤ ਹੁੰਦੇ ‘ਚਾਂਦ’ ਦੇ ਫਾਂਸੀ ਅੰਕ ਵਿੱਚ ਇਨਕਲਾਬੀ ਸ਼ਹੀਦਾਂ ਦੀਆਂ ਜੀਵਨੀਆਂ ਛਪਾਉਣੀਆਂ ਸ਼ੁਰੂ ਕੀਤੀਆਂ। ਇਹ ਜੀਵਨੀਆਂ: ਸ਼ਹੀਦ ਕਰਤਾਰ ਸਿੰਘ ਸਰਾਭਾ, ਖੁਦੀ ਰਾਮ ਬੋਸ, ਕੂਕਾ ਅੰਦੋਲਨ ਦੇ ਸ਼ਹੀਦ, ਮਦਨ ਲਾਲ ਢੀਂਗਰਾ, ਭਾਈ ਭਾਗ ਸਿੰਘ, ਭਾਈ ਵਤਨ ਸਿੰਘ, ਮੇਵਾ ਸਿੰਘ, ਜਗਤ ਸਿੰਘ, ਸੋਹਣ ਲਾਲ ਪਾਠਕ, ਸੂਫ਼ੀ ਅੰਬਾ ਪ੍ਰਸਾਦ, ਰਾਜਿੰਦਰ ਨਾਥ ਲਹਿਰੀ, ਸ੍ਰੀ ਅਸ਼ਫਾਕੁੱਲਾ ਖਾਂ, ਰਾਮ ਪ੍ਰਸਾਦ ਬਿਸਮਿਲ ਆਦਿ ਸ਼ਹੀਦਾਂ ਦੀਆਂ ਸਨ। ਇਸ ਤਰ੍ਹਾਂ ਕੁਝ ਸਮੇਂ ਤੱਕ ਸਾਹਿਤ ਤੇ ਗੁਪਤ ਮੀਟਿੰਗਾਂ ਰਾਹੀਂ ਨੌਜਵਾਨਾਂ ਵਿੱਚ ਪ੍ਰਚਾਰ ਹੁੰਦਾ ਰਿਹਾ। ਪ੍ਰੰਤੂ 1926 ਵਿੱਚ “ਨੌਜਵਾਨ ਭਾਰਤ ਸਭਾ” ਦੀ ਸਥਾਪਨਾ ਕਰਕੇ, ਖੁੱਲ੍ਹ ਕੇ ਆਮ ਜਨਤਾ ਤੇ ਨੌਜਵਾਨਾਂ ਦੇ ਸੰਪਰਕ ਵਿੱਚ ਆਏ।
ਨੌਜਵਾਨ ਭਾਰਤ ਸਭਾ ਦਾ ਉਦੇਸ਼ ਪੂਰਨ ਆਜ਼ਾਦੀ ਅਤੇ ਕਿਸਾਨ-ਮਜ਼ਦੂਰ ਰਾਜ ਕਾਇਮ ਕਰਨਾ ਸੀ। ਸਭਾ ਨੇ ਸੰਪਰਦਾਇਕ ਏਕਤਾ ਦੀ ਆਵਾਜ਼ ਬੁਲੰਦ ਕੀਤੀ। ਇੱਕ ਨਵੇਂ ਰਾਸ਼ਟਰ ਦਾ ਨਿਰਮਾਣ ਕਰਨ ਲਈ ਨੌਜਵਾਨ ਸਭਾ ਨੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕਰ, ਭਾਰਤੀ ਏਕਤਾ ਦਾ ਸੰਦੇਸ਼ ਦਿੱਤਾ, ਜਿਸ ਵਿੱਚ ਜਾਤ-ਪਾਤ ਅਤੇ ਮਜ਼ਹਬੀ ਭੇਦ-ਭਾਵ ਤੋਂ ਦੂਰੀ ਬਣਾ ਕੇ, ਇੱਕ ਰਾਸ਼ਟਰ ਨਿਰਮਾਣ ਦੇ ਕਾਰਜ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਸੀ। ਨੌਜਵਾਨਾਂ ਵਿੱਚ ਉੱਚੀ ਸੋਚ ਪੈਦਾ ਕਰਨ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਪਹਿਲਾਂ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਵੋਹਰਾ, ਰਾਜਾ ਰਾਮ ਸ਼ਾਸਤਰੀ ਆਦਿ ਨੇ ਵਿਸ਼ਵ ਦੀਆਂ ਪ੍ਰਮੁੱਖ ਕ੍ਰਾਂਤੀਆਂ ਜਿਵੇਂ: ਰੂਸ, ਫਰਾਂਸ, ਆਇਰਲੈਂਡ, ਇਟਲੀ ਆਦਿ ਬਾਰੇ ਅਧਿਐਨ ਕੀਤਾ। ਇਸ ਤੋਂ ਇਲਾਵਾ ਵਿਗਿਆਨ, ਮਨੋਵਿਗਿਆਨ, ਦਰਸ਼ਨ ਆਦਿ ਬਾਰੇ ਵੀ ਪੜ੍ਹਿਆ, ਜਿਸ ਕਾਰਨ ਉਨ੍ਹਾਂ ਦੀ ਸੋਚ ਵਿਗਿਆਨਕ ਬਣੀ ਅਤੇ ਆਪਣੇ ਵਿਚਾਰਾਂ ਨੂੰ ਤਲਵਾਰ ਦੀ ਧਾਰ ਵਾਂਗ ਤਿੱਖੇ ਕੀਤਾ। ਇਹ ਪੁਸਤਕਾਂ ਜ਼ਿਆਦਾਤਰ ਨੈਸ਼ਨਲ ਕਾਲਜ ਲਾਹੌਰ ਦੀ ਦਵਾਰਕਾ ਦਾਸ ਲਾਇਬ੍ਰੇਰੀ ਅਤੇ ਰਾਮ ਕ੍ਰਿਸ਼ਨ ਐਂਡ ਸੰਨਜ਼ ਪਾਸੋਂ ਪ੍ਰਾਪਤ ਕੀਤੀਆਂ ਜਾਂਦੀਆਂ ਸਨ। ਰਾਜਾ ਰਾਮ ਸ਼ਾਸਤਰੀ ਦਵਾਰਕਾ ਦਾਸ ਲਾਇਬ੍ਰੇਰੀ ਦਾ ਲਾਈਬ੍ਰੇਰੀਅਨ ਸੀ, ਜੋ ਉਨ੍ਹਾਂ ਨੂੰ ਨਵੀਆਂ ਤੋਂ ਨਵੀਆਂ ਪੁਸਤਕਾਂ ਮੁਹੱਈਆ ਕਰਵਾਉਂਦਾ। ਇਨ੍ਹਾਂ ਨੌਜਵਾਨਾਂ ਵਿੱਚ ਕ੍ਰਾਂਤੀਕਾਰੀ ਸੋਚ ਪੈਦਾ ਕਰਨ ਲਈ ਲਾਹੌਰ ਦੇ ਨੈਸ਼ਨਲ ਕਾਲਜ ਦੇ ਅਧਿਆਪਕਾਂ, ਜਿਵੇਂ: ਆਚਾਰੀਆ ਜੁਗਲ ਕਿਸ਼ੋਰ, ਪ੍ਰਿੰਸੀਪਲ ਛਬੀਲ ਦਾਸ, ਭਾਈ ਪਰਮਾਨੰਦ ਅਤੇ ਜੈ ਚੰਦਰ ਵਿਦਿਆਲੰਕਾਰ ਆਦਿ ਦਾ ਵੀ ਮਹੱਤਵਪੂਰਨ ਯੋਗਦਾਨ ਸੀ।
ਭਗਤ ਸਿੰਘ ਨੌਜਵਾਨਾਂ ਨੂੰ ਅਸਲੀ ਕ੍ਰਾਂਤੀਕਾਰੀ ਦਾ ਸਬਕ ਸਿਖਾਉਂਦੇ ਹੋਏ ਕਹਿੰਦੇ ਹਨ, “ਦੁਸ਼ਮਣ ਦੇ ਕਬਜ਼ੇ ਵਿੱਚ ਆਉਣ ਤੋਂ ਬਾਅਦ ਜ਼ੁਲਮ ਸਹਿ ਕੇ ਆਪਣੇ ਉਦੇਸ਼ ਪ੍ਰਤੀ ਨਿਡਰ ਅਤੇ ਦ੍ਰਿੜ੍ਹ ਰਹਿਣਾ ਹੀ ਅਸਲੀ ਕ੍ਰਾਂਤੀਕਾਰੀ ਦਾ ਗੁਣ ਹੈ।” ਦੂਸਰਾ ਉਨ੍ਹਾਂ ਅਨੁਸਾਰ “ਕ੍ਰਾਂਤੀ ਕੇਵਲ ਹਥਿਆਰਬੰਦ ਨਹੀਂ ਹੁੰਦੀ, ਬਲਕਿ ਪੁਰਾਣੇ ਸਮਾਜਿਕ ਢਾਂਚੇ ਵਿੱਚ ਤਬਦੀਲੀ ਕਰ ਉਸ ਨੂੰ ਨਵੇਂ ਤੇ ਤਰੱਕੀ ਵਾਲੇ ਰਾਹ ’ਤੇ ਤੋਰਨਾ ਹੁੰਦਾ ਹੈ।” ਦਰਅਸਲ ਉਹ ਅਜਿਹਾ ਸਮਾਜ ਚਾਹੁੰਦੇ ਸਨ, ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਅਜਿਹਾ ਸਮਾਜ ਜਿਸ ਵਿੱਚ ਨਾ ਕੋਈ ਦਾਨ ਦੇਣ ਵਾਲਾ ਅਤੇ ਨਾ ਕੋਈ ਦਾਨ ਲੈਣ ਵਾਲਾ ਹੋਵੇ, ਭਾਵ ਸਮਾਜਵਾਦ ਆਧਾਰਿਤ ਬਰਾਬਰੀ ਵਾਲਾ ਸਮਾਜ ਉਨ੍ਹਾਂ ਦਾ ਸੁਪਨਾ ਸੀ। ਕ੍ਰਾਂਤੀ ਲਈ ਉਨ੍ਹਾਂ ਨੇ ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਘਰਸ਼ ਵਿੱਚ ਕੁੱਦਣ ਲਈ ਪ੍ਰੇਰਿਤ ਕੀਤਾ। ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਉਹ ਕਹਿੰਦੇ ਸਨ “ਇਨਕਲਾਬੀਆਂ ਨੂੰ ਕੇਵਲ ਉਪਦੇਸ਼ ਹੀ ਨਹੀਂ ਦੇਣਾ ਚਾਹੀਦਾ, ਬਲਕਿ ਖੁਦ ਬਲਿਦਾਨ ਦੇ ਕੇ ਦੂਸਰਿਆਂ ਲਈ ਮਿਸਾਲ ਬਣਨਾ ਚਾਹੀਦਾ ਹੈ।” ਇਸ ਸੰਘਰਸ਼ ਦੌਰਾਨ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਵਿਸ਼ਵ ਦੀ ਸਭ ਤੋਂ ਵੱਡੀ ਸਾਮਰਾਜਵਾਦੀ ਸ਼ਕਤੀ ਨਾਲ ਟੱਕਰ ਲਈ। ਇਨ੍ਹਾਂ ਨੌਜਵਾਨਾਂ ਨੇ ਬ੍ਰਿਟਿਸ਼ ਸਰਕਾਰ ਦੀ ਦਮਨਕਾਰੀ ਤੇ ਅੱਤਿਆਚਾਰੀ ਨੀਤੀ ਦਾ ਡਟ ਕੇ ਸਾਹਮਣਾ ਕੀਤਾ। ਜੇਲ ਵਿੱਚ, ਆਪਣੀਆਂ ਮੰਗਾਂ ਮਨਵਾਉਣ ਲਈ, ਭੁੱਖ ਹੜਤਾਲ ਕੀਤੀ ਅਤੇ ਅੰਗਰੇਜ਼ੀ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਭੁੱਖ ਹੜਤਾਲ ਸਮੇਂ ਇਨ੍ਹਾਂ ਨੌਜਵਾਨਾਂ ਉੱਤੇ ਬਹੁਤ ਅੱਤਿਆਚਾਰ ਹੋਇਆ ਜਿਸ ਕਾਰਨ ਜਤਿਨ ਦਾਸ ਵਰਗੇ, ਮਹਾਨ ਯੋਧੇ, ਵੀਰਗਤੀ ਨੂੰ ਪ੍ਰਾਪਤ ਹੋਏ। ਪ੍ਰੰਤੂ ਅੱਤਿਆਚਾਰੀ ਸਰਕਾਰ ਅੱਗੇ ਝੁਕੇ ਨਹੀਂ। ਦਰਅਸਲ ਇਨ੍ਹਾਂ ਨੌਜਵਾਨਾਂ ਦੀ ਸੋਚ ਸੀ ਕਿ ਅਸੀਂ ਬ੍ਰਿਟਿਸ਼ ਹਕੂਮਤ ਦੀ ਦਮਨਕਾਰੀ ਨੀਤੀ ਜ਼ਰੀਏ ਕੁਰਬਾਨ ਹੋਵਾਂਗੇ ਤਾਂ ਜੋ ਦੇਸ਼ ਦੇ ਅਵਾਮ ਵਿੱਚ ਨਵਾਂ ਜੋਸ਼ ਪੈਦਾ ਹੋਵੇ, ਜਿਸ ਨਾਲ ਬ੍ਰਿਟਿਸ਼ ਸਾਮਰਾਜ ਢਹਿਢੇਰੀ ਹੋਵੇਗਾ ਅਤੇ ਦੇਸ਼ ਆਜ਼ਾਦ ਹੋ ਜਾਵੇਗਾ। ਇਸ ਤਰ੍ਹਾਂ ਸ਼ਹੀਦ ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਕੁਰਬਾਨੀ ਨੇ ਜਨਤਾ ਵਿੱਚ ਅਜਿਹਾ ਜੋਸ਼ ਪੈਦਾ ਕੀਤਾ ਕਿ ਉਨ੍ਹਾਂ ਦੀ ਸ਼ਹੀਦੀ ਤੋਂ ਲਗਭਗ 16 ਸਾਲ ਬਾਅਦ ਹੀ ਭਾਰਤ ਵਿੱਚੋਂ ਬ੍ਰਿਟਿਸ਼ ਹਕੂਮਤ ਦਾ ਸਫਾਇਆ ਹੋ ਗਿਆ।
ਅੱਜ ਬਸਤੀਵਾਦੀ ਰਾਜ ਤੋਂ ਆਜ਼ਾਦ ਹੋਏ ਸੱਤ ਦਹਾਕੇ ਬੀਤ ਚੁੱਕੇ ਹਨ, ਪ੍ਰੰਤੂ ਸ਼ਹੀਦਾਂ ਦੀ ਸੋਚ ਵਾਲਾ ਸਮਾਜ ਅਜੇ ਤੱਕ ਵੀ ਸਿਰਜਿਆ ਨਹੀਂ ਜਾ ਸਕਿਆ। ਅੱਜ ਵੀ ਦੇਸ਼ ਗ਼ਰੀਬੀ ਦੀ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਵਿੱਚ ਦਾਨ ਦੇਣ ਵਾਲੇ ਵੀ ਹਨ ਅਤੇ ਦਾਨ ਲੈਣ ਵਾਲੇ ਵੀ ਹਨ। ਮਨੁੱਖ ਹੱਥੋਂ ਮਨੁੱਖ ਦੀ ਲੁੱਟ, ਧਰਮ, ਜਾਤ, ਤੇ ਨਸਲੀ ਭੇਦ-ਭਾਵ ਦੇ ਨਾਂਅ ਉੱਤੇ ਵੰਡੀਆਂ, ਦੰਗੇ, ਕਤਲੇਆਮ ਆਦਿ ਆਮ ਵਰਤਾਰਾ ਬਣ ਕੇ ਰਹਿ ਗਿਆ ਹੈ। ਨਸ਼ਾ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਭੁੱਖਮਰੀ ਅਤੇ ਕੁਪੋਸ਼ਣ ਜਿਹੀਆਂ ਬਿਮਾਰੀਆਂ ਨਾਲ ਲੋਕ ਮੰਦਹਾਲ ਹਨ। ਅੱਜ ਸੰਵਿਧਾਨਕ ਸੰਸਥਾਵਾਂ ਉੱਤੇ ਹਾਕਮ ਧਿਰਾਂ ਵੱਲੋਂ ਕਬਜ਼ਾ ਕੀਤਾ ਜਾ ਚੁੱਕਾ ਹੈ ਅਤੇ ਨਾਗਰਿਕਤਾ ਸੋਧ ਜਿਹੇ ਗ਼ੈਰ-ਸੰਵਿਧਾਨਕ ਕਾਨੂੰਨ ਪਾਸ ਕਰਕੇ ਲੋਕਾਂ ਉੱਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ, ਜਿਸ ਕਾਰਨ ਆਮ ਆਦਮੀ ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਮਹਿਸੂਸ ਕਰ ਰਿਹਾ ਹੈ। ਦੂਸਰਾ, ਸਰਕਾਰੀ ਸਹਿਯੋਗ ਨਾਲ ਕਾਰਪੋਰੇਟ ਘਰਾਣਿਆਂ ਵੱਲੋਂ ਆਰਥਿਕ ਸੋਮਿਆਂ ਦੀ ਅੰਨ੍ਹੀ ਲੁੱਟ ਕਾਰਨ ਵਾਤਾਵਰਨ ਦੀ ਬਰਬਾਦੀ ਹੋ ਰਹੀ ਹੈ ਅਤੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਕਿਸਾਨ, ਮਜ਼ਦੂਰ, ਛੋਟੇ ਵਪਾਰੀ, ਸਿੱਖਿਆ ਪ੍ਰਾਪਤ ਕਰ ਚੁੱਕੇ ਅਤੇ ਪ੍ਰਾਪਤ ਕਰ ਰਹੇ ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਕੀਤਿਆਂ ਜਾ ਰਹੀਆਂ ਹਨ। ਦੇਸ਼ ਦੀ ਅਜਿਹੀ ਹਾਲਤ ਹੋਣ ਦੇ ਬਾਵਜੂਦ ਵੀ ਹਾਕਮ ਧਿਰਾਂ ਸਭ ਕੁਝ ਅੱਛਾ ਹੋਣ ਦਾ ਰਾਗ ਅਲਾਪ ਰਹੀਆਂ ਹਨ। ਇਹ ਸਭ ਵੇਖ, ਕੋਈ ਵੀ ਸੂਝਵਾਨ ਸੋਚ ਸਕਦਾ ਹੈ ਕਿ ਕੀ ਅਸੀਂ ਆਜ਼ਾਦ ਦੇਸ਼ ਦੇ ਬਾਸ਼ਿੰਦੇ ਹਾਂ? ਕੀ ਜਿਨ੍ਹਾਂ ਲੋਕਾਂ ਦੀ ਹਾਲਤ ਸੁਧਾਰਨ ਲਈ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ, ਉਹ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਨਾਂਹ ਵਿੱਚ ਹੈ ਕਿਉਂਕਿ ਸ਼ਹੀਦਾਂ ਦੀ ਸੋਚ ਵਾਲਾ ਸਮਾਜ ਅਜੇ ਤੱਕ ਵੀ ਨਹੀਂ ਬਣ ਸਕਿਆ। ਅੱਜ ਸਾਡੇ ਨੌਜਵਾਨਾਂ ਨੂੰ, ਸੋਚੀ ਸਮਝੀ ਸਾਜਿਸ਼ ਅਧੀਨ, ਨਸ਼ਿਆਂ, ਗੈਂਗਸਟਰਾਂ, ਕੁਰਾਹੇ ਪਾਉਣ ਵਾਲੇ ਗੀਤ ਅਤੇ ਫਿਲਮਾਂ, ਮਹਿੰਗੇ ਮੋਬਾਇਲ, ਮਹਿੰਗੀਆਂ ਕੋਠੀਆਂ, ਕਾਰਾਂ ਆਦਿ ਵਿੱਚ ਉਲਝਾ ਦਿੱਤਾ ਗਿਆ ਹੈ। ਬੁਲਟ ਦੇ ਪਟਾਕੇ ਪਾਉਂਦੇ ਹੋਏ ਨੌਜਵਾਨ ਬਾਜ਼ਾਰਾਂ ਵਿੱਚ ਹੁੱਲ੍ਹੜਬਾਜ਼ੀ ਕਰਦੇ ਹੋਏ ਆਮ ਹੀ ਦੇਖੇ ਜਾ ਸਕਦੇ ਹਨ। ਟਰੈਕਟਰਾਂ ਉੱਤੇ ਵੱਡੇ ਸਪੀਕਰ ਉੱਚੀ ਆਵਾਜ਼ ਵਿੱਚ ਲਗਾ ਕੇ ਸੜਕਾਂ ਉੱਤੇ ਭਜਾਉਂਦੇ ਹਨ। ਆਪਣਾ ਭਵਿੱਖ ਬਣਾਉਣ ਲਈ ਨੌਜਵਾਨ ਆਪਣੀ ਜਨਮ ਭੂਮੀ ਅਤੇ ਬਿਰਧ ਮਾਂ-ਪਿਓ ਨੂੰ ਛੱਡ ਬਾਹਰਲੇ ਮੁਲਕਾਂ ਵੱਲ ਦੌੜ ਰਹੇ ਹਨ। ਦੇਸ਼ ਦੇ ਨੌਜਵਾਨ ਹੀ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹਾਂ ਉੱਤੇ ਤੋਰਦੇ ਹਨ, ਪ੍ਰੰਤੂ ਜੇਕਰ ਸਾਡੀ ਜਵਾਨੀ ਹੀ ਗਲਤ ਰਾਹ ਪੈ ਗਈ ਤਾਂ ਸਾਡੇ ਦੇਸ਼ ਦੀ ਹਾਲਤ ਕੀ ਹੋਵੇਗੀ?
ਅੱਜ ਸਾਡੇ ਦੇਸ਼ ਦੀ ਨਿੱਘਰ ਚੁੱਕੀ ਹਾਲਤ ਨੂੰ ਸੁਧਾਰਨ ਲਈ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੀ ਅਗਵਾਈ ਕਰ ਸਕਦਾ ਹੈ। ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ, ਵਿਚਾਰਧਾਰਾ, ਉਸ ਦੁਆਰਾ ਆਪਣੇ ਦੇਸ਼ ਲਈ ਕੀਤੇ ਕਾਰਜ, ਤਿਆਗ ਤੇ ਕੁਰਬਾਨੀ ਤੋਂ ਸੇਧ ਲੈਣੀ ਚਾਹੀਦੀ ਹੈ। ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਸਾਹਿਤ ਅਤੇ ਅਖ਼ਬਾਰਾਂ ਨਾਲ ਜੁੜ ਕੇ ਵਿਸ਼ਵ ਦੀ ਹਰੇਕ ਘਟਨਾ ਉੱਤੇ ਬਾਜ਼ ਵਾਲੀ ਅੱਖ ਰੱਖਦੇ ਸਨ, ਆਪਣੀਆਂ ਲਿਖਤਾਂ ਅਤੇ ਤਕਰੀਰਾਂ ਦੁਆਰਾ ਨੌਜਵਾਨਾਂ ਵਿੱਚ ਨਵਾਂ ਜੋਸ਼ ਪੈਦਾ ਕਰਦੇ ਸਨ; ਉਸ ਤਰ੍ਹਾਂ ਹੀ ਸੂਝਵਾਨ ਤੇ ਸੰਘਰਸ਼ਸ਼ੀਲ ਨੌਜਵਾਨਾਂ ਨੂੰ ਸਾਹਿਤ ਤੇ ਅਖ਼ਬਾਰਾਂ ਨਾਲ ਜੁੜ ਕੇ ਆਪਣੇ ਦੇਸ਼ ਅਤੇ ਵਿਦੇਸ਼ ਦੀ ਹਰੇਕ ਸਥਿਤੀ ਨੂੰ ਸਮਝਦੇ ਹੋਏ, ਆਪਣੀਆਂ ਲਿਖਤਾਂ ਅਤੇ ਤਕਰੀਰਾਂ ਦੁਆਰਾ ਨੌਜਵਾਨਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ। ਦੇਸ਼ ਦੀ ਅਜੋਕੀ ਹਾਲਤ ਨੂੰ ਸਮਝਦੇ ਹੋਏ ਨੌਜਵਾਨਾਂ ਨੂੰ ਆਰਥਿਕ ਤੇ ਰਾਜਨੀਤਕ ਬਰਾਬਰੀ ਲਈ, ਸੂਝਵਾਨਾਂ, ਲੇਖਕਾਂ, ਬੁੱਧੀਜੀਵੀਆਂ ਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਆਗੂਆਂ ਦਾ ਸਹਿਯੋਗ ਲੈ ਕੇ, ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਚਾਹੀਦੀ ਹੈ; ਤਦ ਹੀ ਸ਼ਹੀਦਾਂ ਦੀ ਸੋਚ ਵਾਲਾ ਸਮਾਜ ਉਸਾਰਿਆ ਜਾ ਸਕਦਾ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2014)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)