“ਕਠਿਨ ਰਾਹਾਂ ਉੱਤੇ ਤੁਰਨ ਵਾਲਿਆਂ ਦਾ ਮੰਜ਼ਿਲ ਵੀ ਫੁੱਲਾਂ ਨਾਲ ਸਵਾਗਤ ...”
(11 ਅਗਸਤ 2019)
ਅਮਰੀਕਾ ਦੇ ਮਸ਼ਹੂਰ ਲੇਖਕ ਨਿਪੋਲੀਅਨ ਹਿੱਲ ਕਹਿੰਦੇ ਹਨ ਕਿ “ਜੀਵਨ-ਰਾਹ ਹਮੇਸ਼ਾ ਸਿੱਧੇ ਅਤੇ ਪੱਧਰੇ ਨਹੀਂ ਹੁੰਦੇ। ਇਨ੍ਹਾਂ ਵਿੱਚ ਔਖੀਆਂ ਘਾਟੀਆਂ ਅਤੇ ਦੁੱਖ ਭਰੀਆਂ ਮੰਜ਼ਲਾਂ ਵੀ ਆਉਂਦੀਆਂ ਹਨ। ਜਿਸ ਢੰਗ ਨਾਲ ਅਸੀਂ ਇਨ੍ਹਾਂ ਦਾ ਟਾਕਰਾ ਕਰਦੇ ਹਾਂ, ਉਹ ਸਾਡੇ ਇਖ਼ਲਾਕ ਅਤੇ ਜੀਵਨ-ਸੁਖ ਉੱਤੇ ਆਪਣਾ ਪ੍ਰਭਾਵ ਪਾਉਂਦਾ ਹੈ।”
ਉਪਰੋਕਤ ਵਿਚਾਰ ਜ਼ਿੰਦਗੀ ਦੇ ਮੁਸ਼ਕਿਲਾਂ ਭਰੇ ਸਮੇਂ ਵਿੱਚ ਸਾਡਾ ਰਾਹ ਦਸੇਰਾ ਹਨ। ਸਾਨੂੰ ਜ਼ਿੰਦਗੀ ਕੇਵਲ ਇੱਕ ਵਾਰ ਮਿਲਦੀ ਹੈ ਅਤੇ ਮੌਤ ਤੋਂ ਬਾਅਦ ਸਭ ਕੁਝ ਮਿੱਟੀ ਹੋ ਜਾਂਦਾ ਹੈ। ਇਸ ਧਰਤੀ ਉੱਤੇ ਕੋਈ ਵੀ ਪ੍ਰਾਣੀ ਇੱਕ ਵਾਰ ਜੰਮਦਾ ਅਤੇ ਇੱਕ ਵਾਰ ਮਰਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਖੂਬ ਜੀਵੀਏ ਭਾਵੇਂ ਸਾਡਾ ਜੀਵਨ ਕਸ਼ਟਾਂ ਭਰਿਆ ਹੀ ਕਿਉਂ ਨਾ ਹੋਵੇ। ਸੁਖ-ਦੁੱਖ ਜ਼ਿੰਦਗੀ ਦੇ ਨਾਲ ਚੱਲਦੇ ਹਨ ਇਸ ਲਈ ਸੰਪੂਰਨ ਇਨਸਾਨ ਓਹੀ ਹੁੰਦਾ ਹੈ ਜੋ ਮੁਸ਼ਕਿਲਾਂ ਭਰੇ ਸਮੇਂ ਵਿੱਚ ਵੀ ਨਾ ਹਾਰੇ।
ਅੱਜ ਸਾਡੇ ਸਮਾਜ ਵਿੱਚ ਤੰਗੀਆਂ-ਤੁਰਸ਼ੀਆਂ, ਚਿੰਤਾਵਾਂ, ਘਰੇਲੂ ਕਲੇਸ਼, ਨਸ਼ੇ, ਇਮਤਿਹਾਨਾਂ ਵਿੱਚੋਂ ਨੰਬਰ ਘੱਟ ਆਉਣ ਜਾਂ ਫੇਲ ਹੋ ਜਾਣ, ਵਪਾਰ ਵਿੱਚ ਘਾਟਾ ਪੈਣ, ਫਸਲਾਂ ਦਾ ਨੁਕਸਾਨ ਜਾਂ ਘੱਟ ਮੁੱਲ ਮਿਲਣਾ ਅਤੇ ਕਰਜ਼ੇ ਆਦਿ ਕਾਰਨ ਬਹੁਤ ਸਾਰੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਵਪਾਰ ਰਹੀਆਂ ਹਨ। ਇਹ ਖੁ਼ਦਕੁਸ਼ੀਆਂ ਸਾਡੇ ਸਮਾਜ ਲਈ ਬਹੁਤ ਚਿੰਤਾ ਦਾ ਵਿਸ਼ਾ ਹਨ। ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਨ ਵਾਲੇ ਇਨਸਾਨ ਕਮਜ਼ੋਰ ਦਿਲ ਹੁੰਦੇ ਹਨ। ਉਹ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਅਸਲੀਅਤ ਤਾਂ ਇਹ ਹੈ ਕਿ ਜ਼ਿੰਦਗੀ ਸੰਘਰਸ਼ ਦਾ ਨਾਂ ਹੈ ਅਤੇ ਇਸਨੂੰ ਬਿਨਾਂ ਕਿਸੇ ਚਿੰਤਾਂ ਦੇ ਖੂਬ ਜਿਊਣਾ ਚਾਹੀਦਾ ਹੈ, ਕਿਉਂਕਿ ਦੁੱਖ-ਸੁਖ ਤਾਂ ਜ਼ਿੰਦਗੀ ਦੇ ਨਾਲ ਹੀ ਚਲਦੇ ਹਨ।
ਡਾ. ਸਰੂਪ ਸਿੰਘ ਮਰਵਾਹ ‘ਚਿੰਤਾ-ਰੋਗ, ਕਾਰਨ ਅਤੇ ਉਪਾਅ’ ਨਾਂ ਦੀ ਕਿਤਾਬ ਵਿੱਚ ਲਿਖਦੇ ਹਨ, “ਜੇ ਅਸਾਂ ਜੀਵਨ-ਯੁੱਧ ਨੂੰ ਚੰਗੀ ਤਰ੍ਹਾਂ ਲੜਨਾ ਹੈ ਤਾਂ ਸਾਨੂੰ ਘੱਟ ਤੋਂ ਘੱਟ ਚਿੰਤਾ ਕਰਨੀ ਚਾਹੀਦੀ ਹੈ। ਪਰ ਇਸ ਤੋਂ ਵੀ ਚੰਗੀ ਗੱਲ ਤਾਂ ਇਹ ਹੈ ਕਿ ਅਸੀਂ ਜੀਵਨ ਨੂੰ ਯੁੱਧ ਨਾ ਸਮਝੀਏ, ਇੱਕ ਖੇਡ ਸਮਝੀਏ, ਜਿਸਨੂੰ ਕਿ ਅਸਾਂ ਸਾਰਿਆਂ ਨੇ ਰਲ-ਮਿਲ ਕੇ ਚੰਗੀ ਭਾਵਨਾ ਨਾਲ ਤੇ ਚੰਗੇ ਖਿਡਾਰੀਆਂ ਵਾਂਗੂੰ ਸਾਂਝਾ ਆਨੰਦ ਪ੍ਰਾਪਤ ਕਰਨ ਲਈ ਖੇਡਣਾ ਹੈ।”
ਇਸ ਲੇਖ ਵਿੱਚ ਅਸੀਂ ਦੋ ਅਜਿਹੇ ਮਹਾਨ ਲੋਕਾਂ ਦੀਆਂ ਉਦਾਹਰਣਾਂ ਦੇ ਰਹੇ ਹਾਂ ਜਿਨ੍ਹਾਂ ਆਪਣੇ ਅਧੂਰੇ ਅੰਗਾਂ ਦੇ ਬਾਵਜੂਦ ਵੀ ਸੰਘਰਸ਼ ਦੁਆਰਾ ਆਪਣੀ ਮੰਜਿਲ ਪ੍ਰਾਪਤ ਕੀਤੀ ਅਤੇ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਵਿਆ। ਪਹਿਲੀ ਉਦਾਹਰਣ ਉੱਤਰ-ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦੇ ਅੰਬੇਦਕਰ ਨਗਰ ਵਿੱਚ ਰਹਿਣ ਵਾਲੀ ਵਾਲੀਬਾਲ ਖਿਡਾਰਨ ਦੀ ਹੈ। ਅਰੁਨਿਮਾਂ ਨਾਂ ਦੀ ਇਹ ਲੜਕੀ ਇੱਕ ਰੇਲ ਹਾਦਸੇ ਵਿੱਚ ਆਪਣੀ ਇੱਕ ਲੱਤ ਗੁਆ ਚੁੱਕੀ ਸੀ। ਫਿਰ ਵੀ ਉਸਨੇ ਜ਼ਿੰਦਗੀ ਤੋਂ ਹੌਸਲਾ ਨਾ ਹਾਰਿਆ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰਸਟ ਫਤਿਹ ਕਰਨ ਦਾ ਸੁਪਨਾ ਲਿਆ। ਆਪਣੇ ਦ੍ਰਿੜ੍ਹ ਇਰਾਦੇ ਨਾਲ ਉਸਨੇ ਮਾਊਂਟ ਐਵਰਸਟ ਉੱਤੇ ਜਿੱਤ ਦਾ ਝੰਡਾ ਗੱਡ ਕੇ ਦੁਨੀਆਂ ਦੀਆਂ ਸੱਤ ਉੱਚੀਆਂ ਚੋਟੀਆਂ ਵੀ ਫਤਿਹ ਕਰ ਲਈਆਂ। ਇਸ ਕਾਰਨ ਉਸਨੂੰ ਪਦਮ ਸ੍ਰੀ ਅਵਾਰਡ ਨਾਲ ਵੀ ਸਨਮਨਿਤ ਕੀਤਾ ਜਾ ਚੁੱਕਾ ਹੈ।
ਦੂਸਰੀ ਮਿਸਾਲ ਰੂਸ ਦੇ ਬਹਾਦਰ ਫੌਜੀ ਪਾਇਲਟ ਮਾਰੇਸੇਯੇਵ ਅਲੈਕਸੇਈ ਪਿਤਰੋਵਿਚ ਦੀ ਹੈ। ਇਸਦਾ ਜ਼ਿਕਰ ਬੋਰਿਸ ਪੋਲੇਵੋਈ ਨੇ ਆਪਣੇ ਨਾਵਲ “ਅਸਲੀ ਇਨਸਾਨ ਦੀ ਕਹਾਣੀ” ਵਿੱਚ ਕੀਤਾ ਹੈ। ਦਰਅਸਲ ਅਲੈਕਸੇਈ ਇਸ ਨਾਵਲ ਦਾ ਮੁੱਖ ਪਾਤਰ ਹੈ ਅਤੇ ਬੋਰਿਸ ਪੋਲੇਵੋਈ ਨੇ ਇਹ ਨਾਵਲ ਅਲੈਕਸੇਈ ਉੱਤੇ ਹੀ ਲਿਖਿਆ ਹੈ। ਇਹ ਘਟਨਾ ਦੂਸਰੇ ਵਿਸ਼ਵ ਯੁੱਧ ਦੀ ਹੈ ਜਦੋਂ ਅਲੈਕਸੇਈ 1941 ਦੌਰਾਨ ਇੱਕ ਸੋਵੀਅਤ ਪਾਇਲਟ ਸੀ। ਅਲੈਕਸੇਈ ਨੇ ਦੁਸ਼ਮਣਾਂ ਦੇ ਲੜਾਈ ਦੌਰਾਨ ਕਈ ਜਹਾਜ਼ ਤਬਾਹ ਕੀਤੇ ਸਨ ਅਤੇ ਜਹਾਜ਼ ਦਾ ਤੇਲ ਖਤਮ ਹੋ ਜਾਣ ਅਤੇ ਇੰਜਣ ਬੰਦ ਹੋਣ ਜਾਣ ਕਾਰਨ ਉਸਦਾ ਜਹਾਜ਼ ਜੰਗਲ ਵਿੱਚ ਜਾ ਡਿੱਗਾ ਸੀ। ਇਸ ਹਾਦਸੇ ਕਾਰਨ ਉਸਦੇ ਦੋਨੋਂ ਪੈਰ ਟੁੱਟ ਗਏ ਸਨ। ਟੁੱਟੇ ਪੈਰਾਂ ਦੇ ਬਾਵਜੂਦ ਵੀ ਉਹ ਤਕਲੀਫਾਂ ਸਹਿੰਦਾ ਹੋਇਆ 18 ਦਿਨ ਜੰਗਲ ਵਿੱਚ ਚਲਦਾ ਅਤੇ ਕੂਹਣੀਆਂ ਭਾਰ ਰਿੜ੍ਹਦਾ ਵੀ ਰਿਹਾ। ਇਸ ਸਫਰ ਦੌਰਾਨ ਖਾਣ ਨੂੰ ਕੁਝ ਵੀ ਨਾ ਹੋਣ ਕਾਰਨ ਉਹ ਰੁੱਖਾਂ ਦੇ ਪੱਤੇ ਤੇ ਜੜ੍ਹਾਂ ਖਾਂਦਾ ਰਿਹਾ ਤੇ ਬਰਫ ਨੂੰ ਲਾਈਟਰ ਨਾਲ ਪਿਘਲਾ ਕੇ ਪਾਣੀ ਪੀਂਦਾ ਰਿਹਾ। ਕੁਝ ਸਥਾਨਾਂ ਤੋਂ ਉਸਨੂੰ ਮਰੇ ਹੋਏ ਫੋਜੀਆਂ ਦੇ ਬਕਸਿਆਂ ਵਿੱਚ ਕੁਝ ਮਾਸ ਵੀ ਮਿਲਿਆ। 18 ਦਿਨਾਂ ਬਾਅਦ ਜਦ ਉਹ ਆਪਣੇ ਲੋਕਾਂ ਕੋਲ ਪਹੁੰਚਿਆ ਤਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੈਰਾਂ ਦੀ ਹਾਲਤ ਵਿਗੜਨ ਕਾਰਨ ਉਹ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਾਰਨ ਉਸਦੇ ਦੋਨੋਂ ਪੈਰ ਕੱਟਣੇ ਪਏ ਸਨ। ਠੀਕ ਹੋਣ ਤੋਂ ਬਾਅਦ ਉਸਨੇ ਬਿਨਾਂ ਪੈਰਾਂ ਦੇ ਹੀ ਜਹਾਜ਼ ਚਲਾਉਣ ਦਾ ਦ੍ਰਿੜ੍ਹ ਇਰਾਦਾ ਕੀਤਾ। ਅੰਤ ਕਾਫੀ ਸਖਤ ਟਰੇਨਿੰਗ ਅਤੇ ਨਕਲੀ ਪੈਰਾਂ ਦੁਆਰਾ ਉਸਨੇ ਜੰਗ ਵਿੱਚ ਦੁਬਾਰਾ ਹਿੱਸਾ ਲਿਆ ਅਤੇ ਫਿਰ ਕਈ ਜਰਮਨ ਜਹਾਜ਼ਾਂ ਨੂੰ ਤਬਾਹ ਕੀਤਾ। ਇਸ ਤਰ੍ਹਾਂ ਉਸਨੇ ਆਪਣਾ ਦੁਬਾਰਾ ਜਹਾਜ਼ ਉਡਾਉਣ ਦਾ ਸੁਪਨਾ ਪੂਰਾ ਕੀਤਾ ਅਤੇ ਵਿਸ਼ਵ ਵਿੱਚ ਬਿਨਾਂ ਪੈਰਾਂ ਦੇ ਪਾਇਲਟ ਵਾਲੀ ਇੱਕ ਅਨੌਖੀ ਮਿਸਾਲ ਕਾਇਮ ਕੀਤੀ।
ਜੇਕਰ ਇਹ ਲੋਕ ਅਧੂਰੇ ਅੰਗਾਂ ਕਾਰਨ ਹਿੰਮਤ ਹਾਰ ਕੇ ਬੈਠ ਜਾਂਦੇ ਤਾਂ ਉਹ ਆਪਣੇ ਜੀਵਨ ਦਾ ਆਨੰਦ ਕਦੇ ਵੀ ਨਾ ਮਾਣ ਸਕਦੇ ਅਤੇ ਆਪਣੀ ਮੰਜ਼ਿਲ ਉੱਤੇ ਕਦੇ ਵੀ ਨਾ ਪਹੁੰਚ ਸਕਦੇ। ਉਪਰੋਕਤ ਉਦਾਹਰਣਾਂ ਅਜਿਹੇ ਲੋਕਾਂ ਲਈ ਮਿਸਾਲ ਹਨ ਜੋ ਆਪਣੀ ਜ਼ਿੰਦਗੀ ਤੋਂ ਹਾਰ ਜਾਂਦੇ ਹਨ ਅਤੇ ਉਨ੍ਹਾਂ ਲੋਕਾਂ ਲਈ ਵੀ ਸ਼ੀਸ਼ਾ ਹਨ ਜੋ ਆਪਣੇ ਸਾਰੇ ਅੰਗਾਂ ਦੇ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਸਚਾਈ ਇਹ ਹੈ ਕਿ ਜੇਕਰ ਅਸੀਂ ਜ਼ਿੰਦਗੀ ਨੂੰ ਖੂਬ ਜੀਉਣਾ ਹੈ ਅਤੇ ਉੱਚੀ ਮੰਜ਼ਿਲ ਪ੍ਰਾਪਤ ਕਰਨੀ ਹੈ ਤਾਂ ਸਾਡੇ ਵਿਚਾਰ ਵੀ ਉੱਚੇ ਹੀ ਹੋਣੇ ਚਾਹੀਦੇ ਹਨ। ਆਪਣੀ ਜ਼ਿੰਦਗੀ ਨੂੰ ਸੰਘਰਸ਼ਮਈ ਬਣਾਉਣ ਲਈ ਚਿੰਤਾ ਰਹਿਤ ਅਤੇ ਖੁਸ਼ੀਆਂ ਭਰੇ ਵਿਚਾਰਾ ਦਾਂ ਹੋਣਾ ਲਾਜ਼ਮੀ ਹੈ। ਹਰ ਵਕਤ ਆਪਣੀ ਸੋਚ ਸਾਕਾਰਾਤਮਕ ਰੱਖੋ ਅਤੇ ਨਿੱਡਰ ਹੋ ਕੇ ਸੰਘਰਸ਼ ਕਰਦੇ ਰਹੋ।
ਜੋ ਇਨਸਾਨ ਜੀਵਨ-ਯੁੱਧ ਤੋਂ ਹਾਰ ਕੇ ਖ਼ੁਦਕੁਸ਼ੀ ਕਰ ਲੈਂਦੇ ਹਨ ਜਾਂ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ ਅਸੀਂ ਉਨ੍ਹਾਂ ਨੂੰ ਅਸਲੀ ਇਨਸਾਨ ਕਦੇ ਵੀ ਨਹੀਂ ਕਹਿ ਸਕਦੇ। ਜ਼ਿੰਦਗੀ ਵਿੱਚ ਰੁਪਏ ਪੈਸੇ ਤੋਂ ਇਲਾਵਾ ਹੋਰ ਕੁਝ ਵੀ ਹੈ ਜਿਵੇਂ ਇਹ ਕੁਦਰਤ ਜੋ ਕਿ ਇਨਸਾਨ ਨੂੰ ਜਨਮ ਦਿੰਦੀ ਹੈ ਅਤੇ ਪਾਲਦੀ ਹੈ। ਕੁਦਰਤ ਦੀ ਰੰਗਤ ਵਿੱਚ ਅਸੀਂ ਆਪਣੇ ਆਪ ਨੂੰ ਖੁ਼ਸ਼ ਰੱਖ ਸਕਦੇ ਹਾਂ ਪ੍ਰੰਤੂ ਇਸ ਨੂੰ ਤੱਕਣ ਦਾ ਨਜ਼ਰੀਆ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅਸੀਂ ਚੰਗੀਆਂ ਪੁਸਤਕਾਂ ਨਾਲ ਜੁੜ ਕੇ ਵੀ ਆਪਣੇ ਵਿਚਾਰਾਂ ਅਤੇ ਜ਼ਿੰਦਗੀ ਨੂੰ ਸੇਧ ਦੇ ਸਕਦੇ ਹਾਂ, ਆਪਣੇ ਪਰਿਵਾਰ ਵਿੱਚ ਇਕੱਠੇ ਮਿਲ-ਬੈਠ ਕੇ ਦੁੱਖ-ਸੁਖ ਸਾਂਝਾ ਕਰਨਾ ਤੇ ਚੰਗੇ ਦੋਸਤਾਂ-ਮਿੱਤਰਾਂ ਦਾ ਸਾਥ ਵੀ ਸੰਪੂਰਨ ਜੀਵਨ ਵਿੱਚ ਸਹਾਈ ਹੁੰਦਾ ਹੈ।
ਅਸੀਂ ਉਨ੍ਹਾਂ ਲੋਕਾਂ ਨੂੰ, ਜੋ ਜ਼ਿੰਦਗੀ ਦੀ ਜੰਗ ਹਾਰ ਕੇ ਆਤਮ-ਹੱਤਿਆ ਜਾਂ ਨਿਰਾਸ਼ ਹੋ ਕੇ ਘਰ ਬੈਠਦੇ ਹਨ, ਕਹਿਣਾ ਚਾਹੁੰਦੇ ਹਾਂ ਕਿ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਓ। ਸੰਘਰਸ਼ ਦੇ ਰਸਤੇ ਉੱਤੇ ਚੱਲੋ ਅਤੇ ਆਪਣਾ ਇੱਕ-ਇੱਕ ਕਦਮ ਆਪਣੀ ਮੰਜ਼ਿਲ ਵੱਲ ਵਧਾਉਂਦੇ ਜਾਵੋ। ਕਠਿਨ ਰਾਹਾਂ ਉੱਤੇ ਤੁਰਨ ਵਾਲਿਆਂ ਦਾ ਮੰਜ਼ਿਲ ਵੀ ਫੁੱਲਾਂ ਨਾਲ ਸਵਾਗਤ ਕਰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1696)
(ਸਰੋਕਾਰ ਨਾਲ ਸੰਪਰਕ ਲਈ: