“ਪਤੀ ਦੀ ਮੌਤ ਦਾ ਸਦਮਾ ਉਸ ਦੀ ਪਤਨੀ ਸਹਿਨ ਨਾ ਕਰ ਸਕੀ ਅਤੇ ...”
(25 ਸਤੰਬਰ 2021)
ਰਜਨੀਸ਼ ਓਸ਼ੋ ਦਾ ਕਹਿਣਾ ਹੈ ਕਿ “ਜੋ ਆਦਮੀ ਜ਼ਿੰਦਾ ਰਹਿੰਦਿਆਂ ਮੌਤ ਦਾ ਸਿਮਰਨ ਕਰਦੇ ਹਨ, ਉਹ ਰੋਗੀ ਹਨ ਤੇ ਉਹ ਜਿਊਣ ਦੀ ਕਲਾ ਨਹੀਂ ਜਾਣਦੇ।” ਇਹ ਸ਼ਬਦ ਉਨ੍ਹਾਂ ਲੋਕਾਂ ’ਤੇ ਢੁਕਦੇ ਹਨ ਜੋ ਸਮਾਜ ਵਿੱਚ ਵਿਚਰਦਿਆਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਸਹਿਣ ਨਹੀਂ ਕਰ ਸਕਦੇ। ਇਸ ਲਈ ਉਹ ਜ਼ਿਆਦਾਤਰ ਖ਼ੁਦਕਸ਼ੀ ਕਰਨ ਦੀਆਂ ਗੱਲਾਂ ਕਰਦੇ ਹਨ ਅਤੇ ਕਈ ਵਾਰ ਸੱਚਮੁੱਚ ਹੀ ਮੌਤ ਨੂੰ ਗਲੇ ਲਗਾ ਲੈਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਵਿੱਚ ਖ਼ੁਦਕਸ਼ੀ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ। ਨੌਜਵਾਨਾਂ ਵਿੱਚ ਖ਼ੁਦਕੁਸ਼ੀ ਦੇ ਕਾਰਨ ਕਮਜ਼ੋਰ ਆਰਥਿਕ ਵਿਵਸਥਾ, ਸੁਪਨਿਆਂ ਦਾ ਟੁੱਟਣਾ, ਜਾਂ ਬੇਰੁਜ਼ਗਾਰੀ ਹੋ ਸਕਦੇ ਹਨ।
ਇੱਥੇ ਮੈਂ ਕੁਝ ਚਿਰ ਪਹਿਲਾਂ ਸਾਡੇ ਨੇੜੇ ਵਾਪਰੀ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਦਿਲਸ਼ੇਰ ਸਿੰਘ ਨਾਂ ਦਾ ਚੌਵੀ ਸਾਲਾ ਯੁਵਕ ਜ਼ਹਿਰੀਲੀ ਦਵਾਈ ਪੀਣ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਉਸਦੇ ਵਿਆਹ ਨੂੰ ਅਜੇ ਸਾਲ ਵੀ ਨਹੀਂ ਹੋਇਆ ਸੀ। ਦਿਲਸ਼ੇਰ ਸਿੰਘ ਆਪਣੇ ਮਾਂ ਪਿਉ ਦਾ ਇਕਲੌਤਾ ਪੁੱਤਰ ਸੀ ਜਿਸ ਨੂੰ ਉਨ੍ਹਾਂ ਬੜੇ ਚਾਵਾਂ ਨਾਲ ਪਾਲਿਆ ਤੇ ਪੜ੍ਹਾਇਆ। ਉਹ ਬਾਰਾਂ ਤਕ ਪੜ੍ਹਿਆ ਅਤੇ ਫਾਰਮੇਸੀ ਦਾ ਕੋਰਸ ਕਰ ਰਿਹਾ ਸੀ। ਕਿਸੇ ਕਾਰਨ ਉਸ ਨੇ ਇਹ ਕੋਰਸ ਵਿਚਾਲੇ ਹੀ ਛੱਡ ਦਿੱਤਾ। ਘਰ ਦਾ ਖਰਚ ਪਿਤਾ ਦੀ ਡਾਕਖਾਨੇ ਦੀ ਨੌਕਰੀ ਤੋਂ ਚੱਲਦਾ ਸੀ। ਦਿਲਸ਼ੇਰ ਸਿੰਘ ਚਾਹੁੰਦਾ ਸੀ ਕਿ ਕੋਈ ਚੰਗਾ ਕੰਮ ਲੱਭ ਕੇ ਪਿਤਾ ਦਾ ਹੱਥ ਸੁਖਾਲਾ ਕੀਤਾ ਜਾਏ ਕਿਉਂਕਿ ਹੁਣ ਉਹ ਵਿਆਹਿਆ ਹੋਇਆ ਵੀ ਸੀ। ਉਹ ਆਪਣੇ ਪਿਤਾ ’ਤੇ ਬੋਝ ਨਹੀਂ ਬਣਨਾ ਚਾਹੁੰਦਾ ਸੀ। ਉਹ ਚੰਗੇ ਕੰਮ ਦੀ ਤਲਾਸ਼ ਲਈ ਜੱਦੋਜਹਿਦ ਕਰਨ ਲੱਗਾ। ਪ੍ਰੰਤੂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸ ਦੇ ਹੱਥ ਖਾਲੀ ਰਹੇ ਅਤੇ ਕੋਈ ਰੁਜ਼ਗਾਰ ਨਾ ਮਿਲ ਸਕਿਆ। ਉਹ ਉਦਾਸ ਰਹਿਣ ਲੱਗਾ।
ਲਗਾਤਾਰ ਉਦਾਸੀ ਕਾਰਨ ਦਿਲਸ਼ੇਰ ਸਿੰਘ ਨਿਰਾਸ਼ਾ ਦੀ ਹਾਲਤ, ਭਾਵ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਨਿੱਕੀ-ਨਿੱਕੀ ਗੱਲ ’ਤੇ ਘਰਦਿਆਂ ਨਾਲ ਝਗੜਾ ਕਰਨ ਲੱਗਾ। ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ। ਇੱਕ ਦਿਨ ਕਿਸੇ ਛੋਟੀ ਜਿਹੀ ਗੱਲ ਤੋਂ ਗੁੱਸੇ ਵਿੱਚ ਆ ਕੇ ਦਿਲਸ਼ੇਰ ਸਿੰਘ ਨੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਛੁਟਕਾਰਾ ਪਾਉਣ ਲਈ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਹਮੇਸ਼ਾ ਲਈ ਬੇਸਹਾਰਾ ਮਾਂ-ਬਾਪ ਅਤੇ ਪਤਨੀ ਨੂੰ ਰੋਂਦੇ ਕਰਲਾਉਂਦੇ ਛੱਡ ਗਿਆ। ਪਤੀ ਦੀ ਮੌਤ ਦਾ ਸਦਮਾ ਉਸ ਦੀ ਪਤਨੀ ਸਹਿਨ ਨਾ ਕਰ ਸਕੀ ਅਤੇ ਪਤੀ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਉਹ ਵੀ ਗਹਿਰੇ ਸਦਮੇ ਦਾ ਸ਼ਿਕਾਰ ਹੋਣ ਕਾਰਨ ਇਸ ਸੰਸਾਰ ਤੋਂ ਚੱਲ ਵੱਸੀ। ਇਸ ਤਰ੍ਹਾਂ ਇੱਕ ਮੌਤ ਦੂਜੀ ਮੌਤ ਦਾ ਕਾਰਨ ਬਣੀ। ਮਾਂ-ਬਾਪ ਬੇਸਹਾਰਾ ਹੋ ਗਏ।
ਉਪਰੋਕਤ ਕਹਾਣੀ ਪਤਾ ਨਹੀਂ ਕਿੰਨੇ ਕੁ ਘਰਾਂ ਦੀ ਹੋਵੇਗੀ, ਜਿਨ੍ਹਾਂ ਦੇ ਚਿਰਾਗ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅਤੇ ਅਧੂਰੇ ਰਹਿ ਗਏ ਸੁਪਨਿਆਂ ਕਾਰਨ ਬੁਝ ਗਏ। ਇੱਥੇ ਸਾਨੂੰ ਓਸ਼ੋ ਦੇ ਕਹੇ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜ਼ਿੰਦਗੀ ਜਿਊਣ ਲਈ ਜਿਊਣ ਦੀ ਕਲਾ ਦਾ ਹੋਣਾ ਜ਼ਰੂਰੀ ਹੈ। ਦਰਅਸਲ ਜ਼ਿੰਦਗੀ ਇੱਕ ਪਾਠਸ਼ਾਲਾ ਵਾਂਗ ਹੈ। ਅਸੀਂ ਇਸ ਧਰਤੀ ’ਤੇ ਸਭ ਵਿਦਿਆਰਥੀ ਹਾਂ ਅਤੇ ਮੁਸ਼ਕਲਾਂ ਸਾਡੇ ਪਾਠਕ੍ਰਮ ਦਾ ਜ਼ਰੂਰੀ ਅੰਗ ਹਨ। ਜਿਹੜਾ ਮੁਸ਼ਕਲਾਂ ਦੇ ਸਾਰੇ ਪਾਠ ਕ੍ਰਮ ਨੂੰ ਚੰਗੀ ਤਰ੍ਹਾਂ ਪੜ੍ਹ ਲੈਂਦਾ ਹੈ ਉਹ ਇਸ ਜ਼ਿੰਦਗੀ ਰੂਪੀ ਦਰਿਆ ਨੂੰ ਆਸਾਨੀ ਨਾਲ ਪਾਰ ਕਰ ਸਕਦਾ ਹੈ। ਇਹ ਹੀ ਜ਼ਿੰਦਗੀ ਜਿਊਣ ਦੀ ਅਸਲ ਕਲਾ ਹੈ।
ਚਾਰਲਸ ਡਾਰਵਿਨ ਅਨੁਸਾਰ “ਜੀਵਨ ਦੇ ਸੰਘਰਸ਼ ਵਿੱਚ ਉਹ ਜਿੱਤਦੇ ਹਨ, ਜਿਨ੍ਹਾਂ ਵਿੱਚ ਹਾਲਾਤ ’ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। ਇੱਥੇ ਅਸੀਂ ਸਟੀਫਨ ਹਾਕਿੰਗ ਅਤੇ ਹੈਲਨ ਕੈਲਰ ਵਰਗੇ ਮਹਾਨ ਲੋਕਾਂ ਦੀਆਂ ਉਦਾਹਰਣਾਂ ਲੈ ਸਕਦੇ ਹਨ ਜਿਨ੍ਹਾਂ ਨੇ ਅਧੂਰੇ ਅੰਗਾਂ ਕਾਰਨ ਵੀ ਜ਼ਿੰਦਗੀ ਦੇ ਮੁਕਾਮ ਨੂੰ ਹਾਸਲ ਕੀਤਾ। ਹਾਕਿੰਗ ਨੂੰ ਅਧੰਰਗ ਦਾ ਰੋਗ ਸੀ ਅਤੇ ਹੇਲਨ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਸੀ। ਜੇਕਰ ਅਧੂਰੇ ਅੰਗਾਂ ਵਾਲੇ ਲੋਕ ਮਹਾਨ ਕਾਰਜ ਕਰ ਸਕਦੇ ਹਨ ਫਿਰ ਸੰਪੂਰਨ ਅੰਗਾਂ ਵਾਲੇ ਜ਼ਿੰਦਗੀ ਦੀਆਂ ਔਖੀਆਂ ਰਾਹਾਂ ਤੋਂ ਕਿਵੇਂ ਮੂੰਹ ਮੋੜ ਸਕਦੇ ਹਨ। ਜਿਹੜੇ ਔਖੀਆਂ ਰਾਹਾਂ ਨੂੰ ਪਾਰ ਕਰਦੇ ਹਨ, ਉਨ੍ਹਾਂ ਹੀ ਮੁਸ਼ਕਿਲਾਂ ਦੇ ਸਾਰੇ ਪਾਠਕ੍ਰਮਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੁੰਦਾ ਹੈ ਅਤੇ ਹਾਲਾਤ ’ਤੇ ਕਾਬੂ ਪਾਉਣ ਦੀ ਕਲਾ ਚੰਗੀ ਤਰ੍ਹਾਂ ਜਾਣਦੇ ਹਨ। ਮੁਸ਼ਕਿਲਾਂ ਤੋਂ ਨਜ਼ਰਾਂ ਫੇਰਨ ਨਾਲ ਇਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। ਇਸ ਲਈ ਸਾਨੂੰ ਮੁਸੀਬਤਾਂ ਦਾ ਸਾਹਮਣਾ ਹਿੰਮਤ ਨਾਲ ਕਰਨਾ ਚਾਹੀਦਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਮੁਸੀਬਤਾਂ ਵਿੱਚ ਘਿਰਿਆ ਮਨੁੱਖ ਇਕੱਲਾ ਰਹਿਣਾ ਪਸੰਦ ਕਰਦਾ ਹੈ। ਇਸ ਕਾਰਨ ਉਸ ਦਾ ਮਾਨਸਿਕ ਤਣਾਅ ਹੋਰ ਵੀ ਵਧ ਜਾਂਦਾ ਹੈ ਕਿਉਂਕਿ ਉਹ ਹਰ ਵਕਤ ਸੋਚਾਂ ਦੀ ਘੁੰਮਣਘੇਰੀ ਵਿੱਚ ਘਿਰਿਆ ਰਹਿੰਦਾ ਹੈ। ਇਨ੍ਹਾਂ ਸੋਚਾਂ ਵਿੱਚ ਡੁੱਬਿਆ ਕਈ ਵਾਰ ਉਹ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਲਈ ਇੱਕੋ ਹੱਲ ਆਪਣਾ ਜੀਵਨ ਸਮਾਪਤ ਕਰਨਾ ਸਮਝਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੁੱਖ ਸਾਂਝਾ ਕਰੀਏ। ਡਾ. ਸਿਗਮੰਡ ਫਰਾਇਡ ਵੀ ਕਹਿੰਦੇ ਹਨ, “ਸਮੱਸਿਆ ਜਾਂ ਮਾਨਸਿਕ ਪਰੇਸ਼ਾਨੀ ਕਿਸੇ ਨਾਲ ਸਾਂਝੀ ਕਰਨ ਨਾਲ ਹੱਲ ਹੋ ਜਾਂਦੀ ਹੈ। ਇਸਦਾ ਮਤਲਬ ਇਹ ਨਹੀਂ ਕਿ ਅਗਲੇ ਕੋਲ ਇਸਦਾ ਹੱਲ ਹੁੰਦਾ ਹੈ, ਸਗੋਂ ਦੂਜੇ ਨਾਲ ਗੱਲ ਕਰਨ ਸਮੇਂ ਅਸੀਂ ਇਸ ਸਮੱਸਿਆ ਨੂੰ ਪ੍ਰੀਭਾਸ਼ਿਤ ਕਰ ਲੈਂਦੇ ਹਾਂ ਅਤੇ ਹੱਲ ਸਾਡੇ ਅੰਦਰ ਹੀ ਮੌਜੂਦ ਹੁੰਦਾ ਹੈ।” ਅਜਿਹੀ ਯੋਗਤਾ ਵਾਲੇ ਲੋਕ ਮੁਸੀਬਤ ਆਉਣ ਸਮੇਂ ਡਰਦੇ ਨਹੀਂ ਸਗੋਂ ਆਪਣੀ ਯੋਗਤਾ ਅਤੇ ਕਲਾ ਦੀ ਪਰਖ ਕਰਦੇ ਹਨ ਕਿ ਉਨ੍ਹਾਂ ਵਿੱਚ ਸਮੱਸਿਆ ਦਾ ਸਾਹਮਣਾ ਕਰਨ ਦੀ ਕਿੰਨੀ ਕੁ ਸਮਰੱਥਾ ਹੈ। ਆਪਣੀਆਂ ਕਮਜ਼ੋਰੀਆਂ ਦੀ ਪਛਾਣ ਕਰਕੇ, ਉਨ੍ਹਾਂ ਦਾ ਸੁਧਾਰ ਕਰਕੇ, ਉਹ ਆਪਣੀ ਯੋਗਤਾ ਅਤੇ ਮਿਹਨਤ ਨਾਲ ਮਿਥੇ ਹੋਏ ਟੀਚੇ ਨੂੰ ਆਸਾਨੀ ਨਾਲ ਪੂਰਾ ਕਰ ਲੈਂਦੇ ਹਨ।
ਮਨੁੱਖ ਇੱਕ ਕੁਦਰਤੀ ਜੀਵ ਹੈ ਅਤੇ ਕੁਦਰਤ ਨਾਲ ਜੁੜ ਕੇ ਉਹ ਜ਼ਿੰਦਗੀ ਨੂੰ ਹੁਸੀਨ ਅਤੇ ਖ਼ੁਸ਼ੀਆਂ ਭਰੀ ਬਣਾ ਸਕਦਾ। ਸਾਨੂੰ ਸਿਰਫ਼ ਕੁਦਰਤ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਕਿਸੇ ਕੁਦਰਤੀ ਬਗੀਚੇ ਵਿੱਚ ਜਾ ਕੇ ਫੁੱਲਾਂ ਨੂੰ ਨਿਹਾਰੋ। ਉੱਥੇ ਉੱਡਦੇ ਪੰਛੀਆਂ ਨੂੰ ਵੇਖੋ। ਰਾਤ ਨੂੰ ਤਾਰਿਆਂ ’ਤੇ ਨਜ਼ਰ ਦੌੜਾਓ। ਤੁਹਾਨੂੰ ਕੁਦਰਤ ਵਿੱਚ ਆਨੰਦ ਅਨੁਭਵ ਹੋਵੇਗਾ ਅਤੇ ਮਾਨਸਿਕ ਤਣਾਅ ਘਟੇਗਾ। ਕੁਦਰਤ ਵੀ ਸਾਨੂੰ ਜਿਊਣ ਦੀ ਕਲਾ ਸਿਖਾਉਂਦੀ ਹੈ ਕਿ ਅੱਤ ਦੀ ਗਰਮੀ ਤੋਂ ਬਾਅਦ ਸਰਦ ਰੁੱਤ ਵੀ ਆਉਂਦੀ ਹੈ। ਭਿਅੰਕਰ ਤੂਫ਼ਾਨ ਥੰਮ੍ਹ ਜਾਂਦੇ ਹਨ। ਹਨੇਰੇ ਤੋਂ ਬਾਅਦ ਰੌਸ਼ਨੀ ਵੀ ਹੁੰਦੀ ਹੈ। ਇਸ ਤਰ੍ਹਾਂ ਸਾਨੂੰ ਕੁਦਰਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਇਨਸਾਨ ਨੂੰ ਜ਼ਿੰਦਗੀ ਜਿਊਣ ਲਈ ਸਮਾਜ ਵਿੱਚ ਪੈਦਾ ਹੋਈਆਂ ਮਾੜੀਆਂ ਪ੍ਰਸਥਿਤੀਆਂ ਪਿੱਛੇ ਕਾਰਨਾਂ ਦੀ ਘੋਖ ਕਰਨ ਦੀ ਕਲਾ ਵੀ ਹੋਣੀ ਚਾਹੀਦੀ ਹੈ। ਇਨ੍ਹਾਂ ਪ੍ਰਸਥਿਤੀਆਂ ਪਿੱਛੇ ਅਜੋਕੀ ਸਮੇਂ ਦੀ ਮਾੜੀ ਕਿਸਮ ਦੀ ਰਾਜਨੀਤੀ ਅਤੇ ਵੱਡੇ-ਵੱਡੇ ਕਾਰਪੋਰੇਟ ਘਰਾਣੇ ਹਨ। ਅੱਜ ਮੁੱਠੀ ਭਰ ਲੋਕ ਦੇਸ਼ ਦੇ ਅੱਧਿਓਂ ਵੱਧ ਸਰਮਾਏ ’ਤੇ ਕਬਜ਼ਾ ਜਮਾ ਕੇ ਬੈਠੇ ਹਨ ਜੋ ਰਾਜਨੀਤੀ ਦੀ ਮਿਲੀਭੁਗਤ ਨਾਲ ਹੀ ਸੰਭਵ ਹੈ। ਦੇਸ਼ ਵਿੱਚ ਫੈਲੀ ਹੋਈ ਗ਼ਰੀਬੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਖਰਾਬ ਵਾਤਾਵਰਣ ਆਦਿ ਪਿੱਛੇ ਕਾਰਨ ਇਹ ਕਾਰਪੋਰੇਟ ਘਰਾਣੇ ਅਤੇ ਇਸਦੀ ਪੁਸ਼ਤਪਨਾਹੀ ਕਰ ਰਹੀ ਸਾਡੀ ਰਾਜਨੀਤੀ ਹੈ। ਇਸ ਲਈ ਲੋਕਾਂ ਨੂੰ ਖੁਦਕੁਸ਼ੀਆਂ ਬਾਰੇ ਸੋਚਣਾ ਛੱਡ ਆਪਣੀਆਂ ਮਾੜੀਆਂ ਪ੍ਰਸਥਿਤੀਆਂ ਦੇ ਕਾਰਨਾਂ ਨੂੰ ਘੋਖ ਕੇ ਨਵੇਂ ਸਮਾਜ ਦੀ ਸਿਰਜਣਾ ਲਈ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਕਿਸਾਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ ਜੋ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ ਅਤੇ ਪੂੰਜੀਪਤੀ ਘਰਾਣਿਆਂ ਅਤੇ ਉਸਦੀ ਕਠਪੁਤਲੀ ਸਰਕਾਰ ਖ਼ਿਲਾਫ਼ ਆਪਣੀ ਹੋਂਦ ਨੂੰ ਬਚਾਉਣ ਲਈ ਯੁੱਧ ਲੜ ਰਹੇ ਹਨ। ਸੰਘਰਸ਼ ਨਾਲ ਜੁੜਨ ਨਾਲ ਇਨਸਾਨ ਵਿੱਚ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨਾਲ ਲੜਨ ਦੀ ਅਥਾਹ ਹਿੰਮਤ ਪੈਦਾ ਹੁੰਦੀ ਹੈ। ਜ਼ਿੰਦਗੀ ਜਿਊਣ ਲਈ ਹੈ। ਇਹ ਜੀਵਨ ਇੱਕ ਵਾਰ ਮਿਲਦਾ ਹੈ। ਇਸ ਨੂੰ ਜਿਊਣ ਦੀ ਕਲਾ ਹੋਣੀ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3030)
(ਸਰੋਕਾਰ ਨਾਲ ਸੰਪਰਕ ਲਈ: