“ਇਹ ਲੋਕ ਸਾਡੇ ਭਲੇ ਲਈ ਹੀ ਲੜ ਰਹੇ ਹਨ ਤਾਂ ਜੋ ਅਸੀਂ ...”
(30 ਅਪਰੈਲ 2020)
ਅੱਜ ਸਾਰੀ ਦੁਨੀਆਂ ਕਰੋਨਾ ਮਹਾਂਮਾਰੀ ਕਾਰਨ ਮੁਸ਼ਕਿਲ ਭਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਚੀਨ ਦੇ ਹੁਬਈ ਰਾਜ ਦੇ ਵੁਹਾਨ ਸ਼ਹਿਰ ਤੋਂ ਚੱਲੀ ਇਹ ਬਿਮਾਰੀ ਅੱਜ ਵਿਸ਼ਵ ਦੇ ਹਰ ਕੋਨੇ ਵਿੱਚ ਦਸਤਕ ਦੇ ਚੁੱਕੀ ਹੈ। ਇਸ ਬੀਮਾਰੀ ਕਾਰਨ ਲੱਖਾਂ ਲੋਕ ਪੀੜਤ ਹੋਏ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਇਹ ਸਤਰਾਂ ਲਿਖੇ ਜਾਣ ਤਕ ਵਿਸ਼ਵ ਵਿੱਚ ਇਸ ਮਹਾਂਮਾਰੀ ਤੋਂ ਪੀੜਤ ਕੁਲ ਵਿਅਕਤੀ 3247648 ਅਤੇ ਮਰਨ ਵਾਲਿਆਂ ਦੀ ਗਿਣਤੀ 230614 ਹੈ। ਭਾਰਤ ਵਿੱਚ ਹੁਣ ਤਕ 33610 ਪੀੜਤ ਅਤੇ 1075 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਬਿਮਾਰੀ ਦਾ ਇਲਾਜ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ ਜਿਸ ਵਿੱਚ ਅਜੇ ਤਕ ਸਫਲਤਾ ਨਹੀਂ ਮਿਲੀ। ਆਸ ਹੈ ਕਿ ਇਸ ਬਿਮਾਰੀ ਦਾ ਇਲਾਜ ਜਲਦੀ ਲੱਭ ਲਿਆ ਜਾਵੇਗਾ।
ਕੋਰੋਨਾ ਦੇ ਤੇਜ਼ੀ ਨਾਲ ਹੋ ਰਹੇ ਫੈਲਾਅ ਅਤੇ ਵੈਕਸੀਨ ਦੀ ਖੋਜ ਨਾ ਹੋਣ ਕਾਰਨ ਇਸਦਾ ਇੱਕੋ ਇੱਕ ਹੱਲ ਜਨਤਕ ਦੂਰੀ ਹੈ। ਇਸ ਲਈ ਸਾਰੇ ਮੁਲਕ ਵਿੱਚ ਜਨਤਕ ਦੂਰੀ ਬਣਾਈ ਰੱਖਣ ਲਈ ਕਰਫਿਊ ਲੱਗਾ ਹੋਇਆ ਹੈ ਤਾਂ ਜੋ ਇਹ ਬਿਮਾਰੀ ਲੋਕਾਂ ਵਿੱਚ ਵੱਡੇ ਪੱਧਰ ’ਤੇ ਨਾ ਫੈਲ ਸਕੇ। ਇਸ ਸਮੇਂ ਤਾਲਾਬੰਦੀ ਕਾਰਨ ਸਭ ਲੋਕ ਘਰਾਂ ਵਿੱਚ ਬੰਦ ਹਨ। ਲੋਕਾਂ ਦੀ ਸੁਰੱਖਿਆ ਲਈ ਤਾਲਾਬੰਦੀ ਨੂੰ ਸਖ਼ਤੀ ਨਾਲ ਬਣਾਈ ਰੱਖਣ, ਪੀੜਤ ਲੋਕਾਂ ਦਾ ਇਲਾਜ ਕਰਨ, ਲੋਕਾਂ ਲਈ ਜ਼ਰੂਰੀ ਸਹੂਲਤਾਂ ਜਾਰੀ ਰੱਖਣ, ਉਨ੍ਹਾਂ ਤਕ ਖਾਣਾ ਪਹੁੰਚਾਉਣ ਅਤੇ ਉਨ੍ਹਾਂ ਦੇ ਮਾਨਸਿਕ ਪੱਧਰ ਨੂੰ ਲਗਾਤਾਰ ਬਣਾਈ ਰੱਖਣ ਲਈ ਬਹੁਤ ਸਾਰੇ ਕਰਮਚਾਰੀ, ਡਾਕਟਰ, ਮੁਲਾਜ਼ਮ, ਅਖ਼ਬਾਰੀ ਅਦਾਰੇ ਅਤੇ ਸੁਹਿਰਦ ਲੋਕ ਜਾਂ ਜਥੇਬੰਦੀਆਂ ਆਪਣੀ ਬਣਦੀ ਭੂਮਿਕਾ ਨਿਭਾ ਰਹੀਆਂ ਹਨ। ਕਰੋਨਾ ਵਿਰੁੱਧ ਜੰਗ ਲੜ ਰਹੇ ਇਨ੍ਹਾਂ ਯੋਧਿਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਫਿਰ ਵੀ ਇਹ ਆਪਣੇ ਫਰਜ਼ ਤਨ, ਮਨ ਅਤੇ ਧਨ ਨਾਲ ਨਿਭਾ ਰਹੇ ਹਨ। ਇਸ ਸਮੇਂ ਸਭ ਤੋਂ ਵੱਡੀ ਜ਼ਿੰਮੇਦਾਰੀ ਡਾਕਟਰਾਂ ਦੀ ਬਣੀ ਹੋਈ ਹੈ, ਜੋ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਵੀ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਜੰਗ ਵਿਰੁੱਧ ਲੜ ਰਹੇ ਦੇਸ਼ਾਂ ਦੇ ਬਹੁਤ ਸਾਰੇ ਡਾਕਟਰ ਅਤੇ ਨਰਸਾਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਭਾਰਤ ਵਿੱਚ ਸੁਰੱਖਿਆ ਦੀ ਘਾਟ ਦੇ ਬਾਵਜੂਦ ਵੀ ਡਾਕਟਰ ਅਤੇ ਨਰਸਾਂ ਇਸ ਜੰਗ ਵਿਰੁੱਧ ਜੂਝ ਰਹੇ ਹਨ। ਇਨ੍ਹਾਂ ਜੰਗੀ ਯੋਧਿਆਂ ਦੀ ਬਹਾਦਰੀ ਨੂੰ ਵੇਖ ਕੇ ਸਾਡਾ ਸਿਰ ਇਹਨਾਂ ਲੋਕਾਂ ਦੇ ਸਨਮਾਨ ਵਿੱਚ ਝੁਕ ਜਾਂਦਾ ਹੈ।
ਡਾਕਟਰਾਂ ਦੀ ਇਸ ਵੱਡੀ ਕੁਰਬਾਨੀ ਦੇ ਬਾਵਜੂਦ ਵੀ ਕਈ ਸਥਾਨਾਂ ’ਤੇ ਘੱਟੀਆ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਇਨ੍ਹਾਂ ਨਾਲ ਕੀਤੇ ਦੁਰਵਿਵਹਾਰ ਦੀਆਂ ਘਟਨਾਵਾਂ ਵਾਪਰੀਆਂ ਹਨ। ਮਿਸਾਲ ਦੇ ਤੌਰ ’ਤੇ ਕਰੋਨਾ ਜੰਗ ਵਿਰੁੱਧ ਲੜਦੇ ਹੋਏ ਚੇਨਈ ਦੇ ਡਾਕਟਰ ਸੀਮੋਨ ਹਰਕੁਲੀਜ ਦੀ ਮੌਤ ਤੋਂ ਬਾਅਦ ਉਸ ਨੂੰ ਅੰਤਿਮ ਸੰਸਕਾਰ ਲਈ ਲੈ ਕੇ ਜਾ ਰਹੀ ਐਂਬੂਲੈਂਸ ’ਤੇ 300 ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵੱਲ ਵੇਖ ਕੇ ਮਨੁੱਖਤਾ ਸ਼ਰਮਸਾਰ ਹੋ ਜਾਂਦੀ ਹੈ ਕਿ ਸਾਡੇ ਦੇਸ਼ ਵਿੱਚ ਅਜਿਹੇ ਅਨਸਰ ਵੀ ਹਨ, ਜੋ ਕਿਸੇ ਦੀ ਸਮਾਜ ਲਈ ਕੀਤੀ ਕੁਰਬਾਨੀ ਦਾ ਮੁੱਲ ਨਹੀਂ ਜਾਣਦੇ। ਇਸ ਤੋਂ ਇਲਾਵਾ ਹੋਰ ਵੀ ਡਾਕਟਰਾਂ ’ਤੇ ਹਮਲੇ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਦੂਸਰਾ, ਤਾਲਾਬੰਦੀ ਨੂੰ ਲਗਾਤਾਰ ਸਖਤੀ ਨਾਲ ਬਣਾਈ ਰੱਖਣ ਲਈ ਪੁਲਿਸ ਮਹਿਕਮੇ ਦੀ ਵੀ ਵੱਡੀ ਭੂਮਿਕਾ ਹੈ। ਇਹ ਮੁਲਾਜ਼ਮ ਲੋਕਾਂ ਨੂੰ ਘਰਾਂ ਵਿੱਚ ਸੁੱਕਾ ਰਾਸ਼ਨ ਅਤੇ ਲੰਗਰ ਵੀ ਪਹੁੰਚਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਵੀ ਇਸ ਜੰਗ ਨਾਲ ਜੂਝਦੇ ਹੋਏ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਵਾਪਰੀ ਇੱਕ ਘਟਨਾ ਵਿੱਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਏਐੱਸਆਈ ਦਾ ਹੱਥ ਕੱਟ ਦਿੱਤਾ ਗਿਆ, ਜੋ ਕਿ ਇੱਕ ਅਤਿ ਨਿੰਦਣਯੋਗ ਘਟਨਾ ਹੈ।
ਇਸ ਤੋਂ ਇਲਾਵਾ ਇਹ ਲੋਕ ਪਬਲਿਕ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਬਿਮਾਰੀ ਦੀ ਲਪੇਟ ਵਿੱਚ ਵੀ ਆ ਰਹੇ ਹਨ। ਇਸ ਦੀ ਮਿਸਾਲ ਏਸੀਪੀ ਕੋਹਲੀ ਹਨ, ਜਿਨ੍ਹਾਂ ਦੀ ਲੁਧਿਆਣਾ ਵਿੱਚ ਕਰੋਨਾ ਬਿਮਾਰੀ ਕਾਰਨ ਮੌਤ ਹੋ ਗਈ। ਅਸੀਂ ਅਖ਼ਬਾਰ ਦੇ ਅਦਾਰਿਆਂ ਦੀ ਮੁੱਖ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਇਹ ਅਦਾਰੇ ਇਸ ਸਮੇਂ ਆਰਥਿਕ ਮੰਦੀ ਨਾਲ ਜੂਝ ਰਹੇ ਹਨ; ਜਿਸ ਕਾਰਨ ਇਨ੍ਹਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਵੀ ਨਹੀਂ ਮਿਲੀਆਂ। ਫਿਰ ਵੀ ਇਹ ਲੋਕ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਘਰ-ਘਰ ਤਕ ਅਖ਼ਬਾਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਖਬਾਰਾਂ ਸਾਡੇ ਵਿਹਲੇ ਸਮੇਂ ਨੂੰ ਬਿਤਾਉਣ ਅਤੇ ਮਾਨਸਿਕ ਤਣਾਉ ਨੂੰ ਦੂਰ ਕਰਨ ਲਈ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਇਸ ਤਰ੍ਹਾਂ ਸਮਾਜ ਨੂੰ ਤਣਾਉ ਮੁਕਤ ਕਰਨ ਅਤੇ ਸਹੀ ਖ਼ਬਰਾਂ ਪਹੁੰਚਾਉਣ ਲਈ ਇਨ੍ਹਾਂ ਦਾ ਵੱਡਾ ਰੋਲ ਹੈ। ਇਨ੍ਹਾਂ ਅਦਾਰਿਆਂ ਵਿਰੁੱਧ ਵੀ ਸਮਾਜ ਵਿੱਚ ਸ਼ਰਾਰਤੀ ਅਨਸਰ ਅਫਵਾਹਾਂ ਫੈਲਾਉਣ ਤੋਂ ਨਹੀਂ ਰੁਕਦੇ। ਸੋਸ਼ਲ ਮੀਡੀਆ ’ਤੇ ਇਹ ਅਫਵਾਹ ਫੈਲਾ ਦਿੱਤੀ ਗਈ ਹੈ ਕਿ ਅਖ਼ਬਾਰ ਨਾਲ ਕਰੋਨਾ ਫੈਲਦਾ ਹੈ, ਜਦੋਂ ਕਿ ਵਿਸ਼ਵ ਦੇ ਮਾਹਰ ਡਾਕਟਰਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਅਫ਼ਵਾਹ ਬਿਲਕੁਲ ਝੂਠੀ ਹੈ। ਉਨ੍ਹਾਂ ਅਨੁਸਾਰ ਅਖ਼ਬਾਰੀ ਕਾਗਜ਼ ’ਤੇ ਕਰੋਨਾ ਨਹੀਂ ਫੈਲ ਸਕਦਾ। ਇਸ ਲਈ ਸਾਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਕਰੋਨਾ ਵਿਰੁੱਧ ਸਮਾਜ ਦੇ ਭਲੇ ਲਈ ਕੰਮ ਕਰ ਰਹੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਾਂ ਸੁਹਿਰਦ ਲੋਕੀਂ ਹਨ ਜਿਹੜੇ ਘਰ-ਘਰ ਗਰੀਬ ਲੋਕਾਂ ਤਕ ਲੰਗਰ ਪਹੁੰਚਾ ਰਹੇ ਹਨ। ਇਨ੍ਹਾਂ ਵਿੱਚ ਸਿੱਖ ਜਥੇਬੰਦੀਆਂ ਦੀ ਖਾਸ ਭੂਮਿਕਾ ਹੈ ਜੋ ਸਾਰੇ ਵਿਸ਼ਵ ਵਿੱਚ ਲੰਗਰ ਲਾ ਕੇ ਜਾਂ ਸੁੱਕਾ ਰਾਸ਼ਨ ਪਹੁੰਚਾ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਅਸੀਂ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਵੀ ਅਣਗੌਲਿਆ ਨਹੀਂ ਕਰ ਸਕਦੇ, ਜੋ ਬਿਜਲੀ ਨੂੰ ਲਗਾਤਾਰ ਚੱਲਦੀ ਬਣਾਈ ਰੱਖਣ ਲਈ ਹਰ ਸਮੇਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ। ਬਲਾਕ ਸੰਮਤੀ ਦੇ ਕਰਮਚਾਰੀ ਜਿਵੇਂ ਬੀਡੀਪੀਓ ਅਤੇ ਪਿੰਡਾਂ ਦੇ ਸਰਪੰਚ ਲੋਕਾਂ ਨੂੰ ਰਾਸ਼ਨ ਵੰਡਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਅਧਿਆਪਕ, ਆਂਗਨਵਾੜੀ ਵਰਕਰ, ਹੈਲਪਰ, ਆਸ਼ਾ ਵਰਕਰ ਆਦਿ ਵੀ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਬਿਮਾਰੀ ਤੋਂ ਸੁਰੱਖਿਆ ਲਈ ਜਾਗਰੂਕ ਕਰ ਰਹੇ ਹਨ।
ਅਸੀਂ ਉਪਰੋਕਤ ਸਾਰੇ ਮਹਾਂਮਾਰੀ ਵਿਰੁੱਧ ਜੰਗ ਲੜ ਰਹੇ ਯੋਧਿਆਂ ਨੂੰ ਸਲਾਮ ਕਰਦੇ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਧੰਨਵਾਦ ਕਰਨਾ ਚਾਹੁੰਦੇ ਹਨ, ਜੋ ਇਨ੍ਹਾਂ ਯੋਧਿਆਂ ਦਾ ਹਰ ਪੱਖੋਂ ਸਹਿਯੋਗ ਕਰ ਰਹੇ ਹਨ। ਜੋ ਲੋਕ ਇਨ੍ਹਾਂ ਦਾ ਸਹਿਯੋਗ ਕਰਨ ਤੋਂ ਕੰਨੀ ਕਤਰਾਉਂਦੇ ਹਨ, ਅਸੀਂ ਉਨ੍ਹਾਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਨ੍ਹਾਂ (ਕਰੋਨਾ ਜੰਗ ਦੇ ਯੋਧਿਆਂ) ਲੋਕਾਂ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਇਨ੍ਹਾਂ ਵਿਰੁੱਧ ਕੋਈ ਗਲਤ ਅਫਵਾਹ ਨਾ ਫੈਲਾਈ ਜਾਏ, ਸਗੋਂ ਹਰ ਪੱਖੋਂ ਉਨ੍ਹਾਂ ਦਾ ਸਹਿਯੋਗ ਕੀਤਾ ਜਾਏ; ਕਿਉਂਕਿ ਇਹ ਲੋਕ ਸਾਡੇ ਭਲੇ ਲਈ ਹੀ ਲੜ ਰਹੇ ਹਨ ਤਾਂ ਜੋ ਅਸੀਂ ਸੁਰੱਖਿਅਤ ਰਹਿ ਸਕੀਏ ਅਤੇ ਇਸ ਮਹਾਂਮਾਰੀ ਦੀ ਵਲਗਣ ਵਿੱਚ ਆਉਣ ਤੋਂ ਬਚ ਜਾਈਏ। ਇਸ ਲਈ ਆਓ, ਸਭ ਮਿਲ ਕੇ ਇਨ੍ਹਾਂ ਜੰਗੀ ਯੋਧਿਆਂ ਨੂੰ ਝੁਕ ਕੇ ਸਲਾਮ ਕਰੀਏ ਅਤੇ ਇਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਰੋਨਾ ਮਹਾਂਮਾਰੀ ਵਿਰੁੱਧ ਜੰਗ ਜਿੱਤੀਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2091)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)