“ਸਾਨੂੰ ਮਹਾਨ ਲੋਕਾਂ ਦੇ ਵਿਚਾਰ ਪੜ੍ਹਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਣੀ ਤਰਕ ਬੁੱਧੀ ਜ਼ਰੀਏ ਸਮਾਜ ਵਿਚਲੇ ...”
(7 ਸਤੰਬਰ 2024)
ਸਦੀਆਂ ਤੋਂ ਧਰਤੀ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਮਹਾਨ ਮਨੁੱਖ ਪੈਦਾ ਹੁੰਦੇ ਰਹੇ ਹਨ, ਜਿਨ੍ਹਾਂ ਦੇ ਵਿਚਾਰ ਸਦੀਆਂ ਤਕ ਸਮਾਜ ਦਾ ਰਾਹ ਦਸੇਰਾ ਬਣਦੇ ਰਹੇ। ਇਨ੍ਹਾਂ ਲੋਕਾਂ ਦੇ ਵਿਚਾਰਾਂ ਨੂੰ ਸਮਾਂ ਪਾ ਕੇ ਦੁਨਿਆਂ ਦੇ ਹਰ ਸਥਾਨ ਦੇ ਲੋਕਾਂ ਨੇ ਅਪਣਾਇਆ। ਗੁਰੂ ਨਾਨਾਕ ਦੇਵ ਜੀ, ਮਹਾਤਮਾ ਬੁੱਧ, ਕਨਫਿਊਸ਼ਿਸ, ਮਾਰਕਸ ਅਤੇ ਸੁਕਰਾਤ ਅਜਿਹੇ ਮਹਾਨ ਮਨੁੱਖ ਹਨ। ਇਨ੍ਹਾਂ ਪੁਰਖਾਂ ਨੇ ਮੰਦਹਾਲੀ, ਬੁਰਾਈ ਅਤੇ ਅੰਧ ਵਿਸ਼ਵਾਸਾਂ ਵਿੱਚ ਗਲਤਾਨ ਮਨੁੱਖਤਾ ਦੀ ਦਸ਼ਾ ਸੁਧਾਰਨ ਲਈ ਉਨ੍ਹਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਸਮੇਂ ਦੇ ਹਾਕਮਾਂ ਵੱਲੋਂ ਲੋਕਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਵੀ ਉਠਾਈ। ਉਨ੍ਹਾਂ ਸਮਾਜਿਕ ਕੁਰੀਤੀਆਂ ਅਤੇ ਲੋਕਾਂ ਵਿੱਚ ਫੈਲੇ ਅੰਧ ਵਿਸ਼ਵਾਸਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਜੇਕਰ ਸੁਕਰਾਤ ਦੀ ਗੱਲ ਕਰੀਏ ਤਾਂ ਇਸ ਗਿਆਨਵਾਨ ਮਨੁੱਖ ਬਾਰੇ ਵਿਸ਼ਵ ਪੱਧਰ ਦੇ ਲੇਖਕਾਂ ਨੇ ਬਹੁਤ ਕੁਝ ਲਿਖਿਆ। ਸਾਡੇ ਪੰਜਾਬੀ ਲੇਖਕਾਂ ਵੱਲੋਂ ਵੀ ਸੁਕਰਾਤ ਬਾਰੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਗਈਆਂ ਹਨ ਪਰ ਗੁਰਚਰਨ ਸਿੰਘ ਨੂਰਪੁਰ ਦੇ ਨਾਵਲ ‘ਸੁਕਰਾਤ ਕਦੇ ਮਰਦਾ ਨਹੀਂ’ ਵਿੱਚ ਸੁਕਰਾਤ ਬਾਰੇ ਲੰਮਾ ਵਿਖਿਆਨ ਮਿਲਦਾ ਹੈ, ਜਿਸ ਤੋਂ ਸੁਕਰਾਤ ਬਾਰੇ ਕਾਫੀ ਕੁਝ ਜਾਣਨ ਨੂੰ ਮਿਲਿਆ।
ਯੂਨਾਨ ਵਿੱਚ ਪੈਦਾ ਹੋਏ ਸੁਕਰਾਤ ਦੇ ਵਿਚਾਰ ਸਮਾਜ ਲਈ ਚਾਨਣ ਮੁਨਾਰਾ ਸਨ/ਹਨ। ਉਸ ਨੇ ਸਮੇਂ ਦੀ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਿਵਸਥਾ ਉੱਪਰ ਲੋਕਾਂ ਨੂੰ ਸਵਾਲ ਉਠਾਉਣ ਲਈ ਪ੍ਰੇਰਿਤ ਕੀਤਾ। ਉਸ ਨੇ ਨੌਜਵਾਨ ਪੀੜ੍ਹੀ ਨੂੰ ਹਾਕਮਾਂ ਦੀ ਕਾਰਗੁਜ਼ਾਰੀ ਅਤੇ ਧਾਰਮਿਕ ਰਹਿਬਰਾਂ ਵੱਲੋਂ ਸਮਾਜ ਵਿੱਚ ਫੈਲਾਏ ਅੰਧ ਵਿਸ਼ਵਾਸ ਦੇ ਜਾਲ਼ੇ ਨੂੰ ਲੋਕਾਂ ਦੀਆਂ ਅੱਖਾਂ ਤੋਂ ਲਾਹਿਆ। ਸੁਕਰਾਤ ਨੇ ਲੋਕਾਂ ਨੂੰ ਹਾਕਮਾਂ ਅਤੇ ਧਾਰਮਿਕ ਲੋਕਾਂ ਸਾਹਮਣੇ ਸਵਾਲ ਖੜ੍ਹੇ ਕਰਨ ਲਈ ਕਿਹਾ। ਉਸ ਦਾ ਕਹਿਣਾ ਸੀ ਕਿ ‘ਜੀਵਨ ਨੂੰ ਜਾਣਨ ਅਤੇ ਪਰਖਣ ਲਈ ਜ਼ਰੂਰੀ ਹੈ ਕਿ ਸਵਾਲ ਖੜ੍ਹੇ ਕੀਤੇ ਜਾਣ। ਹਰ ਤਰ੍ਹਾਂ ਦੀ ਧਾਰਮਿਕ, ਰਾਜਨੀਤਕ ਜਾਂ ਸਮਾਜਿਕ ਵਿਵਸਥਾ ਉੱਪਰ ਸਵਾਲ ਕਰਨ ਦਾ ਹੁਨਰ ਸਿੱਖੋ। ਇਸ ਜੀਵਨ ਨੂੰ ਪਰਖਦੇ ਰਹਿਣਾ, ਅਣਪਰਖਿਆ ਜੀਵਨ ਪਸ਼ੂ ਦੀ ਨਿਆਈਂ ਹੁੰਦਾ ਹੈ। ਇਸ ਕਰਕੇ ਸਵਾਲ ਕਰਨੇ ਅਤੇ ਆਪਣੀ ਔਲਾਦ ਨੂੰ ਸਵਾਲ ਕਰਨ ਦਾ ਹੁਨਰ ਦੱਸਣਾ। ਕਿਸੇ ਗੱਲ ਨੂੰ ਇਸ ਕਰਕੇ ਨਾ ਮੰਨਣਾ ਹੈ ਕਿ ਇਹ ਕਿਸੇ ਵੱਡੇ ਬੰਦੇ ਨੇ ਕਹੀ ਹੈ, ਬਲਕਿ ਇਸ ਨੂੰ ਆਪਣੇ ਵਿਵੇਕ ਅਤੇ ਹੁਨਰ ਨਾਲ ਸੱਚ ਦੀ ਕਸਵੱਟੀ ’ਤੇ ਪਰਖਣਾ।
ਸਮਾਜਿਕ ਵਿਵਸਥਾ ਨੂੰ ਸਮਝਣ ਲਈ ਲੋਕਾਂ ਨਾਲ ਸੰਵਾਦ ਰਚਾਉਣੇ ਪੈਂਦੇ ਹਨ, ਦੂਰ-ਨੇੜੇ ਦੀ ਦੁਨਿਆਂ ਨੂੰ ਵੇਖਣਾ ਅਤੇ ਸਮਝਣਾ ਪੈਂਦਾ ਹੈ। ਸੂਝਵਾਨ ਲੋਕ ਲੋਕਾਂ ਵਿੱਚ ਰਹਿ ਕੇ ਹੀ ਸਮਾਜਿਕ ਵਿਵਸਥਾ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਸ ਸਮੇਂ ਦੇ ਬਹੁਤ ਸਾਰੇ ਲੋਕ ਧਾਰਮਿਕ ਸਾਂਗ ਰਚ ਕੇ, ਦੁਨੀਆਂਦਾਰੀ ਤੋਂ ਉਪਰਾਮ ਹੋ ਕੇ, ਰੱਬ ਦੀ ਤਲਾਸ਼ ਕਰਨ ਲਈ ਜੰਗਲਾਂ-ਬੇਲਿਆਂ ਵਿੱਚ ਭਟਕਦੇ ਸਨ। ਉਸ ਨੇ ਘਰ ਬਾਰ ਛੱਡ ਕੇ ਅਤੇ ਲੋਕਾਂ ਤੋਂ ਦੂਰ ਇਕਾਂਤ ਵਿੱਚ ਜਾ ਕੇ ਰੱਬ ਦੀ ਭਗਤੀ ਕਰਨ ਵਾਲਿਆਂ ਨੂੰ ਦੱਸਿਆ ‘ਇਕਾਂਤ ਵਿੱਚ ਬੈਠ ਸਮਾਧੀ ਲਾ ਕੇ ਕੋਈ ਵੀ ਵਿਅਕਤੀ ਢਹਿੰਦੀ ਕਲਾ ਵਿੱਚ ਜਾ ਰਹੇ ਸਮਾਜ ਨੂੰ ਨਹੀਂ ਬਚਾ ਸਕਦਾ।’ ਉਹ ਕਹਿੰਦਾ ਹੈ ‘ਲੋਕਾਂ ਨਾਲ ਵਾਰਤਾਲਾਪ ਕਰ ਕੇ ਉਨ੍ਹਾਂ ਦੀਆਂ ਜ਼ਮੀਰਾਂ ਨੂੰ ਜਗਾਇਆ ਜਾ ਸਕਦਾ ਹੈ। ਲੋਕਾਂ ਨਾਲ ਸੰਵਾਦ ਰਚਾਉਣ ਲਈ ਉਨ੍ਹਾਂ ਜਿਹਾ ਹੋਣਾ ਪਵੇਗਾ, ਕਿਸੇ ਤਰ੍ਹਾਂ ਦਾ ਸਾਂਗ ਰਚ ਕੇ ਉਹਨਾਂ ਤੋਂ ਵਿੱਥ ਬਣਾ ਕੇ ਵਾਰਤਾਲਾਪ ਨਹੀਂ ਹੋ ਸਕਦਾ।’
ਸੁਕਰਾਤ ਕੁਦਰਤੀ ਨਿਆਮਤਾਂ ਅਤੇ ਉਸ ਵਿੱਚੋਂ ਮਨੁੱਖ ਦੁਆਰਾ ਬਣਾਈਆਂ ਵਸਤੂਆਂ ਵਿੱਚੋਂ ਜ਼ਿੰਦਗੀ ਦੇ ਤੱਤਾਂ ਨੂੰ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ। ਇੱਕ ਵਾਰ ਉਹ ਆਪਣੀ ਪਤਨੀ, ਜੋ ਬਹੁਤ ਸੁੰਦਰ ਤੇ ਦੁਨੀਆਂ ਦੀ ਸਭ ਤੋਂ ਲੜਾਕੀਆਂ ਔਰਤਾਂ ਵਿੱਚੋਂ ਇੱਕ ਮੰਨੀ ਜਾਂਦੀ ਸੀ, ਨਾਲ ਬਾਜ਼ਾਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਦੁਕਾਨ ’ਤੇ ਘੜੇ ਦੇਖ ਕੇ ਰੁਕ ਗਿਆ। ਉਹ ਦੁਕਾਨਦਾਰ ਨੂੰ ਕਹਿੰਦਾ, ਇਨ੍ਹਾਂ ਵਿੱਚੋਂ ਸਭ ਤੋਂ ਸੋਹਣਾ ਘੜਾ ਕਿਹੜਾ ਹੈ? ਦੁਕਾਨਦਾਰ ਨੇ ਉਸ ਨੂੰ ਇੱਕ ਸੋਹਣਾ ਘੜਾ ਵਿਖਾ ਦਿੱਤਾ। ਫਿਰ ਉਸਨੇ ਪੁੱਛਿਆ ਕਿ ਇਨ੍ਹਾਂ ਵਿੱਚੋਂ ਕੀਮਤੀ ਘੜਾ ਕਿਹੜਾ ਹੈ? ਦੁਕਾਨਦਾਰ ਨੇ ਫਿਰ ਇੱਕ ਚੁਣ ਕੇ ਘੜਾ ਕੱਢਿਆ ਅਤੇ ਸੁਕਰਾਤ ਨੂੰ ਦੇ ਦਿੱਤਾ। ਸੁਕਰਾਤ ਨੇ ਉਸ ਨੂੰ ਫਿਰ ਸਵਾਲ ਕੀਤਾ ਕਿ ਇਸ ਵਿੱਚ ਕੀ ਖਾਸੀਅਤ ਹੈ ਤਾਂ ਦੁਕਾਨਦਾਰ ਨੇ ਉੱਤਰ ਦਿੱਤਾ ਕਿ ਇਸ ਵਿੱਚ ਦੂਸਰਿਆਂ ਨਾਲੋਂ ਵੱਧ ਗੁਣ ਹਨ। ਸੁਕਰਾਤ ਨੇ ਆਪਣੀ ਪਤਨੀ ਵੱਲ ਮੂੰਹ ਘੁਮਾ ਕੇ ਕਿਹਾ, ਸੁਣਿਆ ਤੂੰ, ਕਿ ਸੋਹਣੇ ਹੋਣ ਨਾਲੋਂ ਗੁਣਵਾਨ ਹੋਣਾ ਜ਼ਰੂਰੀ ਹੈ।
ਸੁਕਰਾਤ ਨੇ ਆਪਣੇ ਵਿਚਾਰ ਲੋਕਾਂ ਵਿੱਚ ਜਾ ਕੇ ਅਤੇ ਉਨ੍ਹਾਂ ਨਾਲ ਸੰਵਾਦ ਰਚਾ ਕੇ ਰੱਖੇ ਸਨ। ਜਦੋਂ ਉਸ ਨੇ ਲੋਕਾਂ ਵਿੱਚ ਧਾਰਮਿਕ ਤੇ ਰਾਜਨੀਤਕ ਵਿਵਸਥਾ ਨਾਲ ਸੰਬੰਧਿਤ ਬੁਰਾਈਆਂ ਉੱਪਰ ਸਵਾਲ ਖੜ੍ਹੇ ਕੀਤੇ ਤਾਂ ਸਮੇਂ ਦੀ ਹਕੂਮਤ ਨੂੰ ਸੁਕਰਾਤ ਦੇ ਇਨਕਲਾਬੀ ਵਿਚਾਰ ਰਾਸ ਨਾ ਆਏ। ਜਦੋਂ ਉਸ ਨੇ ਸਪਾਰਟਾ ਤੋਂ ਏਥਨਜ਼ ਦੀ ਹਾਰ ਦਾ ਕਾਰਨ ਰਾਜਨੀਤਕ ਕਮਜ਼ੋਰੀਆਂ ਨੂੰ ਦੱਸਿਆ ਤਾਂ ਹਕੂਮਤ ਨੂੰ ਆਪਣਾ ਸਿੰਘਾਸਨ ਡੋਲਦਾ ਨਜ਼ਰ ਆਉਣ ਲੱਗਾ। ਇਸੇ ਤਰ੍ਹਾਂ ਧਾਰਮਿਕ ਕੱਟੜਪੰਥੀਆਂ ਸੰਬੰਧੀ ਜਦੋਂ ਸੁਕਰਾਤ ਨੇ ਸਵਾਲ ਖੜ੍ਹੇ ਕੀਤੇ ਤਾਂ ਉਨ੍ਹਾਂ ਨੂੰ ਵੀ ਆਪਣਾ ਧਰਮ ਖਤਰੇ ਵਿੱਚ ਲੱਗਿਆ ਅਤੇ ਉਨ੍ਹਾਂ ਦੁਆਰਾ ਬਣਾਈ ਅਖੌਤੀ ਵਿਚਾਰਧਾਰਾ ਲੋਕਾਂ ਸਾਹਮਣੇ ਢਹਿ-ਢੇਰੀ ਹੋਣ ਲੱਗੀ। ਉਨ੍ਹਾਂ ਦਾ ਵਪਾਰਕ ਢਾਂਚਾ ਸੁਕਰਾਤ ਦੇ ਸਵਾਲਾਂ ਸਾਹਮਣੇ ਰੇਤ ਦੀ ਤਰ੍ਹਾਂ ਕਿਰਦਾ ਨਜ਼ਰ ਆਉਣ ਲੱਗਾ। ਜਦੋਂ ਸੁਕਰਾਤ ਲੋਕਾਂ ਨੂੰ ਦੱਸਦਾ ਕਿ ‘ਅੰਧਵਿਸ਼ਵਾਸ਼ ਸਿਆਣਪ ਦੀ ਮੌਤ ਹੁੰਦਾ ਹੈ।’ ਉਸ ਕਿਹਾ ‘ਜੇਕਰ ਦੇਵਤੇ ਚੜ੍ਹਾਵੇ ਚੜ੍ਹਾਉਣ ਨਾਲ ਖ਼ੁਸ਼ ਹੁੰਦੇ ਹਨ, ਕਿਸੇ ਦੀ ਬਲੀ ਲੈਣ ਨਾਲ ਖੁਸ਼ ਹੁੰਦੇ ਹਨ, ਧਨ-ਦੌਲਤ ਦੇ ਨਾਲ ਖੁਸ਼ ਹੁੰਦੇ ਹਨ ਅਤੇ ਖੁਸ਼ ਹੋ ਕੇ ਸਾਡੇ ’ਤੇ ਮਿਹਰ ਕਰਨ ਲੱਗਦੇ ਹਨ ਤਾਂ ਕੀ ਦੇਵਤੇ ਰਿਸ਼ਵਤਖੋਰ ਨਹੀਂ ਹਨ? ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕੀ ਉਨ੍ਹਾਂ ਦਾ ਅਸਤਿਤਵ ਇੱਕ ਆਮ ਲਾਲਚੀ ਮਨੁੱਖ ਵਰਗਾ ਨਹੀਂ ਹੈ? ਗਿਆਨ ਪੱਖੋਂ ਊਣੇ ਧਾਰਮਿਕ ਅਤੇ ਰਾਜਨੀਤਕ ਰਹਿਬਰਾਂ ’ਤੇ ਸੁਕਰਾਤ ਤਨਜ਼ ਕੱਸਦਾ ਆਖਦਾ ਹੈ ਕਿ ਅੰਨ੍ਹੇ ਨੂੰ ਦੀਵੇ, ਬੋਲੇ ਨੂੰ ਸੰਗੀਤ ਅਤੇ ਮੂਰਖ ਨੂੰ ਗਿਆਨ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ। ਰੋਗੀ ਸ਼ਬਦ ਸੁਣਨ ਦੇ ਆਦੀ ਲੋਕਾਂ ਦੇ ਕੰਨ ਤੰਦਰੁਸਤ ਸ਼ਬਦ ਨਹੀਂ ਸੁਣ ਸਕਦੇ ਅਤੇ ਨਾ ਹੀ ਅਜਿਹੇ ਲੋਕ ਗਿਆਨ ਭਰੇ ਸ਼ਬਦਾਂ ਦਾ ਸਾਹਮਣਾ ਕਰ ਸਕਦੇ ਹਨ।
ਗਿਆਨਵਾਨ ਹੋਣ ਦੇ ਬਾਵਜੂਦ ਵੀ ਸੁਕਰਾਤ ਆਪਣੇ ਆਪ ਨੂੰ ਅਗਿਆਨੀ ਸਮਝਦਾ ਸੀ। ਕਹਿੰਦੇ ਹਨ ਕਿ ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਾਓ ਅਤੇ ਸਾਰੇ ਏਥਨਜ਼ ਵਿੱਚ ਇਹ ਖਬਰ ਫੈਲਾ ਦਿਓ ਕੇ ਸੁਕਰਾਤ ਵਰਗਾ ਅਗਿਆਨੀ ਬੰਦਾ ਕੋਈ ਨਹੀਂ। ਜਦੋਂ ਸਭ ਨੇ ਇਹਦਾ ਕਾਰਨ ਸੁਕਰਾਤ ਤੋਂ ਪੁੱਛਿਆ ਤਾਂ ਉਸ ਕਿਹਾ ਕਿ ਜਦੋਂ ਮੈਂ ਕੁਝ ਨਹੀਂ ਜਾਣਦਾ ਸੀ ਤਾਂ ਮੈਂ ਸਮਝਦਾ ਸੀ ਕਿ ਮੈਂ ਬਹੁਤ ਕੁਝ ਜਾਣਦਾ ਹਾਂ। ਜਦੋਂ ਕਿ ਹੁਣ ਜਾਣ ਗਿਆ ਹਾਂ ਤਾਂ ਮੈਂ ਸਮਝਦਾ ਹਾਂ ਕਿ ਮੈਂ ਕੁਝ ਵੀ ਨਹੀਂ ਜਾਣਦਾ। ਸੁਕਰਾਤ ਦੇ ਕਹਿਣ ਦਾ ਅਰਥ ਇਹ ਸੀ ਕਿ ਜਦੋਂ ਮਨੁੱਖ ਗਿਆਨ ਦੇ ਸਾਗਰ ਵਿੱਚ ਡੁਬਕੀਆਂ ਲਾਉਣ ਲੱਗ ਜਾਂਦਾ ਹੈ ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਗਿਆਨ ਦਾ ਸਾਗਰ ਕਿੰਨਾ ਡੂੰਘਾ ਅਤੇ ਵਿਸ਼ਾਲ ਹੈ, ਜਿਸ ਨੂੰ ਬੰਦਾ ਲੰਮੀ ਉਮਰ ਭੋਗਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਜਾਣ ਨਹੀਂ ਸਕਦਾ। ਏਥਨਜ਼ ਦੀ ਹਕੂਮਤ ਨੇ ਸੁਕਰਾਤ ਨੂੰ ਮੌਤ ਦੀ ਸਜ਼ਾ ਸੁਣਾਈ। ਹਾਲਾਂਕਿ ਸਜ਼ਾ ਸੁਣਾਉਣ ਵਾਲਿਆਂ ਕੋਲ ਸੁਕਰਾਤ ਦੇ ਤਰਕਸ਼ੀਲ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਸੁਕਰਾਤ ਮੌਤ ਤੋਂ ਡਰਿਆ ਨਹੀਂ ਸਗੋਂ ਇਸ ਨੂੰ ਹੱਸ ਕੇ ਕਬੂਲ ਕੀਤਾ। ਆਖਰੀ ਦਿਨਾਂ ਵਿੱਚ ਜਦੋਂ ਸੁਕਰਾਤ ਨੂੰ ਪਿਆਉਣ ਲਈ ਜ਼ਹਿਰ ਘੋਟਿਆ ਜਾ ਰਿਹਾ ਸੀ ਤਾਂ ਉਸਨੇ ਜ਼ਹਿਰ ਘੋਟਣ ਵਾਲੇ ਨੂੰ ਪੁੱਛਿਆ ‘ਹੋਰ ਕਿੰਨੀ ਕੁ ਦੇਰ ਲੱਗੇਗੀ! ਸਮਾਂ ਤਾਂ ਹੋ ਗਿਆ ਹੈ।’ ਜਦੋਂ ਉਸ ਨੇ ਇਹ ਗੱਲ ਕਹੀ ਤਾਂ ਸੁਕਰਾਤ ਦੇ ਇੱਕ ਚੇਲੇ ਨੇ ਕਿਹਾ ਕਿ ਮਰਨ ਦੀ ਇੰਨੀ ਕਾਹਲੀ ਕਿਉਂ ਹੈ? ਤਾਂ ਸੁਕਰਾਤ ਨੇ ਜਵਾਬ ਦਿੱਤਾ ਕਿ ‘ਸਾਰੀ ਉਮਰ ਕੁਝ ਨਾ ਕੁਝ ਜਾਣਨ ਦੀ ਤਾਂਘ ਰਹੀ ਹੈ। ਹੁਣ ਜਦੋਂ ਮੌਤ ਨੇੜੇ ਹੈ ਤਾਂ ਸੋਚਦਾ ਹਾਂ ਕਿ ਇਸ ਨੂੰ ਵੀ ਜਾਣ ਲਵਾਂ ਕਿ ਇਹ ਕਿਸ ਤਰ੍ਹਾਂ ਦੀ ਹੁੰਦੀ ਹੈ। ਇਸ ਨੂੰ ਜਾਣਨ ਦਾ ਬੜਾ ਮਨ ਕਰ ਰਿਹਾ ਹੈ।’ ਹਕੂਮਤ ਨੇ ਉਸ ਨੂੰ ਜ਼ਹਿਰ ਦੇ ਕੇ ਸ਼ਹੀਦ ਕਰ ਦਿੱਤਾ ਪਰ ਸੁਕਰਾਤ ਅੱਜ ਵੀ ਸਾਡੇ ਵਿਚਾਰਾਂ ਵਿੱਚ ਜਿਊਂਦਾ ਹੈ, ਜੋ ਕਿਸੇ ਨਾ ਕਿਸੇ ਰੂਪ ਵਿੱਚ ਹਕੂਮਤ ਅਤੇ ਧਾਰਮਿਕ ਵਿਖਾਵੇ ’ਤੇ ਸਵਾਲ ਚੁੱਕਦਾ ਹੈ।
ਦਰਅਸਲ, ਹਕੂਮਤਾਂ ਆਪਣੇ ਮੁਫ਼ਾਦਾਂ ਵਾਸਤੇ ਸਮਾਜ ਵਿੱਚ ਕਿਸੇ ਨਾ ਕਿਸੇ ਭਰਮ ਦੀ ਸਿਰਜਣਾ ਕਰਦੀਆਂ ਹਨ। ਸੁਕਰਾਤ ਵਰਗੇ ਮਨੁੱਖ ਦੇ ਵਿਚਾਰ ਇਨ੍ਹਾਂ ਭਰਮਾਂ ਤੋਂ ਪਰਦਾ ਉਠਾਉਣ ਦਾ ਕੰਮ ਕਰਦੇ ਹਨ। ਸਾਨੂੰ ਮਹਾਨ ਲੋਕਾਂ ਦੇ ਵਿਚਾਰ ਪੜ੍ਹਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਣੀ ਤਰਕ ਬੁੱਧੀ ਜ਼ਰੀਏ ਸਮਾਜ ਵਿਚਲੇ ਅੰਧ-ਵਿਸ਼ਵਾਸ ਤੇ ਹਕੂਮਤੀ ਚਾਲਾਂ ਦੇ ਜਾਲ਼ੇ ਨੂੰ ਲਾਹ ਸਕੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5279)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.