“ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਸਖ਼ਤ ਕਾਨੂੰਨ ਕੀ ਕਰਨਗੇ? ...”
(14 ਦਸੰਬਰ 2019)
ਇਹ ਸੰਸਾਰ ਔਰਤ ਅਤੇ ਮਰਦ ਬਿਨਾਂ ਅਧੂਰਾ ਹੈ, ਕਿਉਂ ਜੋ ਇਹ ਦੋਨੋਂ ਧਰਤੀ ਦੇ ਉੱਤਮ ਪ੍ਰਾਣੀ ਹਨ। ਔਰਤ ਬਿਨਾਂ ਮਰਦ ਦੀ ਹੋਂਦ ਨਹੀਂ, ਅਤੇ ਮਰਦ ਬਿਨਾਂ ਔਰਤ ਲਈ ਇਹ ਸੰਸਾਰ ਵਿਰਾਨ ਹੈ। ਸਮਾਜ ਦੀ ਰਚਨਾ ਵਿੱਚ ਦੋਨੋਂ ਬਰਾਬਰ ਦੇ ਹੱਕਦਾਰ ਹਨ। ਘਰ-ਪਰਿਵਾਰ, ਖੇਤੀਬਾੜੀ, ਵਿਗਿਆਨ, ਤਕਨਾਲੋਜੀ, ਖੋਜਾਂ, ਦਫਤਰੀ ਕੰਮਕਾਜ, ਰਾਜਨੀਤੀ, ਖੇਡਾਂ, ਪੁਲਾੜੀ ਯਾਤਰਾ ਆਦਿ ਹਰ ਸਥਾਨ ’ਤੇ ਔਰਤ ਮਰਦ ਦੇ ਬਰਾਬਰ ਖੜ੍ਹੀ ਹੈ। ਫਿਰ ਵੀ ਅੱਜ ਔਰਤ ਸਾਡੇ ਤੋਂ ਆਜ਼ਾਦ ਜਿਉਣ ਦਾ ਹੱਕ ਮੰਗਦੀ ਹੈ ਅਜਿਹਾ ਕਿਉਂ?
ਦਰਅਸਲ ਪੁਰਾਤਨ ਸਮੇਂ ਤੋਂ ਹੀ ਔਰਤ ਨਾਲ ਪੱਖਪਾਤੀ ਕੀਤੀ ਜਾਂਦੀ ਰਹੀ ਹੈ। ਉਹ ਸਮੇਂ ਔਰਤ ਨੂੰ ਘਰ ਵਿੱਚ ਰਖੇਲ ਬਣਾ ਕੇ ਰੱਖਿਆ ਜਾਂਦਾ ਸੀ, ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ। ਪਤੀ ਦੇ ਮਰਨ ਉੱਤੇ ਸਤੀ ਹੋਣਾ ਉਸ ਦੀ ਮਜਬੂਰੀ ਸੀ; ਜੇਕਰ ਨਹੀਂ ਤਾਂ ਸਾਰੀ ਉਮਰ ਵਿਧਵਾ ਰਹਿ ਕੇ ਲੋਕਾਂ ਦੇ ਤਾਹਨੇ-ਮਿਹਣੇ ਸੁਣਨੇ ਪੈਂਦੇ ਸਨ। ਫਿਰ ਸਮੇਂ ਨੇ ਕਰਵਟ ਬਦਲੀ ਅਤੇ ਗੁਰੂਆਂ, ਪੀਰਾਂ, ਫ਼ਕੀਰਾਂ, ਭਗਤਾਂ, ਸਮਾਜ ਸੁਧਾਰਕਾਂ ਆਦਿ ਦੇ ਪ੍ਰਚਾਰ ਕਾਰਨ ਉਸ ਨੂੰ ਅਜਿਹੀਆਂ ਅਲਾਮਤਾਂ ਤੋਂ ਛੁਟਕਾਰਾ ਮਿਲਿਆ। ਪ੍ਰੰਤੂ ਪੂਰਨ ਆਜ਼ਾਦੀ ਅਤੇ ਸਨਮਾਨ ਭਰਿਆ ਜੀਵਨ ਉਸਦੇ ਹਿੱਸੇ ਅਜੇ ਤੱਕ ਵੀ ਪੂਰੀ ਤਰ੍ਹਾਂ ਨਹੀਂ ਆਇਆ।
ਅੱਜ ਜਿੱਥੇ ਵੀ ਔਰਤ ਕੰਮ ਕਰਦੀ ਹੈ, ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸਮਝਦੀ ਕਿਉਂਕਿ ਪਤਾ ਨਹੀਂ ਕਿਸ ਵੇਲੇ, ਕਿਸ ਰਾਹ ਗਲੀ ਜਾਂਦੇ ਜਾਂ ਕੰਮ ਕਾਜ ਵਾਲੇ ਸਥਾਨ ਉੱਤੇ ਹੀ ਕਿਸੇ ਹਵਸ ਦੇ ਭੁੱਖੇ ਭੇੜੀਏ ਵੱਲੋਂ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਵੇ। ਪਿਛਲੇ ਸਮੇਂ ਤੋਂ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਾਰਨ ਲੋਕਾਂ ਦਾ ਰੋਹ ਵੀ ਜਾਗਿਆ, ਕਾਨੂੰਨੀ ਨਿਯਮ ਸਖ਼ਤ ਵੀ ਕੀਤੇ ਪ੍ਰੰਤੂ ਫਿਰ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।
ਕੁਝ ਸਾਲ ਪਹਿਲਾਂ ਜਦੋਂ ਦਿੱਲੀ ਕਾਂਡ ਵਾਪਰਿਆ ਤਾਂ ਲੋਕਾਂ ਦੇ ਵਿਰੋਧ ਕਾਰਨ ਕਾਨੂੰਨ ਬਣਾਏ ਗਏ ਪ੍ਰੰਤੂ ਉਸ ਤੋਂ ਬਾਅਦ ਵੀ ਘਟਨਾਵਾਂ ਵਾਪਰਦੀਆਂ ਰਹੀਆਂ। ਫਿਰ ਉਨਾਵ ਕਾਂਡ ਤੇ ਕਠੂਆ ਕਾਂਡ ਵਾਪਰਿਆ। ਉਨਾਵ ਕਾਂਡ ਵਿੱਚ ਸਰਕਾਰ ਦਾ ਵਿਧਾਇਕ ਦੋਸ਼ੀ ਸੀ, ਕਠੂਆ ਕਾਂਡ ਵਿੱਚ ਸਰਕਾਰ ਦੇ ਵਿਧਾਇਕ ਦੋਸ਼ੀਆਂ ਦੇ ਪੱਖ ਵਿੱਚ ਭੁਗਤੇ - ਫਿਰ ਅਸੀਂ ਨਿਆਂ ਕਿਸ ਤੋਂ ਮੰਗੀਏ? ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਸਖ਼ਤ ਕਾਨੂੰਨ ਕੀ ਕਰਨਗੇ? ਇਨ੍ਹਾਂ ਦੋਨਾਂ ਘਟਨਾਵਾਂ ਬਾਅਦ ਵੀ ਲੋਕਾਂ ਦਾ ਵਿਰੋਧ ਹੋਇਆ, ਮੋਮਬੱਤੀਆਂ ਦੁਆਰਾ ਮਾਰਚ ਕੀਤਾ, ਕਾਨੂੰਨ ਬਣੇ, ਪ੍ਰੰਤੂ ਫਿਰ ਵੀ ਘਟਨਾਵਾਂ ਜਾਰੀ ਰਹੀਆਂ।
ਤਾਜ਼ਾ ਘਟਨਾ ਹੈਦਰਾਬਾਦ ਵਿੱਚ ਵਾਪਰੀ ਜਿੱਥੇ ਇੱਕ ਮਹਿਲਾ ਡਾਕਟਰ ਨੂੰ ਦਰਿੰਦਿਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਮਹਿਲਾ ਡਾਕਟਰ ਹਰ ਰੋਜ਼ ਦੀ ਤਰ੍ਹਾਂ ਹਸਪਤਾਲ ਵਿੱਚ ਡਿਊਟੀ ਕਰ ਕੇ ਘਰ ਵਾਪਸ ਜਾਣ ਲੱਗੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਸਕੂਟਰੀ ਪੰਕਚਰ ਸੀ। ਉਸ ਸਮੇਂ ਚਾਰ ਵਿਅਕਤੀ ਇਨਸਾਨੀਅਤ ਦਾ ਮਖੌਟਾ ਪਹਿਨ ਕੇ ਮਦਦ ਲਈ ਉਸ ਕੋਲ ਆਏ ਅਤੇ ਮੌਕਾ ਵੇਖ ਕੇ ਇਨਸਾਨੀਅਤ ਦਾ ਮਖੌਟਾ ਲਾਹ ਦਿੱਤਾ ਤੇ ਆਪਣੀ ਅਸਲੀ ਦਰਿੰਦਗੀ ਦੇ ਰੂਪ ਵਿੱਚ ਆ ਗਏ ਅਤੇ ਉਸ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ। ਉਹ ਇੱਥੇ ਹੀ ਨਹੀਂ ਰੁਕੇ। ਜਦੋਂ ਲੜਕੀ ਅੱਧਮੋਈ ਹੋ ਗਈ ਤਾਂ ਉਸ ਨੂੰ ਜਿਊਂਦੇ ਹੀ ਸਾੜ ਦਿੱਤਾ। ਔਰਤ ਉੱਤੇ ਹੁੰਦੇ ਅੱਤਿਆਚਾਰ ਦਾ ਇਹ ਘਿਨਾਉਣਾ ਰੂਪ ਦਿਲ ਦਹਿਲਾ ਦੇਣ ਵਾਲਾ ਹੈ।
ਇਸ ਘਟਨਾ ਦਾ ਸਾਰੇ ਦੇਸ਼ ਵਿੱਚ ਵਿਰੋਧ ਹੋਇਆ। ਇਸਦੀ ਗੂੰਜ ਸੰਸਦ ਤੱਕ ਪਹੁੰਚ ਗਈ। ਇਥੋਂ ਤੱਕ ਕਿ ਜਿਹੜੇ ਮੁਜਰਮ ਇਸ ਘਟਨਾ ਲਈ ਜਿੰਮੇਵਾਰ ਸਨ ਉਨ੍ਹਾਂ ਦੇ ਮਾਪੇ ਵੀ ਇਸ ਵਿਰੋਧ ਵਿੱਚ ਸ਼ਾਮਲ ਸਨ। ਮੁਜਰਮਾਂ ਨੂੰ ਫੜ੍ਹਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਸ਼ਨਾਖਤ ਲਈ ਘਟਨਾ ਵਾਲੇ ਸਥਾਨ ’ਤੇ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋ ਪੁਲਸ ਵਾਲਿਆਂ ਨੂੰ ਵੀ ਜ਼ਖਮੀ ਕਰ ਦਿੱਤਾ, ਜਿਸ ਕਾਰਨ ਪੁਲਿਸ ਨੂੰ ਉਨ੍ਹਾਂ ਉੱਤੇ ਗੋਲੀ ਚਲਾਉਣੀ ਪਈ। ਚਾਰਾਂ ਮੁਜਰਮਾਂ ਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਹੀ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਵਿੱਚ ਇੱਕ ਹੋਰ ਘਟਨਾ ਵਾਪਰ ਗਈ। 2018 ਵਿੱਚ ਇੱਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਪਰ ਉਹਦੀ ਛੇਤੀ ਕੀਤਿਆਂ ਸੁਣਵਾਈ ਨਾ ਹੋਈ। ਬੜੇ ਹੀ ਯਤਨਾਂ ਤੋਂ ਬਾਅਦ ਇਸ ਸਬੰਧੀ ਰਿਪੋਰਟ ਦਰਜ ਕਰ ਕੇ ਪੰਜ ਦੋਸ਼ੀਆਂ ਨੂੰ ਨਜ਼ਰਬੰਦ ਕੀਤਾ ਗਿਆ। ਇਹ ਲੜਕੀ ਹੁਣ ਇਸ ਕੇਸ ਦੀ ਤਰੀਕ ਭੁਗਤਣ ਜਾ ਰਹੀ ਸੀ ਕਿ ਜ਼ਮਾਨਤ ਉੱਤੇ ਰਿਹਾਅ ਹੋਏ ਦੋ ਮੁਜਰਮਾਂ ਨੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਇਸ ਲੜਕੀ ਨੂੰ ਅੱਗ ਲਗਾ ਦਿੱਤੀ, ਜੋ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਹੁਣ ਮੌਤ ਦੇ ਮੂੰਹ ਵਿੱਚ ਜਾ ਪਈ ਹੈ। ਲੋਕਾਂ ਵੱਲੋਂ ਵਿਰੋਧ ਵਿੱਚ ਆ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੇਸ ਦੇ ਦੋਸ਼ੀਆਂ ਨੂੰ ਵੀ ਪੁਲਿਸ ਦੁਆਰਾ ਐਨਕਾਊਂਟਰ ਕਰਕੇ ਖਤਮ ਕਰ ਦੇਣਾ ਚਾਹੀਦਾ ਹੈ।
ਇੱਥੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਲੋਕਾਂ ਦਾ ਵਿਰੋਧ ਅਜਿਹੀਆਂ ਘਟਨਾਵਾਂ ਪ੍ਰਤੀ ਜਾਗਦਾ ਹੈ, ਸਖਤ ਕਾਨੂੰਨ ਵੀ ਬਣਾਏ ਜਾਂਦੇ ਹਨ, ਫਿਰ ਵੀ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਦਰਅਸਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪ੍ਰਤੀ ਸਾਰੇ ਦੇਸ਼ ਵਿੱਚ ਇੱਕ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਇਸ ਲੋਕ ਲਹਿਰ ਦੀ ਅਗਵਾਈ ਬੁੱਧੀਜੀਵੀਆਂ, ਲੇਖਕਾਂ, ਅਧਿਆਪਕਾਂ, ਲੋਕ ਪੱਖੀ ਲਹਿਰ ਦੇ ਆਗੂਆਂ, ਨੌਜਵਾਨ ਜਥੇਬੰਦੀਆਂ ਅਤੇ ਹੋਰ ਸਮਾਜ ਸੁਧਾਰਕਾਂ ਆਦਿ ਦੇ ਹੱਥ ਹੋਣੀ ਚਾਹੀਦੀ ਹੈ।
ਪਹਿਲਾ ਕੰਮ:
ਇਸ ਮਰਦ ਪ੍ਰਧਾਨ ਸਮਾਜ ਵਿੱਚ ਲੋਕਾਂ ਦੀ ਔਰਤਾਂ ਪ੍ਰਤੀ ਮਾਨਸਿਕਤਾ ਬਦਲਣ ਦੀ ਲੋੜ ਹੈ। ਔਰਤ ਦੀ ਆਜ਼ਾਦ ਹੋਂਦ ਮਜ਼ਬੂਤ ਕਰਨ ਲਈ ਇਸ ਪ੍ਰਤੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਜ਼ੋਰਦਾਰ ਪ੍ਰਚਾਰ ਹੋਣਾ ਚਾਹੀਦਾ ਹੈ। ਅਪਰਾਧੀ ਬਿਰਤੀ ਵਾਲੇ, ਨਸ਼ਈ ਅਤੇ ਹੋਰ ਆਵਾਰਾ ਘੁੰਮਦੇ ਲੋਕਾਂ ਉੱਪਰ ਖਾਸ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਅਜਿਹੇ ਅਪਰਾਧੀ ਬਿਰਤੀ ਵਾਲੇ ਲੋਕਾਂ ਲਈ ਖਾਸ ਤੌਰ ਉੱਤੇ ਸੁਧਾਰਕ ਕੇਂਦਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਿਨ੍ਹਾਂ ਦੁਆਰਾ ਇਨ੍ਹਾਂ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਂਦਾ ਜਾ ਸਕੇ ਅਤੇ ਇਨ੍ਹਾਂ ਨੂੰ ਸਿੱਧੇ ਰਸਤੇ ਉੱਤੇ ਪਾਇਆ ਜਾ ਸਕੇ।
ਦੂਸਰਾ ਕੰੰਮ:
ਸਕੂਲਾਂ ਅਤੇ ਕਾਲਜਾਂ ਵਿੱਚ ਵੀ ਅਜਿਹੀ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਅਜਿਹੇ ਵਿਸ਼ੇ ਹੋਣੇ ਚਾਹੀਦੇ ਹਨ ਜਿਸ ਵਿੱਚ ਉਨ੍ਹਾਂ ਨੂੰ ਔਰਤਾਂ ਦੀ ਸਵੈਮਾਨ, ਬਰਾਬਰਤਾ ਅਤੇ ਆਜ਼ਾਦ ਹੋਂਦ ਬਾਰੇ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਸਿੱਖਿਅਕ ਸੰਸਥਾਵਾਂ ਵਿੱਚ ਸਮੇਂ-ਸਮੇਂ ’ਤੇ ਲੇਖਕਾਂ ਅਤੇ ਬੁੱਧੀਜੀਵੀਆਂ ਦੁਆਰਾ ਸਮਾਗਮ ਕਰਵਾ ਕੇ ਵੀ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਰੂਪ ਵਿੱਚ ਹੀ ਉਨ੍ਹਾਂ ਨੂੰ ਔਰਤ ਦੀ ਆਜ਼ਾਦ ਹੋਂਦ ਅਤੇ ਉਸਦੇ ਸਵੇਮਾਣ ਪ੍ਰਤੀ ਜਾਗਰੂਕਤਾ ਹੋਵੇ। ਅਜਿਹਾ ਮਾਹੌਲ ਪੈਦਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਔਰਤ ਪ੍ਰਤੀ ਅਜਿਹਾ ਅਪਰਾਧ ਕਰਨ ਪ੍ਰਤੀ ਸੋਚ ਵੀ ਨਾ ਸਕਣ।
ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰੇ, ਚਾਹੇ ਅਪਰਾਧੀ ਰਾਜਨੀਤੀ ਨਾਲ ਸਬੰਧਤ ਹੋਵੇ ਜਾਂ ਕਿਸੇ ਵੱਡੇ ਕਾਰਪੋਰੇਟ ਘਰਾਣੇ ਨਾਲ। ਅਪਰਾਧੀ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਕਾਨੂੰਨ ਉੱਤੇ ਵਿਸ਼ਵਾਸ ਬਣਿਆ ਰਹੇ। ਪੁਲਿਸ ਵੀ ਹਰ ਸਮੇਂ ਚੌਕਸ ਹੋਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਜ਼ਿਆਦਾਤਰ ਘਟਨਾਵਾਂ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਬਹੁਤ ਹੀ ਢਿੱਲੀ ਰਹੀ ਹੈ। ਔਰਤਾਂ ਦੀ ਰੱਖਿਆ ਪ੍ਰਤੀ ਪੁਲਿਸ ਦੀ ਨਫਰੀ ਵਧਾ ਦੇਣੀ ਚਾਹੀਦੀ ਹੈ। ਇੱਥੋਂ ਤੱਕ ਕਿ ਰੇਲ ਅਤੇ ਬੱਸਾਂ ਵਿੱਚ ਵੀ ਮੁਲਾਜ਼ਮ ਤਾਇਨਾਤ ਕਰਨੇ ਚਾਹੀਦੇ ਹਨ। ਪੁਲਸ ਕੰਟਰੋਲ ਰੂਮ ਵੀ ਵਧਾਉਣ ਦੀ ਲੋੜ ਹੈ ਤਾਂ ਕਿ ਪੀੜਤ ਨੂੰ ਤੁਰੰਤ ਪੁਲਸ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਹਰ ਸਥਾਨ ਉੱਤੇ ਅਤੇ ਘੱਟ ਤੋਂ ਘੱਟ ਦੂਰੀ ਤੇ ਪੁਲਸ ਵਾਲੇ ਤਾਇਨਾਤ ਹੋਣੇ ਚਾਹੀਦੇ ਹਨ।
ਔਰਤ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਮਿਲਣਾ ਚਾਹੀਦਾ ਹੈ। ਆਖਿਰ ਉਸਦਾ ਵੀ ਸਮਾਜ ਦੇ ਨਿਰਮਾਣ ਵਿੱਚ ਪੂਰਾ ਪੂਰਾ ਯੋਗਦਾਨ ਹੈ। ਔਰਤ ਦੇ ਕਈ ਰੂਪ ਹਨ ਮਾਂ, ਭੈਣ, ਪਤਨੀ ਤੇ ਬੇਟੀ। ਜੋ ਔਰਤਾਂ ਖਿਲਾਫ ਗਲਤ ਧਾਰਨਾ ਰੱਖਦੇ ਹਨ ਉਹ ਵੀ ਤਾਂ ਕਿਸੇ ਮਾਂ ਦੇ ਪੇਟ ਵਿੱਚੋਂ ਜਨਮੇ ਹੁੰਦੇ ਹਨ, ਉਹ ਕਿਸੇ ਭੈਣ ਦੇ ਭਰਾ, ਪਤਨੀ ਦੇ ਪਤੀ ਜਾਂ ਕਿਸੇ ਧੀ ਦੇ ਬਾਪ ਹੋ ਸਕਦੇ ਹਨ। ਔਰਤਾਂ ਪ੍ਰਤੀ ਕਮਜ਼ੋਰ ਮਾਨਸਿਕਤਾ ਰੱਖਣ ਵਾਲੇ ਜਾਨਵਰ ਵਾਲੀ ਬਿਰਤੀ ਦੇ ਮਾਲਕ ਹੁੰਦੇ ਹਨ, ਇਸ ਲਈ ਮਨੁੱਖ ਨੂੰ ਆਪਣੀ ਹੋਂਦ ਪਹਿਚਾਣ ਕੇ ਜਾਨਵਰਾਂ ਵਾਲੀ ਪ੍ਰਵਿਰਤੀ ਤਿਆਗਣੀ ਚਾਹੀਦੀ ਹੈ ਅਤੇ ਅਸਲੀ ਮਨੁੱਖ ਬਣਨਾ ਚਾਹੀਦਾ ਹੈ। ਇਸ ਤਰ੍ਹਾਂ ਹੀ ਔਰਤ ਨੂੰ ਆਜ਼ਾਦ ਜਿਉਣ ਦਾ ਹੱਕ ਮਿਲ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1845)
(ਸਰੋਕਾਰ ਨਾਲ ਸੰਪਰਕ ਲਈ: