“ਅੱਜ ਸਾਨੂੰ ਰਲ-ਮਿਲ ਕੇ ਆਪਣੇ ਹੱਕਾਂ ਲਈ, ਲੋਕ-ਪੱਖੀ ਖੁਸ਼ਹਾਲੀ, ਦੇਸ਼ ਦੀ ਖੁਸ਼ਹਾਲੀ ...”
(7 ਜੁਲਾਈ 2019)
ਪੂੰਜੀਵਾਦੀ ਨਿਜ਼ਾਮ ਅੱਜ ਹਰ ਥਾਂ ਆਪਣੇ ਪੈਰ ਪਸਾਰ ਚੁੱਕਾ ਹੈ। ਜਿੱਥੇ ਵੀ ਇਸਨੇ ਆਪਣੇ ਪੈਰ ਜਮਾਏ, ਉੱਥੇ ਹੀ ਦੇਸ਼ ਦੀਆਂ ਸਰਕਾਰਾਂ ਨਾਲ ਮਿਲ ਕੇ ਲੋਕਾਂ ਨੂੰ ਗ਼ਰੀਬੀ ਦੇ ਜੰਜਾਲ ਵੱਲ ਧੱਕਿਆ ਅਤੇ ਦੇਸ਼ਾਂ ਦੇ ਲੋਕਾਂ ਨੂੰ ਅੰਧ-ਰਾਸ਼ਟਰਵਾਦ ਦੇ ਨਾਂ ’ਤੇ ਗੁਮਰਾਹ ਕਰਕੇ ਇੱਕ ਰਾਸ਼ਟਰ ਨੂੰ ਦੂਜੇ ਰਾਸ਼ਟਰ ਦੇ ਵਿਰੁੱਧ ਲੜਾਇਆ। ਹੁਕਮਰਾਨ ਪਾਰਟੀਆਂ ਆਪਣੇ ਨਿੱਜੀ ਸਵਾਰਥਾਂ ਲਈ ਪੂੰਜੀਵਾਦੀ ਨਿਜ਼ਾਮ ਦਾ ਹੁਕਮ ਮੰਨ ਕੇ ਦੇਸ਼ ਨੂੰ, ਲੋਕਾਂ ਦੀ ਪਰਵਾਹ ਕੀਤੇ ਬਿਨਾਂ, ਉਸਦੇ ਹੱਥਾਂ ਵਿੱਚ ਵੇਚ ਦਿੰਦੀਆਂ ਹਨ। ਸੱਤਾ ਧਿਰ ਪੂੰਜੀਵਾਦੀ ਲੋਕਾਂ ਦੇ ਹੱਕਾਂ ਵਿੱਚ ਸੰਸਦੀ ਬਿੱਲ ਪਾਸ ਕਰਵਾ ਕੇ ਦੇਸ ਦੇ ਲੋਕਾਂ ਦਾ ਸਰਮਾਇਆ ਇਨ੍ਹਾਂ ਪੂੰਜੀਵਾਦੀਆਂ ਨੂੰ ਲੁਟਾਉਂਦੀ ਰਹਿੰਦੀ ਹੈ।
ਸਰਕਾਰ ਚੋਣ ਜਿੱਤਣ ਲਈ ਲੋਕਾਂ ਨਾਲ ਅਜਿਹੇ ਵਾਅਦੇ ਕਰਦੀ ਹੈ ਜੋ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਕਦੇ ਵੀ ਪੂਰੇ ਨਹੀਂ ਕਰ ਸਕਦੀ। ਪਰ ਪੂੰਜੀਵਾਦੀਆਂ ਦੇ ਨਾਲ ਕੀਤੇ ਹਰ ਵਾਅਦੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਆਮ ਲੋਕ ਜਦੋਂ ਸਰਕਾਰ ਦੁਆਰ ਕੀਤੇ ਵਾਅਦਿਆਂ ਦੀ ਪੂਰਤੀ ਬਾਰੇ ਸਰਕਾਰ ਤੋਂ ਪੁੱਛਦੇ ਹਨ ਤਾਂ ਉਹ ਲੋਕਾਂ ਨੂੰ ਲਾਰੇ-ਲੱਪਿਆਂ ਦੇ ਜ਼ਰੀਏ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਲੋਕ ਰੋਹ ਵਿੱਚ ਆ ਕੇ ਸੜਕਾਂ ਉੱਤੇ ਉੱਤਰ ਆਉਂਦੇ ਹਨ ਤੇ ਧਰਨੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਫਿਰ ਦੇਸ਼ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜੋ ਕਿ ਸਭ ਲੋਕਾਈ ਦਾ ਧਿਆਨ ਮੂਲ ਮੁੱਦਿਆ ਤੋਂ ਭੜਕਾ ਕੇ ਆਪਣੇ ਵੱਲ ਕੇਂਦਰਿਤ ਕਰ ਲੈਂਦੀ ਹੈ। ਇਹ ਘਟਨਾਵਾਂ ਜ਼ਿਆਦਾਤਰ ਧਾਰਮਿਕ ਮਾਮਲਿਆਂ ਜਾਂ ਰਾਸ਼ਟਰਵਾਦ ਨਾਲ ਸੰਬੰਧਿਤ ਹੁੰਦੀਆਂ ਹਨ। ਅਜਿਹੀ ਘਟਨਾ ਵਿੱਚ ਉਲਝ ਕੇ ਲੋਕੀ ਹਾਕਮਾਂ ਧਿਰਾਂ ਦੇ ਵਿਰੋਧ ਦੇ ਉਲਟ ਉਸਦੇ ਪੱਖ ਵਿੱਚ ਭੁਗਤਣਾ ਸ਼ੁਰੂ ਕਰ ਦਿੰਦੇ ਹਨ।
2014 ਵਿੱਚ ਭਾਜਪਾ ਸਰਕਾਰ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਲੇਕਿਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਸਕੀ। ਨਤੀਜਾ ਇਹ ਨਿਕਲਿਆ ਕਿ ਵਾਅਦੇ ਪੂਰੇ ਨਾ ਹੁੰਦੇ ਵੇਖ ਲੋਕਾਂ ਦਾ ਰੋਹ ਵਧਦਾ ਰਿਹਾ, ਜੋ ਭਾਜਪਾ ਦੇ ਕਾਰਜਕਾਲ ਦੇ ਅੰਤਿਮ ਸਮੇਂ ਆਪਣੀ ਚਰਮ-ਸੀਮਾਂ ਉੱਤੇ ਪਹੁੰਚ ਗਿਆ। ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਉਲਟਾ ਵੱਡੇ-ਵੱਡੇ ਧਨਾਢ ਬੈਂਕਾਂ ਨੂੰ ਅਰਬਾਂ ਦਾ ਚੂਨਾ ਲਾ ਕੇ ਵਿਦੇਸ਼ ਦੌੜ ਗਏ। ਲੋਕ ਸਵਾਲ ਕਰ ਰਹੇ ਸਨ ਕਿ ਪੰਦਰਾਂ ਲੱਖ ਰੁਪਏ ਅਤੇ ਦੋ ਕਰੋੜ ਨੌਕਰੀਆਂ ਦਾ ਕੀ ਬਣਿਆ? ਕਾਲਾ ਧੰਨ ਕਿੱਥੇ ਹੈ? ਭ੍ਰਿਸ਼ਟਾਚਾਰ ਕਿਉਂ ਨਹੀਂ ਘਟਿਆ? ਆਰਥਿਕ ਪਾੜਾ ਇੰਨਾ ਕਿਵੇਂ ਵਧ ਗਿਆ? ਕਿਸਾਨ-ਮਜ਼ਦੂਰ ਖੁਦਕੁਸ਼ੀਆ ਰੁਕਣ ਦੀ ਬਜਾਏ ਵਧੀਆਂ ਕਿਉਂ ਹਨ? ਆਦਿ। ਇਹ ਅਜਿਹਾ ਸਮਾਂ ਸੀ ਜਦੋਂ ਲੱਗ ਰਿਹਾ ਸੀ ਕਿ ਭਾਜਪਾ ਨੂੰ ਇਸ ਵਾਰ ਸੱਤਾ ਤੋਂ ਲਾਂਭੇ ਹੋਣਾ ਪਵੇਗਾ।
ਪ੍ਰੰਤੂ ਅਚਾਨਕ ਪੁਲਵਾਮਾ ਉੱਤੇ ਹੋਏ ਹਮਲੇ ਨੇ ਮੋਦੀ ਸਰਕਾਰ ਨੂੰ ਸਾਰੇ ਦੇਸ਼ ਨੂੰ ਅੰਧ-ਰਸ਼ਟਰਵਾਦ ਵਿੱਚ ਰੰਗਣ ਦਾ ਮੌਕਾ ਦੇ ਦਿੱਤਾ। ਹਮਲੇ ਤੋਂ ਬਾਅਦ ਭਾਰਤ ਦੁਆਰਾ ਪਾਕਿਸਤਾਨ ਦੇ ਬਾਲਾਕੋਟ ’ਤੇ ਹਵਾਈ ਹਮਲਾ, ਅਭਿਨੰਦਨ ਦਾ ਪਾਕਿਸਤਾਨੀ ਫੌਜ ਦੁਆਰਾ ਫੜੇ ਜਾਣਾ ਅਤੇ ਫਿਰ ਉਸਨੂੰ ਭਾਰਤ ਹਵਾਲੇ ਕਰਨ ਦੀਆਂ ਘਟਨਾਵਾਂ ਨੇ ਮੋਦੀ ਸਰਕਾਰ ਦੇ ਪੱਖ ਵਿੱਚ ਹਵਾ ਚਲਾ ਦਿੱਤੀ। ਭਾਜਪਾ ਅਤੇ ਉਸਦੇ ਸਹਿਯੋਗੀ ਸੰਗਠਨਾਂ ਅਤੇ ਗੋਦੀ ਮੀਡੀਆ ਦੁਆਰਾ ਮੋਦੀ ਨੂੰ ਇੱਕ ਮਜ਼ਬੂਤ ਅਤੇ ਸਖ਼ਤ ਫੈਸਲੇ ਲੈਣ ਵਾਲੇ ਨੇਤਾ ਵਜੋਂ ਉਭਾਰਿਆ ਗਿਆ।
ਉਪਰੋਕਤ ਘਟਨਾਕ੍ਰਮ ਤੋਂ ਬਾਅਦ, ਜੋ ਲੋਕ ਆਪਣੇ ਮਸਲਿਆ ਅਤੇ ਦੇਸ਼ ਭਰ ਦੀ ਸਮੱਸਿਆ ਲਈ, ਮੋਦੀ ਸਰਕਾਰ ਨੂੰ ਕੋਸ ਰਹੇ ਸਨ, ਉਲਟ ਉਸਦੇ ਗੁਣ ਗਾਉਣ ਲੱਗ ਪਏ। ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਅਤੇ ਦੇਸ਼ ਦੀ ਖੁਸ਼ਹਾਲੀ ਪ੍ਰਤੀ ਜੱਦੋਜਹਿਦ ਕਿਤੇ ਹਨੇਰੇ ਵਿੱਚ ਗੁਆਚ ਗਈ। ਹੁਣ ਇਹ ਨਾਹਰੇ ਆਮ ਗੂੰਜਣ ਲੱਗ ਪਏ ਸਨ ਕਿ ‘ਮੋਦੀ ਹੈ ਤੋਂ ਸੰਭਵ ਹੈ।’ ਮੋਦੀ ਕੀ ਸੈਨਾ ਤੇ ਪੁਲਵਾਮਾ ਦੇ ਸ਼ਹੀਦਾਂ ਦੇ ਨਾਮ ’ਤੇ ਵੋਟਾਂ ਮੰਗੀਆਂ ਜਾਣ ਲੱਗੀਆਂ। ਪਾਕਿਸਤਾਨ ਨੂੰ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਗਰਦਾਨਿਆ ਜਾਣ ਲੱਗਾ। ਅੰਧ-ਰਸ਼ਟਰਵਾਦ ਦੀ ਅਜਿਹੀ ਹਨੇਰੀ ਝੁੱਲੀ ਕਿ ਮੋਦੀ ਸਰਕਾਰ ਪਹਿਲਾਂ ਨਾਲੋਂ ਵੀ ਵੱਧ ਬਹੁਮਤ ਲੈ ਕੇ ਸੱਤਾ ਵਿੱਚ ਦੁਬਾਰਾ ਆ ਗਈ।
ਸਵਾਲ ਪੈਦਾ ਹੁੰਦੇ ਹਨ ਕਿ ਹਾਕਮ ਧਿਰਾਂ ਸਾਨੂੰ ਕਦੋਂ ਤੱਕ ਰਾਸ਼ਟਰਵਾਦ ਜਾਂ ਧਰਮ ਦੇ ਵੈਰ-ਵਿਰੋਧ ਦੇ ਨਾਂ ਉੱਤੇ ਭਟਕਾਉਂਦੀਆਂ ਰਹਿਣਗੀਆਂ? ਅਸੀਂ ਕਦੋਂ ਤੱਕ ਅਜਿਹੀਆਂ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਨਫ਼ਰਤ ਅਤੇ ਖੂਨ-ਖਰਾਬੇ ਵਰਗੀਆਂ ਘਟਨਾਵਾਂ ਵਿੱਚ ਘਿਰੇ ਰਹਾਂਗੇ? ਕੀ ਅਸੀਂ ਆਪਣੀ ਸਾਰੀ ਉਮਰ ਬਿਨਾਂ ਸੋਚਿਆਂ-ਪਰਖਿਆਂ ਮੰਦਹਾਲੀ ਅਤੇ ਨਫਰਤ ਵਿੱਚ ਹੀ ਗੁਜ਼ਾਰ ਦਿਆਂਗੇ? ਕੀ ਅਸੀਂ ਆਪਣੇ ਅਤੇ ਬੱਚਿਆਂ ਦੇ ਭਵਿੱਖ ਲਈ ਖੁਸ਼ਹਾਲੀ ਭਰੀ ਜ਼ਿੰਦਗੀ ਬਿਤਾਉਣ ਦੀ ਕਦੇ ਵੀ ਕਾਮਨਾ ਨਹੀਂ ਕਰ ਸਕਾਂਗੇ? ਕੀ ਸਾਡੀ ਸਾਰੀ ਜ਼ਿੰਦਗੀ ਰਾਸ਼ਟਰਵਾਦ ਦੇ ਨਾਂ ਉੱਤੇ ਮਰਨ-ਮਾਰਨ ਤੱਕ ਹੀ ਸੀਮਿਤ ਰਹੇਗੀ? ਆਖਰ ਅੱਜ ਅਸੀਂ ਭਰਾ-ਮਾਰੂ ਜੰਗ ਵਿੱਚ ਕਿਉਂ ਇੰਨੇ ਉਲਝ ਗਏ ਹਾਂ, ਇਹ ਸਾਡੇ ਲਈ ਸੋਚਣਾ ਬਣਦਾ ਹੈ। ਸਾਡੇ ਪੈਰੀਬਰਾਂ ਨੇ ਸਾਨੂੰ ਹਿੰਦੂ, ਮੁਸਲਿਮ, ਸਿੱਖ, ਇਸਾਈ ਸਭ ਭਾਈ-ਭਾਈ ਦਾ ਨਾਹਰਾ ਦਿੱਤਾ ਸੀ। ਧਰਮ, ਰਾਸ਼ਟਰ ਅਤੇ ਜਾਤ-ਪਾਤ ਦੇ ਨਾਂ ਉੱਤੇ ਵੈਰ-ਵਿਰੋਧ ਜਾਂ ਈਰਖਾਬਾਜ਼ੀ ਸੱਚੀ ਇਨਸਾਨੀਅਤ ਨਹੀਂ।
ਅੱਜ ਸਾਨੂੰ ਰਲ-ਮਿਲ ਕੇ ਆਪਣੇ ਹੱਕਾਂ ਲਈ, ਲੋਕ-ਪੱਖੀ ਖੁਸ਼ਹਾਲੀ, ਦੇਸ਼ ਦੀ ਖੁਸ਼ਹਾਲੀ, ਗੁਆਂਢੀ ਰਾਸ਼ਟਰਾਂ ਨਾਲ ਮੇਲ-ਮਿਲਾਪ ਦੀ ਭਾਵਨਾ ਦੁਆਰਾ ਦੇਸ਼ ਨੂੰ ਤਰੱਕੀ ਵੱਲ ਲਿਜਾਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਪਿਛਲਾ ਸਮਾਂ ਅਸੀਂ ਵੈਰ-ਵਿਰੋਧ, ਜੰਗਾਂ, ਖੂਨੀ-ਦੰਗਿਆਂ ਆਦਿ ਵਿੱਚ ਗੁਜ਼ਾਰਿਆ ਹੈ ਤਾਂ ਹੀ ਸਾਡੀ ਸਥਿਤੀ ਅੱਜ ਤਰਸਯੋਗ ਹੈ। ਅਜਿਹੀ ਖੁਸ਼ਹਾਲੀ ਪ੍ਰਾਪਤ ਕਰਨ ਲਈ ਸਾਨੂੰ ਪੂੰਜੀਵਾਦੀ ਨਿਜ਼ਾਮ, ਜੋ ਅੰਧ-ਰਾਸ਼ਟਰਵਾਦ ਦੇ ਨਾਂ ’ਤੇ ਸਾਨੂੰ ਭੜਕਾਉਂਦਾ ਅਤੇ ਸਾਡਾ ਸਰਮਾਇਆ ਲੁੱਟਦਾ ਹੈ, ਤੋਂ ਛੁਟਕਾਰਾ ਪਾਉਣ ਲਈ ਸੰਘਰਸ਼ ਕਰਨਾ ਪਵੇਗਾ। ਇਹ ਸਭ ਤਾਂ ਹੀ ਹੋਵੇਗਾ ਜੇਕਰ ਅਸੀਂ ਆਪਣੀ ਨਫਰਤ ਅਤੇ ਭਰਾ-ਮਾਰੂ ਜੰਗ ਵਿੱਚੋਂ ਬਾਹਰ ਨਿਕਲਾਂਗੇ। ਆਓ! ਸਭ ਇੱਕ ਖੁਸ਼ਹਾਲ ਸਮਾਜ ਸਿਰਜਣ ਲਈ ਲਾਮਬੰਦ ਹੋਈਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1658)
(ਸਰੋਕਾਰ ਨਾਲ ਸੰਪਰਕ ਲਈ: