“ਸਮੇਂ ਦੀ ਸਰਕਾਰ ਨੇ ਪੂਰਨ ਬਹੁਮਤ ਪ੍ਰਾਪਤੀ ਤੋਂ ਬਾਅਦ ...”
(28 ਸਤੰਬਰ 2019)
ਸ਼ਹੀਦ ਭਗਤ ਸਿੰਘ ਅਜ਼ਾਦੀ ਦੀ ਜੰਗ ਲੜ ਰਹੇ ਕ੍ਰਾਂਤੀਕਾਰੀਆਂ ਵਿੱਚ ਨਵੀਂ ਚੇਤਨਾ ਪੈਦਾ ਕਰਨ ਵਾਲੇ ਇੱਕ ਮਹਾਨਾਇਕ ਸਨ। ਭਗਤ ਸਿੰਘ ਦਾ ਬਚਪਨ ਕ੍ਰਾਂਤੀਕਾਰੀ ਪਰਿਵਾਰ ਵਿੱਚ ਬੀਤਿਆ। ਦੇਸ਼-ਪ੍ਰੇਮ ਦੀ ਭਾਵਨਾ ਤਾਂ ਨਸ-ਨਸ ਵਿੱਚ ਫੈਲੀ ਹੋਈ ਸੀ। ਜਵਾਨੀ ਦੀ ਦਹਿਲੀਜ਼ ਵਿੱਚ ਪੈਰ ਧਰਦਿਆਂ ਹੀ ਉਸਨੇ ਦੇਸ਼ ਵਿਚਲੀਆਂ ਸਮੱਸਿਆਵਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਸਕੂਲ ਦੀ ਪੜ੍ਹਾਈ ਤੋਂ ਲੈ ਕੇ ਕਾਲਜ ਦੀ ਪੜ੍ਹਾਈ ਤੱਕ ਭਗਤ ਸਿੰਘ ਨੇ ਦੇਸ਼ੀ ਤੇ ਵਿਦੇਸ਼ੀ ਸਾਹਿਤ ਦਾ ਨਿੱਠ ਕੇ ਅਧਿਐਨ ਕੀਤਾ। ਇਸ ਕਾਰਨ ਉਸਨੇ ਆਪਣੀ ਸਮਝ ਕਾਫੀ ਵਿਸ਼ਾਲ ਬਣਾ ਲਈ ਸੀ।
ਭਗਤ ਸਿੰਘ ਦੇ ਕ੍ਰਾਂਤੀਕਾਰੀਆਂ ਵਿੱਚ ਸ਼ਾਮਿਲ ਹੋਣ ਨਾਲ ਅਜਾਦੀ ਦੀ ਜੰਗ ਨੂੰ ਇੱਕ ਨਵੀਂ ਦਿਸ਼ਾ ਮਿਲੀ। ਜਿਹੜੇ ਅਜਾਦੀ ਲਈ ਲੜ ਰਹੇ ਯੋਧੇ ਪਹਿਲਾਂ ਅੰਗਰੇਜ਼ ਮੁਕਤ ਭਾਰਤ ਚਾਹੁੰਦੇ ਸਨ ਉਨ੍ਹਾਂ ਅਜਾਦੀ ਤੋਂ ਬਾਅਦ ਵਾਲੇ ਭਾਰਤ ਦੇ ਨਿਰਮਾਣ ਬਾਰੇ ਵੀ ਦਿਸ਼ਾ-ਨਿਰਦੇਸ਼ ਨਿਰਧਾਰਿਤ ਕਰਨੇ ਸ਼ੁਰੂ ਕਰ ਦਿੱਤੇ। ਹੁਣ ਉਨ੍ਹਾਂ ਦਾ ਸੁਪਨਾ ਮਨੁੱਖ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ ਨੂੰ ਖਤਮ ਕਰਕੇ ਸਮਾਜਵਾਦ ਅਧਾਰਿਤ ਸਮਾਜ ਦੀ ਸਿਰਜਣਾ ਕਰਨਾ ਸੀ। ਭਗਤ ਸਿੰਘ ਨੂੰ ਕ੍ਰਾਂਤੀਕਾਰੀਆਂ ਦਾ ਦਿਮਾਗ ਕਿਹਾ ਜਾਂਦਾ ਸੀ। ਦੇਸ਼ ਪ੍ਰਤੀ ਆਪਾ ਸਮੱਰਪਣ ਦੀ ਭਾਵਨਾ, ਕੁਝ ਕਰਨ ਗੁਜਰਣ ਦਾ ਜਜ਼ਬਾ, ਵਿਗਿਆਨ ਸੋਚ ਦਾ ਧਾਰਨੀ, ਪੁਰਾਣੀਆਂ ਪਿਛਾਂਹ ਖਿੱਚੂ ਮਾਨਤਾਵਾਂ ਨੂੰ ਰੱਧ ਕਰਕੇ ਨਵੀਂ ਸੋਚ ਅਧਾਰਿਤ ਸਮਾਜ ਦੀ ਨੀਂਹ ਉਸਾਰਨਾ, ਸਮਾਜ ਦੁਆਰਾ ਲਿਤਾੜੀ ਹੋਈ ਗਰੀਬ ਮਨੁੱਖਤਾ ਨੂੰ ਸਨਮਾਨ ਭਰੀ ਜ਼ਿੰਦਗੀ ਜਿਉਣ ਦੀ ਸਟੇਜ ਤੇ ਲੈ ਕੇ ਆਉਣਾ ਆਦਿ ਗੁਣ ਉਸ ਨੂੰ ਯੁੱਗਦ੍ਰਿਸ਼ਟਾ ਮਨੁੱਖ ਦੇ ਰੂਪ ਵਿੱਚ ਪ੍ਰਗਟ ਕਰਦੇ ਸਨ।
ਭਗਤ ਸਿੰਘ ਉੱਤੇ ਕ੍ਰਾਂਤੀਕਾਰੀ ਨੇਤਾ ਤੇ ਦੂਸਰੇ ਸਾਥੀ ਕਿੰਨਾ ਵਿਸ਼ਵਾਸ ਕਰਦੇ ਸਨ ਇਸਦੀ ਇੱਕ ਉਦਾਹਰਣ ਇਸ ਤਰ੍ਹਾਂ ਹੈ: ਅਸੈਂਬਲੀ ਵਿੱਚ ਬੰਬ ਸੁੱਟਣ ਜਾਣ ਲਈ ਭਗਤ ਸਿੰਘ ਦੀ ਡਿਊਟੀ ਲਗਾਉਣ ਉੱਤੇ ਚੰਦਰ ਸੇਖਰ ਅਜ਼ਾਦ ਖਫ਼ਾ ਸਨ। ਉਹ ਸੋਚਦੇ ਸਨ ਕਿ ਬੰਬ ਸੁੱਟਣ ਤੋਂ ਬਾਅਦ ਗ੍ਰਿਫਤਾਰੀ ਹੋਣੀ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਭਗਤ ਸਿੰਘ ’ਤੇ ਸਾਂਡਰਸ ਕੇਸ ਕਾਰਨ ਫਾਂਸੀ ਨਿਸਚਿਤ ਹੈ। ਅਜ਼ਾਦ ਦਾ ਸੋਚਣਾ ਸੀ ਕਿ ਜੇਕਰ ਭਗਤ ਸਿੰਘ ਨੂੰ ਫਾਂਸੀ ਹੋ ਗਈ ਤਾਂ ਮਗਰੋਂ ਅਜ਼ਾਦੀ ਸੰਗਰਾਮੀਆਂ ਨੂੰ ਅਗਵਾਈ ਕੌਣ ਦੇਵੇਗਾ। ਦੂਸਰੇ ਪਾਸੇ ਸੁਖਦੇਵ ਇਸ ਗੱਲ ਉੱਤੇ ਅੜਿਆ ਸੀ ਕਿ ਅਦਾਲਤ ਸਾਹਮਣੇ ਭਗਤ ਸਿੰਘ ਤੋਂ ਇਲਾਵਾ ਕੋਈ ਕ੍ਰਾਂਤੀਕਾਰੀਆਂ ਦਾ ਉਦੇਸ਼ ਠੀਕ ਢੰਗ ਨਾਲ ਨਹੀਂ ਰੱਖ ਸਕਦਾ। ਇਸ ਉਦਾਹਰਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੱਚਮੁੱਚ ਭਗਤ ਸਿੰਘ ਕ੍ਰਾਂਤੀਕਾਰੀਆਂ ਦਾ ਰਾਹ ਦਸੇਰਾ ਸੀ।
ਫਾਂਸੀ ਤੋਂ ਕੁਝ ਸਮਾਂ ਪਹਿਲਾਂ ਭਗਤ ਸਿੰਘ ਰੂਸ ਦੇ ਕ੍ਰਾਂਤੀਕਾਰੀ ਲੈਨਿਨ ਦੀ ਕਿਤਾਬ ਪੜ੍ਹ ਰਿਹਾ ਸੀ। ਫਾਂਸੀ ਲਈ ਤੁਰਨ ਤੋਂ ਪਹਿਲਾਂ ਉਸਨੇ ਲੈਨਿਨ ਦੀ ਕਿਤਾਬ ਦਾ ਜਿਹੜਾ ਪੰਨਾ ਉਹ ਪੜ੍ਹ ਰਿਹਾ ਸੀ, ਉਸਨੂੰ ਮੋੜ ਦਿੱਤਾ ਸੀ। ਪੰਨਾ ਮੋੜਨ ਦਾ ਮਤਲਬ ਸੀ ਕਿ ਅਗਲੀ ਨੌਜਵਾਨ ਪੀੜ੍ਹੀ ਇਸ ਤੋਂ ਅੱਗੇ ਕਿਤਾਬ ਪੜ੍ਹ ਕੇ ਉਸਦਾ ਅਧੂਰਾ ਸੁਪਨਾ ਪੂਰਾ ਕਰੇਗੀ।
ਅੱਜ ਅਜਾਦੀ ਦੇ 72 ਸਾਲ ਅਤੇ ਭਗਤ ਸਿੰਘ ਦੀ ਸ਼ਹੀਦੀ ਦੇ 88 ਸਾਲ ਬਾਅਦ ਕੀ ਅਸੀਂ ਭਗਤ ਸਿੰਘ ਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਦੇ ਸੁਪਨਿਆਂ ਦਾ ਦੇਸ ਬਣਾ ਸਕੇ ਹਾਂ? ਜਿਸ ਸਮਾਜਵਾਦੀ ਭਾਰਤ ਦੀ ਭਗਤ ਸਿੰਘ ਨੇ ਕਲਪਨਾ ਕੀਤੀ ਕੀ ਅਸੀਂ ਉਸ ਵੱਲ ਦੋ ਕਦਮ ਵੀ ਪੁੱਟੇ? ਜਿਸ ਸਮਾਜਵਾਦ ਦੀ ਪ੍ਰਾਪਤੀ ਲਈ ਭਗਤ ਸਿੰਘ, ਬਿਨਾਂ ਕਿਸੇ ਨਿੱਜੀ ਸਵਾਰਥ ਦੇ, ਆਪਣੀ ਜਵਾਨੀ ਦੇਸ਼ ਦੇ ਲੇਖੇ ਲਾ ਗਿਆ, ਕੀ ਉਸਦੀਆਂ ਵਿਚਾਰਧਾਰਕ ਪਾਰਟੀਆਂ ਬਿਨਾਂ ਕਿਸੇਂ ਨਿੱਜੀ ਸਵਾਰਥ ਦੇ ਆਪਾ ਸਮੱਰਪਤ ਕਰ ਸਕੀਆਂ?
ਭਗਤ ਸਿੰਘ ਦੇ ਜਨਮ ਦਿਵਸ ਉੱਤੇ ਇਨਕਲਾਬ ਜਿੰਦਾਬਾਦ ਅਤੇ ਭਗਤ ਸਿੰਘ ਜਿੰਦਾਬਾਦ ਦੇ ਨਾਹਰੇ ਸਟੇਜਾਂ ਉੱਤੇ ਖੂਬ ਗੂੰਜਦੇ ਹਨ ਪਰ ਇਹ ਨਾਹਰੇ ਕੇਵਲ ਲੋਕ ਵਿਖਾਵੇ ਲਈ ਹੁੰਦੇ ਹਨ। ਅਸਲੀਅਤ ਇਹ ਹੈ ਕਿ ਇਹੀ ਨਾਹਰੇ ਮਾਰਨ ਵਾਲੇ ਸ਼ਹੀਦ ਦੀ ਸੋਚ ਦੇ ਬਿਲਕੁਲ ਉਲਟ ਜਾ ਕੇ ਸਵਾਰਥੀ ਅਤੇ ਲੋਕ ਵਿਰੋਧੀ ਭਾਵਨਾ ਨਾਲ ਲਬਰੇਜ਼ ਹਨ। ਜਿਸ ਸਾਮਰਾਜ, ਪੂੰਜੀਵਾਦ, ਅੱਤਿਆਚਾਰ, ਭ੍ਰਿਸ਼ਟਾਚਾਰ ਤੇ ਲੋਕਾਂ ਦਾ ਖੂਨ ਚੂਸਣ ਵਾਲੀਆਂ ਜੋਕਾਂ ਦੇ ਵਿਰੁੱਧ ਸ਼ਹੀਦ ਭਗਤ ਸਿੰਘ ਨੇ ਅਵਾਜ਼ ਉਠਾਈ, ਅੱਜ ਆਪਣੇ ਆਪ ਨੂੰ ਭਗਤ ਸਿੰਘ ਦੇ ਵਾਰਿਸ ਕਹਿਲਾਉਣ ਵਾਲੇ ਸਾਡੇ ਦੇਸ਼ ਦੇ ਨੇਤਾ ਉਹੀ ਕੰਮ ਕਰਦੇ ਹਨ, ਜਿਸਦਾ ਭਗਤ ਸਿੰਘ ਵਿਰੋਧੀ ਸੀ।
ਸਾਡਾ ਦੇਸ਼ ਅੱਜ ਭ੍ਰਿਸ਼ਟਾਚਾਰ, ਅੱਤਿਆਚਾਰ, ਗਰੀਬੀ, ਭੁੱਖਮਰੀ, ਕੁਪੋਸ਼ਣ, ਬੇਰੁਜ਼ਗਾਰੀ, ਬੀਮਾਰੀ, ਨਸ਼ਾ ਆਦਿ ਅਲਾਮਤਾਂ ਨਾਲ ਘਿਰਿਆ ਹੋਇਆ ਹੈ। ਦੇਸ਼ ਦੇ ਨੇਤਾਵਾਂ ਨੇ ਸਰਕਾਰੀ ਸਰਮਾਇਆਂ ਕਾਰਪੋਰੇਟ ਖੇਤਰਾਂ ਨੂੰ ਵੇਚ ਦਿੱਤਾ ਹੈ, ਦੇਸ਼ ਮੰਦੀ ਦੇ ਦੌਰ ਵਿੱਚ ਗੁਜ਼ਰ ਰਿਹਾ ਹੈ। ਫਿਰ ਵੀ ਹੁਕਮਰਾਨ ‘ਸਭ ਕੁਝ ਅੱਛਾ ਹੈ’ ਦਾ ਨਾਹਰਾ ਲਗਾ ਕੇ ਲੋਕਾਂ ਵਿੱਚ ਗਲਤ ਪ੍ਰਚਾਰ ਕਰ ਰਹੇ ਹਨ।
ਸਮੇਂ ਦੀ ਸਰਕਾਰ ਨੇ ਪੂਰਨ ਬਹੁਮਤ ਪ੍ਰਾਪਤੀ ਤੋਂ ਬਾਅਦ ਤਾਨਾਸ਼ਾਹੀ ਰਵੱਈਆ ਅਪਣਾ ਲਿਆ ਹੈ ਕਿਉਂਕਿ ਵਿਰੋਧੀ ਧਿਰ ਨਾ-ਮਾਤਰ ਹੈ। ਦੇਸ਼ ਵਿੱਚ ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਜਿਵੇਂ ਕਿ ਕਿਸੇ ਨੂੰ ਵੀ ਸ਼ੱਕ ਦੇ ਅਧਾਰ ’ਤੇ ਅੱਤਵਾਦੀ ਐਲਾਨਣਾ, ਸੂਚਨਾ ਅਧਿਕਾਰ ਕਾਨੂੰਨ ਵਿੱਚ ਫੇਰ ਬਦਲ, ਕਸ਼ਮੀਰ ਦੀ ਵਿਸ਼ੇਸ਼ ਦਰਜਾ ਪ੍ਰਾਪਤ ਧਾਰਾ 370 ਤੇ 35-ਏ ਨੂੰ ਖਤਮ ਕਰਨਾ ਆਦਿ। ਕਸ਼ਮੀਰ ਦੇ ਹਾਲਾਤ ਅਜਿਹੇ ਹਨ ਕਿ ਲੋਕ ਘਰਾਂ ਵਿੱਚ ਨਜ਼ਰਬੰਦ ਹਨ, ਸਿਹਤ ਪੱਖੋਂ ਵੀ ਉਨ੍ਹਾਂ ਦੇ ਪੁਖਤਾ ਪ੍ਰਬੰਧ ਨਹੀਂ, ਉਨ੍ਹਾਂ ਦੇ ਪੱਖ ਵਿੱਚ ਗੂੰਜਦੀਆਂ ਅਵਾਜ਼ਾਂ ਨੂੰ ਕੁਚਲਣ ਦੀ ਕੋਸ਼ਿਸ਼ ਜਾਰੀ ਹੈ। ਦੇਸ ਵਿੱਚ ਭੀੜ-ਤੰਤਰ ਦੁਆਰਾ ਸਾਜ਼ਿਸ ਅਧੀਨ ਘੱਟ ਗਿਣਤੀਆਂ ਦੇ ਕਤਲ ਕੀਤੇ ਜਾ ਰਹੇ ਹਨ। ਵਿਗਿਆਨਕ ਸੋਚ ਵਾਲਿਆਂ ਅਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਕੈਦ ਕੀਤਾ ਜਾਂਦਾ ਹੈ ਜਾਂ ਕਤਲ ਕਰ ਦਿੱਤੇ ਜਾਂਦੇ ਹਨ।
ਦੇਸ਼ ਦੇ ਲੋਕਾਂ ਨੇ ਕੀ ਖਾਣਾ ਹੈ, ਕੀ ਪਹਿਨਣਾ, ਕੀ ਬੋਲਣਾ ਹੈ, ਕੀ ਲਿਖਣਾ ਅਤੇ ਕੀ ਪੜ੍ਹਨਾ ਹੈ, ਆਦਿ ਸਭ ਤਾਨਾਸ਼ਾਹੀ ਸਰਕਾਰ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਸਰਕਾਰ ਦੇ ਇਸ਼ਾਰੇ ਉੱਤੇ ਚੱਲ ਕੇ ਵਿਰੋਧੀ ਧਿਰ ਅਤੇ ਸਰਕਾਰ ਖਿਲਾਫ ਅਵਾਜ਼ ਚੁੱਕਣ ਵਾਲਿਆਂ ਦੇ ਵਿਰੁੱਧ ਕਾਰਵਾਈਆਂ ਕਰ ਰਹੀਆਂ ਹਨ। ਸਰਕਾਰ ਦੁਆਰਾ ਲੋਕਾਂ ਨੂੰ ਜੰਗ ਦਾ ਮਾਹੌਲ ਬਣਾ ਕੇ ਸਹਿਮ ਦੇ ਸਾਏ ਹੇਠ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੇਸ਼ ਦੀ ਅਜੋਕੀ ਸਥਿਤੀ ਤੋਂ ਅਸੀਂ ਸਮਝਦੇ ਹਾਂ ਕਿ ਭਗਤ ਸਿੰਘ ਦੇ ਸਮੇਂ ਅਤੇ ਅੱਜ ਦੇ ਸਮੇਂ ਵਿੱਚ ਜੋ ਦੇਸ ਦੀ ਸਥਿਤੀ ਹੈ ਲਗਭਗ ਕਈ ਪੱਖਾਂ ਤੋਂ ਬਰਾਬਰ ਹੈ। ਬੱਸ ਸਮਾਂ, ਹਾਲਾਤ ਅਤੇ ਚਿਹਰੇ ਬਦਲ ਗਏ ਹਨ। ਭਗਤ ਸਿੰਘ ਅੱਜ ਵੀ ਦੇਸ਼ ਦੇ ਨੌਜਵਾਨਾਂ ਨੂੰ ਪੁਕਾਰਦਾ ਹੈ ਕਿ ਉਸਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇ। ਨੌਜਵਾਨਾਂ ਨੂੰ ਨਸ਼ੇ, ਪ੍ਰਵਾਸ, ਆਦਿ ਛੱਡ ਕੇ ਆਪਣੇ ਦੇਸ਼ ਨੂੰ ਪੂਰਨ ਅਜਾਦੀ ਦਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਅਸੀਂ ਆਖਿਰ ਕਦੋਂ ਤੱਕ ਅਜਿਹੀ ਤਾਨਾਸ਼ਾਹੀ ਸਰਕਾਰ ਦੁਆਰਾ ਪੈਦਾ ਕੀਤੀ ਦੇਸ਼ ਦੀ ਮਾੜੀ ਸਥਿਤੀ ਦਾ ਸੰਤਾਪ ਹੰਢਾਉਂਦੇ ਰਹਾਂਗੇ। ਅੰਤ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ। ਅੱਜ ਦਾ ਨੌਜਵਾਨ ਸ਼ਹੀਦ ਭਗਤ ਸਿੰਘ ਦੀ ਸੋਚ ਅਪਣਾ ਕੇ ਹੀ ਦੇਸ਼ ਦੀ ਅਗਵਾਈ ਕਰਨ ਲਈ ਅੱਗੇ ਆ ਸਕਦਾ ਹੈ। ਆਓ ਉਸ ਮਹਾਨ ਯੁੱਗਪੁਰਸ਼ ਦੇ ਪਾਏ ਪੂਰਨਿਆਂ ਉੱਤੇ ਚੱਲਣ ਦਾ ਅਹਿਦ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1749)
(ਸਰੋਕਾਰ ਨਾਲ ਸੰਪਰਕ ਲਈ: